ਸ਼ੱਕ ਕਰ ਕੇ ਆਪਣੀ ਨਿਹਚਾ ਨਾ ਤੋੜੋ
ਸ਼ੱਕ ਕਰ ਕੇ ਆਪਣੀ ਨਿਹਚਾ ਨਾ ਤੋੜੋ
ਇਕ ਦਿਨ ਤੁਸੀਂ ਸੋਚਦੇ ਹੋ ਕਿ ਤੁਹਾਡੀ ਸਿਹਤ ਠੀਕ-ਠਾਕ ਹੈ। ਅਗਲੇ ਦਿਨ ਤੁਸੀਂ ਆਪਣੇ ਆਪ ਨੂੰ ਬੀਮਾਰ ਮਹਿਸੂਸ ਕਰਦੇ ਹੋ। ਅਚਾਨਕ ਤੁਹਾਡੇ ਵਿਚ ਤਾਕਤ ਜਾਂ ਜਾਨ ਨਹੀਂ ਰਹਿੰਦੀ। ਤੁਹਾਡਾ ਸਿਰ ਦਰਦ ਨਾਲ ਫਟਿਆ ਜਾ ਰਿਹਾ ਹੈ ਤੇ ਸਰੀਰ ਦਰਦ ਨਾਲ ਟੁੱਟ ਰਿਹਾ ਹੈ। ਤੁਹਾਨੂੰ ਕੀ ਹੋ ਗਿਆ ਹੈ? ਖ਼ਤਰਨਾਕ ਰੋਗਾਣੂਆਂ ਨੇ ਤੁਹਾਡੇ ਸਰੀਰ ਅੰਦਰ ਦਾਖ਼ਲ ਹੋ ਕੇ ਤੁਹਾਡੀ ਬੀਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਕਮਜ਼ੋਰ ਕਰ ਦਿੱਤਾ ਹੈ ਤੇ ਸਰੀਰ ਦੇ ਜ਼ਰੂਰੀ ਅੰਗਾਂ ਤੇ ਹਮਲਾ ਕੀਤਾ ਹੈ। ਜੇ ਇਲਾਜ ਨਾ ਕੀਤਾ ਗਿਆ, ਤਾਂ ਇਹ ਹਮਲਾਵਰ ਕੀਟਾਣੂ ਤੁਹਾਡੀ ਸਿਹਤ ਨੂੰ ਹਮੇਸ਼ਾ ਲਈ ਨੁਕਸਾਨ ਪਹੁੰਚਾ ਸਕਦੇ ਹਨ ਤੇ ਇੱਥੋਂ ਤਕ ਤੁਹਾਡੀ ਜਾਨ ਵੀ ਲੈ ਸਕਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਤੁਸੀਂ ਸਿਹਤਮੰਦ ਨਹੀਂ ਹੋ, ਤਾਂ ਤੁਹਾਨੂੰ ਇਨਫ਼ੈਕਸ਼ਨ ਹੋਣ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ। ਮਿਸਾਲ ਵਜੋਂ, ਜੇ ਤੁਹਾਡਾ ਸਰੀਰ ਚੰਗੀ ਖ਼ੁਰਾਕ ਦੀ ਘਾਟ ਕਰਕੇ ਕਮਜ਼ੋਰ ਹੋ ਜਾਂਦਾ ਹੈ, ਤਾਂ ਤੁਹਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ “ਐਨੀ ਘੱਟ ਜਾਂਦੀ ਹੈ ਕਿ ਤੁਹਾਡੇ ਲਈ ਛੋਟਾ ਜਿਹਾ ਇਨਫ਼ੈਕਸ਼ਨ ਵੀ ਜਾਨਲੇਵਾ ਸਾਬਤ ਹੋ ਸਕਦਾ ਹੈ,” ਡਾਕਟਰੀ ਵਿਸ਼ਿਆਂ ਉੱਤੇ ਲਿਖਣ ਵਾਲਾ ਲੇਖਕ ਪੀਟਰ ਵਿਨਗੇਟ ਕਹਿੰਦਾ ਹੈ।
ਜੇ ਇੱਦਾਂ ਹੈ ਤਾਂ ਕੌਣ ਭੁੱਖਾ ਮਰਨਾ ਪਸੰਦ ਕਰੇਗਾ? ਸੰਭਵ ਹੈ ਕਿ ਤੁਸੀਂ ਚੰਗਾ ਭੋਜਨ ਖਾਣ ਤੇ ਤੰਦਰੁਸਤ ਰਹਿਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹੋ। ਤੁਸੀਂ ਸ਼ਾਇਦ ਕੀਟਾਣੂਆਂ ਜਾਂ ਬੈਕਟੀਰੀਆ ਤੋਂ ਫੈਲਣ ਵਾਲੀਆਂ ਬੀਮਾਰੀਆਂ ਤੋਂ ਬਚਣ ਦੀ ਵੀ ਹਰ ਹੀਲੇ ਕੋਸ਼ਿਸ਼ ਕਰਦੇ ਹੋ। ਪਰ ਜਦੋਂ ‘ਨਿਹਚਾ ਵਿਚ ਪੱਕੇ’ ਯਾਨੀ ਸਿਹਤਮੰਦ ਰਹਿਣ ਦੀ ਗੱਲ ਆਉਂਦੀ ਹੈ, ਤਾਂ ਕੀ ਤੁਸੀਂ ਉਦੋਂ ਵੀ ਪੂਰੀ ਸਾਵਧਾਨੀ ਵਰਤਦੇ ਹੋ? (ਤੀਤੁਸ 2:2) ਮਿਸਾਲ ਵਜੋਂ, ਕੀ ਤੁਸੀਂ ਹਾਨੀਕਾਰਕ ਸ਼ੱਕ ਨਾਲ ਪੈਦਾ ਹੋਣ ਵਾਲੇ ਖ਼ਤਰੇ ਪ੍ਰਤੀ ਸਾਵਧਾਨ ਰਹਿੰਦੇ ਹੋ? ਇਹ ਆਸਾਨੀ ਨਾਲ ਤੁਹਾਡੇ ਦਿਲਾਂ-ਦਿਮਾਗ਼ ਤੇ ਹਮਲਾ ਕਰ ਸਕਦੇ ਹਨ ਅਤੇ ਤੁਹਾਡੀ ਨਿਹਚਾ ਤੇ ਯਹੋਵਾਹ ਨਾਲ ਤੁਹਾਡੇ ਰਿਸ਼ਤੇ ਨੂੰ ਹਾਨੀ ਪਹੁੰਚਾ ਸਕਦੇ ਹਨ। ਕੁਝ ਲੋਕ ਇਸ ਖ਼ਤਰੇ ਨੂੰ ਅੱਖੋਂ ਓਹਲੇ ਕਰ ਦਿੰਦੇ ਹਨ। ਉਹ ਆਪਣੇ ਆਪ ਨੂੰ ਅਧਿਆਤਮਿਕ ਤੌਰ ਤੇ ਭੁੱਖੇ ਮਾਰਦੇ ਹਨ ਜਿਸ ਕਾਰਨ ਉਨ੍ਹਾਂ ਅੰਦਰ ਸ਼ੱਕ ਪੈਦਾ ਹੁੰਦੇ ਹਨ ਤੇ ਉਹ ਆਸਾਨੀ ਨਾਲ ਇਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕੀ ਤੁਸੀਂ ਤਾਂ ਇੱਦਾਂ ਨਹੀਂ ਕਰ ਰਹੇ?
