Skip to content

Skip to table of contents

“ਧੰਨ ਹੈ ਉਹ ਆਦਮੀ ਜਿਹ ਨੂੰ ਬੁੱਧ ਲੱਭਦੀ ਹੈ”

“ਧੰਨ ਹੈ ਉਹ ਆਦਮੀ ਜਿਹ ਨੂੰ ਬੁੱਧ ਲੱਭਦੀ ਹੈ”

“ਧੰਨ ਹੈ ਉਹ ਆਦਮੀ ਜਿਹ ਨੂੰ ਬੁੱਧ ਲੱਭਦੀ ਹੈ”

ਉਹ ਇਕ ਕਵੀ, ਆਰਕੀਟੈਕਟ, ਅਤੇ ਰਾਜਾ ਸੀ। ਹਰ ਸਾਲ ਉਸ ਦੀ ਆਮਦਨ ਵੀਹ ਕਰੋੜ ਤੋਂ ਉੱਪਰ ਸੀ ਜਿਸ ਕਰਕੇ ਉਹ ਧਰਤੀ ਦੇ ਸਾਰਿਆਂ ਰਾਜਿਆਂ ਨਾਲੋਂ ਅਮੀਰ ਸੀ। ਉਹ ਆਪਣੀ ਬੁੱਧ ਕਰਕੇ ਵੀ ਮਸ਼ਹੂਰ ਸੀ। ਇਕ ਰਾਣੀ ਉਸ ਨੂੰ ਮਿਲਣ ਆਈ ਅਤੇ ਉਸ ਉੱਤੇ ਉਸ ਦੀ ਬੁੱਧ ਦਾ ਇੰਨਾ ਡੂੰਘਾ ਪ੍ਰਭਾਵ ਪਿਆ ਕਿ ਉਸ ਨੇ ਕਿਹਾ: “ਵੇਖੋ ਓਹ ਮੈਨੂੰ ਅੱਧੀਆਂ ਭੀ ਨਹੀਂ ਦੱਸੀਆਂ ਗਈਆਂ। ਤੈਂ ਆਪਣੀ ਬੁੱਧੀ ਤੇ ਨੇਕੀ ਨੂੰ ਜਿਹੜੀ ਮੈਂ ਸੁਣੀ ਆਪਣੀ ਧੁੰਮ ਨਾਲੋਂ ਵਧਾਇਆ ਹੋਇਆ ਹੈ।” (1 ਰਾਜਿਆਂ 10:4-9) ਪ੍ਰਾਚੀਨ ਇਸਰਾਏਲ ਦੇ ਬਾਦਸ਼ਾਹ ਸੁਲੇਮਾਨ ਦਾ ਇਹ ਰੁਤਬਾ ਸੀ।

ਸੁਲੇਮਾਨ ਅਮੀਰ ਸੀ ਅਤੇ ਬੁੱਧੀਮਾਨ ਵੀ। ਇਸ ਲਈ ਉਹ ਫ਼ੈਸਲਾ ਕਰ ਸਕਦਾ ਸੀ ਕਿ ਇਨ੍ਹਾਂ ਦੋਹਾਂ ਵਿੱਚੋਂ ਕਿਹੜੀ ਚੀਜ਼ ਜ਼ਿਆਦਾ ਜ਼ਰੂਰੀ ਹੈ। ਉਸ ਨੇ ਲਿਖਿਆ: “ਧੰਨ ਹੈ ਉਹ ਆਦਮੀ ਜਿਹ ਨੂੰ ਬੁੱਧ ਲੱਭਦੀ ਹੈ, ਅਤੇ ਉਹ ਪੁਰਸ਼ ਜਿਹ ਨੂੰ ਸਮਝ ਪ੍ਰਾਪਤ ਹੁੰਦੀ ਹੈ, ਕਿਉਂ ਜੋ ਉਹ ਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ ਨਾਲੋਂ, ਅਤੇ ਉਹ ਦਾ ਲਾਭ ਚੋਖੇ ਸੋਨੇ ਨਾਲੋਂ ਚੰਗਾ ਹੈ। ਉਹ ਤਾਂ ਲਾਲਾਂ ਨਾਲੋਂ ਵੀ ਅਣਮੁੱਲ ਹੈ, ਅਤੇ ਜਿੰਨੀਆਂ ਵਸਤਾਂ ਦੀ ਤੈਨੂੰ ਲੋਚ ਹੈ ਓਹਨਾਂ ਵਿੱਚੋਂ ਕੋਈ ਵੀ ਉਹ ਦੇ ਤੁੱਲ ਨਹੀਂ।”​—ਕਹਾਉਤਾਂ 3:13-15.

ਪਰ ਬੁੱਧ ਮਿਲਦੀ ਕਿੱਥੋਂ ਹੈ? ਇਹ ਅਮੀਰੀ ਨਾਲੋਂ ਜ਼ਿਆਦਾ ਬਹੁਮੁੱਲੀ ਕਿਉਂ ਹੈ? ਇਸ ਦੀਆਂ ਖੂਬੀਆਂ ਕੀ ਹਨ? ਬਾਈਬਲ ਵਿਚ ਕਹਾਉਤਾਂ ਦੀ ਪੋਥੀ ਦਾ 8ਵਾਂ ਅਧਿਆਇ, ਜਿਸ ਨੂੰ ਸੁਲੇਮਾਨ ਨੇ ਲਿਖਿਆ ਸੀ, ਇਨ੍ਹਾਂ ਸਵਾਲਾਂ ਦੇ ਚੰਗੇ ਅਤੇ ਦਿਲਚਸਪ ਜਵਾਬ ਦਿੰਦਾ ਹੈ। ਉੱਥੇ ਬੁੱਧ ਇਕ ਬੋਲਦੀ-ਚੱਲਦੀ ਚੀਜ਼ ਵਾਂਗ ਦਰਸਾਈ ਗਈ ਹੈ। ਅਤੇ ਬੁੱਧ ਆਪਣੀ ਖਿੱਚ ਅਤੇ ਅਹਿਮੀਅਤ ਖ਼ੁਦ ਜ਼ਾਹਰ ਕਰਦੀ ਹੈ।

