Skip to content

Skip to table of contents

“ਉਸ ਦਾ ਵੇਲਾ ਅਜੇ ਨਹੀਂ ਸੀ ਆਇਆ”

“ਉਸ ਦਾ ਵੇਲਾ ਅਜੇ ਨਹੀਂ ਸੀ ਆਇਆ”

“ਉਸ ਦਾ ਵੇਲਾ ਅਜੇ ਨਹੀਂ ਸੀ ਆਇਆ”

“ਕਿਨ੍ਹੇ ਉਸ ਉੱਤੇ ਹੱਥ ਨਾ ਪਾਇਆ ਇਸ ਲਈ ਜੋ ਉਸ ਦਾ ਵੇਲਾ ਅਜੇ ਨਹੀਂ ਸੀ ਆਇਆ।”—ਯੂਹੰਨਾ 7:30.

1. ਯਿਸੂ ਦੇ ਕੰਮ ਕਿਨ੍ਹਾਂ ਦੋ ਗੱਲਾਂ ਉੱਤੇ ਆਧਾਰਿਤ ਸਨ?

ਯਿਸੂ ਮਸੀਹ ਨੇ ਆਪਣਿਆਂ ਰਸੂਲਾਂ ਨੂੰ ਕਿਹਾ ਸੀ ਕਿ “ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ” ਸੀ। (ਮੱਤੀ 20:28) ਉਸ ਨੇ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਨੂੰ ਕਿਹਾ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।” (ਯੂਹੰਨਾ 18:37) ਯਿਸੂ ਜਾਣਦਾ ਸੀ ਕਿ ਉਸ ਨੇ ਕਿਉਂ ਮਰਨਾ ਸੀ ਅਤੇ ਆਪਣੀ ਮੌਤ ਤੋਂ ਪਹਿਲਾਂ ਉਸ ਨੇ ਕਿਹੜਾ ਕੰਮ ਪੂਰਾ ਕਰਨਾ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਇਹ ਕੰਮ ਪੂਰਾ ਕਰਨ ਲਈ ਉਹ ਦੇ ਕੋਲ ਕਿੰਨਾ ਸਮਾਂ ਸੀ। ਮਸੀਹਾ ਵਜੋਂ ਧਰਤੀ ਉੱਤੇ ਉਸ ਦੀ ਸੇਵਕਾਈ ਸਿਰਫ਼ ਸਾਢੇ ਤਿੰਨ ਸਾਲਾਂ ਦੀ ਹੋਣੀ ਸੀ, ਯਾਨੀ 29 ਸਾ.ਯੁ. ਤੋਂ ਲੈ ਕੇ 33 ਸਾ.ਯੁ. ਤਕ। ਇਹ ਸੇਵਕਾਈ ਉਦੋਂ ਸ਼ੁਰੂ ਹੋਈ ਸੀ ਜਦੋਂ ਯਿਸੂ ਨੇ ਯਰਦਨ ਨਦੀ ਵਿਚ ਬਪਤਿਸਮਾ ਲਿਆ ਸੀ ਅਤੇ ਇਹ ਦਾਨੀਏਲ ਦੀ ਪੁਸਤਕ ਵਿਚ ਦੱਸੇ ਗਏ ਸੱਤਰਵੇਂ ਸਾਤੇ ਦਾ ਸ਼ੁਰੂ ਸੀ। ਉਸ ਸਾਤੇ ਦੇ ਅੱਧ ਵਿਚ ਉਸ ਦੀ ਸੇਵਕਾਈ ਦਾ ਅੰਤ ਹੋਇਆ ਸੀ ਜਦੋਂ ਉਹ ਸੂਲੀ ਉੱਤੇ ਟੰਗਿਆ ਗਿਆ ਸੀ। (ਦਾਨੀਏਲ 9:24-27; ਮੱਤੀ 3:16, 17; 20:17-19) ਇਸ ਲਈ, ਧਰਤੀ ਉੱਤੇ ਯਿਸੂ ਦਾ ਹਰੇਕ ਕੰਮ ਅਸਲ ਵਿਚ ਦੋ ਗੱਲਾਂ ਉੱਤੇ ਆਧਾਰਿਤ ਸੀ: ਧਰਤੀ ਉੱਤੇ ਆਉਣ ਦਾ ਉਸ ਦਾ ਮਕਸਦ ਅਤੇ ਇਹ ਜਾਣਕਾਰੀ ਕਿ ਉਹ ਦੇ ਕੋਲ ਇਹ ਮਕਸਦ ਪੂਰਾ ਕਰਨ ਲਈ ਕਿੰਨਾ ਸਮਾਂ ਸੀ।

2. ਇੰਜੀਲ ਵਿਚ ਯਿਸੂ ਬਾਰੇ ਕੀ ਦੱਸਿਆ ਗਿਆ ਹੈ, ਅਤੇ ਉਸ ਨੇ ਆਪਣੇ ਕੰਮ ਬਾਰੇ ਜਾਣਕਾਰੀ ਕਿਸ ਤਰ੍ਹਾਂ ਦਿਖਾਈ ਸੀ?

2 ਇੰਜੀਲ ਦਿਆਂ ਬਿਰਤਾਂਤਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਿਸੂ ਮਸੀਹ ਇਕ ਬਹੁਤ ਹੀ ਮਿਹਨਤੀ ਆਦਮੀ ਸੀ। ਫਲਸਤੀਨ ਦੇਸ਼ ਦੇ ਕੋਣੇ-ਕੋਣੇ ਤਕ ਸਫ਼ਰ ਕਰ ਕੇ ਉਸ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਕਈ ਸ਼ਕਤੀਸ਼ਾਲੀ ਕੰਮ ਕੀਤੇ ਸਨ। ਉਸ ਦੀ ਸੇਵਕਾਈ ਦੀ ਸ਼ੁਰੂਆਤ ਵਿਚ ਉਸ ਬਾਰੇ ਇਹ ਲਿਖਿਆ ਗਿਆ ਸੀ ਕਿ “ਉਸ ਦਾ ਵੇਲਾ ਅਜੇ ਨਹੀਂ ਸੀ ਆਇਆ।” ਯਿਸੂ ਨੇ ਖ਼ੁਦ ਇਹ ਗੱਲ ਕਹੀ ਸੀ ਕਿ “ਮੇਰਾ ਵੇਲਾ ਅਜੇ ਪੂਰਾ ਨਹੀਂ ਹੋਇਆ।” ਅਤੇ ਆਪਣੀ ਸੇਵਕਾਈ ਦੇ ਅੰਤ ਦੇ ਨਜ਼ਦੀਕ ਆ ਕੇ ਉਸ ਨੇ ਕਿਹਾ ਕਿ “ਵੇਲਾ ਆ ਪੁੱਜਿਆ ਹੈ।” (ਯੂਹੰਨਾ 7:8, 30; 12:23) ਯਿਸੂ ਜਾਣਦਾ ਸੀ ਕਿ ਉਸ ਕੋਲ ਆਪਣਾ ਕੰਮ ਪੂਰਾ ਕਰਨ ਵਾਸਤੇ ਕਿੰਨਾ ਸਮਾਂ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਇਸ ਸਮੇਂ ਦੇ ਅੰਤ ਵਿਚ ਉਸ ਨੂੰ ਆਪਣੀ ਜਾਨ ਕੁਰਬਾਨ ਕਰਨੀ ਪਵੇਗੀ। ਇਸ ਜਾਣਕਾਰੀ ਨੇ ਉਸ ਦੀ ਕਹਿਣੀ ਅਤੇ ਕਰਨੀ ਉੱਤੇ ਜ਼ਰੂਰ ਅਸਰ ਪਾਇਆ ਹੋਣਾ। ਇਹ ਸਮਝਣ ਦੁਆਰਾ ਅਸੀਂ ਉਸ ਦੇ ਸੁਭਾਅ ਅਤੇ ਸੋਚਣ ਦੇ ਢੰਗ ਨੂੰ ਜਾਣ ਸਕਾਂਗੇ ਅਤੇ ਸਾਨੂੰ ‘ਉਹ ਦੀ ਪੈੜ ਉੱਤੇ ਤੁਰਨ’ ਵਿਚ ਮਦਦ ਮਿਲੇਗੀ।—1 ਪਤਰਸ 2:21.

ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਦਾ ਪੱਕਾ ਇਰਾਦਾ

3, 4. (ੳ) ਕਾਨਾ ਦੇ ਪਿੰਡ ਵਿਚ ਵਿਆਹ ਦੀ ਦਾਅਵਤ ਤੇ ਕੀ ਹੋਇਆ ਸੀ? (ਅ) ਯਿਸੂ ਨੇ ਮੈ ਮੁੱਕਣ ਬਾਰੇ ਮਰਿਯਮ ਦੀ ਗੱਲ ਦਾ ਇਤਰਾਜ਼ ਕਿਉਂ ਕੀਤਾ ਸੀ ਅਤੇ ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

3 ਸਾਲ 29 ਸਾ.ਯੁ. ਵਿਚ ਯਿਸੂ ਨੇ ਆਪਣੇ ਪਹਿਲੇ ਚੇਲੇ ਚੁਣੇ ਸਨ। ਕੁਝ ਹੀ ਦਿਨ ਬਾਅਦ, ਗਲੀਲ ਦੇ ਜ਼ਿਲ੍ਹੇ, ਕਾਨਾ ਨਾਂ ਦੇ ਪਿੰਡ ਵਿਚ ਉਹ ਸਾਰੇ ਇਕ ਵਿਆਹ ਦੀ ਦਾਅਵਤ ਤੇ ਗਏ ਸਨ। ਯਿਸੂ ਦੀ ਮਾਂ ਮਰਿਯਮ ਵੀ ਉੱਥੇ ਗਈ ਹੋਈ ਸੀ। ਵਿਆਹ ਵਿਚ ਮੈ ਮੁੱਕ ਗਈ ਸੀ ਅਤੇ ਮਰਿਯਮ ਚਾਹੁੰਦੀ ਸੀ ਕਿ ਯਿਸੂ ਇਸ ਬਾਰੇ ਕੁਝ ਕਰੇ। ਇਸ ਲਈ ਉਸ ਨੇ ਆਪਣੇ ਪੁੱਤਰ ਨੂੰ ਕਿਹਾ ਕਿ “ਉਨ੍ਹਾਂ ਕੋਲ ਮੈ ਨਾ ਰਹੀ।” ਪਰ ਯਿਸੂ ਨੇ ਜਵਾਬ ਦਿੱਤਾ ਕਿ “ਬੀਬੀ ਜੀ, ਮੈਨੂੰ ਤੈਨੂੰ ਕੀ? ਮੇਰਾ ਸਮਾ ਅਜੇ ਨਹੀਂ ਆਇਆ।”—ਯੂਹੰਨਾ 1:35-51; 2:1-4.

4 ਯਿਸੂ ਦਾ ਜਵਾਬ ਕਿ “ਬੀਬੀ ਜੀ, ਮੈਨੂੰ ਤੈਨੂੰ ਕੀ?” ਅਜਿਹਾ ਇਕ ਸਵਾਲ ਹੈ ਜੋ ਦਿਖਾਉਂਦਾ ਹੈ ਕਿ ਯਿਸੂ ਨੇ ਮਰਿਯਮ ਦੀ ਗੱਲ ਦਾ ਇਤਰਾਜ਼ ਕੀਤਾ ਸੀ। ਕਾਨਾ ਦੀ ਦਾਅਵਤ ਤੋਂ ਕੁਝ ਹੀ ਹਫ਼ਤੇ ਪਹਿਲਾਂ ਯਿਸੂ ਨੇ ਤੀਹਾਂ ਸਾਲਾਂ ਦੀ ਉਮਰ ਤੇ ਬਪਤਿਸਮਾ ਲਿਆ ਸੀ। ਉਸ ਸਮੇਂ ਤੇ ਉਹ ਪਵਿੱਤਰ ਸ਼ਕਤੀ ਦੁਆਰਾ ਮਸਹ ਕੀਤਾ ਗਿਆ ਸੀ, ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਉਸ ਦੀ ਪਛਾਣ ਇਸ ਤਰ੍ਹਾਂ ਕਰਵਾਈ ਸੀ ਕਿ “ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!” (ਯੂਹੰਨਾ 1:29-34; ਲੂਕਾ 3:21-23) ਉਦੋਂ ਤੋਂ ਇਹ ਜ਼ਰੂਰੀ ਸੀ ਕਿ ਉਹ ਆਪਣੇ ਘੱਲਣ ਵਾਲੇ, ਯਾਨੀ ਪਰਮੇਸ਼ੁਰ ਦੇ ਅਧਿਕਾਰ ਦੇ ਅਧੀਨ ਰਹੇ। (1 ਕੁਰਿੰਥੀਆਂ 11:3) ਕੋਈ ਵੀ ਇਨਸਾਨ, ਉਸ ਦਾ ਨਜ਼ਦੀਕੀ ਰਿਸ਼ਤੇਦਾਰ ਵੀ, ਉਸ ਕੰਮ ਵਿਚ ਦਖ਼ਲ ਨਹੀਂ ਦੇ ਸਕਦਾ ਸੀ ਜੋ ਯਿਸੂ ਧਰਤੀ ਉੱਤੇ ਕਰਨ ਆਇਆ ਸੀ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਯਿਸੂ ਨੇ ਮਰਿਯਮ ਦੀ ਗੱਲ ਦਾ ਇਤਰਾਜ਼ ਕਿਉਂ ਕੀਤਾ ਸੀ। ਮਰਿਯਮ ਨੂੰ ਜਵਾਬ ਦੇ ਕੇ ਯਿਸੂ ਨੇ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਨ ਦਾ ਕਿੰਨਾ ਪੱਕਾ ਇਰਾਦਾ ਦਿਖਾਇਆ ਸੀ! ਆਓ ਆਪਾਂ ਵੀ ਇਸੇ ਤਰ੍ਹਾਂ ਪਰਮੇਸ਼ੁਰ ਪ੍ਰਤੀ ਆਪਣਾ ਪੂਰਾ ਫ਼ਰਜ਼ ਨਿਭਾਉਣ ਦਾ ਪੱਕਾ ਇਰਾਦਾ ਬਣਾਈਏ।—ਉਪਦੇਸ਼ਕ ਦੀ ਪੋਥੀ 12:13.

5. ਯਿਸੂ ਮਸੀਹ ਨੇ ਕਾਨਾ ਵਿਚ ਕਿਹੜਾ ਚਮਤਕਾਰ ਕੀਤਾ ਸੀ, ਅਤੇ ਦੂਸਰਿਆਂ ਉੱਤੇ ਇਸ ਦਾ ਕੀ ਅਸਰ ਪਿਆ ਸੀ?

5 ਮਰਿਯਮ ਨੇ ਆਪਣੇ ਪੁੱਤਰ ਦੀ ਗੱਲ ਸਮਝ ਲਈ ਅਤੇ ਉਸ ਨੇ ਇਕਦਮ ਪਰੇ ਹੋ ਕੇ ਸੇਵਾਦਾਰਾਂ ਨੂੰ ਕਿਹਾ ਕਿ “ਜੋ ਕੁਝ ਉਹ ਤੁਹਾਨੂੰ ਕਹੇ ਸੋ ਕਰੋ।” ਯਿਸੂ ਨੇ ਸੇਵਾਦਾਰਾਂ ਨੂੰ ਮੱਟਾਂ ਵਿਚ ਪਾਣੀ ਭਰਨ ਲਈ ਕਿਹਾ, ਅਤੇ ਉਸ ਨੇ ਪਾਣੀ ਨੂੰ ਵਧੀਆ ਮੈ ਵਿਚ ਬਦਲ ਦਿੱਤਾ। ਇਸ ਤਰ੍ਹਾਂ ਯਿਸੂ ਨੇ ਮੁਸ਼ਕਲ ਦਾ ਹੱਲ ਕਰ ਦਿੱਤਾ। ਯਿਸੂ ਦਾ ਇਹ ਪਹਿਲਾ ਚਮਤਕਾਰ ਸਬੂਤ ਸੀ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਉਸ ਉੱਤੇ ਸੀ। ਇਸ ਚਮਤਕਾਰ ਨੂੰ ਦੇਖ ਕੇ ਨਵਿਆਂ ਚੇਲਿਆਂ ਦੀ ਨਿਹਚਾ ਮਜ਼ਬੂਤ ਹੋਈ ਸੀ।—ਯੂਹੰਨਾ 2:5-11.

ਯਹੋਵਾਹ ਦੇ ਘਰ ਲਈ ਜੋਸ਼

6. ਯਰੂਸ਼ਲਮ ਦੀ ਹੈਕਲ ਦੀ ਹਾਲਤ ਦੇਖ ਕੇ ਯਿਸੂ ਨੂੰ ਗੁੱਸਾ ਕਿਉਂ ਚੜ੍ਹਿਆ ਸੀ, ਅਤੇ ਉਸ ਨੇ ਕੀ ਕੀਤਾ ਸੀ?

