Skip to content

Skip to table of contents

ਯਹੋਵਾਹ ਦਾ ਨਿਆਂ ਦਾ ਦਿਨ ਨੇੜੇ ਹੈ!

ਯਹੋਵਾਹ ਦਾ ਨਿਆਂ ਦਾ ਦਿਨ ਨੇੜੇ ਹੈ!

ਯਹੋਵਾਹ ਦਾ ਨਿਆਂ ਦਾ ਦਿਨ ਨੇੜੇ ਹੈ!

“ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ।”​—ਸਫ਼ਨਯਾਹ 1:14.

1. ਸਫ਼ਨਯਾਹ ਰਾਹੀਂ ਪਰਮੇਸ਼ੁਰ ਨੇ ਕਿਹੜੀ ਚੇਤਾਵਨੀ ਦਿੱਤੀ ਸੀ?

ਯਹੋਵਾਹ ਪਰਮੇਸ਼ੁਰ ਬੁਰੇ ਲੋਕਾਂ ਦੇ ਖ਼ਿਲਾਫ਼ ਬਹੁਤ ਜਲਦੀ ਕੁਝ ਕਰਨ ਵਾਲਾ ਸੀ। ਧਿਆਨ ਨਾਲ ਉਸ ਦੀ ਚੇਤਾਵਨੀ ਸੁਣੋ: ‘ਮੈਂ ਆਦਮੀ ਨੂੰ ਮਿਟਾ ਦਿਆਂਗਾ ਅਤੇ ਉਸ ਨੂੰ ਜ਼ਮੀਨ ਦੇ ਉੱਤੋਂ ਕੱਟ ਸੁੱਟਾਂਗਾ।’ (ਸਫ਼ਨਯਾਹ 1:3) ਸਰਬਸੱਤਾਵਾਨ ਪਰਮੇਸ਼ੁਰ ਯਹੋਵਾਹ ਨੇ ਇਹ ਲਫ਼ਜ਼ ਸਫ਼ਨਯਾਹ ਨਬੀ ਰਾਹੀਂ ਕਹੇ ਸਨ। ਸਫ਼ਨਯਾਹ ਸ਼ਾਇਦ ਰਾਜਾ ਹਿਜ਼ਕੀਯਾਹ ਦੇ ਮੁੰਡੇ ਅਮਰਯਾਹ ਦਾ ਪੜਪੋਤਾ ਸੀ। ਇਹ ਚੇਤਾਵਨੀ ਰਾਜਾ ਯੋਸੀਯਾਹ ਦੇ ਦਿਨਾਂ ਵਿਚ ਦਿੱਤੀ ਗਈ ਸੀ ਅਤੇ ਯਹੂਦਾਹ ਦੇ ਦੇਸ਼ ਦੇ ਦੁਸ਼ਟ ਲੋਕਾਂ ਲਈ ਇਹ ਚੰਗੀ ਖ਼ਬਰ ਨਹੀਂ ਸੀ।

2. ਯੋਸੀਯਾਹ ਦੀ ਕਾਰਵਾਈ ਨੇ ਯਹੋਵਾਹ ਦੇ ਨਿਆਂ ਦੇ ਦਿਨ ਨੂੰ ਕਿਉਂ ਨਹੀਂ ਰੋਕਿਆ?

2 ਸਫ਼ਨਯਾਹ ਦੀ ਭਵਿੱਖਬਾਣੀ ਨੇ ਨੌਜਵਾਨ ਯੋਸੀਯਾਹ ਨੂੰ ਯਹੂਦਾਹ ਵਿਚ ਕੀਤੀ ਜਾ ਰਹੀ ਝੂਠੀ ਪੂਜਾ ਨੂੰ ਬੰਦ ਕਰਵਾਉਣ ਲਈ ਉਤਸ਼ਾਹਿਤ ਕੀਤਾ ਹੋਵੇਗਾ। ਪਰ ਰਾਜੇ ਨੇ ਭਾਵੇਂ ਦੇਸ਼ ਵਿੱਚੋਂ ਝੂਠੀ ਪੂਜਾ ਬੰਦ ਕਰਵਾ ਦਿੱਤੀ ਸੀ, ਉਹ ਲੋਕਾਂ ਵਿੱਚੋਂ ਬੁਰਾਈ ਨੂੰ ਪੂਰੀ ਤਰ੍ਹਾਂ ਖ਼ਤਮ ਨਾ ਕਰ ਸਕਿਆ ਅਤੇ ਨਾ ਹੀ ਉਹ ਆਪਣੇ ਦਾਦੇ, ਰਾਜਾ ਮਨੱਸ਼ਹ ਦੇ ਪਾਪਾਂ ਦਾ ਪ੍ਰਾਸ਼ਚਿਤ ਕਰ ਸਕਿਆ ਜਿਸ ਨੇ “ਬੇਦੋਸ਼ਿਆਂ ਦੇ ਲਹੂ ਨਾਲ ਯਰੂਸ਼ਲਮ ਨੂੰ ਭਰ” ਦਿੱਤਾ ਸੀ। (2 ਰਾਜਿਆਂ 24:3, 4; 2 ਇਤਹਾਸ 34:3) ਇਸ ਲਈ, ਉਸ ਸਮੇਂ ਯਹੋਵਾਹ ਦਾ ਨਿਆਂ ਦਾ ਦਿਨ ਆਉਣਾ ਹੀ ਸੀ।

3. ਅਸੀਂ ਕਿਸ ਤਰ੍ਹਾਂ ਨਿਸ਼ਚਿਤ ਹੋ ਸਕਦੇ ਹਾਂ ਕਿ “ਯਹੋਵਾਹ ਦੇ ਕ੍ਰੋਧ ਦੇ ਦਿਨ” ਵਿੱਚੋਂ ਬਚ ਕੇ ਨਿਕਲਣਾ ਮੁਮਕਿਨ ਹੈ?

3 ਪਰ ਉਸ ਭੈ-ਦਾਇਕ ਦਿਨ ਤੋਂ ਲੋਕ ਬਚ ਸਕਦੇ ਸਨ। ਇਸ ਲਈ ਪਰਮੇਸ਼ੁਰ ਦੇ ਨਬੀ ਨੇ ਲੋਕਾਂ ਨੂੰ ਕਿਹਾ: “ਇਸ ਤੋਂ ਪਹਿਲਾਂ ਕਿ ਹੁਕਮ ਕਾਇਮ ਹੋਵੇ, ਅਤੇ ਦਿਨ ਤੂੜੀ ਵਾਂਙੁ ਲੰਘ ਜਾਵੇ,—ਏਸ ਤੋਂ ਪਹਿਲਾਂ ਕਿ ਯਹੋਵਾਹ ਦਾ ਤੱਤਾ ਕ੍ਰੋਧ ਤੁਹਾਡੇ ਉੱਤੇ ਆਵੇ, ਏਸ ਤੋਂ ਪਹਿਲਾਂ ਕਿ ਯਹੋਵਾਹ ਦੇ ਕ੍ਰੋਧ ਦਾ ਦਿਨ ਤੁਹਾਡੇ ਉੱਤੇ ਆਵੇ! ਤੁਸੀਂ ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ, ਜਿਨ੍ਹਾਂ ਨੇ ਉਹ ਦੇ ਫ਼ਰਮਾਨਾਂ ਨੂੰ ਮੰਨਿਆ ਹੈ, ਧਰਮ ਨੂੰ ਭਾਲੋ, ਮਸਕੀਨੀ ਨੂੰ ਭਾਲੋ, ਸ਼ਾਇਤ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁੱਕੇ ਰਹੋਗੇ!” (ਸਫ਼ਨਯਾਹ 2:2, 3) ਜੀ ਹਾਂ, ਯਹੋਵਾਹ ਦੇ ਨਿਆਂ ਦੇ ਦਿਨ ਵਿੱਚੋਂ ਅਸੀਂ ਵੀ ਬਚ ਕੇ ਨਿਕਲ ਸਕਦੇ ਹਾਂ। ਇਸ ਗੱਲ ਨੂੰ ਮਨ ਵਿਚ ਰੱਖਦੇ ਹੋਏ, ਆਓ ਆਪਾਂ ਬਾਈਬਲ ਵਿਚ ਸਫ਼ਨਯਾਹ ਦੀ ਕਿਤਾਬ ਦੀ ਇਕ-ਇਕ ਆਇਤ ਉੱਤੇ ਗੌਰ ਕਰੀਏ। ਇਹ ਕਿਤਾਬ 648 ਸਾ.ਯੁ.ਪੂ. ਤੋਂ ਪਹਿਲਾਂ ਯਹੂਦਾਹ ਵਿਚ ਲਿਖੀ ਗਈ ਸੀ। ਅਤੇ ਇਹ ਪਰਮੇਸ਼ੁਰ ਦੇ “ਅਗੰਮ ਵਾਕ” ਦਾ ਇਕ ਹਿੱਸਾ ਹੈ ਜਿਸ ਉੱਤੇ ਸਾਨੂੰ ਪੂਰੇ ਦਿਲ ਨਾਲ ਗੌਰ ਕਰਨਾ ਚਾਹੀਦਾ ਹੈ।​—2 ਪਤਰਸ 1:19.

ਯਹੋਵਾਹ ਹੱਥ ਚੁੱਕਦਾ ਹੈ

4, 5. ਸਫ਼ਨਯਾਹ 1:1-3 ਦੀ ਪੂਰਤੀ ਯਹੂਦਾਹ ਦੇ ਬੁਰੇ ਲੋਕਾਂ ਉੱਤੇ ਕਿਸ ਤਰ੍ਹਾਂ ਹੋਈ ਸੀ?

4 ਸਫ਼ਨਯਾਹ ਨੂੰ ਦੱਸੀ ਗਈ “ਯਹੋਵਾਹ ਦੀ ਬਾਣੀ” ਉਸ ਚੇਤਾਵਨੀ ਨਾਲ ਸ਼ੁਰੂ ਹੁੰਦੀ ਹੈ ਜੋ ਉੱਪਰ ਦਰਜ ਹੈ। ਪਰਮੇਸ਼ੁਰ ਨੇ ਐਲਾਨ ਕੀਤਾ: “ਮੈਂ ਜ਼ਮੀਨ ਦੇ ਉੱਤੋਂ ਸਭ ਕੁਝ ਉੱਕਾ ਹੀ ਮਿਟਾ ਦਿਆਂਗਾ, ਯਹੋਵਾਹ ਦਾ ਵਾਕ ਹੈ। ਮੈਂ ਆਦਮੀ ਅਤੇ ਡੰਗਰ ਨੂੰ ਮਿਟਾ ਦਿਆਂਗਾ, ਮੈਂ ਅਕਾਸ਼ ਦੇ ਪੰਛੀਆਂ ਨੂੰ ਅਤੇ ਸਮੁੰਦਰ ਦੀਆਂ ਮੱਛੀਆਂ ਨੂੰ, ਠੋਕਰਾਂ ਨੂੰ ਦੁਸ਼ਟਾਂ ਸਣੇ ਮਿਟਾ ਦਿਆਂਗਾ, ਅਤੇ ਮੈਂ ਆਦਮੀ ਨੂੰ ਜ਼ਮੀਨ ਦੇ ਉੱਤੋਂ ਕੱਟ ਸੁੱਟਾਂਗਾ, ਯਹੋਵਾਹ ਦਾ ਵਾਕ ਹੈ।”​—ਸਫ਼ਨਯਾਹ 1:1-3.

5 ਜੀ ਹਾਂ, ਯਹੋਵਾਹ ਨੇ ਯਹੂਦਾਹ ਵਿੱਚੋਂ ਸਾਰੀ ਬੁਰਾਈ ਨੂੰ ਖ਼ਤਮ ਕਰ ਦਿੱਤਾ ਸੀ। ਪਰ ਯਹੋਵਾਹ ਨੇ ‘ਜ਼ਮੀਨ ਦੇ ਉੱਤੋਂ ਸਭ ਕੁਝ ਉੱਕਾ ਹੀ ਮਿਟਾਉਣ’ ਲਈ ਕਿਸ ਨੂੰ ਇਸਤੇਮਾਲ ਕੀਤਾ ਸੀ? ਇਸ ਸਵਾਲ ਦੇ ਜਵਾਬ ਵਿਚ ਯਾਦ ਰੱਖੋ ਕਿ ਸਫ਼ਨਯਾਹ ਨੇ ਯੋਸੀਯਾਹ ਦੇ ਰਾਜ ਦੇ ਸ਼ੁਰੂ ਵਿਚ ਇਹ ਭਵਿੱਖਬਾਣੀ ਕੀਤੀ ਸੀ, ਅਤੇ ਯੋਸੀਯਾਹ 659 ਸਾ.ਯੁ.ਪੂ. ਵਿਚ ਰਾਜਾ ਬਣਿਆ ਸੀ। ਇਸ ਲਈ ਇਨ੍ਹਾਂ ਆਇਤਾਂ ਦੀ ਪੂਰਤੀ 607 ਸਾ.ਯੁ.ਪੂ. ਵਿਚ ਹੋਈ ਜਦੋਂ ਯਹੂਦਾਹ ਅਤੇ ਉਸ ਦੀ ਰਾਜਧਾਨੀ ਯਰੂਸ਼ਲਮ ਦੀ ਤਬਾਹੀ ਬਾਬਲੀਆਂ ਦੇ ਹੱਥੀਂ ਹੋਈ ਸੀ। ਉਸ ਵੇਲੇ ਯਹੋਵਾਹ ਨੇ ਯਹੂਦਾਹ ਅਤੇ ਯਰੂਸ਼ਲਮ ਵਿੱਚੋਂ ਬੁਰੇ ਲੋਕਾਂ ਨੂੰ “ਮਿਟਾ” ਦਿੱਤਾ ਸੀ।

6-8. ਸਫ਼ਨਯਾਹ 1:4-6 ਵਿਚ ਭਵਿੱਖ ਬਾਰੇ ਕੀ ਦੱਸਿਆ ਗਿਆ ਸੀ, ਅਤੇ ਇਹ ਯਹੂਦਾਹ ਉੱਤੇ ਕਿਸ ਤਰ੍ਹਾਂ ਪੂਰਾ ਹੋਇਆ ਸੀ?

6 ਝੂਠੀ ਪੂਜਾ ਕਰਨ ਵਾਲਿਆਂ ਲੋਕਾਂ ਵਿਰੁੱਧ ਪਰਮੇਸ਼ੁਰ ਦੀ ਕਾਰਵਾਈ ਬਾਰੇ ਸਫ਼ਨਯਾਹ 1:4-6 ਵਿਚ ਕਿਹਾ ਗਿਆ ਹੈ: “ਮੈਂ ਆਪਣਾ ਹੱਥ ਯਹੂਦਾਹ ਉੱਤੇ, ਅਤੇ ਯਰੂਸ਼ਲਮ ਦੇ ਸਾਰਿਆਂ ਵਾਸੀਆਂ ਉੱਤੇ ਚੁੱਕਾਂਗਾ, ਅਤੇ ਏਸ ਅਸਥਾਨ ਤੋਂ ਬਆਲ ਦੇ ਬਕੀਏ ਨੂੰ ਕੱਟ ਦਿਆਂਗਾ, ਨਾਲੇ ਪੁਜਾਰੀਆਂ ਦੇ ਨਾਮ ਨੂੰ ਜਾਜਕਾਂ ਸਣੇ। ਓਹਨਾਂ ਨੂੰ ਵੀ ਜੋ ਛੱਤਾਂ ਉੱਤੇ ਅਕਾਸ਼ ਦੀ ਸੈਨਾ ਅੱਗੇ ਮੱਥਾ ਟੇਕਦੇ ਹਨ, ਜੋ ਯਹੋਵਾਹ ਅੱਗੇ ਮੱਥਾ ਟੇਕਦੇ ਅਤੇ ਸੌਂਹ ਖਾਂਦੇ ਹਨ, ਨਾਲੇ ਮਲਕਾਮ ਦੀ ਸੌਂਹ ਵੀ ਖਾਂਦੇ ਹਨ, ਅਤੇ ਓਹਨਾਂ ਨੂੰ ਜੋ ਯਹੋਵਾਹ ਦੇ ਪਿੱਛੇ ਜਾਣ ਤੋਂ ਫਿਰ ਗਏ, ਅਤੇ ਨਾ ਯਹੋਵਾਹ ਦੇ ਤਾਲਿਬ ਹਨ, ਨਾ ਉਹ ਦੀ ਸਲਾਹ ਪੁੱਛਦੇ ਹਨ।”