“ਉਹ ਹਾਕ ਮਾਰਦੀ ਹੈ”

ਕਹਾਉਤਾਂ ਦਾ 8ਵਾਂ ਅਧਿਆਇ ਸਵਾਲ ਨਾਲ ਸ਼ੁਰੂ ਹੁੰਦਾ ਹੈ: “ਭਲਾ, ਬੁੱਧ ਨਹੀਂ ਪੁਕਾਰਦੀ? ਭਲਾ, ਸਮਝ ਅਵਾਜ਼ ਨਹੀਂ ਮਾਰਦੀ?” ਜੀ ਹਾਂ, ਬੁੱਧ ਅਤੇ ਸਮਝ ਹਾਕਾਂ ਮਾਰਦੀਆਂ ਹਨ, ਪਰ ਕਿਸੇ ਬਦਚਲਣ ਤੀਵੀਂ ਵਾਂਗ ਨਹੀਂ ਜੋ ਲੁਕ-ਲੁਕ ਕੇ ਇਕ ਅੱਲ੍ਹੜ ਨੌਜਵਾਨ ਦੇ ਕੰਨਾਂ ਵਿਚ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀ ਹੈ। (ਕਹਾਉਤਾਂ 7:12) “ਉਹ ਰਾਹ ਦੇ ਲਾਗੇ ਉੱਚੀਂ ਥਾਈਂ, ਅਤੇ ਚੌਰਾਹਿਆਂ ਵਿੱਚ ਖਲੋਂਦੀ ਹੈ। ਫਾਟਕਾਂ ਦੇ ਕੋਲ, ਨਗਰ ਦੇ ਲਾਂਘਿਆਂ ਤੇ, ਅਤੇ ਬੂਹਿਆਂ ਦੇ ਕੋਲ ਉਹ ਹਾਕ ਮਾਰਦੀ ਹੈ।” (ਕਹਾਉਤਾਂ 8:1-3) ਬੁੱਧ ਦੀ ਸਪੱਸ਼ਟ ਅਤੇ ਉੱਚੀ ਆਵਾਜ਼ ਸਾਫ਼-ਸਾਫ਼ ਸੁਣਾਈ ਦਿੰਦੀ ਹੈ—ਫਾਟਕਾਂ ਤੇ, ਚੁਰਾਹਿਆਂ ਵਿਚ, ਅਤੇ ਨਗਰ ਦੇ ਲਾਂਘਿਆਂ ਵਿਚ। ਲੋਕ ਆਸਾਨੀ ਨਾਲ ਇਹ ਆਵਾਜ਼ ਸੁਣ ਕੇ ਇਸ ਦਾ ਕਹਿਣਾ ਮੰਨ ਸਕਦੇ ਹਨ।

ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਧਰਤੀ ਦੇ ਸਾਰਿਆਂ ਲੋਕਾਂ ਨੂੰ ਅੱਜ ਪਰਮੇਸ਼ੁਰੀ ਬੁੱਧ ਮਿਲ ਨਹੀਂ ਸਕਦੀ। ਜਿਹੜੇ ਵੀ ਚਾਹੁੰਦੇ ਹਨ ਉਹ ਇਸ ਨੂੰ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਪੜ੍ਹ ਸਕਦੇ ਹਨ। ਦ ਵਰਲਡ ਬੁੱਕ ਐਨਸਾਈਕਲੋਪੀਡਿਆ ਦੇ ਮੁਤਾਬਕ “ਇਤਿਹਾਸ ਵਿਚ ਬਾਈਬਲ ਸਭ ਤੋਂ ਪੜ੍ਹੀ ਗਈ ਕਿਤਾਬ ਹੈ।” ਉਸ ਵਿਚ ਅੱਗੇ ਲਿਖਿਆ ਹੈ ਕਿ “ਹੋਰ ਕਿਸੇ ਵੀ ਕਿਤਾਬ ਨਾਲੋਂ ਬਾਈਬਲ ਦੀਆਂ ਜ਼ਿਆਦਾ ਕਾਪੀਆਂ ਵੰਡੀਆਂ ਗਈਆਂ ਹਨ। ਅਤੇ ਹੋਰ ਕਿਸੇ ਵੀ ਕਿਤਾਬ ਨਾਲੋਂ ਬਾਈਬਲ ਦਾ ਸਭ ਤੋਂ ਜ਼ਿਆਦਾ ਵਾਰ ਅਤੇ ਸਭ ਤੋਂ ਜ਼ਿਆਦਾ ਬੋਲੀਆਂ ਵਿਚ ਤਰਜਮਾ ਕੀਤਾ ਗਿਆ ਹੈ।” ਪੂਰੀ ਦੀ ਪੂਰੀ ਬਾਈਬਲ ਜਾਂ ਉਸ ਦੇ ਕੁਝ ਹਿੱਸੇ 2,100 ਭਾਸ਼ਾਵਾਂ ਅਤੇ ਬੋਲੀਆਂ ਵਿਚ ਮਿਲ ਸਕਦੇ ਹਨ। ਇਸ ਕਰਕੇ ਧਰਤੀ ਦੇ 90 ਫੀ ਸਦੀ ਤੋਂ ਜ਼ਿਆਦਾ ਲੋਕ ਬਾਈਬਲ ਨੂੰ ਆਪਣੀ ਜ਼ਬਾਨ ਵਿਚ ਪੜ੍ਹ ਸਕਦੇ ਹਨ।

ਯਹੋਵਾਹ ਦੇ ਗਵਾਹ ਬਾਈਬਲ ਦਾ ਸੰਦੇਸ਼ ਹਰ ਜਗ੍ਹਾ ਖੁੱਲ੍ਹੇ-ਆਮ ਐਲਾਨ ਕਰ ਰਹੇ ਹਨ। ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ 235 ਦੇਸ਼ਾਂ ਵਿਚ ਕਰ ਰਹੇ ਹਨ ਅਤੇ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਸਿਖਾ ਰਹੇ ਹਨ। ਉਨ੍ਹਾਂ ਦੇ ਬਾਈਬਲ-ਆਧਾਰਿਤ ਰਸਾਲੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਹਨ। ਪਹਿਲਾ 140 ਭਾਸ਼ਾਵਾਂ ਵਿਚ ਛਾਪਿਆ ਜਾਂਦਾ ਹੈ ਅਤੇ ਦੂਸਰਾ 83 ਭਾਸ਼ਾਵਾਂ ਵਿਚ ਛਾਪਿਆ ਜਾਂਦਾ ਹੈ। ਦੋਹਾਂ ਦੀ 2 ਕਰੋੜ ਤੋਂ ਵੱਧ ਵੰਡਾਈ ਹੁੰਦੀ ਹੈ। ਬੁੱਧ ਸੱਚ-ਮੁੱਚ ਹਰ ਜਗ੍ਹਾ ਹਾਕਾਂ ਮਾਰ ਰਹੀ ਹੈ!

