Skip to content

Skip to table of contents

ਤੁਸੀਂ ਭੈੜੀ ਪਰਵਰਿਸ਼ ਦੇ ਬਾਵਜੂਦ ਆਪਣੀ ਜ਼ਿੰਦਗੀ ਕਾਮਯਾਬ ਬਣਾ ਸਕਦੇ ਹੋ

ਤੁਸੀਂ ਭੈੜੀ ਪਰਵਰਿਸ਼ ਦੇ ਬਾਵਜੂਦ ਆਪਣੀ ਜ਼ਿੰਦਗੀ ਕਾਮਯਾਬ ਬਣਾ ਸਕਦੇ ਹੋ

ਤੁਸੀਂ ਭੈੜੀ ਪਰਵਰਿਸ਼ ਦੇ ਬਾਵਜੂਦ ਆਪਣੀ ਜ਼ਿੰਦਗੀ ਕਾਮਯਾਬ ਬਣਾ ਸਕਦੇ ਹੋ

ਨਿਕੋਲਸ ਬਚਪਨ ਤੋਂ ਹੀ ਇਕ ਢੀਠ ਮੁੰਡਾ ਸੀ। * ਸਮੇਂ ਦੇ ਬੀਤਣ ਨਾਲ ਉਸ ਨੇ ਪੀਣਾ ਅਤੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਦਾ ਮਨ ਬਹੁਤ ਹੀ ਦੁਖੀ ਸੀ। ਨਿਕੋਲਸ ਦੱਸਦਾ ਹੈ: “ਮੇਰਾ ਬਾਪ ਸ਼ਰਾਬੀ ਸੀ ਅਤੇ ਉਸ ਨੇ ਮੇਰਾ ਅਤੇ ਮੇਰੀ ਭੈਣ ਦਾ ਜੀਉਣਾ ਹਰਾਮ ਕੀਤਾ।”

ਆਂਢ-ਗੁਆਂਢ ਦੇ ਲੋਕਾਂ ਦੀਆਂ ਨਜ਼ਰਾਂ ਵਿਚ ਮਲਿੰਡਾ ਦੇ ਮਾਪੇ ਬੜੇ ਇੱਜ਼ਤਦਾਰ ਲੋਕ ਸਨ ਜੋ ਬਾਕਾਇਦਾ ਚਰਚ ਜਾਂਦੇ ਸਨ। ਪਰ ਉਨ੍ਹਾਂ ਦੇ ਧਰਮ ਵਿਚ ਅਜੀਬ ਤਰ੍ਹਾਂ ਦੀਆਂ ਰੀਤਾਂ ਸਨ। ਮਲਿੰਡਾ ਦੀ ਉਮਰ ਹੁਣ ਤੀਹਾਂ ਕੁ ਸਾਲਾਂ ਦੀ ਹੈ ਅਤੇ ਉਹ ਆਪਣੇ ਬਚਪਨ ਬਾਰੇ ਇਸ ਤਰ੍ਹਾਂ ਦੱਸਦੀ ਹੈ: “ਮੇਰੇ ਮਾਂ-ਬਾਪ ਦੇ ਧਰਮ ਦੀਆਂ ਕੁਝ ਰਸਮਾਂ ਮੇਰੇ ਲਈ ਬੜੀਆਂ ਖ਼ਰਾਬ ਸਨ ਅਤੇ ਉਨ੍ਹਾਂ ਨੇ ਤਾਂ ਮੇਰਾ ਹੌਸਲਾ ਹੀ ਘਟਾ ਦਿੱਤਾ ਸੀ।” ਉਹ ਅੱਗੇ ਕਹਿੰਦੀ ਹੈ: “ਛੋਟੀ ਹੁੰਦੀ ਤੋਂ ਹੀ ਮੈਂ ਆਪਣੇ ਆਪ ਨੂੰ ਨਿਕੰਮੀ ਸਮਝਦੀ ਅਤੇ ਇਸ ਕਰਕੇ ਨਿਰਾਸ਼ਾ ਮਹਿਸੂਸ ਕਰਦੀ ਸੀ।”

ਇਸ ਗੱਲ ਦਾ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਹੈ ਕਿ ਕਈਆਂ ਲੋਕਾਂ ਦਾ ਬਚਪਨ ਮਾਰ-ਕੁਟਾਈ, ਗਾਲ਼ਾਂ, ਮਾਪਿਆਂ ਦੀ ਲਾਪਰਵਾਹੀ, ਅਤੇ ਹੋਰ ਬੁਰੀਆਂ ਚੀਜ਼ਾਂ ਕਰਕੇ ਵਿਗੜ ਜਾਂਦਾ ਹੈ। ਇਸ ਤਰ੍ਹਾਂ ਦੇ ਦੁਖੀ ਬਚਪਨ ਦੇ ਜ਼ਖ਼ਮ ਡੂੰਘੇ ਹੋ ਸਕਦੇ ਹਨ। ਪਰ ਕੀ ਇਨ੍ਹਾਂ ਦੁੱਖਾਂ ਕਰਕੇ ਕਿਸੇ ਲਈ ਬਾਈਬਲ ਵਿੱਚੋਂ ਸੱਚਾਈ ਸਿੱਖਣੀ ਅਤੇ ਜ਼ਿੰਦਗੀ ਵਿਚ ਖ਼ੁਸ਼ੀ ਹਾਸਲ ਕਰਨੀ ਨਾਮੁਮਕਿਨ ਹੈ? ਕੀ ਮਲਿੰਡਾ ਅਤੇ ਨਿਕੋਲਸ ਆਪਣੀ ਪਰਵਰਿਸ਼ ਦੇ ਬਾਵਜੂਦ ਈਮਾਨਦਾਰ ਇਨਸਾਨਾਂ ਵਜੋਂ ਕਾਮਯਾਬ ਹੋ ਸਕੇ? ਜਵਾਬ ਹਾਸਲ ਕਰਨ ਤੋਂ ਪਹਿਲਾਂ ਚਲੋ ਆਪਾਂ ਯਹੂਦਾਹ ਦੇ ਪਾਤਸ਼ਾਹ ਯੋਸੀਯਾਹ ਦੀ ਉਦਾਹਰਣ ਉੱਤੇ ਗੌਰ ਕਰੀਏ।

