Skip to content

Skip to table of contents

‘ਯਹੋਵਾਹ ਦਾ ਬਚਨ ਵਧਦਾ ਗਿਆ’

‘ਯਹੋਵਾਹ ਦਾ ਬਚਨ ਵਧਦਾ ਗਿਆ’

‘ਯਹੋਵਾਹ ਦਾ ਬਚਨ ਵਧਦਾ ਗਿਆ’

“ਉਹ ਆਪਣਾ ਹੁਕਮ ਧਰਤੀ ਉੱਤੇ ਘੱਲਦਾ ਹੈ, ਉਹ ਦਾ ਬਚਨ ਬਹੁਤ ਤੇਜ ਦੌੜਦਾ ਹੈ।”—ਜ਼ਬੂਰ 147:15.

1, 2. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਕੰਮ ਦਿੱਤਾ ਸੀ ਅਤੇ ਇਸ ਵਿਚ ਕੀ-ਕੀ ਸ਼ਾਮਲ ਸੀ?

ਬਾਈਬਲ ਦੀ ਇਕ ਬਹੁਤ ਹੀ ਸ਼ਾਨਦਾਰ ਭਵਿੱਖਬਾਣੀ ਰਸੂਲਾਂ ਦੇ ਕਰਤੱਬ 1:8 ਵਿਚ ਪਾਈ ਜਾਂਦੀ ਹੈ। ਸਵਰਗ ਜਾਣ ਤੋਂ ਥੋੜ੍ਹਾ ਹੀ ਸਮਾਂ ਪਹਿਲਾਂ ਯਿਸੂ ਨੇ ਆਪਣੇ ਵਫ਼ਾਦਾਰ ਪੈਰੋਕਾਰਾਂ ਨੂੰ ਦੱਸਿਆ: “ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ . . . ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।” ਇਹ ਕਿੰਨਾ ਵੱਡਾ ਕੰਮ ਸਾਬਤ ਹੋਣਾ ਸੀ!

2 ਪੂਰੀ ਧਰਤੀ ਉੱਤੇ ਪਰਮੇਸ਼ੁਰ ਦੇ ਬਚਨ ਦਾ ਐਲਾਨ ਕਰਨਾ ਉਨ੍ਹਾਂ ਮੁੱਠੀ ਭਰ ਚੇਲਿਆਂ ਨੂੰ ਬਹੁਤ ਹੀ ਔਖਾ ਲੱਗਾ ਹੋਣਾ। ਜ਼ਰਾ ਸੋਚੋ ਇਸ ਕੰਮ ਵਿਚ ਕੀ-ਕੀ ਸ਼ਾਮਲ ਸੀ। ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਸਮਝਣ ਵਿਚ ਲੋਕਾਂ ਦੀ ਮਦਦ ਕਰਨੀ ਸੀ। (ਮੱਤੀ 24:14) ਯਿਸੂ ਦੀ ਗਵਾਹੀ ਦੇਣ ਦਾ ਮਤਲਬ ਇਹ ਵੀ ਸੀ ਕਿ ਉਹ ਦੂਸਰਿਆਂ ਨੂੰ ਉਸ ਦੀਆਂ ਸਿੱਖਿਆਵਾਂ ਬਾਰੇ ਅਤੇ ਯਹੋਵਾਹ ਦੇ ਮਕਸਦ ਨੂੰ ਪੂਰਾ ਕਰਨ ਵਿਚ ਉਸ ਦੀ ਭੂਮਿਕਾ ਬਾਰੇ ਦੱਸਣ। ਇਸ ਤੋਂ ਇਲਾਵਾ, ਇਸ ਕੰਮ ਵਿਚ ਲੋਕਾਂ ਨੂੰ ਚੇਲੇ ਬਣਾਉਣਾ ਅਤੇ ਉਨ੍ਹਾਂ ਨੂੰ ਬਪਤਿਸਮਾ ਦੇਣਾ ਵੀ ਸ਼ਾਮਲ ਸੀ। ਅਤੇ ਉਨ੍ਹਾਂ ਨੇ ਇਹ ਕੰਮ ਪੂਰੀ ਦੁਨੀਆਂ ਵਿਚ ਕਰਨਾ ਸੀ!​—ਮੱਤੀ 28:19, 20.

3. ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਯਕੀਨ ਦਿਵਾਇਆ ਅਤੇ ਜੋ ਕੰਮ ਉਨ੍ਹਾਂ ਨੂੰ ਦਿੱਤਾ ਸੀ, ਉਸ ਨੂੰ ਉਨ੍ਹਾਂ ਨੇ ਕਿਵੇਂ ਕੀਤਾ?

3 ਪਰ ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਯਕੀਨ ਦਿਵਾਇਆ ਕਿ ਇਸ ਕੰਮ ਨੂੰ ਪੂਰਾ ਕਰਨ ਲਈ ਪਵਿੱਤਰ ਆਤਮਾ ਉਨ੍ਹਾਂ ਦੀ ਮਦਦ ਕਰੇਗੀ। ਇਸ ਲਈ ਇਹ ਕੰਮ ਚਾਹੇ ਵੱਡਾ ਸੀ ਤੇ ਵਿਰੋਧੀਆਂ ਨੇ ਚੇਲਿਆਂ ਨੂੰ ਰੋਕਣ ਲਈ ਬੇਹੱਦ ਕੋਸ਼ਿਸ਼ਾਂ ਕੀਤੀਆਂ ਅਤੇ ਹਿੰਸਾ ਦਾ ਸਹਾਰਾ ਲਿਆ, ਪਰ ਯਿਸੂ ਦੇ ਪਹਿਲੇ ਚੇਲਿਆਂ ਨੇ ਇਸ ਕੰਮ ਨੂੰ ਬੜੀ ਕਾਮਯਾਬੀ ਨਾਲ ਕੀਤਾ। ਇਹ ਇਕ ਸੱਚਾਈ ਹੈ ਜਿਸ ਨੂੰ ਝੂਠਲਾਇਆ ਨਹੀਂ ਜਾ ਸਕਦਾ।

4. ਦੂਸਰਿਆਂ ਨੂੰ ਪ੍ਰਚਾਰ ਕਰਨ ਅਤੇ ਸਿਖਾਉਣ ਦੇ ਕੰਮ ਵਿਚ ਪਰਮੇਸ਼ੁਰ ਦਾ ਪਿਆਰ ਕਿਵੇਂ ਜ਼ਾਹਰ ਹੋਇਆ?

4 ਸੰਸਾਰ ਭਰ ਵਿਚ ਕੀਤਾ ਜਾਂਦਾ ਇਹ ਪ੍ਰਚਾਰ ਤੇ ਸਿਖਾਉਣ ਦਾ ਕੰਮ ਉਨ੍ਹਾਂ ਲੋਕਾਂ ਪ੍ਰਤੀ ਪਰਮੇਸ਼ੁਰ ਦੇ ਪਿਆਰ ਦਾ ਇਜ਼ਹਾਰ ਸੀ ਜਿਹੜੇ ਉਸ ਨੂੰ ਨਹੀਂ ਜਾਣਦੇ ਸਨ। ਇਸ ਤੋਂ ਉਨ੍ਹਾਂ ਨੂੰ ਯਹੋਵਾਹ ਦੇ ਨੇੜੇ ਜਾਣ ਅਤੇ ਆਪਣੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ। (ਰਸੂਲਾਂ ਦੇ ਕਰਤੱਬ 26:18) ਜਿਹੜੇ ਲੋਕ ਇਸ ਸੰਦੇਸ਼ ਨੂੰ ਸੁਣਾ ਰਹੇ ਸਨ, ਉਨ੍ਹਾਂ ਲਈ ਵੀ ਇਹ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਪਰਮੇਸ਼ੁਰ ਦੇ ਪਿਆਰ ਦਾ ਪ੍ਰਗਟਾਵਾ ਸੀ ਕਿਉਂਕਿ ਇਸ ਨਾਲ ਉਹ ਯਹੋਵਾਹ ਪ੍ਰਤੀ ਆਪਣੀ ਭਗਤੀ ਅਤੇ ਲੋਕਾਂ ਲਈ ਪਿਆਰ ਦਿਖਾ ਸਕੇ। (ਮੱਤੀ 22:37-39) ਪੌਲੁਸ ਰਸੂਲ ਨੇ ਮਸੀਹੀ ਸੇਵਕਾਈ ਨੂੰ ਇੰਨੀ ਅਹਿਮੀਅਤ ਦਿੱਤੀ ਕਿ ਉਸ ਨੇ ਇਸ ਨੂੰ “ਖ਼ਜ਼ਾਨਾ” ਕਿਹਾ।​—2 ਕੁਰਿੰਥੀਆਂ 4:7.