ਕੀ ਸ਼ੱਕ ਹਮੇਸ਼ਾ ਬੁਰਾ ਹੁੰਦਾ ਹੈ?
ਹਰ ਤਰ੍ਹਾਂ ਦਾ ਸ਼ੱਕ ਕਰਨਾ ਬੁਰਾ ਨਹੀਂ ਹੁੰਦਾ। ਪਰ ਕਈ ਵਾਰੀ ਤੁਹਾਨੂੰ ਕਿਸੇ ਗੱਲ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਪੂਰੀ ਹਕੀਕਤ ਜਾਣਨ ਦੀ ਲੋੜ ਪੈਂਦੀ ਹੈ। ਧਾਰਮਿਕ ਆਗੂ ਸਿਖਾਉਂਦੇ ਹਨ ਕਿ ਭਗਤਾਂ ਨੂੰ ਬਿਨਾਂ ਕੋਈ ਸ਼ੱਕ ਕੀਤਿਆਂ ਉਨ੍ਹਾਂ ਦੀ ਹਰ ਗੱਲ ਤੇ ਨਿਹਚਾ ਕਰਨੀ ਚਾਹੀਦੀ ਹੈ। ਪਰ ਇਸ ਤਰ੍ਹਾਂ ਕਰਨਾ ਬਹੁਤ ਹੀ ਖ਼ਤਰਨਾਕ ਹੈ ਤੇ ਅਸੀਂ ਧੋਖਾ ਵੀ ਖਾ ਸਕਦੇ ਹਾਂ। ਇਹ ਸੱਚ ਹੈ ਕਿ ਬਾਈਬਲ ਕਹਿੰਦੀ ਹੈ ਕਿ ਪ੍ਰੇਮ “ਸਭਨਾਂ ਗੱਲਾਂ ਦੀ ਪਰਤੀਤ ਕਰਦਾ ਹੈ।” (1 ਕੁਰਿੰਥੀਆਂ 13:7) ਇਕ ਪ੍ਰੇਮਮਈ ਮਸੀਹੀ ਉਨ੍ਹਾਂ ਲੋਕਾਂ ਵਿਚ ਵਿਸ਼ਵਾਸ ਕਰਨ ਨੂੰ ਤਿਆਰ ਰਹਿੰਦਾ ਹੈ ਜਿਨ੍ਹਾਂ ਨੇ ਬੀਤੇ ਸਮੇਂ ਵਿਚ ਆਪਣੇ ਆਪ ਨੂੰ ਵਿਸ਼ਵਾਸਯੋਗ ਸਾਬਤ ਕੀਤਾ ਹੈ। ਪਰ ਪਰਮੇਸ਼ੁਰ ਦਾ ਬਚਨ ‘ਹਰੇਕ ਗੱਲ ਨੂੰ ਸੱਤ ਮੰਨਣ’ ਖ਼ਿਲਾਫ਼ ਚੇਤਾਵਨੀ ਵੀ ਦਿੰਦਾ ਹੈ। (ਕਹਾਉਤਾਂ 14:15) ਕਈ ਵਾਰੀ ਇਕ ਵਿਅਕਤੀ ਦੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਉਸ ਉੱਤੇ ਸ਼ੱਕ ਕਰਨਾ ਜਾਇਜ਼ ਹੁੰਦਾ ਹੈ। ਬਾਈਬਲ ਚੇਤਾਵਨੀ ਦਿੰਦੀ ਹੈ: “ਜਦ [ਕਪਟੀ] ਮਿੱਠੀਆਂ ਮਿੱਠੀਆਂ ਗੱਲਾਂ ਕਰੇ ਤਾਂ ਉਹ ਦੀ ਪਰਤੀਤ ਨਾ ਕਰੀਂ।”—ਕਹਾਉਤਾਂ 26:24, 25.
1 ਯੂਹੰਨਾ 4:1) ਉਸ ਦੇ ਕਹਿਣ ਦਾ ਮਤਲਬ ਸੀ ਕਿ ਤੁਹਾਨੂੰ ਕੋਈ ਸਿੱਖਿਆ ਜਾਂ ਵਿਚਾਰ ਸ਼ਾਇਦ ਪਰਮੇਸ਼ੁਰ ਵੱਲੋਂ ਪ੍ਰੇਰਿਤ ਕੀਤਾ ਹੋਇਆ ਜਾਪ ਸਕਦਾ ਹੈ। ਪਰ ਕੀ ਇਹ ਸੱਚ-ਮੁੱਚ ਪਰਮੇਸ਼ੁਰ ਵੱਲੋਂ ਹਨ? ਇਸ ਤਰ੍ਹਾਂ ਸ਼ੱਕ ਕਰਨ ਜਾਂ ਕਿਸੇ ਗੱਲ ਦੀ ਚੰਗੀ ਤਰ੍ਹਾਂ ਜਾਂਚ ਕਰਨ ਮਗਰੋਂ ਹੀ ਵਿਸ਼ਵਾਸ ਕਰਨ ਨਾਲ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ ਕਿਉਂਕਿ ਯੂਹੰਨਾ ਰਸੂਲ ਨੇ ਕਿਹਾ ਕਿ “ਬਾਹਲੇ ਛਲੀਏ ਸੰਸਾਰ ਵਿਚ ਨਿਕਲ ਆਏ ਹਨ।”—2 ਯੂਹੰਨਾ 7.