ਬਾਈਬਲ ਤੋਂ ਇਕ ਉਦਾਹਰਣ

ਯੋਸੀਯਾਹ ਨੇ ਸਾਧਾਰਣ ਯੁਗ ਪੂਰਵ ਦੀ ਸੱਤਵੀਂ ਸਦੀ ਵਿਚ ਯਹੂਦਾਹ ਉੱਤੇ ਰਾਜ ਕੀਤਾ ਸੀ। (659-629 ਸਾ.ਯੁ.ਪੂ.) ਯੋਸੀਯਾਹ ਆਪਣੇ ਬਾਪ ਦੇ ਕਤਲ ਤੋਂ ਬਾਅਦ ਰਾਜ-ਗੱਦੀ ਤੇ ਬੈਠਾ ਸੀ ਅਤੇ ਉਸ ਵੇਲੇ ਯਹੂਦਾਹ ਦੀ ਹਾਲਤ ਬਹੁਤ ਭੈੜੀ ਸੀ। ਯਹੂਦਾਹ ਅਤੇ ਯਰੂਸ਼ਲਮ ਬਆਲ ਦੇਵਤੇ ਦੇ ਪੁਜਾਰੀਆਂ ਨਾਲ ਅਤੇ ਅੰਮੋਨ ਦੇ ਮੁੱਖ ਦੇਵਤੇ ਮਲਕਾਮ ਦੀ ਸੌਂਹ ਖਾਣ ਵਾਲਿਆਂ ਨਾਲ ਭਰੇ ਹੋਏ ਸਨ। ਉਸ ਸਮੇਂ ਵਿਚ ਰਹਿਣ ਵਾਲੇ ਰੱਬ ਦੇ ਇਕ ਨਬੀ, ਸਫ਼ਨਯਾਹ ਨੇ ਲਿਖਿਆ ਕਿ ਯਹੂਦਿਯਾ ਦੇ ਸਰਦਾਰ “ਗੱਜਦੇ ਬਬਰ ਸ਼ੇਰ,” ਅਤੇ ਉਸ ਦੇ ਨਿਆਈ, ਜਾਂ ਜੱਜ “ਸੰਝ ਦੇ ਬਘਿਆੜ” ਸਨ। ਇਸ ਕਰਕੇ ਦੇਸ਼ ਹਿੰਸਾ ਅਤੇ ਧੋਖੇਬਾਜ਼ੀ ਨਾਲ ਭਰਿਆ ਹੋਇਆ ਸੀ। ਕਈ ਲੋਕ ਆਪਣੇ ਮਨਾਂ ਵਿਚ ਕਹਿ ਰਹੇ ਸਨ ਕਿ “ਯਹੋਵਾਹ ਨਾ ਭਲਿਆਈ ਕਰੇਗਾ, ਨਾ ਬੁਰਿਆਈ ਕਰੇਗਾ।”​—ਸਫ਼ਨਯਾਹ 1:3–2:3; 3:1-5.

ਯੋਸੀਯਾਹ ਕਿਹੋ ਜਿਹਾ ਪਾਤਸ਼ਾਹ ਸਾਬਤ ਹੋਇਆ? ਬਾਈਬਲ ਦੇ ਇਤਿਹਾਸਕਾਰ, ਅਜ਼ਰਾ ਨੇ ਲਿਖਿਆ: “[ਯੋਸੀਯਾਹ] ਨੇ ਉਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੇ ਪਿਤਾ ਦਾਊਦ ਦੇ ਮਾਰਗਾਂ ਉੱਤੇ ਚੱਲਦਾ ਰਿਹਾ ਅਤੇ ਸੱਜੇ ਖੱਬੇ ਨਾ ਮੁੜਿਆ।” (2 ਇਤਹਾਸ 34:1, 2) ਅਸੀਂ ਦੇਖ ਸਕਦੇ ਹਾਂ ਕਿ ਯੋਸੀਯਾਹ ਉਹ ਕਰਨ ਵਿਚ ਕਾਮਯਾਬ ਹੋਇਆ ਜੋ ਪਰਮੇਸ਼ੁਰ ਦੀ ਨਜ਼ਰ ਵਿਚ ਠੀਕ ਸੀ। ਪਰ ਉਹ ਕਿਹੋ ਜਿਹੇ ਮਾਹੌਲ ਵਿਚ ਵੱਡਾ ਹੋਇਆ ਸੀ?

ਚੰਗਾ ਜਾਂ ਮੰਦਾ ਬਚਪਨ?

ਯੋਸੀਯਾਹ ਦਾ ਜਨਮ 667 ਸਾ.ਯੁ.ਪੂ. ਵਿਚ ਹੋਇਆ ਸੀ, ਅਤੇ ਉਸ ਵੇਲੇ ਉਸ ਦਾ ਬਾਪ ਆਮੋਨ ਸਿਰਫ਼ 16 ਸਾਲਾਂ ਦਾ ਸੀ ਅਤੇ ਉਸ ਦਾ ਦਾਦਾ ਮਨੱਸ਼ਹ ਯਹੂਦਾਹ ਉੱਤੇ ਰਾਜ ਕਰ ਰਿਹਾ ਸੀ। ਯਹੂਦਾਹ ਦਿਆਂ ਸਾਰਿਆਂ ਰਾਜਿਆਂ ਨਾਲੋਂ ਮਨੱਸ਼ਹ ਸਭ ਤੋਂ ਜ਼ਿਆਦਾ ਦੁਸ਼ਟ ਸੀ। ਉਸ ਨੇ ਬਆਲ ਦੇਵਤੇ ਲਈ ਜਗਵੇਦੀਆਂ ਬਣਾਈਆਂ ਅਤੇ “ਉਹ ਅਜੇਹਾ ਕੰਮ ਕਰਨ ਵਿੱਚ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਬਹੁਤ ਵੱਧ ਗਿਆ।” ਉਸ ਨੇ ਅੱਗ ਵਿਚ ਆਪਣੇ ਪੁੱਤਰਾਂ ਦੀਆਂ ਬਲੀਆਂ ਚੜ੍ਹਾਈਆਂ, ਫਾਲ ਪਾਏ, ਜਾਦੂ-ਟੂਣੇ ਕੀਤੇ, ਅਤੇ ਬਹੁਤ ਸਾਰੇ ਲੋਕਾਂ ਦਾ ਖ਼ੂਨ ਕਰਵਾਇਆ ਸੀ। ਮਨੱਸ਼ਹ ਨੇ ਇਕ ਬੁੱਤ ਦੀ ਉੱਕਰੀ ਹੋਈ ਮੂਰਤ ਬਣਾ ਕੇ ਪਰਮੇਸ਼ੁਰ ਦੇ ਭਵਨ ਵਿਚ ਵੀ ਰੱਖੀ। ਉਸ ਨੇ ਯਹੂਦਾਹ ਅਤੇ ਯਰੂਸ਼ਲਮ ਨੂੰ ਕੁਰਾਹੇ ਪਾਇਆ ਅਤੇ “ਉਨ੍ਹਾਂ ਨੇ ਓਹਨਾਂ ਕੌਮਾਂ ਨਾਲੋਂ ਵੀ ਵਧ ਬੁਰਿਆਈ ਕੀਤੀ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਬਰਬਾਦ ਕਰਵਾਇਆ ਸੀ।”​—2 ਇਤਹਾਸ 33:1-9.

ਮਨੱਸ਼ਹ ਇੰਨਾ ਖ਼ਰਾਬ ਨਿਕਲਿਆ ਕਿ ਯਹੋਵਾਹ ਨੇ ਉਸ ਨੂੰ ਅੱਸ਼ੂਰ ਦੇ ਰਾਜੇ ਦੇ ਇਕ ਸ਼ਾਹੀ ਨਗਰ, ਬਾਬਲ ਵਿਚ ਬੇੜੀਆਂ ਬੰਨ੍ਹਵਾ ਕੇ ਲਿਜਾਏ ਜਾਣ ਦਿੱਤਾ। ਉੱਥੇ ਕੈਦ ਵਿਚ ਮਨੱਸ਼ਹ ਹਲੀਮ ਹੋਇਆ ਅਤੇ ਉਸ ਨੇ ਤੋਬਾ ਕੀਤੀ ਅਤੇ ਯਹੋਵਾਹ ਤੋਂ ਮਾਫ਼ੀ ਮੰਗੀ। ਪਰਮੇਸ਼ੁਰ ਨੇ ਉਸ ਦੇ ਤਰਲੇ ਸੁਣੇ ਅਤੇ ਉਸ ਨੂੰ ਰਾਜ ਕਰਨ ਲਈ ਯਰੂਸ਼ਲਮ ਵਾਪਸ ਮੋੜਿਆ। ਮਨੱਸ਼ਹ ਨੇ ਫਿਰ ਯਹੋਵਾਹ ਦੀ ਭਗਤੀ ਵਿਚ ਸੁਧਾਰ ਸ਼ੁਰੂ ਕੀਤੇ ਜੋ ਕੁਝ ਹੱਦ ਤਕ ਕਾਮਯਾਬ ਹੋਏ।​—2 ਇਤਹਾਸ 33:10-17.

ਮਨੱਸ਼ਹ ਦੀ ਦੁਸ਼ਟਤਾ ਅਤੇ ਬਾਅਦ ਵਿਚ ਉਸ ਦੀ ਤੋਬਾ ਦਾ ਉਸ ਦੇ ਪੁੱਤਰ ਆਮੋਨ ਉੱਤੇ ਕੀ ਅਸਰ ਪਿਆ ਸੀ? ਆਮੋਨ ਬਹੁਤ ਹੀ ਭੈੜਾ ਨਿਕਲਿਆ। ਜਦ ਮਨੱਸ਼ਹ ਨੇ ਕੌਮ ਨੂੰ ਉਸ ਭ੍ਰਿਸ਼ਟਤਾ ਤੋਂ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ ਜੋ ਉਸ ਨੇ ਉਸ ਵਿਚ ਖ਼ੁਦ ਲਿਆਂਦੀ ਸੀ, ਤਾਂ ਆਮੋਨ ਨੇ ਉਸ ਦਾ ਸਾਥ ਨਹੀਂ ਦਿੱਤਾ। ਬਾਈ ਸਾਲ ਦੀ ਉਮਰ ਤੇ ਜਦ ਆਮੋਨ ਰਾਜ-ਗੱਦੀ ਉੱਤੇ ਬੈਠਾ, ਤਾਂ “ਉਹ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਜਿਵੇਂ ਉਹ ਦੇ ਪਿਤਾ ਮਨੱਸ਼ਹ ਨੇ ਵੀ ਕੀਤਾ ਸੀ।” ਆਪਣੇ ਆਪ ਨੂੰ ਯਹੋਵਾਹ ਅੱਗੇ ਨੀਵਾਂ ਕਰਨ ਦੀ ਬਜਾਇ “ਆਮੋਨ ਵਧੀਕ ਅਪਰਾਧ ਕਰਦਾ ਗਿਆ।” (2 ਇਤਹਾਸ 33:21-23) ਯੋਸੀਯਾਹ ਸਿਰਫ਼ ਛੇ ਵਰ੍ਹਿਆਂ ਦਾ ਸੀ ਜਦੋਂ ਆਮੋਨ ਰਾਜ ਕਰਨ ਲੱਗਾ। ਯੋਸੀਯਾਹ ਦਾ ਬਚਪਨ ਕਿੰਨਾ ਖ਼ਰਾਬ ਸੀ!

ਆਮੋਨ ਦਾ ਦੁਸ਼ਟ ਰਾਜ ਸਿਰਫ਼ ਦੋ ਸਾਲਾਂ ਲਈ ਰਿਹਾ ਕਿਉਂਕਿ ਉਸ ਦੇ ਟਹਿਲੂਆਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਅਤੇ ਉਸ ਨੂੰ ਮਾਰ ਸੁੱਟਿਆ। ਪਰ ਉਸ ਦੇਸ਼ ਦਿਆਂ ਲੋਕਾਂ ਨੇ ਆਮੋਨ ਦੇ ਵਿਰੁੱਧ ਮਤਾ ਪਕਾਉਣ ਵਾਲਿਆਂ ਨੂੰ ਮਾਰ ਸੁੱਟਿਆ ਅਤੇ ਉਸ ਦੇ ਪੁੱਤਰ ਯੋਸੀਯਾਹ ਨੂੰ ਪਾਤਸ਼ਾਹ ਬਣਾਇਆ।​—2 ਇਤਹਾਸ 33:24, 25.

