Skip to content

Skip to table of contents

ਲਾਤਵੀਆ ਦੇ ਲੋਕ ਖ਼ੁਸ਼ ਖ਼ਬਰੀ ਸੁਣ ਰਹੇ ਹਨ

ਲਾਤਵੀਆ ਦੇ ਲੋਕ ਖ਼ੁਸ਼ ਖ਼ਬਰੀ ਸੁਣ ਰਹੇ ਹਨ

ਰਾਜ ਘੋਸ਼ਕ ਰਿਪੋਰਟ ਕਰਦੇ ਹਨ

ਲਾਤਵੀਆ ਦੇ ਲੋਕ ਖ਼ੁਸ਼ ਖ਼ਬਰੀ ਸੁਣ ਰਹੇ ਹਨ

ਬਾਈਬਲ ਸਾਫ਼ ਦੱਸਦੀ ਹੈ ਕਿ ਇਹ ਪਰਮੇਸ਼ੁਰ ਦੀ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਜੋ ਲੋਕ ਕਈ ਸਾਲਾਂ ਤੋਂ ਖ਼ੁਸ਼ ਖ਼ਬਰੀ ਸੁਣਨ ਤੋਂ ਇਨਕਾਰ ਕਰ ਰਹੇ ਸਨ, ਹੁਣ ਉਹ ਇਸ ਨੂੰ ਸੁਣ ਰਹੇ ਹਨ! ਦੁਨੀਆਂ ਦੇ ਦੂਜੇ ਹਿੱਸਿਆਂ ਵਾਂਗ ਲਾਤਵੀਆ ਵਿਚ ਵੀ ਹਰ ਉਮਰ ਦੇ ਤੇ ਵੱਖੋ-ਵੱਖਰੇ ਪਿਛੋਕੜਾਂ ਦੇ ਲੋਕ ਖ਼ੁਸ਼ ਖ਼ਬਰੀ ਸੁਣ ਰਹੇ ਹਨ। ਇਸ ਦਾ ਪਤਾ ਸਾਨੂੰ ਥੱਲੇ ਦਿੱਤੇ ਤਜਰਬਿਆਂ ਤੋਂ ਲੱਗਦਾ ਹੈ।

• ਲਾਤਵੀਆ ਦੇ ਪੂਰਬੀ ਕਸਬੇ ਰਿਜ਼ੈੱਕਨੀ ਵਿਚ ਇਕ ਮਾਂ ਤੇ ਉਸ ਦੀ ਕਿਸ਼ੋਰ ਧੀ ਨੇ ਇਕ ਤੀਵੀਂ ਕੋਲੋਂ ਰਾਹ ਪੁੱਛਿਆ। ਇਹ ਤੀਵੀਂ ਯਹੋਵਾਹ ਦੀ ਇਕ ਗਵਾਹ ਸੀ। ਰਾਹ ਦੱਸਣ ਤੋਂ ਬਾਅਦ ਇਸ ਤੀਵੀਂ ਨੇ ਉਨ੍ਹਾਂ ਨੂੰ ਗਵਾਹਾਂ ਦੀਆਂ ਸਭਾਵਾਂ ਵਿਚ ਆਉਣ ਦਾ ਸੱਦਾ ਦਿੱਤਾ।