6 ਸਾਲ 30 ਸਾ.ਯੁ. ਦੀ ਬਸੰਤ ਤੇ ਯਿਸੂ ਅਤੇ ਉਸ ਦੇ ਸਾਥੀ ਪਸਾਹ ਮਨਾਉਣ ਲਈ ਯਰੂਸ਼ਲਮ ਨੂੰ ਗਏ ਸਨ। ਯਿਸੂ ਦੇ ਚੇਲਿਆਂ ਨੇ ਉੱਥੇ ਆਪਣੇ ਆਗੂ ਨੂੰ ਅਜਿਹਾ ਕੰਮ ਕਰਦੇ ਦੇਖਿਆ ਜੋ ਉਨ੍ਹਾਂ ਨੇ ਸ਼ਾਇਦ ਅੱਗੇ ਕਦੀ ਨਹੀਂ ਦੇਖਿਆ ਹੋਵੇ। ਲਾਲਚੀ ਯਹੂਦੀ ਵਪਾਰੀ ਹੈਕਲ ਦੇ ਅੰਦਰ ਚੜ੍ਹਾਵਿਆਂ ਵਾਸਤੇ ਪਸ਼ੂ ਅਤੇ ਪੰਛੀ ਵੇਚ ਰਹੇ ਸਨ। ਉਹ ਚੀਜ਼ਾਂ ਦਾ ਦਾਮ ਵਧਾ ਕੇ ਵਫ਼ਾਦਾਰ ਯਹੂਦੀ ਉਪਾਸਕਾਂ ਨੂੰ ਲੁੱਟ ਰਹੇ ਸਨ। ਇਸ ਤੋਂ ਯਿਸੂ ਨੂੰ ਬਹੁਤ ਗੁੱਸਾ ਚੜ੍ਹਿਆ, ਅਤੇ ਉਸ ਨੇ ਰੱਸੀ ਦਾ ਕੋਰੜਾ ਬਣਾ ਕੇ ਉਨ੍ਹਾਂ ਵਪਾਰੀਆਂ ਨੂੰ ਹੈਕਲ ਤੋਂ ਬਾਹਰ ਕੱਢ ਦਿੱਤਾ। ਸਰਾਫ਼ਾਂ ਦੇ ਮੇਜ਼ ਉਲਟਾ ਕੇ ਉਸ ਨੇ ਉਨ੍ਹਾਂ ਦੇ ਪੈਸੇ ਖਿੰਡਾ ਦਿੱਤੇ। ਕਬੂਤਰ ਵੇਚਣ ਵਾਲਿਆਂ ਨੂੰ ਉਸ ਨੇ ਕਿਹਾ ਕਿ “ਇਨ੍ਹਾਂ ਚੀਜ਼ਾਂ ਨੂੰ ਐੱਥੋਂ ਲੈ ਜਾਓ!” ਜਦੋਂ ਯਿਸੂ ਦੇ ਚੇਲਿਆਂ ਨੇ ਉਸ ਨੂੰ ਇੰਨੇ ਜੋਸ਼ ਨਾਲ ਇਹ ਸਭ ਕੁਝ ਕਰਦੇ ਦੇਖਿਆ ਤਾਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤਰ ਬਾਰੇ ਇਹ ਭਵਿੱਖਬਾਣੀ ਯਾਦ ਆਈ ਕਿ “ਤੇਰੇ ਘਰ ਦੀ ਗ਼ੈਰਤ ਮੈਨੂੰ ਖਾ ਜਾਵੇਗੀ।” (ਯੂਹੰਨਾ 2:13-17; ਜ਼ਬੂਰ 69:9) ਸਾਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ ਤਾਂਕਿ ਦੁਨਿਆਵੀ ਗੱਲਾਂ ਸਾਡੀ ਭਗਤੀ ਨੂੰ ਭ੍ਰਿਸ਼ਟ ਨਾ ਕਰ ਦੇਣ।

7. (ੳ) ਨਿਕੁਦੇਮੁਸ ਮਸੀਹਾ ਨੂੰ ਕਿਉਂ ਮਿਲਣ ਗਿਆ ਸੀ? (ਅ) ਅਸੀਂ ਸਾਮਰੀ ਔਰਤ ਨਾਲ ਯਿਸੂ ਦੇ ਗੱਲ ਕਰਨ ਤੋਂ ਕੀ ਸਿੱਖ ਸਕਦੇ ਹਾਂ?

7 ਯਿਸੂ ਨੇ ਯਰੂਸ਼ਲਮ ਵਿਚ ਮਾਅਰਕੇ ਦੇ ਚਮਤਕਾਰ ਕੀਤੇ ਸਨ ਅਤੇ ਇਨ੍ਹਾਂ ਕਰਕੇ ਕਈਆਂ ਨੇ ਉਸ ਵਿਚ ਨਿਹਚਾ ਕੀਤੀ ਸੀ। ਯਹੂਦੀ ਮਹਾਸਭਾ ਦਾ ਇਕ ਮੈਂਬਰ, ਨਿਕੁਦੇਮੁਸ ਵੀ ਯਿਸੂ ਦੇ ਚਮਤਕਾਰਾਂ ਤੋਂ ਪ੍ਰਭਾਵਿਤ ਹੋ ਕੇ ਰਾਤ ਨੂੰ ਉਸ ਕੋਲ ਹੋਰ ਗੱਲਾਂ ਸਿੱਖਣ ਲਈ ਆਇਆ ਸੀ। ਫਿਰ ਯਿਸੂ ਅਤੇ ਉਹ ਦੇ ਚੇਲੇ ਅੱਠਾਂ ਕੁ ਮਹੀਨਿਆਂ ਲਈ “ਯਹੂਦਿਯਾ ਦੇ ਦੇਸ” ਵਿਚ ਰਹੇ ਸਨ, ਜਿੱਥੇ ਉਨ੍ਹਾਂ ਨੇ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਕੀਤਾ ਸੀ। ਲੇਕਿਨ ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲਾ ਕੈਦ ਕੀਤਾ ਗਿਆ ਸੀ ਤਾਂ ਉਹ ਯਹੂਦਿਯਾ ਛੱਡ ਕੇ ਗਲੀਲ ਨੂੰ ਚਲੇ ਗਏ ਸਨ। ਸਾਮਰਿਯਾ ਦੇ ਜ਼ਿਲ੍ਹੇ ਵਿੱਚੋਂ ਲੰਘਦੇ ਹੋਏ ਯਿਸੂ ਨੇ ਇਕ ਸਾਮਰੀ ਔਰਤ ਨੂੰ ਚੰਗੀ ਗਵਾਹੀ ਦੇਣ ਦੇ ਮੌਕੇ ਦਾ ਫ਼ਾਇਦਾ ਉਠਾਇਆ ਸੀ। ਇਸ ਕਰਕੇ ਕਈ ਹੋਰ ਸਾਮਰੀ ਲੋਕਾਂ ਨੂੰ ਯਿਸੂ ਦੇ ਚੇਲੇ ਬਣਨ ਦਾ ਮੌਕਾ ਮਿਲਿਆ ਸੀ। ਆਓ ਅਸੀਂ ਵੀ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰਨ ਦੇ ਹਰੇਕ ਮੌਕੇ ਦਾ ਫ਼ਾਇਦਾ ਉਠਾਉਣ ਲਈ ਤਿਆਰ ਰਹੀਏ।—ਯੂਹੰਨਾ 2:23; 3:1-22; 4:1-42; ਮਰਕੁਸ 1:14.

ਗਲੀਲ ਵਿਚ ਸਿਖਲਾਈ ਦਾ ਵਿਸ਼ਾਲ ਕੰਮ

8. ਗਲੀਲ ਵਿਚ ਯਿਸੂ ਨੇ ਕਿਹੜਾ ਕੰਮ ਸ਼ੁਰੂ ਕੀਤਾ ਸੀ?