“ਆਦਮ ਵੰਸੀਆਂ ਲਈ ਮੇਰੀ ਅਵਾਜ਼ ਹੈ”

ਬੁੱਧ ਇਸ ਤਰ੍ਹਾਂ ਕਹਿਣਾ ਸ਼ੁਰੂ ਕਰਦੀ ਹੈ: “ਹੇ ਮਨੁੱਖੋ, ਮੈਂ ਤੁਹਾਨੂੰ ਹੀ ਪੁਕਾਰਦੀ ਹਾਂ, ਅਤੇ ਆਦਮ ਵੰਸੀਆਂ ਲਈ ਮੇਰੀ ਅਵਾਜ਼ ਹੈ! ਹੇ ਭੋਲਿਓ, ਹੁਸ਼ਿਆਰੀ ਸਿੱਖੋ, ਅਤੇ ਹੇ ਮੂਰਖੋ, ਤੁਸੀਂ ਮਨ ਵਿੱਚ ਚਤਰ ਬਣੋ!”​—ਕਹਾਉਤਾਂ 8:4, 5.

ਬੁੱਧ ਹਰ ਜਗ੍ਹਾ ਵਿਚ ਸਾਰਿਆਂ ਨੂੰ ਸੱਦਾ ਦਿੰਦੀ ਹੈ। ਭੋਲਿਆਂ ਨੂੰ ਹੁਸ਼ਿਆਰੀ ਅਤੇ ਮੂਰਖਾਂ ਨੂੰ ਚਤਰਾਈ ਸਿੱਖਣ ਲਈ ਬੁਲਾਇਆ ਜਾਂਦਾ ਹੈ। ਦਰਅਸਲ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਬਾਈਬਲ ਤਮਾਮ ਲੋਕਾਂ ਲਈ ਹੈ ਅਤੇ ਉਹ ਪੱਖਪਾਤ ਕੀਤੇ ਬਿਨਾਂ ਕੋਸ਼ਿਸ਼ ਕਰਦੇ ਹਨ ਕਿ ਹਰ ਇਨਸਾਨ ਇਸ ਨੂੰ ਪੜ੍ਹੇ ਅਤੇ ਇਸ ਵਿੱਚੋਂ ਬੁੱਧ ਪਾਵੇ।

“ਮੇਰੀ ਜੀਭ ਸੱਚੋ ਸੱਚ ਆਖੇਗੀ”

ਬੁੱਧ ਇਸ ਤਰ੍ਹਾਂ ਅੱਗੇ ਬੇਨਤੀ ਕਰਦੀ ਹੈ: “ਸੁਣੋ, ਮੈਂ ਉੱਤਮ ਗੱਲਾਂ ਆਖਾਂਗੀ, ਅਤੇ ਮੇਰੇ ਬੁੱਲ੍ਹ ਖਰੀਆਂ ਗੱਲਾਂ ਲਈ ਖੁਲ੍ਹਣਗੇ, ਕਿਉਂ ਜੋ ਮੇਰੀ ਜੀਭ ਸੱਚੋ ਸੱਚ ਆਖੇਗੀ, ਅਤੇ ਮੇਰੇ ਬੁੱਲ੍ਹਾਂ ਨੂੰ ਦੁਸ਼ਟਤਾਈ ਤੋਂ ਘਿਣ ਆਉਂਦੀ ਹੈ। ਮੇਰੇ ਮੂੰਹ ਦੇ ਸਾਰੇ ਬਚਨ ਧਰਮ ਦੇ ਹਨ, ਉਨ੍ਹਾਂ ਵਿੱਚੋਂ ਕੋਈ ਵਿੰਗਾ ਟੇਢਾ ਨਹੀਂ।” ਜੀ ਹਾਂ, ਬੁੱਧ ਦੀ ਤਾਲੀਮ ਉੱਤਮ, ਖਰੀ, ਸੱਚੀ, ਅਤੇ ਧਰਮੀ ਹੈ। ਉਸ ਦੇ ਆਦੇਸ਼ਾਂ ਵਿਚ ਕੁਝ ਵਿੰਗਾ-ਦੇਢਾ ਨਹੀਂ ਹੈ। “ਸਮਝ ਵਾਲੇ ਦੇ ਲਈ ਓਹ ਸੱਭੇ ਸਹਿਜ ਹਨ, ਅਤੇ ਗਿਆਨ ਪ੍ਰਾਪਤ ਕਰਨ ਵਾਲਿਆਂ ਦੇ ਲਈ ਓਹ ਖਰੇ ਹਨ।”​—ਕਹਾਉਤਾਂ 8:6-9.