5. (ੳ) ਪਹਿਲੇ ਮਸੀਹੀਆਂ ਦਾ ਭਰੋਸੇਯੋਗ ਰਿਕਾਰਡ ਕਿੱਥੇ ਦਿੱਤਾ ਗਿਆ ਹੈ ਅਤੇ ਇਸ ਵਿਚ ਕਿਸ ਵਾਧੇ ਬਾਰੇ ਦੱਸਿਆ ਗਿਆ ਹੈ? (ਅ) ਰਸੂਲਾਂ ਦੇ ਕਰਤੱਬ ਦੀ ਕਿਤਾਬ ਅੱਜ ਯਹੋਵਾਹ ਦੇ ਸੇਵਕਾਂ ਲਈ ਕਿਉਂ ਅਹਿਮੀਅਤ ਰੱਖਦੀ ਹੈ?

5 ਪਹਿਲੇ ਮਸੀਹੀਆਂ ਦੇ ਪ੍ਰਚਾਰ ਕੰਮ ਦਾ ਸਭ ਤੋਂ ਭਰੋਸੇਯੋਗ ਰਿਕਾਰਡ ਬਾਈਬਲ ਦੀ ਪ੍ਰੇਰਿਤ ਕਿਤਾਬ ਰਸੂਲਾਂ ਦੇ ਕਰਤੱਬ ਵਿਚ ਪਾਇਆ ਜਾਂਦਾ ਹੈ ਜਿਸ ਨੂੰ ਲੂਕਾ ਨਾਂ ਦੇ ਚੇਲੇ ਨੇ ਲਿਖਿਆ ਸੀ। ਇਹ ਬਹੁਤ ਹੀ ਹੈਰਾਨੀਜਨਕ ਤੇ ਤੇਜ਼ ਵਾਧੇ ਦਾ ਰਿਕਾਰਡ ਹੈ। ਪਰਮੇਸ਼ੁਰ ਦੇ ਬਚਨ ਦੇ ਗਿਆਨ ਦਾ ਵਾਧਾ ਸਾਨੂੰ ਜ਼ਬੂਰ 147:15 ਇਹ ਸ਼ਬਦ ਯਾਦ ਕਰਾਉਂਦਾ ਹੈ: “[ਯਹੋਵਾਹ] ਆਪਣਾ ਹੁਕਮ ਧਰਤੀ ਉੱਤੇ ਘੱਲਦਾ ਹੈ, ਉਹ ਦਾ ਬਚਨ ਬਹੁਤ ਤੇਜ ਦੌੜਦਾ ਹੈ।” ਪਵਿੱਤਰ ਆਤਮਾ ਦੁਆਰਾ ਤਕੜੇ ਕੀਤੇ ਗਏ ਪਹਿਲੇ ਮਸੀਹੀਆਂ ਦੇ ਕੰਮ ਦਾ ਬਿਰਤਾਂਤ ਨਾ ਸਿਰਫ਼ ਦਿਲਚਸਪ ਹੈ, ਬਲਕਿ ਅੱਜ ਸਾਡੇ ਲਈ ਬੜੀ ਅਹਿਮੀਅਤ ਰੱਖਦਾ ਹੈ। ਯਹੋਵਾਹ ਦੇ ਗਵਾਹ ਵੀ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਲੱਗੇ ਹੋਏ ਹਾਂ, ਪਰ ਅਸੀਂ ਇਹ ਕੰਮ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਡੇ ਪੱਧਰ ਤੇ ਕਰ ਰਹੇ ਹਾਂ। ਅਸੀਂ ਵੀ ਉਹੋ ਜਿਹੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਾਂ ਜਿਨ੍ਹਾਂ ਦਾ ਪਹਿਲੀ ਸਦੀ ਦੇ ਮਸੀਹੀਆਂ ਨੇ ਕੀਤਾ ਸੀ। ਜਦੋਂ ਅਸੀਂ ਦੇਖਾਂਗੇ ਕਿ ਯਹੋਵਾਹ ਨੇ ਪਹਿਲੇ ਮਸੀਹੀਆਂ ਨੂੰ ਕਿਵੇਂ ਬਰਕਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਕਿਵੇਂ ਤਕੜੇ ਕੀਤਾ, ਤਾਂ ਇਸ ਨਾਲ ਉਸ ਵਿਚ ਸਾਡੀ ਨਿਹਚਾ ਵੀ ਮਜ਼ਬੂਤ ਹੋਵੇਗੀ।

ਚੇਲਿਆਂ ਦੀ ਗਿਣਤੀ ਵਿਚ ਵਾਧਾ

6. ਰਸੂਲਾਂ ਦੇ ਕਰਤੱਬ ਦੀ ਕਿਤਾਬ ਵਿਚ ਵਾਧੇ ਸੰਬੰਧੀ ਕਿਹੜਾ ਵਾਕਾਂਸ਼ ਪਾਇਆ ਜਾਂਦਾ ਹੈ ਅਤੇ ਇਸ ਦਾ ਕੀ ਮਤਲਬ ਹੈ?

6 ਇਹ ਦੇਖਣ ਲਈ ਕਿ ਰਸੂਲਾਂ ਦੇ ਕਰਤੱਬ 1:8 ਕਿੱਦਾਂ ਪੂਰਾ ਹੋਇਆ ਸੀ, ਸਾਨੂੰ ਇਸ ਵਾਕਾਂਸ਼ ਉੱਤੇ ਵਿਚਾਰ ਕਰਨਾ ਪਵੇਗਾ: ‘ਪਰਮੇਸ਼ੁਰ ਦਾ ਬਚਨ ਵਧਦਾ ਗਿਆ।’ ਥੋੜ੍ਹੇ ਜਿਹੇ ਸ਼ਬਦਾਂ ਦੇ ਫ਼ਰਕ ਨਾਲ ਇਹ ਵਾਕਾਂਸ਼ ਬਾਈਬਲ ਵਿਚ ਸਿਰਫ਼ ਤਿੰਨ ਵਾਰ ਪਾਇਆ ਜਾਂਦਾ ਹੈ ਤੇ ਤਿੰਨੋਂ ਵਾਰ ਇਹ ਰਸੂਲਾਂ ਦੇ ਕਰਤੱਬ ਕਿਤਾਬ ਵਿਚ ਹੀ ਪਾਇਆ ਜਾਂਦਾ ਹੈ। (ਰਸੂਲਾਂ ਦੇ ਕਰਤੱਬ 6:7; 12:24; 19:20) ਇਨ੍ਹਾਂ ਆਇਤਾਂ ਵਿਚ “ਪਰਮੇਸ਼ੁਰ ਦਾ ਬਚਨ” ਜਾਂ “ਪ੍ਰਭੁ ਦਾ ਬਚਨ” ਖ਼ੁਸ਼ ਖ਼ਬਰੀ ਹੈ ਯਾਨੀ ਪਰਮੇਸ਼ੁਰ ਬਾਰੇ ਸੱਚਾਈ ਦਾ ਉਤੇਜਕ ਸੰਦੇਸ਼ ਹੈ। ਇਹ ਸੰਦੇਸ਼ ਜਾਨਦਾਰ ਤੇ ਸ਼ਕਤੀਸ਼ਾਲੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਇਸ ਸੰਦੇਸ਼ ਨੂੰ ਸਵੀਕਾਰ ਕੀਤਾ ਉਨ੍ਹਾਂ ਦੀਆਂ ਜ਼ਿੰਦਗੀਆਂ ਹੀ ਬਦਲ ਗਈਆਂ।​—ਇਬਰਾਨੀਆਂ 4:12.