8 ਯਿਸੂ ਦੀ ਮੌਤ ਦੇ “ਵੇਲੇ” ਤੋਂ ਪਹਿਲਾਂ, ਉਸ ਕੋਲ ਆਪਣੇ ਸਵਰਗੀ ਪਿਤਾ ਦੀ ਸੇਵਾ ਵਿਚ ਹਾਲੇ ਬਹੁਤ ਕੰਮ ਬਾਕੀ ਸੀ। ਯਿਸੂ ਨੇ ਯਹੂਦਿਯਾ ਅਤੇ ਯਰੂਸ਼ਲਮ ਨਾਲੋਂ ਗਲੀਲ ਵਿਚ ਜ਼ਿਆਦਾ ਸਮਾਂ ਗੁਜ਼ਾਰਿਆ ਸੀ। ਉਹ “ਸਾਰੀ ਗਲੀਲ ਵਿੱਚ ਫਿਰਦਾ ਹੋਇਆ ਉਨ੍ਹਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ।” (ਮੱਤੀ 4:23) ਉਸ ਦੇ ਪ੍ਰਭਾਵਸ਼ਾਲੀ ਸ਼ਬਦ ਕਿ “ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ,” ਸਾਰੇ ਜ਼ਿਲ੍ਹੇ ਵਿਚ ਗੂੰਜਦੇ ਸਨ। (ਮੱਤੀ 4:17) ਕੁਝ ਹੀ ਮਹੀਨੇ ਬਾਅਦ, ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦੋ ਚੇਲੇ ਯਿਸੂ ਬਾਰੇ ਖ਼ੁਦ ਪਤਾ ਕਰਨ ਆਏ ਸਨ, ਯਿਸੂ ਨੇ ਉਨ੍ਹਾਂ ਨੂੰ ਇਹ ਕਿਹਾ ਸੀ ਕਿ “ਜੋ ਕੁਝ ਤੁਸਾਂ ਵੇਖਿਆ ਅਤੇ ਸੁਣਿਆ ਹੈ ਯੂਹੰਨਾ ਨੂੰ ਜਾ ਦੱਸਿਓ ਕਿ ਅੰਨ੍ਹੇ ਸੁਜਾਖੇ ਹੁੰਦੇ ਹਨ, ਅਤੇ ਲੰਙੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਅਤੇ ਬੋਲੇ ਸੁਣਦੇ ਹਨ, ਮੁਰਦੇ ਜਿਵਾਲੇ ਜਾਂਦੇ ਹਨ, ਗਰੀਬਾਂ ਨੂੰ ਖੁਸ਼ ਖਬਰੀ ਸੁਣਾਈ ਜਾਂਦੀ ਹੈ। ਅਤੇ ਧੰਨ ਉਹ ਹੈ ਜੋ ਮੇਰੇ ਕਾਰਨ ਠੋਕਰ ਨਾ ਖਾਵੇ।”—ਲੂਕਾ 7:22, 23.

9. ਭੀੜਾਂ ਯਿਸੂ ਮਸੀਹ ਦੇ ਮਗਰ ਕਿਉਂ ਲੱਗੀਆਂ ਸਨ, ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?

9 ਸਾਰੇ ਇਲਾਕੇ ਵਿਚ ਯਿਸੂ ਦੇ ਗੁਣ ਗਾਏ ਜਾਂਦੇ ਸਨ ਅਤੇ ਗਲੀਲ, ਦਿਕਾਪੁਲਿਸ, ਯਰੂਸ਼ਲਮ, ਯਹੂਦਿਯਾ ਅਤੇ ਯਰਦਨ ਦੇ ਪਾਰੋਂ ਇਕ ਵੱਡੀ ਭੀੜ ਉਹ ਦੇ ਮਗਰ ਲੱਗ ਗਈ ਸੀ। (ਲੂਕਾ 4:14, 15; ਮੱਤੀ 4:24, 25) ਲੋਕ ਉਸ ਕੋਲ ਸਿਰਫ਼ ਉਸ ਦੇ ਚਮਤਕਾਰਾਂ ਕਰਕੇ ਹੀ ਨਹੀਂ ਪਰ ਉਸ ਦੀਆਂ ਵਧੀਆ ਸਿੱਖਿਆਵਾਂ ਸੁਣਨ ਵੀ ਆਉਂਦੇ ਸਨ। ਉਸ ਦਾ ਸੰਦੇਸ਼ ਉਨ੍ਹਾਂ ਦੇ ਮਨ ਨੂੰ ਭਾਉਂਦਾ ਅਤੇ ਉਨ੍ਹਾਂ ਨੂੰ ਉਤਸ਼ਾਹ ਦਿੰਦਾ ਸੀ। (ਮੱਤੀ 5:1–7:27) ਯਿਸੂ ਦੇ ਸ਼ਬਦ ਬਹੁਤ ਹੀ ਸੋਹਣੇ ਅਤੇ ਖ਼ੁਸ਼ੀ-ਭਰੇ ਸਨ। (ਲੂਕਾ 4:22) ਭੀੜ “ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ,” ਕਿਉਂਕਿ ਉਹ ਇਖ਼ਤਿਆਰ ਨਾਲ ਗੱਲਾਂ ਕਰਦਾ ਸੀ। (ਮੱਤੀ 7:28, 29; ਲੂਕਾ 4:32) ਅਜਿਹੇ ਆਦਮੀ ਦੀ ਗੱਲ ਤੋਂ ਕੌਣ ਨਾ ਪ੍ਰਭਾਵਿਤ ਹੁੰਦਾ! ਆਓ ਆਪਾਂ ਵੀ ਚੰਗੀ ਤਰ੍ਹਾਂ ਸਿੱਖਿਆ ਦੇਣ ਦੀ ਕੋਸ਼ਿਸ਼ ਕਰੀਏ ਤਾਂਕਿ ਨੇਕਦਿਲ ਲੋਕ ਸੱਚਾਈ ਵਿਚ ਦਿਲਚਸਪੀ ਲੈਣ।

10. ਨਾਸਰਤ ਨਗਰ ਦੇ ਲੋਕਾਂ ਨੇ ਯਿਸੂ ਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਸੀ, ਅਤੇ ਉਹ ਕਾਮਯਾਬ ਕਿਉਂ ਨਹੀਂ ਹੋਏ ਸਨ?

10 ਲੇਕਿਨ, ਯਿਸੂ ਦੀ ਗੱਲ ਸੁਣਨ ਵਾਲਿਆਂ ਵਿੱਚੋਂ ਸਾਰਿਆਂ ਨੇ ਉਸ ਨੂੰ ਕਬੂਲ ਨਹੀਂ ਕੀਤਾ ਸੀ। ਉਸ ਦੀ ਸੇਵਕਾਈ ਦੇ ਸ਼ੁਰੂ ਵਿਚ, ਜਦੋਂ ਉਹ ਇਕ ਵਾਰ ਆਪਣੇ ਨਗਰ ਨਾਸਰਤ ਦੇ ਸਭਾ-ਘਰ ਵਿਚ ਸਿੱਖਿਆ ਦੇ ਰਿਹਾ ਸੀ, ਤਾਂ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਭਾਵੇਂ ਕਿ ਨਗਰ ਦੇ ਲੋਕ ਉਸ ਦੀ “ਕਿਰਪਾ ਦੀਆਂ ਗੱਲਾਂ” ਸੁਣ ਕੇ ਹੱਕੇ-ਬੱਕੇ ਰਹਿ ਗਏ ਸਨ, ਉਹ ਚਮਤਕਾਰ ਦੇਖਣੇ ਚਾਹੁੰਦੇ ਸਨ। ਉੱਥੇ ਸ਼ਕਤੀਸ਼ਾਲੀ ਚਮਤਕਾਰ ਕਰਨ ਦੀ ਬਜਾਇ ਯਿਸੂ ਨੇ ਉਨ੍ਹਾਂ ਦੀ ਖ਼ੁਦਗਰਜ਼ੀ ਅਤੇ ਨਿਹਚਾ ਦੀ ਕਮੀ ਦਾ ਭੇਤ ਖੋਲ੍ਹਿਆ ਸੀ। ਸਮਾਜ ਵਿਚ ਬੈਠੇ ਹੋਏ ਲੋਕ ਕ੍ਰੋਧ ਨਾਲ ਭਰ ਗਏ ਸਨ ਅਤੇ ਉਹ ਉੱਠ ਕੇ ਯਿਸੂ ਨੂੰ ਬਾਹਰ ਲੈ ਗਏ। ਉਹ ਉਸ ਨੂੰ ਪਹਾੜ ਦੀ ਟੀਸੀ ਉੱਤੋਂ ਸਿਰ ਪਰਨੇ ਡੇਗਣਾ ਚਾਹੁੰਦੇ ਸਨ। ਪਰ ਉਹ ਉਨ੍ਹਾਂ ਦੇ ਹੱਥੋਂ ਛੁੱਟ ਕੇ ਬਚ ਨਿਕਲਿਆ, ਕਿਉਂ ਜੋ ਉਸ ਦੀ ਮੌਤ ਦਾ “ਵੇਲਾ” ਅਜੇ ਨਹੀਂ ਸੀ ਆਇਆ।—ਲੂਕਾ 4:16-30.

11. (ੳ) ਕੁਝ ਧਾਰਮਿਕ ਆਗੂ ਯਿਸੂ ਦੀਆਂ ਗੱਲਾਂ ਕਿਉਂ ਸੁਣਨ ਆਏ ਸਨ? (ਅ) ਯਿਸੂ ਉੱਤੇ ਸਬਤ ਤੋੜਨ ਦਾ ਦੋਸ਼ ਕਿਉਂ ਲਗਾਇਆ ਗਿਆ ਸੀ?