ਇਸ ਕਰਕੇ ਬੁੱਧ ਅੱਗੇ ਕਹਿੰਦੀ ਹੈ: “ਚਾਂਦੀ ਨਾਲੋਂ ਮੇਰੀ ਸਿੱਖਿਆ ਨੂੰ, ਅਤੇ ਚੋਖੇ ਸੋਨੇ ਨਾਲੋਂ ਗਿਆਨ ਨੂੰ ਗ੍ਰਹਿਣ ਕਰੋ।” ਇਹ ਦਲੀਲ ਸਹੀ ਹੈ, “ਕਿਉਂ ਜੋ ਬੁੱਧ ਲਾਲਾਂ ਨਾਲੋਂ ਵੀ ਉੱਤਮ ਹੈ, ਅਤੇ ਸੱਭੋ ਮਨੋਹਰ ਵਸਤਾਂ ਉਹ ਦੇ ਤੁੱਲ ਨਹੀਂ ਹੁੰਦੀਆਂ।” (ਕਹਾਉਤਾਂ 8:10, 11) ਪਰ ਕਿਉਂ? ਕਿਹੜੀ ਚੀਜ਼ ਬੁੱਧ ਨੂੰ ਅਮੀਰੀ ਨਾਲੋਂ ਬਹੁਮੁੱਲੀ ਬਣਾਉਂਦੀ ਹੈ?

‘ਮੇਰਾ ਫ਼ਲ ਸੋਨੇ ਨਾਲੋਂ ਚੰਗਾ ਹੈ’

ਬੁੱਧ ਦੀਆਂ ਦਾਤਾਂ ਉਸ ਦੇ ਸੁਣਨ ਵਾਲਿਆਂ ਲਈ ਸੋਨੇ, ਚਾਂਦੀ ਜਾਂ ਲਾਲਾਂ ਨਾਲੋਂ ਵੀ ਕੀਮਤੀ ਹਨ। ਅੱਗੇ ਬੁੱਧ ਦੱਸਦੀ ਹੈ ਕਿ ਇਹ ਦਾਤਾਂ ਕੀ ਹਨ: “ਮੈਂ ਬੁੱਧ ਸਿਆਣਪ ਨਾਲ ਵੱਸਦੀ ਹਾਂ, ਅਤੇ ਗਿਆਨ ਤੇ ਸੋਝੀ ਨੂੰ ਮੈਂ ਹੀ ਭਾਲ ਕੇ ਕੱਢਦੀ ਹਾਂ। ਯਹੋਵਾਹ ਦਾ ਭੈ ਬੁਰਿਆਈ ਤੋਂ ਸੂਗ ਕਰਨਾ ਹੈ, ਘੁਮੰਡ, ਹੰਕਾਰ ਅਤੇ ਬੁਰੀ ਚਾਲ ਨਾਲ, ਪੁੱਠੇ ਮੂੰਹ ਨਾਲ ਵੀ ਮੈਂ ਵੈਰ ਰੱਖਦੀ ਹਾਂ।”​—ਕਹਾਉਤਾਂ 8:12, 13.

ਬੁੱਧ ਆਪਣੇ ਮਾਲਕ ਨੂੰ ਸਿਆਣਪ ਅਤੇ ਸੋਝੀ ਦਿੰਦੀ ਹੈ। ਪਰਮੇਸ਼ੁਰੀ ਬੁੱਧ ਵਾਲਾ ਬੰਦਾ ਰੱਬ ਦਾ ਸਤਿਕਾਰ ਵੀ ਕਰਦਾ ਹੈ ਕਿਉਂਕਿ “ਯਹੋਵਾਹ ਦਾ ਭੈ ਬੁੱਧ ਦਾ ਮੁੱਢ ਹੈ।” (ਕਹਾਉਤਾਂ 9:10) ਇਸ ਲਈ ਉਹ ਉਸ ਚੀਜ਼ ਨਾਲ ਨਫ਼ਰਤ ਕਰਦਾ ਹੈ ਜਿਸ ਨਾਲ ਯਹੋਵਾਹ ਨਫ਼ਰਤ ਕਰਦਾ ਹੈ। ਅਜਿਹਾ ਬੰਦਾ ਆਕੜਖਾਨ ਅਤੇ ਅਭਿਮਾਨੀ ਨਹੀਂ ਹੈ, ਅਤੇ ਨਾ ਹੀ ਉਸ ਦਾ ਬੋਲਚਾਲ ਗ਼ਲਤ ਹੈ। ਬੁਰਿਆਈ ਨਾਲ ਨਫ਼ਰਤ ਕਰਨ ਕਰਕੇ ਉਹ ਆਪਣੀ ਤਾਕਤ ਦਾ ਗ਼ਲਤ ਇਸਤੇਮਾਲ ਨਹੀਂ ਕਰਦਾ। ਤਾਂ ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਕਲੀਸਿਯਾ ਦੇ ਜ਼ਿੰਮੇਵਾਰ ਭਰਾ ਅਤੇ ਪਰਿਵਾਰਾਂ ਦੇ ਸਰਦਾਰ ਬੁੱਧ ਨੂੰ ਭਾਲਣ!

“ਮੱਤ ਅਤੇ ਦਨਾਈ ਮੇਰੀ ਹੈ,” ਬੁੱਧ ਅੱਗੇ ਕਹਿੰਦੀ ਹੈ। “ਸਮਝ ਮੈਂ ਹਾਂ, ਸਮਰੱਥਾ ਮੇਰੀ ਹੈ। ਪਾਤਸ਼ਾਹ ਮੇਰੀ ਸਹਾਇਤਾ ਨਾਲ ਪਾਤਸ਼ਾਹੀ ਕਰਦੇ, ਅਤੇ ਹਾਕਮ ਧਰਮ ਦੇ ਹੁਕਮ ਚਲਾਉਂਦੇ ਹਨ। ਮੇਰੇ ਹੀ ਕਾਰਨ ਸਰਦਾਰ ਸਰਦਾਰੀ ਕਰਦੇ ਹਨ, ਨਾਲੇ ਧਰਤੀ ਦੇ ਪਤਵੰਤ ਅਤੇ ਸਾਰੇ ਨਿਆਈ ਵੀ।” (ਕਹਾਉਤਾਂ 8:14-16) ਬੁੱਧ ਦੇ ਫਲ ਸਿਆਣਪ, ਸਮਝ ਅਤੇ ਤਾਕਤ ਹਨ, ਜਿਨ੍ਹਾਂ ਚੀਜ਼ਾਂ ਦੀ ਪਾਤਸ਼ਾਹਾਂ, ਹਾਕਮਾਂ ਅਤੇ ਸਰਦਾਰਾਂ ਨੂੰ ਬਹੁਤ ਜ਼ਰੂਰਤ ਹੈ। ਜਿਨ੍ਹਾਂ ਕੋਲ ਜ਼ਿੰਮੇਵਾਰੀਆਂ ਹਨ ਅਤੇ ਦੂਸਰਿਆਂ ਨੂੰ ਸਲਾਹ ਦਿੰਦੇ ਹਨ, ਉਨ੍ਹਾਂ ਲਈ ਬੁੱਧ ਬਹੁਤ ਜ਼ਰੂਰੀ ਹੈ।

ਇਹ ਗੱਲ ਸੱਚ ਹੈ ਕਿ ਬੁੱਧ ਸਾਰਿਆਂ ਨੂੰ ਆਸਾਨੀ ਨਾਲ ਮਿਲ ਸਕਦੀ ਹੈ, ਪਰ ਇਹ ਸਾਰਿਆਂ ਨੂੰ ਮਿਲਦੀ ਨਹੀਂ। ਕਈ ਇਸ ਨੂੰ ਰੱਦ ਕਰਦੇ ਹਨ, ਭਾਵੇਂ ਉਹ ਉਨ੍ਹਾਂ ਦੇ ਸਾਮ੍ਹਣੇ ਕਿਉਂ ਨਾ ਖੜ੍ਹੀ ਹੋਵੇ। “ਜਿਹੜੇ ਮੇਰੇ ਨਾਲ ਪ੍ਰੀਤ ਲਾਉਂਦੇ ਹਨ ਉਨ੍ਹਾਂ ਨਾਲ ਮੈਂ ਵੀ ਪ੍ਰੀਤ ਲਾਉਂਦੀ ਹਾਂ,” ਬੁੱਧ ਕਹਿੰਦੀ ਹੈ, “ਅਤੇ ਜਿਹੜੇ ਮਨੋਂ ਲਾ ਕੇ ਮੈਨੂੰ ਭਾਲਦੇ ਹਨ ਓਹ ਮੈਨੂੰ ਲੱਭ ਲੈਣਗੇ।” (ਕਹਾਉਤਾਂ 8:17) ਬੁੱਧ ਸਿਰਫ਼ ਉਨ੍ਹਾਂ ਨੂੰ ਹਾਸਲ ਹੁੰਦੀ ਹੈ ਜੋ ਉਸ ਨੂੰ ਦਿਲੋਂ-ਮਨੋਂ ਭਾਲਦੇ ਹਨ।

ਬੁੱਧ ਦੇ ਰਾਹ ਈਮਾਨਦਾਰ ਅਤੇ ਧਰਮੀ ਹਨ। ਉਹ ਆਪਣੇ ਭਾਲਣ ਵਾਲਿਆਂ ਨੂੰ ਖਾਲੀ ਹੱਥ ਨਹੀਂ ਛੱਡਦੀ। ਉਹ ਕਹਿੰਦੀ ਹੈ: “ਧਨ ਅਤੇ ਆਦਰ ਮੇਰੇ ਹੱਥ ਵਿੱਚ ਹਨ, ਸਗੋਂ ਸਦੀਪਕ ਧਨ ਤੇ ਧਰਮ ਵੀ। ਮੇਰਾ ਫ਼ਲ ਸੋਨੇ ਸਗੋਂ ਚੋਖੇ ਸੋਨੇ ਨਾਲੋਂ ਚੰਗਾ ਹੈ, ਅਤੇ ਮੇਰੀ ਪ੍ਰਾਪਤੀ ਉੱਤਮ ਚਾਂਦੀ ਨਾਲੋਂ। ਮੈਂ ਧਰਮ ਦੇ ਮਾਰਗ ਵਿੱਚ, ਅਤੇ ਨਿਆਉਂ ਦੇ ਪਹਿਆਂ ਦੇ ਵਿਚਕਾਰ ਤੁਰਦੀ ਹਾਂ, ਤਾਂ ਜੋ ਆਪਣੇ ਪ੍ਰੇਮੀਆਂ ਨੂੰ ਧਨ ਦੇ ਵਾਰਸ ਬਣਾਵਾਂ, ਅਤੇ ਉਨ੍ਹਾਂ ਦੇ ਖ਼ਜ਼ਾਨੇ ਭਰ ਦਿਆਂ।”​—ਕਹਾਉਤਾਂ 8:18-21.

ਹੁਸ਼ਿਆਰੀ, ਸੋਝੀ, ਨਿਮਰਤਾ, ਸਿਆਣਪ, ਅਕਲਮੰਦੀ, ਅਤੇ ਸਮਝਦਾਰੀ ਵਰਗੇ ਸਦਗੁਣਾਂ ਤੋਂ ਇਲਾਵਾ ਬੁੱਧ ਦੀਆਂ ਦਾਤਾਂ ਵਿਚ ਅਮੀਰੀ ਅਤੇ ਇੱਜ਼ਤ ਵੀ ਸ਼ਾਮਲ ਹਨ। ਇਕ ਬੁੱਧੀਮਾਨ ਬੰਦਾ ਧਰਮੀ ਤਰੀਕਿਆਂ ਨਾਲ ਵੀ ਅਮੀਰੀ ਹਾਸਲ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਉਹ ਰੂਹਾਨੀ ਤੌਰ ਤੇ ਵੀ ਠੀਕ ਰਹਿੰਦਾ ਹੈ। (3 ਯੂਹੰਨਾ 2) ਬੁੱਧ ਬੰਦੇ ਨੂੰ ਇੱਜ਼ਤ ਵੀ ਲਿਆਉਂਦੀ ਹੈ। ਇਸ ਤੋਂ ਇਲਾਵਾ ਉਸ ਨੂੰ ਆਪਣੀਆਂ ਪ੍ਰਾਪਤੀਆਂ ਤੋਂ ਖ਼ੁਸ਼ੀ ਅਤੇ ਮਨ ਦੀ ਸ਼ਾਂਤੀ ਮਿਲਦੀ ਹੈ, ਅਤੇ ਪਰਮੇਸ਼ੁਰ ਸਾਮ੍ਹਣੇ ਉਸ ਦੀ ਜ਼ਮੀਰ ਸ਼ੁੱਧ ਰਹਿੰਦੀ ਹੈ। ਜੀ ਹਾਂ ਜਿਸ ਬੰਦੇ ਨੇ ਬੁੱਧ ਹਾਸਲ ਕੀਤੀ ਹੈ ਉਹ ਧੰਨ ਹੁੰਦਾ ਹੈ। ਬੁੱਧ ਦੇ ਫਲ ਸੱਚ-ਮੁੱਚ ਚੋਖੇ ਸੋਨੇ ਅਤੇ ਉੱਤਮ ਚਾਂਦੀ ਨਾਲੋਂ ਚੰਗੇ ਹਨ।