7. ਰਸੂਲਾਂ ਦੇ ਕਰਤੱਬ 6:7 ਵਿਚ ਵਾਧੇ ਦਾ ਕੀ ਮਤਲਬ ਹੈ ਅਤੇ ਪੰਤੇਕੁਸਤ 33 ਸਾ.ਯੁ. ਨੂੰ ਕੀ ਹੋਇਆ ਸੀ?

7 ਪਰਮੇਸ਼ੁਰ ਦੇ ਬਚਨ ਦੇ ਫੈਲਣ ਜਾਂ ਵਧਣ ਬਾਰੇ ਪਹਿਲਾ ਹਵਾਲਾ ਰਸੂਲਾਂ ਦੇ ਕਰਤੱਬ 6:7 ਵਿਚ ਪਾਇਆ ਜਾਂਦਾ ਹੈ। ਇਸ ਵਿਚ ਅਸੀਂ ਪੜ੍ਹਦੇ ਹਾਂ: “ਤਾਂ ਪਰਮੇਸ਼ੁਰ ਦਾ ਬਚਨ ਫੈਲਦਾ ਗਿਆ ਅਰ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਜਾਂਦੀ ਸੀ ਅਤੇ ਬਹੁਤ ਸਾਰੇ ਜਾਜਕ ਉਸ ਮੱਤ ਦੇ ਮੰਨਣ ਵਾਲੇ ਹੋ ਗਏ।” ਇਸ ਆਇਤ ਵਿਚ ਵਾਧੇ ਦਾ ਮਤਲਬ ਹੈ ਚੇਲਿਆਂ ਦੀ ਗਿਣਤੀ ਵਿਚ ਵਾਧਾ। ਪਹਿਲਾਂ, ਪੰਤੇਕੁਸਤ 33 ਸਾ.ਯੁ. ਤੇ ਇਕ ਚੁਬਾਰੇ ਵਿਚ ਇਕੱਠੇ ਹੋਏ 120 ਚੇਲਿਆਂ ਉੱਤੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਪਾਈ ਗਈ। ਫਿਰ ਪਤਰਸ ਰਸੂਲ ਨੇ ਇਕ ਬਹੁਤ ਜ਼ਬਰਦਸਤ ਭਾਸ਼ਣ ਦਿੱਤਾ ਅਤੇ ਇਸ ਭਾਸ਼ਣ ਨੂੰ ਸੁਣਨ ਵਾਲਿਆਂ ਵਿੱਚੋਂ ਤਕਰੀਬਨ 3,000 ਲੋਕ ਉਸੇ ਦਿਨ ਵਿਸ਼ਵਾਸੀ ਬਣ ਗਏ। ਉਸ ਵੇਲੇ ਕਿੰਨੀ ਹਲਚਲ ਮਚੀ ਹੋਣੀ ਜਦੋਂ ਹਜ਼ਾਰਾਂ ਲੋਕ ਉਸ ਯਿਸੂ ਦੇ ਨਾਂ ਵਿਚ ਬਪਤਿਸਮਾ ਲੈਣ ਲਈ ਯਰੂਸ਼ਲਮ ਵਿਚ ਜਾਂ ਬਾਹਰ ਪੈਂਦੇ ਤਲਾਬਾਂ ਵਿਚ ਗਏ ਹੋਣੇ ਜਿਸ ਨੂੰ ਕੁਝ 50 ਦਿਨ ਪਹਿਲਾਂ ਇਕ ਅਪਰਾਧੀ ਕਰਾਰ ਦੇ ਕੇ ਸੂਲੀ ਤੇ ਟੰਗ ਦਿੱਤਾ ਗਿਆ ਸੀ!​—ਰਸੂਲਾਂ ਦੇ ਕਰਤੱਬ 2:41.

8. ਪੰਤੇਕੁਸਤ 33 ਸਾ.ਯੁ. ਤੋਂ ਬਾਅਦ ਦੇ ਸਾਲਾਂ ਵਿਚ ਚੇਲਿਆਂ ਦੀ ਗਿਣਤੀ ਕਿਵੇਂ ਵਧੀ?

8 ਪਰ ਇਹ ਤਾਂ ਸਿਰਫ਼ ਸ਼ੁਰੂਆਤ ਸੀ। ਪ੍ਰਚਾਰ ਦੇ ਕੰਮ ਨੂੰ ਰੋਕਣ ਲਈ ਯਹੂਦੀ ਧਾਰਮਿਕ ਆਗੂਆਂ ਦੁਆਰਾ ਕੀਤੇ ਗਏ ਲਗਾਤਾਰ ਜਤਨ ਵਿਅਰਥ ਹੀ ਗਏ। “ਪ੍ਰਭੁ ਦਿਨੋ ਦਿਨ ਓਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਨ੍ਹਾਂ [ਚੇਲਿਆਂ] ਵਿੱਚ ਰਲਾਉਂਦਾ ਸੀ” ਜਿਸ ਕਰਕੇ ਉਨ੍ਹਾਂ ਧਾਰਮਿਕ ਆਗੂਆਂ ਨੂੰ ਹੋਰ ਜ਼ਿਆਦਾ ਗੁੱਸਾ ਆਇਆ। (ਰਸੂਲਾਂ ਦੇ ਕਰਤੱਬ 2:47) ਜਲਦੀ ਹੀ “ਉਨ੍ਹਾਂ ਮਨੁੱਖਾਂ ਦੀ ਗਿਣਤੀ ਪੰਜਕੁ ਹਜ਼ਾਰ ਹੋ ਗਈ।” ਇਸ ਤੋਂ ਬਾਅਦ “ਹੋਰ ਨਿਹਚਾਵਾਨ ਭੀ ਨਾਲੇ ਮਨੁੱਖ ਨਾਲੇ ਤੀਵੀਆਂ ਟੋਲੀਆਂ ਦੀਆਂ ਟੋਲੀਆਂ ਪ੍ਰਭੁ ਨਾਲ ਮਿਲਦੀਆਂ ਜਾਂਦੀਆਂ ਸਨ।” (ਰਸੂਲਾਂ ਦੇ ਕਰਤੱਬ 4:4; 5:14) ਇਸ ਤੋਂ ਬਾਅਦ ਦੇ ਇਕ ਸਮੇਂ ਬਾਰੇ ਅਸੀਂ ਪੜ੍ਹਦੇ ਹਾਂ: “ਸੋ ਸਾਰੇ ਯਹੂਦਿਯਾ ਅਤੇ ਗਲੀਲ ਅਤੇ ਸਾਮਰਿਯਾ ਵਿੱਚ ਕਲੀਸਿਯਾ ਨੇ ਸੁਖ ਪਾਇਆ ਅਤੇ ਬਣਦੀ ਗਈ ਅਤੇ ਪ੍ਰਭੁ ਦੇ ਭੌ ਅਤੇ ਪਵਿੱਤ੍ਰ ਆਤਮਾ ਦੀ ਤਸੱਲੀ ਵਿੱਚ ਚੱਲਦਿਆਂ ਹੋਇਆਂ ਵਧਦੀ ਜਾਂਦੀ ਸੀ।” (ਰਸੂਲਾਂ ਦੇ ਕਰਤੱਬ 9:31) ਕੁਝ ਸਾਲਾਂ ਬਾਅਦ, ਸ਼ਾਇਦ 58 ਸਾ.ਯੁ. ਵਿਚ ਕਈ “ਹਜ਼ਾਰ ਨਿਹਚਾਵਾਨ” ਸਨ। (ਰਸੂਲਾਂ ਦੇ ਕਰਤੱਬ 21:20) ਉਸ ਵੇਲੇ ਤਕ ਪਰਾਈਆਂ ਕੌਮਾਂ ਦੇ ਬਹੁਤ ਸਾਰੇ ਲੋਕ ਵੀ ਵਿਸ਼ਵਾਸੀ ਬਣ ਗਏ ਸਨ।

9. ਤੁਸੀਂ ਪਹਿਲੇ ਮਸੀਹੀਆਂ ਬਾਰੇ ਕੀ ਦੱਸ ਸਕਦੇ ਹੋ?