ਧਾਰਮਿਕ ਸੁਭਾਅ ਦੀਆਂ ਹੋਣ ਕਰਕੇ ਦੋਵੇਂ ਮਾਂ-ਧੀ ਨੇ ਸਭਾ ਵਿਚ ਜਾਣ ਦਾ ਫ਼ੈਸਲਾ ਕਰ ਲਿਆ। ਰਸਤੇ ਵਿਚ ਉਨ੍ਹਾਂ ਨੇ ਸਲਾਹ-ਮਸ਼ਵਰਾ ਕੀਤਾ ਕਿ ਜੇ ਸਭਾ ਵਿਚ ਉਨ੍ਹਾਂ ਨੂੰ ਕੁਝ ਗ਼ਲਤ-ਮਲਤ ਲੱਗਾ, ਤਾਂ ਉਹ ਉਸੇ ਵੇਲੇ ਸਭਾ ਛੱਡ ਕੇ ਵਾਪਸ ਆ ਜਾਣਗੀਆਂ। ਪਰ ਉਨ੍ਹਾਂ ਨੂੰ ਸਭਾ ਐਨੀ ਵਧੀਆ ਲੱਗੀ ਕਿ ਵਾਪਸ ਜਾਣ ਦਾ ਖ਼ਿਆਲ ਤਕ ਵੀ ਉਨ੍ਹਾਂ ਦੇ ਮਨ ਵਿਚ ਨਹੀਂ ਆਇਆ। ਉਹ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋ ਗਈਆਂ ਤੇ ਉਨ੍ਹਾਂ ਨੇ ਸਭਾਵਾਂ ਵਿਚ ਬਾਕਾਇਦਾ ਆਉਣਾ ਸ਼ੁਰੂ ਕਰ ਦਿੱਤਾ। ਸਿਰਫ਼ ਤਿੰਨ ਮਹੀਨਿਆਂ ਵਿਚ ਹੀ ਉਨ੍ਹਾਂ ਨੇ ਪ੍ਰਚਾਰ ਵਿਚ ਜਾਣ ਦੀ ਇੱਛਾ ਜ਼ਾਹਰ ਕੀਤੀ ਤੇ ਹੁਣ ਉਹ ਬਪਤਿਸਮਾ ਲੈਣ ਦੀ ਉਡੀਕ ਕਰ ਰਹੀਆਂ ਹਨ।

• ਲਾਤਵੀਆ ਦੇ ਇਕ ਪੱਛਮੀ ਸ਼ਹਿਰ ਵਿਖੇ ਇਕ ਗਵਾਹ 85 ਸਾਲਾਂ ਦੀ ਤੀਵੀਂ ਆਨਾ ਨੂੰ ਮਿਲਿਆ ਜਿਸ ਨੇ ਡੂੰਘੀ ਦਿਲਚਸਪੀ ਦਿਖਾਈ ਤੇ ਬਾਈਬਲ ਸਟੱਡੀ ਕਰਨ ਲਈ ਮੰਨ ਗਈ। ਉਸ ਦੀ ਧੀ ਤੇ ਪਰਿਵਾਰ ਦੇ ਦੂਜੇ ਮੈਂਬਰਾਂ ਨੇ ਉਸ ਦਾ ਸਖ਼ਤ ਵਿਰੋਧ ਕੀਤਾ। ਪਰ ਆਨਾ ਨੂੰ ਕਿਸੇ ਵੀ ਤਰ੍ਹਾਂ ਦਾ ਵਿਰੋਧ ਜਾਂ ਉਸ ਦਾ ਬੁਢਾਪਾ ਤੇ ਕਮਜ਼ੋਰ ਸਿਹਤ ਉਸ ਨੂੰ ਬਾਈਬਲ ਸਟੱਡੀ ਜਾਰੀ ਰੱਖਣ ਤੋਂ ਨਾ ਰੋਕ ਸਕੀ।

ਇਕ ਦਿਨ ਆਨਾ ਨੇ ਆਪਣੀ ਧੀ ਨੂੰ ਦੱਸਿਆ ਕਿ ਉਹ ਬਪਤਿਸਮਾ ਲੈਣ ਜਾ ਰਹੀ ਹੈ। ਆਨਾ ਦੀ ਧੀ ਨੇ ਜਵਾਬ ਦਿੱਤਾ: “ਜੇ ਤੁਸੀਂ ਬਪਤਿਸਮਾ ਲਿਆ, ਤਾਂ ਮੈਂ ਤੁਹਾਨੂੰ ਨਰਸਿੰਗ ਹੋਮ ਵਿਚ ਭੇਜ ਦੇਵਾਂਗੀ। ਇਹ ਧਮਕੀ ਵੀ ਆਨਾ ਨੂੰ ਰੋਕ ਨਾ ਸਕੀ। ਕਮਜ਼ੋਰ ਸਿਹਤ ਹੋਣ ਕਰਕੇ ਆਨਾ ਨੂੰ ਉਸ ਦੇ ਘਰ ਵਿਚ ਹੀ ਬਪਤਿਸਮਾ ਦਿੱਤਾ ਗਿਆ।