ਇਹ ਸਲਾਹ ਸਾਨੂੰ ਕਿੰਨੇ ਵੇਲੇ ਸਿਰ ਮਿਲ ਰਹੀ ਹੈ ਕਿਉਂਕਿ ਅਸੀਂ ਅਜਿਹੀ ਦੁਨੀਆਂ ਵਿਚ ਜੀ ਰਹੇ ਹਾਂ ਜਿੱਥੇ ਲੋਕ ਕਿਸੇ ਵੀ ਕੀਮਤ ਤੇ ਅਮੀਰੀ ਅਤੇ ਨਵੀਆਂ-ਨਵੀਆਂ ਚੀਜ਼ਾਂ ਹਾਸਲ ਕਰਨ ਨੂੰ ਸਭ ਕੁਝ ਸਮਝਦੇ ਹਨ! ਸਾਡੀ ਦੁਆ ਹੈ ਕਿ ਅਸੀਂ ਕਦੇ ਵੀ ਬੁੱਧ ਦੇ ਫ਼ਾਇਦਿਆਂ ਨੂੰ ਨਾ ਭੁੱਲੀਏ ਅਤੇ ਅਮੀਰੀ ਹਾਸਲ ਕਰਨ ਲਈ ਬੁਰੇ ਅਤੇ ਗ਼ਲਤ ਤਰੀਕੇ ਨਾ ਵਰਤੀਏ। ਆਓ ਆਪਾਂ ਅਮੀਰੀ ਹਾਸਲ ਕਰਨ ਲਈ ਕਦੇ ਵੀ ਬੁੱਧ ਹਾਸਲ ਕਰਨ ਦੇ ਪ੍ਰਬੰਧਾਂ ਬਾਰੇ ਲਾਪਰਵਾਹ ਨਾ ਹੋਈਏ। ਇਹ ਪ੍ਰਬੰਧ ਕੀ ਹਨ? ਇਹ ਮਸੀਹੀ ਮੀਟਿੰਗਾਂ ਹਨ ਅਤੇ ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਤਿਆਰ ਕੀਤੇ ਗਏ ਸਾਹਿੱਤ ਦੀ ਨਿੱਜੀ ਤੌਰ ਤੇ ਸਟੱਡੀ ਕਰਨੀ ਹੈ।​—ਮੱਤੀ 24:45-47.

‘ਆਦ ਤੋਂ ਹੀ ਮੈਂ ਥਾਪੀ ਗਈ’

ਕਹਾਉਤਾਂ ਦੇ 8ਵੇਂ ਅਧਿਆਇ ਵਿਚ ਬੁੱਧ ਨੂੰ ਕਈਆਂ ਖੂਬੀਆਂ ਵਾਲੇ ਗੁਣ ਵਜੋਂ ਸਮਝਾਉਣ ਨਾਲੋਂ ਕੁਝ ਜ਼ਿਆਦਾ ਦੱਸਿਆ ਗਿਆ ਹੈ। ਉਸ ਵਿਚ ਬੁੱਧ ਯਹੋਵਾਹ ਦੀ ਸਭ ਤੋਂ ਅਹਿਮ ਸ੍ਰਿਸ਼ਟੀ ਨੂੰ ਵੀ ਦਰਸਾਉਂਦੀ ਹੈ। ਬੁੱਧ ਅੱਗੇ ਕਹਿੰਦੀ ਹੈ: “ਯਹੋਵਾਹ ਨੇ ਆਪਣੇ ਕੰਮ ਦੇ ਅਰੰਭ ਵਿੱਚ, ਸਗੋਂ ਆਪਣੇ ਪਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ। ਆਦ ਤੋਂ ਸਗੋਂ ਮੁੱਢੋਂ ਹੀ ਮੈਂ ਥਾਪੀ ਗਈ, ਧਰਤੀ ਦੇ ਹੋਣ ਤੋਂ ਪਹਿਲਾਂ। ਜਿਸ ਵੇਲੇ ਡੁੰਘਿਆਈਆਂ ਨਹੀਂ ਸਨ ਮੈਂ ਪੈਦਾ ਹੋਈ, ਜਦ ਵਗਦੇ ਸੋਤੇ ਨਹੀਂ ਸਨ। ਪਹਾੜਾਂ ਦੇ ਰੱਖਣ ਤੋਂ ਪਹਿਲਾਂ, ਅਤੇ ਪਹਾੜੀਆਂ ਤੋਂ ਪਹਿਲਾਂ ਮੈਂ ਪੈਦਾ ਹੋਈ। ਜਦੋਂ ਉਹ ਨੇ ਨਾ ਧਰਤੀ ਨਾ ਮੈਦਾਨ, ਨਾ ਜਗਤ ਦੀ ਪਹਿਲੀ ਧੂੜ ਹੀ ਬਣਾਈ ਸੀ।”​—ਕਹਾਉਤਾਂ 8:22-26.