9 ਇਹ ਵਾਧਾ ਜ਼ਿਆਦਾ ਕਰਕੇ ਇਸ ਧਰਮ ਵਿਚ ਨਵੇਂ ਲੋਕਾਂ ਦੇ ਆਉਣ ਕਰਕੇ ਹੋਇਆ ਸੀ। ਹਾਲਾਂਕਿ ਮਸੀਹੀ ਧਰਮ ਨਵਾਂ ਸੀ, ਪਰ ਇਸ ਦੇ ਮੰਨਣ ਵਾਲੇ ਬਹੁਤ ਸਰਗਰਮ ਸਨ। ਚਰਚ ਦੇ ਮੈਂਬਰਾਂ ਤੋਂ ਉਲਟ, ਮਸੀਹ ਦੇ ਚੇਲੇ ਯਹੋਵਾਹ ਤੇ ਉਸ ਦੇ ਬਚਨ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸਨ। ਕਈਆਂ ਨੇ ਉਨ੍ਹਾਂ ਕੋਲੋਂ ਸੱਚਾਈ ਸਿੱਖੀ ਸੀ ਜਿਨ੍ਹਾਂ ਨੂੰ ਬਹੁਤ ਨਿਰਦਈ ਤਰੀਕੇ ਨਾਲ ਸਤਾਇਆ ਗਿਆ ਸੀ। (ਰਸੂਲਾਂ ਦੇ ਕਰਤੱਬ 16:23, 26-33) ਜਿਨ੍ਹਾਂ ਨੇ ਮਸੀਹੀਅਤ ਨੂੰ ਸਵੀਕਾਰ ਕੀਤਾ ਉਨ੍ਹਾਂ ਨੇ ਇਸ ਬਾਰੇ ਪੂਰੀ ਜਾਣਕਾਰੀ ਲੈ ਕੇ ਅਤੇ ਸੋਚ-ਵਿਚਾਰ ਕਰ ਕੇ ਇਸ ਤਰ੍ਹਾਂ ਕੀਤਾ। (ਰੋਮੀਆਂ 12:1) ਉਨ੍ਹਾਂ ਨੇ ਪਰਮੇਸ਼ੁਰ ਦੇ ਰਾਹਾਂ ਬਾਰੇ ਸਿੱਖਿਆ ਸੀ; ਸੱਚਾਈ ਉਨ੍ਹਾਂ ਦੇ ਦਿਲਾਂ-ਦਿਮਾਗ਼ਾਂ ਵਿਚ ਬੈਠ ਗਈ ਸੀ। (ਇਬਰਾਨੀਆਂ 8:10, 11) ਉਹ ਆਪਣੇ ਵਿਸ਼ਵਾਸ ਦੀ ਖ਼ਾਤਰ ਮਰਨ ਲਈ ਵੀ ਤਿਆਰ ਸਨ।​—ਰਸੂਲਾਂ ਦੇ ਕਰਤੱਬ 7:51-60.

10. ਪਹਿਲੇ ਮਸੀਹੀਆਂ ਨੇ ਕਿਹੜੀ ਜ਼ਿੰਮੇਵਾਰੀ ਨੂੰ ਸਵੀਕਾਰ ਕੀਤਾ ਅਤੇ ਅਸੀਂ ਅੱਜ ਵੀ ਕੀ ਦੇਖਦੇ ਹਾਂ?

10 ਮਸੀਹੀ ਸਿੱਖਿਆਵਾਂ ਨੂੰ ਸਵੀਕਾਰ ਕਰਨ ਵਾਲਿਆਂ ਨੇ ਇਹ ਸਿੱਖਿਆਵਾਂ ਦੂਸਰਿਆਂ ਨੂੰ ਵੀ ਦੱਸਣ ਦੀ ਆਪਣੀ ਜ਼ਿੰਮੇਵਾਰੀ ਨੂੰ ਪਛਾਣਿਆ। ਇਸ ਨਾਲ ਚੇਲਿਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਇਆ। ਬਾਈਬਲ ਦੇ ਇਕ ਵਿਦਵਾਨ ਨੇ ਕਿਹਾ: “ਧਰਮ ਦਾ ਪ੍ਰਚਾਰ ਕਰਨਾ ਸਿਰਫ਼ ਜੋਸ਼ੀਲੇ ਜਾਂ ਚਰਚ ਵੱਲੋਂ ਨਿਯੁਕਤ ਕੀਤੇ ਗਏ ਪ੍ਰਚਾਰਕਾਂ ਦਾ ਹੀ ਕੰਮ ਨਹੀਂ ਮੰਨਿਆ ਜਾਂਦਾ ਸੀ। ਪ੍ਰਚਾਰ ਕਰਨਾ ਚਰਚ ਦੇ ਹਰ ਮੈਂਬਰ ਦਾ ਅਧਿਕਾਰ ਅਤੇ ਜ਼ਿੰਮੇਵਾਰੀ ਸੀ। . . . ਪ੍ਰਚਾਰ ਕਰਨ ਦੀ ਹਰ ਮਸੀਹੀ ਦੀ ਦਿਲੀ ਇੱਛਾ ਕਰਕੇ ਇਸ ਧਰਮ ਵਿਚ ਸ਼ੁਰੂ ਤੋਂ ਹੀ ਬਹੁਤ ਵਾਧਾ ਹੋਇਆ।” ਉਸ ਨੇ ਅੱਗੇ ਲਿਖਿਆ: “ਪ੍ਰਚਾਰ ਕਰਨਾ ਪਹਿਲੇ ਮਸੀਹੀਆਂ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਸੀ।” ਅੱਜ ਸੱਚੇ ਮਸੀਹੀਆਂ ਨਾਲ ਵੀ ਇਸੇ ਤਰ੍ਹਾਂ ਹੈ।

ਖੇਤਰਾਂ ਵਿਚ ਵਾਧਾ

11. ਰਸੂਲਾਂ ਦੇ ਕਰਤੱਬ 12:24 ਵਿਚ ਕਿਸ ਤਰ੍ਹਾਂ ਦੇ ਵਾਧੇ ਬਾਰੇ ਦੱਸਿਆ ਗਿਆ ਹੈ ਅਤੇ ਇਹ ਵਾਧਾ ਕਿਵੇਂ ਹੋਇਆ?

