Skip to content

Skip to table of contents

ਅਨਮੋਲ ਯਾਦਾਂ ਲਈ ਸ਼ੁਕਰਗੁਜ਼ਾਰ!

ਅਨਮੋਲ ਯਾਦਾਂ ਲਈ ਸ਼ੁਕਰਗੁਜ਼ਾਰ!

ਜੀਵਨੀ

ਅਨਮੋਲ ਯਾਦਾਂ ਲਈ ਸ਼ੁਕਰਗੁਜ਼ਾਰ!

ਡਰੁਸਿਲਾ ਕੇਨ ਦੀ ਜ਼ਬਾਨੀ

ਇਹ ਸਾਲ 1933 ਦੀ ਗੱਲ ਹੈ। ਜ਼ਨੋਆ ਕੇਨ ਨਾਲ ਮੇਰਾ ਨਵਾਂ-ਨਵਾਂ ਵਿਆਹ ਹੋਇਆ ਸੀ ਜਿਹੜਾ ਕਿ ਮੇਰੇ ਹੀ ਵਾਂਗ ਇਕ ਕੋਲਪੋਰਟਰ ਯਾਨੀ ਪੂਰੇ ਸਮੇਂ ਦਾ ਪ੍ਰਚਾਰਕ ਸੀ। ਮੈਂ ਬਹੁਤ ਹੀ ਖ਼ੁਸ਼ ਸੀ ਅਤੇ ਆਪਣੇ ਪਤੀ ਦੀ ਕਾਰਜ-ਨਿਯੁਕਤੀ ਵਿਚ ਉਸ ਦਾ ਸਾਥ ਦੇਣ ਲਈ ਉਤਾਵਲੀ ਸੀ। ਪਰ ਇਸ ਦੇ ਲਈ ਮੈਨੂੰ ਸਾਈਕਲ ਦੀ ਲੋੜ ਸੀ ਜੋ ਕਿ ਮੇਰੇ ਕੋਲ ਨਹੀਂ ਸੀ। ਆਰਥਿਕ ਮਹਾਂ-ਮੰਦੀ ਦੌਰਾਨ ਬਹੁਤ ਮਹਿੰਗਾਈ ਹੋਣ ਕਰਕੇ ਮੈਂ ਕਦੇ ਵੀ ਸਾਈਕਲ ਨਹੀਂ ਖ਼ਰੀਦ ਸਕੀ ਸੀ। ਮੈਂ ਕੀ ਕਰਦੀ?

ਮੇਰੀ ਮੁਸ਼ਕਲ ਸੁਣ ਕੇ ਮੇਰੇ ਦਿਓਰਾਂ ਨੇ ਮੇਰੇ ਲਈ ਸਾਈਕਲ ਬਣਾਉਣ ਲਈ ਕੂੜੇ ਦੇ ਢੇਰ ਵਿੱਚੋਂ ਪੁਰਾਣੇ ਪੁਰਜ਼ੇ ਲੱਭਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪੁਰਜ਼ੇ ਲੱਭ ਕੇ ਉਨ੍ਹਾਂ ਨੂੰ ਜੋੜਿਆ ਤੇ ਸਾਈਕਲ ਤਿਆਰ ਹੋ ਗਿਆ! ਸਾਈਕਲ ਸਿੱਖਣ ਤੋਂ ਜਲਦੀ ਬਾਅਦ ਮੈਂ ਤੇ ਜ਼ਨੋਆ ਆਪਣੇ ਰਾਹ ਚੱਲ ਪਏ। ਖ਼ੁਸ਼ੀ-ਖ਼ੁਸ਼ੀ ਵੁਸਟਰ ਅਤੇ ਹੈਰੇਫਰਡ ਦੇ ਜ਼ਿਲ੍ਹਿਆਂ ਵਿੱਚੋਂ ਦੀ ਲੰਘਦੇ ਹੋਏ ਜਿੰਨੇ ਵੀ ਲੋਕ ਸਾਨੂੰ ਮਿਲੇ ਅਸੀਂ ਉਨ੍ਹਾਂ ਸਾਰਿਆਂ ਨੂੰ ਗਵਾਹੀ ਦਿੰਦੇ ਗਏ।

ਮੈਨੂੰ ਨਹੀਂ ਸੀ ਪਤਾ ਕਿ ਨਿਹਚਾ ਦਾ ਚੁੱਕਿਆ ਇਹ ਸਾਧਾਰਣ ਜਿਹਾ ਕਦਮ ਅਨਮੋਲ ਯਾਦਾਂ ਨਾਲ ਭਰੀ ਜ਼ਿੰਦਗੀ ਵੱਲ ਲੈ ਜਾਵੇਗਾ। ਪਰ ਮੇਰੀ ਜ਼ਿੰਦਗੀ ਦੀ ਅਧਿਆਤਮਿਕ ਨੀਂਹ ਮੇਰੇ ਪਿਆਰੇ ਮਾਪਿਆਂ ਨੇ ਰੱਖੀ ਸੀ।

ਮਹਾਂ ਯੁੱਧ ਦੇ ਔਖੇ ਸਾਲ

ਮੇਰਾ ਜਨਮ ਦਸੰਬਰ 1909 ਵਿਚ ਹੋਇਆ ਸੀ। ਉਸ ਤੋਂ ਥੋੜ੍ਹੇ ਹੀ ਚਿਰ ਬਾਅਦ ਮੇਰੇ ਮਾਤਾ ਜੀ ਨੂੰ ਯੁਗਾਂ ਦੀ ਈਸ਼ਵਰੀ ਜੁਗਤੀ (ਅੰਗ੍ਰੇਜ਼ੀ) ਨਾਮਕ ਕਿਤਾਬ ਮਿਲੀ ਅਤੇ 1914 ਵਿਚ ਮੇਰੇ ਮਾਤਾ-ਪਿਤਾ ਮੈਨੂੰ ਲੈਂਕੱਸ਼ਰ ਦੇ ਓਲਡਮ ਇਲਾਕੇ ਵਿਚ “ਸ੍ਰਿਸ਼ਟੀ ਦਾ ਫੋਟੋ ਡਰਾਮਾ” ਦੇਖਣ ਲਈ ਨਾਲ ਲੈ ਗਏ। (ਕਿਤਾਬ ਅਤੇ ਫੋਟੋ ਡਰਾਮਾ ਦੋਵੇਂ ਹੀ ਉਨ੍ਹਾਂ ਲੋਕਾਂ ਦੁਆਰਾ ਤਿਆਰ ਕੀਤੇ ਗਏ ਸਨ ਜਿਨ੍ਹਾਂ ਨੂੰ ਹੁਣ ਯਹੋਵਾਹ ਦੇ ਗਵਾਹਾਂ ਵਜੋਂ ਜਾਣਿਆ ਜਾਂਦਾ ਹੈ।) ਭਾਵੇਂ ਮੈਂ ਉਦੋਂ ਕਾਫ਼ੀ ਛੋਟੀ ਸੀ, ਪਰ ਮੈਨੂੰ ਅਜੇ ਵੀ ਯਾਦ ਹੈ ਕਿ ਮੈਂ ਜੋ ਕੁਝ ਦੇਖਿਆ ਸੀ, ਉਸ ਕਰਕੇ ਮੈਂ ਖ਼ੁਸ਼ੀ ਦੇ ਮਾਰੇ ਟਪੂਸੀਆਂ ਮਾਰਦੀ ਹੋਈ ਘਰ ਆਈ ਸੀ! ਉਸ ਮਗਰੋਂ ਫ਼ਰੈਂਕ ਹੀਲੀ ਨੇ ਰੌਚਡੇਲ ਵਿਚ, ਜਿੱਥੇ ਅਸੀਂ ਰਹਿੰਦੇ ਸੀ, ਇਕ ਬਾਈਬਲ ਸਟੱਡੀ ਗਰੁੱਪ ਸ਼ੁਰੂ ਕੀਤਾ। ਇਸ ਗਰੁੱਪ ਵਿਚ ਹਾਜ਼ਰ ਹੋਣ ਨਾਲ ਸਾਡੇ ਪੂਰੇ ਪਰਿਵਾਰ ਨੂੰ ਬਾਈਬਲ ਦੀ ਜ਼ਿਆਦਾ ਸਮਝ ਹਾਸਲ ਕਰਨ ਵਿਚ ਮਦਦ ਮਿਲੀ।