ਯੂਹੰਨਾ ਰਸੂਲ ਨੇ ਵੀ ਮਸੀਹੀਆਂ ਨੂੰ ਅੰਨ੍ਹੇਵਾਹ ਵਿਸ਼ਵਾਸ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ ਜਦ ਉਸ ਨੇ ਲਿਖਿਆ ਕਿ “ਹਰੇਕ ਆਤਮਾ ਦੀ ਪਰਤੀਤ ਨਾ ਕਰ ਲਓ।” ਇਸ ਦੀ ਬਜਾਇ, “ਆਤਮਿਆਂ ਨੂੰ ਪਰਖੋ ਭਈ ਓਹ ਪਰਮੇਸ਼ੁਰ ਤੋਂ ਹਨ ਕਿ ਨਹੀਂ।” (ਬੇਬੁਨਿਆਦ ਸ਼ੱਕ
ਜੀ ਹਾਂ, ਸ਼ੱਕ ਦੂਰ ਕਰਨ ਲਈ ਈਮਾਨਦਾਰੀ ਤੇ ਨਿਮਰਤਾ ਨਾਲ ਅਸਲੀਅਤ ਦੀ ਜਾਂਚ ਕਰਨ ਦੀ ਅਕਸਰ ਲੋੜ ਪੈਂਦੀ ਹੈ। ਪਰ ਇਹ ਸ਼ੱਕ ਉਸ ਤਰ੍ਹਾਂ ਦੇ ਬੇਬੁਨਿਆਦੀ ਤੇ ਹਾਨੀਕਾਰਕ ਸ਼ੱਕਾਂ ਤੋਂ ਬਿਲਕੁਲ ਵੱਖਰਾ ਹੈ ਜੋ ਸਾਡੇ ਦਿਲਾਂ-ਦਿਮਾਗ਼ਾਂ ਵਿਚ ਪੈਦਾ ਹੋ ਕੇ ਸਾਡੇ ਪੱਕੇ ਧਾਰਮਿਕ ਵਿਸ਼ਵਾਸਾਂ ਨੂੰ ਤੇ ਦੂਜਿਆਂ ਨਾਲ ਸਾਡੇ ਰਿਸ਼ਤਿਆਂ ਨੂੰ ਬਰਬਾਦ ਕਰ ਸਕਦੇ ਹਨ। ਇੱਦਾਂ ਦੇ ਸ਼ੱਕ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਗਈ ਹੈ: “ਕਿਸੇ ਵਿਸ਼ਵਾਸ ਜਾਂ ਵਿਚਾਰ ਬਾਰੇ ਅਨਿਸ਼ਚਿਤਤਾ ਜੋ ਅਕਸਰ ਫ਼ੈਸਲੇ ਕਰਨ ਵਿਚ ਅੜਿੱਕਾ ਬਣਦੀ ਹੈ।” ਕੀ ਤੁਹਾਨੂੰ ਯਾਦ ਹੈ ਕਿ ਸ਼ਤਾਨ ਨੇ ਹੱਵਾਹ ਦੇ ਮਨ ਵਿਚ ਯਹੋਵਾਹ ਬਾਰੇ ਸ਼ੱਕ ਕਿੱਦਾਂ ਪੈਦਾ ਕੀਤਾ? ਉਸ ਨੇ ਪੁੱਛਿਆ ਸੀ: “ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” (ਉਤਪਤ 3:1) ਇਸ ਸਿੱਧੇ ਜਿਹੇ ਸਵਾਲ ਨਾਲ ਪੈਦਾ ਹੋਈ ਅਨਿਸ਼ਚਿਤਤਾ ਹੱਵਾਹ ਲਈ ਸਹੀ ਫ਼ੈਸਲਾ ਕਰਨ ਵਿਚ ਅੜਿੱਕਾ ਬਣ ਗਈ। ਸ਼ੱਕ ਪੈਦਾ ਕਰਨ ਲਈ ਇਹ ਸ਼ਤਾਨ ਦਾ ਆਮ ਤਰੀਕਾ ਹੈ। ਕਿਸੇ ਨੂੰ ਬਦਨਾਮ ਕਰਨ ਲਈ ਨਿੰਦਾ ਭਰੀ ਚਿੱਠੀ ਲਿਖਣ ਵਾਲੇ ਵਿਅਕਤੀ (Poison-pen letter writer) ਵਾਂਗ ਉਹ ਅਸਿੱਧੇ ਤੌਰ ਤੇ ਚਲਾਕੀ ਨਾਲ ਇਲਜ਼ਾਮ ਲਾਉਣ, ਪੂਰੀ ਸੱਚਾਈ ਨਾ ਦੱਸਣ ਤੇ ਝੂਠ ਬੋਲਣ ਵਿਚ ਬੜਾ ਮਾਹਰ ਹੈ। ਸ਼ਤਾਨ ਨੇ ਇਸੇ ਚਲਾਕ ਤਰੀਕੇ ਨਾਲ ਸ਼ੱਕ ਦੇ ਬੀਜ ਬੀਜਣ ਨਾਲ ਅਣਗਿਣਤ ਚੰਗੇ ਤੇ ਮਜ਼ਬੂਤ ਰਿਸ਼ਤਿਆਂ ਨੂੰ ਬਰਬਾਦ ਕੀਤਾ ਹੈ।—ਗਲਾਤੀਆਂ 5:7-9.
ਯਿਸੂ ਦੇ ਚੇਲੇ ਯਾਕੂਬ ਨੂੰ ਸਾਫ਼ ਪਤਾ ਸੀ ਕਿ ਇਸ ਕਿਸਮ ਦੇ ਸ਼ੱਕ ਕਰਨ ਨਾਲ ਹਾਨੀਕਾਰਕ ਪ੍ਰਭਾਵ ਪੈ ਸਕਦੇ ਹਨ। ਉਸ ਨੇ ਅਜ਼ਮਾਇਸ਼ਾਂ ਵੇਲੇ ਮਦਦ ਲਈ ਖੁੱਲ੍ਹ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਦੇ ਸਾਡੇ ਸ਼ਾਨਦਾਰ ਵਿਸ਼ੇਸ਼-ਸਨਮਾਨ ਬਾਰੇ ਲਿਖਿਆ। ਪਰ ਯਾਕੂਬ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੁਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹੋ, ਤਾਂ ‘ਨਿਹਚਾ ਨਾਲ ਮੰਗੋ ਅਤੇ ਕੁਝ ਭਰਮ ਨਾ ਕਰੋ।’ ਸ਼ੱਕ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਖ਼ਰਾਬ ਕਰ ਸਕਦਾ ਹੈ ਕਿਉਂਕਿ ਸ਼ੱਕ ਕਰਨ ਨਾਲ ਅਸੀਂ “ਸਮੁੰਦਰ ਦੀ ਛੱਲ” ਵਰਗੇ ਹੁੰਦੇ ਹਾਂ “ਜਿਹੜੀ ਪੌਣ ਨਾਲ ਟਕਰਾਈ ਅਤੇ ਉਡਾਈ ਜਾਂਦੀ ਹੈ।” ਅਸੀਂ ਇਕ ‘ਦੁਚਿੱਤੇ ਮਨੁੱਖ’ ਵਾਂਗ ਹੋਵਾਂਗੇ “ਜਿਹੜਾ ਆਪਣਿਆਂ ਸਾਰਿਆਂ ਚਲਣਾਂ ਵਿੱਚ ਚੰਚਲ ਹੈ।” (ਯਾਕੂਬ 1:6, 8) ਅਸੀਂ ਆਪਣੇ ਵਿਸ਼ਵਾਸਾਂ ਬਾਰੇ ਅਨਿਸ਼ਚਿਤ ਹੋਣ ਕਾਰਨ ਲੜਖੜਾਉਣ ਲੱਗ ਪੈਂਦੇ ਹਾਂ। ਫਿਰ ਅਸੀਂ ਵੀ ਹੱਵਾਹ ਵਾਂਗ ਹਰ ਤਰ੍ਹਾਂ ਦੀਆਂ ਸ਼ਤਾਨੀ ਸਿੱਖਿਆਵਾਂ ਤੇ ਫ਼ਲਸਫ਼ਿਆਂ ਦੇ ਸ਼ਿਕਾਰ ਹੋ ਜਾਵਾਂਗੇ।
ਚੰਗੀ ਅਧਿਆਤਮਿਕ ਸਿਹਤ ਬਣਾਈ ਰੱਖੋ
ਤਾਂ ਫਿਰ ਅਸੀਂ ਹਾਨੀਕਾਰਕ ਸ਼ੱਕ ਤੋਂ ਕਿੱਦਾਂ ਬਚ ਸਕਦੇ ਹਾਂ? ਇਸ ਦਾ ਜਵਾਬ ਬੜਾ ਆਸਾਨ ਹੈ: ਸ਼ਤਾਨੀ ਪ੍ਰਾਪੇਗੰਡੇ ਦਾ ਸਖ਼ਤੀ ਨਾਲ ਵਿਰੋਧ ਕਰ ਕੇ ਅਤੇ ਯਹੋਵਾਹ ਦੇ ਸਾਰੇ ਅਧਿਆਤਮਿਕ ਪ੍ਰਬੰਧਾਂ ਦਾ ਫ਼ਾਇਦਾ ਉਠਾ ਕੇ ਜੋ ਸਾਨੂੰ “ਨਿਹਚਾ ਵਿਚ ਤਕੜੇ” ਬਣਾਉਣ ਲਈ ਕੀਤੇ ਗਏ ਹਨ।—1 ਪਤਰਸ 5:8-10.