7 ਯਹੋਵਾਹ ਨੇ ਆਪਣਾ ਹੱਥ ਯਹੂਦਾਹ ਅਤੇ ਯਰੂਸ਼ਲਮ ਉੱਤੇ ਚੁੱਕਿਆ। ਉਸ ਨੇ ਕਨਾਨੀਆਂ ਦੇ ਬਆਲ ਦੇਵਤੇ ਦੇ ਭਗਤਾਂ ਨੂੰ ਜਾਨੋਂ ਮਾਰ ਸੁੱਟਿਆ। ਵੱਖੋ-ਵੱਖਰੇ ਦੇਵਤਿਆਂ ਨੂੰ ਖ਼ਾਸ ਇਲਾਕਿਆਂ ਦੇ ਬਆਲ ਸੱਦਿਆ ਜਾਂਦਾ ਸੀ ਕਿਉਂਕਿ ਉਨ੍ਹਾਂ ਦੇ ਭਗਤ ਸੋਚਦੇ ਸਨ ਕਿ ਉਨ੍ਹਾਂ ਦਾ ਖ਼ਾਸ ਥਾਵਾਂ ਉੱਤੇ ਪ੍ਰਭਾਵ ਸੀ। ਮਿਸਾਲ ਲਈ, ਮੋਆਬੀ ਅਤੇ ਮਿਦਯਾਨੀ ਪਓਰ ਦੇ ਪਹਾੜ ਉੱਤੇ ਬਆਲ ਦੀ ਭਗਤੀ ਕਰਦੇ ਸਨ। (ਗਿਣਤੀ 25:1, 3, 6) ਯਹੋਵਾਹ ਨੇ ਯਹੂਦਾਹ ਵਿੱਚੋਂ ਬਆਲ ਦੇ ਪੁਜਾਰੀਆਂ ਨੂੰ ਖ਼ਤਮ ਕਰ ਦਿੱਤਾ ਸੀ ਅਤੇ ਇਸ ਦੇ ਨਾਲ-ਨਾਲ ਅਣਆਗਿਆਕਾਰੀ ਲੇਵੀ ਜਾਜਕਾਂ ਨੂੰ ਵੀ ਖ਼ਤਮ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਬਆਲ ਦੇ ਪੁਜਾਰੀਆਂ ਨਾਲ ਮੇਲ-ਜੋਲ ਰੱਖ ਕੇ ਯਹੋਵਾਹ ਦੇ ਨਿਯਮ ਤੋੜੇ ਸਨ।​—ਕੂਚ 20:2, 3.

8 ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਦਾ ਵੀ ਨਾਸ਼ ਕੀਤਾ ਜਿਹੜੇ “ਆਕਾਸ਼ ਦੀ ਸੈਨਾ ਅੱਗੇ ਮੱਥਾ ਟੇਕਦੇ” ਸਨ, ਯਾਨੀ ਉਸ ਨੇ ਜੋਤਸ਼-ਵਿਦਿਆ ਵਿਚ ਵਿਸ਼ਵਾਸ ਕਰਨ ਵਾਲੇ ਤੇ ਸੂਰਜ ਦੀ ਪੂਜਾ ਕਰਨ ਵਾਲੇ ਲੋਕਾਂ ਨੂੰ ਖ਼ਤਮ ਕਰ ਦਿੱਤਾ। (2 ਰਾਜਿਆਂ 23:11; ਯਿਰਮਿਯਾਹ 19:13; 32:29) ਉਨ੍ਹਾਂ ਲੋਕਾਂ ਉੱਤੇ ਵੀ ਪਰਮੇਸ਼ੁਰ ਦਾ ਗੁੱਸਾ ਭੜਕਿਆ ਜਿਹੜੇ ‘ਯਹੋਵਾਹ ਅਤੇ ਮਲਕਾਮ ਦੀ ਸੌਂਹ ਖਾਣ’ ਦੁਆਰਾ ਸੱਚੀ ਤੇ ਝੂਠੀ ਪੂਜਾ ਨੂੰ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮਲਕਾਮ ਅਤੇ ਮੋਲਕ ਸ਼ਾਇਦ ਇੱਕੋ ਦੇਵਤੇ ਦੇ ਨਾਂ ਸਨ ਜੋ ਅੰਮੋਨੀਆਂ ਦਾ ਪ੍ਰਮੁੱਖ ਦੇਵਤਾ ਸੀ। ਮੋਲਕ ਦੇਵਤੇ ਦੇ ਪੁਜਾਰੀ ਆਪਣੇ ਬੱਚਿਆਂ ਦੀ ਵੀ ਬਲੀ ਚੜ੍ਹਾਉਂਦੇ ਸਨ।​—1 ਰਾਜਿਆਂ 11:5; ਯਿਰਮਿਯਾਹ 32:35.

ਈਸਾਈ-ਜਗਤ ਦਾ ਅੰਤ ਨਜ਼ਦੀਕ ਹੈ!

9. (ੳ) ਈਸਾਈ-ਜਗਤ ਦੋਸ਼ੀ ਕਿਉਂ ਹੈ? (ਅ) ਯਹੂਦਾਹ ਦੇ ਲੋਕਾਂ ਤੋਂ ਉਲਟ ਸਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ?

9 ਇਹ ਗੱਲਾਂ ਪੜ੍ਹ ਕੇ ਅਸੀਂ ਸ਼ਾਇਦ ਈਸਾਈ-ਜਗਤ ਬਾਰੇ ਸੋਚੀਏ ਜੋ ਝੂਠੀ ਪੂਜਾ ਅਤੇ ਜੋਤਸ਼-ਵਿਦਿਆ ਦੇ ਕੰਮਾਂ ਵਿਚ ਰੁੱਝਾ ਹੋਇਆ ਹੈ। ਉਸ ਦੇ ਪਾਦਰੀਆਂ ਨੇ ਯੁੱਧਾਂ ਦੀ ਵੇਦੀ ਉੱਤੇ ਲੱਖਾਂ ਹੀ ਜਾਨਾਂ ਦੀਆਂ ਬਲੀਆਂ ਚੜ੍ਹਾਈਆਂ ਹਨ! ਪੁਰਾਣੇ ਜ਼ਮਾਨੇ ਵਿਚ ਯਹੂਦਾਹ ਦੇ ਲੋਕ “ਯਹੋਵਾਹ ਦੇ ਪਿੱਛੇ ਜਾਣ ਤੋਂ ਫਿਰ ਗਏ” ਸਨ। ਉਹ ਯਹੋਵਾਹ ਪ੍ਰਤੀ ਲਾਪਰਵਾਹ ਹੋ ਗਏ ਸਨ। ਉਹ ਨਾ ਤਾਂ ਯਹੋਵਾਹ ਦੀ ਖੋਜ ਕਰਦੇ ਸਨ ਤੇ ਨਾ ਹੀ ਉਸ ਦੀ ਸਲਾਹ ਲੈਂਦੇ ਸਨ। ਪਰ ਆਓ ਆਪਾਂ ਕਦੀ ਉਨ੍ਹਾਂ ਵਰਗੇ ਨਾ ਬਣੀਏ, ਸਗੋਂ ਪਰਮੇਸ਼ੁਰ ਪ੍ਰਤੀ ਆਪਣੀ ਖਰਿਆਈ ਬਣਾਈ ਰੱਖੀਏ।

10. ਸਫ਼ਨਯਾਹ 1:7 ਦੀ ਭਵਿੱਖਬਾਣੀ ਦਾ ਕੀ ਮਤਲਬ ਹੈ?

10 ਸਫ਼ਨਯਾਹ ਦੇ ਅਗਲੇ ਲਫ਼ਜ਼ ਯਹੂਦਾਹ ਦੇ ਪਾਪੀ ਲੋਕਾਂ ਉੱਤੇ ਲਾਗੂ ਹੋਏ ਸਨ ਅਤੇ ਇਹ ਅੱਜ ਦੇ ਦੁਸ਼ਟ ਲੋਕਾਂ ਉੱਤੇ ਵੀ ਲਾਗੂ ਹੁੰਦੇ ਹਨ। ਸਫ਼ਨਯਾਹ 1:7 ਕਹਿੰਦਾ ਹੈ: “ਪ੍ਰਭੁ ਯਹੋਵਾਹ ਦੇ ਹਜ਼ੂਰ ਚੁੱਪ ਰਹੁ, ਯਹੋਵਾਹ ਦਾ ਦਿਨ ਨੇੜੇ ਹੈ, ਯਹੋਵਾਹ ਨੇ ਇੱਕ ਬਲੀ ਤਿਆਰ ਕੀਤੀ, ਉਹ ਨੇ ਆਪਣੇ ਪਰਾਹੁਣਿਆਂ ਨੂੰ ਪਵਿੱਤਰ ਕੀਤਾ।” ਜ਼ਾਹਰ ਹੈ ਕਿ ਇਹ ‘ਪਰਾਹੁਣੇ’ ਯਹੂਦਾਹ ਦੇ ਕਸਦੀ ਵੈਰੀ ਸਨ। “ਬਲੀ” ਯਹੂਦਾਹ ਅਤੇ ਉਸ ਦੀ ਰਾਜਧਾਨੀ ਯਰੂਸ਼ਲਮ ਸੀ। ਇਸ ਤਰ੍ਹਾਂ ਸਫ਼ਨਯਾਹ ਨੇ ਯਰੂਸ਼ਲਮ ਦੀ ਤਬਾਹੀ ਬਾਰੇ ਪਰਮੇਸ਼ੁਰ ਦੇ ਮਕਸਦ ਦਾ ਐਲਾਨ ਕੀਤਾ ਸੀ, ਪਰ ਇਹ ਐਲਾਨ ਅੱਜ ਈਸਾਈ-ਜਗਤ ਦੀ ਤਬਾਹੀ ਵੱਲ ਇਸ਼ਾਰਾ ਕਰਦਾ ਹੈ। ਦਰਅਸਲ, ਪਰਮੇਸ਼ੁਰ ਦਾ ਨਿਆਂ ਦਾ ਦਿਨ ਬਹੁਤ ਨੇੜੇ ਹੋਣ ਕਰਕੇ ਸਾਰੀ ਦੁਨੀਆਂ ਨੂੰ ‘ਯਹੋਵਾਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਅੱਗੇ ਚੁੱਪ ਰਹਿਣਾ’ ਚਾਹੀਦਾ ਹੈ। ਉਨ੍ਹਾਂ ਨੂੰ ਸੁਣਨਾ ਚਾਹੀਦਾ ਹੈ ਕਿ ਯਹੋਵਾਹ ਯਿਸੂ ਦੇ ਮਸਹ ਕੀਤੇ ਹੋਏ ਪੈਰੋਕਾਰਾਂ ਦੇ “ਛੋਟੇ ਝੁੰਡ” ਅਤੇ ਉਨ੍ਹਾਂ ਦੇ ਸਾਥੀਆਂ, ਯਾਨੀ ‘ਹੋਰ ਭੇਡਾਂ’ ਰਾਹੀਂ ਕੀ ਕਹਿੰਦਾ ਹੈ। (ਲੂਕਾ 12:32; ਯੂਹੰਨਾ 10:16) ਜੋ ਲੋਕ ਨਹੀਂ ਸੁਣਦੇ ਹਨ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਰਾਜ ਦੇ ਵਿਰੋਧੀ ਸਾਬਤ ਕਰਦੇ ਹਨ, ਉਨ੍ਹਾਂ ਸਾਰਿਆਂ ਦਾ ਨਾਸ਼ ਹੋਵੇਗਾ।​—ਜ਼ਬੂਰ 2:1, 2.

ਬਹੁਤ ਜਲਦ ਸਿਆਪੇ ਦਾ ਦਿਨ ਆਵੇਗਾ!

11. ਸਫ਼ਨਯਾਹ 1:8-11 ਵਿਚ ਸਾਨੂੰ ਕੀ ਦੱਸਿਆ ਗਿਆ ਹੈ?

11 ਯਹੋਵਾਹ ਦੇ ਦਿਨ ਬਾਰੇ ਸਫ਼ਨਯਾਹ 1:8-11 ਕਹਿੰਦਾ ਹੈ: “ਯਹੋਵਾਹ ਦੀ ਬਲੀ ਦੇ ਦਿਨ ਇਉਂ ਹੋਵੇਗਾ, ਕਿ ਮੈਂ ਸਰਦਾਰਾਂ ਨੂੰ, ਪਾਤਸ਼ਾਹ ਦੇ ਪੁੱਤ੍ਰਾਂ ਨੂੰ, ਅਤੇ ਸਾਰਿਆਂ ਨੂੰ ਜਿਨ੍ਹਾਂ ਨੇ ਪਰਦੇਸ ਦੇ ਕੱਪੜੇ ਪਹਿਨੇ ਹੋਏ ਹਨ ਸਜ਼ਾ ਦਿਆਂਗਾ। ਉਸ ਦਿਨ ਮੈਂ ਓਹਨਾਂ ਸਾਰਿਆਂ ਨੂੰ ਸਜ਼ਾ ਦਿਆਂਗਾ, ਜੋ ਸਰਦਲ ਦੇ ਉੱਤੋਂ ਟੱਪਕਦੇ ਹਨ, ਜੋ ਆਪਣੇ ਮਾਲਕ ਦੇ ਘਰ ਨੂੰ ਅਨ੍ਹੇਰ ਅਤੇ ਛਲ ਨਾਲ ਭਰ ਦਿੰਦੇ ਹਨ। ਉਸ ਦਿਨ ਇਉਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਮੱਛੀ-ਫਾਟਕ ਤੋਂ ਦੁਹਾਈ ਦੀ ਅਵਾਜ਼ ਹੋਵੇਗੀ, ਦੂਜੇ ਮਹੱਲੇ ਸਿਆਪਾ, ਅਤੇ ਟਿੱਲਿਆਂ ਤੋਂ ਵੱਡਾ ਧੜਾਕਾ ਹੋਵੇਗਾ। ਹੇ ਮਕਤੇਸ਼ ਦੇ ਵਾਸੀਓ, ਸਿਆਪਾ ਕਰੋ! ਕਿਉਂ ਜੋ ਸਾਰੇ ਵਪਾਰੀ ਮੁਕਾਏ ਗਏ, ਚਾਂਦੀ ਦੇ ਸਾਰੇ ਚੁੱਕਣ ਵਾਲੇ ਕੱਟੇ ਗਏ।”

12. ਕਈ ਲੋਕ “ਪਰਦੇਸ ਦੇ ਕੱਪੜੇ” ਕਿਸ ਤਰ੍ਹਾਂ ਪਹਿਨਦੇ ਹਨ?

12 ਯੋਸੀਯਾਹ ਤੋਂ ਬਾਅਦ ਯਹੋਅਹਾਜ਼ ਰਾਜਾ ਬਣਿਆ, ਉਸ ਤੋਂ ਬਾਅਦ ਯਹੋਯਾਕੀਮ ਤੇ ਯਹੋਯਾਕੀਮ ਤੋਂ ਬਾਅਦ ਯਹੋਯਾਕੀਨ ਰਾਜਾ ਬਣਿਆ। ਫਿਰ ਰਾਜੇ ਸਿਦਕੀਯਾਹ ਦੀ ਹਕੂਮਤ ਆਈ, ਜਿਸ ਦੇ ਰਾਜ ਦੌਰਾਨ ਯਰੂਸ਼ਲਮ ਤਬਾਹ ਹੋਇਆ ਸੀ। ਤਬਾਹੀ ਦੇ ਵੇਲੇ ਵੀ ਸ਼ਾਹੀ ਦਰਬਾਰ ਵਿਚ ਅਜੇ ਕੁਝ ਲੋਕਾਂ ਨੇ “ਪਰਦੇਸ ਦੇ ਕੱਪੜੇ ਪਹਿਨੇ” ਹੋਏ ਸਨ। ਇਹ ਲੋਕ ਗੁਆਂਢ ਦੀਆਂ ਕੌਮਾਂ ਦੀ ਪ੍ਰਵਾਨਗੀ ਹਾਸਲ ਕਰਨੀ ਚਾਹੁੰਦੇ ਸਨ। ਉਸੇ ਤਰ੍ਹਾਂ ਅੱਜ ਵੀ ਕਈ ਲੋਕ ਸਾਫ਼-ਸਾਫ਼ ਦਿਖਾਉਂਦੇ ਹਨ ਕਿ ਉਹ ਯਹੋਵਾਹ ਦੇ ਸੰਗਠਨ ਦਾ ਹਿੱਸਾ ਨਹੀਂ ਹਨ। ਸ਼ਤਾਨ ਦੇ ਸੰਗਠਨ ਦੇ ਮੈਂਬਰ ਹੋਣ ਕਰਕੇ ਅਜਿਹਿਆਂ ਲੋਕਾਂ ਨੂੰ ਯਹੋਵਾਹ ਜ਼ਰੂਰ ਸਜ਼ਾ ਦੇਵੇਗਾ।

13. ਸਫ਼ਨਯਾਹ ਦੀ ਭਵਿੱਖਬਾਣੀ ਦੇ ਅਨੁਸਾਰ ਉਦੋਂ ਕੀ ਹੋਇਆ ਸੀ ਜਦੋਂ ਬਾਬਲੀਆਂ ਨੇ ਯਰੂਸ਼ਲਮ ਉੱਤੇ ਹਮਲਾ ਕੀਤਾ ਸੀ?

