ਪੌਲੁਸ ਦੁਆਰਾ ਲੋੜਵੰਦ ਭਰਾਵਾਂ ਲਈ ਚੰਦਾ ਇਕੱਠਾ ਕਰਨ ਦਾ ਪ੍ਰਬੰਧ
ਪੌਲੁਸ ਦੁਆਰਾ ਲੋੜਵੰਦ ਭਰਾਵਾਂ ਲਈ ਚੰਦਾ ਇਕੱਠਾ ਕਰਨ ਦਾ ਪ੍ਰਬੰਧ
ਸੱਚੇ ਮਸੀਹੀਆਂ ਲਈ ਰੂਹਾਨੀ ਚੀਜ਼ਾਂ ਸਭ ਤੋਂ ਪਹਿਲੀ ਜਗ੍ਹਾ ਤੇ ਹਨ। ਫਿਰ ਵੀ ਉਹ ਦੂਸਰਿਆਂ ਦੀਆਂ ਸਰੀਰਕ ਜ਼ਰੂਰਤਾਂ ਨੂੰ ਵੀ ਮਹੱਤਵਪੂਰਣ ਸਮਝਦੇ ਹਨ। ਕਈ ਵਾਰ ਉਨ੍ਹਾਂ ਨੇ ਤੰਗੀਆਂ ਕੱਟਣ ਵਾਲਿਆਂ ਦੀ ਮਦਦ ਕੀਤੀ ਹੈ। ਇਕ ਦੂਸਰੇ ਨਾਲ ਪਿਆਰ ਕਰਨ ਕਰਕੇ ਉਹ ਆਪਣੇ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ।—ਯੂਹੰਨਾ 13:34, 35.
ਅਜਿਹੇ ਪਿਆਰ ਕਰਕੇ ਪੌਲੁਸ ਰਸੂਲ ਨੇ ਅਖਾਯਾ, ਗਲਾਤਿਯਾ, ਮਕਦੂਨਿਯਾ, ਅਤੇ ਏਸ਼ੀਆ ਦੀਆਂ ਕਲੀਸਿਯਾਵਾਂ ਵਿਚ ਚੰਦਾ ਇਕੱਠਾ ਕਰਨਾ ਸ਼ੁਰੂ ਕੀਤਾ ਸੀ। ਇਸ ਦੀ ਜ਼ਰੂਰਤ ਕਿਉਂ ਪਈ ਸੀ? ਸਹਾਇਤਾ ਦੇ ਪ੍ਰਬੰਧ ਦਾ ਇੰਤਜ਼ਾਮ ਕਿਸ ਤਰ੍ਹਾਂ ਕੀਤਾ ਗਿਆ ਸੀ? ਇਸ ਇੰਤਜ਼ਾਮ ਵਿਚ ਹਿੱਸਾ ਲੈਣ ਵਾਲਿਆਂ ਨੇ ਕੀ-ਕੀ ਕੀਤਾ ਸੀ? ਇਸ ਪੁਰਾਣੀ ਘਟਨਾ ਵਿਚ ਸਾਨੂੰ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?
ਯਰੂਸ਼ਲਮ ਦੀ ਕਲੀਸਿਯਾ ਦੀ ਹਾਲਤ
ਬਾਹਰੋਂ ਆਏ ਯਹੂਦੀ ਅਤੇ ਨਵਧਰਮੀ ਲੋਕ ਜਿਹੜੇ ਪੰਤੇਕੁਸਤ 33 ਸਾ.ਯੁ. ਨੂੰ ਮਸੀਹ ਦੇ ਚੇਲੇ ਬਣੇ ਸਨ, ਸੱਚਾਈ ਬਾਰੇ ਹੋਰ ਸਿੱਖਣ ਲਈ ਕੁਝ ਦੇਰ ਯਰੂਸ਼ਲਮ ਵਿਚ ਰਹੇ। ਜ਼ਰੂਰਤ ਪੈਣ ਤੇ ਯਰੂਸ਼ਲਮ ਦੇ ਭੈਣਾਂ-ਭਰਾਵਾਂ ਨੇ ਗੁਜ਼ਾਰਾ ਤੋਰਨ ਵਿਚ ਉਨ੍ਹਾਂ ਦੀ ਮਦਦ ਕੀਤੀ। (ਰਸੂਲਾਂ ਦੇ ਕਰਤੱਬ 2:7-11, 41-44; 4:32-37) ਸਮਾਜਕ ਅਸ਼ਾਂਤੀ ਕਰਕੇ ਵੀ ਸ਼ਾਇਦ ਸਹਾਇਤਾ ਦੀ ਲੋੜ ਪਈ ਹੋਵੇ ਕਿਉਂਕਿ ਯਹੂਦੀ ਦੇਸ਼-ਭਗਤਾਂ ਨੇ ਬਗਾਵਤ ਅਤੇ ਦੰਗੇ-ਫ਼ਸਾਦ ਭੜਕਾਏ ਸਨ। ਵਿਧਵਾਵਾਂ ਨੂੰ ਰੋਜ਼ ਰੋਟੀ ਵੰਡੀ ਜਾਂਦੀ ਸੀ ਤਾਂਕਿ ਯਿਸੂ ਦੇ ਚੇਲਿਆਂ ਵਿੱਚੋਂ ਕੋਈ ਜਣਾ ਭੁੱਖਾ ਨਾ ਰਹੇ। (ਰਸੂਲਾਂ ਦੇ ਕਰਤੱਬ 6:1-6) ਰਾਜਾ ਹੇਰੋਦੇਸ ਕਲੀਸਿਯਾ ਨੂੰ ਸਤਾਉਂਦਾ ਸੀ ਅਤੇ ਲਗਭਗ 45 ਸਾ.ਯੁ. ਵਿਚ ਯਹੂਦਿਯਾ ਵੱਡੇ ਕਾਲ ਦੇ ਪੰਜੇ ਵਿਚ ਸੀ। ਜਿੱਥੋਂ ਤਕ ਯਿਸੂ ਦੇ ਚੇਲਿਆਂ ਦੀ ਗੱਲ ਸੀ, ਪੌਲੁਸ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਕਰਕੇ ਉਨ੍ਹਾਂ ਨੂੰ ‘ਦੁੱਖ’ ਪਹੁੰਚਿਆ, ਉਨ੍ਹਾਂ ਉੱਤੇ “ਬਿਪਤਾ” ਆਈ ਅਤੇ ‘ਉਨ੍ਹਾਂ ਦਾ ਧਨ ਲੁੱਟਿਆ ਗਿਆ।’—ਇਬਰਾਨੀਆਂ 10:32-34; ਰਸੂਲਾਂ ਦੇ ਕਰਤੱਬ 11:27–12:1.
ਤਕਰੀਬਨ 49 ਸਾ.ਯੁ. ਤਕ ਹਾਲਾਤ ਇਸੇ ਤਰ੍ਹਾਂ ਗੰਭੀਰ ਰਹੇ। ਇਸ ਲਈ ਪਤਰਸ, ਯਾਕੂਬ, ਅਤੇ ਯੂਹੰਨਾ ਨੇ ਪੌਲੁਸ ਨੂੰ ਗ਼ੈਰ-ਯਹੂਦੀਆਂ ਕੋਲ ਭੇਜਣ ਲਈ ਸਹਿਮਤ ਹੋਣ ਤੋਂ ਬਾਅਦ ਉਸ ਨੂੰ ਕਿਹਾ ਕਿ ‘ਗਰੀਬਾਂ ਨੂੰ ਚੇਤੇ ਰੱਖੀਂ।’ ਪੌਲੁਸ ਨੇ ਇਹੋ ਕਰਨ ਦੀ ਕੋਸ਼ਿਸ਼ ਕੀਤੀ।—ਗਲਾਤੀਆਂ 2:7-10.
ਚੰਦੇ ਦਾ ਪ੍ਰਬੰਧ
ਪੌਲੁਸ ਨੇ ਯਹੂਦਿਯਾ ਦੇ ਗ਼ਰੀਬ ਮਸੀਹੀਆਂ ਲਈ ਚੰਦਾ ਇਕੱਠਾ ਕਰਨ ਦੇ ਪ੍ਰਬੰਧ ਦੀ ਨਿਗਰਾਨੀ ਕੀਤੀ ਸੀ। ਤਕਰੀਬਨ 55 ਸਾ.ਯੁ. ਵਿਚ ਉਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਲਿਖਿਆ: “ਉਸ ਚੰਦੇ ਦੇ ਵਿਖੇ ਜਿਹੜਾ ਸੰਤਾਂ ਲਈ ਹੈ ਜਿਵੇਂ ਮੈਂ ਗਲਾਤਿਯਾ ਦੀਆਂ ਕਲੀਸਿਯਾਂ ਨੂੰ ਆਗਿਆ ਦਿੱਤੀ ਸੀ ਤਿਵੇਂ ਤੁਸੀਂ ਵੀ ਕਰੋ। ਹਰ ਹਫਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੀ ਉਕਾਤ ਅਨੁਸਾਰ ਵੱਖ ਕਰ ਕੇ ਆਪਣੇ ਕੋਲ ਰੱਖ ਛੱਡੇ . . . [ਫਿਰ] ਜਿਨ੍ਹਾਂ ਨੂੰ ਤੁਸੀਂ ਪਰਵਾਨ ਕਰੋ ਓਹਨਾਂ ਨੂੰ ਮੈਂ ਚਿੱਠੀਆਂ ਦੇ ਕੇ ਘੱਲਾਂਗਾ ਭਈ ਤੁਹਾਡਾ ਦਾਨ ਯਰੂਸ਼ਲਮ ਤਾਈਂ ਪੁਚਾਉਣ।” (1 ਕੁਰਿੰਥੀਆਂ 16:1-3) ਇਕ ਸਾਲ ਬਾਅਦ ਪੌਲੁਸ ਨੇ ਕਿਹਾ ਕਿ ਮਕਦੂਨਿਯਾ ਅਤੇ ਅਖਾਯਾ ਦੇ ਲੋਕ ਵੀ ਹਿੱਸਾ ਲੈ ਰਹੇ ਸਨ। ਅਤੇ ਜਦੋਂ ਏਸ਼ੀਆ ਤੋਂ ਕੁਝ ਭਾਈ, ਇਕੱਠੇ ਕੀਤੇ ਗਏ ਚੰਦੇ ਦੇ ਨਾਲ ਯਰੂਸ਼ਲਮ ਨੂੰ ਭੇਜੇ ਗਏ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਉਸ ਇਲਾਕੇ ਦੀਆਂ ਕਲੀਸਿਯਾਵਾਂ ਨੇ ਵੀ ਚੰਦਾ ਇਕੱਠਾ ਕੀਤਾ ਸੀ।—ਰਸੂਲਾਂ ਦੇ ਕਰਤੱਬ 20:4; 2 ਕੁਰਿੰਥੀਆਂ 8:1-4; 9:1, 2.
ਕਿਸੇ ਨੂੰ ਵੀ ਜ਼ਿਆਦਾ ਦੇਣ ਲਈ ਮਜਬੂਰ ਨਹੀਂ ਕੀਤਾ ਜਾਂਦਾ ਸੀ। ਇਸ ਦੀ ਬਜਾਇ, ਯਰੂਸ਼ਲਮ ਅਤੇ ਯਹੂਦਿਯਾ ਦੇ ਭਰਾਵਾਂ ਦਾ ਕੋਈ ਵੀ ਘਾਟਾ ਦੂਸਰਿਆਂ ਭਰਾਵਾਂ ਦੇ ਵਾਧੇ ਤੋਂ ਪੂਰਾ ਹੋ ਕੇ ਬਰਾਬਰੀ ਕਰਦਾ ਸੀ। (2 ਕੁਰਿੰਥੀਆਂ 8:13-15) ਪੌਲੁਸ ਨੇ ਕਿਹਾ ਕਿ “ਹਰੇਕ ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”—2 ਕੁਰਿੰਥੀਆਂ 9:7.
ਪੌਲੁਸ ਰਸੂਲ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਖੁੱਲ੍ਹ-ਦਿਲੇ ਹੋਣ ਲਈ ਚੰਗਾ ਕਾਰਨ ਦਿੱਤਾ ਸੀ। ਯਿਸੂ ‘ਉਨ੍ਹਾਂ ਲਈ ਨਿਰਧਨ ਬਣਿਆ ਭਈ ਉਹ ਰੂਹਾਨੀ ਤੌਰ ਤੇ ਧਨੀ ਬਣ ਜਾਣ।’ (2 ਕੁਰਿੰਥੀਆਂ 8:9) ਯਕੀਨਨ ਉਹ ਵੀ ਉਸ ਦੀ ਉਦਾਰਤਾ ਦੀ ਨਕਲ ਕਰਨੀ ਚਾਹੁੰਦੇ ਸਨ। ਇਸ ਤੋਂ ਇਲਾਵਾ ਕਿਉਂ ਜੋ ਪਰਮੇਸ਼ੁਰ ਉਨ੍ਹਾਂ ਦੀ ਖੁੱਲ੍ਹ-ਦਿਲੀ ਕਰਕੇ ਉਨ੍ਹਾਂ ਨੂੰ ਬਰਕਤਾਂ ਦੇ ਰਿਹਾ ਸੀ, ਤਾਂ ਉਨ੍ਹਾਂ ਨੂੰ ਵੀ ਆਪਣੇ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਸੀ।—2 ਕੁਰਿੰਥੀਆਂ 9:10-12.
