Skip to content

Skip to table of contents

ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ ਖ਼ੁਸ਼ੀਆਂ ਮਨਾਉਂਦੇ ਹਨ

ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ ਖ਼ੁਸ਼ੀਆਂ ਮਨਾਉਂਦੇ ਹਨ

ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ ਖ਼ੁਸ਼ੀਆਂ ਮਨਾਉਂਦੇ ਹਨ

“ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ” ਨਾਂ ਦੇ ਜ਼ਿਲ੍ਹਾ ਸੰਮੇਲਨ ਦੇ ਪ੍ਰੋਗ੍ਰਾਮ ਦੇ ਪਹਿਲੇ ਭਾਸ਼ਣਕਾਰ ਨੇ ਕਿਹਾ ਕਿ “ਅਸੀਂ ਜਾਣਦੇ ਹਾਂ ਕਿ ਇਹ ਸੰਮੇਲਨ ਯਹੋਵਾਹ ਦਾ ਇਕ ਪ੍ਰਬੰਧ ਹੈ ਤਾਂਕਿ ਅਸੀਂ ਰਾਜ ਦੇ ਕੰਮ ਨੂੰ ਹੋਰ ਅੱਗੇ ਵਧਾਉਣ ਲਈ ਤਿਆਰ ਹੋ ਸਕੀਏ।” ਫਿਰ ਉਸ ਨੇ ਕਿਹਾ ਕਿ “ਇੱਥੇ ਸਾਨੂੰ ਸੁਖੀ ਪਰਿਵਾਰਕ ਜੀਵਨ ਬਾਰੇ ਵੀ ਸਿੱਖਿਆ ਦਿੱਤੀ ਜਾਵੇਗੀ, ਯਹੋਵਾਹ ਦੇ ਸੰਗਠਨ ਦੇ ਨਜ਼ਦੀਕ ਰਹਿਣ ਲਈ ਸਾਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਰਾਜ ਸੇਵਕਾਈ ਵਿਚ ਆਪਣੇ ਜੋਸ਼ ਨੂੰ ਕਾਇਮ ਰੱਖਣ ਲਈ ਸਾਨੂੰ ਹੌਸਲਾ ਦਿੱਤਾ ਜਾਵੇਗਾ। ਸਾਨੂੰ ਇਹ ਵੀ ਯਾਦ ਦਿਲਾਇਆ ਜਾਵੇਗਾ ਕਿ ਸਾਨੂੰ ਜਾਗਦੇ ਰਹਿਣਾ ਚਾਹੀਦਾ ਹੈ।”

ਪਿੱਛਲੇ ਸਾਲੇ ਦੇ ਮਈ ਮਹੀਨੇ ਦੇ ਅਖ਼ੀਰਲੇ ਹਿੱਸੇ ਤੋਂ ਲੈ ਕੇ ਪਰਮੇਸ਼ੁਰ ਦੇ ਬਚਨ ਉੱਤੇ ਲੱਖਾਂ ਹੀ ਅਮਲ ਕਰਨ ਵਾਲੇ ਸੰਸਾਰ ਭਰ ਵਿਚ ਹਜ਼ਾਰਾਂ ਹੀ ਥਾਵਾਂ ਤੇ ਇਕੱਠੇ ਹੋਏ ਤਾਂਕਿ ਉਹ ਬਾਈਬਲ ਬਾਰੇ ਸਿੱਖਿਆ ਲੈ ਸਕਣ। ਉਨ੍ਹਾਂ ਨੇ ਇਸ ਤਿੰਨ ਦਿਨ ਦੇ ਸੰਮੇਲਨ ਤੇ ਕੀ ਸਿੱਖਿਆ?

ਪਹਿਲਾ ਦਿਨ​—ਯਹੋਵਾਹ ਦੇ ਸਾਰੇ ਉਪਕਾਰ ਨਾ ਭੁੱਲੋ

ਆਪਣੇ ਆਰੰਭਕ ਭਾਸ਼ਣ ਵਿਚ ਸਭਾਪਤੀ ਨੇ ਸਾਰਿਆਂ ਭੈਣਾਂ-ਭਰਾਵਾਂ ਨੂੰ ਉਨ੍ਹਾਂ ਬਰਕਤਾਂ ਦਾ ਆਨੰਦ ਮਾਣਨ ਲਈ ਸੱਦਾ ਦਿੱਤਾ ਜੋ ਸੰਮੇਲਨਾਂ ਤੇ ਏਕਤਾ ਵਿਚ ਯਹੋਵਾਹ ਦੀ ਉਪਾਸਨਾ ਕਰਨ ਤੋਂ ਮਿਲਦੀਆਂ ਹਨ। ਸਾਰੇ ਹਾਜ਼ਰ ਭੈਣਾਂ-ਭਰਾਵਾਂ ਨੂੰ ਯਕੀਨ ਦਿਲਾਇਆ ਗਿਆ ਸੀ ਕਿ ਉਨ੍ਹਾਂ ਦੀ ਨਿਹਚਾ ਵਧਾਈ ਜਾਵੇਗੀ ਅਤੇ ਯਹੋਵਾਹ ਨਾਲ ਉਨ੍ਹਾਂ ਦਾ ਨਿੱਜੀ ਰਿਸ਼ਤਾ ਮਜ਼ਬੂਤ ਕੀਤਾ ਜਾਵੇਗਾ।

ਸਾਡਾ “ਪਰਮਧੰਨ” ਜਾਂ ਖ਼ੁਸ਼ ਪਰਮੇਸ਼ੁਰ ਜਾਣਦਾ ਹੈ ਕਿ ਖ਼ੁਸ਼ ਹੋਣ ਲਈ ਸਾਡੇ ਲਈ ਕੀ ਜ਼ਰੂਰੀ ਹੈ। (1 ਤਿਮੋਥਿਉਸ 1:11) ਇਸ ਕਰਕੇ, “ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਖ਼ੁਸ਼ੀ ਮਿਲਦੀ ਹੈ” ਭਾਸ਼ਣ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਯਹੋਵਾਹ ਦਾ ਬਚਨ ਬਾਈਬਲ, ਜੀਉਣ ਲਈ ਸਭ ਤੋਂ ਵਧੀਆ ਸਲਾਹ ਦਿੰਦਾ ਹੈ। (ਯੂਹੰਨਾ 13:17) ਕਈਆਂ ਸਾਲਾਂ ਤੋਂ ਸੇਵਾ ਕਰਨ ਵਾਲੇ ਗਵਾਹਾਂ ਨਾਲ ਇੰਟਰਵਿਊਆਂ ਰਾਹੀਂ ਦਿਖਾਇਆ ਗਿਆ ਕਿ ਵੱਖਰੇ-ਵੱਖਰੇ ਹਾਲਾਤਾਂ ਅਧੀਨ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਾਡੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਉਂਦਾ ਹੈ। ਅਗਲੇ ਭਾਸ਼ਣ, “ਯਹੋਵਾਹ ਦੀ ਭਲਿਆਈ ਵਿਚ ਖ਼ੁਸ਼ੀ ਮਨਾਓ,” ਨੇ ਜ਼ੋਰ ਦਿੱਤਾ ਕਿ ‘ਪਰਮੇਸ਼ੁਰ ਦੀ ਰੀਸ ਕਰਨ’ ਵਾਲਿਆਂ ਵਜੋਂ ਮਸੀਹੀ ਆਪਣੀਆਂ ਜ਼ਿੰਦਗੀਆਂ ਵਿਚ “ਹਰ ਭਾਂਤ ਦੀ ਭਲਿਆਈ” ਦਾ ਫਲ ਪੈਦਾ ਕਰਨਾ ਚਾਹੁੰਦੇ ਹਨ। (ਅਫ਼ਸੀਆਂ 5:1, 9) ਇਹ ਕਰਨ ਦਾ ਇਕ ਮੁੱਖ ਤਰੀਕਾ ਹੈ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਅਤੇ ਚੇਲੇ ਬਣਾਉਣਾ।—ਜ਼ਬੂਰ 145:7.

