ਅਸੀਂ ਆਪਣੀ ਨਿਹਚਾ ਦੀ ਪਰੀਖਿਆ ਵੇਲੇ ਇਕੱਲੇ ਨਹੀਂ ਸੀ
ਅਸੀਂ ਆਪਣੀ ਨਿਹਚਾ ਦੀ ਪਰੀਖਿਆ ਵੇਲੇ ਇਕੱਲੇ ਨਹੀਂ ਸੀ
ਵਿੱਕੀ ਇਕ ਬਹੁਤੀ ਪਿਆਰੀ ਕੁੜੀ ਸੀ—ਸਿਹਤਮੰਦ, ਸੋਹਣੀ, ਅਤੇ ਚੁਸਤ। ਜਦੋਂ 1993 ਦੀ ਬਸੰਤ ਵਿਚ ਉਸ ਦਾ ਜਨਮ ਹੋਇਆ ਤਾਂ ਸਾਡੀ ਖ਼ੁਸ਼ੀ ਦੀ ਕੋਈ ਸੀਮਾ ਹੀ ਨਹੀਂ ਸੀ। ਅਸੀਂ ਸਵੀਡਨ ਦੇ ਦੱਖਣ ਵੱਲ ਇਕ ਛੋਟੇ ਜਿਹੇ ਨਗਰ ਵਿਚ ਰਹਿੰਦੇ ਸਨ ਅਤੇ ਸਾਡੀ ਜ਼ਿੰਦਗੀ ਬਹੁਤ ਹੀ ਵਧੀਆ ਸੀ।
ਜਦੋਂ ਵਿੱਕੀ ਡੇਢ ਕੁ ਸਾਲ ਦੀ ਹੋਈ, ਤਾਂ ਸਾਨੂੰ ਇੱਦਾਂ ਲੱਗਾ ਕਿ ਸਾਡੀ ਦੁਨੀਆਂ ਟੁੱਟ ਕੇ ਬਿਖ਼ਰ ਗਈ। ਵਿੱਕੀ ਕੁਝ ਚਿਰ ਤੋਂ ਬੀਮਾਰ ਸੀ, ਇਸ ਲਈ ਅਸੀਂ ਉਸ ਨੂੰ ਹਸਪਤਾਲ ਲੈ ਗਏ। ਅਸੀਂ ਕਦੀ ਵੀ ਉਸ ਘੜੀ ਨੂੰ ਨਹੀਂ ਭੁੱਲਾਂਗੇ ਜਦੋਂ ਡਾਕਟਰ ਨੇ ਸਾਨੂੰ ਦੱਸਿਆ ਕਿ ਸਾਡੀ ਧੀ ਨੂੰ ਲਹੂ ਦਾ ਅਜਿਹਾ ਕੈਂਸਰ [acute lymphoblastic leukemia] ਹੈ ਜੋ ਖ਼ੂਨ ਦੇ ਚਿੱਟੇ ਸੈੱਲਾਂ ਉੱਤੇ ਅਸਰ ਪਾਉਂਦਾ ਹੈ।
ਸਾਡੇ ਲਈ ਇਹ ਸਵੀਕਾਰ ਕਰਨਾ ਬਹੁਤ ਔਖਾ ਸੀ ਕਿ ਸਾਡੀ ਛੋਟੀ ਜਿਹੀ ਕੁੜੀ ਨੂੰ ਇਹ ਭਿਆਨਕ ਰੋਗ ਲੱਗ ਗਿਆ ਸੀ। ਉਹ ਤਾਂ ਹੁਣੇ-ਹੁਣੇ ਆਪਣੇ ਆਲੇ-ਦੁਆਲੇ ਦੀ ਦੁਨੀਆਂ ਨੂੰ ਜਾਣਨ-ਪਛਾਣਨ ਲੱਗੀ ਸੀ ਅਤੇ ਹੁਣ ਉਹ ਸ਼ਾਇਦ ਮਰ ਸਕਦੀ ਸੀ। ਸਾਨੂੰ ਤਸੱਲੀ ਦੇਣ ਲਈ ਡਾਕਟਰ ਨੇ ਕਿਹਾ ਕਿ ਇਕ ਕਾਫ਼ੀ ਸਫ਼ਲ ਇਲਾਜ ਕੀਤਾ ਜਾ ਸਕਦਾ ਸੀ, ਜਿਸ ਵਿਚ ਕੀਮੋਥੈਰਪੀ ਅਤੇ ਕੁਝ ਖ਼ੂਨ ਚੜਾਉਣਾ ਸ਼ਾਮਲ ਸੀ। ਇਹ ਸੁਣ ਕੇ ਅਸੀਂ ਹੋਰ ਵੀ ਹੈਰਾਨ ਤੇ ਪਰੇਸ਼ਾਨ ਹੋਏ।