ਹਿੱਸੇਦਾਰਾਂ ਦੀ ਮਨੋਬਿਰਤੀ
ਪਹਿਲੀ ਸਦੀ ਦੇ ਗ਼ਰੀਬ ਭਰਾਵਾਂ ਲਈ ਚੰਦਾ ਇਕੱਠਾ ਕਰਨ ਵਾਲਿਆਂ ਦੀ ਮਨੋਬਿਰਤੀ ਤੋਂ ਅਸੀਂ ਖ਼ੁਸ਼ੀ ਨਾਲ ਦੇਣ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਚੰਦਾ ਇਕੱਠ ਕਰਨ ਦੇ ਪ੍ਰਬੰਧ ਨੇ ਸਿਰਫ਼ ਉਨ੍ਹਾਂ ਦੇ ਆਪਣੇ ਸੰਗੀ ਉਪਾਸਕਾਂ ਲਈ ਚਿੰਤਾ ਹੀ ਨਹੀਂ ਜ਼ਾਹਰ ਕੀਤੀ ਪਰ ਇਸ ਨੇ ਦਿਖਾਇਆ ਕਿ ਯਹੂਦੀ ਅਤੇ ਗ਼ੈਰ-ਯਹੂਦੀ ਮਸੀਹੀਆਂ ਦਰਮਿਆਨ ਭਰਾਵਾਂ ਦਾ ਪਿਆਰ ਸੀ। ਚੰਦਾ ਦੇਣ ਅਤੇ ਸਵੀਕਾਰ ਕਰਨ ਤੋਂ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਦੀ ਦੋਸਤੀ ਅਤੇ ਏਕਤਾ ਦੇਖੀ ਜਾ ਸਕਦੀ ਸੀ। ਸਰੀਰਕ ਅਤੇ ਰੂਹਾਨੀ ਚੀਜ਼ਾਂ ਸਾਂਝੀਆਂ ਕੀਤੀਆਂ ਗਈਆਂ ਸਨ।—ਰੋਮੀਆਂ 15:26, 27.
ਪੌਲੁਸ ਨੇ ਪਹਿਲਾਂ ਮਕਦੂਨੀ ਮਸੀਹੀਆਂ ਨੂੰ ਸ਼ਾਇਦ ਹਿੱਸਾ ਲੈਣ ਲਈ ਨਾ ਪੁੱਛਿਆ ਹੋਵੇ ਕਿਉਂਕਿ ਉਹ ਵੀ ਡਾਢੀ ਗ਼ਰੀਬੀ ਦੇ ਸ਼ਿਕਾਰ ਸਨ। ਪਰ ਉਨ੍ਹਾਂ ਨੇ ‘ਵੱਡੀਆਂ ਮਿੰਨਤਾਂ ਕੀਤੀਆਂ ਤਾਂਕਿ ਉਹ ਵੀ ਪੁੰਨ ਦੇ ਕੰਮ ਵਿਚ ਹਿੱਸਾ ਲੈ ਸਕਣ।’ ਭਾਵੇਂ ਉਹ ਖ਼ੁਦ “ਬਿਪਤਾ ਦੇ ਵੱਡੇ ਪਰਤਾਵੇ” ਭੋਗ ਰਹੇ ਸਨ, ਉਨ੍ਹਾਂ ਨੇ “ਆਪਣੇ ਵਿਤੋਂ ਬਾਹਰ” ਖ਼ੁਸ਼ੀ ਨਾਲ ਦਾਨ ਦਿੱਤਾ! (2 ਕੁਰਿੰਥੀਆਂ 8:1-4) ਉਨ੍ਹਾਂ ਦਾ ਸਭ ਤੋਂ ਵੱਡਾ ਪਰਤਾਵਾ ਸ਼ਾਇਦ ਇਹ ਇਲਜ਼ਾਮ ਸੀ ਕਿ ਉਹ ਰੋਮ ਦੇ ਨਾਗਰਿਕ ਹੋਣ ਦੇ ਬਾਵਜੂਦ ਇਕ ਗ਼ੈਰ-ਕਾਨੂੰਨੀ ਧਰਮ ਵਿਚ ਲੱਗੇ ਹੋਏ ਸਨ। ਇਸ ਲਈ ਅਸੀਂ ਉਨ੍ਹਾਂ ਦੀ ਆਪਣੇ ਯਹੂਦੀ ਭਰਾਵਾਂ ਲਈ ਹਮਦਰਦੀ ਸਮਝ ਸਕਦੇ ਹਾਂ ਕਿਉਂਕਿ ਉਹ ਵੀ ਇਸੇ ਤਰ੍ਹਾਂ ਪਰਤਾਏ ਜਾ ਰਹੇ ਸਨ।—ਰਸੂਲਾਂ ਦੇ ਕਰਤੱਬ 16:20, 21; 17:5-9; 1 ਥੱਸਲੁਨੀਕੀਆਂ 2:14.