13 ਯਹੂਦਾਹ ਕੋਲੋਂ ਲੇਖਾ ਲੈਣ ਦਾ ‘ਉਹ ਦਿਨ,’ ਯਹੋਵਾਹ ਦੇ ਆਉਣ ਵਾਲੇ ਉਸ ਦਿਨ ਨਾਲ ਮੇਲ ਖਾਂਦਾ ਹੈ ਜਦੋਂ ਪਰਮੇਸ਼ੁਰ ਆਪਣੇ ਦੁਸ਼ਮਣਾਂ ਨੂੰ ਸਜ਼ਾ ਦੇਵੇਗਾ ਅਤੇ ਬੁਰਾਈ ਨੂੰ ਖ਼ਤਮ ਕਰ ਕੇ ਆਪਣੀ ਮਹਾਨਤਾ ਸਾਬਤ ਕਰੇਗਾ। ਜਦੋਂ ਬਾਬਲੀਆਂ ਨੇ ਯਰੂਸ਼ਲਮ ਉੱਤੇ ਹਮਲਾ ਕੀਤਾ ਸੀ, ਤਾਂ ਯਹੂਦਾਹ ਦੇ ਮੱਛੀ-ਫਾਟਕ ਤੋਂ ਦੁਹਾਈ ਦੀ ਆਵਾਜ਼ ਆਈ। ਇਸ ਨੂੰ ਮੱਛੀ-ਫਾਟਕ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਇਹ ਮੱਛੀ ਬਾਜ਼ਾਰ ਦੇ ਨੇੜੇ ਸੀ। (ਨਹਮਯਾਹ 13:16) ਬਾਬਲ ਦੀਆਂ ਫ਼ੌਜਾਂ ਸ਼ਹਿਰ ਦੇ ਦੂਜੇ ਮਹੱਲੇ ਵਿਚ ਦਾਖ਼ਲ ਹੋਈਆਂ ਸਨ ਅਤੇ “ਟਿੱਲਿਆਂ ਤੋਂ ਵੱਡਾ ਧੜਾਕਾ” ਸ਼ਾਇਦ ਉਨ੍ਹਾਂ ਦੇ ਪਹੁੰਚਣ ਦੀ ਆਵਾਜ਼ ਸੀ। ਅਤੇ ਮਕਤੇਸ਼ ਦੇ ਲੋਕਾਂ ਨੇ ਟਾਇਰੋਪੀ ਵਾਦੀ ਵਿਚ “ਸਿਆਪਾ” ਕੀਤਾ। ਉਨ੍ਹਾਂ ਨੇ ਸਿਆਪਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਦੇ ਸਾਰੇ ਵਪਾਰਕ ਧੰਦੇ ਬੰਦ ਹੋ ਗਏ ਸਨ ਅਤੇ ‘ਚਾਂਦੀ ਦੇ ਸਾਰੇ ਚੁੱਕਣ ਵਾਲਿਆਂ’ ਦਾ ਅੰਤ ਹੋ ਗਿਆ ਸੀ।

14. ਪਰਮੇਸ਼ੁਰ ਨੇ ਉਸ ਦੀ ਭਗਤੀ ਕਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਕਿਸ ਹੱਦ ਤਕ ਪਰਖਣਾ ਸੀ?

14 ਯਹੋਵਾਹ ਨੇ ਉਸ ਦੀ ਭਗਤੀ ਕਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਕਿਸ ਹੱਦ ਤਕ ਪਰਖਣਾ ਸੀ? ਭਵਿੱਖਬਾਣੀ ਅੱਗੇ ਕਹਿੰਦੀ ਹੈ: “ਉਸ ਸਮੇਂ ਇਉਂ ਹੋਵੇਗਾ ਕਿ ਮੈਂ ਦੀਵੇ ਲੈ ਕੇ ਯਰੂਸ਼ਲਮ ਦੀ ਤਲਾਸ਼ੀ ਲਵਾਂਗਾ, ਅਤੇ ਓਹਨਾਂ ਆਦਮੀਆਂ ਨੂੰ ਸਜ਼ਾ ਦਿਆਂਗਾ ਜਿਨ੍ਹਾਂ ਨੇ ਆਪਣਾ ਫੋਗ ਰੱਖ ਛੱਡਿਆ ਹੈ, ਜੋ ਆਪਣੇ ਮਨਾਂ ਵਿੱਚ ਕਹਿੰਦੇ ਹਨ, ਯਹੋਵਾਹ ਨਾ ਭਲਿਆਈ ਕਰੇਗਾ, ਨਾ ਬੁਰਿਆਈ ਕਰੇਗਾ। ਓਹਨਾਂ ਦਾ ਧਨ ਲੁੱਟ ਦਾ ਮਾਲ ਹੋ ਜਾਵੇਗਾ, ਓਹਨਾਂ ਦੇ ਘਰ ਵਿਰਾਨ ਹੋ ਜਾਣਗੇ। ਓਹ ਘਰ ਉਸਾਰਨਗੇ ਪਰ ਉਨ੍ਹਾਂ ਵਿੱਚ ਨਾ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਪਰ ਉਨ੍ਹਾਂ ਦੀ ਮੈ ਨਾ ਪੀਣਗੇ।”​—ਸਫ਼ਨਯਾਹ 1:12, 13.

15. (ੳ) ਯਰੂਸ਼ਲਮ ਦੇ ਧਰਮ-ਤਿਆਗੀ ਜਾਜਕਾਂ ਨੂੰ ਕੀ ਹੋਇਆ ਸੀ? (ਅ) ਅੱਜ ਦੇ ਝੂਠਿਆਂ ਧਰਮਾਂ ਨੂੰ ਮੰਨਣ ਵਾਲਿਆਂ ਦਾ ਕੀ ਹੋਵੇਗਾ?

15 ਯਰੂਸ਼ਲਮ ਦੇ ਧਰਮ-ਤਿਆਗੀ ਜਾਜਕ ਯਹੋਵਾਹ ਦੀ ਸੱਚੀ ਉਪਾਸਨਾ ਨੂੰ ਝੂਠੇ ਧਰਮ ਨਾਲ ਰਲਾ-ਮਿਲਾ ਰਹੇ ਸਨ। ਇਸ ਲਈ, ਭਾਵੇਂ ਕਿ ਉਹ ਸੁਰੱਖਿਅਤ ਮਹਿਸੂਸ ਕਰਦੇ ਸਨ ਅਤੇ ਰੂਹਾਨੀ ਤੌਰ ਤੇ ਹਨੇਰੇ ਵਿਚ ਲੁਕੇ ਹੋਏ ਸਨ, ਯਹੋਵਾਹ ਨੇ ਉਨ੍ਹਾਂ ਨੂੰ ਦੀਵਿਆਂ ਦੀ ਤੇਜ਼ ਰੌਸ਼ਨੀ ਨਾਲ ਲੱਭ ਲਿਆ ਸੀ। ਉਸ ਵੇਲੇ ਯਹੋਵਾਹ ਦੇ ਨਿਆਂ ਅਤੇ ਸਜ਼ਾ ਤੋਂ ਕੋਈ ਵੀ ਨਹੀਂ ਬਚ ਸਕਿਆ। ਜਿਸ ਤਰ੍ਹਾਂ ਅੰਗੂਰਾਂ ਦਾ ਰਸ ਕੱਢਣ ਤੋਂ ਬਾਅਦ ਚੁਬੱਚੇ ਵਿਚ ਸਿਰਫ਼ ਫੋਗ ਜਾਂ ਰਹਿੰਦ-ਖੂੰਦ ਹੀ ਬਾਕੀ ਬਚਦੀ ਹੈ, ਉਸੇ ਤਰ੍ਹਾਂ ਇਹ ਧਰਮ-ਤਿਆਗੀ ਯਹੋਵਾਹ ਦੀ ਭਗਤੀ ਕਰਨੀ ਛੱਡ ਕੇ ਅਰਾਮ ਨਾਲ ਬੈਠ ਗਏ ਸਨ। ਉਹ ਨਹੀਂ ਚਾਹੁੰਦੇ ਸਨ ਕਿ ਕੋਈ ਉਨ੍ਹਾਂ ਨੂੰ ਪਰਮੇਸ਼ੁਰੀ ਨਿਆਂ ਬਾਰੇ ਦੱਸ ਕੇ ਪਰੇਸ਼ਾਨ ਕਰੇ। ਪਰ ਉਹ ਇਸ ਨਿਆਂ ਤੋਂ ਬਚ ਨਹੀਂ ਸਕੇ। ਇਹ ਗੱਲ ਅੱਜ ਝੂਠੇ ਧਰਮ ਨੂੰ ਮੰਨਣ ਵਾਲਿਆਂ ਉੱਤੇ ਵੀ ਲਾਗੂ ਹੁੰਦੀ ਹੈ, ਖ਼ਾਸ ਕਰਕੇ ਈਸਾਈ-ਜਗਤ ਅਤੇ ਉਨ੍ਹਾਂ ਲੋਕਾਂ ਉੱਤੇ ਜਿਨ੍ਹਾਂ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ ਹੈ। ਉਹ ਇਹ ਨਹੀਂ ਮੰਨਦੇ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ, ਸਗੋਂ ਉਹ ਆਪਣੇ ਮਨਾਂ ਵਿੱਚ ਕਹਿੰਦੇ ਹਨ ਕਿ “ਯਹੋਵਾਹ ਨਾ ਭਲਿਆਈ ਕਰੇਗਾ, ਨਾ ਬੁਰਿਆਈ ਕਰੇਗਾ।” ਇਹ ਸੋਚ ਕੇ ਉਹ ਕਿੰਨੀ ਵੱਡੀ ਗ਼ਲਤੀ ਕਰ ਰਹੇ ਹਨ!​—2 ਤਿਮੋਥਿਉਸ 3:1-5; 2 ਪਤਰਸ 3:3, 4, 10.

