Skip to content

Skip to table of contents

“ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ”

“ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ”

“ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ”

ਹਰ ਇਨਸਾਨ ਬਰਕਤਾਂ ਹਾਸਲ ਕਰਨੀਆਂ ਚਾਹੁੰਦਾ ਹੈ। ਦੀ ਅਮੈਰੀਕਨ ਹੈਰੀਟਿਜ ਕਾਲਜ ਡਿਕਸ਼ਨਰੀ ਕਹਿੰਦੀ ਹੈ ਕਿ ਬਰਕਤਾਂ ਨਾਲ “ਖ਼ੁਸ਼ੀ, ਸੰਤੁਸ਼ਟੀ ਜਾਂ ਖ਼ੁਸ਼ਹਾਲੀ” ਵਧਦੀ ਹੈ। ਯਹੋਵਾਹ ਸਾਨੂੰ “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਦਿੰਦਾ ਹੈ, ਇਸ ਲਈ ਹਰ ਇਕ ਅਸਲੀ ਤੇ ਸਥਾਈ ਬਰਕਤ ਸਾਡੇ ਪ੍ਰੇਮਮਈ ਸ੍ਰਿਸ਼ਟੀਕਰਤਾ ਤੋਂ ਹੀ ਆਉਂਦੀ ਹੈ। (ਯਾਕੂਬ 1:17) ਉਹ ਸਾਰੇ ਮਨੁੱਖਾਂ ਨੂੰ ਬਰਕਤਾਂ ਦਿੰਦਾ ਹੈ, ਉਨ੍ਹਾਂ ਨੂੰ ਵੀ ਜੋ ਉਸ ਨੂੰ ਜਾਣਦੇ ਤਕ ਨਹੀਂ। ਯਿਸੂ ਨੇ ਆਪਣੇ ਪਿਤਾ ਬਾਰੇ ਕਿਹਾ ਸੀ: “ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” (ਮੱਤੀ 5:45) ਪਰ ਯਹੋਵਾਹ ਖ਼ਾਸਕਰ ਉਨ੍ਹਾਂ ਲੋਕਾਂ ਦੀ ਦੇਖ-ਭਾਲ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ।​—ਬਿਵਸਥਾ ਸਾਰ 28:1-14; ਅੱਯੂਬ 1:1; 42:12.

ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਯਹੋਵਾਹ . . . ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਾ ਰੋਕੇਗਾ।” (ਜ਼ਬੂਰ 84:11) ਜੀ ਹਾਂ, ਯਹੋਵਾਹ ਦੀ ਸੇਵਾ ਕਰਨ ਵਾਲਿਆਂ ਦੀ ਜ਼ਿੰਦਗੀ ਖ਼ੁਸ਼ਹਾਲ ਅਤੇ ਮਕਸਦ ਭਰੀ ਹੁੰਦੀ ਹੈ। ਉਹ ਜਾਣਦੇ ਹਨ ਕਿ “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।” ਨਾਲੇ ਬਾਈਬਲ ਕਹਿੰਦੀ ਹੈ: “[ਯਹੋਵਾਹ] ਦੇ ਮੁਬਾਰਕ ਲੋਗ ਧਰਤੀ ਦੇ ਵਾਰਸ ਹੋਣਗੇ।” (ਕਹਾਉਤਾਂ 10:22; ਜ਼ਬੂਰ 37:22, 29) ਕਿੰਨੀ ਸ਼ਾਨਦਾਰ ਬਰਕਤ!

ਅਸੀਂ ਯਹੋਵਾਹ ਦੀ ਬਰਕਤ ਕਿਵੇਂ ਹਾਸਲ ਕਰ ਸਕਦੇ ਹਾਂ? ਪਹਿਲੀ ਗੱਲ, ਸਾਨੂੰ ਆਪਣੇ ਅੰਦਰ ਉਹ ਗੁਣ ਪੈਦਾ ਕਰਨੇ ਚਾਹੀਦੇ ਹਨ ਜਿਨ੍ਹਾਂ ਤੋਂ ਉਹ ਖ਼ੁਸ਼ ਹੁੰਦਾ ਹੈ। (ਬਿਵਸਥਾ ਸਾਰ 30:16, 19, 20; ਮੀਕਾਹ 6:8) ਇਹ ਗੱਲ ਅਸੀਂ ਪੁਰਾਣੇ ਸਮੇਂ ਵਿਚ ਯਹੋਵਾਹ ਦੇ ਤਿੰਨ ਸੇਵਕਾਂ ਦੀ ਮਿਸਾਲ ਤੋਂ ਦੇਖ ਸਕਦੇ ਹਾਂ।

ਯਹੋਵਾਹ ਆਪਣੇ ਸੇਵਕਾਂ ਨੂੰ ਬਰਕਤਾਂ ਦਿੰਦਾ ਹੈ

ਨੂਹ ਪਰਮੇਸ਼ੁਰ ਦਾ ਇਕ ਬੜਾ ਵਫ਼ਾਦਾਰ ਸੇਵਕ ਸੀ। ਉਤਪਤ 6:8 ਵਿਚ ਅਸੀਂ ਪੜ੍ਹਦੇ ਹਾਂ: “ਨੂਹ ਉੱਤੇ ਯਹੋਵਾਹ ਦੀ ਕਿਰਪਾ ਦੀ ਨਿਗਾਹ ਹੋਈ।” ਕਿਉਂ? ਕਿਉਂਕਿ ਨੂਹ ਪਰਮੇਸ਼ੁਰ ਦਾ ਆਗਿਆਕਾਰ ਸੀ। ਬਾਈਬਲ ਦੱਸਦੀ ਹੈ: “ਨੂਹ ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।” ਨੂਹ ਯਹੋਵਾਹ ਦੇ ਖਰੇ ਅਸੂਲਾਂ ਉੱਤੇ ਚੱਲਦਾ ਸੀ ਅਤੇ ਉਸ ਦੇ ਹੁਕਮਾਂ ਨੂੰ ਮੰਨਦਾ ਸੀ। ਭਾਵੇਂ ਉਹ ਹਿੰਸਾ ਤੇ ਭ੍ਰਿਸ਼ਟਤਾ ਵਿਚ ਡੁੱਬੀ ਦੁਨੀਆਂ ਵਿਚ ਜੀ ਰਿਹਾ ਸੀ, ਪਰ ਨੂਹ ਦੇ ਦਿਲ ਨੇ ਉਸ ਨੂੰ ਉਵੇਂ ਹੀ ਕਰਨ ਲਈ ਪ੍ਰੇਰਿਆ “ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ” ਸੀ। (ਉਤਪਤ 6:9, 22) ਸਿੱਟੇ ਵਜੋਂ, ਯਹੋਵਾਹ ਨੇ ਨੂਹ ਨੂੰ “ਆਪਣੇ ਘਰ ਦੇ ਬਚਾਉ ਲਈ ਕਿਸ਼ਤੀ” ਬਣਾਉਣ ਲਈ ਕਿਹਾ। (ਇਬਰਾਨੀਆਂ 11:7) ਇਸ ਤਰ੍ਹਾਂ, ਨੂਹ ਅਤੇ ਉਸ ਦਾ ਪਰਿਵਾਰ ਉਸ ਪੀੜ੍ਹੀ ਦੇ ਵਿਨਾਸ਼ ਵਿੱਚੋਂ ਬਚ ਨਿਕਲਿਆ ਅਤੇ ਉਨ੍ਹਾਂ ਦੇ ਬਚ ਜਾਣ ਨਾਲ ਮਨੁੱਖਜਾਤੀ ਦੀ ਹੋਂਦ ਮਿਟਣੋ ਬਚ ਗਈ। ਅਤੇ ਜਦੋਂ ਨੂਹ ਮਰਿਆ, ਤਾਂ ਉਸ ਨੂੰ ਪੂਰੀ ਆਸ ਸੀ ਕਿ ਉਹ ਮੁੜ ਜੀ ਉੱਠੇਗਾ ਅਤੇ ਇਕ ਬਾਗ਼-ਰੂਪੀ ਸੋਹਣੀ ਧਰਤੀ ਉੱਤੇ ਸਦੀਪਕ ਜ਼ਿੰਦਗੀ ਹਾਸਲ ਕਰੇਗਾ। ਉਸ ਨੂੰ ਕਿੰਨੀਆਂ ਵੱਡੀਆਂ ਬਰਕਤਾਂ ਮਿਲੀਆਂ!