ਯੋਸੀਯਾਹ ਦੇ ਬਚਪਨ ਦੀਆਂ ਭੈੜੀਆਂ ਹਾਲਤਾਂ ਦੇ ਬਾਵਜੂਦ ਉਸ ਨੇ ਉਹ ਕੀਤਾ ਜੋ ਯਹੋਵਾਹ ਦੀ ਨਜ਼ਰ ਵਿਚ ਚੰਗਾ ਸੀ। ਉਸ ਦਾ ਰਾਜ ਇੰਨਾ ਸਫ਼ਲ ਹੋਇਆ ਕਿ ਉਸ ਬਾਰੇ ਬਾਈਬਲ ਕਹਿੰਦੀ ਹੈ: “ਉਸ ਤੋਂ ਪਹਿਲਾਂ ਕੋਈ ਪਾਤਸ਼ਾਹ ਉਹ ਦੇ ਵਰਗਾ ਨਹੀਂ ਹੋਇਆ ਜੋ ਆਪਣੇ ਸਾਰੇ ਮਨ ਅਰ ਆਪਣੀ ਜਾਨ ਅਰ ਆਪਣੀ ਸਾਰੀ ਸ਼ਕਤੀ ਨਾਲ ਮੂਸਾ ਦੀ ਸਾਰੀ ਬਿਵਸਥਾ ਅਨੁਸਾਰ ਯਹੋਵਾਹ ਦੀ ਵੱਲ ਫਿਰਿਆ ਹੋਵੇ ਅਰ ਨਾ ਉਹ ਦੇ ਮਗਰੋਂ ਕੋਈ ਉਹ ਦੇ ਵਰਗਾ ਉੱਠਿਆ।”​—2 ਰਾਜਿਆਂ 23:19-25.

ਯੋਸੀਯਾਹ ਦੀ ਇਹ ਉਦਾਹਰਣ ਉਨ੍ਹਾਂ ਲੋਕਾਂ ਲਈ ਕਿੰਨੀ ਚੰਗੀ ਹੈ ਜਿਨ੍ਹਾਂ ਦਾ ਬਚਪਨ ਬਹੁਤ ਹੀ ਭੈੜਾ ਰਿਹਾ ਹੈ! ਅਸੀਂ ਉਸ ਦੀ ਉਦਾਹਰਣ ਤੋਂ ਕੀ ਸਿੱਖ ਸਕਦੇ ਹਾਂ? ਸਹੀ ਰਾਹ ਉੱਤੇ ਚੱਲਦੇ ਰਹਿਣ ਵਿਚ ਕਿਸ ਚੀਜ਼ ਨੇ ਯੋਸੀਯਾਹ ਦੀ ਮਦਦ ਕੀਤੀ ਸੀ?

ਯਹੋਵਾਹ ਨੂੰ ਜਾਣਨ ਦੀ ਕੋਸ਼ਿਸ਼ ਕਰੋ

ਯੋਸੀਯਾਹ ਦੇ ਦਾਦੇ ਮਨੱਸ਼ਹ ਨੇ ਉਸ ਦੇ ਬਚਪਨ ਉੱਤੇ ਚੰਗਾ ਪ੍ਰਭਾਵ ਪਾਇਆ ਸੀ ਜਦੋਂ ਉਸ ਨੇ ਆਪਣੇ ਦੁਸ਼ਟ ਰਾਹ ਤੋਂ ਤੋਬਾ ਕੀਤੀ ਸੀ। ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਯੋਸੀਯਾਹ ਦੀ ਕਿੰਨੀ ਉਮਰ ਸੀ ਜਦੋਂ ਮਨੱਸ਼ਹ ਨੇ ਆਪਣੇ ਰਾਹ ਸੁਧਾਰੇ ਸਨ ਅਤੇ ਕਿ ਉਨ੍ਹਾਂ ਦੋਹਾਂ ਦਾ ਕਿੰਨਾ ਕੁ ਤਅੱਲਕ ਸੀ। ਯਹੂਦੀ ਖ਼ਾਨਦਾਨਾਂ ਦਾ ਇਕ ਦੂਜੇ ਨਾਲ ਬਹੁਤ ਗੂੜ੍ਹਾ ਰਿਸ਼ਤਾ ਹੁੰਦਾ ਸੀ, ਇਸ ਲਈ ਹੋ ਸਕਦਾ ਹੈ ਕਿ ਮਨੱਸ਼ਹ ਨੇ ਆਪਣੇ ਪੋਤੇ ਨੂੰ ਆਲੇ-ਦੁਆਲੇ ਦੇ ਭੈੜਿਆਂ ਪ੍ਰਭਾਵਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇ ਅਤੇ ਆਪਣੇ ਪੋਤੇ ਦੇ ਦਿਲ ਵਿਚ ਸੱਚੇ ਪਰਮੇਸ਼ੁਰ, ਯਹੋਵਾਹ ਅਤੇ ਉਸ ਦੇ ਬਚਨ ਲਈ ਆਦਰ ਬਿਠਾਇਆ ਹੋਵੇ। ਮਨੱਸ਼ਹ ਨੇ ਜੋ ਵੀ ਸੱਚਾਈ ਯੋਸੀਯਾਹ ਦੇ ਦਿਲ ਵਿਚ ਬਿਠਾਈ ਸੀ ਅਤੇ ਇਸ ਦੇ ਨਾਲ-ਨਾਲ ਸ਼ਾਇਦ ਹੋਰ ਚੰਗੇ ਪ੍ਰਭਾਵਾਂ ਦੇ ਕਾਰਨ ਵੀ ਅਖ਼ੀਰ ਵਿਚ ਸੋਹਣੇ ਨਤੀਜੇ ਨਿਕਲੇ। ਪੰਦਰਾਂ ਸਾਲਾਂ ਦੇ ਯੋਸੀਯਾਹ ਨੇ ਆਪਣੇ ਰਾਜ ਦੇ ਅੱਠਵੇਂ ਵਰ੍ਹੇ ਵਿਚ ਯਹੋਵਾਹ ਅਤੇ ਉਸ ਦੀ ਮਰਜ਼ੀ ਜਾਣਨ ਦੀ ਕੋਸ਼ਿਸ਼ ਕੀਤੀ।​—2 ਇਤਹਾਸ 34:1-3.