ਸਭ ਤੋਂ ਜ਼ਰੂਰੀ ਹੈ ਨਿੱਜੀ ਤੌਰ ਤੇ ਚੰਗਾ ਅਧਿਆਤਮਿਕ ਭੋਜਨ ਖਾਣਾ। ਪਹਿਲਾਂ ਜ਼ਿਕਰ ਕੀਤਾ ਗਿਆ ਲੇਖਕ ਵਿਨਗੇਟ ਕਹਿੰਦਾ ਹੈ: “ਜਦੋਂ ਅਸੀਂ ਆਰਾਮ ਕਰਦੇ ਹਾਂ, ਤਾਂ ਉਦੋਂ ਵੀ ਸਾਡੇ ਸਰੀਰ ਵਿਚ ਰਸਾਇਣਕ ਕਿਰਿਆਵਾਂ ਲਈ, ਸਰੀਰ ਦੇ ਜ਼ਰੂਰੀ ਅੰਗਾਂ ਨੂੰ ਕੰਮ ਕਰਨ ਲਈ ਅਤੇ ਵੱਖ-ਵੱਖ ਟਿਸ਼ੂਆਂ ਦੇ ਲਗਾਤਾਰ ਨਵੇਂ ਸੈੱਲ ਬਣਨ ਲਈ ਬਾਕਾਇਦਾ ਊਰਜਾ ਦੀ ਲੋੜ ਹੁੰਦੀ ਹੈ।” ਇਹੀ ਗੱਲ ਸਾਡੀ ਅਧਿਆਤਮਿਕ ਸਿਹਤ ਬਾਰੇ ਵੀ ਸੱਚ ਹੈ। ਭੁੱਖ ਨਾਲ ਮਰ ਰਹੇ ਸਰੀਰ ਦੀ ਤਰ੍ਹਾਂ ਜੇ ਅਸੀਂ ਨਿਯਮਿਤ ਤੌਰ ਤੇ ਅਧਿਆਤਮਿਕ ਭੋਜਨ ਨਹੀਂ ਖਾਂਦੇ, ਤਾਂ ਸਾਡੀ ਨਿਹਚਾ ਹੌਲੀ-ਹੌਲੀ ਕਮਜ਼ੋਰ ਹੋ ਕੇ ਆਖ਼ਰ ਵਿਚ ਮਰ ਜਾਵੇਗੀ। ਯਿਸੂ ਮਸੀਹ ਨੇ ਇਸ ਗੱਲ ਤੇ ਜ਼ੋਰ ਦਿੱਤਾ ਜਦੋਂ ਉਸ ਨੇ ਕਿਹਾ: “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।”—ਮੱਤੀ 4:4.
ਇਸ ਗੱਲ ਤੇ ਜ਼ਰਾ ਗੌਰ ਕਰੋ। ਪਹਿਲੀ ਵਾਰੀ ਅਸੀਂ ਆਪਣੀ ਨਿਹਚਾ ਨੂੰ ਕਿੱਦਾਂ ਮਜ਼ਬੂਤ ਬਣਾਇਆ ਸੀ? ਪੌਲੁਸ ਰਸੂਲ ਨੇ ਲਿਖਿਆ ਕਿ “ਪਰਤੀਤ ਸੁਣਨ ਨਾਲ” ਹੁੰਦੀ ਹੈ। (ਰੋਮੀਆਂ 10:17) ਉਸ ਦੇ ਕਹਿਣ ਦਾ ਮਤਲਬ ਹੈ ਕਿ ਅਸੀਂ ਸ਼ੁਰੂ-ਸ਼ੁਰੂ ਵਿਚ ਪਰਮੇਸ਼ੁਰ ਦੇ ਬਚਨ ਵਿੱਚੋਂ ਅਧਿਆਤਮਿਕ ਭੋਜਨ ਲੈ ਕੇ ਯਹੋਵਾਹ, ਉਸ ਦੇ ਵਾਅਦਿਆਂ ਅਤੇ ਉਸ ਦੇ ਸੰਗਠਨ ਵਿਚ ਵਿਸ਼ਵਾਸ ਪੈਦਾ ਕੀਤਾ ਸੀ। ਅਸੀਂ ਸਾਰੀਆਂ ਸੁਣੀਆਂ ਹੋਈਆਂ ਗੱਲਾਂ ਤੇ ਅੰਨ੍ਹੇਵਾਹ ਨਿਹਚਾ ਨਹੀਂ ਕੀਤੀ ਸੀ। ਸਗੋਂ ਅਸੀਂ ਬਰਿਯਾ ਸ਼ਹਿਰ ਵਿਚ ਰਹਿੰਦੇ ਲੋਕਾਂ ਵਾਂਗ ‘ਰੋਜ਼ ਲਿਖਤਾਂ ਵਿਚ ਭਾਲ ਕੀਤੀ ਸੀ ਭਈ ਏਹ ਗੱਲਾਂ ਇਸੇ ਤਰ੍ਹਾਂ ਹਨ ਕਿ ਨਹੀਂ।’ (ਰਸੂਲਾਂ ਦੇ ਕਰਤੱਬ 17:11) ਅਸੀਂ ‘ਸਿਆਣਿਆ ਸੀ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ’ ਅਤੇ ਯਕੀਨੀ ਬਣਾਇਆ ਸੀ ਕਿ ਅਸੀਂ ਜੋ ਕੁਝ ਸੁਣਿਆ ਸੀ ਉਹ ਸਹੀ ਹੈ। (ਰੋਮੀਆਂ 12:2; 1 ਥੱਸਲੁਨੀਕੀਆਂ 5:21) ਸੰਭਵ ਹੈ ਕਿ ਉਦੋਂ ਤੋਂ ਲੈ ਕੇ ਹੁਣ ਤਕ ਸਾਡੀ ਨਿਹਚਾ ਹੋਰ ਵੀ ਮਜ਼ਬੂਤ ਹੋਈ ਹੈ ਜਿਉਂ-ਜਿਉਂ ਅਸੀਂ ਹੋਰ ਚੰਗੀ ਤਰ੍ਹਾਂ ਜਾਣਿਆ ਕਿ ਪਰਮੇਸ਼ੁਰ ਦਾ ਬਚਨ ਸੱਚਾ ਹੈ ਅਤੇ ਉਸ ਦੇ ਵਾਅਦੇ ਹਮੇਸ਼ਾ ਪੂਰੇ ਹੁੰਦੇ ਹਨ।—ਯਹੋਸ਼ੁਆ 23:14; ਯਸਾਯਾਹ 55:10, 11.