ਸਾਡੀ ਨਿਹਚਾ ਪਰਖੀ ਜਾਂਦੀ ਹੈ
ਅਸੀਂ ਆਪਣੀ ਬੱਚੀ ਨਾਲ ਬਹੁਤ ਪਿਆਰ ਕਰਦੇ ਸੀ ਅਤੇ ਉਸ ਲਈ ਵਧੀਆ ਤੋਂ ਵਧੀਆ ਇਲਾਜ ਚਾਹੁੰਦੇ ਸੀ। ਫਿਰ ਵੀ, ਖ਼ੂਨ ਲੈਣ ਦਾ ਸਵਾਲ ਪੈਦਾ ਵੀ ਨਹੀਂ ਹੁੰਦਾ ਸੀ। ਅਸੀਂ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਪੱਕਾ ਵਿਸ਼ਵਾਸ ਕਰਦੇ ਹਾਂ, ਜਿਸ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਮਸੀਹੀਆਂ ਨੂੰ ‘ਲਹੂ ਤੋਂ ਬਚੇ ਰਹਿਣਾ’ ਚਾਹੀਦਾ ਹੈ। (ਰਸੂਲਾਂ ਦੇ ਕਰਤੱਬ 15:28, 29) ਸਾਨੂੰ ਇਹ ਵੀ ਪਤਾ ਸੀ ਕਿ ਖ਼ੂਨ ਲੈਣ ਵਿਚ ਹੋਰ ਵੀ ਬਹੁਤ ਖ਼ਤਰੇ ਪੇਸ਼ ਹਨ। ਹਜ਼ਾਰਾਂ ਹੀ ਲੋਕਾਂ ਨੂੰ ਖ਼ੂਨ ਚੜਾਉਣ ਕਾਰਨ ਬੀਮਾਰੀਆਂ ਲੱਗੀਆਂ ਹਨ ਅਤੇ ਉਹ ਮਰ ਗਏ ਹਨ। ਇਕ ਹੀ ਚਾਰਾ ਸੀ ਕਿ ਖ਼ੂਨ ਚੜਾਉਣ ਤੋਂ ਬਗੈਰ ਵਧੀਆ ਇਲਾਜ ਕਰਵਾਇਆ ਜਾਵੇ। ਇਸ ਤਰ੍ਹਾਂ ਨਿਹਚਾ ਦੀ ਸਾਡੀ ਲੜਾਈ ਸ਼ੁਰੂ ਹੋਈ।
ਅਸੀਂ ਕੀ ਕਰ ਸਕਦੇ ਸੀ? ਅਸੀਂ ਸਵੀਡਨ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖਾ ਦਫ਼ਤਰ ਦੇ ਉਸ ਵਿਭਾਗ ਕੋਲੋਂ ਮਦਦ ਮੰਗੀ ਜੋ ਡਾਕਟਰੀ ਇਲਾਜ ਦੇ ਸੰਬੰਧ ਵਿਚ ਸਲਾਹ ਦਿੰਦਾ ਹੈ (Hospital Information Services [HIS])। * ਇਕਦਮ ਯੂਰਪ ਦੇ ਵੱਖੋ-ਵੱਖਰਿਆਂ ਹਸਪਤਾਲਾਂ ਨੂੰ ਫ਼ੈਕਸ ਭੇਜੇ ਗਏ, ਤਾਂਕਿ ਅਜਿਹਾ ਡਾਕਟਰ ਲੱਭਿਆ ਜਾ ਸਕੇ ਜੋ ਖ਼ੂਨ ਦੇਣ ਤੋਂ ਬਗੈਰ ਕੀਮੋਥੈਰਪੀ ਕਰਨ ਲਈ ਰਜ਼ਾਮੰਦ ਹੋਵੇ। ਸਾਡੇ ਮਸੀਹੀ ਭਰਾਵਾਂ ਦੀ ਦਿਲਚਸਪੀ, ਪਿਆਰ, ਅਤੇ ਮਦਦ ਨੇ ਸਾਨੂੰ ਬਹੁਤ ਮਜ਼ਬੂਤ ਕੀਤਾ। ਅਸੀਂ ਨਿਹਚਾ ਦੀ ਆਪਣੀ ਲੜਾਈ ਵਿਚ ਇਕੱਲੇ ਨਹੀਂ ਸੀ।
ਕੁਝ ਹੀ ਘੰਟਿਆਂ ਵਿਚ, ਹੌਮਬਰਗ/ਜ਼ਾਰ, ਜਰਮਨੀ ਦੇ ਇਕ ਹਸਪਤਾਲ ਅਤੇ ਡਾਕਟਰ ਦਾ ਪਤਾ ਲੱਗ ਗਿਆ। ਸਾਡੇ ਲਈ ਪ੍ਰਬੰਧ ਕੀਤੇ ਗਏ ਤਾਂਕਿ ਅਸੀਂ ਅਗਲੇ ਹੀ ਦਿਨ ਜਹਾਜ਼ ਵਿਚ ਉੱਥੇ ਜਾ ਸਕੀਏ ਅਤੇ ਵਿੱਕੀ ਦਾ ਚੈੱਕਅਪ ਕਰਵਾ ਸਕੀਏ। ਜਦੋਂ ਅਸੀਂ ਹੌਮਬਰਗ ਪਹੁੰਚੇ, ਤਾਂ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਤੋਂ ਸਾਡੇ ਮਸੀਹੀ ਭਰਾ ਨਾਲੇ ਸਾਡੇ ਕੁਝ ਰਿਸ਼ਤੇਦਾਰ ਸਾਨੂੰ ਲੈਣ ਆਏ। ਅਤੇ ਉੱਥੇ ਦੀ ਹਸਪਤਾਲ ਸੰਪਰਕ ਕਮੇਟੀ ਤੋਂ ਇਕ ਭਰਾ ਨੇ ਵੀ ਸਾਡਾ ਨਿੱਘਾ ਸੁਆਗਤ ਕੀਤਾ। ਉਹ ਸਾਡੇ ਨਾਲ ਹਸਪਤਾਲ ਨੂੰ ਗਿਆ ਅਤੇ ਉਸ ਨੇ ਸਾਨੂੰ ਬਹੁਤ ਸਹਾਰਾ ਦਿੱਤਾ। ਸਾਨੂੰ ਇਸ ਗੱਲ ਤੋਂ ਬਹੁਤ ਤਸੱਲੀ ਮਿਲੀ ਕਿ ਇਕ ਪਰਾਏ ਦੇਸ਼ ਵਿਚ ਵੀ ਸਾਨੂੰ ਸਹਾਰਾ ਦੇਣ ਵਾਲੇ ਸਾਡੇ ਮਸੀਹੀ ਭੈਣ-ਭਰਾ ਸਨ।
