‘ਤੇਰੀ ਨਾਭੀ ਨਿਰੋਗ ਰਹੇਗੀ’
‘ਤੇਰੀ ਨਾਭੀ ਨਿਰੋਗ ਰਹੇਗੀ’
ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਨਸਾਨਾਂ ਦੀਆਂ ਜ਼ਿਆਦਾਤਰ ਬੀਮਾਰੀਆਂ ਦਾ ਕਾਰਨ ਡਰ, ਗਮ, ਈਰਖਾ, ਨਾਰਾਜ਼ਗੀ, ਨਫ਼ਰਤ ਅਤੇ ਦੋਸ਼-ਭਾਵਨਾ ਵਰਗੇ ਜਜ਼ਬਾਤੀ ਦਬਾਅ ਹੁੰਦੇ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ, ਬਾਈਬਲ ਦੇ ਇਹ ਸ਼ਬਦ ਕਿੰਨੇ ਤਸੱਲੀ ਦਿੰਦੇ ਹਨ ਕਿ ‘ਯਹੋਵਾਹ ਦੇ ਭੈ’ ਨਾਲ “ਤੇਰੀ ਨਾਭੀ ਨਿਰੋਗ, ਅਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ”!—ਕਹਾਉਤਾਂ 3:7, 8.
ਹੱਡੀਆਂ ਦਾ ਢਾਂਚਾ ਸਰੀਰ ਨੂੰ ਆਕਾਰ ਦਿੰਦਾ ਹੈ। ਇਸ ਲਈ, ਜਦੋਂ ਇਕ ਵਿਅਕਤੀ ਗਹਿਰੀਆਂ ਭਾਵਨਾਵਾਂ ਤੇ ਜਜ਼ਬਾਤਾਂ ਵਿਚ ਹੁੰਦਾ ਹੈ, ਤਾਂ ਬਾਈਬਲ ਉਸ ਵੇਲੇ ਉਸ ਵਿਅਕਤੀ ਨੂੰ ਦਰਸਾਉਣ ਲਈ ਲਾਖਣਿਕ ਤੌਰ ਤੇ “ਹੱਡੀਆਂ” ਸ਼ਬਦ ਵਰਤਦੀ ਹੈ। ਪਰ ਯਹੋਵਾਹ ਦਾ ਭੈ ਕਿੱਦਾਂ ‘ਨਾਭੀ ਨੂੰ ਨਿਰੋਗ’ ਰੱਖ ਸਕਦਾ ਹੈ?
ਇਸ ਆਇਤ ਵਿਚ “ਨਾਭੀ” ਸ਼ਬਦ ਬਾਰੇ ਬਾਈਬਲ ਵਿਦਵਾਨਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਇਕ ਵਿਆਖਿਆਕਾਰ ਕਹਿੰਦਾ ਹੈ ਕਿ ਇਹ “ਸਰੀਰ ਦੇ ਬਿਲਕੁਲ ਕੇਂਦਰ” ਵਿਚ ਹੈ, ਇਸ ਲਈ “ਨਾਭੀ” ਸਾਰੇ ਜ਼ਰੂਰੀ ਅੰਗਾਂ ਨੂੰ ਦਰਸਾਉਂਦੀ ਹੈ। ਇਕ ਹੋਰ ਵਿਦਵਾਨ ਕਹਿੰਦਾ ਹੈ ਕਿ “ਨਾਭੀ” ਸ਼ਬਦ ਦਾ ਮਤਲਬ ਸ਼ਾਇਦ ਨਾੜੂ ਹੈ ਜਿਵੇਂ ਹਿਜ਼ਕੀਏਲ 16:4 ਵਿਚ ਦੱਸਿਆ ਗਿਆ ਹੈ। ਜੇ ਇੰਜ ਹੈ, ਤਾਂ ਕਹਾਉਤਾਂ 3:8 ਸ਼ਾਇਦ ਪਰਮੇਸ਼ੁਰ ਉੱਤੇ ਸਾਡੀ ਪੂਰੀ ਤਰ੍ਹਾਂ ਨਿਰਭਰ ਹੋਣ ਦੀ ਲੋੜ ਉੱਤੇ ਜ਼ੋਰ ਦੇ ਰਿਹਾ ਹੈ ਜਿਵੇਂ ਕੁੱਖ ਵਿਚ ਇਕ ਅਣਜੰਮਿਆ ਬੱਚਾ ਵਧਣ-ਫੁੱਲਣ ਲਈ ਪੂਰੀ ਤਰ੍ਹਾਂ ਆਪਣੀ ਮਾਂ ਉੱਤੇ ਨਿਰਭਰ ਹੁੰਦਾ ਹੈ। ਇਕ ਹੋਰ ਵਿਚਾਰ ਇਹ ਹੈ ਕਿ “ਨਾਭੀ” ਸ਼ਾਇਦ ਸਰੀਰ ਦੀਆਂ ਮਾਸ-ਪੇਸ਼ੀਆਂ ਤੇ ਨਸਾਂ ਨੂੰ ਦਰਸਾਉਂਦੀ ਹੈ। ਇਸ ਆਇਤ ਵਿਚ ਸ਼ਾਇਦ ਇਨ੍ਹਾਂ ਕੋਮਲ ਅੰਗਾਂ ਦੀ ਤੁਲਨਾ ਸਰੀਰ ਦੇ ਠੋਸ ਅੰਗ “ਹੱਡੀਆਂ” ਨਾਲ ਕੀਤੀ ਗਈ ਹੈ।
ਇਸ ਦਾ ਸਹੀ ਅਰਥ ਭਾਵੇਂ ਜੋ ਮਰਜ਼ੀ ਹੋਵੇ, ਪਰ ਇਕ ਗੱਲ ਪੱਕੀ ਹੈ: ਯਹੋਵਾਹ ਦਾ ਸ਼ਰਧਾਮਈ ਡਰ ਰੱਖਣਾ ਬੜੀ ਬੁੱਧੀਮਾਨੀ ਦੀ ਗੱਲ ਹੈ। ਜੇ ਅਸੀਂ ਹੁਣ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਾਂਗੇ, ਤਾਂ ਸਾਡੀ ਸਿਹਤ ਨਰੋਈ ਰਹਿ ਸਕਦੀ ਹੈ। ਇਹੀ ਨਹੀਂ ਸਗੋਂ ਇੰਜ ਕਰਨ ਨਾਲ ਅਸੀਂ ਯਹੋਵਾਹ ਦੀ ਮਿਹਰ ਹਾਸਲ ਕਰ ਸਕਦੇ ਹਾਂ ਜਿਸ ਨਾਲ ਉਸ ਦੀ ਆਉਣ ਵਾਲੀ ਨਵੀਂ ਦੁਨੀਆਂ ਵਿਚ ਸਾਨੂੰ ਸਰੀਰਕ ਤੇ ਭਾਵਾਤਮਕ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਸਿਹਤ ਦੇ ਨਾਲ-ਨਾਲ ਸਦਾ ਦੀ ਜ਼ਿੰਦਗੀ ਮਿਲ ਸਕਦੀ ਹੈ।—ਯਸਾਯਾਹ 33:24; ਪਰਕਾਸ਼ ਦੀ ਪੋਥੀ 21:4; 22:2.
[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Dr. G. Moscoso/SPL/Photo Researchers