ਅਬਰਾਹਾਮ ਵੀ ਅਜਿਹੇ ਹੀ ਗੁਣਾਂ ਦਾ ਮਾਲਕ ਸੀ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਸੀ। ਇਨ੍ਹਾਂ ਵਿੱਚੋਂ ਮੁੱਖ ਗੁਣ ਸੀ ਨਿਹਚਾ। (ਇਬਰਾਨੀਆਂ 11:8-10) ਯਹੋਵਾਹ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਸ ਦੀ ਸੰਤਾਨ ਇਕ ਵੱਡੀ ਕੌਮ ਬਣੇਗੀ ਜਿਸ ਰਾਹੀਂ ਸਾਰੀਆਂ ਕੌਮਾਂ ਬਰਕਤਾਂ ਪਾਉਣਗੀਆਂ। ਇਸ ਵਾਅਦੇ ਵਿਚ ਨਿਹਚਾ ਕਰਦੇ ਹੋਏ, ਅਬਰਾਹਾਮ ਨੇ ਪਹਿਲਾਂ ਊਰ ਨਾਮਕ ਸ਼ਹਿਰ ਵਿਚ ਅਤੇ ਫਿਰ ਹਾਰਾਨ ਵਿਚ ਆਪਣੀ ਆਰਾਮ ਦੀ ਜ਼ਿੰਦਗੀ ਛੱਡ ਦਿੱਤੀ ਸੀ। (ਉਤਪਤ 12:2, 3) ਕਈ ਸਾਲਾਂ ਦੀਆਂ ਅਜ਼ਮਾਇਸ਼ਾਂ ਮਗਰੋਂ ਉਸ ਨੂੰ ਆਪਣੀ ਨਿਹਚਾ ਦਾ ਫਲ ਮਿਲਿਆ ਜਦੋਂ ਉਸ ਦਾ ਪੁੱਤਰ ਇਸਹਾਕ ਪੈਦਾ ਹੋਇਆ। ਆਪਣੇ ਪੁੱਤਰ ਇਸਹਾਕ ਦੁਆਰਾ ਅਬਰਾਹਾਮ ਪਰਮੇਸ਼ੁਰ ਦੀ ਚੁਣੀ ਹੋਈ ਕੌਮ ਇਸਰਾਏਲ ਅਤੇ ਬਾਅਦ ਵਿਚ ਮਸੀਹਾ ਦਾ ਵੀ ਪੂਰਵਜ ਬਣਿਆ। (ਰੋਮੀਆਂ 4:19-21) ਇਸ ਤੋਂ ਇਲਾਵਾ, ਉਹ ‘ਉਨ੍ਹਾਂ ਸਭਨਾਂ ਦਾ ਪਿਤਾ ਹੈ ਜਿਹੜੇ ਨਿਹਚਾ ਕਰਦੇ ਹਨ’ ਅਤੇ ਉਸ ਨੂੰ “ਪਰਮੇਸ਼ੁਰ ਦਾ ਮਿੱਤਰ” ਵੀ ਕਿਹਾ ਗਿਆ। (ਰੋਮੀਆਂ 4:11; ਯਾਕੂਬ 2:23; ਗਲਾਤੀਆਂ 3:7, 29) ਉਸ ਦੀ ਜ਼ਿੰਦਗੀ ਦਾ ਵਾਕਈ ਇਕ ਮਕਸਦ ਸੀ ਅਤੇ ਉਸ ਨੂੰ ਕਿੰਨੀਆਂ ਬਰਕਤਾਂ ਮਿਲੀਆਂ!