ਉਸੇ ਸਾਲ ਮਹਾਂ-ਯੁੱਧ—ਜਿਸ ਨੂੰ ਹੁਣ ਅਸੀਂ ਪਹਿਲਾ ਵਿਸ਼ਵ ਯੁੱਧ ਕਹਿੰਦੇ ਹਾਂ—ਸ਼ੁਰੂ ਹੋਣ ਨਾਲ ਸਾਡਾ ਸੁੱਖ-ਚੈਨ ਖ਼ਤਮ ਹੋ ਗਿਆ। ਮੇਰੇ ਪਿਤਾ ਜੀ ਨੂੰ ਫ਼ੌਜ ਵਿਚ ਭਰਤੀ ਹੋਣ ਦਾ ਹੁਕਮ ਦਿੱਤਾ ਗਿਆ, ਪਰ ਉਨ੍ਹਾਂ ਨੇ ਯੁੱਧ ਵਿਚ ਹਿੱਸਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉੱਥੋਂ ਦੀ ਅਖ਼ਬਾਰ ਨੇ ਰਿਪੋਰਟ ਕੀਤਾ ਕਿ ਅਦਾਲਤ ਵਿਚ ਲੋਕਾਂ ਨੇ ਉਨ੍ਹਾਂ ਨੂੰ “ਇਕ ਬੜਾ ਹੀ ਸਾਊ ਆਦਮੀ” ਦੱਸਿਆ ਅਤੇ ਕਈ ਪਤਵੰਤੇ ਆਦਮੀਆਂ ਦੀਆਂ ਚਿੱਠੀਆਂ ਅਦਾਲਤ ਵਿਚ ਪੇਸ਼ ਕੀਤੀਆਂ ਗਈਆਂ “ਜਿਨ੍ਹਾਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਨੇ ਕਿਸੇ ਚੰਗੇ ਕਾਰਨ ਕਰਕੇ ਹੀ ਹਥਿਆਰ ਚੁੱਕਣ ਤੋਂ ਇਨਕਾਰ ਕੀਤਾ ਹੋਵੇਗਾ।”

ਪਰ ਫ਼ੌਜੀ ਸੇਵਾ ਤੋਂ ਪੂਰੀ ਤਰ੍ਹਾਂ ਮੁਕਤ ਹੋਣ ਦੀ ਬਜਾਇ ਮੇਰੇ ਪਿਤਾ ਜੀ ਨੂੰ ਸਿਰਫ਼ “ਲੜਾਈ ਦੇ ਮੈਦਾਨ ਵਿਚ ਜਾਣ ਤੋਂ ਮੁਕਤ” ਕੀਤਾ ਗਿਆ ਸੀ। ਲੋਕਾਂ ਨੇ ਉਨ੍ਹਾਂ ਨੂੰ ਅਤੇ ਮਾਤਾ ਜੀ ਤੇ ਮੈਨੂੰ ਵੀ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ। ਆਖ਼ਰਕਾਰ ਉਨ੍ਹਾਂ ਦੇ ਕੇਸ ਦੀ ਮੁੜ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਖੇਤੀਬਾੜੀ ਦਾ ਕੰਮ ਦਿੱਤਾ ਗਿਆ, ਪਰ ਕੁਝ ਕਿਸਾਨਾਂ ਨੇ ਹਾਲਾਤ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਨੂੰ ਬਹੁਤ ਘੱਟ ਜਾਂ ਬਿਲਕੁਲ ਹੀ ਕੋਈ ਮਿਹਨਤਾਨਾ ਨਹੀਂ ਦਿੱਤਾ। ਪਰਿਵਾਰ ਚਲਾਉਣ ਲਈ ਮੇਰੇ ਮਾਤਾ ਜੀ ਬਹੁਤ ਹੀ ਘੱਟ ਤਨਖ਼ਾਹ ਤੇ ਇਕ ਗ਼ੈਰ-ਸਰਕਾਰੀ ਧੋਬੀਖ਼ਾਨੇ ਵਿਚ ਭਾਰੀ ਕੰਮ ਕਰਦੇ ਸਨ। ਪਰ ਹੁਣ ਮੈਂ ਦੇਖ ਸਕਦੀ ਹਾਂ ਕਿ ਜਵਾਨੀ ਵਿਚ ਅਜਿਹੀਆਂ ਮੁਸ਼ਕਲ ਘੜੀਆਂ ਦਾ ਸਾਮ੍ਹਣਾ ਕਰਦਿਆਂ ਕਿੱਦਾਂ ਮੇਰਾ ਵਿਸ਼ਵਾਸ ਮਜ਼ਬੂਤ ਹੋਇਆ ਹੈ। ਇਸ ਨੇ ਜ਼ਿਆਦਾ ਮਹੱਤਵਪੂਰਣ ਅਧਿਆਤਮਿਕ ਚੀਜ਼ਾਂ ਦੀ ਕਦਰ ਕਰਨ ਵਿਚ ਮੇਰੀ ਮਦਦ ਕੀਤੀ ਹੈ।

ਛੋਟੀ ਜਿਹੀ ਸ਼ੁਰੂਆਤ

ਬਾਈਬਲ ਦਾ ਜੋਸ਼ੀਲਾ ਵਿਦਿਆਰਥੀ ਡੈਨੀਅਲ ਹਿਊਜ਼ ਜਲਦੀ ਹੀ ਸਾਡੀਆਂ ਜ਼ਿੰਦਗੀਆਂ ਦਾ ਹਿੱਸਾ ਬਣ ਗਿਆ। ਉਸ ਸਮੇਂ ਅਸੀਂ ਔਜ਼ਵਸਟਰੀ ਕਸਬੇ ਵਿਚ ਰਹਿ ਰਹੇ ਸੀ। ਡੈਨੀਅਲ ਸਾਡੇ ਕਸਬੇ ਤੋਂ ਕੁਝ 20 ਕਿਲੋਮੀਟਰ ਦੂਰ ਰੂਅੱਬਨ ਪਿੰਡ ਵਿਚ ਇਕ ਕੋਲੇ ਦੀ ਖਾਣ ਵਿਚ ਕੰਮ ਕਰਦਾ ਸੀ। ਮੈਂ ਉਨ੍ਹਾਂ ਨੂੰ ਪਿਆਰ ਨਾਲ ਅੰਕਲ ਡੈਨ ਕਹਿੰਦੀ ਸੀ ਤੇ ਉਹ ਅਕਸਰ ਸਾਡੇ ਪਰਿਵਾਰ ਨੂੰ ਮਿਲਦੇ ਰਹਿੰਦੇ ਸਨ ਅਤੇ ਜਦੋਂ ਵੀ ਉਹ ਸਾਡੇ ਘਰ ਆਉਂਦੇ, ਤਾਂ ਹਮੇਸ਼ਾ ਅਧਿਆਤਮਿਕ ਵਿਸ਼ਿਆਂ ਉੱਤੇ ਗੱਲ ਕਰਦੇ ਸਨ। ਉਹ ਕਦੇ ਵੀ ਇੱਧਰ-ਉੱਧਰ ਦੀਆਂ ਗੱਲਾਂ ਨਹੀਂ ਮਾਰਦੇ ਸਨ। ਸਾਲ 1920 ਵਿਚ ਔਜ਼ਵਸਟਰੀ ਵਿਚ ਬਾਈਬਲ ਸਟੱਡੀ ਕਲਾਸ ਸ਼ੁਰੂ ਕੀਤੀ ਗਈ ਤੇ ਅੰਕਲ ਡੈਨ ਨੇ ਮੈਨੂੰ 1921 ਵਿਚ ਪਰਮੇਸ਼ੁਰ ਦੀ ਬਰਬਤ (ਅੰਗ੍ਰੇਜ਼ੀ) ਨਾਮਕ ਕਿਤਾਬ ਦਿੱਤੀ। ਮੈਨੂੰ ਇਹ ਕਿਤਾਬ ਬਹੁਤ ਹੀ ਪਸੰਦ ਸੀ ਕਿਉਂਕਿ ਇਸ ਨਾਲ ਬਾਈਬਲ ਦੀਆਂ ਸਿੱਖਿਆਵਾਂ ਨੂੰ ਸਮਝਣਾ ਮੇਰੇ ਲਈ ਬੜਾ ਹੀ ਆਸਾਨ ਹੋ ਗਿਆ ਸੀ।

ਉੱਥੇ ਇਕ ਭਰਾ ਪ੍ਰਾਈਸ ਹਿਊਜ਼ * ਵੀ ਸੀ ਜੋ ਬਾਅਦ ਵਿਚ ਲੰਡਨ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਦਾ ਪ੍ਰਧਾਨ ਨਿਗਾਹਬਾਨ ਬਣਿਆ। ਉਹ ਸਾਡੇ ਕਸਬੇ ਤੋਂ ਕੁਝ ਹੀ ਦੂਰੀ ਤੇ ਵੈਲਸ਼ ਬਾਰਡਰ ਉੱਤੇ ਬ੍ਰੌਨੀਗਾਰਥ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਅਤੇ ਉਸ ਦੀ ਭੈਣ ਸਿਸੀ ਮੇਰੇ ਮਾਤਾ ਜੀ ਦੀ ਪੱਕੀ ਸਹੇਲੀ ਬਣ ਗਈ।