“ਅਣਦੇਖੇ ਪਰਮੇਸ਼ੁਰ ਨੂੰ ਦੇਖ ਕੇ ਨਿਹਚਾ ਕਾਇਮ ਰੱਖੋ” ਭਾਸ਼ਣ ਨੇ ਦਿਖਾਇਆ ਕਿ ਮਜ਼ਬੂਤ ਨਿਹਚਾ ਅਣਦੇਖੇ ਪਰਮੇਸ਼ੁਰ ਨੂੰ “ਦੇਖ” ਸਕਣ ਵਿਚ ਕਿਵੇਂ ਸਾਡੀ ਮਦਦ ਕਰਦੀ ਹੈ। ਭਾਸ਼ਣਕਾਰ ਨੇ ਸਮਝਾਇਆ ਕਿ ਰੂਹਾਨੀ ਲੋਕ ਇਹ ਜਾਣਦੇ ਹਨ ਕਿ ਪਰਮੇਸ਼ੁਰ ਤਾਂ ਸਾਡੇ ਸੋਚ-ਵਿਚਾਰ ਵੀ ਜਾਣਦਾ ਹੈ। (ਕਹਾਉਤਾਂ 5:21) ਇੰਟਰਵਿਊ ਕੀਤੇ ਗਏ ਭੈਣਾਂ-ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਨਿਹਚਾ ਜ਼ਿਆਦਾ ਮਜ਼ਬੂਤ ਕਰਨ ਲਈ ਅਤੇ ਆਪਣੀਆਂ ਜ਼ਿੰਦਗੀਆਂ ਵਿਚ ਰੂਹਾਨੀ ਮਾਮਲਿਆਂ ਨੂੰ ਪਹਿਲਾ ਦਰਜਾ ਦੇਣ ਲਈ ਕਿਹੜੇ ਕਦਮ ਚੁੱਕੇ ਸਨ।

“ਯਹੋਵਾਹ—ਅਸਚਰਜ ਕੰਮ ਕਰਨ ਵਾਲੇ ਦੀ ਉਸਤਤ ਕਰੋ” ਨਾਂ ਦੇ ਮੂਲ-ਭਾਵ ਭਾਸ਼ਣ ਤੋਂ ਬਾਅਦ ਸਵੇਰ ਦਾ ਪ੍ਰੋਗ੍ਰਾਮ ਸਮਾਪਤ ਹੋਇਆ। ਇਸ ਨੇ ਸੁਣਨ ਵਾਲਿਆਂ ਦੀ ਕਦਰ ਵਧਾਈ ਕਿ ਜਿੰਨਾ ਜ਼ਿਆਦਾ ਅਸੀਂ ਯਹੋਵਾਹ ਬਾਰੇ ਸਿੱਖਾਂਗੇ, ਉੱਨਾ ਹੀ ਜ਼ਿਆਦਾ ਅਸੀਂ ਦੇਖਾਂਗੇ ਕਿ ਉਹ ਕਿੰਨੇ ਅਸਚਰਜ ਕੰਮ ਕਰਨ ਵਾਲਾ ਹੈ ਅਤੇ ਅਸੀਂ ਉਸ ਦੀ ਉਸਤਤ ਕਰਾਂਗੇ। ਭਾਸ਼ਣਕਾਰ ਨੇ ਕਿਹਾ ਕਿ “ਅੱਜ ਯਹੋਵਾਹ ਦੇ ਵਫ਼ਾਦਾਰ ਭਗਤ ਸ੍ਰਿਸ਼ਟੀ ਵਿਚ ਪਰਮੇਸ਼ੁਰ ਦੇ ਅਸਚਰਜ ਕੰਮ ਦੇਖਦੇ ਹਨ ਅਤੇ ਉਨ੍ਹਾਂ ਵਧੀਆ ਚੀਜ਼ਾਂ ਬਾਰੇ ਸੋਚਦੇ ਹਨ ਜੋ ਯਹੋਵਾਹ ਹੁਣ ਸਾਡੇ ਲਈ ਕਰਦਾ ਹੈ। ਇਸ ਲਈ ਅਸੀਂ ਯਹੋਵਾਹ ਦੀ ਕਦਰ ਅਤੇ ਧੰਨਵਾਦ ਦਿਲੋਂ ਕਰਦੇ ਹਾਂ। ਜਿਉਂ-ਜਿਉਂ ਅਸੀਂ ਉਨ੍ਹਾਂ ਚਮਤਕਾਰੀ ਕੰਮਾਂ ਉੱਤੇ ਮਨਨ ਕਰਦੇ ਹਾਂ ਜੋ ਉਸ ਨੇ ਪੁਰਾਣੇ ਜ਼ਮਾਨੇ ਵਿਚ ਆਪਣਿਆਂ ਲੋਕਾਂ ਲਈ ਕੀਤੇ ਸਨ ਤਾਂ ਸਾਡਾ ਜੀਅ ਕਰਦਾ ਹੈ ਕਿ ਅਸੀਂ ਵੀ ਉਸ ਦੇ ਗੁਣ ਗਾਈਏ। ਅਸੀਂ ਉਦੋਂ ਵੀ ਯਹੋਵਾਹ ਦੀ ਵਡਿਆਈ ਕਰਨੀ ਚਾਹੁੰਦੇ ਹਾਂ ਜਦੋਂ ਅਸੀਂ ਉਨ੍ਹਾਂ ਅਸਚਰਜ ਵਾਅਦਿਆਂ ਬਾਰੇ ਸੋਚਦੇ ਹਾਂ ਜੋ ਯਹੋਵਾਹ ਹਾਲੇ ਪੂਰੇ ਕਰੇਗਾ।”

“ਭਲਿਆਈ ਕਰਦਿਆਂ ਨਾ ਅੱਕੋ” ਭਾਸ਼ਣ ਨਾਲ ਦੁਪਹਿਰ ਦਾ ਪ੍ਰੋਗ੍ਰਾਮ ਸ਼ੁਰੂ ਹੋਇਆ। ਇਸ ਨੇ ਸਾਰਿਆਂ ਨੂੰ ਯਾਦ ਦਿਲਾਇਆ ਕਿ ਇਸ ਸੰਸਾਰ ਵੱਲੋਂ ਦਬਾਅ ਪੱਕਾ ਸਬੂਤ ਹੈ ਕਿ ਅੰਤ ਨੇੜੇ ਹੈ। (2 ਤਿਮੋਥਿਉਸ 3:1) ਜੇ ਅਸੀਂ ਨਹੀਂ ਅੱਕਦੇ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ “ਓਹਨਾਂ ਵਿੱਚੋਂ [ਹਾਂ] ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।”—ਇਬਰਾਨੀਆਂ 10:39.

