ਕੀ ਸ਼ਾਂਤੀ ਧਰਮਾਂ ਰਾਹੀਂ ਆਵੇਗੀ?
ਕੀ ਸ਼ਾਂਤੀ ਧਰਮਾਂ ਰਾਹੀਂ ਆਵੇਗੀ?
ਪਿਛਲੇ ਸਾਲ, 28 ਤੋਂ 31 ਅਗਸਤ ਨੂੰ, 73 ਮੁਲਕਾਂ ਤੋਂ 500 ਤੋਂ ਜ਼ਿਆਦਾ ਡੈਲੀਗੇਟ ਨਿਊਯਾਰਕ ਸਿਟੀ ਵਿਚ ਇਕੱਠੇ ਹੋਏ ਸਨ। ਉਹ ਸਾਰੇ ਸੰਯੁਕਤ ਰਾਸ਼ਟਰ-ਸੰਘ ਵਿਖੇ ਇਕ ਖ਼ਾਸ ਸੰਮੇਲਨ ਲਈ ਇਕੱਠੇ ਹੋਏ, ਜਿਸ ਦਾ ਨਾਂ ਸੀ: “ਨਵੇਂ ਯੁਗ ਲਈ ਧਾਰਮਿਕ ਆਗੂਆਂ ਦਾ ਵਿਸ਼ਵ ਸ਼ਾਂਤੀ ਲਈ ਸੰਮੇਲਨ।” ਇਨ੍ਹਾਂ ਆਗੂਆਂ ਵਿੱਚੋਂ ਕਈਆਂ ਨੇ ਪੱਗਾਂ, ਕੇਸਰੀ ਰੰਗੇ ਚੋਗੇ, ਖੰਭਾਂ ਵਾਲੇ ਟੋਪੇ, ਜਾਂ ਕਾਲੇ ਰੰਗ ਦੇ ਲੰਬੇ ਚੋਲੇ ਪਹਿਨੇ ਹੋਏ ਸਨ ਅਤੇ ਉਹ ਕਈਆਂ ਮਜ਼ਹਬਾਂ ਤੋਂ ਸਨ ਜਿਨ੍ਹਾਂ ਵਿਚ ਬਹਾਈ, ਬੁੱਧ, ਹਿੰਦੂ, ਮੁਸਲਮਾਨ, ਜੈਨ, ਸ਼ਿੰਟੋ, ਸਿੱਖ, ਤਾਓ, ਜ਼ਰਤੁਸ਼ਤ, ਅਤੇ ਈਸਾਈ ਧਰਮ ਤੋਂ ਲੋਕ ਵੀ ਸਨ।
ਸੰਮੇਲਨ ਚਾਰ ਦਿਨਾਂ ਲਈ ਸੀ, ਅਤੇ ਡੈਲੀਗੇਟ ਪਹਿਲੇ ਦੋ ਦਿਨਾਂ ਲਈ ਸੰਯੁਕਤ ਰਾਸ਼ਟਰ-ਸੰਘ ਵਿਚ ਮਿਲੇ ਸਨ। ਪਰ ਇਸ ਸੰਮੇਲਨ ਦਾ ਇੰਤਜ਼ਾਮ ਅਤੇ ਖ਼ਰਚਾ ਸੰਯੁਕਤ ਰਾਸ਼ਟਰ-ਸੰਘ ਨੇ ਨਹੀਂ ਪਰ ਕਈਆਂ ਹੋਰ ਸੰਸਥਾਵਾਂ ਨੇ ਕੀਤਾ ਸੀ। ਫਿਰ ਵੀ ਸੰਯੁਕਤ ਰਾਸ਼ਟਰ-ਸੰਘ ਅਤੇ ਧਾਰਮਿਕ ਆਗੂਆਂ ਨੇ ਇਕੱਠੇ ਮਿਲ ਕੇ ਕੰਮ ਕਰਨ ਬਾਰੇ ਭਾਸ਼ਣ ਦਿੱਤੇ। ਉਨ੍ਹਾਂ ਨੇ ਕਿਹਾ ਕਿ ਗ਼ਰੀਬੀ, ਪੱਖਪਾਤ, ਵਾਤਾਵਰਣ ਤੇ ਵਾਯੂਮੰਡਲ ਸੰਬੰਧੀ ਮੁਸ਼ਕਲਾਂ, ਅਤੇ ਸਰਬਨਾਸ਼ ਦੇ ਹਥਿਆਰ ਖ਼ਤਮ ਕਰਨ ਲਈ ਮਿਲ ਕੇ ਕੰਮ ਕਰਨਾ ਬਹੁਤ ਹੀ ਜ਼ਰੂਰੀ ਹੈ।
ਡੈਲੀਗੇਟਾਂ ਨੇ “ਵਿਸ਼ਵ ਸ਼ਾਂਤੀ ਪ੍ਰਤੀ ਵਫ਼ਾਦਾਰੀ” ਨਾਂ ਦੇ ਦਸਤਾਵੇਜ਼ ਤੇ ਦਸਤਖਤ ਕੀਤੇ। ਇਹ ਗੱਲ ਸਵੀਕਾਰ ਕਰਦੇ ਹੋਏ ਕਿ ਹਿੰਸਾ ਅਤੇ ਯੁੱਧ “ਕਈ ਵਾਰ ਧਰਮ ਦੇ ਨਾਂ ਵਿਚ ਕੀਤੇ ਜਾਂਦੇ ਹਨ,” ਦਸਤਖਤ ਕਰਨ ਵਾਲਿਆਂ ਨੇ ਅੱਗੇ ਕਿਹਾ ਕਿ ਉਹ ‘ਸ਼ਾਂਤੀ ਹਾਸਲ ਕਰਨ ਲਈ ਸੰਯੁਕਤ ਰਾਸ਼ਟਰ-ਸੰਘ ਨਾਲ ਇਕੱਠੇ ਮਿਲ ਕੇ ਕੰਮ ਕਰਨਗੇ।’ ਪਰ ਇਸ ਵਾਅਦੇ ਨੂੰ ਪੂਰਾ ਕਰਨ ਲਈ ਕੋਈ ਖ਼ਾਸ ਮਤੇ ਨਹੀਂ ਸਨ।