ਮੈਨੂੰ ਅਜੇ ਵੀ ਯਾਦ ਹੈ ਕਿ 1922 ਵਿਚ ਜਦੋਂ ‘ਰਾਜੇ ਤੇ ਉਸ ਦੇ ਰਾਜ ਦੀ ਘੋਸ਼ਣਾ ਕਰਨ’ ਦਾ ਸੱਦਾ ਮਿਲਿਆ ਸੀ, ਤਾਂ ਸਾਰਿਆਂ ਵਿਚ ਜੋਸ਼ ਦੀ ਲਹਿਰ ਦੌੜ ਗਈ ਸੀ। ਉਸ ਤੋਂ ਬਾਅਦ ਦੇ ਸਾਲਾਂ ਦੌਰਾਨ, ਭਾਵੇਂ ਕਿ ਮੈਂ ਅਜੇ ਸਕੂਲ ਵਿਚ ਪੜ੍ਹਦੀ ਸੀ, ਮੈਂ ਕਈ ਵਿਸ਼ੇਸ਼ ਟ੍ਰੈਕਟਾਂ, ਖ਼ਾਸ ਕਰਕੇ 1924 ਵਿਚ ਪਾਦਰੀਆਂ ਉੱਤੇ ਇਲਜ਼ਾਮ (ਅੰਗ੍ਰੇਜ਼ੀ) ਨਾਮਕ ਟ੍ਰੈਕਟ ਨੂੰ ਵੰਡਣ ਵਿਚ ਪੂਰੇ ਜੋਸ਼ ਨਾਲ ਹਿੱਸਾ ਲਿਆ ਸੀ। ਉਸ ਦਹਾਕੇ ਤੇ ਪਿੱਛਲ-ਝਾਤ ਮਾਰਨ ਤੇ ਮੈਂ ਦੇਖਦੀ ਹਾਂ ਕਿ ਐਨੇ ਸਾਰੇ ਵਫ਼ਾਦਾਰ ਭੈਣ-ਭਰਾਵਾਂ ਨਾਲ ਸੰਗਤੀ ਕਰਨ ਦਾ ਸਾਨੂੰ ਕਿੰਨਾ ਵੱਡਾ ਵਿਸ਼ੇਸ਼-ਸਨਮਾਨ ਮਿਲਿਆ ਸੀ ਜਿਨ੍ਹਾਂ ਵਿਚ ਮੌਡ ਕਲਾਰਕ * ਅਤੇ ਉਸ ਦੀ ਸਾਥਣ ਮੈਰੀ ਗਰਾਂਟ,* ਐਡਗਰ ਕਲੇ,* ਰੌਬਰਟ ਹੈਡਲਿੰਗਟਨ, ਕੇਟੀ ਰੌਬਰਟਸ ਅਤੇ ਐਡਵਿਨ ਸਕਿਨਰ* ਤੋਂ ਇਲਾਵਾ ਪਰਸੀ ਚੈਪਮਨ ਅਤੇ ਜੈਕ ਨੇਥਨ* ਵੀ ਸਨ ਜੋ ਦੋਵੇਂ ਬਾਅਦ ਵਿਚ ਕਨੇਡਾ ਵਿਚ ਹੋ ਰਹੇ ਕੰਮ ਵਿਚ ਮਦਦ ਕਰਨ ਲਈ ਚਲੇ ਗਏ ਸਨ।

ਬਾਈਬਲ ਭਾਸ਼ਣ “ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ” ਰਾਹੀਂ ਸਾਡੇ ਵੱਡੇ ਖੇਤਰ ਵਿਚ ਲੋਕਾਂ ਨੂੰ ਚੰਗੀ ਗਵਾਹੀ ਦਿੱਤੀ ਗਈ। ਸਟੈਨਲੀ ਰੌਜਰਸ, ਜੋ ਕਿ ਪ੍ਰਾਈਸ ਹਿਊਜ਼ ਦਾ ਰਿਸ਼ਤੇਦਾਰ ਸੀ, 14 ਮਈ 1922 ਨੂੰ ਸਾਡੇ ਕਸਬੇ ਦੇ ਉੱਤਰ ਵਿਚ ਪੈਂਦੇ ਪਿੰਡ ਚਰਕ ਵਿਚ ਇਹ ਭਾਸ਼ਣ ਦੇਣ ਲਈ ਲਿਵਰਪੂਲ ਤੋਂ ਆਏ ਅਤੇ ਬਾਅਦ ਵਿਚ ਉਸੇ ਸ਼ਾਮ ਔਜ਼ਵਸਟਰੀ ਵਿਚ ਪਿਕਚਰ ਪਲੇਹਾਊਸ ਹਾਲ ਵਿਚ ਉਨ੍ਹਾਂ ਨੇ ਇਹੀ ਭਾਸ਼ਣ ਦਿੱਤਾ। ਮੇਰੇ ਕੋਲ ਅਜੇ ਵੀ ਇਕ ਸੱਦਾ-ਪੱਤਰ ਹੈ ਜੋ ਖ਼ਾਸ ਕਰਕੇ ਉਸ ਭਾਸ਼ਣ ਲਈ ਛਾਪਿਆ ਗਿਆ ਸੀ। ਇਸ ਸਮੇਂ ਦੌਰਾਨ ਸਾਡੇ ਛੋਟੇ ਜਿਹੇ ਗਰੁੱਪ ਨੂੰ ਤਿੰਨ ਸਫ਼ਰੀ ਨਿਗਾਹਬਾਨਾਂ—ਜਿਨ੍ਹਾਂ ਨੂੰ ਅਸੀਂ ਪਿਲਗ੍ਰਿਮਜ਼ ਕਹਿੰਦੇ ਹੁੰਦੇ ਸਾਂ—ਹਰਬਰਟ ਸੀਨੀਅਰ, ਐਲਬਰਟ ਲੋਈਡ ਅਤੇ ਜੌਨ ਬਲੇਨੀ ਦੇ ਦੌਰਿਆਂ ਨਾਲ ਹੌਸਲਾ ਮਿਲਦਾ ਰਿਹਾ।

ਫ਼ੈਸਲਾ ਕਰਨ ਦਾ ਸਮਾਂ

ਸਾਲ 1929 ਵਿਚ ਮੈਂ ਬਪਤਿਸਮਾ ਲੈਣ ਦਾ ਫ਼ੈਸਲਾ ਕੀਤਾ। ਮੈਂ 19 ਸਾਲਾਂ ਦੀ ਸੀ ਤੇ ਉਸੇ ਵੇਲੇ ਮੈਂ ਆਪਣੀ ਜ਼ਿੰਦਗੀ ਦੇ ਪਹਿਲੇ ਪਰਤਾਵੇ ਦਾ ਸਾਮ੍ਹਣਾ ਕੀਤਾ। ਮੈਂ ਇਕ ਨੌਜਵਾਨ ਨੂੰ ਮਿਲੀ ਜਿਸ ਦਾ ਪਿਤਾ ਇਕ ਨੇਤਾ ਸੀ। ਅਸੀਂ ਦੋਵੇਂ ਇਕ-ਦੂਜੇ ਨੂੰ ਪਸੰਦ ਕਰਨ ਲੱਗੇ ਤੇ ਉਸ ਨੇ ਮੇਰੇ ਨਾਲ ਵਿਆਹ ਕਰਨਾ ਚਾਹਿਆ। ਉਸ ਤੋਂ ਇਕ ਸਾਲ ਪਹਿਲਾਂ ਸਰਕਾਰ (ਅੰਗ੍ਰੇਜ਼ੀ) ਕਿਤਾਬ ਰਿਲੀਸ ਕੀਤੀ ਗਈ ਸੀ, ਇਸ ਲਈ ਇਕ ਕਾਪੀ ਮੈਂ ਉਸ ਨੂੰ ਦਿੱਤੀ। ਪਰ ਮੈਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਉਸ ਨੂੰ ਸਵਰਗੀ ਸਰਕਾਰ ਵਿਚ ਕੋਈ ਦਿਲਚਸਪੀ ਨਹੀਂ ਸੀ ਜੋ ਕਿ ਇਸ ਕਿਤਾਬ ਦਾ ਮੁੱਖ ਵਿਸ਼ਾ ਸੀ। ਮੈਂ ਆਪਣੇ ਅਧਿਐਨ ਤੋਂ ਜਾਣਦੀ ਸੀ ਕਿ ਪੁਰਾਣੇ ਜ਼ਮਾਨੇ ਵਿਚ ਇਸਰਾਏਲੀਆਂ ਨੂੰ ਹੋਰਨਾਂ ਲੋਕਾਂ ਨਾਲ ਵਿਆਹ ਨਾ ਕਰਨ ਦਾ ਹੁਕਮ ਦਿੱਤਾ ਗਿਆ ਸੀ ਅਤੇ ਇਹ ਸਿਧਾਂਤ ਮਸੀਹੀਆਂ ਉੱਤੇ ਵੀ ਲਾਗੂ ਹੁੰਦਾ ਹੈ। ਇਸ ਲਈ, ਭਾਵੇਂ ਕਿ ਇੱਦਾਂ ਕਰਨਾ ਮੇਰੇ ਲਈ ਮੁਸ਼ਕਲ ਸੀ ਪਰ ਮੈਂ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।​—ਬਿਵਸਥਾ ਸਾਰ 7:3; 2 ਕੁਰਿੰਥੀਆਂ 6:14.