ਆਨਾ ਦੀ ਧੀ ਤੇ ਇਸ ਦਾ ਕੀ ਅਸਰ ਹੋਇਆ? ਉਸ ਦਾ ਰਵੱਈਆ ਬਦਲ ਗਿਆ ਤੇ ਉਸ ਨੇ ਆਪਣੀ ਮੰਮੀ ਦੇ ਬਪਤਿਸਮੇ ਤੋਂ ਬਾਅਦ ਉਸ ਲਈ ਲਜ਼ੀਜ਼ ਖਾਣਾ ਬਣਾਇਆ। ਉਸ ਨੇ ਆਪਣੀ ਮੰਮੀ ਨੂੰ ਪੁੱਛਿਆ: “ਬਪਤਿਸਮਾ ਲੈਣ ਤੋਂ ਬਾਅਦ ਤੁਹਾਨੂੰ ਕਿੱਦਾਂ ਲੱਗਦਾ ਹੈ?” ਆਨਾ ਨੇ ਜਵਾਬ ਦਿੱਤਾ: “ਮੈਨੂੰ ਇੰਜ ਲੱਗਦਾ ਹੈ ਜਿਵੇਂ ਮੇਰਾ ਨਵਾਂ ਜਨਮ ਹੋਇਆ ਹੋਵੇ!”

• ਦਸੰਬਰ 1998 ਨੂੰ ਸਾਬਕਾ ਸੋਵੀਅਤ ਸੰਘ ਵਿਚ ਦੋ ਭੈਣਾਂ ਇਕ ਰਿਟਾਇਰ ਫ਼ੌਜੀ ਅਫ਼ਸਰ ਨੂੰ ਮਿਲੀਆਂ। ਇਹ ਫ਼ੌਜੀ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਦਾ ਸੀ, ਇਸ ਲਈ ਉਹ ਬਾਈਬਲ ਸਟੱਡੀ ਲਈ ਮੰਨ ਗਿਆ ਤੇ ਬਾਅਦ ਵਿਚ ਉਸ ਦੀ ਪਤਨੀ ਵੀ ਸਟੱਡੀ ਕਰਨ ਲੱਗ ਪਈ। ਉਨ੍ਹਾਂ ਨੇ ਤੇਜ਼ੀ ਨਾਲ ਤਰੱਕੀ ਕੀਤੀ ਤੇ ਛੇਤੀ ਹੀ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣ ਗਏ। ਅਗਲੀਆਂ ਗਰਮੀਆਂ ਵਿਚ ਉਸ ਸਾਬਕਾ ਅਫ਼ਸਰ ਨੇ ਬਪਤਿਸਮਾ ਲੈ ਲਿਆ। ਅਧਿਆਤਮਿਕ ਗੱਲਾਂ ਲਈ ਇਸ ਜੋੜੇ ਦਾ ਇੰਨਾ ਜ਼ਿਆਦਾ ਪਿਆਰ ਦੇਖ ਕੇ ਸਾਰੀ ਕਲੀਸਿਯਾ ਦੀ ਹੌਸਲਾ-ਅਫ਼ਜ਼ਾਈ ਹੁੰਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਉਸੇ ਸ਼ਹਿਰ ਦੇ ਇਕ ਮਕਾਨ ਨੂੰ ਇਕ ਸੋਹਣੇ ਕਿੰਗਡਮ ਹਾਲ ਵਿਚ ਬਦਲਣ ਦੇ ਕੰਮ ਵਿਚ ਵੀ ਮਦਦ ਕੀਤੀ।