ਅਧਿਆਤਮਿਕ ਭੁੱਖਮਰੀ ਤੋਂ ਬਚੋ
ਹੁਣ ਸਾਡੇ ਅੱਗੇ ਚੁਣੌਤੀ ਇਹ ਹੈ ਕਿ ਅਸੀਂ ਆਪਣੀ ਨਿਹਚਾ ਨੂੰ ਕਿਸ ਤਰ੍ਹਾਂ ਬਣਾਈ ਰੱਖੀਏ ਅਤੇ ਆਪਣੇ ਵਿਸ਼ਵਾਸਾਂ ਉੱਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਕਰਨ ਤੋਂ ਬਚੇ ਰਹੀਏ ਜੋ ਯਹੋਵਾਹ ਅਤੇ ਉਸ ਦੇ ਸੰਗਠਨ ਵਿਚ ਸਾਡੀ ਨਿਹਚਾ ਨੂੰ ਕਮਜ਼ੋਰ ਕਰ ਸਕਦਾ ਹੈ। ਇੱਦਾਂ ਕਰਨ ਲਈ ਸਾਨੂੰ ਹਰ ਰੋਜ਼ ਬਾਈਬਲ ਦੀ ਬਾਕਾਇਦਾ ਜਾਂਚ ਕਰਨੀ ਚਾਹੀਦੀ ਹੈ। ਪੌਲੁਸ ਰਸੂਲ ਨੇ ਸਾਨੂੰ ਚੇਤਾਵਨੀ ਦਿੱਤੀ ਕਿ “ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ [ਜਿਨ੍ਹਾਂ ਦੀ ਨਿਹਚਾ ਸ਼ੁਰੂ-ਸ਼ੁਰੂ ਵਿਚ ਮਜ਼ਬੂਤ ਲੱਗਦੀ ਸੀ] ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆਂ ਵੱਲ ਚਿੱਤ ਲਾ ਕੇ ਨਿਹਚਾ ਤੋਂ ਫਿਰ ਜਾਣਗੇ।” (1 ਤਿਮੋਥਿਉਸ 4:1) ਉਸ ਦੇ ਕਹਿਣ ਦਾ ਮਤਲਬ ਸੀ ਕਿ ਰੂਹਾਂ ਵੱਲੋਂ ਭਰਮਾਉਣ ਵਾਲੀਆਂ ਇਹ ਗੱਲਾਂ ਅਤੇ ਸਿੱਖਿਆਵਾਂ ਕੁਝ ਲੋਕਾਂ ਦੇ ਮਨਾਂ ਵਿਚ ਸ਼ੱਕ ਪੈਦਾ ਕਰਦੀਆਂ ਹਨ ਤੇ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਦੂਰ ਲੈ ਜਾਂਦੀਆਂ ਹਨ। ਇਸ ਤਰ੍ਹਾਂ ਹੋਣ ਤੋਂ ਅਸੀਂ ਆਪਣਾ ਬਚਾਅ ਕਿੱਦਾਂ ਕਰ ਸਕਦੇ ਹਾਂ? ਬਾਕਾਇਦਾ ‘ਨਿਹਚਾ ਅਤੇ ਉਸ ਚੰਗੀ ਸਿੱਖਿਆ ਦੀਆਂ ਗੱਲਾਂ ਤੋਂ ਪਲ ਕੇ ਜਿਨ੍ਹਾਂ ਦੇ ਮਗਰ ਅਸੀਂ ਲੱਗੇ ਰਹੇ ਹਾਂ।’—1 ਤਿਮੋਥਿਉਸ 4:6.
ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਕੁਝ ਲੋਕ ‘ਨਿਹਚਾ ਦੀਆਂ ਗੱਲਾਂ ਤੋਂ ਪਲਣਾ’ ਨਹੀਂ ਚਾਹੁੰਦੇ ਭਾਵੇਂ ਕਿ ਉਨ੍ਹਾਂ ਸਾਮ੍ਹਣੇ ਇੰਨਾ ਸਾਰਾ ਚੰਗਾ ਭੋਜਨ ਪਿਆ ਹੈ। ਕਹਾਉਤਾਂ ਦੀ ਕਿਤਾਬ ਦੇ ਇਕ ਲੇਖਕ ਨੇ ਕਿਹਾ ਕਿ ਹਰ ਪਾਸਿਓਂ ਚੰਗੇ ਅਧਿਆਤਮਿਕ ਭੋਜਨ ਨਾਲ ਘਿਰੇ ਹੋਣ ਦੇ ਬਾਵਜੂਦ ਵੀ ਇੰਜ ਹੋ ਸਕਦਾ ਹੈ ਕਿ ਅਸੀਂ ਨਾ ਤਾਂ ਉਸ ਭੋਜਨ ਨੂੰ ਖਾਂਦੇ ਹਾਂ ਤੇ ਨਾ ਹੀ ਉਸ ਨੂੰ ਹਜ਼ਮ ਕਰਦੇ ਹਾਂ।—ਕਹਾਉਤਾਂ 19:24; 26:15.