ਮੈਨੂੰ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਤੋਂ ਤਾਕਤ ਮਿਲੀ: “ਭਲਿਆਈ ਕਰਦਿਆਂ ਅਸੀਂ ਅੱਕ ਨਾ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ।” (ਗਲਾਤੀਆਂ 6:9) ਪਿਆਰੇ ਅੰਕਲ ਡੈਨ ਨੇ ਵੀ ਮੈਨੂੰ ਹੌਸਲਾ ਦਿੱਤਾ ਜਦੋਂ ਉਨ੍ਹਾਂ ਨੇ ਲਿਖਿਆ: “ਅਜ਼ਮਾਇਸ਼ਾਂ ਭਾਵੇਂ ਛੋਟੀਆਂ ਹੋਣ ਜਾਂ ਵੱਡੀਆਂ, ਹਮੇਸ਼ਾ ਰੋਮੀਆਂ 8 ਦੀ ਆਇਤ 28 ਨੂੰ ਚੇਤੇ ਰੱਖ,” ਜੋ ਇਸ ਤਰ੍ਹਾਂ ਕਹਿੰਦੀ ਹੈ: “ਅਸੀਂ ਜਾਣਦੇ ਹਾਂ ਭਈ ਜਿਹੜੇ ਪਰਮੇਸ਼ੁਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਵਸਤਾਂ ਰਲ ਕੇ ਓਹਨਾਂ ਦਾ ਭਲਾ ਕਰਦੀਆਂ ਹਨ ਅਰਥਾਤ ਓਹਨਾਂ ਦਾ ਜਿਹੜੇ ਪਰਮੇਸ਼ੁਰ ਦੀ ਮਨਸ਼ਾ ਦੇ ਅਨੁਸਾਰ ਸੱਦੇ ਹੋਏ ਹਨ।” ਇਹ ਆਸਾਨ ਤਾਂ ਨਹੀਂ ਸੀ, ਪਰ ਮੈਂ ਜਾਣਦੀ ਸੀ ਕਿ ਮੈਂ ਸਹੀ ਫ਼ੈਸਲਾ ਕੀਤਾ ਹੈ। ਉਸੇ ਸਾਲ ਮੈਂ ਕੋਲਪੋਰਟਰ ਬਣ ਗਈ।

ਚੁਣੌਤੀ ਦਾ ਸਾਮ੍ਹਣਾ ਕਰਨਾ

ਸਾਲ 1931 ਵਿਚ ਸਾਨੂੰ ਨਵਾਂ ਨਾਂ ਮਿਲਿਆ, ਯਾਨੀ ਯਹੋਵਾਹ ਦੇ ਗਵਾਹ। ਉਸੇ ਸਾਲ ਅਸੀਂ ਰਾਜ, ਸੰਸਾਰ ਦੀ ਉਮੀਦ (ਅੰਗ੍ਰੇਜ਼ੀ) ਨਾਮਕ ਪੁਸਤਿਕਾ ਵੰਡਣ ਦੀ ਜ਼ੋਰਦਾਰ ਮੁਹਿੰਮ ਵਿਚ ਹਿੱਸਾ ਲਿਆ। ਹਰੇਕ ਨੇਤਾ, ਪਾਦਰੀ ਅਤੇ ਵਪਾਰੀ ਨੂੰ ਇਸ ਪੁਸਤਿਕਾ ਦੀ ਕਾਪੀ ਦਿੱਤੀ ਗਈ। ਮੈਨੂੰ ਔਜ਼ਵਸਟਰੀ ਤੋਂ ਲੈ ਕੇ ਉੱਤਰ ਵੱਲ ਕੁਝ 25 ਕਿਲੋਮੀਟਰ ਦੂਰ ਰੈੱਕਸਮ ਤਕ ਇਸ ਨੂੰ ਵੰਡਣ ਦਾ ਕੰਮ ਸੌਂਪਿਆ ਗਿਆ ਸੀ। ਇਸ ਵੱਡੇ ਖੇਤਰ ਦੇ ਹਰ ਇਕ ਘਰ ਵਿਚ ਪੁਸਤਿਕਾ ਵੰਡਣਾ ਮੇਰੇ ਲਈ ਇਕ ਚੁਣੌਤੀ ਸੀ।

ਅਗਲੇ ਸਾਲ ਬਰਮਿੰਘਮ ਵਿਚ ਜ਼ਿਲ੍ਹਾ ਸੰਮੇਲਨ ਵਿਚ ਘੋਸ਼ਣਾ ਕੀਤੀ ਗਈ ਕਿ 24 ਸਵੈ-ਸੇਵਕਾਂ ਦੀ ਲੋੜ ਹੈ। ਅਸੀਂ 24 ਜਣਿਆਂ ਨੇ ਜੋਸ਼ ਨਾਲ ਨਵੀਂ ਕਿਸਮ ਦੀ ਸੇਵਾ ਲਈ ਆਪਣੇ ਨਾਂ ਦੇ ਦਿੱਤੇ, ਪਰ ਅਸੀਂ ਨਹੀਂ ਜਾਣਦੇ ਸੀ ਇਹ ਕਿਹੜੀ ਸੇਵਾ ਹੈ। ਇਸ ਲਈ ਤੁਸੀਂ ਸੋਚ ਸਕਦੇ ਹੋ ਕਿ ਸਾਨੂੰ ਕਿੰਨੀ ਹੈਰਾਨੀ ਹੋਈ ਜਦੋਂ ਸਾਨੂੰ ਦੋ-ਦੋ ਕਰ ਕੇ ਇਹੀ ਪੁਸਤਿਕਾ ਰਾਜ, ਸੰਸਾਰ ਦੀ ਉਮੀਦ ਵੰਡਣ ਦਾ ਕੰਮ ਸੌਂਪਿਆ ਗਿਆ ਤੇ ਅਸੀਂ ਰਾਜ ਦੀ ਘੋਸ਼ਣਾ ਕਰਨ ਵਾਲੀਆਂ ਇਸ਼ਤਿਹਾਰ ਦੀਆਂ ਤਖ਼ਤੀਆਂ ਵੀ ਗਲੇ ਵਿਚ ਪਾਉਣੀਆਂ ਸਨ।

ਇਕ ਵੱਡੇ ਗਿਰਜੇ ਦੇ ਲਾਗੇ-ਛਾਗੇ ਪੁਸਤਿਕਾਵਾਂ ਵੰਡਦਿਆਂ ਮੈਂ ਬੜੀ ਹਿਚਕਿਚਾ ਰਹੀ ਸੀ, ਪਰ ਮੈਂ ਆਪਣੇ ਆਪ ਨੂੰ ਇਹ ਦਿਲਾਸਾ ਦੇ ਰਹੀ ਸੀ ਕਿ ਮੈਨੂੰ ਇਸ ਸ਼ਹਿਰ ਵਿਚ ਕੋਈ ਵੀ ਨਹੀਂ ਜਾਣਦਾ। ਪਰ ਮੈਨੂੰ ਜੋ ਪਹਿਲਾ ਵਿਅਕਤੀ ਮਿਲਿਆ ਉਹ ਸਕੂਲ ਦੀ ਮੇਰੀ ਪੁਰਾਣੀ ਸਹੇਲੀ ਸੀ ਜਿਸ ਨੇ ਹੈਰਾਨੀ ਨਾਲ ਮੇਰੇ ਵੱਲ ਦੇਖ ਕੇ ਕਿਹਾ: “ਇਹ ਸਭ ਕੁਝ ਗਲੇ ਵਿਚ ਪਾ ਕੇ ਤੂੰ ਇੱਥੇ ਕੀ ਕਰ ਰਹੀ ਏਂ?” ਉਸ ਤਜਰਬੇ ਨੇ ਮੇਰੇ ਅੰਦਰੋਂ ਇਨਸਾਨ ਦੇ ਕਿਸੇ ਵੀ ਤਰ੍ਹਾਂ ਦੇ ਡਰ ਨੂੰ ਕੱਢ ਦਿੱਤਾ!