16. ਉਦੋਂ ਕੀ ਹੋਇਆ ਸੀ ਜਦੋਂ ਯਹੂਦਾਹ ਉੱਤੇ ਪਰਮੇਸ਼ੁਰ ਨੇ ਨਿਆਂ ਲਿਆਂਦਾ ਸੀ, ਅਤੇ ਇਹ ਜਾਣ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ?

16 ਯਹੂਦਾਹ ਦੇ ਧਰਮ-ਤਿਆਗੀਆਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਬਾਬਲੀਆਂ ਦੁਆਰਾ ਉਨ੍ਹਾਂ ਦਾ ਧਨ ਲੁੱਟ ਲਿਆ ਜਾਵੇਗਾ, ਉਨ੍ਹਾਂ ਦੇ ਘਰ ਉਜਾੜੇ ਜਾਣਗੇ, ਅਤੇ ਉਨ੍ਹਾਂ ਦੇ ਅੰਗੂਰੀ ਬਾਗ਼ਾਂ ਦਾ ਫਲ ਲੈ ਲਿਆ ਜਾਵੇਗਾ। ਜਦੋਂ ਯਹੂਦਾਹ ਉੱਤੇ ਪਰਮੇਸ਼ੁਰ ਦਾ ਨਿਆਂ ਦਾ ਦਿਨ ਆਇਆ, ਤਾਂ ਉਸ ਦੀਆਂ ਭੌਤਿਕ ਚੀਜ਼ਾਂ ਬੇਕਾਰ ਸਾਬਤ ਹੋਈਆਂ। ਉਦੋਂ ਵੀ ਇਸੇ ਤਰ੍ਹਾਂ ਹੋਵੇਗਾ ਜਦੋਂ ਯਹੋਵਾਹ ਦਾ ਨਿਆਂ ਦਾ ਦਿਨ ਇਸ ਦੁਨੀਆਂ ਉੱਤੇ ਆਵੇਗਾ। ਇਸ ਲਈ ਆਓ ਆਪਾਂ ਅਧਿਆਤਮਿਕ ਗੱਲਾਂ ਉੱਤੇ ਜ਼ਿਆਦਾ ਜ਼ੋਰ ਦੇਈਏ ਅਤੇ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇ ਕੇ ‘ਸੁਰਗ ਵਿੱਚ ਧਨ ਜੋੜੀਏ’!​—ਮੱਤੀ 6:19-21, 33.

“ਯਹੋਵਾਹ ਦਾ ਮਹਾਨ ਦਿਨ ਨੇੜੇ ਹੈ”

17. ਸਫ਼ਨਯਾਹ 1:14-16 ਅਨੁਸਾਰ ਯਹੋਵਾਹ ਦਾ ਨਿਆਂ ਦਾ ਦਿਨ ਕਿੰਨਾ ਕੁ ਨੇੜੇ ਹੈ?

17 ਯਹੋਵਾਹ ਦਾ ਨਿਆਂ ਦਾ ਦਿਨ ਕਿੰਨਾ ਕੁ ਨੇੜੇ ਹੈ? ਸਫ਼ਨਯਾਹ 1:14-16 ਵਿਚ ਪਰਮੇਸ਼ੁਰ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ, ਹਾਂ, ਯਹੋਵਾਹ ਦੀ ਅਵਾਜ਼—ਸੂਰਮਾ ਉੱਥੇ ਕੁੜੱਤਣ ਨਾਲ ਚਿੱਲਾਵੇਗਾ! ਉਹ ਦਿਨ ਕਹਿਰ ਦਾ ਦਿਨ ਹੈ, ਦੁਖ ਅਤੇ ਕਸ਼ਟ ਦਾ ਦਿਨ, ਬਰਬਾਦੀ ਅਤੇ ਵਿਰਾਨੀ ਦਾ ਦਿਨ, ਅਨ੍ਹੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ! ਤੁਰ੍ਹੀ ਅਤੇ ਨਾਰੇ ਦਾ ਦਿਨ, ਗੜ੍ਹਾਂ ਵਾਲੇ ਸ਼ਹਿਰਾਂ ਦੇ ਵਿਰੁੱਧ ਅਰ ਉੱਚੇ ਬੁਰਜਾਂ ਦੇ ਵਿਰੁੱਧ।”

18. ਸਾਨੂੰ ਇਹ ਕਿਉਂ ਨਹੀਂ ਸੋਚਣਾ ਚਾਹੀਦਾ ਕਿ ਯਹੋਵਾਹ ਦਾ ਨਿਆਂ ਦਾ ਦਿਨ ਹਾਲੇ ਬਹੁਤ ਦੂਰ ਹੈ?

18 ਯਹੂਦਾਹ ਦੇ ਪਾਪੀ ਜਾਜਕਾਂ, ਸਰਦਾਰਾਂ, ਅਤੇ ਲੋਕਾਂ ਨੂੰ ਦੱਸ ਦਿੱਤਾ ਗਿਆ ਸੀ ਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ।” ਯਹੂਦਾਹ ਉੱਤੇ ‘ਯਹੋਵਾਹ ਦਾ ਦਿਨ ਬਹੁਤ ਛੇਤੀ’ ਆਇਆ ਸੀ। ਇਸੇ ਤਰ੍ਹਾਂ, ਅੱਜ ਸਾਨੂੰ ਯਹੂਦਾਹ ਦੇ ਲੋਕਾਂ ਦੀ ਤਰ੍ਹਾਂ ਇਹ ਨਹੀਂ ਸੋਚਣਾ ਚਾਹੀਦਾ ਕਿ ਯਹੋਵਾਹ ਦੁਸ਼ਟ ਲੋਕਾਂ ਨੂੰ ਸਜ਼ਾ ਦੇਣ ਵਿਚ ਅਜੇ ਕਾਫ਼ੀ ਚਿਰ ਲਾਵੇਗਾ। ਸਗੋਂ ਜਿੱਦਾਂ ਯਹੋਵਾਹ ਨੇ ਯਹੂਦਾਹ ਉੱਤੇ ਆਪਣਾ ਨਿਆਂ ਦਾ ਦਿਨ ਬੜੀ ਛੇਤੀ ਲਿਆਂਦਾ ਸੀ, ਉਸੇ ਤਰ੍ਹਾਂ ਉਹ ਆਰਮਾਗੇਡਨ ਲਿਆਉਣ ਵਿਚ ਵੀ “ਛੇਤੀ” ਕਰੇਗਾ। (ਪਰਕਾਸ਼ ਦੀ ਪੋਥੀ 16:14, 16) ਉਨ੍ਹਾਂ ਸਾਰਿਆਂ ਲੋਕਾਂ ਲਈ ਇਹ ਦਿਨ ਕਿੰਨਾ ਦੁਖਦਾਈ ਹੋਵੇਗਾ ਜੋ ਯਹੋਵਾਹ ਦੇ ਗਵਾਹਾਂ ਦੁਆਰਾ ਸੁਣਾਏ ਗਏ ਸੁਨੇਹੇ ਵੱਲ ਧਿਆਨ ਨਹੀਂ ਦਿੰਦੇ ਅਤੇ ਨਾ ਹੀ ਸੱਚੀ ਭਗਤੀ ਕਰਦੇ ਹਨ!