ਕਈਆਂ ਲੋਕਾਂ ਨੂੰ ਰੂਹਾਨੀ ਗੱਲਾਂ ਸੁਣਨ ਦਾ ਮੌਕਾ ਸਿਰਫ਼ ਕਿਸੇ ਰਿਸ਼ਤੇਦਾਰ, ਵਾਕਫ਼, ਜਾਂ ਕਿਸੇ ਗੁਆਂਢੀ ਰਾਹੀਂ ਮਿਲਿਆ ਹੈ। ਫਿਰ ਵੀ ਜੇਕਰ ਇਨ੍ਹਾਂ ਲੋਕਾਂ ਦੀ ਹੋਰ ਮਦਦ ਕੀਤੀ ਜਾਵੇ ਤਾਂ ਚੰਗੇ ਨਤੀਜੇ ਨਿਕਲ ਸਕਦੇ ਹਨ। ਯਾਦ ਕਰੋ ਕਿ ਅਸੀਂ ਪਹਿਲਾਂ ਮਲਿੰਡਾ ਬਾਰੇ ਗੱਲ ਕੀਤੀ ਸੀ। ਉਸ ਦੇ ਲਾਗੇ ਇਕ ਸਿਆਣਾ ਬੰਦਾ ਰਹਿੰਦਾ ਸੀ ਜੋ ਬਹੁਤ ਹੀ ਪਿਆਰਾ ਸੀ ਅਤੇ ਉਹ ਉਸ ਲਈ ਬਾਕਾਇਦਾ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲਿਆਉਂਦਾ ਹੁੰਦਾ ਸੀ। ਉਸ ਬਾਰੇ ਪਿਆਰ ਨਾਲ ਗੱਲ ਕਰਦੇ ਹੋਏ ਉਹ ਕਹਿੰਦੀ ਹੈ: “ਮੇਰੇ ਗੁਆਂਢੀ ਬਾਰੇ ਸਭ ਤੋਂ ਵਧੀਆ ਗੱਲ ਇਹ ਸੀ ਕਿ ਉਹ ਕੋਈ ਖ਼ਾਸ ਦਿਨ ਨਹੀਂ ਮਨਾਉਂਦਾ ਸੀ। ਮੇਰੇ ਲਈ ਇਹ ਇਕ ਵੱਡੀ ਗੱਲ ਸੀ ਕਿਉਂਕਿ ਹਾਲੋਈਨ ਅਤੇ ਹੋਰ ਖ਼ਾਸ ਤਿਉਹਾਰਾਂ ਦੇ ਸਮੇਂ ਤੇ ਮੇਰੇ ਮਾਂ-ਬਾਪ ਦੇ ਅਜੀਬ ਧਰਮ ਵਿਚ ਰੀਤਾਂ-ਰਸਮਾਂ ਮਨਾਈਆਂ ਜਾਂਦੀਆਂ ਸਨ।” ਇਸ ਸਮੇਂ ਤੋਂ ਦਸ ਸਾਲ ਬਾਅਦ ਜਦੋਂ ਇਕ ਸਹੇਲੀ ਨੇ ਮਲਿੰਡਾ ਨੂੰ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਵਿਚ ਮਸੀਹੀ ਸਭਾ ਲਈ ਬੁਲਾਇਆ ਤਾਂ ਉਸ ਨੂੰ ਉਹ ਸਿਆਣਾ ਗੁਆਂਢੀ ਯਾਦ ਆਇਆ ਅਤੇ ਉਹ ਆਉਣ ਲਈ ਰਜ਼ਾਮੰਦ ਸੀ। ਇਸ ਤਰ੍ਹਾਂ ਉਹ ਸੱਚਾਈ ਸਿੱਖਣ ਵਿਚ ਕਾਮਯਾਬ ਹੋਈ।

ਪਰਮੇਸ਼ੁਰ ਅੱਗੇ ਅਧੀਨ ਹੋਵੋ

ਯੋਸੀਯਾਹ ਦੇ ਰਾਜ ਅਧੀਨ ਯਹੂਦਾਹ ਦੇ ਦੇਸ਼ ਵਿਚ ਭਗਤੀ ਵਿਚ ਵੱਡੇ-ਵੱਡੇ ਸੁਧਾਰ ਕੀਤੇ ਗਏ ਸਨ। ਪਹਿਲਾਂ ਯੋਸੀਯਾਹ ਨੇ ਛੇ ਸਾਲਾਂ ਲਈ ਯਹੂਦਾਹ ਦੇ ਦੇਸ਼ ਵਿੱਚੋਂ ਮੂਰਤੀ-ਪੂਜਾ ਨੂੰ ਖ਼ਤਮ ਕਰ ਕੇ ਦੇਸ਼ ਨੂੰ ਸ਼ੁੱਧ ਕੀਤਾ। ਇਸ ਤੋਂ ਬਾਅਦ ਉਸ ਨੇ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਨੀ ਸ਼ੁਰੂ ਕੀਤੀ। ਮੁਰੰਮਤ ਦੇ ਇਸ ਕੰਮ ਦੌਰਾਨ ਪ੍ਰਧਾਨ ਜਾਜਕ ਹਿਲਕੀਯਾਹ ਨੂੰ ਇਕ ਬੜੀ ਕੀਮਤੀ ਚੀਜ਼ ਲੱਭੀ! ਉਸ ਨੂੰ “ਯਹੋਵਾਹ ਦੀ ਬਿਵਸਥਾ ਦੀ [ਮੁਢਲੀ] ਪੋਥੀ” ਮਿਲੀ। ਹਿਲਕੀਯਾਹ ਨੇ ਸ਼ਾਫ਼ਾਨ ਲਿਖਾਰੀ ਨੂੰ ਇਸ ਸ਼ਾਨਦਾਰ ਪੋਥੀ ਨਾਲ ਪਾਤਸ਼ਾਹ ਕੋਲ ਭੇਜਿਆ। ਉਸ ਨੇ ਪਾਤਸ਼ਾਹ ਨੂੰ ਸਭ ਕੁਝ ਦੱਸਿਆ ਜੋ ਹੋਇਆ ਸੀ। ਕੀ ਇਨ੍ਹਾਂ ਸਾਰੀਆਂ ਗੱਲਾਂ ਨੇ ਯੋਸੀਯਾਹ ਨੂੰ ਘਮੰਡੀ ਬਣਾਇਆ ਸੀ?​—2 ਇਤਹਾਸ 34:3-18.