ਇਸ ਤਰ੍ਹਾਂ ਕਰਨਾ ਖ਼ਤਰਨਾਕ ਹੈ। ਲੇਖਕ ਵਿਨਗੇਟ ਕਹਿੰਦਾ ਹੈ: “ਜਿਉਂ ਹੀ ਸਰੀਰ ਆਪਣੇ ਪ੍ਰੋਟੀਨ ਦੀ ਖਪਤ ਸ਼ੁਰੂ ਕਰ ਦਿੰਦਾ ਹੈ, ਤਾਂ ਸਿਹਤ ਵਿਗੜਨੀ ਸ਼ੁਰੂ ਹੋ ਜਾਂਦੀ ਹੈ।” ਜਦੋਂ ਤੁਸੀਂ ਭੁੱਖੇ ਹੁੰਦੇ ਹੋ, ਤਾਂ ਤੁਹਾਡਾ ਸਰੀਰ ਆਪਣੇ ਵਿਚ ਜਮ੍ਹਾ ਪਈ ਊਰਜਾ ਦੇ ਭੰਡਾਰ ਨੂੰ ਵਰਤਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਇਹ ਭੰਡਾਰ ਮੁੱਕ ਜਾਂਦਾ ਹੈ, ਤਾਂ ਸਰੀਰ ਪ੍ਰੋਟੀਨ ਦੀ ਖਪਤ ਸ਼ੁਰੂ ਕਰ ਦਿੰਦਾ ਹੈ ਜੋ ਕਿ ਸਰੀਰ ਦੇ ਲਗਾਤਾਰ ਵਾਧੇ ਤੇ ਟਿਸ਼ੂਆਂ ਦੀ ਮੁਰੰਮਤ ਲਈ ਜ਼ਰੂਰੀ ਹੈ। ਫਿਰ ਸਰੀਰ ਦੇ ਜ਼ਰੂਰੀ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਤੁਹਾਡੀ ਸਿਹਤ ਤੇਜ਼ੀ ਨਾਲ ਵਿਗੜਨ ਲੱਗ ਪੈਂਦੀ ਹੈ।
ਅਧਿਆਤਮਿਕ ਅਰਥ ਵਿਚ ਇਹੀ ਗੱਲ ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਵਿਚ ਕਈਆਂ ਨਾਲ ਹੋਈ ਸੀ। ਉਨ੍ਹਾਂ ਨੇ ਜਿੰਨੀਆਂ ਕੁ ਅਧਿਆਤਮਿਕ ਗੱਲਾਂ ਸਿੱਖੀਆਂ ਸਨ, ਸਿਰਫ਼ ਉਨ੍ਹਾਂ ਨਾਲ ਹੀ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਸ਼ਾਇਦ ਨਿੱਜੀ ਅਧਿਐਨ ਕਰਨ ਪ੍ਰਤੀ ਅਣਗਹਿਲੀ ਵਰਤੀ ਜਿਸ ਕਰਕੇ ਉਹ ਅਧਿਆਤਮਿਕ ਤੌਰ ਤੇ ਕਮਜ਼ੋਰ ਹੋ ਗਏ। (ਇਬਰਾਨੀਆਂ 5:12) ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਇਸ ਤਰ੍ਹਾਂ ਕਰਨ ਦੇ ਖ਼ਤਰਿਆਂ ਬਾਰੇ ਲਿਖਿਆ: “ਅਸੀਂ ਉਨ੍ਹਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ ਅਜਿਹਾ ਨਾ ਹੋਵੇ ਭਈ ਕਿਤੇ ਅਸੀਂ ਉਨ੍ਹਾਂ ਤੋਂ ਵਹਿ ਕੇ ਦੂਰ ਹੋ ਜਾਈਏ।” ਉਹ ਜਾਣਦਾ ਸੀ ਕਿ ਬੁਰੀਆਂ ਆਦਤਾਂ ਵਿਚ ਪੈਣਾ ਬੜਾ ਆਸਾਨ ਹੈ ਜੇ ਅਸੀਂ “ਐਡੀ ਵੱਡੀ ਮੁਕਤੀ ਦੀ ਬੇ ਪਰਵਾਹੀ ਕਰੀਏ।”—ਇਬਰਾਨੀਆਂ 2:1, 3.
ਦਿਲਚਸਪੀ ਦੀ ਗੱਲ ਹੈ ਕਿ ਇਹ ਜ਼ਰੂਰੀ ਨਹੀਂ ਕਿ ਜਿਹੜਾ ਵਿਅਕਤੀ ਚੰਗੀ ਤਰ੍ਹਾਂ ਖਾਂਦਾ-ਪੀਂਦਾ ਨਹੀਂ ਉਹ ਹਮੇਸ਼ਾ ਬੀਮਾਰ ਜਾਂ ਪਤਲਾ ਨਜ਼ਰ ਆਵੇ। ਇਸੇ ਤਰ੍ਹਾਂ ਇਹ ਸ਼ਾਇਦ ਇਕਦਮ ਜ਼ਾਹਰ ਨਾ ਹੋਵੇ ਕਿ ਕੋਈ ਅਧਿਆਤਮਿਕ ਤੌਰ ਤੇ ਭੁੱਖਾ ਮਰ ਰਿਹਾ ਹੈ। ਤੁਸੀਂ ਉਦੋਂ ਵੀ ਅਧਿਆਤਮਿਕ ਤੌਰ ਤੇ ਤੰਦਰੁਸਤ ਲੱਗ ਸਕਦੇ ਹੋ ਜਦੋਂ ਤੁਸੀਂ ਚੰਗੀ ਖ਼ੁਰਾਕ ਨਹੀਂ ਲੈ ਰਹੇ ਹੁੰਦੇ। ਪਰ ਜ਼ਿਆਦਾ ਦੇਰ ਤਕ ਨਹੀਂ! ਤੁਸੀਂ ਆਖ਼ਰਕਾਰ ਅਧਿਆਤਮਿਕ ਤੌਰ ਤੇ ਕਮਜ਼ੋਰ ਹੋ ਜਾਓਗੇ ਤੇ ਬੇਬੁਨਿਆਦੀ ਸ਼ੱਕ ਕਰਨ ਲੱਗ ਪਾਓਗੇ ਅਤੇ ਨਿਹਚਾ ਦੀ ਚੰਗੀ ਲੜਾਈ ਨਹੀਂ ਲੜ ਪਾਓਗੇ। (ਯਹੂਦਾ 3) ਭਾਵੇਂ ਦੂਜਿਆਂ ਨੂੰ ਪਤਾ ਹੋਵੇ ਜਾਂ ਨਾ, ਪਰ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੁਸੀਂ ਨਿੱਜੀ ਤੌਰ ਤੇ ਕਿੰਨਾ ਕੁ ਅਧਿਆਤਮਿਕ ਖਾਣਾ ਖਾ ਰਹੇ ਹੋ।