19, 20. (ੳ) ਜਦੋਂ ਯਹੂਦਾਹ ਅਤੇ ਯਰੂਸ਼ਲਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਭੜਕਿਆ ਸੀ, ਤਾਂ ਕੀ-ਕੀ ਹੋਇਆ ਸੀ? (ਅ) ਇਸ ਦੁਨੀਆਂ ਉੱਤੇ ਆਉਣ ਵਾਲੀ ਤਬਾਹੀ ਬਾਰੇ ਸੋਚਦੇ ਹੋਏ ਕਿਹੜੇ ਸਵਾਲ ਉੱਠਦੇ ਹਨ?

19 ਜਦੋਂ ਯਹੂਦਾਹ ਅਤੇ ਯਰੂਸ਼ਲਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਭੜਕਿਆ ਸੀ, ਤਾਂ ਇਹ ਉਨ੍ਹਾਂ ਲਈ “ਦੁਖ ਅਤੇ ਕਸ਼ਟ ਦਾ ਦਿਨ” ਸੀ। ਬਾਬਲੀ ਹਮਲਾਵਰਾਂ ਨੇ ਯਹੂਦਾਹ ਦੇ ਲੋਕਾਂ ਨੂੰ ਬਹੁਤ ਸਾਰੇ ਦੁੱਖ ਦਿੱਤੇ ਸਨ। ਲੋਕਾਂ ਨੂੰ ਮੌਤ ਅਤੇ ਤਬਾਹੀ ਦਾ ਸਾਮ੍ਹਣਾ ਕਰਦੇ ਹੋਏ ਮਾਨਸਿਕ ਕਸ਼ਟ ਵੀ ਸਹਿਣੇ ਪਏ ਸਨ। ਉਹ “ਬਰਬਾਦੀ ਅਤੇ ਵਿਰਾਨੀ ਦਾ ਦਿਨ” ਸੱਚ-ਮੁੱਚ ਹਨੇਰੇ, ਬੱਦਲਾਂ, ਅਤੇ ਕਾਲੀਆਂ ਘਟਾਂ ਦਾ ਦਿਨ ਸੀ। ਸ਼ਾਇਦ ਇਹ ਸਭ ਕੁਝ ਨਾ ਸਿਰਫ਼ ਲਾਖਣਿਕ ਤੌਰ ਤੇ, ਸਗੋਂ ਹਕੀਕਤ ਵਿਚ ਵੀ ਵਾਪਰਿਆ ਸੀ ਕਿਉਂਕਿ ਹਰ ਥਾਂ ਧੂੰਆਂ ਅਤੇ ਖ਼ੂਨ-ਖ਼ਰਾਬਾ ਸੀ। ਉਹ “ਤੁਰ੍ਹੀ ਅਤੇ ਨਾਰੇ ਦਾ ਦਿਨ” ਸੀ, ਪਰ ਲੋਕਾਂ ਨੂੰ ਖ਼ਬਰਦਾਰ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਇਆ ਸੀ।

20 ਜਦੋਂ ਦੁਸ਼ਮਣਾਂ ਨੇ ਯਹੂਦਾਹ ਦੇ “ਉੱਚੇ ਬੁਰਜਾਂ” ਨੂੰ ਢਾਹ ਦਿੱਤਾ, ਤਾਂ ਪਹਿਰੇਦਾਰ ਕੁਝ ਵੀ ਨਹੀਂ ਕਰ ਸਕੇ ਸਨ। ਸਾਡੇ ਦਿਨਾਂ ਵਿਚ ਵੀ ਪਰਮੇਸ਼ੁਰ ਦੇ ਸਵਰਗੀ ਹਥਿਆਰਾਂ ਅੱਗੇ ਇਸ ਦੁਨੀਆਂ ਦੀ ਤਾਕਤ ਕੁਝ ਵੀ ਨਹੀਂ ਕਰ ਸਕੇਗੀ। ਪਰਮੇਸ਼ੁਰ ਆਪਣੇ ਹਥਿਆਰਾਂ ਨੂੰ ਹਰ ਤਬਾਹੀ ਲਈ ਵਰਤ ਸਕਦਾ ਹੈ। ਕੀ ਤੁਸੀਂ ਬਚਣਾ ਚਾਹੁੰਦੇ ਹੋ? ਕੀ ਤੁਸੀਂ ਦ੍ਰਿੜ੍ਹਤਾ ਨਾਲ ਯਹੋਵਾਹ ਦਾ ਪੱਖ ਲਿਆ ਹੈ ਜੋ “ਆਪਣੇ ਸਾਰੇ ਪ੍ਰੇਮੀਆਂ ਦੀ ਪਾਲਨਾ ਕਰਦਾ ਹੈ, ਪਰ ਸਾਰੇ ਦੁਸ਼ਟਾਂ ਦਾ ਨਾਸ ਕਰੇਗਾ”?​—ਜ਼ਬੂਰ 145:20.

21, 22. ਸਫ਼ਨਯਾਹ 1:17, 18 ਦੇ ਸ਼ਬਦ ਸਾਡੇ ਦਿਨ ਵਿਚ ਕਿਸ ਤਰ੍ਹਾਂ ਪੂਰੇ ਹੋਣਗੇ?

21ਸਫ਼ਨਯਾਹ 1:17, 18 ਵਿਚ ਨਿਆਂ ਦੇ ਬੜੇ ਭਿਆਨਕ ਦਿਨ ਬਾਰੇ ਦੱਸਿਆ ਗਿਆ ਹੈ! ਯਹੋਵਾਹ ਪਰਮੇਸ਼ੁਰ ਕਹਿੰਦਾ ਹੈ: “ਮੈਂ ਆਦਮੀਆਂ ਉੱਤੇ ਖੇਚਲ ਲਿਆਵਾਂਗਾ, ਅਤੇ ਓਹ ਅੰਨ੍ਹਿਆਂ ਵਾਂਙੁ ਤੁਰਨਗੇ, ਕਿਉਂ ਜੋ ਉਨ੍ਹਾਂ ਨੇ ਯਹੋਵਾਹ ਦਾ ਪਾਪ ਕੀਤਾ, ਅਤੇ ਉਨ੍ਹਾਂ ਦਾ ਲਹੂ ਘੱਟੇ ਵਾਂਙੁ ਸੁੱਟਿਆ ਜਾਵੇਗਾ, ਅਤੇ ਉਨ੍ਹਾਂ ਦਾ ਮਾਸ ਬਿਸ਼ਟੇ ਵਾਂਙੁ। ਯਹੋਵਾਹ ਦੇ ਕਹਿਰ ਦੇ ਦਿਨ ਵਿੱਚ ਨਾ ਓਹਨਾਂ ਦਾ ਸੋਨਾ ਨਾ ਓਹਨਾਂ ਦੀ ਚਾਂਦੀ ਓਹਨਾਂ ਨੂੰ ਛੁਡਾਵੇਗੀ, ਪਰ ਉਹ ਦੀ ਅਣਖ ਦੀ ਅੱਗ ਨਾਲ ਸਾਰੀ ਧਰਤੀ ਭਸਮ ਹੋ ਜਾਵੇਗੀ, ਕਿਉਂ ਜੋ ਉਹ ਪੂਰਾ ਅੰਤ, ਹਾਂ, ਧਰਤੀ ਦੇ ਸਭ ਵਾਸੀਆਂ ਦਾ ਅਚਾਣਕ ਅੰਤ ਕਰ ਦੇਵੇਗਾ!”