ਅਜ਼ਰਾ ਨੇ ਲਿਖਿਆ ਕਿ “ਜਦ ਪਾਤਸ਼ਾਹ ਨੇ ਬਿਵਸਥਾ ਦੀਆਂ ਗੱਲਾਂ ਸੁਣੀਆਂ ਤਾਂ ਉਹ ਨੇ ਆਪਣੇ ਲੀੜੇ ਪਾੜੇ।” ਇਸ ਤਰ੍ਹਾਂ ਕਰ ਕੇ ਯੋਸੀਯਾਹ ਨੇ ਆਪਣਾ ਗਹਿਰਾ ਦੁੱਖ ਪ੍ਰਗਟ ਕੀਤਾ ਕਿਉਂਕਿ ਉਨ੍ਹਾਂ ਦੇ ਪੜਦਾਦਿਆਂ ਨੇ ਪਰਮੇਸ਼ੁਰ ਦੇ ਸਾਰੇ ਹੁਕਮ ਨਹੀਂ ਮੰਨੇ ਸਨ। ਉਸ ਨੇ ਸੱਚ-ਮੁੱਚ ਹਲੀਮੀ ਦਿਖਾਈ! ਪਾਤਸ਼ਾਹ ਨੇ ਇਕਦਮ ਪੰਜ ਬੰਦਿਆਂ ਨੂੰ ਹੁਲਦਾਹ ਨਬੀਆ ਕੋਲ ਘੱਲਿਆ ਤਾਂਕਿ ਉਹ ਯਹੋਵਾਹ ਕੋਲੋਂ ਪੁੱਛ-ਗਿੱਛ ਕਰ ਸਕਣ। ਉਨ੍ਹਾਂ ਬੰਦਿਆਂ ਨੇ ਇਸ ਤਰ੍ਹਾਂ ਦੀ ਰਿਪੋਰਟ ਵਾਪਸ ਲਿਆਂਦੀ: ‘ਇਸ ਲਈ ਕਿ ਲੋਕਾਂ ਨੇ ਯਹੋਵਾਹ ਦੇ ਬਚਨਾਂ ਦੀ ਪਾਲਨਾ ਨਹੀਂ ਕੀਤੀ ਉਨ੍ਹਾਂ ਉੱਤੇ ਬੁਰਿਆਈ ਆਵੇਗੀ। ਪਰ ਕਿਉਂ ਜੋ ਤੈਂ, ਯੋਸੀਯਾਹ ਪਾਤਸ਼ਾਹ, ਆਪਣੇ ਆਪ ਨੂੰ ਮੇਰੇ ਅੱਗੇ ਅਧੀਨ ਕੀਤਾ ਹੈ, ਤੂੰ ਆਪਣੀ ਕਬਰ ਵਿਚ ਸ਼ਾਂਤੀ ਨਾਲ ਰੱਖਿਆ ਜਾਵੇਂਗਾ ਅਤੇ ਸਾਰੀ ਬੁਰਿਆਈ ਨਹੀਂ ਵੇਖੇਗਾ।’ (2 ਇਤਹਾਸ 34:19-28) ਯਹੋਵਾਹ ਯੋਸੀਯਾਹ ਦੇ ਰਵੱਈਏ ਤੋਂ ਖ਼ੁਸ਼ ਸੀ।

ਆਪਣੀ ਭੈੜੀ ਪਰਵਰਿਸ਼ ਦੇ ਬਾਵਜੂਦ, ਅਸੀਂ ਯਹੋਵਾਹ ਪਰਮੇਸ਼ੁਰ ਦੇ ਅੱਗੇ ਅਧੀਨ ਹੋ ਸਕਦੇ ਹਾਂ, ਅਤੇ ਆਪਣੇ ਦਿਲ ਵਿਚ ਉਸ ਅਤੇ ਉਸ ਦੇ ਬਚਨ, ਬਾਈਬਲ ਲਈ ਆਦਰ ਬਿਠਾ ਸਕਦੇ ਹਾਂ। ਨਿਕੋਲਸ, ਜਿਸ ਦੀ ਪਹਿਲਾਂ ਗੱਲ ਕੀਤੀ ਗਈ ਸੀ, ਨੇ ਇਸ ਤਰ੍ਹਾਂ ਕੀਤਾ ਸੀ। ਉਹ ਦੱਸਦਾ ਹੈ: “ਭਾਵੇਂ ਕਿ ਨਸ਼ੇ ਅਤੇ ਬਹੁਤ ਪੀਣ ਕਰਕੇ ਮੇਰੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਸੀ, ਮੇਰੇ ਦਿਲ ਵਿਚ ਬਾਈਬਲ ਦੀ ਚਾਹ ਸੀ ਅਤੇ ਮੈਂ ਆਪਣੀ ਜ਼ਿੰਦਗੀ ਵਿਚ ਕੋਈ-ਨ-ਕੋਈ ਮਕਸਦ ਚਾਹੁੰਦਾ ਸੀ। ਸਮੇਂ ਦੇ ਬੀਤਣ ਨਾਲ ਮੈਂ ਯਹੋਵਾਹ ਦੇ ਗਵਾਹਾਂ ਨੂੰ ਮਿਲਿਆ ਅਤੇ ਆਪਣਾ ਜੀਵਨ-ਢੰਗ ਬਦਲ ਕੇ ਸੱਚਾਈ ਵਿਚ ਆਇਆ।” ਜੀ ਹਾਂ ਅਸੀਂ ਆਪਣੇ ਭੈੜੇ ਮਾਹੌਲ ਦੇ ਬਾਵਜੂਦ ਪਰਮੇਸ਼ੁਰ ਅਤੇ ਉਸ ਦੇ ਬਚਨ ਲਈ ਆਦਰ ਦਿਖਾ ਸਕਦੇ ਹਾਂ।

ਯਹੋਵਾਹ ਦੇ ਪ੍ਰਬੰਧਾਂ ਦਾ ਲਾਭ

ਯੋਸੀਯਾਹ ਯਹੋਵਾਹ ਦੇ ਨਬੀਆਂ ਦਾ ਵੀ ਬਹੁਤ ਆਦਰ ਕਰਦਾ ਸੀ। ਉਸ ਨੇ ਸਿਰਫ਼ ਹੁਲਦਾਹ ਨਬੀਆ ਰਾਹੀਂ ਪੁੱਛ-ਗਿੱਛ ਹੀ ਨਹੀਂ ਕੀਤੀ ਸੀ ਪਰ ਉਸ ਦੇ ਜ਼ਮਾਨੇ ਦੇ ਹੋਰ ਨਬੀਆਂ ਦੀ ਗੱਲ ਵੀ ਸੁਣੀ ਸੀ। ਮਿਸਾਲ ਲਈ, ਯਿਰਮਿਯਾਹ ਅਤੇ ਸਫ਼ਨਯਾਹ, ਦੋਵੇਂ ਯਹੂਦਾਹ ਵਿਚ ਹੋ ਰਹੀ ਮੂਰਤੀ-ਪੂਜਾ ਦੇ ਖ਼ਿਲਾਫ ਚੇਤਾਵਨੀ ਦੇ ਰਹੇ ਸਨ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਯੋਸੀਯਾਹ ਜੋਸ਼ ਨਾਲ ਕਿੰਨਾ ਭਰਿਆ ਹੋਣਾ ਕਿਉਂ ਜੋ ਉਹ ਖ਼ੁਦ ਝੂਠੀ ਭਗਤੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ!​—ਯਿਰਮਿਯਾਹ 1:1, 2; 3:6-10; ਸਫ਼ਨਯਾਹ 1:1-6.