ਇਸ ਲਈ ਨਿੱਜੀ ਅਧਿਐਨ ਕਰਦੇ ਰਹੋ। ਜੇ ਤੁਹਾਡੇ ਮਨ ਵਿਚ ਕੋਈ ਵੀ ਸ਼ੱਕ ਪੈਦਾ ਹੁੰਦਾ ਹੈ, ਤਾਂ ਉਸ ਦੇ ਖ਼ਿਲਾਫ਼ ਜ਼ੋਰਦਾਰ ਲੜਾਈ ਲੜੋ। ਪਰੇਸ਼ਾਨ ਕਰਨ ਵਾਲੇ ਸ਼ੱਕਾਂ ਨੂੰ ਮਾਮੂਲੀ ਜਿਹੀ ਇਨਫ਼ੈਕਸ਼ਨ ਸਮਝ ਕੇ ਲਾਪਰਵਾਹੀ ਵਰਤਣ ਨਾਲ ਭਿਆਨਕ ਨਤੀਜੇ ਨਿਕਲ ਸਕਦੇ ਹਨ। (2 ਕੁਰਿੰਥੀਆਂ 11:3) ‘ਕੀ ਅਸੀਂ ਸੱਚ-ਮੁੱਚ ਅੰਤ ਦੇ ਦਿਨਾਂ ਵਿਚ ਜੀ ਰਹੇ ਹਾਂ? ਕੀ ਤੁਸੀਂ ਬਾਈਬਲ ਦੀ ਹਰ ਗੱਲ ਤੇ ਨਿਹਚਾ ਕਰ ਸਕਦੇ ਹੋ? ਕੀ ਇਹ ਸੱਚ-ਮੁੱਚ ਯਹੋਵਾਹ ਦਾ ਸੰਗਠਨ ਹੈ?’ ਤੁਹਾਡੇ ਮਨ ਵਿਚ ਇਸ ਤਰ੍ਹਾਂ ਦੇ ਸ਼ੱਕ ਪੈਦਾ ਕਰ ਕੇ ਸ਼ਤਾਨ ਨੂੰ ਬੜਾ ਮਜ਼ਾ ਆਉਂਦਾ ਹੈ। ਇਸ ਲਈ ਅਧਿਆਤਮਿਕ ਭੋਜਨ ਖਾਣ ਪ੍ਰਤੀ ਅਣਗਹਿਲੀ ਨਾ ਕਰੋ ਤੇ ਸ਼ਤਾਨ ਦੀਆਂ ਕਪਟੀ ਸਿੱਖਿਆਵਾਂ ਦਾ ਸ਼ਿਕਾਰ ਨਾ ਬਣੋ। (ਕੁਲੁੱਸੀਆਂ 2:4-7) ਤਿਮੋਥਿਉਸ ਨੂੰ ਦਿੱਤੀ ਗਈ ਸਲਾਹ ਤੇ ਚੱਲੋ ਅਤੇ “ਪਵਿੱਤਰ ਲਿਖਤਾਂ” ਦਾ ਚੰਗੀ ਤਰ੍ਹਾਂ ਅਧਿਐਨ ਕਰੋ ਤਾਂਕਿ ਤੁਸੀਂ ‘ਉਨ੍ਹਾਂ ਗੱਲਾਂ ਉੱਤੇ ਜਿਹੜੀਆਂ ਤੁਸੀਂ ਸਿੱਖੀਆਂ ਅਤੇ ਸਤ ਮੰਨੀਆਂ ਟਿਕੇ ਰਹਿ ਸਕੋ।’—2 ਤਿਮੋਥਿਉਸ 3:13-15.
ਇਸ ਤਰ੍ਹਾਂ ਕਰਨ ਲਈ ਤੁਹਾਨੂੰ ਮਦਦ ਦੀ ਲੋੜ ਪੈ ਸਕਦੀ ਹੈ। ਪਹਿਲਾਂ ਜ਼ਿਕਰ ਕੀਤਾ ਗਿਆ ਲੇਖਕ ਅੱਗੇ ਕਹਿੰਦਾ ਹੈ: “ਸਰੀਰ ਨੂੰ ਕਾਫ਼ੀ ਦੇਰ ਤਕ ਭੁੱਖਾ ਰੱਖਣ ਨਾਲ ਭੋਜਨ ਹਜ਼ਮ ਕਰਨ ਵਾਲੇ ਅੰਗਾਂ ਨੂੰ ਵਿਟਾਮਿਨ ਤੇ ਹੋਰ ਲੋੜੀਂਦੇ ਤੱਤਾਂ ਦੀ ਘਾਟ ਕਰਕੇ ਐਨਾ ਨੁਕਸਾਨ ਪਹੁੰਚ ਸਕਦਾ ਹੈ ਕਿ ਉਹ ਸਾਧਾਰਣ ਭੋਜਨ ਦਿੱਤੇ ਜਾਣ ਤੇ ਵੀ ਇਸ ਨੂੰ ਹਜ਼ਮ ਨਹੀਂ ਕਰ ਪਾਉਂਦੇ। ਇਸ ਹਾਲਤ ਵਿਚ ਲੋਕਾਂ ਨੂੰ ਕੁਝ ਸਮੇਂ ਲਈ ਅਜਿਹਾ ਭੋਜਨ ਖਾਣਾ ਚਾਹੀਦਾ ਹੈ ਜੋ ਹਜ਼ਮ ਕਰਨ ਵਿਚ ਆਸਾਨ ਹੋਵੇ।” ਸਰੀਰ ਉੱਤੇ ਭੁੱਖ ਦੇ ਮਾੜੇ ਅਸਰਾਂ ਦੇ ਇਲਾਜ ਲਈ ਖ਼ਾਸ ਦੇਖ-ਭਾਲ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਜਿਸ ਵਿਅਕਤੀ ਨੇ ਬਾਈਬਲ ਦੇ ਨਿੱਜੀ ਅਧਿਐਨ ਨੂੰ ਉੱਕਾ ਹੀ ਅਣਗੌਲਿਆਂ ਕਰ ਦਿੱਤਾ ਹੈ, ਉਸ ਨੂੰ ਸ਼ਾਇਦ ਜ਼ਿਆਦਾ ਮਦਦ ਤੇ ਹੌਸਲੇ ਦੀ ਲੋੜ ਹੁੰਦੀ ਹੈ ਤਾਂਕਿ ਉਹ ਅਧਿਆਤਮਿਕ ਭੋਜਨ ਲਈ ਦੁਬਾਰਾ ਭੁੱਖ ਪੈਦਾ ਕਰ ਸਕੇ। ਜੇ ਤੁਹਾਡਾ ਵੀ ਇਹੋ ਹਾਲ ਹੈ, ਤਾਂ ਮਦਦ ਮੰਗੋ ਅਤੇ ਹਰ ਤਰ੍ਹਾਂ ਦੀ ਮਦਦ ਨੂੰ ਸਵੀਕਾਰ ਕਰੋ ਤਾਂਕਿ ਤੁਸੀਂ ਅਧਿਆਤਮਿਕ ਤੌਰ ਤੇ ਮੁੜ ਸਿਹਤਮੰਦ ਅਤੇ ਤਕੜੇ ਹੋ ਸਕੋ।—“ਬੇਪਰਤੀਤ ਨਾਲ ਸੰਕਾ” ਨਾ ਕਰੋ