11 ਜਿੱਥੇ ਵੀ ਯਿਸੂ ਪ੍ਰਚਾਰ ਕਰਦਾ ਸੀ ਉੱਥੇ ਗ੍ਰੰਥੀ, ਫ਼ਰੀਸੀ, ਸਦੂਕੀ, ਅਤੇ ਹੋਰ ਧਾਰਮਿਕ ਆਗੂ ਉਸ ਦੀਆਂ ਗੱਲਾਂ ਸੁਣਨ ਅਕਸਰ ਆਉਂਦੇ ਸਨ। ਉਨ੍ਹਾਂ ਵਿੱਚੋਂ ਕਈ ਸੁਣਨ ਅਤੇ ਸਿੱਖਣ ਦੀ ਬਜਾਇ, ਨੁਕਤਾਚੀਨੀ ਕਰਨ ਅਤੇ ਉਸ ਨੂੰ ਕਿਸੇ ਜਾਲ ਵਿਚ ਫਸਾਉਣ ਲਈ ਆਉਂਦੇ ਸਨ। (ਮੱਤੀ 12:38; 16:1; ਲੂਕਾ 5:17; 6:1, 2) ਮਿਸਾਲ ਲਈ, ਜਦੋਂ ਯਿਸੂ 31 ਸਾ.ਯੁ. ਵਿਚ ਪਸਾਹ ਮਨਾਉਣ ਯਰੂਸ਼ਲਮ ਗਿਆ ਸੀ, ਤਾਂ ਉਸ ਨੇ ਇਕ ਆਦਮੀ ਨੂੰ ਠੀਕ ਕੀਤਾ ਜੋ 38 ਸਾਲਾਂ ਤੋਂ ਬੀਮਾਰ ਸੀ। ਯਹੂਦੀ ਧਾਰਮਿਕ ਆਗੂਆਂ ਨੇ ਯਿਸੂ ਉੱਤੇ ਸਬਤ ਤੋੜਨ ਦਾ ਦੋਸ਼ ਲਾਇਆ। ਉਸ ਨੇ ਜਵਾਬ ਵਿਚ ਕਿਹਾ: “ਮੇਰਾ ਪਿਤਾ ਹੁਣ ਤੀਕੁਰ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਹਾਂ।” ਇਹ ਸੁਣ ਕੇ ਯਹੂਦੀਆਂ ਨੇ ਉਸ ਉੱਤੇ ਕੁਫ਼ਰ ਬਕਣ ਦਾ ਦੋਸ਼ ਲਾਇਆ ਕਿਉਂਕਿ ਉਸ ਨੇ ਪਰਮੇਸ਼ੁਰ ਨੂੰ ਆਪਣਾ ਪਿਤਾ ਕਹਿ ਕੇ ਉਸ ਦਾ ਪੁੱਤਰ ਹੋਣ ਦਾ ਦਾਅਵਾ ਕੀਤਾ ਸੀ। ਉਹ ਉਸ ਨੂੰ ਮਾਰਨਾ ਚਾਹੁੰਦੇ ਸਨ, ਪਰ ਯਿਸੂ ਆਪਣਿਆਂ ਚੇਲਿਆਂ ਸਮੇਤ ਯਰੂਸ਼ਲਮ ਤੋਂ ਗਲੀਲ ਚੱਲਿਆ ਗਿਆ ਸੀ। ਇਸੇ ਤਰ੍ਹਾਂ, ਜਦੋਂ ਅਸੀਂ ਰਾਜ ਦਾ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਜੋਸ਼ ਨਾਲ ਕਰਦੇ ਹਾਂ, ਤਾਂ ਸਾਡੇ ਲਈ ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਵਿਰੋਧੀਆਂ ਨਾਲ ਬਹਿਸ ਨਾ ਕਰੀਏ ਜਿਸ ਦਾ ਕੋਈ ਫ਼ਾਇਦਾ ਨਹੀਂ।—ਯੂਹੰਨਾ 5:1-18; 6:1.

12. ਯਿਸੂ ਨੇ ਗਲੀਲ ਵਿਚ ਕਿੰਨੀ ਕੁ ਵੱਡੇ ਤਰੀਕੇ ਵਿਚ ਗਵਾਹੀ ਦਿੱਤੀ ਸੀ?

12 ਅਗਲੇ ਡੇਢ ਕੁ ਸਾਲ ਲਈ, ਯਿਸੂ ਨੇ ਆਪਣੀ ਸੇਵਕਾਈ ਜ਼ਿਆਦਾਤਰ ਗਲੀਲ ਵਿਚ ਹੀ ਕੀਤੀ ਸੀ। ਉਹ ਯਰੂਸ਼ਲਮ ਨੂੰ ਸਿਰਫ਼ ਯਹੂਦੀਆਂ ਦੇ ਤਿੰਨ ਸਾਲਾਨਾ ਪਰਬ ਮਨਾਉਣ ਲਈ ਜਾਂਦਾ ਸੀ। ਯਿਸੂ ਨੇ ਆਪਣੀ ਸਾਰੀ ਸੇਵਕਾਈ ਦੌਰਾਨ, ਗਲੀਲ ਵਿਚ ਪ੍ਰਚਾਰ ਦੇ ਤਿੰਨ ਸਫ਼ਰ ਤੈ ਕੀਤੇ ਸਨ: ਪਹਿਲਾ ਆਪਣੇ 4 ਨਵੇਂ ਚੇਲਿਆਂ ਨਾਲ, ਦੂਜਾ ਆਪਣੇ 12 ਰਸੂਲਾਂ ਨਾਲ, ਅਤੇ ਤੀਜਾ ਵੱਡਾ ਸਫ਼ਰ ਸੀ ਜਿਸ ਦੌਰਾਨ ਉਸ ਦੇ ਰਸੂਲ ਪ੍ਰਚਾਰ ਕਰਨ ਲਈ ਖ਼ੁਦ ਘੱਲੇ ਗਏ ਸਨ। ਗਲੀਲ ਵਿਚ ਸੱਚਾਈ ਦੀ ਗਵਾਹੀ ਕਿੰਨੇ ਵੱਡੇ ਤਰੀਕੇ ਵਿਚ ਦਿੱਤੀ ਗਈ ਸੀ!—ਮੱਤੀ 4:18-25; ਲੂਕਾ 8:1-3; 9:1-6.

ਯਹੂਦਿਯਾ ਅਤੇ ਪੀਰਿਆ ਵਿਚ ਦਲੇਰ ਗਵਾਹੀ

13, 14. (ੳ) ਯਹੂਦੀਆਂ ਨੇ ਕਿਸ ਮੌਕੇ ਤੇ ਯਿਸੂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ? (ਅ) ਸਿਪਾਹੀ ਯਿਸੂ ਨੂੰ ਫੜਨ ਵਿਚ ਅਸਫ਼ਲ ਕਿਉਂ ਹੋਏ ਸਨ?

13 ਸਾਲ 32 ਸਾ.ਯੁ. ਦੀ ਪਤਝੜ ਵਿਚ ਡੇਰਿਆਂ ਦੇ ਪਰਬ ਤੋਂ ਪਹਿਲਾਂ ਯਿਸੂ ਦੇ ਭਰਾਵਾਂ ਨੇ ਉਸ ਨੂੰ ਕਿਹਾ: “ਐਥੋਂ ਤੁਰ ਕੇ ਯਹੂਦਿਯਾ ਵਿੱਚ ਜਾਹ।” ਉਹ ਚਾਹੁੰਦੇ ਸਨ ਕਿ ਯਿਸੂ ਆਪਣੀ ਚਮਤਕਾਰੀ ਸ਼ਕਤੀ ਉਨ੍ਹਾਂ ਸਾਰਿਆਂ ਨੂੰ ਦਿਖਾਵੇ ਜੋ ਯਰੂਸ਼ਲਮ ਦੇ ਪਰਬ ਤੇ ਇਕੱਠੇ ਹੋਏ ਸਨ। ਪਰ, ਯਿਸੂ ਜਾਣਦਾ ਸੀ ਕਿ ਇਸ ਤਰ੍ਹਾਂ ਕਰਨਾ ਖ਼ਤਰਨਾਕ ਹੋ ਸਕਦਾ ਸੀ। ਇਸ ਲਈ ਉਸ ਨੇ ਆਪਣਿਆਂ ਭਰਾਵਾਂ ਨੂੰ ਕਿਹਾ ਕਿ “ਮੈਂ ਅਜੇ ਇਸ ਤਿਉਹਾਰ ਉੱਤੇ ਨਹੀਂ ਜਾਂਦਾ ਕਿਉਂਕਿ ਮੇਰਾ ਵੇਲਾ ਅਜੇ ਪੂਰਾ ਨਹੀਂ ਹੋਇਆ।”—ਯੂਹੰਨਾ 7:1-8.