“ਮਾਲਕ” ਯਿਸੂ ਮਸੀਹ ਨੇ ਆਪਣੇ ਮਸਹ ਕੀਤੇ ਹੋਏ ਚੇਲਿਆਂ ਨੂੰ, ਯਾਨੀ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਵੇਲੇ ਸਿਰ ਰੂਹਾਨੀ ਖ਼ੁਰਾਕ ਦੇਣ ਲਈ ਠਹਿਰਾਇਆ ਹੈ। (ਮੱਤੀ 24:45-47) ਇਹ ਨੌਕਰ ਵਰਗ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਅਤੇ ਕਲੀਸਿਯਾਵਾਂ ਰਾਹੀਂ ਬਾਈਬਲ ਦੀ ਸਲਾਹ ਸਵੀਕਾਰ ਕਰਨ ਦੇ ਲਾਭ ਵੱਲ ਸਾਡਾ ਧਿਆਨ ਖਿੱਚਦਾ ਹੈ ਅਤੇ ਇਸ ਸਲਾਹ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਲਾਗੂ ਕਰਨ ਦੇ ਤਰੀਕੇ ਦੱਸਦਾ ਹੈ। ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦਿਆਂ ਪ੍ਰਬੰਧਾਂ ਦਾ ਫ਼ਾਇਦਾ ਉਠਾ ਕੇ ਆਪਣਿਆਂ ਦਿਲਾਂ ਵਿੱਚੋਂ ਹਰ ਗ਼ਲਤ ਭਾਵਨਾ ਨੂੰ ਕੱਢੀਏ! ਛੋਟੇ ਹੁੰਦੇ ਤੋਂ ਹੀ ਨਿਕੋਲਸ ਨੂੰ ਵੱਡਿਆਂ ਦੀ ਗੱਲ ਮੰਨਣੀ ਬੁਰੀ ਲੱਗਦੀ ਸੀ। ਪਰਮੇਸ਼ੁਰ ਦੇ ਬਚਨ ਵਿੱਚੋਂ ਸੱਚਾਈ ਸਿੱਖਦੇ ਹੋਏ ਵੀ, ਇਸ ਕਮਜ਼ੋਰੀ ਨੇ ਉਸ ਨੂੰ ਯਹੋਵਾਹ ਦੀ ਸੇਵਾ ਵਿਚ ਤਰੱਕੀ ਕਰਨ ਤੋਂ ਰੋਕਿਆ। ਇਸ ਬੁਰੇ ਰਵੱਈਏ ਨੂੰ ਬਦਲਣਾ ਉਸ ਲਈ ਆਸਾਨ ਨਹੀਂ ਸੀ। ਪਰ ਸਮੇਂ ਦੇ ਬੀਤਣ ਨਾਲ ਉਹ ਕਾਮਯਾਬ ਹੋਇਆ। ਕਿਸ ਤਰ੍ਹਾਂ? ਉਹ ਦੱਸਦਾ ਹੈ: “ਦੋ ਹਮਦਰਦ ਬਜ਼ੁਰਗਾਂ ਦੀ ਮਦਦ ਨਾਲ ਮੈਂ ਆਪਣੀ ਕਮਜ਼ੋਰੀ ਕਬੂਲ ਕੀਤੀ ਅਤੇ ਬਾਈਬਲ ਤੋਂ ਉਨ੍ਹਾਂ ਦੀ ਪ੍ਰੇਮਪੂਰਣ ਸਲਾਹ ਉੱਤੇ ਅਮਲ ਕਰਨਾ ਸ਼ੁਰੂ ਕੀਤਾ।” ਉਹ ਅੱਗੇ ਦੱਸਦਾ ਹੈ ਕਿ “ਭਾਵੇਂ ਕਦੇ-ਕਦੇ ਮੈਨੂੰ ਖਿੱਝ ਆਉਂਦੀ ਹੈ, ਫਿਰ ਵੀ ਮੈਂ ਦੂਸਰਿਆਂ ਦੀ ਗੱਲ ਸੁਣਨੀ ਸਿੱਖ ਲਈ ਹੈ ਅਤੇ ਮੈਂ ਪਹਿਲਾਂ ਵਾਂਗ ਹੁਣ ਢੀਠ ਨਹੀਂ ਹਾਂ।”

ਮਲਿੰਡਾ ਵੀ ਆਪਣੀ ਜ਼ਿੰਦਗੀ ਵਿਚ ਵੱਡੇ ਫ਼ੈਸਲੇ ਕਰਨ ਤੋਂ ਪਹਿਲਾਂ ਬਜ਼ੁਰਗਾਂ ਦੀ ਸਲਾਹ ਲੈਂਦੀ ਹੈ। ਉਹ ਆਪਣੇ ਬਚਪਨ ਤੋਂ ਹੀ ਆਪਣੇ ਆਪ ਨੂੰ ਨਿਕੰਮੀ ਸਮਝਦੀ ਅਤੇ ਨਿਰਾਸ਼ਾ ਮਹਿਸੂਸ ਕਰਦੀ ਆਈ ਸੀ, ਪਰ ਇਨ੍ਹਾਂ ਭਾਵਨਾਵਾਂ ਦਾ ਸਾਮ੍ਹਣਾ ਕਰਨ ਲਈ ਉਸ ਨੂੰ ਕਿੱਥੋਂ ਮਦਦ ਮਿਲੀ? ਉਸ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿੱਚੋਂ ਕੁਝ ਖ਼ਾਸ ਲੇਖ ਪੜ੍ਹਨ ਤੋਂ ਮਦਦ ਮਿਲਦੀ ਹੈ। ਉਹ ਦੱਸਦੀ ਹੈ: “ਕਦੀ-ਕਦੀ ਇਕ ਲੇਖ ਵਿਚ ਇਕ ਪੈਰਾ ਜਾਂ ਵਾਕ, ਬਸ ਕੁਝ ਹੀ ਲਫ਼ਜ਼, ਮੇਰੇ ਦਿਲ ਨੂੰ ਤਸੱਲੀ ਦਿੰਦੇ ਹਨ। ਕੁਝ ਨੌਂ ਸਾਲ ਪਹਿਲਾਂ ਮੈਂ ਅਜਿਹਿਆਂ ਲੇਖਾਂ ਨੂੰ ਇਕ ਨੋਟਬੁਕ ਵਿਚ ਸਾਂਭ ਕੇ ਰੱਖਣ ਲੱਗ ਪਈ ਤਾਂਕਿ ਮੈਂ ਆਸਾਨੀ ਨਾਲ ਇਨ੍ਹਾਂ ਨੂੰ ਦੁਬਾਰਾ ਪੜ੍ਹ ਸਕਾਂ।” ਅੱਜ ਉਸ ਦੀਆਂ ਤਿੰਨ ਨੋਟਬੁਕਾਂ ਵਿਚ ਤਕਰੀਬਨ 400 ਲੇਖ ਹਨ!