ਬਾਈਬਲ ਤੋਂ ਪਰਿਵਾਰਕ ਜ਼ਿੰਦਗੀ ਬਾਰੇ ਕੀ ਸਲਾਹ ਦਿੱਤੀ ਗਈ ਸੀ? ਸੰਮੇਲਨ ਦੀ ਪਹਿਲੀ ਭਾਸ਼ਣ-ਲੜੀ ਦਾ ਵਿਸ਼ਾ ਸੀ “ਪਰਮੇਸ਼ੁਰ ਦੇ ਬਚਨ ਦਾ ਕਹਿਣਾ ਮੰਨੋ।”। ਇਸ ਦੇ ਪਹਿਲੇ ਹਿੱਸੇ ਵਿਚ “ਜੀਵਨ-ਸਾਥੀ ਪਸੰਦ ਕਰਨ ਦੇ ਵੇਲੇ” ਪਰਮੇਸ਼ੁਰ ਦੇ ਬਚਨ ਦੀ ਆਗਿਆ ਪਾਲਣ ਬਾਰੇ ਚਰਚਾ ਕੀਤੀ ਗਈ। ਜੀਵਨ-ਸਾਥੀ ਚੁਣਨਾ ਜ਼ਿੰਦਗੀ ਦਾ ਇਕ ਬਹੁਤ ਵੱਡਾ ਫ਼ੈਸਲਾ ਹੁੰਦਾ ਹੈ। ਇਸ ਕਰਕੇ, ਮਸੀਹੀਆਂ ਨੂੰ ਛੋਟੀ ਉਮਰ ਵਿਚ ਵਿਆਹ ਨਹੀਂ ਕਰਾਉਣਾ ਚਾਹੀਦਾ, ਨਾਲੇ ਉਨ੍ਹਾਂ ਨੂੰ “ਕੇਵਲ ਪ੍ਰਭੁ ਵਿੱਚ” ਹੀ ਵਿਆਹ ਕਰਾਉਣਾ ਚਾਹੀਦਾ ਹੈ। (1 ਕੁਰਿੰਥੀਆਂ 7:39) ਭਾਸ਼ਣ-ਲੜੀ ਦੇ ਅਗਲੇ ਹਿੱਸੇ ਨੇ ਸਮਝਾਇਆ ਕਿ ਯਹੋਵਾਹ ਚਾਹੁੰਦਾ ਹੈ ਕਿ ਸਾਰੇ ਪਰਿਵਾਰ ਰੂਹਾਨੀ ਤੌਰ ਤੇ ਮਜ਼ਬੂਤ ਬਣੇ ਰਹਿਣ, ਅਤੇ ਇਸ ਤਰ੍ਹਾਂ ਕਰਨ ਵਿਚ ਕਾਮਯਾਬ ਹੋਣ ਦੇ ਅਨੇਕ ਤਰੀਕੇ ਵੀ ਦੱਸੇ ਗਏ ਸਨ। ਅਖ਼ੀਰਲੇ ਹਿੱਸੇ ਨੇ ਮਾਪਿਆਂ ਨੂੰ ਯਾਦ ਦਿਲਾਇਆ ਕਿ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਪ ਯਹੋਵਾਹ ਨਾਲ ਪਿਆਰ ਕਰਨਾ ਚਾਹੀਦਾ ਹੈ।

“ਚੁਗ਼ਲੀਆਂ ਸੁਣਨ ਅਤੇ ਕਰਨ ਤੋਂ ਬਚੋ” ਭਾਸ਼ਣ ਵਿਚ ਸਾਰਿਆਂ ਨੂੰ ਸਮਝਾਇਆ ਗਿਆ ਕਿ ਭਾਵੇਂ ਕਦੀ-ਕਦੀ ਅਜੀਬ ਚੀਜ਼ਾਂ ਵਾਪਰਦੀਆਂ ਹਨ, ਜਦੋਂ ਅਸੀਂ ਇਨ੍ਹਾਂ ਦੀਆਂ ਰਿਪੋਰਟਾਂ ਸੁਣਦੇ ਹਾਂ ਤਾਂ ਸਾਨੂੰ ਭੋਲੇ ਹੋਣ ਦੀ ਬਜਾਇ ਸਮਝਦਾਰ ਬਣਨਾ ਚਾਹੀਦਾ ਹੈ। ਬਿਹਤਰ ਹੋਵੇਗਾ ਜੇ ਮਸੀਹੀ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਗੱਲਾਂ ਕਰਨ ਕਿਉਂਕਿ ਇਨ੍ਹਾਂ ਵਿਚ ਸੱਚਾਈ ਹੈ। ਕਈਆਂ ਭੈਣਾਂ-ਭਰਾਵਾਂ ਨੂੰ ਅਗਲੇ ਭਾਸ਼ਣ “‘ਸਰੀਰ ਵਿਚਲੇ ਕੰਡੇ’ ਨੂੰ ਸਹਿਣ ਕਰਨਾ” ਤੋਂ ਬਹੁਤ ਹੌਸਲਾ ਮਿਲਿਆ। ਇਸ ਭਾਸ਼ਣ ਨੇ ਉਨ੍ਹਾਂ ਨੂੰ ਇਹ ਦੇਖਣ ਦੀ ਮਦਦ ਦਿੱਤੀ ਕਿ ਰੋਜ਼ਾਨਾ ਅਜ਼ਮਾਇਸ਼ਾਂ ਦੇ ਬਾਵਜੂਦ, ਯਹੋਵਾਹ ਸਾਨੂੰ ਆਪਣੀ ਪਵਿੱਤਰ ਆਤਮਾ, ਆਪਣੇ ਬਚਨ ਅਤੇ ਮਸੀਹੀ ਭੈਣਾਂ-ਭਰਾਵਾਂ ਰਾਹੀਂ ਤਾਕਤ ਬਖ਼ਸ਼ ਸਕਦਾ ਹੈ। ਇਸ ਸੰਬੰਧ ਵਿਚ ਪੌਲੁਸ ਰਸੂਲ ਦੇ ਨਿੱਜੀ ਤਜਰਬੇ ਤੋਂ ਕਾਫ਼ੀ ਹੌਸਲਾ ਦਿੱਤਾ ਗਿਆ ਸੀ।—2 ਕੁਰਿੰਥੀਆਂ 12:7-10; ਫ਼ਿਲਿੱਪੀਆਂ 4:11, 13.

ਪਹਿਲੇ ਦਿਨ ਦਾ ਅਖ਼ੀਰਲਾ ਭਾਸ਼ਣ ਸੀ “ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚਲੋ।” ਤਿੰਨਾਂ ਗੱਲਾਂ ਉੱਤੇ ਗੌਰ ਕੀਤਾ ਗਿਆ ਸੀ ਜਿਨ੍ਹਾਂ ਵਿਚ ਸਾਡੇ ਸੰਗਠਨ ਨੇ ਖ਼ਾਸ ਤੌਰ ਤੇ ਤਰੱਕੀ ਕੀਤੀ ਹੈ: (1) ਯਹੋਵਾਹ ਵੱਲੋਂ ਸੱਚਾਈ ਦੀ ਵਧਦੀ ਸਮਝ। (2) ਉਹ ਸੇਵਾ ਜੋ ਪਰਮੇਸ਼ੁਰ ਨੇ ਸਾਨੂੰ ਸੌਂਪੀ ਹੈ। (3) ਸੰਗਠਨ ਦੀਆਂ ਕਾਰਵਾਈਆਂ ਵਿਚ ਸਮੇਂ ਸਿਰ ਬਦਲੀਆਂ। ਫਿਰ ਭਾਸ਼ਣਕਾਰ ਨੇ ਭਰੋਸੇ ਨਾਲ ਕਿਹਾ ਕਿ “ਅਸੀਂ ਇਸ ਗੱਲ ਲਈ ਉਤਸੁਕ ਹਾਂ ਕਿ ਭਵਿੱਖ ਵਿਚ ਕੀ ਹੋਵੇਗਾ।” ਫਿਰ ਉਸ ਨੇ ਕਿਹਾ ਕਿ “ਸਾਨੂੰ ਅੰਤ ਤਕ ਤਕੜਾਈ ਨਾਲ ਉਸੇ ਤਰ੍ਹਾਂ ਦੀ ਨਿਹਚਾ ਫੜੀ ਰੱਖਣੀ ਚਾਹੀਦੀ ਹੈ ਜਿਸ ਤਰ੍ਹਾਂ ਦੀ ਅਸੀਂ ਸੱਚਾਈ ਵਿਚ ਪਹਿਲਾਂ ਰੱਖਦੇ ਸੀ!” (ਇਬਰਾਨੀਆਂ 3:14) ਫਿਰ ਇਸ ਤੋਂ ਬਾਅਦ ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹੋ! ਬ੍ਰੋਸ਼ਰ ਰਿਲੀਸ ਕੀਤਾ ਗਿਆ। ਇਸ ਦੁਆਰਾ ਘੱਟ ਪੜ੍ਹੇ-ਲਿਖੇ ਲੋਕ ਯਹੋਵਾਹ ਬਾਰੇ ਗਿਆਨ ਹਾਸਲ ਕਰ ਸਕਣਗੇ।