22 ਜਿੱਦਾਂ ਯਹੋਵਾਹ ਨੇ ਸਫ਼ਨਯਾਹ ਦੇ ਦਿਨਾਂ ਵਿਚ ਕੀਤਾ ਸੀ, ਉਸੇ ਤਰ੍ਹਾਂ ਉਹ ਹੁਣ ਸਾਡੇ ਜ਼ਮਾਨੇ ਵਿਚ ਵੀ “ਧਰਤੀ ਦੇ ਸਭ ਵਾਸੀਆਂ,” ਉੱਤੇ ਕਸ਼ਟ ਲਿਆਵੇਗਾ ਜੋ ਉਸ ਦੀ ਚੇਤਾਵਨੀ ਵੱਲ ਧਿਆਨ ਨਹੀਂ ਦਿੰਦੇ। ਜਿਸ ਤਰ੍ਹਾਂ ਅੰਨ੍ਹੇ ਲੋਕ ਬੇਬੱਸ ਹੋ ਕੇ ਚੱਲਦੇ ਹਨ, ਉਸੇ ਤਰ੍ਹਾਂ ਯਹੋਵਾਹ ਦਾ ਦਿਨ ਆਉਣ ਤੇ ਲੋਕ ਅੰਨ੍ਹਿਆਂ ਵਾਂਗ ਬੇਬੱਸੀ ਵਿਚ ਚੱਲਣਗੇ ਅਤੇ ਉਨ੍ਹਾਂ ਨੂੰ ਕੋਈ ਮੁਕਤੀ ਨਹੀਂ ਮਿਲੇਗੀ, ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤੇ ਸਨ। ਯਹੋਵਾਹ ਦੇ ਨਿਆਂ ਦੇ ਦਿਨ ਵਿਚ ਉਨ੍ਹਾਂ ਦਾ ਲਹੂ “ਘੱਟੇ ਵਾਂਙੁ ਸੁੱਟਿਆ ਜਾਵੇਗਾ” ਜਿਸ ਦੀ ਕੋਈ ਕੀਮਤ ਨਹੀਂ ਹੋਵੇਗੀ। ਉਸ ਵੇਲੇ ਉਨ੍ਹਾਂ ਲੋਕਾਂ ਦੀ ਸ਼ਰਮਨਾਕ ਮੌਤ ਹੋਵੇਗੀ ਤੇ ਪਰਮੇਸ਼ੁਰ ਉਨ੍ਹਾਂ ਦੇ ਸਰੀਰਾਂ ਨੂੰ—ਇੱਥੋਂ ਤਕ ਕਿ ਉਨ੍ਹਾਂ ਦੀਆਂ ਆਂਦਰਾਂ ਨੂੰ ਵੀ—“ਬਿਸ਼ਟੇ ਵਾਂਙੁ” ਜਾਂ ਖਾਦ ਵਾਂਗ ਇਸ ਧਰਤੀ ਉੱਤੇ ਖਿਲਾਰ ਦੇਵੇਗਾ।

23. ਭਾਵੇਂ ਕਿ ਪਾਪੀ ਲੋਕ “ਯਹੋਵਾਹ ਦੇ ਕਹਿਰ ਦੇ ਦਿਨ ਵਿਚ” ਨਹੀਂ ਬਚਣਗੇ, ਸਫ਼ਨਯਾਹ ਦੀ ਭਵਿੱਖਬਾਣੀ ਵਿਚ ਕਿਹੜੀ ਉਮੀਦ ਪਾਈ ਜਾਂਦੀ ਹੈ?

23 ਪਰਮੇਸ਼ੁਰ ਅਤੇ ਉਸ ਦੇ ਲੋਕਾਂ ਵਿਰੁੱਧ ਲੜਨ ਵਾਲਿਆਂ ਨੂੰ ਕੋਈ ਵੀ ਨਹੀਂ ਬਚਾ ਸਕਦਾ। ਜਿੱਦਾਂ ਯਹੂਦਾਹ ਦੇ ਪਾਪੀਆਂ ਨੂੰ ਉਨ੍ਹਾਂ ਦਾ ਸੋਨਾ-ਚਾਂਦੀ ਨਹੀਂ ਬਚਾ ਪਾਇਆ ਸੀ, ਉੱਦਾਂ ਹੀ “ਯਹੋਵਾਹ ਦੇ ਕਹਿਰ ਦੇ ਦਿਨ ਵਿੱਚ” ਈਸਾਈ-ਜਗਤ ਨੂੰ ਅਤੇ ਬਾਕੀ ਬੁਰੀ ਦੁਨੀਆਂ ਨੂੰ ਵੀ ਉਨ੍ਹਾਂ ਦਾ ਰੁਪਿਆ-ਪੈਸਾ ਨਹੀਂ ਬਚਾ ਪਾਵੇਗਾ। ਫ਼ੈਸਲੇ ਦੇ ਉਸ ਆਖ਼ਰੀ ਦਿਨ ਵਿਚ ਯਹੋਵਾਹ ਬੁਰੇ ਲੋਕਾਂ ਉੱਤੇ ਭਿਆਨਕ ਤਬਾਹੀ ਲਿਆਵੇਗਾ ਅਤੇ “ਸਾਰੀ ਧਰਤੀ” ਯਹੋਵਾਹ ਦੀ ਅਣਖ ਦੀ ਅੱਗ ਨਾਲ ਭਸਮ ਹੋ ਜਾਵੇਗੀ। ਪਰ ਕਿਉਂਜੋ ਅਸੀਂ ਪਰਮੇਸ਼ੁਰ ਦੇ ਅਗੰਮ ਵਾਕ ਉੱਤੇ ਵਿਸ਼ਵਾਸ ਕਰਦੇ ਹਾਂ, ਅਸੀਂ ਜਾਣਦੇ ਹਾਂ ਕਿ ਅਸੀਂ “ਓੜਕ ਦੇ ਸਮੇਂ” ਵਿਚ ਜੀ ਰਹੇ ਹਾਂ। (ਦਾਨੀਏਲ 12:4) ਯਹੋਵਾਹ ਦਾ ਨਿਆਂ ਦਾ ਦਿਨ ਬਹੁਤ ਨੇੜੇ ਹੈ ਅਤੇ ਉਸ ਨੇ ਆਪਣੇ ਦੁਸ਼ਮਣਾਂ ਨੂੰ ਸਜ਼ਾ ਦੇਣੀ ਹੈ। ਲੇਕਿਨ ਸਫ਼ਨਯਾਹ ਦੀ ਭਵਿੱਖਬਾਣੀ ਬਚਣ ਦੀ ਉਮੀਦ ਵੀ ਦਿੰਦੀ ਹੈ। ਤਾਂ ਫਿਰ, ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚੋਂ ਬਚਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਸਫ਼ਨਯਾਹ ਦੀ ਭਵਿੱਖਬਾਣੀ ਯਹੂਦਾਹ ਅਤੇ ਯਰੂਸ਼ਲਮ ਉੱਤੇ ਕਿਸ ਤਰ੍ਹਾਂ ਪੂਰੀ ਹੋਈ ਸੀ?

• ਸਾਡੇ ਜ਼ਮਾਨੇ ਵਿਚ ਈਸਾਈ-ਜਗਤ ਅਤੇ ਦੁਸ਼ਟ ਲੋਕਾਂ ਦਾ ਕੀ ਹੋਣਾ ਹੈ?

• ਸਾਨੂੰ ਇਹ ਕਿਉਂ ਨਹੀਂ ਸੋਚਣਾ ਚਾਹੀਦਾ ਕਿ ਯਹੋਵਾਹ ਦਾ ਨਿਆਂ ਦਾ ਦਿਨ ਹਾਲੇ ਦੂਰ ਹੈ?

[ਸਵਾਲ]

[ਸਫ਼ੇ 13 ਉੱਤੇ ਤਸਵੀਰ]

ਸਫ਼ਨਯਾਹ ਨੇ ਦਲੇਰੀ ਨਾਲ ਐਲਾਨ ਕੀਤਾ ਕਿ ਯਹੋਵਾਹ ਦਾ ਨਿਆਂ ਦਾ ਦਿਨ ਨੇੜੇ ਸੀ

[ਕ੍ਰੈਡਿਟ ਲਾਈਨ]

From the Self-Pronouncing Edition of the Holy Bible, containing the King James and the Revised versions

[ਸਫ਼ੇ 15 ਉੱਤੇ ਤਸਵੀਰ]

ਯਹੂਦਾਹ ਅਤੇ ਯਰੂਸ਼ਲਮ ਉ ਤੇ ਯਹੋਵਾਹ ਦਾ ਦਿਨ ਬਾਬਲੀਆਂ ਦੇ ਹੱਥੀਂ 607 ਸਾ.ਯੁ.ਪੂ. ਵਿਚ ਆਇਆ

[ਸਫ਼ੇ 16 ਉੱਤੇ ਤਸਵੀਰ]

ਕੀ ਤੁਸੀਂ ਬਚਣ ਦੀ ਉਮੀਦ ਰੱਖਦੇ ਹੋ, ਜਦੋਂ ਯਹੋਵਾਹ ਦੁਸ਼ਟ ਲੋਕਾਂ ਦਾ ਨਾਸ਼ ਕਰੇਗਾ?