ਵਫ਼ਾਦਾਰ ਮਨੁੱਖ ਮੂਸਾ ਤੇ ਵੀ ਗੌਰ ਕਰੋ। ਉਸ ਦੇ ਸਦਗੁਣਾਂ ਵਿਚ ਇਕ ਖ਼ਾਸ ਗੁਣ ਸੀ ਉਸ ਦੀ ਅਧਿਆਤਮਿਕ ਗੱਲਾਂ ਪ੍ਰਤੀ ਕਦਰਦਾਨੀ। ਮੂਸਾ ਨੇ ਮਿਸਰ ਦੇਸ਼ ਦੀ ਸਾਰੀ ਧਨ-ਦੌਲਤ ਨੂੰ ਠੁਕਰਾ ਦਿੱਤਾ ਅਤੇ “ਅਲੱਖ ਨੂੰ ਜਾਣੀਦਾ ਲੱਖ ਕੇ ਤਕੜਾ ਰਿਹਾ।” (ਇਬਰਾਨੀਆਂ 11:27) ਮਿਦਯਾਨ ਦੇਸ਼ ਵਿਚ 40 ਸਾਲ ਬਿਤਾਉਣ ਮਗਰੋਂ, ਉਹ ਬੁੱਢ-ਵਰੇਸ ਉਮਰ ਵਿਚ ਮਿਸਰ ਵਾਪਸ ਮੁੜਿਆ ਅਤੇ ਉਸ ਸਮੇਂ ਦੇ ਸਭ ਤੋਂ ਤਾਕਤਵਰ ਰਾਜੇ ਫ਼ਿਰਊਨ ਤੋਂ ਨਿਧੜਕ ਹੋ ਕੇ ਮੰਗ ਕੀਤੀ ਕਿ ਉਹ ਉਸ ਦੇ ਭਰਾਵਾਂ ਨੂੰ ਆਜ਼ਾਦ ਕਰ ਦੇਵੇ। (ਕੂਚ 7:1-7) ਉਸ ਨੇ ਦਸ ਬਿਪਤਾਵਾਂ, ਲਾਲ ਸਾਗਰ ਨੂੰ ਦੋ ਹਿੱਸੇ ਵਿਚ ਹੁੰਦਿਆਂ ਅਤੇ ਫ਼ਿਰਊਨ ਦੀ ਫ਼ੌਜ ਨੂੰ ਨਾਸ਼ ਹੁੰਦਿਆਂ ਦੇਖਿਆ ਸੀ। ਯਹੋਵਾਹ ਨੇ ਇਸਰਾਏਲ ਨਾਲ ਨੇਮ ਬੰਨ੍ਹਣ ਵਿਚ ਮੂਸਾ ਨੂੰ ਵਿਚੋਲੇ ਵਜੋਂ ਵਰਤਿਆ ਅਤੇ ਮੂਸਾ ਦੇ ਰਾਹੀਂ ਇਸ ਨਵੀਂ ਕੌਮ ਨੂੰ ਆਪਣੀ ਬਿਵਸਥਾ ਦਿੱਤੀ। ਮੂਸਾ ਨੇ 40 ਸਾਲਾਂ ਤਕ ਉਜਾੜ ਵਿਚ ਇਸਰਾਏਲ ਕੌਮ ਦੀ ਅਗਵਾਈ ਕੀਤੀ। ਉਸ ਦੀ ਜ਼ਿੰਦਗੀ ਦਾ ਇਕ ਅਸਲੀ ਮਕਸਦ ਸੀ ਅਤੇ ਉਸ ਨੂੰ ਯਹੋਵਾਹ ਦੀ ਸੇਵਾ ਕਰਨ ਦੇ ਕਈ ਸ਼ਾਨਦਾਰ ਵਿਸ਼ੇਸ਼-ਸਨਮਾਨ ਮਿਲੇ ਸਨ।

ਅੱਜ ਦੇ ਦਿਨਾਂ ਵਿਚ ਬਰਕਤਾਂ

ਇਨ੍ਹਾਂ ਬਾਈਬਲ ਬਿਰਤਾਂਤਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਦੀ ਸੇਵਾ ਕਰਨ ਵਾਲਿਆਂ ਦੀ ਜ਼ਿੰਦਗੀ ਸੱਚ-ਮੁੱਚ ਮਕਸਦ ਭਰੀ ਹੁੰਦੀ ਹੈ। ਜਦੋਂ ਯਹੋਵਾਹ ਦੇ ਲੋਕ ਆਗਿਆਕਾਰੀ, ਨਿਹਚਾ ਅਤੇ ਅਧਿਆਤਮਿਕ ਗੱਲਾਂ ਪ੍ਰਤੀ ਕਦਰਦਾਨੀ ਵਰਗੇ ਗੁਣ ਵਿਕਸਿਤ ਕਰਦੇ ਹਨ, ਤਾਂ ਉਨ੍ਹਾਂ ਨੂੰ ਅਨੇਕ ਬਰਕਤਾਂ ਮਿਲਦੀਆਂ ਹਨ।

ਸਾਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ? ਈਸਾਈ-ਜਗਤ ਵਿਚ ਕਰੋੜਾਂ ਲੋਕ ਅਧਿਆਤਮਿਕ ਤੌਰ ਤੇ ਭੁੱਖੇ ਮਰ ਰਹੇ ਹਨ, ਪਰ ਅਸੀਂ ‘ਯਹੋਵਾਹ ਦੀ ਭਲਿਆਈ ਦੇ ਕਾਰਨ ਚਮਕ’ ਸਕਦੇ ਹਾਂ। (ਯਿਰਮਿਯਾਹ 31:12) ਯਿਸੂ ਮਸੀਹ ਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਯਹੋਵਾਹ ਨੇ ਸਾਨੂੰ ਭਰਪੂਰ ਅਧਿਆਤਮਿਕ ਭੋਜਨ ਮੁਹੱਈਆ ਕੀਤਾ ਹੈ ਤਾਂਕਿ ਅਸੀਂ ‘ਜੀਉਣ ਨੂੰ ਜਾਂਦੇ ਰਾਹ’ ਉੱਤੇ ਚੱਲਦੇ ਰਹਿ ਸਕੀਏ। (ਮੱਤੀ 7:13, 14; 24:45; ਯੂਹੰਨਾ 17:3) ਆਪਣੇ ਮਸੀਹੀ ਭਰਾਵਾਂ ਦੀ ਸੰਗਤੀ ਵੀ ਇਕ ਵੱਡੀ ਬਰਕਤ ਹੈ। ਸਭਾਵਾਂ ਵਿਚ ਅਤੇ ਦੂਸਰੇ ਮੌਕਿਆਂ ਤੇ ਵੀ ਸਾਨੂੰ ਉਨ੍ਹਾਂ ਸਾਥੀ ਉਪਾਸਕਾਂ ਨਾਲ ਮਿਲਣ-ਗਿਲਣ ਨਾਲ ਬੜੀ ਖ਼ੁਸ਼ੀ ਮਿਲਦੀ ਹੈ ਜੋ ਪਿਆਰ ਦਿਖਾਉਂਦੇ ਹਨ ਅਤੇ ‘ਨਵੀਂ ਇਨਸਾਨੀਅਤ’ ਨੂੰ ਪਹਿਨਣ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਨ। (ਕੁਲੁੱਸੀਆਂ 3:8-10; ਜ਼ਬੂਰ 133:1) ਪਰ ਸਾਡੀ ਸਭ ਤੋਂ ਵੱਡੀ ਬਰਕਤ ਇਹ ਹੈ ਕਿ ਸਾਨੂੰ ਯਹੋਵਾਹ ਪਰਮੇਸ਼ੁਰ ਨਾਲ ਨਿੱਜੀ ਰਿਸ਼ਤਾ ਕਾਇਮ ਕਰਨ ਅਤੇ ਉਸ ਦੇ ਪੁੱਤਰ ਮਸੀਹ ਯਿਸੂ ਦੇ ਨਕਸ਼ੇ-ਕਦਮਾਂ ਤੇ ਚੱਲਣ ਦਾ ਸ਼ਾਨਦਾਰ ਮੌਕਾ ਮਿਲਿਆ ਹੈ।​—ਰੋਮੀਆਂ 5:1, 8; ਫ਼ਿਲਿੱਪੀਆਂ 3:8.