ਦੂਜਾ ਦਿਨ​—ਪਰਮੇਸ਼ੁਰ ਦੇ ਅਨੋਖੇ ਕੰਮਾਂ ਬਾਰੇ ਦੱਸਦੇ ਰਹੋ

ਦੈਨਿਕ ਪਾਠ ਦੀ ਚਰਚਾ ਤੋਂ ਬਾਅਦ, ਸੰਮੇਲਨ ਦਾ ਦੂਜਾ ਦਿਨ “ਪਰਮੇਸ਼ੁਰ ਦੇ ਬਚਨ ਦੇ ਪ੍ਰਚਾਰਕ” ਭਾਸ਼ਣ-ਲੜੀ ਨਾਲ ਸ਼ੁਰੂ ਹੋਇਆ। ਪਹਿਲੇ ਹਿੱਸੇ ਨੇ ਸਾਡੇ ਵਿਸ਼ਵ-ਵਿਆਪੀ ਪ੍ਰਚਾਰ ਦੇ ਕੰਮ ਵਿਚ ਸਾਡੀ ਕਾਮਯਾਬੀ ਵੱਲ ਧਿਆਨ ਖਿੱਚਿਆ। ਪਰ ਇਸ ਕੰਮ ਵਿਚ ਸਾਡੀ ਸਹਿਣ-ਸ਼ਕਤੀ ਅਜ਼ਮਾਈ ਜਾਂਦੀ ਹੈ ਕਿਉਂਕਿ ਜ਼ਿਆਦਾ ਲੋਕ ਰਾਜ ਸੰਦੇਸ਼ ਨਹੀਂ ਸੁਣਨਾ ਚਾਹੁੰਦੇ ਹਨ। ਕਈਆਂ ਸਾਲਾਂ ਤੋਂ ਪ੍ਰਚਾਰਕਾਂ ਵਜੋਂ ਸੇਵਾ ਕਰਨ ਵਾਲਿਆਂ ਨੇ ਸਮਝਾਇਆ ਕਿ ਉਨ੍ਹਾਂ ਨੇ ਆਪਣੇ ਦਿਲ ਅਤੇ ਦਿਮਾਗ਼ ਮਜ਼ਬੂਤ ਰੱਖ ਕੇ ਪ੍ਰਚਾਰ ਸੇਵਾ ਵਿਚ ਨਿਰਉਤਸ਼ਾਹ ਜਾਂ ਵਿਰੋਧਤਾ ਦਾ ਕਿਵੇਂ ਸਾਮ੍ਹਣਾ ਕੀਤਾ ਅਤੇ ਕਿਵੇਂ ਆਪਣੀ ਖ਼ੁਸ਼ੀ ਨੂੰ ਕਾਇਮ ਰੱਖਿਆ ਹੈ। ਦੂਜੇ ਹਿੱਸੇ ਨੇ ਭੈਣਾਂ-ਭਰਾਵਾਂ ਨੂੰ ਯਾਦ ਦਿਲਾਇਆ ਕਿ ਯਹੋਵਾਹ ਦੇ ਗਵਾਹ ਹਰ ਜਗ੍ਹਾ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਨ ਚਾਹੇ ਘਰ-ਘਰ ਜਾ ਕੇ ਜਾਂ ਹੋਰਨਾਂ ਥਾਵਾਂ ਤੇ। ਅਖ਼ੀਰਲੇ ਹਿੱਸੇ ਵਿਚ ਦਿਖਾਇਆ ਗਿਆ ਸੀ ਕਿ ਕਿਨ੍ਹਾਂ ਤਰੀਕਿਆਂ ਵਿਚ ਸਾਰੇ ਮਸੀਹੀ ਆਪਣੇ ਪ੍ਰਚਾਰ ਦੇ ਕੰਮ ਵਿਚ ਅੱਗੇ ਵੱਧ ਸਕਦੇ ਹਨ। ਭਾਸ਼ਣਕਾਰ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਇਵੇਂ ਕਰਨ ਲਈ ਸਾਨੂੰ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦੇਣੀ ਚਾਹੀਦੀ ਹੈ, ਭਾਵੇਂ ਕਿ ਅਜਿਹਾ ਕਰਨ ਨਾਲ ਸਾਨੂੰ ਦੁੱਖ-ਤਕਲੀਫ਼ਾਂ ਸਹਿਣੀਆਂ ਪੈਣ ਜਾਂ ਆਤਮ-ਤਿਆਗੀ ਹੋਣਾ ਪਵੇ।—ਮੱਤੀ 6:19-21.

ਅਸੀਂ ਅਜਿਹੀ ਅਧਰਮੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਲੋਕ ਧਨ-ਦੌਲਤ ਦਾ ਲਾਲਚ ਕਰਦੇ ਹਨ, ਇਸ ਲਈ “ਸੰਤੋਖ ਨਾਲ ਪਰਮੇਸ਼ੁਰ ਦੀ ਭਗਤੀ ਕਰੋ” ਭਾਸ਼ਣ ਸਮੇਂ ਸਿਰ ਦਿੱਤਾ ਗਿਆ ਸੀ। ਪਹਿਲੇ ਤਿਮੋਥਿਉਸ 6:6-10, 18, 19 ਤੋਂ ਟਿੱਪਣੀਆਂ ਕਰਦੇ ਹੋਏ, ਭਾਸ਼ਣਕਾਰ ਨੇ ਦਿਖਾਇਆ ਕਿ ਭਗਤੀ ਕਰਨ ਨਾਲ ਮਸੀਹੀ ਪੈਸੇ ਦੇ ਲੋਭ ਤੋਂ ਬਚ ਸਕਦੇ ਹਨ, ਜੋ ਕਿ ਉਨ੍ਹਾਂ ਨੂੰ ਕੁਰਾਹੇ ਪਾ ਕੇ ਦੁੱਖ ਲਿਆ ਸਕਦਾ ਹੈ। ਪੈਸਿਆਂ ਦੇ ਸੰਬੰਧ ਵਿਚ ਸਾਡੀ ਹਾਲਤ ਜੋ ਵੀ ਹੋਵੇ, ਸੱਚੀ ਖ਼ੁਸ਼ੀ ਸਿਰਫ਼ ਯਹੋਵਾਹ ਨਾਲ ਸਾਡੇ ਰਿਸ਼ਤੇ ਅਤੇ ਸਾਡੀ ਰੂਹਾਨੀ ਸਿਹਤ ਉੱਤੇ ਆਧਾਰਿਤ ਹੈ। “ਪਰਮੇਸ਼ੁਰ ਨੂੰ ਕਦੇ ਵੀ ਸ਼ਰਮਿੰਦਾ ਨਾ ਕਰੋ” ਭਾਸ਼ਣ ਨੇ ਕਈਆਂ ਉੱਤੇ ਬਹੁਤ ਅਸਰ ਪਾਇਆ। ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਸੀ ਕਿ ਯਹੋਵਾਹ ਆਪਣੇ ਵਫ਼ਾਦਾਰ ਗਵਾਹਾਂ ਨੂੰ ਕਦੇ ਵੀ ਨਹੀਂ ਭੁੱਲਦਾ। ਯਿਸੂ ਮਸੀਹ “ਕੱਲ ਅਤੇ ਅੱਜ ਅਤੇ ਜੁੱਗੋ ਜੁੱਗ ਇੱਕੋ ਜਿਹਾ ਹੈ।” ਕਈਆਂ ਨੂੰ ਉਸ ਦੀ ਵਧੀਆ ਮਿਸਾਲ ਤੋਂ ਹੌਸਲਾ ਮਿਲੇਗਾ ਕਿ ਉਹ ਜ਼ਿੰਦਗੀ ਹਾਸਲ ਕਰਨ ਲਈ ਸਬਰ ਨਾਲ ਦੌੜੀ ਜਾ ਸਕਦੇ ਹਨ।—ਇਬਰਾਨੀਆਂ 13:8.