ਜਦੋਂ ਅਸੀਂ ਹਸਪਤਾਲ ਤੇ ਡਾ. ਗ੍ਰਾਫ ਨੂੰ ਮਿਲੇ, ਸਾਨੂੰ ਫਿਰ ਤੋਂ ਤਸੱਲੀ ਦਿੱਤੀ ਗਈ। ਉਸ ਨੇ ਬਹੁਤ ਹੀ ਹਮਦਰਦੀ ਦਿਖਾਈ ਅਤੇ ਭਰੋਸਾ ਦਿਵਾਇਆ ਕਿ ਉਹ ਵਿੱਕੀ ਦਾ ਇਲਾਜ ਖ਼ੂਨ ਤੋਂ ਬਗੈਰ ਕਰਨ ਵਿਚ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰੇਗਾ। ਭਾਵੇਂ ਵਿੱਕੀ ਦੇ ਹੀਮੋਗਲੋਬਿਨ ਲੇਵਲ ਦੀ ਗਿਣਤੀ 5 ਤਕ ਵੀ ਪਹੁੰਚ ਜਾਵੇ, ਇਹ ਡਾਕਟਰ ਫਿਰ ਵੀ ਖ਼ੂਨ ਦੇਣ ਤੋਂ ਬਗੈਰ ਇਲਾਜ ਜਾਰੀ ਰੱਖਣ ਲਈ ਤਿਆਰ ਸੀ। ਉਸ ਨੇ ਇਹ ਵੀ ਕਿਹਾ ਕਿ ਵਿੱਕੀ ਦੀ ਬੀਮਾਰੀ ਬਾਰੇ ਜਲਦੀ ਪਤਾ ਲੱਗਣ ਕਰਕੇ ਅਤੇ ਉਸ ਨੂੰ ਉੱਥੇ ਜਲਦੀ ਲਿਆਉਣ ਕਰਕੇ ਉਸ ਦੇ ਇਲਾਜ ਦਾ ਸਫ਼ਲ ਹੋਣਾ ਜ਼ਿਆਦਾ ਸੰਭਵ ਸੀ। ਉਸ ਨੇ ਸਵੀਕਾਰ ਕੀਤਾ ਕਿ ਅਜਿਹੀ ਬੀਮਾਰੀ ਦੇ ਇਲਾਜ ਵਿਚ ਉਹ ਪਹਿਲੀ ਵਾਰ ਖ਼ੂਨ ਤੋਂ ਬਗੈਰ ਕੀਮੋਥੈਰਪੀ ਕਰ ਰਿਹਾ ਸੀ। ਅਸੀਂ ਬਹੁਤ ਸ਼ੁਕਰਗੁਜ਼ਾਰ ਸੀ ਅਤੇ ਅਸੀਂ ਡਾ. ਗ੍ਰਾਫ ਦੀ ਦਲੇਰੀ ਅਤੇ ਮਦਦ ਕਰਨ ਦੇ ਪੱਕੇ ਇਰਾਦੇ ਦੀ ਬਹੁਤ ਕਦਰ ਕੀਤੀ।
ਪੈਸਿਆਂ ਦੀ ਸਮੱਸਿਆ
ਹੁਣ ਇਹ ਸਵਾਲ ਖੜ੍ਹਾ ਹੋਇਆ ਕਿ ਵਿੱਕੀ ਦੇ ਇਲਾਜ ਲਈ ਪੈਸੇ ਕਿੱਥੋਂ ਆਉਣੇ ਸੀ? ਜਦੋਂ ਸਾਨੂੰ ਦੱਸਿਆ ਗਿਆ ਕਿ ਦੋ ਸਾਲਾਂ ਦੇ ਇਲਾਜ ਲਈ 32 ਲੱਖ ਰੁਪਏ ਤੋਂ ਜ਼ਿਆਦਾ ਲੱਗਣੇ ਸੀ ਤਾਂ ਅਸੀਂ ਹੱਕੇ-ਬੱਕੇ ਰਹਿ ਗਏ। ਸਾਡੇ ਕੋਲ ਇੰਨੇ ਪੈਸੇ ਨਹੀਂ ਸੀ, ਪਰ ਇਹ ਜ਼ਰੂਰੀ ਸੀ ਕਿ ਵਿੱਕੀ ਦਾ ਇਲਾਜ ਫ਼ੌਰਨ ਸ਼ੁਰੂ ਕੀਤਾ ਜਾਵੇ। ਕਿਉਂਕਿ ਅਸੀਂ ਇਲਾਜ ਲਈ ਸਵੀਡਨ ਤੋਂ ਜਰਮਨੀ ਆਏ ਹੋਏ ਸੀ ਸਾਨੂੰ ਸਰਕਾਰ ਵੱਲੋਂ ਸਿਹਤ-ਸੰਭਾਲ ਲਈ ਕੋਈ ਪੈਸਾ ਨਹੀਂ ਮਿਲ ਸਕਦਾ ਸੀ। ਸਾਡੀ ਛੋਟੀ ਜਿਹੀ ਬੀਮਾਰ ਕੁੜੀ ਦੀ ਮਦਦ ਕਰਨ ਲਈ ਡਾਕਟਰ ਤਾਂ ਤਿਆਰ ਸਨ, ਪਰ ਸਾਡੇ ਕੋਲ ਇਲਾਜ ਕਰਵਾਉਣ ਵਾਸਤੇ ਪੂਰੇ ਪੈਸੇ ਨਹੀਂ ਸੀ।
ਹਸਪਤਾਲ ਨੇ ਸਾਡੀ ਮਦਦ ਕੀਤੀ ਅਤੇ ਕਿਹਾ ਕਿ ਜੇ ਅਸੀਂ ਤਕਰੀਬਨ 4 ਲੱਖ ਰੁਪਏ ਦੀ ਰਕਮ ਭਰ ਦੇਈਏ ਅਤੇ ਬਾਕੀ ਦੇ ਪੈਸੇ ਬਾਅਦ ਵਿਚ ਦੇਣ ਦੀ ਗਾਰੰਟੀ ਦੇ ਦੇਈਏ, ਤਾਂ ਉਹ ਇਲਾਜ ਫ਼ੌਰਨ ਸ਼ੁਰੂ ਕਰ ਦੇਣਗੇ। ਅਸੀਂ ਕੁਝ ਪੈਸੇ ਜੋੜੇ ਹੋਏ ਸੀ, ਅਤੇ ਆਪਣੇ ਪਿਆਰੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਅਸੀਂ 4 ਲੱਖ ਦੀ ਰਕਮ ਭਰ ਦਿੱਤੀ—ਪਰ, ਬਾਕੀ ਦੀ ਰਕਮ ਅਸੀਂ ਕਿਸ ਤਰ੍ਹਾਂ ਦੇਣੀ ਸੀ?
ਇਕ ਵਾਰ ਫਿਰ ਸਾਨੂੰ ਯਾਦ ਦਿਲਾਇਆ ਗਿਆ ਕਿ ਅਸੀਂ ਨਿਹਚਾ ਦੀ ਆਪਣੀ ਲੜਾਈ ਵਿਚ ਇਕੱਲੇ ਨਹੀਂ ਸੀ। ਇਕ ਮਸੀਹੀ ਭਰਾ, ਜਿਸ ਨੂੰ ਅਸੀਂ ਉਸ ਵੇਲੇ ਜਾਣਦੇ ਵੀ ਨਹੀਂ ਸੀ, ਬਾਕੀ ਦੀ ਰਕਮ ਭਰਨ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਸੀ। ਲੇਕਿਨ, ਸਾਨੂੰ ਉਸ ਦੀ ਇਸ ਵੱਡੀ ਮਿਹਰਬਾਨੀ ਦੀ ਲੋੜ ਨਹੀਂ ਪਈ ਕਿਉਂਕਿ ਅਸੀਂ ਪੈਸਿਆਂ ਦਾ ਇੰਤੇਜ਼ਾਮ ਕਰ ਲਿਆ ਸੀ।
ਡਾਕਟਰਾਂ ਦਾ ਕੰਮ