14 ਕੁਝ ਦੇਰ ਗਲੀਲ ਵਿਚ ਰੁਕਣ ਤੋਂ ਬਾਅਦ ਯਿਸੂ ਯਰੂਸ਼ਲਮ ਨੂੰ ਗਿਆ, ਪਰ ਉਹ ‘ਪਰਗਟ ਨਹੀਂ ਹੋਇਆ ਪਰ ਮਾਨੋ ਗੁਪਤ ਵਿੱਚ’ ਗਿਆ ਸੀ। ਤਿਉਹਾਰ ਤੇ ਯਹੂਦੀ ਲੋਕ ਉਸ ਨੂੰ ਲੱਭਦੇ-ਫਿਰਦੇ ਸਨ ਅਤੇ ਉਹ ਪੁੱਛ ਰਹੇ ਸਨ ਕਿ “ਉਹ ਕਿੱਥੇ ਹੈ?” ਤਿਉਹਾਰ ਦੇ ਅੱਧ ਵਿਚ ਯਿਸੂ ਨੇ ਹੈਕਲ ਵਿਚ ਜਾ ਕੇ ਦਲੇਰੀ ਨਾਲ ਸਿਖਾਉਣਾ ਸ਼ੁਰੂ ਕੀਤਾ। ਉੱਥੇ ਲੋਕਾਂ ਨੇ ਉਸ ਨੂੰ ਕੈਦ ਵਿਚ ਸੁੱਟਣ ਲਈ ਜਾਂ ਜਾਨੋ ਮਾਰਨ ਲਈ ਫੜਨ ਦੀ ਕੋਸ਼ਿਸ਼ ਕੀਤੀ। ਲੇਕਿਨ, ਉਹ ਸਫ਼ਲ ਨਹੀਂ ਹੋਏ ਕਿਉਂਕਿ “ਉਸ ਦਾ ਵੇਲਾ ਅਜੇ ਨਹੀਂ ਸੀ ਆਇਆ।” ਕਈਆਂ ਨੇ ਯਿਸੂ ਵਿਚ ਨਿਹਚਾ ਕੀਤੀ। ਫ਼ਰੀਸੀਆਂ ਨੇ ਜਿਨ੍ਹਾਂ ਸਿਪਾਹੀਆਂ ਨੂੰ ਯਿਸੂ ਨੂੰ ਫੜਨ ਲਈ ਭੇਜਿਆ ਸੀ, ਉਹ ਵੀ ਖਾਲੀ ਹੱਥ ਮੁੜ ਆਏ ਅਤੇ ਕਹਿਣ ਲੱਗੇ: “ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ!”—ਯੂਹੰਨਾ 7:9-14, 30-46.

15. ਯਹੂਦੀਆਂ ਨੇ ਯਿਸੂ ਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਸੀ, ਅਤੇ ਇਸ ਤੋਂ ਬਾਅਦ ਯਿਸੂ ਨੇ ਪ੍ਰਚਾਰ ਦਾ ਕਿਹੜਾ ਕੰਮ ਸ਼ੁਰੂ ਕੀਤਾ ਸੀ?

15 ਯਿਸੂ ਤਿਉਹਾਰ ਦੌਰਾਨ ਹੈਕਲ ਵਿਚ ਆਪਣੇ ਪਿਤਾ ਬਾਰੇ ਸਿੱਖਿਆ ਦਿੰਦਾ ਰਿਹਾ, ਇਸ ਕਰਕੇ ਉਸ ਅਤੇ ਯਹੂਦੀ ਵਿਰੋਧੀਆਂ ਦਰਮਿਆਨ ਝਗੜੇ ਹੁੰਦੇ ਰਹੇ। ਤਿਉਹਾਰ ਦੇ ਆਖ਼ਰੀ ਦਿਨ ਤੇ, ਯਿਸੂ ਨੇ ਆਪਣੇ ਸਵਰਗੀ ਜੀਵਨ ਬਾਰੇ ਗੱਲ ਕੀਤੀ ਸੀ। ਯਿਸੂ ਦੀ ਇਸ ਗੱਲ ਤੋਂ ਉਸ ਦੇ ਵਿਰੋਧੀ ਇੰਨੇ ਗੁੱਸੇ ਹੋਏ ਸਨ ਕਿ ਉਨ੍ਹਾਂ ਨੇ ਉਸ ਨੂੰ ਮਾਰਨ ਲਈ ਪੱਥਰ ਚੁੱਕ ਲਏ ਸਨ। ਪਰ ਯਿਸੂ ਲੁਕ ਕੇ ਬੱਚ ਗਿਆ ਸੀ। (ਯੂਹੰਨਾ 8:12-59) ਯਰੂਸ਼ਲਮ ਤੋਂ ਬਾਹਰ ਰਹਿ ਕੇ ਯਿਸੂ ਨੇ ਯਹੂਦਿਯਾ ਵਿਚ ਗਵਾਹੀ ਦੇਣ ਦਾ ਇਕ ਵੱਡਾ ਕੰਮ ਸ਼ੁਰੂ ਕੀਤਾ ਸੀ। ਉਸ ਨੇ ਆਪਣੇ 70 ਚੇਲਿਆਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ ਸਿਖਲਾਈ ਦੇਣ ਤੋਂ ਬਾਅਦ, ਦੋ-ਦੋ ਕਰਕੇ ਪ੍ਰਚਾਰ ਕਰਨ ਲਈ ਘੱਲਿਆ। ਉਹ ਉਨ੍ਹਾਂ ਸਾਰਿਆਂ ਥਾਵਾਂ ਨੂੰ ਗਏ ਜਿੱਥੇ ਯਿਸੂ ਨੇ ਆਪਣੇ ਰਸੂਲਾਂ ਨਾਲ ਖ਼ੁਦ ਜਾਣਾ ਸੀ।—ਲੂਕਾ 10:1-24.

16. ਸਮਰਪਣ ਦੇ ਤਿਉਹਾਰ ਦੌਰਾਨ ਯਿਸੂ ਕਿਸ ਖ਼ਤਰੇ ਤੋਂ ਬਚਿਆ ਸੀ, ਅਤੇ ਉਸ ਨੇ ਕਿਹੜਾ ਕੰਮ ਫਿਰ ਸ਼ੁਰੂ ਕੀਤਾ ਸੀ?

16 ਸਾਲ 32 ਸਾ.ਯੁ. ਦੇ ਸਿਆਲ ਵਿਚ ਯਿਸੂ ਦਾ “ਵੇਲਾ” ਨਜ਼ਦੀਕ ਆ ਗਿਆ ਸੀ। ਉਹ ਸਮਰਪਣ ਦੇ ਤਿਉਹਾਰ ਲਈ ਯਰੂਸ਼ਲਮ ਗਿਆ, ਤਾਂ ਯਹੂਦੀ ਹਾਲੇ ਵੀ ਉਸ ਨੂੰ ਮਾਰਨ ਦਾ ਮੌਕਾ ਭਾਲ ਰਹੇ ਸਨ। ਜਦੋਂ ਯਿਸੂ ਹੈਕਲ ਦੇ ਦਲਾਨ ਵਿਚ ਤੁਰ-ਫਿਰ ਰਿਹਾ ਸੀ ਤਾਂ ਉਨ੍ਹਾਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਫਿਰ ਤੋਂ ਉਸ ਉੱਤੇ ਕੁਫ਼ਰ ਬਕਣ ਦਾ ਦੋਸ਼ ਲਾ ਕੇ ਉਸ ਨੂੰ ਮਾਰਨ ਲਈ ਪੱਥਰ ਚੁੱਕੇ। ਪਰ ਯਿਸੂ ਅੱਗੇ ਵਾਂਗ ਫਿਰ ਬਚ ਨਿਕਲਿਆ। ਉਸ ਨੇ ਇਸ ਵਾਰ ਯਰਦਨ ਨਦੀ ਦੇ ਪਾਰ ਪੀਰਿਆ ਦੇ ਜ਼ਿਲ੍ਹੇ ਵਿਚ ਸ਼ਹਿਰੋਂ-ਸ਼ਹਿਰ ਅਤੇ ਪਿੰਡੋਂ-ਪਿੰਡ ਪ੍ਰਚਾਰ ਕਰਨਾ ਸ਼ੁਰੂ ਕੀਤਾ। ਅਤੇ ਕਈਆਂ ਨੇ ਉਸ ਵਿਚ ਨਿਹਚਾ ਕੀਤੀ। ਪਰ, ਜਦੋਂ ਉਸ ਦੇ ਪਿਆਰੇ ਦੋਸਤ ਲਾਜ਼ਰ ਬਾਰੇ ਉਸ ਨੂੰ ਇਕ ਸੁਨੇਹਾ ਮਿਲਿਆ, ਉਸ ਨੂੰ ਯਹੂਦਿਯਾ ਫਿਰ ਮੁੜਨਾ ਪਿਆ।—ਲੂਕਾ 13:33; ਯੂਹੰਨਾ 10:20-42.