11 ਪਰਮੇਸ਼ੁਰ ਦੇ ਬਚਨ ਦੇ ਵਾਧੇ ਦਾ ਦੂਸਰਾ ਹਵਾਲਾ ਰਸੂਲਾਂ ਦੇ ਕਰਤੱਬ 12:24 ਵਿਚ ਪਾਇਆ ਜਾਂਦਾ ਹੈ: “ਪਰ ਪਰਮੇਸ਼ੁਰ ਦਾ ਬਚਨ ਵਧਦਾ ਅਤੇ ਫੈਲਦਾ ਗਿਆ।” ਇੱਥੇ ਪਰਮੇਸ਼ੁਰ ਦੇ ਬਚਨ ਦੇ ਵਧਣ ਦਾ ਸੰਬੰਧ ਖੇਤਰਾਂ ਦੇ ਵਧਣ ਨਾਲ ਹੈ। ਸਰਕਾਰਾਂ ਦੇ ਵਿਰੋਧ ਦੇ ਬਾਵਜੂਦ ਵੀ ਇਹ ਕੰਮ ਲਗਾਤਾਰ ਤਰੱਕੀ ਕਰਦਾ ਗਿਆ। ਪਵਿੱਤਰ ਆਤਮਾ ਪਹਿਲਾਂ ਯਰੂਸ਼ਲਮ ਵਿਚ ਪਾਈ ਗਈ ਸੀ ਅਤੇ ਉੱਥੋਂ ਬਚਨ ਇਕਦਮ ਫੈਲ ਗਿਆ। ਯਰੂਸ਼ਲਮ ਵਿਚ ਚੇਲਿਆਂ ਉੱਤੇ ਅਤਿਆਚਾਰ ਹੋਣ ਕਰਕੇ ਉਹ ਪੂਰੇ ਯਹੂਦਿਯਾ ਅਤੇ ਸਾਮਰਿਯਾ ਦੇ ਇਲਾਕਿਆਂ ਵਿਚ ਖਿੰਡ ਗਏ। ਇਸ ਦਾ ਨਤੀਜਾ ਕੀ ਨਿਕਲਿਆ? “ਜਿਹੜੇ ਖਿੰਡ ਗਏ ਸਨ [ਉਹ] ਬਚਨ ਦੀ ਖੁਸ਼ ਖਬਰੀ ਸੁਣਾਉਂਦੇ ਫਿਰੇ।” (ਰਸੂਲਾਂ ਦੇ ਕਰਤੱਬ 8:1, 4) ਫ਼ਿਲਿੱਪੁਸ ਨੂੰ ਇਕ ਆਦਮੀ ਨੂੰ ਗਵਾਹੀ ਦੇਣ ਲਈ ਭੇਜਿਆ ਗਿਆ ਜਿਹੜਾ ਬਪਤਿਸਮਾ ਲੈਣ ਤੋਂ ਬਾਅਦ ਖ਼ੁਸ਼ ਖ਼ਬਰੀ ਇਥੋਪੀਆ ਨੂੰ ਲੈ ਗਿਆ। (ਰਸੂਲਾਂ ਦੇ ਕਰਤੱਬ 8:26-28, 38, 39) ਜਲਦੀ ਹੀ ਲੁੱਦਾ, ਸ਼ਰੋਨ ਅਤੇ ਯਾੱਪਾ ਨਾਮਕ ਇਲਾਕਿਆਂ ਵਿਚ ਸੱਚਾਈ ਫੈਲ ਗਈ। (ਰਸੂਲਾਂ ਦੇ ਕਰਤੱਬ 9:35, 42) ਬਾਅਦ ਵਿਚ ਪੌਲੁਸ ਰਸੂਲ ਨੇ ਸਮੁੰਦਰ ਅਤੇ ਜ਼ਮੀਨ ਤੇ ਹਜ਼ਾਰਾਂ ਕਿਲੋਮੀਟਰ ਸਫ਼ਰ ਕਰਦੇ ਹੋਏ ਭੂਮੱਧ-ਸਾਗਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਕਲੀਸਿਯਾਵਾਂ ਸਥਾਪਿਤ ਕੀਤੀਆਂ। ਪਤਰਸ ਰਸੂਲ ਬਾਬਲ ਗਿਆ। (1 ਪਤਰਸ 5:13) ਪੰਤੇਕੁਸਤ ਤੇ ਪਵਿੱਤਰ ਆਤਮਾ ਪਾਏ ਜਾਣ ਤੋਂ ਬਾਅਦ 30 ਸਾਲਾਂ ਦੇ ਅੰਦਰ-ਅੰਦਰ, ਪੌਲੁਸ ਨੇ ਲਿਖਿਆ ਕਿ ਖ਼ੁਸ਼ ਖ਼ਬਰੀ ਦਾ “ਪਰਚਾਰ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ ਗਿਆ” ਸੀ। ਪੌਲੁਸ ਸ਼ਾਇਦ ਉਸ ਸਮੇਂ ਆਮ ਜਾਣੀਆਂ ਜਾਂਦੀਆਂ ਥਾਵਾਂ ਦੇ ਸੰਬੰਧ ਵਿਚ ਕਹਿ ਰਿਹਾ ਸੀ।​—ਕੁਲੁੱਸੀਆਂ 1:23.

12. ਮਸੀਹੀਅਤ ਦੇ ਵਿਰੋਧੀਆਂ ਨੇ ਪਰਮੇਸ਼ੁਰ ਦੇ ਬਚਨ ਦੇ ਜ਼ਿਆਦਾ ਖੇਤਰਾਂ ਵਿਚ ਫੈਲਣ ਬਾਰੇ ਕੀ ਕਿਹਾ?

12 ਮਸੀਹੀਅਤ ਦੇ ਵਿਰੋਧੀਆਂ ਨੇ ਵੀ ਇਹ ਗੱਲ ਮੰਨੀ ਕਿ ਪਰਮੇਸ਼ੁਰ ਦੇ ਬਚਨ ਨੇ ਪੂਰੇ ਰੋਮੀ ਸਾਮਰਾਜ ਵਿਚ ਜੜ੍ਹ ਫੜ ਲਈ ਸੀ। ਉਦਾਹਰਣ ਲਈ ਰਸੂਲਾਂ ਦੇ ਕਰਤੱਬ 17:6 ਦੱਸਦਾ ਹੈ ਕਿ ਯੂਨਾਨ ਦੇ ਉੱਤਰੀ ਹਿੱਸੇ ਵਿਚ ਸਥਿਤ ਥੱਸਲੁਨੀਕਾ ਸ਼ਹਿਰ ਵਿਚ ਵਿਰੋਧੀਆਂ ਨੇ ਰੌਲਾ ਪਾਇਆ: “ਏਹ ਲੋਕ ਜਿਨ੍ਹਾਂ ਜਗਤ ਨੂੰ ਉਲਟਾ ਦਿੱਤਾ ਹੈ ਏੱਥੇ ਵੀ ਆਏ ਹਨ!” ਇਸ ਤੋਂ ਇਲਾਵਾ, ਦੂਸਰੀ ਸਦੀ ਦੇ ਸ਼ੁਰੂ ਵਿਚ ਪਲੀਨੀ ਛੋਟੇ ਨੇ ਬਿਥੁਨਿਯਾ ਤੋਂ ਰੋਮ ਦੇ ਸਮਰਾਟ ਟ੍ਰੇਜਨ ਨੂੰ ਮਸੀਹੀਅਤ ਬਾਰੇ ਇਕ ਚਿੱਠੀ ਲਿਖੀ। ਇਸ ਵਿਚ ਉਸ ਨੇ ਸ਼ਿਕਾਇਤ ਕੀਤੀ: “[ਇਹ] ਸਿਰਫ਼ ਸ਼ਹਿਰਾਂ ਵਿਚ ਹੀ ਨਹੀਂ, ਸਗੋਂ ਇਹ ਆਲੇ-ਦੁਆਲੇ ਦੇ ਸਾਰੇ ਪਿੰਡਾਂ ਵਿਚ ਤੇ ਪੂਰੇ ਦੇਸ਼ ਵਿਚ ਫੈਲ ਗਈ ਹੈ।”

13. ਖੇਤਰਾਂ ਵਿਚ ਵਾਧੇ ਨੇ ਮਨੁੱਖਜਾਤੀ ਲਈ ਯਹੋਵਾਹ ਦੇ ਪਿਆਰ ਨੂੰ ਕਿਵੇਂ ਦਿਖਾਇਆ?

13 ਖੇਤਰਾਂ ਵਿਚ ਵਾਧਾ, ਬਚਾਏ ਜਾਣ ਯੋਗ ਮਨੁੱਖਜਾਤੀ ਲਈ ਯਹੋਵਾਹ ਦੇ ਸੱਚੇ ਪਿਆਰ ਦਾ ਪ੍ਰਗਟਾਵਾ ਸੀ। ਜਦੋਂ ਪਤਰਸ ਨੇ ਦੇਖਿਆ ਕਿ ਪਵਿੱਤਰ ਆਤਮਾ ਪਰਾਈ ਕੌਮ ਦੇ ਆਦਮੀ ਕੁਰਨੇਲਿਯੁਸ ਉੱਤੇ ਵੀ ਪਾਈ ਗਈ ਸੀ, ਤਾਂ ਉਸ ਨੇ ਕਿਹਾ: “ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਜੀ ਹਾਂ, ਖ਼ੁਸ਼ ਖ਼ਬਰੀ ਸਾਰੇ ਲੋਕਾਂ ਲਈ ਇਕ ਸੰਦੇਸ਼ ਸੀ ਤੇ ਹੁਣ ਵੀ ਹੈ। ਅਤੇ ਜ਼ਿਆਦਾ ਖੇਤਰਾਂ ਵਿਚ ਪਰਮੇਸ਼ੁਰ ਦਾ ਬਚਨ ਫੈਲਣ ਕਰਕੇ ਹਰ ਜਗ੍ਹਾ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਪਿਆਰ ਪ੍ਰਤੀ ਹੁੰਗਾਰਾ ਭਰਨ ਦਾ ਮੌਕਾ ਮਿਲਿਆ। ਇਸ 21ਵੀਂ ਸਦੀ ਵਿਚ ਪਰਮੇਸ਼ੁਰ ਦਾ ਬਚਨ ਸੱਚੀਂ-ਮੁੱਚੀਂ ਧਰਤੀ ਦੇ ਸਾਰੇ ਕੋਨਿਆਂ ਤਕ ਫੈਲ ਗਿਆ ਹੈ।

ਵਾਧਾ ਜੋ ਪ੍ਰਬਲ ਹੋਇਆ

14. ਰਸੂਲਾਂ ਦੇ ਕਰਤੱਬ 19:20 ਵਿਚ ਕਿਹੜੇ ਵਾਧੇ ਬਾਰੇ ਦੱਸਿਆ ਗਿਆ ਹੈ ਅਤੇ ਪਰਮੇਸ਼ੁਰ ਦਾ ਬਚਨ ਕਿਹੜੀਆਂ ਚੀਜ਼ਾਂ ਉੱਤੇ ਪ੍ਰਬਲ ਹੋਇਆ?