ਕੀਮੋਥੈਰਪੀ ਸ਼ੁਰੂ ਕੀਤੀ ਗਈ। ਦਿਨ ਅਤੇ ਹਫ਼ਤੇ ਬੀਤਦੇ ਗਏ। ਕਦੀ-ਕਦੀ, ਸਾਡੀ ਛੋਟੀ ਕੁੜੀ ਲਈ ਅਤੇ ਸਾਡੇ ਲਈ ਇਹ ਹਾਲਾਤ ਬਹੁਤ ਹੀ ਔਖੇ ਸੀ। ਪਰ ਇਸ ਦੇ ਨਾਲ-ਨਾਲ, ਇਲਾਜ ਕਾਰਨ ਜਦੋਂ ਵੀ ਉਹ ਥੋੜ੍ਹਾ ਜਿਹਾ ਠੀਕ ਹੁੰਦੀ ਸੀ ਤਾਂ ਅਸੀਂ ਬਹੁਤ ਹੀ ਖ਼ੁਸ਼ ਅਤੇ ਸ਼ੁਕਰਗੁਜ਼ਾਰ ਹੁੰਦੇ ਸੀ। ਕੀਮੋਥੈਰਪੀ ਦਾ ਇਲਾਜ ਅੱਠ ਮਹੀਨਿਆਂ ਲਈ ਜਾਰੀ ਰਿਹਾ। ਵਿੱਕੀ ਦੇ ਹੀਮੋਗਲੋਬਿਨ ਲੇਵਲ ਦੀ ਗਿਣਤੀ 6 ਤਕ ਘੱਟ ਗਈ ਸੀ, ਅਤੇ ਡਾ. ਗ੍ਰਾਫ ਨੇ ਆਪਣਾ ਵਾਅਦਾ ਨਿਭਾਇਆ।
ਛੇ ਸਾਲ ਬੀਤ ਚੁੱਕੇ ਹਨ ਅਤੇ ਅਖ਼ੀਰਲੇ ਚੈੱਕਅਪ ਦੇ ਅਨੁਸਾਰ ਕੈਂਸਰ ਦਾ ਕੋਈ ਵੀ ਨਿਸ਼ਾਨ ਨਹੀਂ ਸੀ। ਉਹ ਹੁਣ ਇਕ ਬਹੁਤ ਹੀ ਖ਼ੁਸ਼ ਕੁੜੀ ਹੈ ਜਿਸ ਵਿਚ ਇਸ ਰੋਗ ਦਾ ਕੋਈ ਵੀ
ਨਿਸ਼ਾਨ ਨਹੀਂ ਹੈ। ਜੀ ਹਾਂ, ਵਿੱਕੀ ਦਾ ਪੂਰੀ ਤਰ੍ਹਾਂ ਠੀਕ ਹੋਣਾ ਇਕ ਚਮਤਕਾਰ ਲੱਗਦਾ ਹੈ। ਸਾਨੂੰ ਪਤਾ ਹੈ ਕਿ ਕਈ ਬੱਚੇ ਜਿਨ੍ਹਾਂ ਨੂੰ ਇਹ ਰੋਗ ਲੱਗ ਜਾਂਦਾ ਹੈ ਕੀਮੋਥੈਰਪੀ ਅਤੇ ਖ਼ੂਨ ਲੈਣ ਦੇ ਬਾਵਜੂਦ ਵੀ ਮਰ ਜਾਂਦੇ ਹਨ।ਨਿਹਚਾ ਦੀ ਆਪਣੀ ਲੜਾਈ ਵਿਚ ਅਸੀਂ ਜਿੱਤ ਗਏ, ਪਰ ਸਿਰਫ਼ ਆਪਣੇ ਰਿਸ਼ਤੇਦਾਰਾਂ, ਮਸੀਹੀ ਭੈਣਾਂ-ਭਰਾਵਾਂ, ਅਤੇ ਡਾਕਟਰੀ ਮਾਹਰਾਂ ਦੀ ਮਦਦ ਨਾਲ। ਹਸਪਤਾਲ ਸੂਚਨਾ ਸੇਵਾਵਾਂ ਨੇ ਸਾਨੂੰ ਦਿਨ-ਰਾਤ ਪੂਰਾ ਸਹਾਰਾ ਦਿੱਤਾ। ਡਾ. ਗ੍ਰਾਫ ਅਤੇ ਉਸ ਦੇ ਸਾਥੀਆਂ ਨੇ ਆਪਣੀ ਕਾਰੀਗਰੀ ਵਰਤ ਕੇ ਵਿੱਕੀ ਦੀ ਮਦਦ ਕੀਤੀ। ਇਨ੍ਹਾਂ ਸਾਰਿਆਂ ਦਾ ਅਸੀਂ ਦਿਲੋਂ ਸ਼ੁਕਰ ਕਰਦੇ ਹਾਂ।
ਸਾਡੀ ਨਿਹਚਾ ਮਜ਼ਬੂਤ ਹੋਈ ਹੈ
ਲੇਕਿਨ, ਸਭ ਤੋਂ ਵੱਧ ਅਸੀਂ ਆਪਣੇ ਪਰਮੇਸ਼ੁਰ, ਯਹੋਵਾਹ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਉਸ ਨੇ ਆਪਣੇ ਬਚਨ ਬਾਈਬਲ ਰਾਹੀਂ ਸਾਨੂੰ ਪਿਆਰ ਦਿਖਾਇਆ ਅਤੇ ਤਾਕਤ ਦਿੱਤੀ। ਜਦੋਂ ਅਸੀਂ ਬੀਤੀਆਂ ਗੱਲਾਂ ਬਾਰੇ ਸੋਚਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਇਸ ਕਠਿਨ ਅਨੁਭਵ ਤੋਂ ਕਿੰਨਾ ਕੁਝ ਸਿੱਖਿਆ ਹੈ ਅਤੇ ਇਸ ਨੇ ਕਿਸ ਤਰ੍ਹਾਂ ਸਾਡੀ ਨਿਹਚਾ ਮਜ਼ਬੂਤ ਕੀਤੀ ਹੈ।
ਹੁਣ ਸਾਡੀ ਇੱਛਾ ਇਹ ਹੈ ਕਿ ਅਸੀਂ ਯਹੋਵਾਹ ਪਰਮੇਸ਼ੁਰ ਨਾਲ ਆਪਣਾ ਨਿੱਜੀ ਰਿਸ਼ਤਾ ਕਾਇਮ ਰੱਖੀਏ ਅਤੇ ਆਪਣੀ ਜ਼ਿੰਦਗੀ ਉਸ ਦੀਆਂ ਮੰਗਾਂ ਅਨੁਸਾਰ ਜੀਉਣ ਦੀ ਮਹੱਤਤਾ ਬਾਰੇ ਆਪਣੀ ਧੀ ਨੂੰ ਸਿਖਾਈਏ। ਜੀ ਹਾਂ, ਅਸੀਂ ਉਸ ਨੂੰ ਧਰਤੀ ਉੱਤੇ ਆਉਣ ਵਾਲੇ ਫਿਰਦੌਸ ਵਿਚ ਸਦਾ ਦੇ ਜੀਵਨ ਦੀ ਰੂਹਾਨੀ ਤੌਰ ਤੇ ਚੰਗੀ ਵਿਰਾਸਤ ਦੇਣੀ ਚਾਹੁੰਦੇ ਹਾਂ।—ਭੇਜਿਆ ਗਿਆ ਲੇਖ
[ਫੁਟਨੋਟ]
^ ਪੈਰਾ 7 ਇਹ ਵਿਭਾਗ ਦੁਨੀਆਂ ਭਰ ਵਿਚ ਕਮੇਟੀਆਂ ਦਾ ਇਕ ਨੈੱਟਵਰਕ ਚਲਾਉਂਦਾ ਹੈ। ਇਨ੍ਹਾਂ ਕਮੇਟੀਆਂ ਵਿਚ ਅਜਿਹੇ ਮਸੀਹੀ ਹਨ ਜਿਨ੍ਹਾਂ ਨੂੰ ਸਿਖਲਾਈ ਦਿੱਤੀ ਗਈ ਹੈ ਕਿ ਉਹ ਕਿਸ ਤਰ੍ਹਾਂ ਡਾਕਟਰਾਂ ਅਤੇ ਮਸੀਹੀ ਮਰੀਜ਼ਾਂ ਨੂੰ ਇਕੱਠੇ ਮਿਲ ਕੇ ਕੰਮ ਕਰਨ ਵਿਚ ਮਦਦ ਦੇ ਸਕਦੇ ਹਨ। ਕੁਝ 200 ਦੇਸ਼ਾਂ ਵਿਚ ਅਜਿਹੀਆਂ 1,400 ਤੋਂ ਜ਼ਿਆਦਾ ਕਮੇਟੀਆਂ ਮਰੀਜ਼ਾਂ ਦੀ ਮਦਦ ਕਰ ਰਹੀਆਂ ਹਨ।