17. (ੳ) ਪੀਰਿਆ ਵਿਚ ਪ੍ਰਚਾਰ ਕਰਦੇ ਸਮੇਂ ਯਿਸੂ ਨੂੰ ਕਿਹੜਾ ਜ਼ਰੂਰੀ ਸੁਨੇਹਾ ਮਿਲਿਆ ਸੀ? (ਅ) ਕਿਹੜੀ ਗੱਲ ਨੇ ਦਿਖਾਇਆ ਕਿ ਯਿਸੂ ਆਪਣੀ ਕਾਰਵਾਈ ਦਾ ਮਕਸਦ ਅਤੇ ਸਹੀ ਵੇਲਾ ਜਾਣਦਾ ਸੀ?

17 ਇਹ ਜ਼ਰੂਰੀ ਸੁਨੇਹਾ ਯਹੂਦਿਯਾ ਦੇ ਬੈਤਅਨੀਆ ਤੋਂ ਲਾਜ਼ਰ ਦੀਆਂ ਭੈਣਾਂ, ਮਾਰਥਾ ਅਤੇ ਮਰਿਯਮ, ਤੋਂ ਆਇਆ ਸੀ। ਸੁਨੇਹਾ ਦੇਣ ਵਾਲੇ ਨੇ ਕਿਹਾ: “ਪ੍ਰਭੁ ਜੀ ਵੇਖ ਜਿਸ ਨਾਲ ਤੂੰ ਹਿਤ ਕਰਦਾ ਹੈਂ ਸੋ ਬਿਮਾਰ ਹੈ।” ਯਿਸੂ ਨੇ ਜਵਾਬ ਦਿੱਤਾ ਕਿ “ਇਹ ਬਿਮਾਰੀ ਮੌਤ ਦੀ ਨਹੀਂ ਸਗੋਂ ਪਰਮੇਸ਼ੁਰ ਦੀ ਵਡਿਆਈ ਦੇ ਨਿਮਿੱਤ ਹੈ ਜੋ ਇਸ ਤੋਂ ਪਰਮੇਸ਼ੁਰ ਦੇ ਪੁੱਤ੍ਰ ਦੀ ਵਡਿਆਈ ਹੋਵੇ।” ਯਿਸੂ ਆਪਣਾ ਮਕਸਦ ਪੂਰਾ ਕਰਨ ਲਈ ਜਾਣ-ਬੁੱਝ ਕੇ ਦੋ ਦਿਨ ਹੋਰ ਉਸੇ ਜਗ੍ਹਾ ਤੇ ਰੁਕਿਆ ਸੀ। ਫਿਰ ਉਸ ਨੇ ਆਪਣਿਆਂ ਚੇਲਿਆਂ ਨੂੰ ਕਿਹਾ: “ਆਓ ਅਸੀਂ ਫੇਰ ਯਹੂਦਿਯਾ ਨੂੰ ਚੱਲੀਏ।” ਹੈਰਾਨ ਹੋ ਕੇ ਚੇਲਿਆਂ ਨੇ ਉਸ ਨੂੰ ਕਿਹਾ: “ਸੁਆਮੀ ਜੀ ਯਹੂਦੀ ਤੈਨੂੰ ਹੁਣੇ ਪਥਰਾਹ ਕਰਨਾ ਚਾਹੁੰਦੇ ਸਨ ਅਤੇ ਤੂੰ ਫੇਰ ਉੱਥੇ ਜਾਂਦਾ ਹੈਂ?” ਪਰ ਯਿਸੂ ਜਾਣਦਾ ਸੀ ਕਿ ‘ਦਿਨ ਦੇ ਘੰਟੇ’ ਥੋੜ੍ਹੇ ਰਹਿ ਗਏ ਸਨ, ਯਾਨੀ ਆਪਣੀ ਸੇਵਕਾਈ ਪੂਰੀ ਕਰਨ ਲਈ ਉਸ ਕੋਲ ਸਮਾਂ ਬਹੁਤ ਘੱਟ ਸੀ। ਉਹ ਜਾਣਦਾ ਸੀ ਕਿ ਉਸ ਨੂੰ ਕੀ ਕਰਨ ਦੀ ਲੋੜ ਸੀ ਅਤੇ ਇਸ ਤਰ੍ਹਾਂ ਕਿਉਂ ਕਰਨ ਦੀ ਲੋੜ ਸੀ।—ਯੂਹੰਨਾ 11:1-10.

ਇਕ ਵੱਡਾ ਚਮਤਕਾਰ

18. ਯਿਸੂ ਨੇ ਬੈਤਅਨੀਆ ਪਹੁੰਚ ਕੇ ਕੀ ਦੇਖਿਆ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ?

18 ਬੈਤਅਨੀਆ ਵਿਚ ਜਾਂਦਿਆਂ ਹੀ ਯਿਸੂ ਨੂੰ ਸਭ ਤੋਂ ਪਹਿਲਾਂ ਮਾਰਥਾ ਮਿਲਣ ਆਈ ਅਤੇ ਉਸ ਨੇ ਕਿਹਾ: “ਪ੍ਰਭੁ ਜੀ ਜੇ ਤੂੰ ਐਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ।” ਮਰਿਯਮ ਅਤੇ ਉਨ੍ਹਾਂ ਦੇ ਘਰ ਆਏ ਹੋਏ ਲੋਕ ਵੀ ਮਾਰਥਾ ਦੇ ਮਗਰ-ਮਗਰ ਆਏ ਸਨ। ਸਾਰੇ ਰੋ ਰਹੇ ਸਨ। “ਤੁਸਾਂ ਉਹ ਨੂੰ ਕਿੱਥੇ ਰੱਖਿਆ ਹੈ?” ਯਿਸੂ ਨੇ ਪੁੱਛਿਆ। ਉਨ੍ਹਾਂ ਨੇ ਜਵਾਬ ਦਿੱਤਾ: “ਪ੍ਰਭੁ ਜੀ ਆ ਵੇਖ।” ਜਦੋਂ ਉਹ ਕਬਰ ਕੋਲ ਪਹੁੰਚੇ, ਜੋ ਕਿ ਇਕ ਗੁਫ਼ਾ ਸੀ ਜਿਸ ਉੱਤੇ ਪੱਥਰ ਧਰਿਆ ਹੋਇਆ ਸੀ, ਯਿਸੂ ਨੇ ਕਿਹਾ: “ਇਸ ਪੱਥਰ ਨੂੰ ਹਟਾ ਦਿਓ।” ਮਾਰਥਾ ਸਮਝੀ ਨਹੀਂ ਕਿ ਯਿਸੂ ਕੀ ਕਰਨ ਵਾਲਾ ਸੀ। ਇਸ ਲਈ ਉਸ ਨੇ ਇਤਰਾਜ਼ ਕਰ ਕੇ ਕਿਹਾ: “ਪ੍ਰਭੁ ਜੀ ਉਸ ਕੋਲੋਂ ਤਾਂ ਹੁਣ ਸੜਿਹਾਨ ਆਉਂਦੀ ਹੈ ਕਿਉਂ ਜੋ ਉਹ ਨੂੰ ਚਾਰ ਦਿਨ ਹੋਏ ਹਨ।” ਪਰ ਯਿਸੂ ਨੇ ਪੁੱਛਿਆ: “ਕੀ ਮੈਂ ਤੈਨੂੰ ਨਹੀਂ ਆਖਿਆ ਭਈ ਜੇ ਤੂੰ ਪਰਤੀਤ ਕਰੇਂ ਤਾਂ ਪਰਮੇਸ਼ੁਰ ਦੀ ਵਡਿਆਈ ਵੇਖੇਂਗੀ?”—ਯੂਹੰਨਾ 11:17-40.

19. ਲਾਜ਼ਰ ਨੂੰ ਜੀ ਉਠਾਉਣ ਤੋਂ ਪਹਿਲਾਂ ਯਿਸੂ ਨੇ ਸਾਰਿਆਂ ਦੇ ਸਾਮ੍ਹਣੇ ਪ੍ਰਾਰਥਨਾ ਕਿਉਂ ਕੀਤੀ ਸੀ?