ਇਨ੍ਹਾਂ ਬਰਕਤਾਂ ਤੇ ਗੌਰ ਕਰਨ ਨਾਲ ਸਾਨੂੰ ਅਹਿਸਾਸ ਹੁੰਦਾ ਹੈ ਕਿ ਪਰਮੇਸ਼ੁਰ ਦੀ ਸੇਵਾ ਸਾਡੇ ਲਈ ਕਿੰਨੀ ਮੁੱਲਵਾਨ ਹੈ। ਇਸ ਸੰਬੰਧ ਵਿਚ ਅਸੀਂ ਯਿਸੂ ਦਾ ਦ੍ਰਿਸ਼ਟਾਂਤ ਚੇਤੇ ਕਰ ਸਕਦੇ ਹਾਂ ਜਿਸ ਵਿਚ ਇਕ ਵਪਾਰੀ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ। ਯਿਸੂ ਨੇ ਇਸ ਆਦਮੀ ਬਾਰੇ ਕਿਹਾ: “ਜਦ ਉਹ ਨੂੰ ਇੱਕ ਮੋਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਹ ਨੂੰ ਮੁੱਲ ਲਿਆ।” (ਮੱਤੀ 13:46) ਯਕੀਨਨ ਅਸੀਂ ਵੀ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਬਾਰੇ, ਉਸ ਦੀ ਸੇਵਾ ਕਰਨ ਦੇ ਵਿਸ਼ੇਸ਼-ਸਨਮਾਨ ਬਾਰੇ, ਆਪਣੇ ਮਸੀਹੀ ਭੈਣ-ਭਰਾਵਾਂ ਬਾਰੇ, ਆਪਣੀ ਮਸੀਹੀ ਆਸ ਬਾਰੇ ਅਤੇ ਨਿਹਚਾ ਨਾਲ ਸੰਬੰਧਿਤ ਕਈ ਹੋਰ ਬਰਕਤਾਂ ਬਾਰੇ ਇਸੇ ਤਰ੍ਹਾਂ ਮਹਿਸੂਸ ਕਰਦੇ ਹਾਂ। ਇਹੋ ਸਾਡੀ ਜ਼ਿੰਦਗੀ ਦੀਆਂ ਸਭ ਤੋਂ ਮੁੱਲਵਾਨ ਚੀਜ਼ਾਂ ਹਨ।

ਯਹੋਵਾਹ ਦੀ ਚੀਜ਼ ਯਹੋਵਾਹ ਨੂੰ ਦਿਓ

ਅਸੀਂ ਮੰਨਦੇ ਹਾਂ ਕਿ ਯਹੋਵਾਹ ਹੀ ਹਰ ਚੰਗੇ ਦਾਨ ਦਾ ਦਾਤਾ ਹੈ, ਇਸ ਲਈ ਸਾਡਾ ਦਿਲ ਸਾਨੂੰ ਮਿਲੀਆਂ ਬਰਕਤਾਂ ਲਈ ਕਦਰ ਦਿਖਾਉਣ ਲਈ ਉਕਸਾਉਂਦਾ ਹੈ। ਅਸੀਂ ਕਿੱਦਾਂ ਕਦਰਦਾਨੀ ਦਿਖਾ ਸਕਦੇ ਹਾਂ? ਇਕ ਤਰੀਕਾ ਹੈ ਕਿ ਅਸੀਂ ਦੂਸਰਿਆਂ ਦੀ ਵੀ ਇਨ੍ਹਾਂ ਬਰਕਤਾਂ ਨੂੰ ਪ੍ਰਾਪਤ ਕਰਨ ਵਿਚ ਮਦਦ ਕਰੀਏ। (ਮੱਤੀ 28:19) ਦੁਨੀਆਂ ਦੇ 230 ਤੋਂ ਵੱਧ ਦੇਸ਼ਾਂ ਵਿਚ, ਯਹੋਵਾਹ ਦੇ ਗਵਾਹ ਆਪਣੇ ਗੁਆਂਢੀਆਂ ਨੂੰ ਇਨ੍ਹਾਂ ਬਰਕਤਾਂ ਬਾਰੇ ਦੱਸਣ ਲਈ ਉਨ੍ਹਾਂ ਦੇ ਘਰ ਜਾਂਦੇ ਹਨ। ਉਹ “ਸਤ ਦੇ ਗਿਆਨ ਤੀਕ ਪਹੁੰਚਣ” ਵਿਚ ਦੂਸਰਿਆਂ ਦੀ ਮਦਦ ਕਰਨ ਲਈ ਆਪਣਾ ਨਿੱਜੀ ਸਮਾਂ, ਤਾਕਤ ਅਤੇ ਪੈਸਾ ਲਗਾਉਂਦੇ ਹਨ।​—1 ਤਿਮੋਥਿਉਸ 2:4.

ਅਮਰੀਕਾ ਦੇ ਗਲੈਨਡੇਲ, ਕੈਲੇਫ਼ੋਰਨੀਆ ਵਿਚ ਰਹਿੰਦੇ ਪਾਇਨੀਅਰਾਂ ਦੀ ਹੀ ਮਿਸਾਲ ਲੈ ਲਓ। ਹਰ ਸ਼ਨੀਵਾਰ ਸਵੇਰ ਨੂੰ ਉਹ ਇਕ ਫੈਡਰਲ ਜੇਲ੍ਹ ਨੂੰ ਜਾਣ-ਆਉਣ ਲਈ ਲਗਭਗ 100 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹਨ। ਹਾਲਾਂਕਿ ਉਹ ਹਰ ਵਾਰ ਉੱਥੇ ਕੈਦੀਆਂ ਨਾਲ ਸਿਰਫ਼ ਕੁਝ ਹੀ ਘੰਟੇ ਬਿਤਾ ਪਾਉਂਦੇ ਹਨ, ਪਰ ਉਹ ਨਿਰਾਸ਼ ਨਹੀਂ ਹੁੰਦੇ। ਇਕ ਪਾਇਨੀਅਰ ਕਹਿੰਦੀ ਹੈ: “ਇਸ ਅਨੋਖੇ ਖੇਤਰ ਵਿਚ ਸੇਵਾ ਕਰਨੀ ਸਾਡੇ ਲਈ ਇਕ ਵਿਸ਼ੇਸ਼-ਸਨਮਾਨ ਹੈ। ਇਸ ਤੋਂ ਸਾਨੂੰ ਬੜੀ ਖ਼ੁਸ਼ੀ ਮਿਲਦੀ ਹੈ। ਉੱਥੇ ਇੰਨੇ ਸਾਰੇ ਕੈਦੀ ਸੱਚਾਈ ਸਿੱਖਣੀ ਚਾਹੁੰਦੇ ਹਨ ਕਿ ਸਾਡੇ ਕੋਲ ਉਨ੍ਹਾਂ ਸਾਰਿਆਂ ਨੂੰ ਸਿਖਾਉਣ ਦਾ ਸਮਾਂ ਹੀ ਨਹੀਂ ਹੈ। ਇਸ ਵੇਲੇ ਅਸੀਂ ਪੰਜ ਜਣਿਆਂ ਨਾਲ ਸਟੱਡੀ ਕਰ ਰਹੇ ਹਾਂ ਅਤੇ ਹੋਰ ਚਾਰ ਜਣਿਆਂ ਨੇ ਬਾਈਬਲ ਸਟੱਡੀ ਲਈ ਬੇਨਤੀ ਕੀਤੀ ਹੈ।”