ਪੌਲੁਸ ਨੇ ਚੰਦਾ ਇਕੱਠਾ ਕਰਨ ਵਿਚ ਮਕਦੂਨੀ ਮਸੀਹੀਆਂ ਨੂੰ ਹੌਸਲਾ ਦੇਣ ਲਈ ਕੁਰਿੰਥੁਸ ਦੇ ਮਸੀਹੀਆਂ ਦੇ ਜੋਸ਼ ਦੀ ੳਦਾਹਰਣ ਦਿੱਤੀ ਸੀ। ਪਰ ਬਾਅਦ ਵਿਚ ਕੁਰਿੰਥੀਆਂ ਦਾ ਜੋਸ਼ ਘੱਟ ਗਿਆ ਸੀ। ਇਸ ਲਈ ਪੌਲੁਸ ਰਸੂਲ ਨੂੰ ਕੁਰਿੰਥੀਆਂ ਨੂੰ ਉਕਸਾਉਣ ਲਈ ਮਕਦੂਨੀਆਂ ਦੀ ਦਰਿਆ-ਦਿਲੀ ਬਾਰੇ ਗੱਲ ਕਰਨੀ ਪਈ ਸੀ। ਉਸ ਨੂੰ ਉਨ੍ਹਾਂ ਨੂੰ ਯਾਦ ਕਰਾਉਣਾ ਪਿਆ ਕਿ ਉਹ ਉਸ ਕੰਮ ਨੂੰ ਪੂਰਾ ਕਰਨ ਜੋ ਉਨ੍ਹਾਂ ਨੇ ਇਕ ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਪਰ ਹੋਇਆ ਕੀ ਸੀ?—2 ਕੁਰਿੰਥੀਆਂ 8:10, 11; 9:1-5.
ਕੁਰਿੰਥੁਸ ਵਿਚ ਤੀਤੁਸ ਨੇ ਚੰਦਾ ਇਕੱਠਾ ਕਰਨ ਦਾ ਕੰਮ ਸ਼ੁਰੂ ਕੀਤਾ ਸੀ, ਪਰ ਕੁਝ ਮਸਲਿਆਂ ਕਰਕੇ ਇਹ ਕੰਮ ਵਿੱਚੇ ਰਹਿ ਗਿਆ ਸੀ। ਮਕਦੂਨਿਯਾ ਜਾ ਕੇ ਪੌਲੁਸ ਤੋਂ ਸਲਾਹ ਲੈਣ ਤੋਂ ਬਾਅਦ ਤੀਤੁਸ ਦੋ ਜਣਿਆਂ ਨੂੰ ਨਾਲ ਲੈ ਕੇ ਕੁਰਿੰਥੁਸ ਦੀ ਕਲੀਸਿਯਾ ਨੂੰ ਵਾਪਸ ਆਇਆ ਤਾਂਕਿ ਉਹ ਇਹ ਕੰਮ ਪੂਰਾ ਕਰ ਸਕਣ। ਕੁਝ ਲੋਕ ਸੋਚਦੇ ਸਨ ਕਿ ਪੌਲੁਸ ਕੁਰਿੰਥੁਸ ਦੇ ਮਸੀਹੀਆਂ ਨੂੰ ਠੱਗਦਾ ਸੀ। ਉਨ੍ਹਾਂ ਦੇ ਭਾਣੇ ਸ਼ਾਇਦ ਇਸ ਕਰਕੇ ਉਸ ਨੇ ਚੰਦਾ ਇਕੱਠਾ ਕਰਨ ਦਾ ਕੰਮ ਪੂਰਾ ਕਰਨ ਲਈ ਉੱਥੇ ਤਿੰਨ ਆਦਮੀ ਘੱਲੇ ਸਨ ਅਤੇ ਉਨ੍ਹਾਂ ਹਰੇਕ ਦੀ ਸਿਫਾਰਸ਼ ਦਿੱਤੀ ਸੀ। “ਅਸੀਂ ਇਸ ਤੋਂ ਚੌਕਸ ਰਹਿੰਦੇ ਹਾਂ ਜੋ ਇਸ ਵੱਡੀ ਦਾਤ ਦੇ ਵਿਖੇ ਜਿਹ ਦੀ ਅਸੀਂ ਸੇਵਾ ਕਰਦੇ ਹਾਂ ਕੋਈ ਸਾਡੇ ਉੱਤੇ ਹਰਫ਼ ਨਾ ਲਿਆਵੇ,” ਪੌਲੁਸ ਨੇ ਕਿਹਾ। “ਕਿਉਂਕਿ ਜਿਹੜੀਆਂ ਗੱਲਾਂ ਨਿਰੇ ਪ੍ਰਭੁ ਦੇ ਸਨਮੁਖ ਹੀ ਨਹੀਂ ਸਗੋਂ ਮਨੁੱਖਾਂ ਦੇ ਸਨਮੁਖ ਵੀ ਚੰਗੀਆਂ ਹਨ ਅਸੀਂ ਓਹਨਾਂ ਦਾ ਧਿਆਨ ਰੱਖਦੇ ਹਾਂ।”—2 ਕੁਰਿੰਥੀਆਂ 8:6, 18-23; 12:18.