ਦੂਜੀ ਜਗ੍ਹਾ ਜਾਣਾ

ਸਾਲ 1933 ਵਿਚ ਮੇਰਾ ਵਿਆਹ ਜ਼ਨੋਆ ਨਾਲ ਹੋ ਗਿਆ ਜੋ ਕਿ ਮੇਰੇ ਨਾਲੋਂ 25 ਸਾਲ ਵੱਡਾ ਸੀ। ਉਸ ਦੀ ਪਹਿਲੀ ਪਤਨੀ ਬਾਈਬਲ ਦੀ ਜੋਸ਼ੀਲੀ ਵਿਦਿਆਰਥਣ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਜ਼ਨੋਆ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦਾ ਰਿਹਾ ਸੀ। ਅਸੀਂ ਜਲਦੀ ਹੀ ਇੰਗਲੈਂਡ ਤੋਂ 150 ਕਿਲੋਮੀਟਰ ਦੂਰ ਉੱਤਰੀ ਵੇਲਜ਼ ਵਿਚ ਇਕ ਨਵੀਂ ਜਗ੍ਹਾ ਚਲੇ ਗਏ। ਅਸੀਂ ਗੱਤੇ ਦੇ ਡੱਬੇ, ਸੂਟਕੇਸ ਅਤੇ ਦੂਜੀਆਂ ਕੀਮਤੀ ਚੀਜ਼ਾਂ ਆਪਣੇ ਸਾਈਕਲਾਂ ਦੇ ਹੈਂਡਲਾਂ ਉੱਤੇ ਲਟਕਾ ਲਈਆਂ, ਕੁਝ ਸਾਈਕਲ ਦੇ ਡੰਡਿਆਂ ਵਿਚਕਾਰ ਅੜਾ ਦਿੱਤੀਆਂ ਅਤੇ ਕੁਝ ਟੋਕਰੀਆਂ ਵਿਚ ਰੱਖ ਦਿੱਤੀਆਂ, ਪਰ ਅਸੀਂ ਆਪਣੀ ਮੰਜ਼ਲ ਤੇ ਸਹੀ-ਸਲਾਮਤ ਪਹੁੰਚ ਗਏ! ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਸਾਡੇ ਲਈ ਸਾਈਕਲ ਬੜੇ ਜ਼ਰੂਰੀ ਸਨ। ਇਹ ਸਾਨੂੰ ਹਰ ਜਗ੍ਹਾ ਲੈ ਜਾਂਦੇ ਸਨ, ਇੱਥੋਂ ਤਕ ਕਿ ਤਕਰੀਬਨ 900 ਮੀਟਰ ਉੱਚੇ ਕੇਡਰ ਆਈਡ੍ਰਿਸ ਨਾਮਕ ਵੈਲਸ਼ ਪਹਾੜ ਦੀ ਚੋਟੀ ਦੇ ਨੇੜੇ ਦੇ ਇਲਾਕੇ ਵਿਚ ਵੀ। ਉਨ੍ਹਾਂ ਲੋਕਾਂ ਨੂੰ ਲੱਭ ਕੇ ਬਹੁਤ ਹੀ ਤਸੱਲੀ ਮਿਲੀ ਜੋ “ਰਾਜ ਦੀ ਇਸ ਖ਼ੁਸ਼ ਖ਼ਬਰੀ” ਨੂੰ ਸੁਣਨ ਲਈ ਤਰਸਦੇ ਸਨ।​—ਮੱਤੀ 24:14.

ਸਾਨੂੰ ਉੱਥੇ ਗਿਆਂ ਨੂੰ ਅਜੇ ਥੋੜ੍ਹਾ ਹੀ ਚਿਰ ਹੋਇਆ ਸੀ ਜਦੋਂ ਲੋਕਾਂ ਨੇ ਸਾਨੂੰ ਦੱਸਿਆ ਕਿ ਇਕ ਟੌਮ ਪ੍ਰਾਈਸ ਨਾਮਕ ਆਦਮੀ ਸਾਡੇ ਹੀ ਵਾਂਗ ਉਨ੍ਹਾਂ ਨੂੰ ਪ੍ਰਚਾਰ ਕਰ ਰਿਹਾ ਸੀ। ਆਖ਼ਰਕਾਰ ਜਦੋਂ ਅਸੀਂ ਵੈਲਸ਼ਪੂਲ ਨੇੜੇ ਲੌਂਗ ਪਹਾੜ ਉੱਤੇ ਰਹਿੰਦੇ ਟੌਮ ਨੂੰ ਮਿਲੇ, ਤਾਂ ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ! ਜਦੋਂ ਮੈਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ, ਤਾਂ ਮੈਂ ਉਸ ਨੂੰ ਸੁਲ੍ਹਾ (ਅੰਗ੍ਰੇਜ਼ੀ) ਨਾਮਕ ਕਿਤਾਬ ਦਿੱਤੀ ਸੀ ਜੋ ਬਾਈਬਲ ਦੀ ਸਟੱਡੀ ਕਰਨ ਲਈ ਬਣਾਈ ਗਈ ਸੀ। ਉਸ ਨੇ ਆਪ ਹੀ ਇਸ ਕਿਤਾਬ ਤੋਂ ਸਟੱਡੀ ਕੀਤੀ ਤੇ ਲੰਡਨ ਨੂੰ ਹੋਰ ਸਾਹਿੱਤ ਭੇਜਣ ਲਈ ਲਿਖਿਆ ਅਤੇ ਉਦੋਂ ਤੋਂ ਹੀ ਉਹ ਆਪਣੇ ਨਵੇਂ ਵਿਸ਼ਵਾਸ ਨੂੰ ਜੋਸ਼ ਨਾਲ ਸਾਂਝਾ ਕਰ ਰਿਹਾ ਸੀ। ਅਸੀਂ ਅਕਸਰ ਇਕ-ਦੂਜੇ ਦੀ ਸੰਗਤੀ ਦਾ ਆਨੰਦ ਮਾਣਿਆ ਕਰਦੇ ਸਾਂ ਤੇ ਇਕ-ਦੂਜੇ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਤਿੰਨੋਂ ਮਿਲ ਕੇ ਅਧਿਐਨ ਕਰਦੇ ਹੁੰਦੇ ਸਾਂ।

ਇਕ ਦੁਰਘਟਨਾ ਹੋਣ ਨਾਲ ਬਰਕਤਾਂ ਮਿਲੀਆਂ

ਸਾਲ 1934 ਵਿਚ ਧਰਮੀ ਸ਼ਾਸਕ (ਅੰਗ੍ਰੇਜ਼ੀ) ਨਾਮਕ ਪੁਸਤਿਕਾ ਦੀ ਵੰਡਾਈ ਵਿਚ ਮਦਦ ਕਰਨ ਲਈ ਉੱਤਰੀ ਵੇਲਜ਼ ਦੇ ਨੇੜੇ ਰਹਿੰਦੇ ਸਾਰੇ ਕੋਲਪੋਰਟਰਾਂ ਨੂੰ ਰੈੱਕਸਮ ਦੇ ਕਸਬੇ ਵਿਚ ਜਾਣ ਦਾ ਸੱਦਾ ਦਿੱਤਾ ਗਿਆ। ਇਸ ਖ਼ਾਸ ਮੁਹਿੰਮ ਨੂੰ ਸ਼ੁਰੂ ਕਰਨ ਤੋਂ ਇਕ ਦਿਨ ਪਹਿਲਾਂ ਹੀ ਇਕ ਕੌਮੀ ਦੁਰਘਟਨਾ ਵਾਪਰੀ ਸੀ। ਰੈੱਕਸਮ ਦੇ ਉੱਤਰ ਵੱਲ ਤਿੰਨ ਕਿਲੋਮੀਟਰ ਦੂਰ ਗਰੈੱਸਫਰਡ ਵਿਚ ਕੋਲੇ ਦੀ ਖਾਣ ਵਿਚ ਇਕ ਧਮਾਕਾ ਹੋਣ ਨਾਲ 266 ਮਜ਼ਦੂਰ ਮਾਰੇ ਗਏ ਸਨ। ਲਗਭਗ 200 ਬੱਚੇ ਯਤੀਮ ਹੋ ਗਏ ਅਤੇ 160 ਔਰਤਾਂ ਵਿਧਵਾ ਹੋ ਗਈਆਂ।

ਸਾਨੂੰ ਸੋਗੀ ਲੋਕਾਂ ਦੀ ਲਿਸਟ ਬਣਾਉਣ, ਉਨ੍ਹਾਂ ਨੂੰ ਮਿਲਣ ਅਤੇ ਪੁਸਤਿਕਾ ਦੇਣ ਲਈ ਕਿਹਾ ਗਿਆ। ਇਕ ਨਾਂ ਜੋ ਮੈਨੂੰ ਦਿੱਤਾ ਗਿਆ ਸੀ ਉਹ ਸ਼੍ਰੀਮਤੀ ਚੈਡਵਿਕ ਦਾ ਸੀ ਜਿਸ ਦਾ 19 ਸਾਲ ਦਾ ਪੁੱਤਰ ਮਾਰਿਆ ਗਿਆ ਸੀ। ਜਦੋਂ ਮੈਂ ਉਸ ਨੂੰ ਮਿਲਣ ਗਈ, ਤਾਂ ਉਸ ਦਾ ਵੱਡਾ ਪੁੱਤਰ ਜੈਕ ਉਸ ਨੂੰ ਹੌਸਲਾ ਦੇਣ ਲਈ ਆਇਆ ਹੋਇਆ ਸੀ। ਇਸ ਨੌਜਵਾਨ ਨੇ ਮੈਨੂੰ ਪਛਾਣ ਤਾਂ ਲਿਆ, ਪਰ ਉਸ ਨੇ ਕੁਝ ਨਹੀਂ ਕਿਹਾ। ਬਾਅਦ ਵਿਚ ਉਸ ਨੇ ਪੁਸਤਿਕਾ ਪੜ੍ਹੀ ਤੇ ਫਿਰ ਉਸ ਨੇ ਇਕ ਹੋਰ ਪੁਸਤਿਕਾ ਆਖ਼ਰੀ ਯੁੱਧ (ਅੰਗ੍ਰੇਜ਼ੀ) ਨੂੰ ਲੱਭਣ ਲਈ ਫੋਲਾਫਾਲੀ ਕੀਤੀ ਜੋ ਮੈਂ ਉਸ ਨੂੰ ਕੁਝ ਸਾਲ ਪਹਿਲਾਂ ਦੇ ਕੇ ਗਈ ਸੀ।