ਜੋਸ਼ੀਲੇ ਮਸੀਹੀ ਪ੍ਰਚਾਰਕ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਇਸ ਕੰਮ ਨੂੰ ਖ਼ੁਸ਼ੀ-ਖ਼ੁਸ਼ੀ ਅਤੇ ਬਿਨਾਂ ਤਨਖ਼ਾਹ ਲਏ ਕਰਦੇ ਹਨ। ਉਹ ਯਿਸੂ ਵਰਗਾ ਨਜ਼ਰੀਆ ਰੱਖਦੇ ਹਨ ਜਿਸ ਨੇ ਕਿਹਾ ਸੀ: “ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ।” (ਮੱਤੀ 10:8) ਦੁਨੀਆਂ ਭਰ ਵਿਚ ਲੱਖਾਂ ਲੋਕ ਇਸ ਨਿਰਸੁਆਰਥ ਸੇਵਾ ਵਿਚ ਲੱਗੇ ਹੋਏ ਹਨ ਜਿਸ ਦੇ ਸਿੱਟੇ ਵਜੋਂ ਬਹੁਤ ਸਾਰੇ ਸੱਚੇ ਦਿਲ ਵਾਲੇ ਲੋਕ ਉਨ੍ਹਾਂ ਦਾ ਸੰਦੇਸ਼ ਸੁਣ ਕੇ ਚੇਲੇ ਬਣ ਰਹੇ ਹਨ। ਪਿਛਲੇ ਪੰਜਾਂ ਸਾਲਾਂ ਵਿਚ ਹੀ ਲਗਭਗ 17 ਲੱਖ ਲੋਕਾਂ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕੀਤੀ ਹੈ। ਇਨ੍ਹਾਂ ਸਾਰੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਬਾਈਬਲਾਂ ਅਤੇ ਬਾਈਬਲ-ਆਧਾਰਿਤ ਸਾਹਿੱਤ ਛਾਪਣ ਅਤੇ ਨਵੇਂ ਕਿੰਗਡਮ ਹਾਲ ਤੇ ਦੂਸਰੇ ਸਭਾ ਸਥਾਨ ਉਸਾਰਨ ਦੀ ਲੋੜ ਹੈ। ਇਨ੍ਹਾਂ ਚੀਜ਼ਾਂ ਲਈ ਪੈਸੇ ਕਿੱਥੋਂ ਆਉਣਗੇ? ਸਵੈ-ਇੱਛੁਕ ਦਾਨ ਤੋਂ।

ਦੁਨੀਆਂ ਦੇ ਕੁਝ ਹਿੱਸਿਆਂ ਵਿਚ ਆਰਥਿਕ ਤੰਗੀ ਹੋਣ ਕਰਕੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਪਰਿਵਾਰਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਖ਼ੂਨ-ਪਸੀਨਾ ਇਕ ਕਰਨਾ ਪੈਂਦਾ ਹੈ। ਨਿਊ ਸਾਇੰਟਿਸਟ ਰਸਾਲੇ ਅਨੁਸਾਰ, ਇਕ ਅਰਬ ਲੋਕਾਂ ਦੀ ਘਰੇਲੂ ਆਮਦਨੀ ਦਾ ਘੱਟੋ-ਘੱਟ 70 ਫੀ ਸਦੀ ਹਿੱਸਾ ਭੋਜਨ ਉੱਤੇ ਖ਼ਰਚ ਹੋ ਜਾਂਦਾ ਹੈ। ਸਾਡੇ ਬਹੁਤ ਸਾਰੇ ਭੈਣ-ਭਰਾ ਵੀ ਇਸੇ ਸਥਿਤੀ ਵਿਚ ਹਨ। ਆਪਣੇ ਸਾਥੀ ਉਪਾਸਕਾਂ ਦੀ ਮਦਦ ਤੋਂ ਬਗੈਰ, ਉਹ ਨਾ ਤਾਂ ਬਾਈਬਲ ਸਾਹਿੱਤ ਛਾਪ ਸਕਦੇ ਹਨ ਅਤੇ ਨਾ ਹੀ ਢੁਕਵੇਂ ਕਿੰਗਡਮ ਹਾਲ ਬਣਾ ਸਕਦੇ ਹਨ।

ਇਸ ਦਾ ਮਤਲਬ ਇਹ ਨਹੀਂ ਕਿ ਇਹ ਭੈਣ-ਭਰਾ ਆਪਣਾ ਪੂਰਾ ਬੋਝ ਦੂਜਿਆਂ ਤੇ ਹੀ ਸੁੱਟਣਾ ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਮਦਦ ਦੀ ਲੋੜ ਹੈ। ਜਦੋਂ ਮੂਸਾ ਇਸਰਾਏਲੀਆਂ ਨੂੰ ਪ੍ਰੇਰਣਾ ਦੇ ਰਿਹਾ ਸੀ ਕਿ ਉਹ ਮਾਲੀ ਦਾਨ ਦੇ ਕੇ ਯਹੋਵਾਹ ਦੀਆਂ ਬਰਕਤਾਂ ਲਈ ਯਹੋਵਾਹ ਦਾ ਧੰਨਵਾਦ ਕਰਨ, ਤਾਂ ਉਸ ਨੇ ਕਿਹਾ ਸੀ: “ਹਰ ਮਨੁੱਖ ਆਪਣੇ ਵਿਤ ਅਨੁਸਾਰ ਦੇਵੇ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਦਿੱਤੀ ਹੋਈ ਬਰਕਤ ਹੈ।” (ਬਿਵਸਥਾ ਸਾਰ 16:17) ਇਸ ਲਈ, ਜਦੋਂ ਯਿਸੂ ਨੇ ਇਕ ਵਿਧਵਾ ਨੂੰ ਹੈਕਲ ਵਿਚ “ਦੋ ਦਮੜੀਆਂ” ਦਾਨ ਕਰਦੇ ਦੇਖਿਆ, ਤਾਂ ਉਸ ਨੇ ਆਪਣੇ ਚੇਲਿਆਂ ਅੱਗੇ ਉਸ ਦੀ ਸ਼ਲਾਘਾ ਕੀਤੀ। ਉਸ ਵਿਧਵਾ ਕੋਲੋਂ ਜਿੰਨਾ ਹੋ ਸਕਿਆ, ਉਸ ਨੇ ਕੀਤਾ ਸੀ। (ਲੂਕਾ 21:2, 3) ਇਸੇ ਤਰ੍ਹਾਂ, ਗ਼ਰੀਬ ਮਸੀਹੀ ਵੀ ਜਿੰਨਾ ਉਨ੍ਹਾਂ ਕੋਲੋਂ ਹੋ ਸਕਦਾ ਹੈ, ਉੱਨਾ ਕਰਦੇ ਹਨ। ਫਿਰ ਦੂਸਰੇ ਮਸੀਹੀ ਜੋ ਇੰਨੇ ਗ਼ਰੀਬ ਨਹੀਂ ਹਨ, ਆਪਣੇ ਦਾਨ ਰਾਹੀਂ ਘਾਟ ਪੂਰੀ ਕਰਦੇ ਹਨ।​—2 ਕੁਰਿੰਥੀਆਂ 8:13-15.

ਇਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੀ ਚੀਜ਼ ਪਰਮੇਸ਼ੁਰ ਨੂੰ ਹੀ ਵਾਪਸ ਦਿੰਦੇ ਸਮੇਂ ਸਾਡਾ ਮਨੋਰਥ ਸਹੀ ਹੋਣਾ ਜ਼ਰੂਰੀ ਹੈ। (2 ਕੁਰਿੰਥੀਆਂ 8:12) ਪੌਲੁਸ ਨੇ ਕਿਹਾ: “ਹਰੇਕ ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” (2 ਕੁਰਿੰਥੀਆਂ 9:7) ਖੁੱਲ੍ਹੇ ਦਿਲ ਨਾਲ ਦੇਣ ਦੁਆਰਾ ਅਸੀਂ ਅੱਜ ਪਰਮੇਸ਼ੁਰ ਦੇ ਸੰਗਠਨ ਵਿਚ ਹੋ ਰਹੇ ਵਾਧੇ ਨੂੰ ਆਪਣਾ ਸਮਰਥਨ ਦਿੰਦੇ ਹਾਂ ਜਿਸ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ।​—ਰਸੂਲਾਂ ਦੇ ਕਰਤੱਬ 20:35.

ਪ੍ਰਚਾਰ ਕਰਨਾ ਅਤੇ ਦਾਨ ਦੇਣਾ ਉਹ ਦੋ ਤਰੀਕੇ ਹਨ ਜਿਨ੍ਹਾਂ ਨਾਲ ਅਸੀਂ ਯਹੋਵਾਹ ਦੀਆਂ ਬਰਕਤਾਂ ਲਈ ਉਸ ਦਾ ਧੰਨਵਾਦ ਕਰ ਸਕਦੇ ਹਾਂ। ਅਤੇ ਇਹ ਜਾਣ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਹੋਰ ਬਹੁਤ ਸਾਰੇ ਨੇਕਦਿਲ ਇਨਸਾਨਾਂ ਨੂੰ ਬਰਕਤਾਂ ਦੇਣੀਆਂ ਚਾਹੁੰਦਾ ਹੈ ਜੋ ਅਜੇ ਉਸ ਨੂੰ ਨਹੀਂ ਜਾਣਦੇ! (2 ਪਤਰਸ 3:9) ਇਸ ਲਈ ਆਓ ਆਪਾਂ ਆਪਣੇ ਮਾਲੀ ਸਾਧਨਾਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਲਗਾਈਏ ਅਤੇ ਨੇਕਦਿਲ ਇਨਸਾਨਾਂ ਨੂੰ ਲੱਭ ਕੇ ਉਨ੍ਹਾਂ ਨੂੰ ਆਗਿਆਕਾਰੀ, ਨਿਹਚਾ ਅਤੇ ਕਦਰਦਾਨੀ ਵਰਗੇ ਗੁਣ ਵਿਕਸਿਤ ਕਰਨ ਵਿਚ ਮਦਦ ਦੇਈਏ। ਇਸ ਤਰ੍ਹਾਂ ਅਸੀਂ ਉਨ੍ਹਾਂ ਦੀ ਮਦਦ ਕਰ ਸਕਾਂਗੇ ਕਿ ਉਹ ਵੀ ‘ਚੱਖਣ ਤੇ ਵੇਖਣ ਭਈ ਯਹੋਵਾਹ ਭਲਾ ਹੈ।’​—ਜ਼ਬੂਰ 34:8.

[ਸਫ਼ੇ 28, 29 ਉੱਤੇ ਡੱਬੀ]

ਕੁਝ ਲੋਕ ਇਨ੍ਹਾਂ ਤਰੀਕਿਆਂ ਨਾਲ

ਵਿਸ਼ਵ-ਵਿਆਪੀ ਕੰਮ ਲਈ ਚੰਦਾ ਦੇਣਾ ਪਸੰਦ ਕਰਦੇ ਹਨ

ਕਈ ਲੋਕ ਬਜਟ ਬਣਾ ਕੇ ਕੁਝ ਪੈਸਾ ਵੱਖਰਾ ਰੱਖਦੇ ਹਨ ਜੋ ਕਿ ਉਹ ਉਨ੍ਹਾਂ ਚੰਦੇ ਦੇ ਡੱਬਿਆਂ ਵਿਚ ਪਾਉਂਦੇ ਹਨ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਹੈ: “ਵਿਸ਼ਵ-ਵਿਆਪੀ ਕੰਮ ਲਈ ਚੰਦੇ​—ਮੱਤੀ 24:14.”

ਹਰ ਮਹੀਨੇ ਕਲੀਸਿਯਾਵਾਂ ਇਹ ਚੰਦਾ ਬਰੁਕਲਿਨ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਜਾਂ ਸਥਾਨਕ ਸ਼ਾਖ਼ਾ ਦਫ਼ਤਰ ਨੂੰ ਭੇਜ ਦਿੰਦੀਆਂ ਹਨ। ਸਵੈ-ਇੱਛੁਕ ਚੰਦੇ ਸਿੱਧੇ Treasurer’s Office, Watch Tower Bible and Tract Society of Pennsylvania, 25 Columbia Heights, Brooklyn, New York 11201-2483, ਨੂੰ ਜਾਂ ਤੁਹਾਡੇ ਦੇਸ਼ ਦੇ ਸ਼ਾਖ਼ਾ ਦਫ਼ਤਰ ਨੂੰ ਭੇਜੇ ਜਾ ਸਕਦੇ ਹਨ। ਗਹਿਣੇ ਜਾਂ ਹੋਰ ਕੀਮਤੀ ਵਸਤਾਂ ਵੀ ਦਾਨ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਨਾਲ-ਨਾਲ ਇਕ ਛੋਟੀ ਜਿਹੀ ਚਿੱਠੀ ਹੋਣੀ ਚਾਹੀਦੀ ਹੈ ਜਿਸ ਵਿਚ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਇਕ ਸ਼ਰਤ-ਰਹਿਤ ਤੋਹਫ਼ਾ ਹੈ।