ਚੰਦਾ ਥਾਂ ਸਿਰ ਪਹੁੰਚਾਉਣਾ
ਇਕੱਠੀ ਕੀਤੀ ਗਈ ਰਕਮ 56 ਸਾ.ਯੁ. ਦੀ ਬਸੰਤ ਤਕ ਯਰੂਸ਼ਲਮ ਪਹੁੰਚਾਈ ਜਾਣ ਲਈ ਤਿਆਰ ਸੀ। ਚੰਦਾ ਪਹੁੰਚਾਉਣ ਵਾਲਿਆਂ ਨੂੰ ਚੁਣਿਆ ਗਿਆ ਸੀ ਅਤੇ ਪੌਲੁਸ ਨੇ ਵੀ ਉਨ੍ਹਾਂ ਦੇ ਨਾਲ ਜਾਣਾ ਸੀ। ਰਸੂਲਾਂ ਦੇ ਕਰਤੱਬ 20:4 ਵਿਚ ਦੱਸਿਆ ਗਿਆ ਹੈ ਕਿ “ਪੁੱਰਸ ਦਾ ਪੁੱਤ੍ਰ ਸੋਪਤਰੁਸ ਜਿਹੜਾ ਬਰਿਯਾ ਦਾ ਸੀ ਅਤੇ ਥੱਸਲੁਨੀਕੀਆਂ ਵਿੱਚੋਂ ਅਰਿਸਤਰਖੁਸ ਅਤੇ ਸਿਕੁੰਦੁਸ ਅਤੇ ਦਰਬੇ ਦਾ ਗਾਯੁਸ ਅਤੇ ਤਿਮੋਥਿਉਸ ਅਰ ਅਸਿਯਾ ਦੇ ਤੁਖਿਕੁਸ ਅਰ ਤ੍ਰੋਫ਼ਿਮੁਸ, ਏਹ ਉਹ ਦੇ ਨਾਲ ਅਸਿਯਾ ਤੀਕੁਰ ਗਏ।” ਇਨ੍ਹਾਂ ਨਾਲ ਫ਼ਿਲਿੱਪੀ ਮਸੀਹੀਆਂ ਵਿੱਚੋਂ ਲੂਕਾ ਵੀ ਹਾਜ਼ਰ ਸੀ। ਇਸ ਤਰ੍ਹਾਂ ਲੱਗਦਾ ਹੈ ਘੱਟੋ-ਘੱਟ ਨੌਂ ਆਦਮੀ ਇਹ ਕੰਮ ਕਰਨ ਗਏ ਸਨ।
ਇਕ ਵਿਦਵਾਨ ਦੇ ਮੁਤਾਬਕ “ਚੰਦੇ ਦੀ ਪੂਰੀ ਰਕਮ ਕਾਫ਼ੀ ਵੱਡੀ ਹੋਣੀ ਸੀ, ਨਹੀਂ ਤਾਂ ਪੌਲੁਸ ਅਤੇ ਇੰਨੇ ਸਾਰੇ ਹੋਰ ਬੰਦਿਆਂ ਨੂੰ ਇਸ ਨੂੰ ਲਿਜਾਉਣ ਲਈ ਇੰਨਾ ਖ਼ਰਚਾ ਜਾਂ ਖੇਚਲ ਕਰਨ ਦੀ ਕੀ ਲੋੜ ਸੀ।” ਇਕੱਠੇ ਜਾ ਕੇ ਇਹ ਆਦਮੀ ਸਹੀ-ਸਲਾਮਤ ਪਹੁੰਚ ਸਕਦੇ ਸਨ ਅਤੇ ਕੋਈ ਵੀ ਪੌਲੁਸ ਉੱਤੇ ਠੱਗੀ ਜਾਂ ਧੋਖੇਬਾਜ਼ੀ ਦਾ ਇਲਜ਼ਾਮ ਨਹੀਂ ਲਗਾ ਸਕਿਆ। ਜਿਹੜੇ ਯਰੂਸ਼ਲਮ ਦੇ ਭਰਾਵਾਂ ਕੋਲ ਭੇਜੇ ਗਏ ਸਨ ਉਹ ਗ਼ੈਰ-ਯਹੂਦੀ ਇਲਾਕਿਆਂ ਦੀਆਂ ਕਲੀਸਿਯਾਵਾਂ ਦੇ ਪ੍ਰਤਿਨਿਧ ਸਨ।
ਸਮੁੰਦਰੀ ਜਹਾਜ਼ ਵਿਚ ਉਹ ਕੁਰਿੰਥੁਸ ਤੋਂ ਸੀਰੀਆ ਨੂੰ ਚਲੇ ਅਤੇ ਪਸਾਹ ਦੇ ਸਮੇਂ ਤਕ ਉਨ੍ਹਾਂ ਨੇ ਯਰੂਸ਼ਲਮ ਪਹੁੰਚ ਜਾਣਾ ਸੀ। ਪਰ ਇਹ ਖ਼ਬਰ ਮਿਲਣ ਤੇ ਕਿ ਪੌਲੁਸ ਨੂੰ ਮਾਰਨ ਲਈ ਯਹੂਦੀ ਘਾਤ ਲਾ ਕੇ ਬੈਠੇ ਸਨ, ਉਨ੍ਹਾਂ ਨੇ ਰਾਹ ਬਦਲ ਲਿਆ। (ਰਸੂਲਾਂ ਦੇ ਕਰਤੱਬ 20:3) ਸ਼ਾਇਦ ਉਸ ਦੇ ਦੁਸ਼ਮਣਾਂ ਨੇ ਉਸ ਨੂੰ ਰਾਹ ਵਿਚ ਮਾਰਨਾ ਸੀ।