ਬੁੱਧ ਦਾ ਇਹ ਵਰਣਨ ਬਾਈਬਲ ਵਿਚ “ਸ਼ਬਦ” ਦੇ ਵਰਣਨ ਨਾਲ ਕਿੰਨੀ ਚੰਗੀ ਤਰ੍ਹਾਂ ਮਿਲਦਾ ਹੈ! “ਆਦ ਵਿੱਚ ਸ਼ਬਦ ਸੀ,” ਯੂਹੰਨਾ ਰਸੂਲ ਨੇ ਲਿਖਿਆ, “ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ।” (ਯੂਹੰਨਾ 1:1) ਹਾਂ ਕਹਾਉਤਾਂ ਵਿਚ ਬੁੱਧ ਯਿਸੂ ਮਸੀਹ ਨੂੰ ਇਨਸਾਨ ਦੇ ਰੂਪ ਵਿਚ ਧਰਤੀ ਉੱਤੇ ਆਉਣ ਤੋਂ ਪਹਿਲਾਂ ਦਰਸਾਉਂਦੀ ਹੈ। *

ਯਿਸੂ ਮਸੀਹ “ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ। ਕਿਉਂ ਜੋ ਅਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ, ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ।” (ਕੁਲੁੱਸੀਆਂ 1:15, 16) “ਜਦ ਉਹ [ਯਹੋਵਾਹਨੇ ਅਕਾਸ਼ ਕਾਇਮ ਕੀਤੇ, ਮੈਂ ਉੱਥੇ ਸਾਂ,” ਬੁੱਧ ਅੱਗੇ ਕਹਿੰਦੀ ਹੈ, “ਜਦ ਡੁੰਘਿਆਈ ਉੱਤੇ ਮੰਡਲ ਠਹਿਰਾਇਆ। ਜਦ ਉਹ ਨੇ ਬੱਦਲਾਂ ਨੂੰ ਉੱਪਰੋਂ ਇਸਥਿਰ ਕੀਤਾ, ਅਤੇ ਡੁੰਘਿਆਈ ਦੇ ਚਸ਼ਮੇ ਤਕੜੇ ਕੀਤੇ, ਜਦ ਉਹ ਨੇ ਸਮੁੰਦਰ ਦੇ ਬੰਨੇ ਠਹਿਰਾਏ, ਭਈ ਪਾਣੀ ਉਹ ਦੇ ਹੁਕਮੋਂ ਬਾਹਰ ਨਾ ਜਾਵੇ, ਜਦ ਉਹ ਨੇ ਧਰਤੀ ਦੀਆਂ ਨੀਹਾਂ ਠਹਿਰਾਈਆਂ, ਤਦ ਮੈਂ ਰਾਜ ਮਿਸਤਰੀ ਦੇ ਸਮਾਨ ਉਹ ਦੇ ਨਾਲ ਹੈਸਾਂ, ਮੈਂ ਨਿੱਤ ਉਹ ਨੂੰ ਰਿਝਾਉਂਦੀ ਤੇ ਸਦਾ ਉਹ ਦੇ ਅੱਗੇ ਖੇਡਦੀ ਰਹਿੰਦੀ, ਮੈਂ ਉਹ ਦੀ ਵਸਾਈ ਹੋਈ ਧਰਤੀ ਉੱਤੇ ਖੇਡਦੀ ਰਹਿੰਦੀ, ਅਤੇ ਆਦਮ ਵੰਸੀਆਂ ਨਾਲ ਪਰਸੰਨ ਹੁੰਦੀ ਸਾਂ।” (ਕਹਾਉਤਾਂ 8:27-31) ਯਹੋਵਾਹ ਦਾ ਜੇਠਾ ਪੁੱਤਰ ਜੋਸ਼ ਨਾਲ ਆਪਣੇ ਪਿਤਾ, ਯਾਨੀ ਧਰਤੀ ਅਤੇ ਆਕਾਸ਼ ਦੇ ਸਿਰਜਣਹਾਰ ਦੇ ਨਾਲ-ਨਾਲ ਕੰਮ ਕਰਦਾ ਸੀ। ਜਦੋਂ ਯਹੋਵਾਹ ਨੇ ਪਹਿਲੇ ਆਦਮੀ ਨੂੰ ਰਚਿਆ ਸੀ, ਤਾਂ ਉਸ ਦੇ ਪੁੱਤਰ ਨੇ ਉਸ ਦੇ ਨਾਲ ਰਾਜ ਮਿਸਤਰੀ ਵਾਂਗ ਇਸ ਕੰਮ ਵਿਚ ਹਿੱਸਾ ਲਿਆ ਸੀ। (ਉਤਪਤ 1:26) ਫਿਰ ਇਸ ਵਿਚ ਕੋਈ ਹੈਰਾਨੀ ਨਹੀਂ ਕਿ ਪਰਮੇਸ਼ੁਰ ਦਾ ਪੁੱਤਰ ਮਾਨਵਜਾਤੀ ਵਿਚ ਇੰਨੀ ਦਿਲਚਸਪੀ ਲੈਂਦਾ ਹੈ ਅਤੇ ਉਨ੍ਹਾਂ ਦਾ ਇੰਨਾ ਚਾਹਵਾਨ ਵੀ ਹੈ!

“ਧੰਨ ਹੈ ਉਹ ਆਦਮੀ ਜੋ ਮੇਰੀ ਸੁਣਦਾ ਹੈ”

