ਪਰਮੇਸ਼ੁਰ ਨੇ ਉਸ ਦੇ ਹੰਝੂ ਪੂੰਝ ਦਿੱਤੇ ਹਨ
ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਪਰਮੇਸ਼ੁਰ ਨੇ ਉਸ ਦੇ ਹੰਝੂ ਪੂੰਝ ਦਿੱਤੇ ਹਨ
ਜਿਹੜੇ ਲੋਕ ਯਹੋਵਾਹ ਦੇ ਨਿਯਮਾਂ ਅਤੇ ਅਸੂਲਾਂ ਮੁਤਾਬਕ ਆਪਣੀਆਂ ਜ਼ਿੰਦਗੀਆਂ ਬਿਤਾਉਂਦੇ ਹਨ ਉਨ੍ਹਾਂ ਨੂੰ ਭਰਪੂਰ ਬਰਕਤਾਂ ਮਿਲਦੀਆਂ ਹਨ। ਇਹ ਤਾਂ ਠੀਕ ਹੈ ਕਿ ਲੋੜੀਂਦੀਆਂ ਤਬਦੀਲੀਆਂ ਕਰਨੀਆਂ ਕੋਈ ਆਸਾਨ ਗੱਲ ਨਹੀਂ ਹੈ, ਪਰ ਮਦਦ ਤੇ ਹੌਸਲਾ-ਅਫ਼ਜ਼ਾਈ ਨਾਲ ਇਹ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। (ਜ਼ਬੂਰ 84:11) ਦੱਖਣ-ਪੂਰਬੀ ਏਸ਼ੀਆ ਦਾ ਹੇਠਾਂ ਦਿੱਤਾ ਤਜਰਬਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ।
ਛੁੱਟੀਆਂ ਦੌਰਾਨ ਫ਼ਰਾਂਸ ਦੀ ਇਕ ਗਵਾਹ ਨੇ ਇਕ ਦੁਕਾਨ ਦੀ ਕਿਮ * ਨਾਮਕ ਮਾਲਕਣ ਨੂੰ ਧਰਤੀ ਲਈ ਯਹੋਵਾਹ ਦੇ ਮਕਸਦ ਬਾਰੇ ਦੱਸਿਆ। ਉਸ ਨੇ ਕਿਮ ਨੂੰ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਨਾਮਕ ਕਿਤਾਬ ਵੀ ਦਿੱਤੀ। ਇਸ ਕਿਤਾਬ ਵਿਚ ਕਿਮ ਨੇ ਇਹ ਸ਼ਬਦ ਪੜ੍ਹੇ: “ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ।” (ਪਰਕਾਸ਼ ਦੀ ਪੋਥੀ 21:4) ਕਿਮ ਕਹਿੰਦੀ ਹੈ: “ਇਸ ਆਇਤ ਨੇ ਮੇਰੇ ਦਿਲ ਨੂੰ ਛੂਹ ਲਿਆ। ਦੁਕਾਨ ਵਿਚ ਮੈਨੂੰ ਸਾਰਾ ਦਿਨ ਹੱਸਦੇ ਤੇ ਸਾਰਿਆਂ ਨਾਲ ਗੱਲਾਂ ਕਰਦੇ ਹੋਏ ਦੇਖ ਕੇ ਕੌਣ ਕਹਿ ਸਕਦਾ ਸੀ ਕਿ ਮੈਂ ਹਰ ਦਿਨ ਸ਼ਾਮ ਨੂੰ ਘਰ ਜਾ ਕੇ ਰੋਂਦੀ ਰਹਿੰਦੀ ਸੀ ਤੇ ਰੋ-ਰੋ ਕੇ ਹੀ ਸੌਂ ਜਾਂਦੀ ਸੀ?” ਆਪਣੇ ਇਸ ਦੁੱਖ ਦਾ ਕਾਰਨ ਦੱਸਦੀ ਹੋਈ ਉਹ ਕਹਿੰਦੀ ਹੈ: “ਮੈਂ ਇਕ ਆਦਮੀ ਨਾਲ 18 ਸਾਲਾਂ ਤੋਂ ਰਹਿ ਰਹੀ ਸੀ ਤੇ ਮੈਂ ਬੜੀ ਦੁਖੀ ਸੀ ਕਿਉਂਕਿ ਉਹ ਮੇਰੇ ਨਾਲ ਵਿਆਹ ਕਰਨ ਲਈ ਰਾਜ਼ੀ ਨਹੀਂ ਸੀ। ਮੈਂ ਇਸ ਕਿਸਮ ਦੀ ਜ਼ਿੰਦਗੀ ਤੋਂ ਛੁਟਕਾਰਾ ਚਾਹੁੰਦੀ ਸੀ, ਪਰ ਐਨਾ ਚਿਰ ਉਸ ਨਾਲ ਰਹਿਣ ਕਰਕੇ ਮੇਰੀ ਹਿੰਮਤ ਨਹੀਂ ਪੈਂਦੀ ਸੀ।”
ਥੋੜ੍ਹੇ ਹੀ ਚਿਰ ਬਾਅਦ, ਕਿਮ ਨੇ ਲਿਨ ਨਾਮਕ ਇਕ ਯਹੋਵਾਹ ਦੀ ਗਵਾਹ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। “ਮੈਂ ਬਾਈਬਲ ਦੀ ਸਿੱਖਿਆ ਨੂੰ ਜਲਦੀ ਤੋਂ ਜਲਦੀ ਅਮਲ ਵਿਚ ਲਿਆਉਣਾ ਚਾਹੁੰਦੀ ਸੀ,” ਕਿਮ ਕਹਿੰਦੀ ਹੈ। “ਮਿਸਾਲ ਵਜੋਂ, ਮੈਂ ਆਪਣੇ ਪੂਰਵਜਾਂ ਦੀ ਪੂਜਾ ਕਰਨੀ ਛੱਡ ਦਿੱਤੀ ਜਿਸ ਦਾ ਮੇਰੇ ਪਰਿਵਾਰ ਨੇ ਬੜਾ ਵਿਰੋਧ ਕੀਤਾ। ਇਸ ਤੋਂ ਇਲਾਵਾ, ਮੈਂ ਆਪਣੇ ਸਾਥੀ ਨੂੰ ਕਿਹਾ ਕਿ ਆਪਾਂ ਵਿਆਹ ਕਰਾ ਲਈਏ, ਪਰ ਉਸ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਮੁਸ਼ਕਲ ਘੜੀ ਦੌਰਾਨ, ਫ਼ਰਾਂਸ ਤੋਂ ਉਹੀ ਗਵਾਹ ਮੈਨੂੰ ਲਗਾਤਾਰ ਬਾਈਬਲ ਪ੍ਰਕਾਸ਼ਨ ਭੇਜਦੀ ਰਹੀ ਅਤੇ ਲਿਨ ਵੀ ਮੈਨੂੰ ਬੜਾ ਹੌਸਲਾ ਦਿੰਦੀ ਹੁੰਦੀ ਸੀ। ਇਨ੍ਹਾਂ ਭੈਣਾਂ ਦੇ ਧੀਰਜ ਅਤੇ ਪਿਆਰ ਭਰੇ ਸਹਾਰੇ ਨੇ ਮੇਰੀ ਮੁਸ਼ਕਲ ਹਾਲਾਤਾਂ ਵਿਚ ਡਟੇ ਰਹਿਣ ਵਿਚ ਬੜੀ ਮਦਦ ਕੀਤੀ। ਆਖ਼ਰਕਾਰ ਮੈਂ ਆਪਣੇ ਸਾਥੀ ਦਾ ਅਸਲੀ ਰੂਪ ਜਾਣ ਗਈ ਜਦੋਂ ਮੈਨੂੰ ਪਤਾ ਲੱਗਾ ਕਿ ਉਸ ਦੀਆਂ ਪਹਿਲਾਂ ਹੀ ਪੰਜ ‘ਪਤਨੀਆਂ’ ਅਤੇ 25 ਬੱਚੇ ਸਨ! ਇਸ ਗੱਲ ਨੇ ਮੈਨੂੰ ਹਿੰਮਤ ਦਿੱਤੀ ਕਿ ਮੈਂ ਉਸ ਨੂੰ ਛੱਡ ਦੇਵਾਂ।
“ਇਕ ਵੱਡੇ ਸਾਰੇ ਸੁੱਖ-ਸਹੂਲਤਾਂ ਵਾਲੇ ਘਰ ਨੂੰ ਛੱਡ ਕੇ ਇਕ ਛੋਟੇ ਜਿਹੇ ਘਰ ਵਿਚ ਰਹਿਣਾ ਆਸਾਨ ਨਹੀਂ ਸੀ। ਇਸ ਤੋਂ ਇਲਾਵਾ, ਮੇਰੇ ਪਹਿਲੇ ਸਾਥੀ ਨੇ ਵੀ ਮੇਰੇ ਉੱਤੇ ਜ਼ੋਰ ਪਾਇਆ ਕਿ ਮੈਂ ਉਸ ਨਾਲ ਦੁਬਾਰਾ ਜਾ ਕੇ ਰਹਾਂ। ਉਸ ਨੇ ਇਹ ਵੀ ਧਮਕੀ ਦਿੱਤੀ ਕਿ ਜੇ ਮੈਂ ਨਾ ਮੰਨੀ, ਤਾਂ ਉਹ ਮੇਰੇ ਮੂੰਹ ਉੱਤੇ ਤੇਜ਼ਾਬ ਸੁੱਟ ਕੇ ਮੇਰੀ ਸ਼ਕਲ ਵਿਗਾੜ ਦੇਵੇਗਾ। ਪਰ ਯਹੋਵਾਹ ਦੀ ਮਦਦ ਨਾਲ ਮੈਂ ਉਹੀ ਕੀਤਾ ਜੋ ਸਹੀ ਸੀ।” ਕਿਮ ਲਗਾਤਾਰ ਤਰੱਕੀ ਕਰਦੀ ਗਈ ਤੇ ਆਖ਼ਰਕਾਰ ਉਸ ਨੇ ਅਪ੍ਰੈਲ 1998 ਵਿਚ ਬਪਤਿਸਮਾ ਲੈ ਲਿਆ। ਇਸ ਤੋਂ ਇਲਾਵਾ, ਉਸ ਦੀਆਂ ਦੋ ਭੈਣਾਂ ਅਤੇ ਉਸ ਦੇ ਕਿਸ਼ੋਰ ਪੁੱਤਰ ਨੇ ਵੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ।
“ਮੈਂ ਸੋਚਦੀ ਹੁੰਦੀ ਸੀ ਕਿ ਮੇਰੀ ਜ਼ਿੰਦਗੀ ਇੱਦਾਂ ਹੀ ਨਿਰਾਸ਼ਾ ਵਿਚ ਬੀਤ ਜਾਵੇਗੀ,” ਕਿਮ ਕਹਿੰਦੀ ਹੈ। “ਪਰ ਅੱਜ ਮੈਂ ਖ਼ੁਸ਼ ਹਾਂ ਅਤੇ ਹੁਣ ਮੈਂ ਰਾਤ ਨੂੰ ਰੋਂਦੀ ਨਹੀਂ ਹਾਂ। ਯਹੋਵਾਹ ਨੇ ਤਾਂ ਪਹਿਲਾਂ ਹੀ ਮੇਰੀਆਂ ਅੱਖਾਂ ਤੋਂ ਹੰਝੂ ਪੂੰਝ ਦਿੱਤੇ ਹਨ।”
[ਫੁਟਨੋਟ]
^ ਪੈਰਾ 4 ਨਾਂ ਬਦਲ ਦਿੱਤੇ ਗਏ ਹਨ।