ਫਿਰ ਇਹ ਦੇਖਿਆ ਜਾ ਸਕਦਾ ਹੈ ਕਿ ਕਿਸੇ ਨੂੰ ਵੀ ਬੁਰੇ ਪਰਿਵਾਰਕ ਜੀਵਨ ਕਰਕੇ ਹਮੇਸ਼ਾ ਲਈ ਨਾਕਾਮਯਾਬ ਹੋਣ ਦੀ ਲੋੜ ਨਹੀਂ ਹੈ। ਯਹੋਵਾਹ ਦੀ ਮਦਦ ਨਾਲ ਉਹ ਰੂਹਾਨੀ ਤੌਰ ਤੇ ਕਾਮਯਾਬ ਹੋ ਸਕਦੇ ਹਨ। ਜਿਸ ਤਰ੍ਹਾਂ ਕਿਸੇ ਦੀ ਚੰਗੀ ਪਰਵਰਿਸ਼ ਕਾਰਨ ਉਸ ਦੇ ਇਮਾਨਦਾਰ ਬਣਨ ਦੀ ਗਾਰੰਟੀ ਨਹੀਂ ਹੈ, ਉਸੇ ਤਰ੍ਹਾਂ ਕਿਸੇ ਦਾ ਬੁਰਾ ਬਚਪਨ ਉਸ ਨੂੰ ਇਮਾਨਦਾਰ ਬਣਨ ਤੋਂ ਰੋਕਦਾ ਨਹੀਂ ਹੈ।

ਭਵਨ ਦੀ ਮੁਰੰਮਤ ਦੌਰਾਨ ਬਿਵਸਥਾ ਦੀ ਪੋਥੀ ਲੱਭਣ ਤੋਂ ਬਾਅਦ, ਯੋਸੀਯਾਹ ਨੇ “ਯਹੋਵਾਹ ਦੇ ਅੱਗੇ ਨੇਮ ਬੰਨ੍ਹਿਆ ਭਈ ਅਸੀਂ ਯਹੋਵਾਹ ਦੇ ਪਿੱਛੇ ਤੁਰਾਂਗੇ ਅਤੇ ਉਸ ਦੇ ਹੁਕਮਨਾਮੇ, ਉਸ ਦੀਆਂ ਸਾਖੀਆਂ ਅਰ ਉਸ ਦੀਆਂ ਬਿਧੀਆਂ ਦੀ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਪਾਲਨਾ ਕਰਾਂਗੇ।” (2 ਇਤਹਾਸ 34:31) ਯੋਸੀਯਾਹ ਮਰਦੇ ਦਮ ਤਕ ਇਸ ਇਰਾਦੇ ਪ੍ਰਤੀ ਪੱਕਾ ਰਿਹਾ। ਮਲਿੰਡਾ ਅਤੇ ਨਿਕੋਲਸ ਵੀ ਇਸੇ ਤਰ੍ਹਾਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਲਈ ਪੱਕੇ ਹਨ, ਤਾਂਕਿ ਉਹ ਇਮਾਨਦਾਰ ਇਨਸਾਨਾਂ ਵਜੋਂ ਕਾਮਯਾਬ ਹੋ ਸਕਣ। ਸਾਡੀ ਦੁਆ ਹੈ ਕਿ ਤੁਸੀਂ ਵੀ ਪਰਮੇਸ਼ੁਰ ਦੇ ਨਜ਼ਦੀਕ ਰਹਿਣ ਲਈ ਦ੍ਰਿੜ੍ਹ ਰਹੋਗੇ ਅਤੇ ਵਫ਼ਾਦਾਰੀ ਨਾਲ ਉਸ ਦੀ ਭਗਤੀ ਕਰੋਗੇ। ਤੁਸੀਂ ਕਾਮਯਾਬ ਹੋਣ ਵਿਚ ਪੱਕਾ ਭਰੋਸਾ ਰੱਖ ਸਕਦੇ ਹੋ ਕਿਉਂਕਿ ਯਹੋਵਾਹ ਦਾ ਇਹ ਵਾਅਦਾ ਹੈ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।”​—ਯਸਾਯਾਹ 41:10, 13.

[ਫੁਟਨੋਟ]

^ ਪੈਰਾ 2 ਕੁਝ ਨਾਂ ਬਦਲੇ ਗਏ ਹਨ।

[ਸਫ਼ੇ 26 ਉੱਤੇ ਤਸਵੀਰਾਂ]

ਬੁਰੇ ਬਚਪਨ ਦੇ ਬਾਵਜੂਦ, ਯੋਸੀਯਾਹ ਨੇ ਯਹੋਵਾਹ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਜ਼ਿੰਦਗੀ ਨੂੰ ਕਾਮਯਾਬ ਬਣਾਇਆ

[ਸਫ਼ੇ 28 ਉੱਤੇ ਤਸਵੀਰ]

ਦਿਲਾਂ ਵਿੱਚੋਂ ਹਰ ਗ਼ਲਤ ਭਾਵਨਾ ਨੂੰ ਕੱਢਣ ਵਿਚ ਬਜ਼ੁਰਗ ਸਾਡੀ ਮਦਦ ਕਰ ਸਕਦੇ ਹਨ

[ਸਫ਼ੇ 28 ਉੱਤੇ ਤਸਵੀਰ]

ਈਮਾਨਦਾਰੀ ਬਣਾਈ ਰੱਖਣ ਲਈ “ਪਹਿਰਾਬੁਰਜ” ਅਤੇ “ਜਾਗਰੂਕ ਬਣੋ!” ਰਸਾਲੇ ਤੁਹਾਡੀ ਮਦਦ ਕਰ ਸਕਦੇ ਹਨ