ਬਪਤਿਸਮੇ ਦੇ ਭਾਸ਼ਣ ਨਾਲ ਸਵੇਰ ਦਾ ਪ੍ਰੋਗ੍ਰਾਮ ਖ਼ਤਮ ਹੋਇਆ। ਯਹੋਵਾਹ ਦੇ ਗਵਾਹਾਂ ਦੇ ਵੱਡੇ ਇਕੱਠਾਂ ਤੇ ਇਹ ਹਮੇਸ਼ਾ ਬਹੁਤ ਖ਼ੁਸ਼ੀ ਦਾ ਮੌਕਾ ਹੁੰਦਾ ਹੈ ਜਦੋਂ ਉਹ ਨਵਿਆਂ ਸਮਰਪਿਤ ਵਿਅਕਤੀਆਂ ਨੂੰ ਯਿਸੂ ਦਿਆਂ ਕਦਮਾਂ ਉੱਤੇ ਚੱਲ ਕੇ ਪਾਣੀ ਵਿਚ ਬਪਤਿਸਮਾ ਲੈਂਦੇ ਦੇਖਦੇ ਹਨ! (ਮੱਤੀ 3:13-17) ਇਹ ਕਦਮ ਚੁੱਕਣ ਵਾਲੇ ਸਾਰਿਆਂ ਜਣਿਆਂ ਨੇ ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲਿਆਂ ਵਜੋਂ ਬਹੁਤ ਕਾਮਯਾਬੀ ਹਾਸਲ ਕੀਤੀ ਹੈ। ਇਸ ਤੋਂ ਇਲਾਵਾ, ਬਪਤਿਸਮਾ ਲੈਣ ਤੋਂ ਬਾਅਦ, ਉਹ ਖ਼ੁਸ਼ ਖ਼ਬਰੀ ਦੇ ਥਾਪੇ ਹੋਏ ਸੇਵਕ ਬਣ ਜਾਂਦੇ ਹਨ। ਉਹ ਇਹ ਜਾਣ ਕੇ ਕਿੰਨੇ ਖ਼ੁਸ਼ ਹੁੰਦੇ ਹਨ ਕਿ ਉਹ ਯਹੋਵਾਹ ਦੇ ਨਾਂ ਨੂੰ ਪਵਿੱਤਰ ਠਹਿਰਾਉਣ ਵਿਚ ਹਿੱਸਾ ਲੈ ਰਹੇ ਹਨ।—ਕਹਾਉਤਾਂ 27:11.

“‘ਭਲੇ ਬੁਰੇ ਦੀ ਜਾਚ ਕਰਨ ਲਈ’ ਸਿਆਣਪੁਣੇ ਦੀ ਜ਼ਰੂਰਤ ਹੈ” ਭਾਸ਼ਣ ਵਿਚ ਸਾਫ਼-ਸਾਫ਼ ਚੇਤਾਵਨੀਆਂ ਦਿੱਤੀਆਂ ਗਈਆਂ ਸਨ। ਅਫ਼ਸੋਸ ਦੀ ਗੱਲ ਹੈ ਕਿ ਭਲੇ-ਬੁਰੇ ਬਾਰੇ ਦੁਨੀਆਂ ਦੇ ਮਿਆਰ ਬਹੁਤ ਹੀ ਘਟੀਆ ਹਨ। ਇਸ ਲਈ ਸਾਨੂੰ ਯਹੋਵਾਹ ਦੇ ਮਿਆਰਾਂ ਉੱਤੇ ਚੱਲਣ ਦੀ ਜ਼ਰੂਰਤ ਹੈ। (ਰੋਮੀਆਂ 12:2) ਸਾਨੂੰ ਪਰਮੇਸ਼ੁਰ ਦੇ ਤੌਰ-ਤਰੀਕਿਆਂ ਦੀ ਸਹੀ-ਸਹੀ ਸਮਝ ਪਾਉਣ ਲਈ ਅਤੇ ਸਿਆਣੇ ਬਣਨ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਫਿਰ ਇਨ੍ਹਾਂ ਉੱਤੇ ਚੱਲਣ ਨਾਲ ਸਾਡੀਆਂ ਗਿਆਨ ਇੰਦਰੀਆਂ “ਭਲੇ ਬੁਰੇ ਦੀ ਜਾਚ ਕਰਨ” ਦੀ ਸਿਖਲਾਈ ਨਾਲ ਸਾਧੀਆਂ ਜਾਣਗੀਆਂ।—ਇਬਰਾਨੀਆਂ 5:11-14.

ਫਿਰ “ਅਧਿਆਤਮਿਕ ਤੌਰ ਤੇ ਮਜ਼ਬੂਤ ਹੋਣ ਲਈ ਸਖ਼ਤ ਮਿਹਨਤ ਕਰੋ” ਭਾਸ਼ਣ-ਲੜੀ ਦਿੱਤੀ ਗਈ। ਸੱਚੇ ਮਸੀਹੀ ਜਾਣਦੇ ਹਨ ਕਿ ਅਧਿਆਤਮਿਕਤਾ ਵਧਾਉਣੀ ਅਤੇ ਬਣਾਈ ਰੱਖਣੀ ਬਹੁਤ ਹੀ ਜ਼ਰੂਰੀ ਹੈ। ਪਰ ਇਸ ਤਰ੍ਹਾਂ ਕਰਨ ਲਈ ਪੜ੍ਹਨ, ਸਟੱਡੀ ਕਰਨ ਅਤੇ ਪੜ੍ਹੀਆਂ ਗਈਆਂ ਗੱਲਾਂ ਉੱਤੇ ਮਨਨ ਕਰਨ ਵਿਚ ਸਖ਼ਤ ਮਿਹਨਤ ਕਰਨ ਦੀ ਲੋੜ ਹੈ। (ਮੱਤੀ 7:13, 14; ਲੂਕਾ 13:24) ਅਧਿਆਤਮਿਕ ਲੋਕ “ਪ੍ਰਾਰਥਨਾ ਅਤੇ ਬੇਨਤੀ” ਵਿਚ ਵੀ ਲੱਗੇ ਰਹਿੰਦੇ ਹਨ। (ਅਫ਼ਸੀਆਂ 6:18) ਸਾਡੀਆਂ ਪ੍ਰਾਰਥਨਾਵਾਂ ਤੋਂ ਪਤਾ ਚੱਲਦਾ ਹੈ ਕਿ ਸਾਡੀ ਨਿਹਚਾ ਕਿੰਨੀ ਕੁ ਮਜ਼ਬੂਤ ਹੈ, ਅਸੀਂ ਯਹੋਵਾਹ ਦੀ ਕਿੰਨੀ ਭਗਤੀ ਕਰਦੇ ਹਾਂ, ਅਸੀਂ ਕਿੰਨੇ ਕੁ ਅਧਿਆਤਮਿਕ ਹਾਂ ਅਤੇ ਅਸੀਂ ਕਿਨ੍ਹਾਂ ਗੱਲਾਂ ਨੂੰ “ਜ਼ਿਆਦਾ ਮਹੱਤਵਪੂਰਣ” ਵਿਚਾਰਦੇ ਹਾਂ। (ਫ਼ਿਲਿੱਪੀਆਂ 1:10; ਨਿ ਵ) ਯਹੋਵਾਹ ਨਾਲ ਇਕ ਨਿੱਘਾ ਤੇ ਪ੍ਰੇਮਮਈ ਰਿਸ਼ਤਾ ਬਣਾਉਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਗਿਆ ਸੀ, ਅਰਥਾਤ ਉਸ ਤਰ੍ਹਾਂ ਦਾ ਰਿਸ਼ਤਾ ਜਿਸ ਤਰ੍ਹਾਂ ਦਾ ਇਕ ਆਗਿਆਕਾਰੀ ਬੱਚੇ ਦਾ ਆਪਣੇ ਪਿਆਰ ਕਰਨ ਵਾਲੇ ਪਿਤਾ ਨਾਲ ਹੁੰਦਾ ਹੈ। ਸਾਨੂੰ ਸਿਰਫ਼ ਇਵੇਂ ਹੀ ਨਹੀਂ ਸੋਚਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਬਾਰੇ ਸੱਚਾਈ ਤਾਂ ਜਾਣਦੇ ਹਾਂ, ਪਰ ਸਾਨੂੰ ਆਪਣੀ ਨਿਹਚਾ ਐਨੀ ਮਜ਼ਬੂਤ ਬਣਾਉਣੀ ਚਾਹੀਦੀ ਹੈ ਕਿ ਅਸੀਂ ਪਰਮੇਸ਼ੁਰ ਨੂੰ ‘ਵੇਖ’ ਸਕੀਏ।—ਇਬਰਾਨੀਆਂ 11:6, 27, ਨਿ ਵ.