ਸ਼ਰਤੀ-ਦਾਨ ਪ੍ਰਬੰਧ

ਇਸ ਖ਼ਾਸ ਪ੍ਰਬੰਧ ਅਧੀਨ ਦਾਨ ਕੀਤਾ ਪੈਸਾ ਦਾਨ ਦੇਣ ਵਾਲਿਆਂ ਨੂੰ ਲੋੜ ਪੈਣ ਤੇ ਵਾਪਸ ਦੇ ਦਿੱਤਾ ਜਾਵੇਗਾ। ਹੋਰ ਜਾਣਕਾਰੀ ਲਈ, ਕਿਰਪਾ ਕਰ ਕੇ ਉੱਪਰ ਦਿੱਤੇ ਪਤੇ ਤੇ Treasurer’s Office ਨਾਲ ਸੰਪਰਕ ਕਰੋ।

ਯੋਜਨਾਬੱਧ ਦਾਨ

ਇੱਛਾ ਨਾਲ ਦਿੱਤੇ ਰੁਪਏ-ਪੈਸੇ ਦੇ ਤੋਹਫ਼ਿਆਂ ਅਤੇ ਸ਼ਰਤੀ-ਦਾਨ ਤੋਂ ਇਲਾਵਾ, ਵਿਸ਼ਵ-ਵਿਆਪੀ ਰਾਜ ਕੰਮਾਂ ਲਈ ਦਾਨ ਦੇਣ ਦੇ ਹੋਰ ਵੀ ਕਈ ਤਰੀਕੇ ਹਨ। ਇਨ੍ਹਾਂ ਵਿਚ ਹੇਠ ਲਿਖੇ ਤਰੀਕੇ ਸ਼ਾਮਲ ਹਨ:

ਬੀਮਾ: ਜੀਵਨ ਬੀਮਾ ਪਾਲਿਸੀ ਜਾਂ ਰੀਟਾਇਰਮੈਂਟ/ਪੈਨਸ਼ਨ ਯੋਜਨਾ ਦਾ ਲਾਭ-ਪਾਤਰ Watch Tower Society ਨੂੰ ਬਣਾਇਆ ਜਾ ਸਕਦਾ ਹੈ।

ਬੈਂਕ-ਖਾਤੇ: ਸਥਾਨਕ ਬੈਂਕ ਦੇ ਨਿਯਮਾਂ ਮੁਤਾਬਕ ਬੈਂਕ ਖਾਤੇ, ਜਮ੍ਹਾ ਰਕਮ ਦੇ ਸਰਟੀਫਿਕੇਟ ਜਾਂ ਨਿੱਜੀ ਰੀਟਾਇਰਮੈਂਟ ਖਾਤੇ Watch Tower Society ਲਈ ਟ੍ਰਸਟ ਵਿਚ ਰੱਖੇ ਜਾ ਸਕਦੇ ਹਨ ਜਾਂ ਵਿਅਕਤੀ ਦੀ ਮੌਤ ਹੋਣ ਤੇ ਸੋਸਾਇਟੀ ਨੂੰ ਭੁਗਤਾਨਯੋਗ ਕੀਤੇ ਜਾ ਸਕਦੇ ਹਨ।

ਸਟਾਕ ਅਤੇ ਬਾਂਡ: ਸਟਾਕ ਅਤੇ ਬਾਂਡ Watch Tower Society ਨੂੰ ਸ਼ਰਤ-ਰਹਿਤ ਤੋਹਫ਼ੇ ਵਜੋਂ ਦਾਨ ਕੀਤੇ ਜਾ ਸਕਦੇ ਹਨ।

ਜ਼ਮੀਨ-ਜਾਇਦਾਦ: ਵਿਕਾਊ ਜ਼ਮੀਨ-ਜਾਇਦਾਦ Watch Tower Society ਨੂੰ ਜਾਂ ਤਾਂ ਸ਼ਰਤ-ਰਹਿਤ ਤੋਹਫ਼ੇ ਵਜੋਂ ਦਾਨ ਕੀਤੀ ਜਾ ਸਕਦੀ ਹੈ ਜਾਂ ਫਿਰ ਦਾਨ ਦੇਣ ਵਾਲੇ ਦੇ ਜੀਵਨ-ਕਾਲ ਲਈ ਰਾਖਵੀਂ ਰੱਖੀ ਜਾ ਸਕਦੀ ਹੈ ਅਤੇ ਉਹ ਆਪਣੇ ਜੀਉਂਦੇ ਜੀ ਉੱਥੇ ਰਹਿ ਸਕਦਾ ਹੈ। ਇਸ ਮਾਮਲੇ ਵਿਚ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੇ ਸ਼ਾਖ਼ਾ ਦਫ਼ਤਰ ਨਾਲ ਸੰਪਰਕ ਕਰੋ।

ਤੋਹਫ਼ੇ ਵਿਚ ਸਾਲਾਨਾ ਰਕਮ: ਇਸ ਪ੍ਰਬੰਧ ਅਧੀਨ ਵਿਅਕਤੀ ਪੈਸਾ ਜਾਂ ਸਟਾਕ ਤੇ ਬਾਂਡਸ Watchtower Society ਦੇ ਨਾਂ ਲਿਖਵਾ ਦਿੰਦਾ ਹੈ। ਇਸ ਦੇ ਬਦਲੇ ਵਿਚ ਦਾਨਕਰਤਾ ਜਾਂ ਉਸ ਵੱਲੋਂ ਨਿਯੁਕਤ ਕੀਤੇ ਗਏ ਵਿਅਕਤੀਆਂ ਨੂੰ ਜ਼ਿੰਦਗੀ ਭਰ ਲਈ ਹਰ ਸਾਲ ਇਕ ਨਿਸ਼ਚਿਤ ਰਕਮ ਦਿੱਤੀ ਜਾਵੇਗੀ। ਇਸ ਪ੍ਰਬੰਧ ਦੇ ਸ਼ੁਰੂ ਹੋਣ ਦੇ ਸਾਲ ਤੋਂ ਹੀ ਦਾਨਕਰਤਾ ਨੂੰ ਇਨਕਮ ਟੈਕਸ ਵਿਚ ਛੋਟ ਮਿਲਣੀ ਸ਼ੁਰੂ ਹੋ ਜਾਵੇਗੀ।