ਬੁੱਧ ਦੇ ਰੂਪ ਵਿਚ ਪਰਮੇਸ਼ੁਰ ਦਾ ਪੁੱਤਰ ਕਹਿੰਦਾ ਹੈ: “ਸੋ ਹੁਣ, ਹੇ ਮੇਰੇ ਪੁੱਤ੍ਰੋ, ਤੁਸੀਂ ਮੇਰੀ ਸੁਣੋ, ਕਿਉਂ ਜੋ ਧੰਨ ਓਹ ਹਨ ਜਿਹੜੇ ਮੇਰੇ ਰਾਹਾਂ ਦੀ ਪਾਲਨਾ ਕਰਦੇ ਹਨ। ਸਿੱਖਿਆ ਨੂੰ ਸੁਣੋ ਤੇ ਬੁੱਧਵਾਨ ਬਣੋ, ਅਤੇ ਉਸ ਤੋਂ ਮੂੰਹ ਨਾ ਮੋੜੋ। ਧੰਨ ਹੈ ਉਹ ਆਦਮੀ ਜੋ ਮੇਰੀ ਸੁਣਦਾ ਹੈ, ਜੋ ਮੇਰੇ ਬੂਹਿਆਂ ਉੱਤੇ ਨਿੱਤ ਉਡੀਕ ਕਰਦਾ, ਅਤੇ ਮੇਰੇ ਦਰਵੱਜਿਆਂ ਦੀਆਂ ਚੁਗਾਠਾਂ ਕੋਲ ਰਾਖੀ ਕਰਦਾ ਹੈ। ਜਿਹੜਾ ਮੈਨੂੰ ਲੱਭਦਾ ਹੈ, ਉਹ ਜੀਉਣ ਲੱਭਦਾ ਹੈ, ਅਤੇ ਯਹੋਵਾਹ ਤੋਂ ਕਿਰਪਾ ਪਾਵੇਗਾ। ਪਰ ਜੋ ਮੇਰਾ ਪਾਪ ਕਰਦਾ ਹੈ ਉਹ ਆਪਣੀ ਜਾਨ ਦਾ ਨੁਕਸਾਨ ਕਰਦਾ ਹੈ, ਜਿੰਨੇ ਮੇਰੇ ਨਾਲ ਵੈਰ ਰੱਖਦੇ ਹਨ ਓਹ ਮੌਤ ਨਾਲ ਪ੍ਰੀਤ ਲਾਉਂਦੇ ਹਨ!”​—ਕਹਾਉਤਾਂ 8:32-36.

ਯਿਸੂ ਮਸੀਹ ਤਾਂ ਪਰਮੇਸ਼ੁਰ ਦੀ ਬੁੱਧ ਦਾ ਸਾਕਾਰ ਰੂਪ ਹੈ। ‘ਉਹ ਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖ਼ਜ਼ਾਨੇ ਗੁਪਤ ਹਨ।’ (ਕੁਲੁੱਸੀਆਂ 2:3) ਤਾਂ ਫਿਰ, ਆਓ ਆਪਾਂ ਉਸ ਦੀ ਗੱਲ ਧਿਆਨ ਨਾਲ ਸੁਣੀਏ ਅਤੇ ਉਸ ਦੀ ਪੈੜ ਉੱਤੇ ਤੁਰੀਏ। (1 ਪਤਰਸ 2:21) ਉਸ ਨੂੰ ਠੁਕਰਾਉਣ ਨਾਲ ਸਾਡੀ ਜਾਨ ਨੂੰ ਖ਼ਤਰਾ ਹੁੰਦਾ ਹੈ ਅਤੇ ਅਸੀਂ ਮੌਤ ਦੇ ਪ੍ਰੇਮੀ ਬਣ ਜਾਂਦੇ ਹਾਂ ਕਿਉਂਕਿ “ਕਿਸੇ ਦੂਏ ਤੋਂ ਮੁਕਤੀ ਨਹੀਂ।” (ਰਸੂਲਾਂ ਦੇ ਕਰਤੱਬ 4:12) ਸੱਚ-ਮੁੱਚ ਸਾਨੂੰ ਯਿਸੂ ਨੂੰ ਪਰਮੇਸ਼ੁਰ ਦੇ ਉਸ ਪ੍ਰਬੰਧ ਵਜੋਂ ਕਬੂਲ ਕਰਨਾ ਚਾਹੀਦਾ ਹੈ ਜਿਸ ਰਾਹੀਂ ਸਾਨੂੰ ਨਿਸਤਾਰਾ ਮਿਲ ਸਕਦਾ ਹੈ। (ਮੱਤੀ 20:28; ਯੂਹੰਨਾ 3:16) ਇਸ ਤਰ੍ਹਾਂ ਸਾਨੂੰ ਉਹ ਖ਼ੁਸ਼ੀ ਮਿਲੇਗੀ ਜੋ ‘ਜੀਉਣ ਲੱਭਣ ਅਤੇ ਯਹੋਵਾਹ ਤੋਂ ਕਿਰਪਾ ਪਾਉਣ’ ਨਾਲ ਮਿਲਦੀ ਹੈ।

[ਫੁਟਨੋਟ]

^ ਪੈਰਾ 25 “ਬੁੱਧ” ਲਈ ਇਬਰਾਨੀ ਅਤੇ ਪੰਜਾਬੀ ਸ਼ਬਦ ਇਸਤਰੀ-ਲਿੰਗ ਵਿਚ ਹੈ, ਪਰ ਪਰਮੇਸ਼ੁਰ ਦੇ ਪੁੱਤਰ ਨੂੰ ਇਸ ਤਰ੍ਹਾਂ ਦਰਸਾਉਣਾ ਗ਼ਲਤ ਨਹੀਂ ਹੈ। “ਪ੍ਰੇਮ” ਲਈ ਯੂਨਾਨੀ ਸ਼ਬਦ ਵੀ ਇਸਤਰੀ-ਲਿੰਗ ਵਿਚ ਹੈ, ਜੋ ਇਸ ਵਾਕ ਵਿਚ ਇਸਤੇਮਾਲ ਕੀਤਾ ਗਿਆ ਹੈ: “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਫਿਰ ਵੀ, ਇੱਥੇ ਪਰਮੇਸ਼ੁਰ ਬਾਰੇ ਗੱਲ ਕਰਨ ਵਾਸਤੇ ਇਹ ਵਰਤਿਆ ਗਿਆ ਹੈ।

[ਸਫ਼ੇ 26 ਉੱਤੇ ਤਸਵੀਰਾਂ]

ਜਿਨ੍ਹਾਂ ਕੋਲ ਜ਼ਿੰਮੇਵਾਰੀਆਂ ਹਨ ਉਨ੍ਹਾਂ ਲਈ ਬੁੱਧ ਬਹੁਤ ਜ਼ਰੂਰੀ ਹੈ

[ਸਫ਼ੇ 27 ਉੱਤੇ ਤਸਵੀਰਾਂ]

ਬੁੱਧ ਹਾਸਲ ਕਰਨ ਦੇ ਪ੍ਰਬੰਧਾਂ ਬਾਰੇ ਲਾਪਰਵਾਹ ਨਾ ਬਣੋ