ਪੌਲੁਸ ਨੂੰ ਹੋਰ ਚੀਜ਼ਾਂ ਦੇ ਫ਼ਿਕਰ ਵੀ ਸਨ। ਵਿਦਾ ਹੋਣ ਤੋਂ ਪਹਿਲਾਂ ਉਸ ਨੇ ਰੋਮ ਵਿਚ ਰਹਿੰਦੇ ਮਸੀਹੀਆਂ ਨੂੰ ਚਿੱਠੀ ਰਾਹੀਂ ਦੁਆ ਕਰਨ ਲਈ ਕਿਹਾ ਕਿ ‘ਉਹ ਓਹਨਾਂ ਤੋਂ ਜਿਹੜੇ ਯਹੂਦਿਯਾ ਵਿੱਚ ਬੇਪਰਤੀਤੇ ਹਨ ਬਚਾਇਆ ਜਾਵੇ, ਨਾਲੇ ਉਸ ਦੀ ਉਹ ਸੇਵਾ ਜੋ ਯਰੂਸ਼ਲਮ ਦੇ ਲਈ ਹੋਣ ਵਾਲੀ ਹੈ ਸੋ ਸੰਤਾਂ ਨੂੰ ਪਰਵਾਨ ਹੋਵੇ।’ (ਰੋਮੀਆਂ 15:30, 31) ਭਾਵੇਂ ਕਿ ਯਰੂਸ਼ਲਮ ਦੇ ਭਰਾਵਾਂ ਨੇ ਸ਼ੁਕਰਗੁਜ਼ਾਰੀ ਨਾਲ ਚੰਦਾ ਕਬੂਲ ਕਰਨਾ ਸੀ, ਪਰ ਪੌਲੁਸ ਨੂੰ ਫ਼ਿਕਰ ਸੀ ਕਿ ਉਸ ਦੇ ਉੱਥੇ ਪਹੁੰਚਣ ਨਾਲ ਸ਼ਾਇਦ ਯਹੂਦੀਆਂ ਦਰਮਿਆਨ ਹਲਚਲ ਮੱਚ ਜਾਵੇ।
ਰਸੂਲ ਨੇ ਸੱਚ-ਮੁੱਚ ਗ਼ਰੀਬਾਂ ਨੂੰ ਚੇਤੇ ਰੱਖਿਆ ਸੀ। ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਚੰਦਾ ਕਦੋਂ ਸੌਂਪਿਆ ਗਿਆ ਸੀ, ਪਰ ਇਕ ਗੱਲ ਸਾਫ਼ ਹੁੰਦੀ ਹੈ ਕਿ ਇਸ ਪ੍ਰਬੰਧ ਨੇ ਏਕਤਾ ਵਧਾਈ। ਉਸ ਨੂੰ ਪਹੁੰਚਾ ਕੇ ਗ਼ੈਰ-ਯਹੂਦੀ ਮਸੀਹੀਆਂ ਨੇ ਯਹੂਦਿਯਾ ਦੇ ਭਰਾਵਾਂ ਨੂੰ ਰੂਹਾਨੀ ਭਰਪੂਰੀ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕੀਤੀ। ਯਰੂਸ਼ਲਮ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਪੌਲੁਸ ਦੇ ਹੈਕਲ ਵਿਚ ਜਾਣ ਕਰਕੇ ਦੰਗ਼ਾ-ਫ਼ਸਾਦ ਸ਼ੁਰੂ ਹੋ ਗਿਆ ਅਤੇ ਉਹ ਗਿਰਫ਼ਤਾਰ ਕੀਤਾ ਗਿਆ ਸੀ। ਪਰ ਇਸ ਤਰ੍ਹਾਂ ਉਸ ਨੂੰ ਹਾਕਮਾਂ ਅਤੇ ਰਾਜਿਆਂ ਨੂੰ ਗਵਾਹੀ ਦੇਣ ਦੇ ਮੌਕੇ ਮਿਲੇ।—ਰਸੂਲਾਂ ਦੇ ਕਰਤੱਬ 9:15; 21:17-36; 23:11; 24:1–26:32.