ਦੂਜੇ ਦਿਨ ਤੇ, ਸੰਮੇਲਨ ਦੇ ਸੈਕਟਰੀ-ਜਨਰਲ, ਬਾਵਾ ਜੈਨ ਨੇ ਆਪਣੇ ਭਾਸ਼ਣ ਦੇ ਅੰਤ ਵਿਚ ਕਿਹਾ ਕਿ ਕੁਝ ਸਾਲ ਪਹਿਲਾਂ ਉਸ ਨੇ ਸੰਯੁਕਤ ਰਾਸ਼ਟਰ-ਸੰਘ ਵਿਚ ਇਕ ਤਸਵੀਰ ਦੇਖੀ ਸੀ। ਇਸ ਤਸਵੀਰ ਵਿਚ ਇਕ ਬੰਦਾ ਸੰਯੁਕਤ ਰਾਸ਼ਟਰ-ਸੰਘ ਨਾਲੋਂ ਵੀ ਲੰਬਾ ਸੀ। ਉਹ ਸੰਯੁਕਤ ਰਾਸ਼ਟਰ-ਸੰਘ ਤੇ ਖਟਖਟਾ ਰਿਹਾ ਸੀ ਜਿਵੇਂ ਕਿ ਉਹ ਇਕ ਦਰਵਾਜ਼ਾ ਸੀ। ਤਸਵੀਰ ਦੇ ਹੇਠ “ਸ਼ਾਂਤੀ ਦਾ ਰਾਜ ਕੁਮਾਰ” ਲਿਖਿਆ ਹੋਇਆ ਸੀ। ਸ਼੍ਰੀਮਾਨ ਜੈਨ ਨੇ ਕਿਹਾ ਕਿ “[ਇਸ ਤਸਵੀਰ] ਨੂੰ ਦੇਖਦੇ ਹੀ ਮੇਰੇ ਉੱਤੇ ਇਸ ਦਾ ਵੱਡਾ ਪ੍ਰਭਾਵ ਪਿਆ। ਮੈਂ ਕਈਆਂ ਨੂੰ ਇਸ ਦੇ ਮਤਲਬ ਬਾਰੇ ਪੁੱਛਿਆ। ਮੇਰੇ ਖ਼ਿਆਲ ਵਿਚ ਅੱਜ ਮੈਨੂੰ ਇਸ ਦਾ ਜਵਾਬ ਮਿਲ ਗਿਆ ਹੈ। ਤੁਹਾਡੇ ਸਾਰਿਆਂ ਦਾ ਇਕੱਠ, ਯਾਨੀ ਦੁਨੀਆਂ ਦੇ ਧਰਮਾਂ ਦੇ ਆਗੂਆਂ ਦਾ ਇਕੱਠ, ਮੈਨੂੰ ਦਿਖਾਉਂਦਾ ਹੈ ਕਿ ਇਹੀ ਹੈ ਸ਼ਾਂਤੀ ਦਾ ਰਾਜ ਕੁਮਾਰ ਜੋ ਸੰਯੁਕਤ ਰਾਸ਼ਟਰ-ਸੰਘ ਦੇ ਦਰਵਾਜ਼ੇ ਤੇ ਖਟਖਟਾ ਰਿਹਾ ਹੈ।”
ਬਾਈਬਲ ਇਸ ਬਾਰੇ ਹੋਰ ਤਰ੍ਹਾਂ ਸਮਝਾਉਂਦੀ ਹੈ। ਉਹ ਦਿਖਾਉਂਦੀ ਹੈ ਕਿ ਸ਼ਾਂਤੀ ਦਾ ਰਾਜ ਕੁਮਾਰ ਯਿਸੂ ਮਸੀਹ ਹੈ। ਉਹ ਦੁਨੀਆਂ ਭਰ ਵਿਚ ਸ਼ਾਂਤੀ ਲਿਆਵੇਗਾ, ਇਸ ਦੁਨੀਆਂ ਦੇ ਰਾਜਨੀਤਿਕ ਜਾਂ ਧਾਰਮਿਕ ਆਗੂਆਂ ਦੇ ਜਤਨਾਂ ਰਾਹੀਂ ਨਹੀਂ ਪਰ ਪਰਮੇਸ਼ੁਰ ਦੇ ਰਾਜ ਰਾਹੀਂ। ਇਹ ਰਾਜ—ਪਰਮੇਸ਼ੁਰ ਦੀ ਸਵਰਗੀ ਸਰਕਾਰ—ਸਾਰੀ ਆਗਿਆਕਾਰ ਮਨੁੱਖਜਾਤੀ ਨੂੰ ਇਕੱਠਾ ਕਰੇਗਾ ਅਤੇ ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਵਾਏਗਾ।—ਯਸਾਯਾਹ 9:6; ਮੱਤੀ 6:9, 10.