19 ਲਾਜ਼ਰ ਦੀ ਕਬਰ ਦੇ ਮੁਹਰਿਓਂ ਪੱਥਰ ਹਟਾਏ ਜਾਣ ਤੋਂ ਬਾਅਦ ਯਿਸੂ ਨੇ ਉੱਚੀ ਆਵਾਜ਼ ਵਿਚ ਇਕ ਪ੍ਰਾਰਥਨਾ ਕੀਤੀ ਤਾਂਕਿ ਲੋਕ ਜਾਣ ਸਕਣ ਕਿ ਉਹ ਜੋ ਕੁਝ ਕਰਨ ਲੱਗਾ ਸੀ ਉਹ ਸਿਰਫ਼ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਹੀ ਸੀ। ਫਿਰ ਉਸ ਨੇ ਕਿਹਾ: “ਲਾਜ਼ਰ, ਬਾਹਰ ਆ!” ਲਾਜ਼ਰ ਬਾਹਰ ਨਿਕਲਿਆ ਅਤੇ ਉਸ ਦੇ ਹੱਥ ਪੈਰ ਕਫ਼ਨ ਨਾਲ ਬੱਧੇ ਹੋਏ ਸਨ ਅਤੇ ਉਸ ਦੇ ਮੂੰਹ ਉੱਤੇ ਰੁਮਾਲ ਲਪੇਟਿਆ ਹੋਇਆ ਸੀ। ਯਿਸੂ ਨੇ ਕਿਹਾ ਕਿ “ਉਹ ਨੂੰ ਖੋਲ੍ਹੋ ਅਤੇ ਜਾਣ ਦਿਓ।”—ਯੂਹੰਨਾ 11:41-44.

20. ਜੀ ਉਠਾਏ ਗਏ ਲਾਜ਼ਰ ਨੂੰ ਦੇਖ ਕੇ ਲੋਕਾਂ ਨੇ ਕੀ ਕੀਤਾ ਸੀ?

20 ਇਸ ਚਮਤਕਾਰ ਨੂੰ ਦੇਖਣ ਤੋਂ ਬਾਅਦ ਕਈ ਯਹੂਦੀ, ਜੋ ਮਾਰਥਾ ਅਤੇ ਮਰਿਯਮ ਕੋਲ ਅਫ਼ਸੋਸ ਕਰਨ ਆਏ ਸਨ, ਯਿਸੂ ਵਿਚ ਨਿਹਚਾ ਕਰਨ ਲੱਗ ਪਏ। ਦੂਸਰੇ ਲੋਕ ਫ਼ਰੀਸੀਆਂ ਨੂੰ ਇਸ ਘਟਨਾ ਬਾਰੇ ਦੱਸਣ ਚੱਲੇ ਗਏ। ਫਿਰ ਫ਼ਰੀਸੀਆਂ ਨੇ ਕੀ ਕੀਤਾ? ਉਨ੍ਹਾਂ ਨੇ ਇਕਦਮ ਪ੍ਰਧਾਨ ਜਾਜਕਾਂ ਦੇ ਨਾਲ ਮਹਾਸਭਾ ਇਕੱਠੀ ਕਰਨ ਦਾ ਪ੍ਰਬੰਧ ਕੀਤਾ। ਡਰ ਦੇ ਮਾਰੇ ਉਨ੍ਹਾਂ ਨੇ ਕਿਹਾ ਕਿ ‘ਅਸੀਂ ਕੀ ਕਰੀਏ, ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈ? ਜੇ ਅਸੀਂ ਉਸ ਨੂੰ ਐਵੇਂ ਛੱਡ ਦੇਈਏ ਤਾਂ ਸਭ ਉਸ ਉੱਤੇ ਨਿਹਚਾ ਕਰਨਗੇ ਅਤੇ ਰੋਮੀ ਆ ਜਾਣਗੇ ਅਤੇ ਨਾਲੇ ਸਾਡੀ ਜਗ੍ਹਾ ਅਰ ਨਾਲੇ ਸਾਡੀ ਕੌਮ ਭੀ ਲੈ ਲੈਣਗੇ।’ ਪਰ, ਪ੍ਰਧਾਨ ਜਾਜਕ ਕਯਾਫ਼ਾ ਨੇ ਉਨ੍ਹਾਂ ਨੂੰ ਕਿਹਾ: ‘ਤੁਸੀਂ ਨਹੀਂ ਸੋਚਦੇ ਹੋ ਭਈ ਤੁਹਾਡੇ ਲਈ ਇਹੋ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ, ਨਾ ਕਿ ਸਾਰੀ ਕੌਮ ਦਾ ਨਾਸ ਹੋਵੇ।’ ਇਸ ਲਈ, ਉਸ ਦਿਨ ਤੋਂ ਲੈ ਕੇ ਉਨ੍ਹਾਂ ਨੇ ਯਿਸੂ ਦੀ ਜਾਨ ਲੈਣ ਦਾ ਮਤਾ ਪਕਾਇਆ।—ਯੂਹੰਨਾ 11:45-53.

21. ਲਾਜ਼ਰ ਦਾ ਜੀ ਉਠਾਏ ਜਾਣਾ ਇਕ ਮਹੱਤਵਪੂਰਣ ਘਟਨਾ ਕਿਉਂ ਸੀ?

21 ਤਾਂ ਫਿਰ ਬੈਤਅਨੀਆ ਨੂੰ ਜਾਣ ਵਿਚ ਦੇਰ ਕਰਨ ਦੁਆਰਾ ਯਿਸੂ ਅਜਿਹਾ ਚਮਤਕਾਰ ਕਰ ਸਕਿਆ ਜਿਸ ਨੂੰ ਕੋਈ ਵੀ ਅਣਡਿੱਠ ਨਹੀਂ ਕਰ ਸਕਦਾ ਸੀ। ਪਰਮੇਸ਼ੁਰ ਦੀ ਸ਼ਕਤੀ ਨਾਲ ਯਿਸੂ ਨੇ ਇਕ ਆਦਮੀ ਨੂੰ ਜੀ ਉਠਾਇਆ ਜਿਸ ਨੂੰ ਮਰੇ ਚਾਰ ਦਿਨ ਹੋ ਚੁੱਕੇ ਸਨ। ਮਹਾਸਭਾ ਦੇ ਮੈਂਬਰਾਂ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਪਿਆ ਸੀ ਅਤੇ ਉਨ੍ਹਾਂ ਨੇ ਚਮਤਕਾਰ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਸੁਣਾਈ। ਇਹ ਚਮਤਕਾਰ ਯਿਸੂ ਦੀ ਸੇਵਕਾਈ ਵਿਚ ਇਕ ਮਹੱਤਵਪੂਰਣ ਘਟਨਾ ਸੀ। ਇਸ ਘਟਨਾ ਤੋਂ ਪਹਿਲਾਂ ਯਿਸੂ ਨੇ ਕਿਹਾ ਸੀ ਕਿ “ਉਸ ਦਾ ਵੇਲਾ ਅਜੇ ਨਹੀਂ ਸੀ ਆਇਆ” ਪਰ ਇਸ ਘਟਨਾ ਤੋਂ ਬਾਅਦ ਉਸ ਦਾ “ਵੇਲਾ ਆ ਪੁੱਜਿਆ” ਸੀ।

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਹ ਜਾਣਦਾ ਸੀ ਪਰਮੇਸ਼ੁਰ ਉਸ ਤੋਂ ਕੀ ਚਾਹੁੰਦਾ ਸੀ?

• ਯਿਸੂ ਨੇ ਮੈ ਬਾਰੇ ਆਪਣੀ ਮਾਂ ਦੀ ਰਾਏ ਦਾ ਇਤਰਾਜ਼ ਕਿਉਂ ਕੀਤਾ ਸੀ?

• ਵਿਰੋਧੀਆਂ ਨਾਲ ਯਿਸੂ ਦੇ ਵਰਤਾਉ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

• ਲਾਜ਼ਰ ਦੇ ਬੀਮਾਰ ਹੋਣ ਦੀ ਖ਼ਬਰ ਸੁਣ ਕੇ ਯਿਸੂ ਨੇ ਉਸ ਕੋਲ ਜਾਣ ਵਿਚ ਦੇਰ ਕਿਉਂ ਕੀਤੀ ਸੀ?

[ਸਵਾਲ]

[ਸਫ਼ੇ 12 ਉੱਤੇ ਤਸਵੀਰਾਂ]

ਯਿਸੂ ਨੇ ਆਪਣੀ ਜ਼ਿੰਮੇਵਾਰੀ ਪੂਰੇ ਜੋਸ਼ ਨਾਲ ਨਿਭਾਈ ਸੀ