14 ਪਰਮੇਸ਼ੁਰ ਦੇ ਬਚਨ ਦੇ ਵਧਣ ਦਾ ਤੀਜਾ ਹਵਾਲਾ ਰਸੂਲਾਂ ਦੇ ਕਰਤੱਬ 19:20 ਵਿਚ ਪਾਇਆ ਜਾਂਦਾ ਹੈ: “ਇਸੇ ਤਰਾਂ ਪ੍ਰਭੁ ਦਾ ਬਚਨ ਵਧਿਆ ਅਤੇ ਪਰਬਲ ਹੋਇਆ।” “ਪਰਬਲ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ “ਤਾਕਤ ਲਾਉਣ” ਦਾ ਵਿਚਾਰ ਦਿੰਦਾ ਹੈ। ਇਸ ਤੋਂ ਪਿਛਲੀਆਂ ਆਇਤਾਂ ਦੱਸਦੀਆਂ ਹਨ ਕਿ ਅਫਸੁਸ ਵਿਚ ਬਹੁਤ ਸਾਰੇ ਲੋਕ ਵਿਸ਼ਵਾਸੀ ਬਣ ਗਏ ਅਤੇ ਜਿਹੜੇ ਲੋਕ ਜਾਦੂ-ਟੂਣਾ ਕਰਦੇ ਸਨ ਉਨ੍ਹਾਂ ਨੇ ਸਾਰਿਆਂ ਦੇ ਸਾਮ੍ਹਣੇ ਆਪਣੀਆਂ ਕਿਤਾਬਾਂ ਸਾੜ ਦਿੱਤੀਆਂ। ਇਸ ਤਰ੍ਹਾਂ ਪਰਮੇਸ਼ੁਰ ਦਾ ਬਚਨ ਝੂਠੇ ਧਾਰਮਿਕ ਵਿਸ਼ਵਾਸਾਂ ਉੱਤੇ ਪ੍ਰਬਲ ਹੋਇਆ। ਖ਼ੁਸ਼ ਖ਼ਬਰੀ ਦੂਸਰੀਆਂ ਔਕੜਾਂ ਜਿਵੇਂ ਸਤਾਹਟ ਉੱਤੇ ਵੀ ਪ੍ਰਬਲ ਹੋਈ। ਕੋਈ ਵੀ ਚੀਜ਼ ਇਸ ਨੂੰ ਰੋਕ ਨਾ ਸਕੀ। ਅੱਜ ਵੀ ਅਸੀਂ ਸੱਚੀ ਮਸੀਹੀਅਤ ਵਿਚ ਇਹੋ ਗੱਲ ਦੇਖਦੇ ਹਾਂ।

15. (ੳ) ਬਾਈਬਲ ਦੇ ਇਕ ਇਤਿਹਾਸਕਾਰ ਨੇ ਪਹਿਲੇ ਮਸੀਹੀਆਂ ਬਾਰੇ ਕੀ ਲਿਖਿਆ? (ਅ) ਚੇਲਿਆਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਕਿਸ ਨੂੰ ਦਿੱਤਾ?

15 ਰਸੂਲਾਂ ਤੇ ਹੋਰ ਮਸੀਹੀਆਂ ਨੇ ਵੀ ਬੜੇ ਜੋਸ਼ ਨਾਲ ਪਰਮੇਸ਼ੁਰ ਦੇ ਬਚਨ ਦਾ ਐਲਾਨ ਕੀਤਾ। ਉਨ੍ਹਾਂ ਬਾਰੇ ਬਾਈਬਲ ਦੇ ਇਕ ਵਿਦਵਾਨ ਨੇ ਕਿਹਾ: “ਜਦੋਂ ਆਦਮੀਆਂ ਨੂੰ ਆਪਣੇ ਪ੍ਰਭੂ ਬਾਰੇ ਪ੍ਰਚਾਰ ਕਰਨ ਦੀ ਇੱਛਾ ਹੁੰਦੀ ਹੈ, ਤਾਂ ਉਹ ਪ੍ਰਚਾਰ ਕਰਨ ਦਾ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਹਨ। ਸੱਚ-ਮੁੱਚ ਇਨ੍ਹਾਂ ਆਦਮੀਆਂ ਅਤੇ ਤੀਵੀਆਂ ਦੇ ਗੱਲ ਕਰਨ ਦੇ ਤਰੀਕਿਆਂ ਨਾਲੋਂ ਜ਼ਿਆਦਾ ਇਨ੍ਹਾਂ ਦੀ ਪ੍ਰੇਰਣਾ ਨੇ ਸਾਡੇ ਉੱਤੇ ਡੂੰਘੀ ਛਾਪ ਛੱਡੀ ਹੈ।” ਫਿਰ ਵੀ, ਉਨ੍ਹਾਂ ਪਹਿਲੇ ਮਸੀਹੀਆਂ ਨੇ ਪਛਾਣਿਆ ਕਿ ਸੇਵਕਾਈ ਵਿਚ ਉਨ੍ਹਾਂ ਨੂੰ ਸਿਰਫ਼ ਆਪਣੇ ਜਤਨਾਂ ਨਾਲ ਹੀ ਕਾਮਯਾਬੀ ਨਹੀਂ ਮਿਲੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਇਹ ਕੰਮ ਕਰਨ ਦਾ ਹੁਕਮ ਦਿੱਤਾ ਸੀ ਅਤੇ ਇਸ ਦੇ ਲਈ ਪਰਮੇਸ਼ੁਰ ਨੇ ਉਨ੍ਹਾਂ ਦੀ ਮਦਦ ਕੀਤੀ। ਪਰਮੇਸ਼ੁਰ ਦੀ ਮਦਦ ਨਾਲ ਹੀ ਅਧਿਆਤਮਿਕ ਵਾਧਾ ਹੁੰਦਾ ਹੈ। ਪੌਲੁਸ ਰਸੂਲ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਲਿਖੀ ਆਪਣੀ ਚਿੱਠੀ ਵਿਚ ਇਹ ਗੱਲ ਮੰਨੀ। ਉਸ ਨੇ ਲਿਖਿਆ: “ਮੈਂ ਤਾਂ ਬੂਟਾ ਲਾਇਆ ਅਤੇ ਅਪੁੱਲੋਸ ਨੇ ਸਿੰਜਿਆ ਪਰ ਪਰਮੇਸ਼ੁਰ ਨੇ ਵਧਾਇਆ। ਕਿਉਂ ਜੋ ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ।”​—1 ਕੁਰਿੰਥੀਆਂ 3:6, 9.

ਪਵਿੱਤਰ ਆਤਮਾ ਦਾ ਕੰਮ

16. ਸਾਨੂੰ ਕਿੱਦਾਂ ਪਤਾ ਚੱਲਦਾ ਹੈ ਕਿ ਪਵਿੱਤਰ ਆਤਮਾ ਨੇ ਚੇਲਿਆਂ ਨੂੰ ਦਲੇਰੀ ਨਾਲ ਗੱਲ ਕਰਨ ਦੀ ਤਾਕਤ ਦਿੱਤੀ ਸੀ?