ਅਧਿਆਤਮਿਕ ਤਰੱਕੀ ਦੇ ਵਿਸ਼ੇ ਬਾਰੇ “ਆਪਣੀ ਤਰੱਕੀ ਪ੍ਰਗਟ ਕਰੋ” ਭਾਸ਼ਣ ਵਿਚ ਅੱਗੇ ਚਰਚਾ ਕੀਤੀ ਗਈ। ਤਰੱਕੀ ਕਰਨ ਬਾਰੇ ਤਿੰਨ ਗੱਲਾਂ ਕੀਤੀਆਂ ਗਈਆਂ ਸਨ: (1) ਗਿਆਨ, ਸਮਝ, ਅਤੇ ਬੁੱਧ ਵਿਚ ਵਧਣਾ, (2) ਪਰਮੇਸ਼ੁਰ ਦੀ ਆਤਮਾ ਦੇ ਫਲ ਪੈਦਾ ਕਰਨੇ, ਅਤੇ (3) ਪਰਿਵਾਰ ਦੇ ਮੈਂਬਰਾਂ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ।

ਦਿਨ ਦਾ ਅਖ਼ੀਰਲਾ ਭਾਸ਼ਣ ਸੀ “ਪਰਮੇਸ਼ੁਰ ਦੇ ਬਚਨ ਦੇ ਵਧਦੇ ਚਾਨਣ ਵਿਚ ਚੱਲੋ।” ਭੈਣ-ਭਰਾ ਬਹੁਤ ਖ਼ੁਸ਼ ਹੋਏ ਜਦੋਂ ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ ਨਾਂ ਦੀ ਪਹਿਲੀ ਪੁਸਤਕ ਰਿਲੀਸ ਕੀਤੀ ਗਈ ਸੀ। ਇਹ ਦੋ ਪੁਸਤਕਾਂ ਵਿੱਚੋਂ ਪਹਿਲੀ ਪੁਸਤਕ ਹੈ ਜੋ ਯਸਾਯਾਹ ਦੀ ਪੁਸਤਕ ਦੀ ਅਧਿਆਇ-ਬ-ਅਧਿਆਇ ਚਰਚਾ ਕਰਦੀ ਹੈ। ਭਾਸ਼ਣਕਾਰ ਨੇ ਕਿਹਾ ਕਿ “ਯਸਾਯਾਹ ਦੀ ਪੁਸਤਕ ਵਿਚ ਸਾਡੇ ਲਈ ਵੀ ਸੁਨੇਹਾ ਹੈ।” ਫਿਰ ਉਸ ਨੇ ਕਿਹਾ ਕਿ “ਜੀ ਹਾਂ, ਇਸ ਦੀਆਂ ਕਈ ਭਵਿੱਖਬਾਣੀਆਂ ਯਸਾਯਾਹ ਦੇ ਜ਼ਮਾਨੇ ਵਿਚ ਪੂਰੀਆਂ ਹੋਈਆਂ ਸਨ . . . ਪਰ ਯਸਾਯਾਹ ਦੀਆਂ ਕਈ ਭਵਿੱਖਬਾਣੀਆਂ ਅੱਜ ਪੂਰੀਆਂ ਹੋ ਰਹੀਆਂ ਹਨ, ਅਤੇ ਕੁਝ ਪਰਮੇਸ਼ੁਰ ਦੇ ਵਾਅਦਾ ਕੀਤੇ ਗਏ ਨਵੇਂ ਸੰਸਾਰ ਵਿਚ ਪੂਰੀਆਂ ਹੋਣਗੀਆਂ।”

ਤੀਜਾ ਦਿਨ​—ਯਹੋਵਾਹ ਦੇ ਬਚਨ ਉੱਤੇ ਅਮਲ ਕਰਨ ਵਾਲੇ ਬਣੋ

ਸੰਮੇਲਨ ਦਾ ਅਖ਼ੀਰਲਾ ਦਿਨ ਦੈਨਿਕ ਪਾਠ ਦੀ ਚਰਚਾ ਨਾਲ ਸ਼ੁਰੂ ਹੋਇਆ। ਉਸ ਤੋਂ ਬਾਅਦ, “ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਲਿਆਂ ਲਈ ਸਫ਼ਨਯਾਹ ਦੀ ਅਹਿਮ ਭਵਿੱਖਬਾਣੀ” ਭਾਸ਼ਣ-ਲੜੀ ਸ਼ੁਰੂ ਹੋਈ। ਇਸ ਭਾਸ਼ਣ-ਲੜੀ ਦੇ ਤਿੰਨ ਹਿੱਸਿਆਂ ਨੇ ਦਿਖਾਇਆ ਕਿ ਜਿੱਦਾਂ ਯਹੋਵਾਹ ਨੇ ਪਹਿਲਾਂ ਜ਼ਿੱਦੀ ਯਹੂਦਾਹ ਉੱਤੇ ਕਸ਼ਟ ਲਿਆਂਦਾ ਸੀ, ਉਸੇ ਤਰ੍ਹਾਂ ਉਹ ਹੁਣ ਸਾਡੇ ਜ਼ਮਾਨੇ ਵਿਚ ਵੀ ਉਨ੍ਹਾਂ ਲੋਕਾਂ ਉੱਤੇ ਕਸ਼ਟ ਲਿਆਵੇਗਾ ਜੋ ਉਸ ਦੀ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੰਦੇ। ਕਿਉਂਕਿ ਉਹ ਯਹੋਵਾਹ ਦੇ ਖ਼ਿਲਾਫ਼ ਪਾਪ ਕਰਦੇ ਹਨ, ਉਹ ਅੰਨ੍ਹਿਆਂ ਵਾਂਗ ਤੁਰਨਗੇ ਅਤੇ ਕੋਈ ਮੁਕਤੀ ਨਹੀਂ ਪਾਉਣਗੇ। ਸੱਚੇ ਮਸੀਹੀ ਵਫ਼ਾਦਾਰੀ ਨਾਲ ਯਹੋਵਾਹ ਨੂੰ ਭਾਲਦੇ ਰਹਿੰਦੇ ਹਨ, ਅਤੇ ਉਹ ਪਰਮੇਸ਼ੁਰ ਦੇ ਕ੍ਰੋਧ ਦੇ ਦਿਨ ਵਿਚ ਬਿਪਤਾ ਤੋਂ ਲੁਕਾਏ ਜਾਣਗੇ। ਇਸ ਤੋਂ ਇਲਾਵਾ ਉਹ ਹੁਣ ਵੀ ਬਹੁਤ ਸਾਰੀਆਂ ਬਰਕਤਾਂ ਦਾ ਆਨੰਦ ਮਾਣਦੇ ਹਨ। ਉਨ੍ਹਾਂ ਨੂੰ ਬਾਈਬਲ ਦੀ ਸੱਚਾਈ ਦੀ ‘ਪਵਿੱਤਰ ਬੋਲੀ’ ਜਾਂ ਸ਼ੁੱਧ ਬੋਲੀ ਬੋਲਣ ਦਾ ਵਧੀਆ ਮੌਕਾ ਵੀ ਮਿਲਦਾ ਹੈ। (ਸਫ਼ਨਯਾਹ 3:9, ਪਵਿੱਤਰ ਬਾਈਬਲ ਨਵਾਂ ਅਨੁਵਾਦ) ਭਾਸ਼ਣਕਾਰ ਨੇ ਕਿਹਾ ਕਿ “ਇਸ ਤਰ੍ਹਾਂ, ਸ਼ੁੱਧ ਬੋਲੀ ਬੋਲਣ ਵਿਚ ਸਿਰਫ਼ ਸੱਚਾਈ ਤੇ ਵਿਸ਼ਵਾਸ ਕਰ ਕੇ ਦੂਜਿਆਂ ਨੂੰ ਸਿਖਾਉਣਾ ਹੀ ਕਾਫ਼ੀ ਨਹੀਂ ਹੈ, ਸਗੋਂ ਸਾਡਾ ਚਾਲ-ਚੱਲਣ ਪਰਮੇਸ਼ੁਰ ਦੇ ਕਾਇਦੇ-ਕਾਨੂੰਨਾਂ ਮੁਤਾਬਕ ਹੋਣਾ ਚਾਹੀਦਾ ਹੈ।”