ਵਸੀਅਤ ਅਤੇ ਟ੍ਰਸਟ: ਜ਼ਮੀਨ-ਜਾਇਦਾਦ ਜਾਂ ਪੈਸੇ ਇਕ ਕਾਨੂੰਨੀ ਵਸੀਅਤ ਰਾਹੀਂ Watch Tower Society ਦੇ ਨਾਂ ਤੇ ਲਿਖਵਾਏ ਜਾ ਸਕਦੇ ਹਨ ਜਾਂ ਟ੍ਰਸਟ ਦੇ ਇਕਰਾਰਨਾਮੇ ਦੇ ਲਾਭ-ਪਾਤਰ ਵਜੋਂ Watch Tower Society ਦਾ ਨਾਂ ਦਿੱਤਾ ਜਾ ਸਕਦਾ ਹੈ। ਕਿਸੇ ਧਾਰਮਿਕ ਸੰਗਠਨ ਨੂੰ ਲਾਭ ਪਹੁੰਚਾਉਣ ਵਾਲੇ ਟ੍ਰਸਟ ਨੂੰ ਟੈਕਸ ਸੰਬੰਧੀ ਕਈ ਲਾਭ ਮਿਲ ਸਕਦੇ ਹਨ।

“ਯੋਜਨਾਬੱਧ ਦਾਨ” ਸ਼ਬਦਾਂ ਦਾ ਅਰਥ ਹੀ ਇਹ ਹੈ ਕਿ ਇਸ ਤਰ੍ਹਾਂ ਦੇ ਦਾਨ ਕਰਨ ਲਈ ਇਕ ਵਿਅਕਤੀ ਨੂੰ ਸੋਚ-ਸਮਝ ਕੇ ਯੋਜਨਾ ਬਣਾਉਣੀ ਪਵੇਗੀ। ਜਿਹੜੇ ਵਿਅਕਤੀ ਕਿਸੇ ਯੋਜਨਾਬੱਧ ਦਾਨ ਰਾਹੀਂ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ-ਵਿਆਪੀ ਕੰਮ ਵਿਚ ਮਦਦ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਅੰਗ੍ਰੇਜ਼ੀ ਅਤੇ ਸਪੇਨੀ ਭਾਸ਼ਾਵਾਂ ਵਿਚ ਵਿਸ਼ਵ-ਵਿਆਪੀ ਰਾਜ ਕੰਮਾਂ ਲਈ ਯੋਜਨਾਬੱਧ ਦਾਨ ਨਾਮਕ ਬਰੋਸ਼ਰ ਤਿਆਰ ਕੀਤਾ ਗਿਆ ਹੈ। ਇਹ ਬਰੋਸ਼ਰ ਇਸ ਲਈ ਤਿਆਰ ਕੀਤਾ ਗਿਆ ਸੀ ਕਿਉਂਕਿ ਬਹੁਤ ਸਾਰੇ ਲੋਕ ਤੋਹਫ਼ੇ, ਵਸੀਅਤ ਅਤੇ ਟ੍ਰਸਟ ਸੰਬੰਧੀ ਸੋਸਾਇਟੀ ਕੋਲੋਂ ਜਾਣਕਾਰੀ ਮੰਗਦੇ ਹਨ। ਇਸ ਬਰੋਸ਼ਰ ਵਿਚ ਜ਼ਮੀਨ-ਜਾਇਦਾਦ, ਰੁਪਏ-ਪੈਸੇ ਅਤੇ ਟੈਕਸ ਸੰਬੰਧੀ ਯੋਜਨਾ ਬਣਾਉਣ ਬਾਰੇ ਵੀ ਕਾਫ਼ੀ ਫ਼ਾਇਦੇਮੰਦ ਜਾਣਕਾਰੀ ਦਿੱਤੀ ਗਈ ਹੈ। ਅਤੇ ਇਹ ਬਰੋਸ਼ਰ ਅਮਰੀਕਾ ਦੇ ਲੋਕਾਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਹੜੇ ਹੁਣ ਖ਼ਾਸ ਦਾਨ ਦੇਣ ਦੀ ਯੋਜਨਾ ਬਣਾ ਰਹੇ ਹਨ ਜਾਂ ਆਪਣੀ ਵਸੀਅਤ ਵਿਚ ਸੰਸਥਾ ਦੇ ਨਾਂ ਜਾਇਦਾਦ ਜਾਂ ਪੈਸਾ ਲਿਖਵਾਉਣਾ ਚਾਹੁੰਦੇ ਹਨ। ਇਸ ਬਰੋਸ਼ਰ ਦੀ ਮਦਦ ਨਾਲ ਉਹ ਆਪਣੇ ਪਰਿਵਾਰ ਅਤੇ ਨਿੱਜੀ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਦਾਨ ਦੇਣ ਜਾਂ ਵਸੀਅਤ ਬਣਾਉਣ ਦਾ ਸਭ ਤੋਂ ਫ਼ਾਇਦੇਮੰਦ ਅਤੇ ਵਧੀਆ ਤਰੀਕਾ ਚੁਣ ਸਕਦੇ ਹਨ। ਤੁਸੀਂ ਇਸ ਬਰੋਸ਼ਰ ਦੀ ਇਕ ਕਾਪੀ Charitable Planning Office ਕੋਲੋਂ ਲੈ ਸਕਦੇ ਹੋ।

ਇਸ ਬਰੋਸ਼ਰ ਨੂੰ ਪੜ੍ਹਨ ਅਤੇ Charitable Planning Office ਨਾਲ ਗੱਲਬਾਤ ਕਰਨ ਤੋਂ ਬਾਅਦ ਬਹੁਤ ਸਾਰੇ ਲੋਕ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀ ਮਦਦ ਕਰ ਸਕੇ ਹਨ ਤੇ ਨਾਲੋ-ਨਾਲ ਟੈਕਸ ਸੰਬੰਧੀ ਬਹੁਤ ਸਾਰੇ ਫ਼ਾਇਦੇ ਵੀ ਲੈ ਸਕੇ ਹਨ। ਜੇਕਰ ਤੁਸੀਂ ਉੱਪਰ ਦੱਸੇ ਗਏ ਕਿਸੇ ਇਕ ਤਰੀਕੇ ਨਾਲ ਦਾਨ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ Charitable Planning Office ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ ਅਤੇ ਦਾਨ ਕਰਨ ਸੰਬੰਧੀ ਲੋੜੀਂਦੇ ਕਾਗ਼ਜ਼ਾਤ ਦੀ ਇਕ ਕਾਪੀ ਇਸ ਆਫ਼ਿਸ ਨੂੰ ਭੇਜਣੀ ਚਾਹੀਦੀ ਹੈ। Charitable Planning Office ਨਾਲ ਸੰਪਰਕ ਕਰਨ ਲਈ ਹੇਠਾਂ ਦਿੱਤੇ ਗਏ ਪਤੇ ਤੇ ਜਾਂ ਆਪਣੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਨੂੰ ਲਿਖੋ ਜਾਂ ਟੈਲੀਫ਼ੋਨ ਕਰੋ।

CHARITABLE PLANNING OFFICE

Watch Tower Bible and Tract Society of Pennsylvania

100 Watchtower Drive,

Patterson, New York 12563-9204

Telephone: (845) 306-70707