ਕੁਲ-ਪਿਤਾ ਅਬਰਾਹਾਮ ਦੇ ਹਾਲਾਤਾਂ ਉੱਤੇ ਵਿਚਾਰ ਕਰਦੇ ਹੋਏ ਕੁਝ ਲੋਕ ਸ਼ਾਇਦ ਸੋਚਣ ਕਿ ਅਬਰਾਹਾਮ ਦੇ ਸ਼ੱਕ ਕਰਨ ਦਾ ਕਾਰਨ ਜਾਇਜ਼ ਸੀ। ਪਰਮੇਸ਼ੁਰ ਦੇ ਵਾਅਦਾ ਕਰਨ ਦੇ ਬਾਵਜੂਦ ਇਹ ਸਿੱਟਾ ਕੱਢਣਾ ਸ਼ਾਇਦ ਸੁਭਾਵਕ ਸੀ ਕਿ ਅਬਰਾਹਾਮ ਦੀ “ਬਾਹਲੀਆਂ ਕੌਮਾਂ ਦਾ ਪਿਤਾ” ਬਣਨ ਦੀ ਬਿਲਕੁਲ ਆਸ ਨਹੀਂ ਸੀ। ਕਿਉਂ? ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਹ ਵਾਅਦਾ ਪੂਰਾ ਹੋਣਾ ਨਾਮੁਮਕਿਨ ਲੱਗਦਾ ਸੀ। ਅਬਰਾਹਾਮ ਬਾਰੇ ਬਾਈਬਲ ਦੱਸਦੀ ਹੈ ਕਿ “ਉਸ ਨੇ ਧਿਆਨ ਕੀਤਾ ਭਈ ਮੇਰੀ ਦੇਹ ਹੁਣ ਮੁਰਦੇ ਵਰਗੀ ਹੋ ਗਈ ਹੈ ਨਾਲੇ ਸਾਰਾਹ ਦੀ ਕੁੱਖ ਨੂੰ ਸੋਕਾ ਲੱਗ ਗਿਆ ਹੈ।” ਫਿਰ ਵੀ ਉਸ ਨੇ ਪਰਮੇਸ਼ੁਰ ਅਤੇ ਉਸ ਦੇ ਵਾਅਦਿਆਂ ਬਾਰੇ ਕਿਸੇ ਵੀ ਤਰ੍ਹਾਂ ਦੇ ਸ਼ੱਕ ਨੂੰ ਆਪਣੇ ਦਿਲ ਤੇ ਦਿਮਾਗ਼ ਵਿਚ ਜੜ੍ਹ ਨਹੀਂ ਫੜਨ ਦਿੱਤੀ। ਪੌਲੁਸ ਰਸੂਲ ਨੇ ਉਸ ਬਾਰੇ ਲਿਖਿਆ: “ਨਿਹਚਾ ਵਿੱਚ ਉਹ ਢਿੱਲਾ ਨਾ ਹੋਇਆ” ਜਾਂ “ਉਹ ਨੇ ਬੇਪਰਤੀਤ ਨਾਲ ਸੰਕਾ ਨਾ ਕੀਤੀ।” ਅਬਰਾਹਾਮ ਨੂੰ “ਪੱਕੀ ਨਿਹਚਾ ਸੀ ਭਈ ਜਿਹ ਦਾ [ਪਰਮੇਸ਼ੁਰ] ਨੇ ਬਚਨ ਦਿੱਤਾ ਉਸ ਦੇ ਪੂਰਿਆਂ ਕਰਨ ਨੂੰ ਵੀ ਸਮਰਥ ਹੈ।” (ਰੋਮੀਆਂ 4:18-21) ਉਸ ਨੇ ਕਈ ਸਾਲਾਂ ਦੌਰਾਨ ਯਹੋਵਾਹ ਨਾਲ ਇਕ ਮਜ਼ਬੂਤ ਤੇ ਨਿੱਜੀ ਰਿਸ਼ਤਾ ਕਾਇਮ ਕੀਤਾ ਸੀ ਅਤੇ ਉਸ ਨੂੰ ਯਹੋਵਾਹ ਤੇ ਪੂਰਾ ਭਰੋਸਾ ਸੀ। ਉਸ ਨੇ ਇਸ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਕੀਤਾ ਜੋ ਉਸ ਰਿਸ਼ਤੇ ਨੂੰ ਕਮਜ਼ੋਰ ਕਰ ਸਕਦਾ ਸੀ।
ਤੁਸੀਂ ਵੀ ਅਬਰਾਹਾਮ ਵਾਂਗ ਇਸ ਤਰ੍ਹਾਂ ਕਰ ਸਕਦੇ ਹੋ ਜੇ ਤੁਸੀਂ ਚੰਗੀ ਤਰ੍ਹਾਂ ਅਧਿਆਤਮਿਕ ਭੋਜਨ ਖਾਂਦੇ ਰਹੋ ਅਤੇ ‘ਖਰੀਆਂ ਗੱਲਾਂ ਦੇ ਨਮੂਨੇ ਨੂੰ ਫੜੀ ਰੱਖੋ। (2 ਤਿਮੋਥਿਉਸ 1:13) ਸ਼ੱਕ ਕਰਨ ਦੇ ਖ਼ਤਰਿਆਂ ਨੂੰ ਮਾਮੂਲੀ ਜਿਹੀ ਗੱਲ ਨਾ ਸਮਝੋ। ਸ਼ਤਾਨ ਸ਼ੱਕ ਦੇ ਰੋਗਾਣੂਆਂ ਨਾਲ ਸਾਡੇ ਉੱਤੇ ਅਧਿਆਤਮਿਕ ਤੌਰ ਤੇ ਹਮਲਾ ਕਰਦਾ ਹੈ। ਜੇ ਤੁਸੀਂ ਬਾਈਬਲ ਦਾ ਨਿੱਜੀ ਅਧਿਐਨ ਕਰਨ ਅਤੇ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਦੁਆਰਾ ਚੰਗੀ ਤਰ੍ਹਾਂ ਅਧਿਆਤਮਿਕ ਭੋਜਨ ਨਹੀਂ ਖਾਂਦੇ ਹੋ, ਤਾਂ ਤੁਸੀਂ ਆਸਾਨੀ ਨਾਲ ਸ਼ਤਾਨ ਦੇ ਅਜਿਹੇ ਹਮਲਿਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਸਮੇਂ ਸਿਰ ਦਿੱਤੇ ਭਰਪੂਰ ਅਧਿਆਤਮਿਕ ਭੋਜਨ ਦਾ ਪੂਰਾ ਲਾਭ ਉਠਾਓ। (ਮੱਤੀ 24:45) ਨਿਯਮਿਤ ਤੌਰ ਤੇ ‘ਖਰੀਆਂ ਗੱਲਾਂ ਨੂੰ ਮੰਨੋ’ ਅਤੇ ‘ਨਿਹਚਾ ਵਿਚ ਪੱਕੇ’ ਯਾਨੀ ਸਿਹਤਮੰਦ ਹੋਵੋ। (1 ਤਿਮੋਥਿਉਸ 6:3; ਤੀਤੁਸ 2:2) ਕਿਸੇ ਵੀ ਤਰ੍ਹਾਂ ਦੇ ਸ਼ੱਕ ਨੂੰ ਆਪਣੀ ਨਿਹਚਾ ਨਾ ਤੋੜਨ ਦਿਓ।
[ਸਫ਼ੇ 21 ਉੱਤੇ ਤਸਵੀਰਾਂ]
ਤੁਸੀਂ ਕਿੰਨੀ ਕੁ ਚੰਗੀ ਤਰ੍ਹਾਂ ਅਧਿਆਤਮਿਕ ਭੋਜਨ ਖਾਂਦੇ ਹੋ?