ਸੰਮੇਲਨ ਤੇ ਸਾਰੇ ਭੈਣ-ਭਰਾ “ਸਾਨੂੰ ਖ਼ਬਰਦਾਰ ਕਰਨ ਵਾਲੀਆਂ ਮਿਸਾਲਾਂ” ਨਾਂ ਦਾ ਡਰਾਮਾ ਦੇਖਣ ਲਈ ਬੜੇ ਉਤਾਵਲੇ ਸਨ। ਇਸ ਡਰਾਮੇ ਨੂੰ ਪੇਸ਼ ਕਰਨ ਵਾਲੇ ਭੈਣਾਂ-ਭਰਾਵਾਂ ਨੇ ਪੁਰਾਣੇ ਜ਼ਮਾਨੇ ਦੇ ਲੋਕਾਂ ਵਰਗੇ ਕੱਪੜੇ ਪਹਿਨੇ ਸਨ। ਇਸ ਵਿਚ ਦਿਖਾਇਆ ਗਿਆ ਸੀ ਕਿ ਵਾਅਦਾ ਕੀਤੇ ਗਏ ਦੇਸ਼ ਦੇ ਕਿਨਾਰੇ ਤੇ ਆ ਕੇ ਹਜ਼ਾਰਾਂ ਹੀ ਇਸਰਾਏਲੀ ਕਿਵੇਂ ਆਪਣੀਆਂ ਜਾਨਾਂ ਖੋਹ ਬੈਠੇ ਸਨ ਕਿਉਂਕਿ ਉਹ ਯਹੋਵਾਹ ਨੂੰ ਭੁੱਲ ਗਏ ਸਨ। ਉੱਥੇ ਦੀਆਂ ਮੂਰਤੀ-ਪੂਜਕ ਔਰਤਾਂ ਨੇ ਉਨ੍ਹਾਂ ਨੂੰ ਜ਼ਨਾਹ ਕਰਨ ਅਤੇ ਝੂਠੀ ਪੂਜਾ ਕਰਨ ਵਿਚ ਭਰਮਾ ਲਿਆ ਸੀ। ਡਰਾਮੇ ਵਿਚ ਇਕ ਮੁੱਖ ਬੰਦਾ ਯਾਮੀਨ ਪਹਿਲਾਂ-ਪਹਿਲ ਤਾਂ ਮੋਆਬੀ ਔਰਤਾਂ ਦੁਆਰਾ ਖਿੱਚਿਆ ਜਾ ਰਿਹਾ ਸੀ। ਉਹ ਯਹੋਵਾਹ ਦੀ ਭਗਤੀ ਵਿਚ ਦੋ-ਚਿੱਤਾ ਬਣ ਰਿਹਾ ਸੀ। ਜ਼ਿਮਰੀ ਦੇ ਧੋਖੇਬਾਜ਼ ਸੋਚ-ਵਿਚਾਰ ਪੇਸ਼ ਕੀਤੇ ਗਏ ਨਾਲੋਂ-ਨਾਲ ਫ਼ੀਨਹਾਸ ਦੀ ਨਿਹਚਾ ਅਤੇ ਭਗਤੀ ਦਿਖਾਈ ਗਈ। ਇਹ ਵੀ ਚੰਗੀ ਤਰ੍ਹਾਂ ਦਿਖਾਇਆ ਗਿਆ ਕਿ ਉਨ੍ਹਾਂ ਲੋਕਾਂ ਨਾਲ ਮਿਲਣਾ-ਗਿਲਣਾ ਕਿੰਨਾ ਖ਼ਤਰਨਾਕ ਹੈ ਜਿਹੜੇ ਯਹੋਵਾਹ ਨੂੰ ਪਿਆਰ ਨਹੀਂ ਕਰਦੇ।

ਇਸ ਡਰਾਮੇ ਨੇ ਭੈਣਾਂ-ਭਰਾਵਾਂ ਨੂੰ ਅਗਲੇ ਭਾਸ਼ਣ “ਗੱਲ ਸੁਣ ਕੇ ਭੁੱਲਣ ਵਾਲੇ ਨਾ ਬਣੋ” ਲਈ ਤਿਆਰ ਕੀਤਾ। ਪਹਿਲੇ ਕੁਰਿੰਥੀਆਂ 10:1-10 ਦੀ ਚਰਚਾ ਨੇ ਦਿਖਾਇਆ ਕਿ ਯਹੋਵਾਹ ਸਾਡੀ ਆਗਿਆਕਾਰਤਾ ਨੂੰ ਪਰਖਦਾ ਹੈ ਕਿ ਕੀ ਅਸੀਂ ਨਵੇਂ ਸੰਸਾਰ ਵਿਚ ਰਹਿਣ ਦੇ ਯੋਗ ਹਾਂ ਜਾਂ ਨਹੀਂ। ਕਈਆਂ ਲਈ ਸਰੀਰੀ ਕਾਮਨਾਵਾਂ ਉਨ੍ਹਾਂ ਨੂੰ ਰੂਹਾਨੀ ਟੀਚਿਆਂ ਤੋਂ ਹਟਾ ਰਹੀਆਂ ਹਨ ਭਾਵੇਂ ਕਿ ਨਵੇਂ ਸੰਸਾਰ ਵਿਚ ਜਾਣ ਦਾ ਸਮਾਂ ਇੰਨਾ ਨਜ਼ਦੀਕ ਹੈ। ਸਾਰਿਆਂ ਨੂੰ ਹੌਸਲਾ ਦਿੱਤਾ ਗਿਆ ਕਿ ਉਹ ਯਹੋਵਾਹ ਦੇ ‘ਆਰਾਮ ਵਿਚ ਵੜਨ’ ਦਾ ਮੌਕਾ ਨਾ ਖੋਹਣ।—ਇਬਰਾਨੀਆਂ 4:1.