ਅੱਜ ਚੰਦਾ ਇਕੱਠਾ ਕਰਨ ਦਾ ਪ੍ਰਬੰਧ
ਪਹਿਲੀ ਸਦੀ ਦੇ ਸਮੇਂ ਤੋਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ ਪਰ ਬੁਨਿਆਦੀ ਸਿਧਾਂਤ ਨਹੀਂ ਬਦਲੇ। ਜਦੋਂ ਕੋਈ ਮਾਲੀ ਜ਼ਰੂਰਤ ਖੜ੍ਹੀ ਹੁੰਦੀ ਹੈ ਤਾਂ ਮਸੀਹੀਆਂ ਨੂੰ ਇਸ ਬਾਰੇ ਦੱਸਿਆ ਜਾਂਦਾ ਹੈ। ਜੇ ਉਹ ਕੁਝ ਦੇਣਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦੀ ਮਰਜ਼ੀ ਅਤੇ ਖ਼ੁਸ਼ੀ ਅਨੁਸਾਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਤੇ ਆਪਣੇ ਗੁਆਂਢੀ ਲਈ ਪਿਆਰ ਕਰਕੇ ਦਿੱਤਾ ਜਾਣਾ ਚਾਹੀਦਾ ਹੈ।—ਮਰਕੁਸ 12:28-31.
ਪਹਿਲੀ ਸਦੀ ਵਿਚ ਭਰਾਵਾਂ ਦੀ ਮਦਦ ਕਰਨ ਲਈ ਚੰਦਾ ਇਕੱਠਾ ਕਰਨ ਦੇ ਪ੍ਰਬੰਧ ਤੋਂ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਇਸ ਕੰਮ ਦਾ ਇੰਤਜ਼ਾਮ ਚੰਗੀ ਤਰ੍ਹਾਂ ਅਤੇ ਪੂਰੀ ਈਮਾਨਦਾਰੀ ਨਾਲ ਕੀਤਾ ਜਾਣਾ ਚਾਹੀਦਾ ਹੈ। ਯਹੋਵਾਹ ਪਰਮੇਸ਼ੁਰ ਆਪਣੇ ਸੇਵਕਾਂ ਦੀਆਂ ਜ਼ਰੂਰਤਾਂ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਹ ਉਨ੍ਹਾਂ ਲਈ ਪ੍ਰਬੰਧ ਕਰਦਾ ਹੈ ਤਾਂਕਿ ਉਹ ਤੰਗੀਆਂ ਦੇ ਬਾਵਜੂਦ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੀ ਜਾ ਸਕਣ। (ਮੱਤੀ 6:25-34) ਫਿਰ ਵੀ ਅਸੀਂ ਸਾਰੇ ਹੱਥ ਵਟਾ ਸਕਦੇ ਹਾਂ ਭਾਵੇਂ ਸਾਡੇ ਕੋਲ ਬਹੁਤਾ ਹੋਵੇ ਜਾਂ ਘੱਟ। ਇਸ ਤਰ੍ਹਾਂ ‘ਜਿਸ ਨੇ ਵੱਧ ਲਿਆ ਸੀ ਉਸ ਦਾ ਵੱਧ ਨਾ ਨਿੱਕਲੇਗਾ ਅਤੇ ਜਿਸ ਨੇ ਘੱਟ ਲਿਆ ਸੀ ਉਸ ਦਾ ਘੱਟ ਨਾ ਨਿੱਕਲੇਗਾ।’—2 ਕੁਰਿੰਥੀਆਂ 8:15.