ਜੈਕ ਅਤੇ ਉਸ ਦੀ ਪਤਨੀ ਮੇ ਨੇ ਮੇਰੇ ਰਹਿਣ ਦੀ ਜਗ੍ਹਾ ਦਾ ਪਤਾ ਲਗਾਇਆ ਤੇ ਉਹ ਹੋਰ ਸਾਹਿੱਤ ਲੈਣ ਲਈ ਆਏ। ਸਾਲ 1936 ਵਿਚ ਉਹ ਰੈੱਕਸਮ ਵਿਚ ਆਪਣੇ ਘਰ ਸਭਾਵਾਂ ਕਰਨ ਵਾਸਤੇ ਸਹਿਮਤ ਹੋ ਗਏ। ਛੇ ਮਹੀਨਿਆਂ ਬਾਅਦ ਐਲਬਰਟ ਲੋਈਡ ਦੇ ਦੌਰੇ ਮਗਰੋਂ ਉੱਥੇ ਇਕ ਕਲੀਸਿਯਾ ਸਥਾਪਿਤ ਕੀਤੀ ਗਈ ਅਤੇ ਜੈਕ ਚੈਡਵਿਕ ਨੂੰ ਪ੍ਰਧਾਨ ਨਿਗਾਹਬਾਨ ਨਿਯੁਕਤ ਕੀਤਾ ਗਿਆ। ਰੈੱਕਸਮ ਵਿਚ ਹੁਣ ਤਿੰਨ ਕਲੀਸਿਯਾਵਾਂ ਹਨ।

ਜਿਪਸੀ ਕੈਰਾਵੈਨ ਵਿਚ ਜ਼ਿੰਦਗੀ

ਹੁਣ ਤਕ ਜਗ੍ਹਾ-ਜਗ੍ਹਾ ਘੁੰਮਦੇ ਹੋਏ ਸਾਨੂੰ ਜੋ ਵੀ ਰਹਿਣ ਲਈ ਥਾਂ ਮਿਲੀ, ਅਸੀਂ ਉੱਥੇ ਰਹੇ। ਪਰ ਜ਼ਨੋਆ ਨੇ ਫ਼ੈਸਲਾ ਕੀਤਾ ਕਿ ਹੁਣ ਉਹ ਘੜੀ ਆ ਗਈ ਸੀ ਕਿ ਸਾਡਾ ਆਪਣਾ ਘਰ ਹੋਵੇ ਜੋ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾਇਆ ਜਾ ਸਕੇ। ਮੇਰਾ ਪਤੀ ਜਿਪਸੀ ਯਾਨੀ ਵਣਜਾਰਾ ਖ਼ਾਨਦਾਨ ਵਿੱਚੋਂ ਸੀ ਅਤੇ ਉਹ ਇਕ ਹੁਨਰਮੰਦ ਤਰਖਾਣ ਸੀ। ਇਸ ਲਈ ਉਸ ਨੇ ਸਾਡੇ ਲਈ ਇਕ ਜਿਪਸੀ ਕੈਰਾਵੈਨ (ਘਰਨੁਮਾ ਗੱਡੀ) ਬਣਾਈ। ਅਸੀਂ ਬਾਈਬਲ ਵਿੱਚੋਂ ਇਸ ਦਾ ਨਾਂ ਇਲਿਜ਼ਬਥ ਰੱਖਿਆ ਜਿਸ ਦਾ ਮਤਲਬ ਹੈ “ਭਰਪੂਰ ਬਰਕਤਾਂ ਦੇਣ ਵਾਲਾ ਪਰਮੇਸ਼ੁਰ।”

ਮੈਨੂੰ ਖ਼ਾਸ ਕਰਕੇ ਇਕ ਜਗ੍ਹਾ ਬਾਰੇ ਅਜੇ ਵੀ ਯਾਦ ਹੈ ਜਿੱਥੇ ਅਸੀਂ ਰਹੇ ਸਾਂ। ਇਹ ਇਕ ਨਦੀ ਦੇ ਕੋਲ ਫਲਾਂ ਦਾ ਬਾਗ਼ ਸੀ। ਮੇਰੇ ਲਈ ਇਹ ਬਿਲਕੁਲ ਫਿਰਦੌਸ ਵਰਗੀ ਥਾਂ ਸੀ! ਉਸ ਕੈਰਾਵੈਨ ਵਿਚ ਅਸੀਂ ਕਈ ਸਾਲ ਬੜੀ ਖ਼ੁਸ਼ੀ ਨਾਲ ਬਿਤਾਏ ਭਾਵੇਂ ਕਿ ਇਸ ਵਿਚ ਜਗ੍ਹਾ ਥੋੜ੍ਹੀ ਸੀ ਤੇ ਸਾਮਾਨ ਦੀ ਵੀ ਤੰਗੀ ਸੀ। ਸਰਦੀਆਂ ਵਿਚ ਅਕਸਰ ਰਜਾਈਆਂ ਜੰਮ ਕੇ ਕੈਰਾਵੈਨ ਦੀਆਂ ਕੰਧਾਂ ਨਾਲ ਚਿੰਬੜ ਜਾਂਦੀਆਂ ਸਨ ਅਤੇ ਅੰਦਰਲੇ ਨਿੱਘ ਕਾਰਨ ਛੱਤ ਅਤੇ ਕੰਧਾਂ ਗਿੱਲੀਆਂ ਹੀ ਰਹਿੰਦੀਆਂ ਸਨ। ਕਈ ਵਾਰੀ ਸਾਨੂੰ ਦੂਰੋਂ-ਦੂਰੋਂ ਪਾਣੀ ਲਿਆਉਣਾ ਪੈਂਦਾ ਸੀ, ਪਰ ਅਸੀਂ ਇਕੱਠਿਆਂ ਹੀ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ।

ਇਕ ਵਾਰ ਸਰਦੀਆਂ ਵਿਚ ਮੈਂ ਬੀਮਾਰ ਹੋ ਗਈ ਤੇ ਸਾਡੇ ਕੋਲ ਥੋੜ੍ਹਾ ਜਿਹਾ ਹੀ ਖਾਣਾ ਬਚਿਆ ਸੀ ਤੇ ਕੋਈ ਪੈਸਾ ਨਹੀਂ ਸੀ। ਜ਼ਨੋਆ ਬਿਸਤਰੇ ਤੇ ਬੈਠ ਗਿਆ ਤੇ ਉਸ ਨੇ ਮੇਰਾ ਹੱਥ ਆਪਣੇ ਹੱਥ ਵਿਚ ਫੜ ਕੇ ਮੈਨੂੰ ਜ਼ਬੂਰ 37:25 ਪੜ੍ਹ ਕੇ ਸੁਣਾਇਆ: “ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ।” ਬੜੀ ਨਰਮਾਈ ਨਾਲ ਮੇਰੇ ਵੱਲ ਦੇਖ ਕੇ ਉਸ ਨੇ ਕਿਹਾ: “ਜੇ ਜਲਦੀ ਹੀ ਕੋਈ ਬੰਦੋਬਸਤ ਨਾ ਹੋਇਆ, ਤਾਂ ਸਾਨੂੰ ਭੀਖ ਮੰਗਣੀ ਪਏਗੀ ਤੇ ਮੈਂ ਨਹੀਂ ਸੋਚਦਾ ਕਿ ਪਰਮੇਸ਼ੁਰ ਇੱਦਾਂ ਹੋਣ ਦੇਵੇਗਾ!” ਫਿਰ ਉਹ ਗੁਆਂਢੀਆਂ ਨੂੰ ਗਵਾਹੀ ਦੇਣ ਚਲੇ ਗਿਆ।

ਜਦੋਂ ਜ਼ਨੋਆ ਦੁਪਹਿਰ ਨੂੰ ਮੈਨੂੰ ਕੁਝ ਪਿਲਾਉਣ ਲਈ ਘਰ ਆਇਆ, ਤਾਂ ਉਸ ਦੇ ਲਈ ਇਕ ਲਿਫਾਫਾ ਆਇਆ ਹੋਇਆ ਸੀ। ਇਸ ਵਿਚ ਉਸ ਦੇ ਪਿਤਾ ਜੀ ਨੇ 50 ਪੌਂਡ ਭੇਜੇ ਸਨ। ਕੁਝ ਸਾਲ ਪਹਿਲਾਂ ਜ਼ਨੋਆ ਉੱਤੇ ਹੇਰਾ-ਫੇਰੀ ਕਰਨ ਦਾ ਝੂਠਾ ਦੋਸ਼ ਲਾਇਆ ਗਿਆ ਸੀ, ਪਰ ਹਾਲ ਹੀ ਵਿਚ ਉਸ ਨੂੰ ਨਿਰਦੋਸ਼ ਸਾਬਤ ਕੀਤਾ ਗਿਆ ਸੀ। ਇਹ ਜ਼ਨੋਆ ਕੋਲੋਂ ਮਾਫ਼ੀ ਮੰਗਣ ਵਜੋਂ ਇਕ ਤੋਹਫ਼ਾ ਸੀ। ਐਨ ਸਹੀ ਮੌਕੇ ਤੇ ਇਹ ਪੈਸਾ ਮਿਲਿਆ!