ਪਬਲਿਕ ਭਾਸ਼ਣ ਦਾ ਵਿਸ਼ਾ ਸੀ “ਪਰਮੇਸ਼ੁਰ ਦੇ ਅਚੰਭਿਆਂ ਵੱਲ ਧਿਆਨ ਦਿਓ।” ਜਦੋਂ ਅਸੀਂ ਸ੍ਰਿਸ਼ਟੀ ਵੱਲ ਦੇਖਦੇ ਹਾਂ ਤਾਂ ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਯਹੋਵਾਹ ਪਰਮੇਸ਼ੁਰ ਦੇ ‘ਅਚੰਭੇ’ ਉਸ ਦੀ ਬੁੱਧ ਅਤੇ ਇਖ਼ਤਿਆਰ ਨੂੰ ਪ੍ਰਗਟ ਕਰਦੇ ਹਨ। (ਅੱਯੂਬ 37:14) ਯਹੋਵਾਹ ਵੱਲੋਂ ਕਈ ਮਹੱਤਵਪੂਰਣ ਸਵਾਲਾਂ ਨੇ ਅੱਯੂਬ ਨੂੰ ਦਿਖਾਇਆ ਕਿ ਸਰਬਸ਼ਕਤੀਮਾਨ ਸ੍ਰਿਸ਼ਟੀਕਰਤਾ ਕਿੰਨਾ ਬਲਵਾਨ ਹੈ। ਆਉਣ ਵਾਲੇ ਸਮੇਂ ਵਿਚ ਵੀ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਲਈ ‘ਅਚੰਭੇ’ ਕਰੇਗਾ। ਭਾਸ਼ਣਕਾਰ ਨੇ ਅਖ਼ੀਰ ਵਿਚ ਕਿਹਾ ਕਿ “ਇਹ ਗੱਲ ਸਪੱਸ਼ਟ ਹੈ ਕਿ ਸਾਡੇ ਕੋਲ ਯਹੋਵਾਹ ਦੇ ਅਚੰਭਿਆਂ ਵੱਲ ਧਿਆਨ ਦੇਣ ਦੇ ਬਹੁਤ ਸਾਰੇ ਕਾਰਨ ਹਨ। ਇਨ੍ਹਾਂ ਵਿੱਚੋਂ ਤਿੰਨ ਕਾਰਨ ਇਹ ਹਨ ਕਿ ਉਸ ਨੇ ਬੀਤਿਆਂ ਸਮਿਆਂ ਵਿਚ ਕੀ ਕੀਤਾ ਸੀ, ਉਹ ਅੱਜ ਸਾਡੇ ਆਲੇ ਦੁਆਲੇ ਸ੍ਰਿਸ਼ਟੀ ਵਿਚ ਕੀ ਕਰ ਰਿਹਾ ਹੈ, ਅਤੇ ਉਸ ਨੇ ਭਵਿੱਖ ਵਿਚ ਕੀ ਕਰਨ ਦਾ ਵਾਅਦਾ ਕੀਤਾ ਹੈ।”

ਉਸ ਹਫ਼ਤੇ ਦੇ ਪਹਿਰਾਬੁਰਜ ਦੀ ਸਟੱਡੀ ਤੋਂ ਬਾਅਦ, ਸੰਮੇਲਨ ਦਾ ਆਖ਼ਰੀ ਭਾਸ਼ਣ ਦਿੱਤਾ ਗਿਆ। ਇਸ ਦਾ ਵਿਸ਼ਾ ਸੀ “ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲਿਓ, ਆਪਣੇ ਸਨਮਾਨ ਦੀ ਕਦਰ ਕਰੋ।” ਜੋਸ਼ ਨਾਲ ਦਿੱਤੇ ਗਏ ਇਸ ਭਾਸ਼ਣ ਨੇ ਦਿਖਾਇਆ ਕਿ ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ ਹੋਣਾ ਕਿੰਨਾ ਵੱਡਾ ਸਨਮਾਨ ਹੈ। (ਯਾਕੂਬ 1:22) ਸਾਰਿਆਂ ਨੂੰ ਯਾਦ ਦਿਲਾਇਆ ਗਿਆ ਸੀ ਕਿ ਇਹ ਸਨਮਾਨ ਅਨੋਖਾ ਹੈ, ਅਤੇ ਜਿੰਨਾ ਜ਼ਿਆਦਾ ਸਮਾਂ ਅਸੀਂ ਸੱਚਾਈ ਵਿਚ ਰਹਿੰਦੇ ਹਾਂ, ਇਸ ਸਨਮਾਨ ਲਈ ਉੱਨੀ ਹੀ ਜ਼ਿਆਦਾ ਸਾਡੀ ਕਦਰ ਵਧਦੀ ਹੈ। ਸਾਰਿਆਂ ਨੂੰ ਹੌਸਲਾ ਦਿੱਤਾ ਗਿਆ ਸੀ ਕਿ ਉਹ ਇਸ ਜ਼ਿਲ੍ਹਾ ਸੰਮੇਲਨ ਦੇ ਫ਼ਾਇਦੇਮੰਦ ਪ੍ਰੋਗ੍ਰਾਮ ਬਾਰੇ ਸੋਚਣ ਅਤੇ ਪਰਮੇਸ਼ੁਰ ਦੇ ਬਚਨ ਉੱਤੇ ਹੋਰ ਵੀ ਅਮਲ ਕਰਨ ਵਾਲੇ ਬਣਨ ਦੀ ਇੱਛਾ ਰੱਖਣ। ਸਭ ਤੋਂ ਜ਼ਿਆਦਾ ਖ਼ੁਸ਼ ਰਹਿਣ ਦਾ ਇਹੀ ਤਰੀਕਾ ਹੈ!

[ਸਫ਼ੇ 25 ਉੱਤੇ ਡੱਬੀ/ਤਸਵੀਰ]

ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹੋ!

ਸ਼ੁੱਕਰਵਾਰ ਦੁਪਹਿਰ ਨੂੰ ਇਕ ਨਵਾਂ ਬ੍ਰੋਸ਼ਰ ਰਿਲੀਸ ਕੀਤਾ ਗਿਆ ਸੀ ਜਿਸ ਦਾ ਨਾਂ ਹੈ ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹੋ! ਸੰਸਾਰ ਦੇ ਕਈਆਂ ਹਿੱਸਿਆਂ ਵਿਚ ਸੌਖੀ ਤਰ੍ਹਾਂ ਬਾਈਬਲ ਦੀ ਸਿੱਖਿਆ ਦੇਣ ਦੀ ਬਹੁਤ ਜ਼ਰੂਰਤ ਹੈ। ਇਹ ਬ੍ਰੋਸ਼ਰ ਇਸ ਜ਼ਰੂਰਤ ਨੂੰ ਪੂਰਾ ਕਰੇਗਾ। ਇਸ ਤੋਂ ਉਨ੍ਹਾਂ ਲੋਕਾਂ ਨੂੰ ਬਹੁਤ ਫ਼ਾਇਦਾ ਮਿਲੇਗਾ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਨਾ ਆਉਂਦਾ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਵੀ ਫ਼ਾਇਦਾ ਮਿਲੇਗਾ ਜੋ ਘੱਟ ਪੜ੍ਹੇ-ਲਿਖੇ ਹਨ।

[ਸਫ਼ੇ 26 ਉੱਤੇ ਡੱਬੀ/ਤਸਵੀਰਾਂ]

ਯਸਾਯਾਹ ਦੀ ਭਵਿੱਖਬਾਣੀ​—ਸਾਰੀ ਮਨੁੱਖਜਾਤੀ ਲਈ ਚਾਨਣ

ਜਦੋਂ ਸੰਮੇਲਨ ਤੇ ਹਾਜ਼ਰ ਭੈਣ-ਭਰਾਵਾਂ ਨੂੰ ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤ ਲਈ ਚਾਨਣ ਦੀਆਂ ਦੋ ਪੁਸਤਕਾਂ ਵਿੱਚੋਂ ਪਹਿਲੀ ਪੁਸਤਕ ਮਿਲੀ, ਤਾਂ ਉਹ ਬਹੁਤ ਹੀ ਖ਼ੁਸ਼ ਹੋਏ। ਇਸ ਪੁਸਤਕ ਵਿਚ ਦੱਸਿਆ ਗਿਆ ਹੈ ਕਿ ਯਸਾਯਾਹ ਦੀ ਭਵਿੱਖਬਾਣੀ ਸਾਡੇ ਸਮੇਂ ਲਈ ਕਿੰਨੀ ਲਾਭਦਾਇਕ ਹੈ।