16 ਯਾਦ ਕਰੋ ਯਿਸੂ ਨੇ ਆਪਣੇ ਚੇਲਿਆਂ ਨੂੰ ਯਕੀਨ ਦਿਵਾਇਆ ਸੀ ਕਿ ਪਰਮੇਸ਼ੁਰ ਦੇ ਬਚਨ ਨੂੰ ਫੈਲਾਉਣ ਵਿਚ ਪਵਿੱਤਰ ਆਤਮਾ ਵੀ ਕੰਮ ਕਰੇਗੀ ਅਤੇ ਪਵਿੱਤਰ ਆਤਮਾ ਚੇਲਿਆਂ ਨੂੰ ਪ੍ਰਚਾਰ ਕਰਨ ਦੀ ਤਾਕਤ ਦੇਵੇਗੀ। (ਰਸੂਲਾਂ ਦੇ ਕਰਤੱਬ 1:8) ਇਹ ਕਿਵੇਂ ਹੋਇਆ? ਪੰਤੇਕੁਸਤ ਦੇ ਦਿਨ ਚੇਲਿਆਂ ਉੱਤੇ ਪਵਿੱਤਰ ਆਤਮਾ ਪਾਏ ਜਾਣ ਤੋਂ ਥੋੜ੍ਹੇ ਸਮੇਂ ਬਾਅਦ, ਪਤਰਸ ਅਤੇ ਯੂਹੰਨਾ ਨੂੰ ਯਹੂਦੀ ਮਹਾਸਭਾ, ਜੋ ਦੇਸ਼ ਦੀ ਉੱਚ-ਅਦਾਲਤ ਸੀ, ਸਾਮ੍ਹਣੇ ਬੁਲਾਇਆ ਗਿਆ। ਇਸ ਅਦਾਲਤ ਦੇ ਜੱਜ ਯਿਸੂ ਨੂੰ ਮੌਤ ਦੇ ਘਾਟ ਉਤਾਰਨ ਲਈ ਜ਼ਿੰਮੇਵਾਰ ਸਨ। ਕੀ ਰਸੂਲ ਇਸ ਰੋਅਬਦਾਰ ਤੇ ਵੈਰੀ ਅਦਾਲਤ ਸਾਮ੍ਹਣੇ ਡਰ ਗਏ? ਬਿਲਕੁਲ ਨਹੀਂ! ਪਵਿੱਤਰ ਆਤਮਾ ਨੇ ਪਤਰਸ ਅਤੇ ਯੂਹੰਨਾ ਨੂੰ ਇੰਨੀ ਦਲੇਰੀ ਨਾਲ ਬੋਲਣ ਦੀ ਤਾਕਤ ਦਿੱਤੀ ਕਿ ਉਨ੍ਹਾਂ ਦੇ ਵਿਰੋਧੀ ਵੀ ਹੈਰਾਨ ਰਹਿ ਗਏ ਅਤੇ “ਓਹਨਾਂ ਨੂੰ ਪਛਾਣਿਆ ਭਈ ਏਹ ਯਿਸੂ ਦੇ ਨਾਲ ਰਹੇ ਸਨ।” (ਰਸੂਲਾਂ ਦੇ ਕਰਤੱਬ 4:8, 13) ਪਵਿੱਤਰ ਆਤਮਾ ਨੇ ਇਸਤੀਫ਼ਾਨ ਨੂੰ ਵੀ ਯਹੂਦੀ ਮਹਾਸਭਾ ਸਾਮ੍ਹਣੇ ਦਲੇਰੀ ਨਾਲ ਗਵਾਹੀ ਦੇਣ ਦੀ ਤਾਕਤ ਦਿੱਤੀ। (ਰਸੂਲਾਂ ਦੇ ਕਰਤੱਬ 6:12; 7:55, 56) ਇਸ ਤੋਂ ਪਹਿਲਾਂ, ਪਵਿੱਤਰ ਆਤਮਾ ਨੇ ਚੇਲਿਆਂ ਨੂੰ ਵੀ ਦਲੇਰੀ ਨਾਲ ਪ੍ਰਚਾਰ ਕਰਨ ਦੀ ਤਾਕਤ ਦਿੱਤੀ ਸੀ। ਲੂਕਾ ਦੱਸਦਾ ਹੈ: “ਜਦ ਓਹ ਬੇਨਤੀ ਕਰ ਹਟੇ ਤਾਂ ਉਹ ਥਾਂ ਜਿੱਥੇ ਓਹ ਇਕੱਠੇ ਹੋਏ ਸਨ ਹਿੱਲ ਗਿਆ ਅਤੇ ਸੱਭੋ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਗਏ ਅਰ ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗੇ।”​—ਰਸੂਲਾਂ ਦੇ ਕਰਤੱਬ 4:31.

17. ਪਵਿੱਤਰ ਆਤਮਾ ਨੇ ਸੇਵਕਾਈ ਵਿਚ ਕਿਨ੍ਹਾਂ ਦੂਸਰੇ ਤਰੀਕਿਆਂ ਨਾਲ ਚੇਲਿਆਂ ਦੀ ਮਦਦ ਕੀਤੀ ਸੀ?

17 ਆਪਣੀ ਸ਼ਕਤੀਸ਼ਾਲੀ ਪਵਿੱਤਰ ਆਤਮਾ ਦੁਆਰਾ ਯਹੋਵਾਹ ਅਤੇ ਜੀ ਉੱਠੇ ਯਿਸੂ ਨੇ ਪ੍ਰਚਾਰ ਕੰਮ ਵਿਚ ਅਗਵਾਈ ਲਈ। (ਯੂਹੰਨਾ 14:28; 15:26) ਜਦੋਂ ਕੁਰਨੇਲਿਯੁਸ, ਉਸ ਦੇ ਰਿਸ਼ਤੇਦਾਰਾਂ ਅਤੇ ਜਿਗਰੀ ਦੋਸਤਾਂ ਉੱਤੇ ਪਵਿੱਤਰ ਆਤਮਾ ਪਾਈ ਗਈ, ਤਾਂ ਪਤਰਸ ਰਸੂਲ ਜਾਣ ਗਿਆ ਕਿ ਪਰਾਈਆਂ ਕੌਮਾਂ ਦੇ ਬੇਸੁੰਨਤੀ ਲੋਕ ਵੀ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲੈ ਸਕਦੇ ਸਨ। (ਰਸੂਲਾਂ ਦੇ ਕਰਤੱਬ 10:24, 44-48) ਬਾਅਦ ਵਿਚ ਪਵਿੱਤਰ ਆਤਮਾ ਨੇ ਬਰਨਬਾਸ ਅਤੇ ਸੌਲੁਸ (ਪੌਲੁਸ ਰਸੂਲ) ਨੂੰ ਮਿਸ਼ਨਰੀ ਕੰਮ ਲਈ ਨਿਯੁਕਤ ਕਰਨ ਵਿਚ ਅਤੇ ਇਹ ਦੱਸਣ ਲਈ ਕਿ ਉਨ੍ਹਾਂ ਨੇ ਕਿੱਥੇ ਜਾਣਾ ਹੈ ਤੇ ਕਿੱਥੇ ਨਹੀਂ ਜਾਣਾ, ਅਹਿਮ ਭੂਮਿਕਾ ਨਿਭਾਈ। (ਰਸੂਲਾਂ ਦੇ ਕਰਤੱਬ 13:2, 4; 16:6, 7) ਇਸ ਨੇ ਫ਼ੈਸਲੇ ਕਰਨ ਵਿਚ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਦੀ ਮਦਦ ਕੀਤੀ। (ਰਸੂਲਾਂ ਦੇ ਕਰਤੱਬ 15:23, 28, 29) ਪਵਿੱਤਰ ਆਤਮਾ ਨੇ ਮਸੀਹੀ ਕਲੀਸਿਯਾ ਵਿਚ ਨਿਗਾਹਬਾਨਾਂ ਦੀ ਨਿਯੁਕਤੀ ਕਰਨ ਵਿਚ ਵੀ ਮਦਦ ਕੀਤੀ।​—ਰਸੂਲਾਂ ਦੇ ਕਰਤੱਬ 20:28.

18. ਪਹਿਲੇ ਮਸੀਹੀਆਂ ਨੇ ਪਿਆਰ ਕਿਵੇਂ ਦਿਖਾਇਆ?