ਇਕ ਚੰਗਾ ਸਬਕ

ਕਈ ਵਾਰ ਅਸੀਂ ਕਿਸੇ ਘਟਨਾ ਦੇ ਵਾਪਰਨ ਤੋਂ ਕਈ ਸਾਲ ਬਾਅਦ ਉਸ ਤੋਂ ਸਬਕ ਸਿੱਖਦੇ ਹਾਂ। ਇਸ ਦੀ ਇਕ ਮਿਸਾਲ ਇਹ ਹੈ: 1927 ਵਿਚ ਸਕੂਲ ਛੱਡਣ ਤੋਂ ਪਹਿਲਾਂ ਮੈਂ ਇਕ ਟੀਚਰ ਲਵੀਨੀਆ ਫਾਰਕਲੋ ਨੂੰ ਛੱਡ ਕੇ ਬਾਕੀ ਆਪਣੀਆਂ ਸਾਰੀਆਂ ਸਹਿਪਾਠਣਾਂ ਅਤੇ ਟੀਚਰਾਂ ਨੂੰ ਗਵਾਹੀ ਦਿੱਤੀ ਸੀ। ਪਰ ਕਿਉਂਕਿ ਕੋਈ ਵੀ ਇਸ ਗੱਲ ਵਿਚ ਦਿਲਚਸਪੀ ਨਹੀਂ ਰੱਖਦਾ ਸੀ ਕਿ ਮੈਂ ਭਵਿੱਖ ਵਿਚ ਕੀ ਕਰਨਾ ਚਾਹੁੰਦੀ ਹਾਂ ਅਤੇ ਮੇਰੀ ਮਿਸ ਫਾਰਕਲੋ ਨਾਲ ਬਣਦੀ ਵੀ ਨਹੀਂ ਸੀ, ਇਸ ਕਰਕੇ ਮੈਂ ਉਸ ਨੂੰ ਗਵਾਹੀ ਨਾ ਦੇਣ ਦਾ ਫ਼ੈਸਲਾ ਕੀਤਾ। ਤਾਹੀਓਂ ਮੈਨੂੰ ਬਹੁਤ ਹੈਰਾਨੀ ਅਤੇ ਖ਼ੁਸ਼ੀ ਵੀ ਹੋਈ ਜਦੋਂ ਕੁਝ 20 ਸਾਲਾਂ ਬਾਅਦ ਮੇਰੇ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਇਹ ਟੀਚਰ ਆਪਣੀਆਂ ਸਾਰੀਆਂ ਪੁਰਾਣੀਆਂ ਸਹੇਲੀਆਂ ਅਤੇ ਵਿਦਿਆਰਥੀਆਂ ਨੂੰ ਇਹ ਦੱਸਣ ਲਈ ਵਾਪਸ ਆਈ ਹੈ ਕਿ ਉਹ ਹੁਣ ਯਹੋਵਾਹ ਦੀ ਇਕ ਗਵਾਹ ਹੈ!

ਜਦੋਂ ਅਸੀਂ ਮਿਲੀਆਂ, ਤਾਂ ਮੈਂ ਉਸ ਨੂੰ ਦੱਸਿਆ ਕਿ ਮੈਂ ਕਿਉਂ ਨਹੀਂ ਉਸ ਨੂੰ ਆਪਣੇ ਵਿਸ਼ਵਾਸ ਤੇ ਕੈਰੀਅਰ ਬਾਰੇ ਦੱਸਿਆ ਸੀ। ਉਸ ਨੇ ਚੁੱਪ-ਚਾਪ ਮੇਰੀ ਗੱਲ ਸੁਣੀ ਤੇ ਕਿਹਾ: “ਮੈਂ ਹਮੇਸ਼ਾ ਤੋਂ ਸੱਚਾਈ ਨੂੰ ਭਾਲ ਰਹੀ ਸੀ। ਇਹੀ ਮੇਰੀ ਜ਼ਿੰਦਗੀ ਦੀ ਤਲਾਸ਼ ਸੀ!” ਇਹ ਤਜਰਬਾ ਮੇਰੇ ਲਈ ਇਕ ਚੰਗਾ ਸਬਕ ਸੀ ਕਿ ਜਿਸ ਕਿਸੇ ਨੂੰ ਵੀ ਮੈਂ ਮਿਲਾਂ, ਉਨ੍ਹਾਂ ਸਾਰਿਆਂ ਨੂੰ ਗਵਾਹੀ ਦੇਣ ਤੋਂ ਕਦੇ ਪਿੱਛੇ ਨਾ ਹਟਾਂ ਤੇ ਕਦੇ ਵੀ ਕਿਸੇ ਬਾਰੇ ਪਹਿਲਾਂ ਹੀ ਰਾਇ ਨਾ ਬਣਾਵਾਂ।

ਇਕ ਹੋਰ ਯੁੱਧ ਤੇ ਉਸ ਤੋਂ ਬਾਅਦ ਜ਼ਿੰਦਗੀ

ਜਿਉਂ ਹੀ 1930 ਦਾ ਦਹਾਕਾ ਖ਼ਤਮ ਹੋਣ ਤੇ ਆਇਆ, ਯੁੱਧ ਦੇ ਬੱਦਲ ਫਿਰ ਛਾਣੇ ਸ਼ੁਰੂ ਹੋ ਗਏ। ਮੇਰੇ ਨਾਲੋਂ ਦਸ ਸਾਲ ਛੋਟੇ ਭਰਾ ਡੈਨਿਸ ਨੂੰ ਇਸ ਸ਼ਰਤ ਤੇ ਮਿਲਟਰੀ ਸੇਵਾ ਤੋਂ ਮੁਕਤ ਕੀਤਾ ਗਿਆ ਸੀ ਕਿ ਉਹ ਆਪਣੀ ਨੌਕਰੀ ਕਰਦਾ ਰਹੇ। ਉਸ ਨੇ ਕਦੇ ਵੀ ਸੱਚਾਈ ਵਿਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਸੀ, ਇਸ ਲਈ ਮੈਂ ਤੇ ਮੇਰੇ ਪਤੀ ਨੇ ਉੱਥੋਂ ਦੇ ਪਾਇਨੀਅਰਾਂ ਰੂਪਰਟ ਬ੍ਰੈਡਬਰੀ ਅਤੇ ਉਸ ਦੇ ਭਰਾ ਡੇਵਿਡ ਨੂੰ ਕਿਹਾ ਕਿ ਉਹ ਉਸ ਨੂੰ ਜਾ ਕੇ ਮਿਲਣ। ਉਹ ਉਸ ਨੂੰ ਮਿਲਣ ਗਏ ਤੇ ਉਸ ਨਾਲ ਬਾਈਬਲ ਸਟੱਡੀ ਕੀਤੀ। ਡੈਨਿਸ ਨੇ 1942 ਵਿਚ ਬਪਤਿਸਮਾ ਲੈ ਲਿਆ ਤੇ ਬਾਅਦ ਵਿਚ ਪਾਇਨੀਅਰੀ ਸੇਵਾ ਕਰਨ ਲੱਗ ਪਿਆ ਅਤੇ 1957 ਵਿਚ ਉਸ ਨੂੰ ਸਫ਼ਰੀ ਨਿਗਾਹਬਾਨ ਨਿਯੁਕਤ ਕੀਤਾ ਗਿਆ।

ਸਾਡੀ ਧੀ, ਇਲਿਜ਼ਬਥ 1938 ਵਿਚ ਪੈਦਾ ਹੋਈ ਅਤੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਜ਼ਨੋਆ ਨੇ ਕੈਰਾਵੈਨ ਨੂੰ ਹੋਰ ਵੱਡਾ ਕੀਤਾ। ਜਦੋਂ ਸਾਡੀ ਦੂਜੀ ਧੀ ਯੂਨਿਸ 1942 ਵਿਚ ਪੈਦਾ ਹੋਈ, ਤਾਂ ਸਾਨੂੰ ਇਸੇ ਗੱਲ ਵਿਚ ਅਕਲਮੰਦੀ ਲੱਗੀ ਕਿ ਸਾਨੂੰ ਹੁਣ ਪੱਕਾ ਘਰ ਦੇਖਣਾ ਚਾਹੀਦਾ ਹੈ। ਇਸ ਕਾਰਨ ਜ਼ਨੋਆ ਨੇ ਕੁਝ ਸਾਲਾਂ ਲਈ ਪਾਇਨੀਅਰੀ ਛੱਡ ਦਿੱਤੀ ਤੇ ਅਸੀਂ ਰੈੱਕਸਮ ਨੇੜੇ ਇਕ ਛੋਟੇ ਜਿਹੇ ਘਰ ਵਿਚ ਰਹਿਣ ਲੱਗੇ। ਬਾਅਦ ਵਿਚ ਅਸੀਂ ਚੈਸ਼ਰ ਦੇ ਇਲਾਕੇ ਨਾਲ ਲੱਗਦੇ ਕਸਬੇ ਮਿਡਲਿਜ ਵਿਚ ਵੱਸ ਗਏ। ਉੱਥੇ 1956 ਵਿਚ ਮੇਰੇ ਪਿਆਰੇ ਪਤੀ ਦੀ ਮੌਤ ਹੋ ਗਈ।

ਸਾਡੀਆਂ ਦੋਵੇਂ ਧੀਆਂ ਪੂਰੇ ਸਮੇਂ ਦੀਆਂ ਪ੍ਰਚਾਰਕਾਂ ਬਣ ਗਈਆਂ ਅਤੇ ਦੋਵੇਂ ਹੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀਆਂ ਹਨ। ਯੂਨਿਸ ਦਾ ਪਤੀ ਇਕ ਬਜ਼ੁਰਗ ਹੈ ਤੇ ਉਹ ਦੋਵੇਂ ਅਜੇ ਵੀ ਲੰਡਨ ਵਿਚ ਵਿਸ਼ੇਸ਼ ਪਾਇਨੀਅਰਾਂ ਵਜੋਂ ਸੇਵਾ ਕਰਦੇ ਹਨ। ਇਲਿਜ਼ਬਥ ਦਾ ਪਤੀ ਵੀ ਕਲੀਸਿਯਾ ਦਾ ਇਕ ਬਜ਼ੁਰਗ ਹੈ ਅਤੇ ਇਹ ਮੇਰੇ ਲਈ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਉਹ, ਉਨ੍ਹਾਂ ਦੇ ਬੱਚੇ ਅਤੇ ਮੇਰੇ ਚਾਰ ਪੜਦੋਤੇ-ਪੜਦੋਤੀਆਂ ਪਰੈੱਸਟਨ, ਲੈਂਕੱਸ਼ਰ ਵਿਚ ਮੇਰੇ ਨੇੜੇ ਹੀ ਰਹਿੰਦੇ ਹਨ।

ਮੈਂ ਸ਼ੁਕਰ ਕਰਦੀ ਹਾਂ ਕਿ ਕਿੰਗਡਮ ਹਾਲ ਨੇੜੇ ਹੋਣ ਕਰਕੇ ਮੈਂ ਆਪਣੇ ਘਰ ਤੋਂ ਸੜਕ ਪਾਰ ਕਰ ਕੇ ਉੱਥੇ ਤੁਰ ਕੇ ਜਾ ਸਕਦੀ ਹਾਂ। ਹਾਲ ਹੀ ਦੇ ਸਾਲਾਂ ਵਿਚ ਮੈਂ ਗੁਜਰਾਤੀ ਬੋਲਣ ਵਾਲੇ ਗਰੁੱਪ ਨਾਲ ਸੰਗਤੀ ਕਰਨੀ ਸ਼ੁਰੂ ਕੀਤੀ ਹੈ ਜੋ ਉਸੇ ਕਿੰਗਡਮ ਹਾਲ ਨੂੰ ਇਸਤੇਮਾਲ ਕਰਦਾ ਹੈ। ਮੇਰੇ ਲਈ ਗੁਜਰਾਤੀ ਭਾਸ਼ਾ ਸਿੱਖਣੀ ਐਨੀ ਆਸਾਨ ਨਹੀਂ ਹੈ ਕਿਉਂਕਿ ਹੁਣ ਮੈਨੂੰ ਥੋੜ੍ਹਾ ਉੱਚਾ ਸੁਣਾਈ ਦਿੰਦਾ ਹੈ। ਕਦੀ-ਕਦੀ ਮੈਨੂੰ ਇਸ ਭਾਸ਼ਾ ਦੀਆਂ ਉਨ੍ਹਾਂ ਬਾਰੀਕ ਧੁਨੀਆਂ ਨੂੰ ਸੁਣਨ ਤੇ ਸਮਝਣ ਵਿਚ ਮੁਸ਼ਕਲ ਆਉਂਦੀ ਹੈ ਜਿਨ੍ਹਾਂ ਨੂੰ ਨੌਜਵਾਨ ਆਸਾਨੀ ਨਾਲ ਸਮਝ ਲੈਂਦੇ ਹਨ। ਪਰ ਇਹ ਇਕ ਦਿਲਚਸਪ ਚੁਣੌਤੀ ਹੈ।

ਮੈਂ ਅਜੇ ਵੀ ਘਰ-ਘਰ ਜਾ ਕੇ ਪ੍ਰਚਾਰ ਕਰ ਸਕਦੀ ਹਾਂ ਤੇ ਆਪਣੇ ਘਰ ਵਿਚ ਬਾਈਬਲ ਸਟੱਡੀਆਂ ਕਰਾ ਸਕਦੀ ਹਾਂ। ਜਦੋਂ ਮੈਨੂੰ ਦੋਸਤ-ਮਿੱਤਰ ਮਿਲਣ ਆਉਂਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਕੁਝ ਪੁਰਾਣੇ ਤਜਰਬੇ ਸੁਣਾ ਕੇ ਮੈਨੂੰ ਬੜੀ ਖ਼ੁਸ਼ੀ ਹੁੰਦੀ ਹੈ। ਲਗਭਗ 90 ਸਾਲਾਂ ਤੋਂ ਯਹੋਵਾਹ ਦੇ ਲੋਕਾਂ ਨਾਲ ਸੰਗਤੀ ਕਰਦਿਆਂ ਮੈਨੂੰ ਮਿਲੀਆਂ ਬਰਕਤਾਂ ਦੀਆਂ ਅਨਮੋਲ ਯਾਦਾਂ ਲਈ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ।

[ਫੁਟਨੋਟ]

^ ਪੈਰਾ 13 ਪ੍ਰਾਈਸ ਹਿਊਜ਼ ਦੀ ਜੀਵਨੀ 1 ਅਪ੍ਰੈਲ 1963 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਦਿੱਤੀ ਗਈ ਹੈ ਜਿਸ ਦਾ ਸਿਰਲੇਖ ਹੈ “ਵਫ਼ਾਦਾਰ ਸੰਗਠਨ ਦੇ ਨਾਲ-ਨਾਲ ਚੱਲਣਾ।”

^ ਪੈਰਾ 14 ਯਹੋਵਾਹ ਦੇ ਇਨ੍ਹਾਂ ਵਫ਼ਾਦਾਰ ਸੇਵਕਾਂ ਦੀਆਂ ਜੀਵਨੀਆਂ ਪਹਿਰਾਬੁਰਜ ਦੇ ਪੁਰਾਣੇ ਅੰਕਾਂ ਵਿਚ ਛਪ ਚੁੱਕੀਆਂ ਹਨ।

[ਸਫ਼ੇ 25 ਉੱਤੇ ਤਸਵੀਰ]

ਬਾਈਬਲ ਭਾਸ਼ਣ “ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ” ਦਾ ਸੱਦਾ-ਪੱਤਰ, ਜੋ ਮੈਂ 14 ਮਈ 1922 ਨੂੰ ਸੁਣਿਆ ਸੀ

[ਸਫ਼ੇ 26 ਉੱਤੇ ਤਸਵੀਰ]

ਸਾਲ 1933 ਵਿਚ ਵਿਆਹ ਤੋਂ ਜਲਦੀ ਬਾਅਦ ਜ਼ਨੋਆ ਨਾਲ

[ਸਫ਼ੇ 26 ਉੱਤੇ ਤਸਵੀਰ]

ਮੇਰੇ ਪਤੀ ਦੁਆਰਾ ਬਣਾਏ ਗਏ “ਇਲਿਜ਼ਬਥ” ਕੈਰਾਵੈਨ ਕੋਲ