18 ਇਸ ਤੋਂ ਇਲਾਵਾ, ਪਵਿੱਤਰ ਆਤਮਾ ਨੇ ਮਸੀਹੀਆਂ ਦੀ ਨਿੱਜੀ ਜ਼ਿੰਦਗੀ ਤੇ ਵੀ ਅਸਰ ਪਾਇਆ ਤੇ ਉਨ੍ਹਾਂ ਵਿਚ ਪ੍ਰੇਮ ਵਰਗੇ ਪਰਮੇਸ਼ੁਰੀ ਗੁਣ ਪੈਦਾ ਕੀਤੇ। (ਗਲਾਤੀਆਂ 5:22, 23) ਪ੍ਰੇਮ ਨੇ ਚੇਲਿਆਂ ਨੂੰ ਇਕ-ਦੂਜੇ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ। ਉਦਾਹਰਣ ਲਈ ਪੰਤੇਕੁਸਤ 33 ਸਾ.ਯੁ. ਤੋਂ ਬਾਅਦ, ਯਰੂਸ਼ਲਮ ਵਿਚ ਚੇਲਿਆਂ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨ ਲਈ ਪੈਸਾ ਇਕੱਠਾ ਕਰਨ ਦਾ ਪ੍ਰਬੰਧ ਕੀਤਾ ਗਿਆ। ਬਾਈਬਲ ਦੱਸਦੀ ਹੈ: “ਉਨ੍ਹਾਂ ਵਿੱਚੋਂ ਕਿਸੇ ਨੂੰ ਘਾਟਾ ਨਾ ਸੀ ਇਸ ਲਈ ਕਿ ਜਿਹੜੇ ਜਮੀਨਾਂ ਅਤੇ ਘਰਾਂ ਦੇ ਮਾਲਕ ਸਨ ਓਹ ਉਨ੍ਹਾਂ ਨੂੰ ਵੇਚ ਕੇ ਵਿਕੀਆਂ ਹੋਈਆਂ ਵਸਤਾਂ ਦਾ ਮੁੱਲ ਲਿਆਉਂਦੇ। ਅਤੇ ਰਸੂਲਾਂ ਦੇ ਚਰਨਾਂ ਉੱਤੇ ਧਰਦੇ ਸਨ ਅਤੇ ਹਰੇਕ ਨੂੰ ਉਹ ਦੀ ਲੋੜ ਅਨੁਸਾਰ ਵੰਡ ਦਿੰਦੇ ਸਨ।” (ਰਸੂਲਾਂ ਦੇ ਕਰਤੱਬ 4:34, 35) ਉਨ੍ਹਾਂ ਨੇ ਸਿਰਫ਼ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਹੀ ਇਹ ਪਿਆਰ ਨਹੀਂ ਦਿਖਾਇਆ, ਬਲਕਿ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਅਤੇ ਉਨ੍ਹਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਵੀ ਪਿਆਰ ਦਿਖਾਇਆ। (ਰਸੂਲਾਂ ਦੇ ਕਰਤੱਬ 28:8, 9) ਯਿਸੂ ਨੇ ਕਿਹਾ ਸੀ ਕਿ ਆਤਮ-ਤਿਆਗੀ ਪ੍ਰੇਮ ਉਸ ਦੇ ਪੈਰੋਕਾਰਾਂ ਦੀ ਪਛਾਣ ਹੋਵੇਗਾ। (ਯੂਹੰਨਾ 13:34, 35) ਯਕੀਨਨ, ਪ੍ਰੇਮ ਦੇ ਇਸ ਅਹਿਮ ਗੁਣ ਨੇ ਲੋਕਾਂ ਨੂੰ ਪਰਮੇਸ਼ੁਰ ਵੱਲ ਖਿੱਚਿਆ ਅਤੇ ਪਹਿਲੀ ਸਦੀ ਵਿਚ ਪਰਮੇਸ਼ੁਰ ਦੇ ਬਚਨ ਦੇ ਵਧਣ ਵਿਚ ਹਿੱਸਾ ਪਾਇਆ ਤੇ ਅੱਜ ਵੀ ਪਾ ਰਿਹਾ ਹੈ।​—ਮੱਤੀ 5:14, 16.

19. (ੳ) ਪਹਿਲੀ ਸਦੀ ਵਿਚ ਕਿਨ੍ਹਾਂ ਤਿੰਨ ਤਰੀਕਿਆਂ ਨਾਲ ਯਹੋਵਾਹ ਦਾ ਬਚਨ ਵਧਿਆ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

19 ਰਸੂਲਾਂ ਦੇ ਕਰਤੱਬ ਦੀ ਕਿਤਾਬ ਵਿਚ “ਪਵਿੱਤ੍ਰ ਆਤਮਾ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਮੁਢਲੀ ਭਾਸ਼ਾ ਵਿਚ 41 ਵਾਰ ਪਾਏ ਜਾਂਦੇ ਹਨ। ਸਪੱਸ਼ਟ ਤੌਰ ਤੇ ਪਹਿਲੀ ਸਦੀ ਵਿਚ, ਸੱਚੇ ਮਸੀਹੀਆਂ ਵਿਚ ਹੋਇਆ ਵਾਧਾ ਪਵਿੱਤਰ ਆਤਮਾ ਦੀ ਸ਼ਕਤੀ ਅਤੇ ਅਗਵਾਈ ਦਾ ਨਤੀਜਾ ਸੀ। ਚੇਲਿਆਂ ਦੀ ਗਿਣਤੀ ਵਧੀ, ਪਰਮੇਸ਼ੁਰ ਦਾ ਬਚਨ ਦੂਰ-ਦੂਰ ਤਕ ਫੈਲਿਆ ਅਤੇ ਇਸ ਨੇ ਉਸ ਸਮੇਂ ਦੇ ਧਰਮਾਂ ਅਤੇ ਫ਼ਲਸਫ਼ਿਆਂ ਉੱਤੇ ਜਿੱਤ ਪ੍ਰਾਪਤ ਕੀਤੀ। ਪਹਿਲੀ ਸਦੀ ਵਾਂਗ, ਅੱਜ ਵੀ ਯਹੋਵਾਹ ਦੇ ਗਵਾਹਾਂ ਦੇ ਕੰਮ ਵਿਚ ਵਾਧਾ ਹੋ ਰਿਹਾ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਆਧੁਨਿਕ ਸਮਿਆਂ ਵਿਚ ਪਰਮੇਸ਼ੁਰ ਦਾ ਬਚਨ ਕਿਵੇਂ ਤੇਜ਼ੀ ਨਾਲ ਫੈਲਿਆ ਹੈ।

ਕੀ ਤੁਹਾਨੂੰ ਯਾਦ ਹੈ?

• ਪਹਿਲੀ ਸਦੀ ਵਿਚ ਚੇਲਿਆਂ ਦੀ ਗਿਣਤੀ ਕਿਵੇਂ ਵਧੀ?

• ਪਰਮੇਸ਼ੁਰ ਦਾ ਬਚਨ ਕਿਵੇਂ ਜ਼ਿਆਦਾ ਖੇਤਰਾਂ ਵਿਚ ਫੈਲਿਆ?

• ਪਹਿਲੀ ਸਦੀ ਵਿਚ ਪਰਮੇਸ਼ੁਰ ਦਾ ਬਚਨ ਕਿਵੇਂ ਪ੍ਰਬਲ ਹੋਇਆ?

• ਪਰਮੇਸ਼ੁਰ ਦੇ ਬਚਨ ਦੇ ਵਾਧੇ ਵਿਚ ਪਵਿੱਤਰ ਆਤਮਾ ਨੇ ਕੀ ਭੂਮਿਕਾ ਨਿਭਾਈ?

[ਸਵਾਲ]

[ਸਫ਼ੇ 12 ਉੱਤੇ ਤਸਵੀਰ]

ਫਿਲਿੱਪੁਸ ਨੇ ਈਥੀਓਪੀਆ ਦੇ ਇਕ ਆਦਮੀ ਨੂੰ ਪ੍ਰਚਾਰ ਕਰ ਕੇ ਖ਼ੁਸ਼ ਖ਼ਬਰੀ ਨੂੰ ਦੂਰ-ਦੁਰਾਡੇ ਖੇਤਰਾਂ ਵਿਚ ਫੈਲਾਇਆ

[ਸਫ਼ੇ 13 ਉੱਤੇ ਤਸਵੀਰ]

ਪਵਿੱਤਰ ਆਤਮਾ ਨੇ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਦੀ ਅਗਵਾਈ ਕੀਤੀ

[ਸਫ਼ੇ 10 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Upper right corner: Reproduction of the City of Jerusalem at the time of the Second Temple - located on the grounds of the Holyland Hotel, Jerusalem