Skip to content

Skip to table of contents

ਯਹੋਵਾਹ ਦੇ ਸੱਦੇ ਕਬੂਲ ਕਰਨ ਨਾਲ ਬਰਕਤਾਂ ਮਿਲਦੀਆਂ ਹਨ

ਯਹੋਵਾਹ ਦੇ ਸੱਦੇ ਕਬੂਲ ਕਰਨ ਨਾਲ ਬਰਕਤਾਂ ਮਿਲਦੀਆਂ ਹਨ

ਜੀਵਨੀ

ਯਹੋਵਾਹ ਦੇ ਸੱਦੇ ਕਬੂਲ ਕਰਨ ਨਾਲ ਬਰਕਤਾਂ ਮਿਲਦੀਆਂ ਹਨ

ਮਾਰੀਆ ਡੋ ਸੇਊ ਜ਼ਾਨਾਰਡੀ ਦੀ ਜ਼ਬਾਨੀ

“ਯਹੋਵਾਹ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ। ਜੇ ਉਸ ਨੇ ਤੈਨੂੰ ਸੱਦਾ ਭੇਜਿਆ ਹੈ, ਤਾਂ ਤੈਨੂੰ ਨਿਮਰਤਾ ਨਾਲ ਉਸ ਸੱਦੇ ਨੂੰ ਕਬੂਲ ਕਰਨਾ ਚਾਹੀਦਾ ਹੈ।” ਇਹ ਸ਼ਬਦ ਮੇਰੇ ਪਿਤਾ ਜੀ ਨੇ ਕੁਝ 45 ਸਾਲ ਪਹਿਲਾਂ ਕਹੇ ਸਨ। ਇਨ੍ਹਾਂ ਸ਼ਬਦਾਂ ਨੇ ਯਹੋਵਾਹ ਦੇ ਸੰਗਠਨ ਦੁਆਰਾ ਮੈਨੂੰ ਪੂਰੇ ਸਮੇਂ ਦੀ ਸੇਵਕਾਈ ਕਰਨ ਲਈ ਭੇਜੇ ਪਹਿਲੇ ਸੱਦੇ ਨੂੰ ਸਵੀਕਾਰ ਕਰਨ ਵਿਚ ਮੇਰੀ ਮਦਦ ਕੀਤੀ। ਮੈਂ ਅੱਜ ਵੀ ਆਪਣੇ ਪਿਤਾ ਜੀ ਦੀ ਉਸ ਸਲਾਹ ਲਈ ਧੰਨਵਾਦੀ ਹਾਂ ਕਿਉਂਕਿ ਅਜਿਹੇ ਸੱਦੇ ਸਵੀਕਾਰ ਕਰਨ ਨਾਲ ਮੈਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ।

ਸਾਲ 1928 ਵਿਚ ਪਿਤਾ ਜੀ ਨੇ ਪਹਿਰਾਬੁਰਜ ਰਸਾਲਾ ਲਗਵਾ ਲਿਆ ਤੇ ਬਾਈਬਲ ਵਿਚ ਦਿਲਚਸਪੀ ਲੈਣ ਲੱਗੇ। ਕੇਂਦਰੀ ਪੁਰਤਗਾਲ ਵਿਚ ਰਹਿੰਦਿਆਂ ਉਨ੍ਹਾਂ ਦਾ ਪਰਮੇਸ਼ੁਰ ਦੀ ਕਲੀਸਿਯਾ ਨਾਲ ਕੋਈ ਸਿੱਧਾ ਸੰਪਰਕ ਨਹੀਂ ਸੀ, ਸਿਵਾਇ ਉਨ੍ਹਾਂ ਪ੍ਰਕਾਸ਼ਨਾਂ ਦੇ ਜੋ ਉਹ ਡਾਕ ਰਾਹੀਂ ਮੰਗਵਾਉਂਦੇ ਸੀ। ਇਸ ਤੋਂ ਇਲਾਵਾ ਉਨ੍ਹਾਂ ਕੋਲ ਇਕ ਬਾਈਬਲ ਸੀ ਜੋ ਮੇਰੇ ਦਾਦਾ-ਦਾਦੀ ਜੀ ਦੀ ਸੀ। ਸਾਲ 1949 ਵਿਚ, ਜਦੋਂ ਮੈਂ 13 ਸਾਲਾਂ ਦੀ ਸੀ, ਸਾਡਾ ਪਰਿਵਾਰ ਮਾਤਾ ਜੀ ਦੇ ਦੇਸ਼ ਬ੍ਰਾਜ਼ੀਲ ਵਿਚ ਆ ਗਿਆ ਤੇ ਅਸੀਂ ਰੀਓ ਡੇ ਜਨੇਰੋ ਦੇ ਬਾਹਰੀ ਇਲਾਕੇ ਵਿਚ ਰਹਿਣ ਲੱਗ ਪਏ।

ਸਾਡੇ ਨਵੇਂ ਗੁਆਂਢੀਆਂ ਨੇ ਸਾਨੂੰ ਆਪਣੇ ਚਰਚ ਆਉਣ ਦਾ ਸੱਦਾ ਦਿੱਤਾ ਤੇ ਅਸੀਂ ਇਕ-ਦੋ ਵਾਰ ਗਏ ਵੀ। ਪਿਤਾ ਜੀ ਉਨ੍ਹਾਂ ਕੋਲੋਂ ਨਰਕ, ਆਤਮਾ ਅਤੇ ਧਰਤੀ ਦੇ ਭਵਿੱਖ ਬਾਰੇ ਸਵਾਲ ਪੁੱਛਦੇ ਹੁੰਦੇ ਸਨ, ਪਰ ਉਨ੍ਹਾਂ ਕੋਲ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਪਿਤਾ ਜੀ ਕਹਿੰਦੇ ਹੁੰਦੇ ਸਨ ਕਿ “ਲੱਗਦਾ ਹੈ ਸਾਨੂੰ ਸੱਚੇ ਬਾਈਬਲ ਵਿਦਿਆਰਥੀਆਂ ਦਾ ਇੰਤਜ਼ਾਰ ਕਰਨਾ ਪਵੇਗਾ।”

ਇਕ ਦਿਨ ਇਕ ਅੰਨ੍ਹਾ ਆਦਮੀ ਸਾਡੇ ਘਰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦੇਣ ਆਇਆ। ਪਿਤਾ ਜੀ ਨੇ ਉਸ ਨੂੰ ਵੀ ਪਹਿਲਾਂ ਵਾਲੇ ਸਵਾਲ ਪੁੱਛੇ ਤੇ ਉਸ ਨੇ ਬਾਈਬਲ ਵਿੱਚੋਂ ਠੋਸ ਜਵਾਬ ਦਿੱਤੇ। ਅਗਲੇ ਹਫ਼ਤੇ ਇਕ ਹੋਰ ਯਹੋਵਾਹ ਦੀ ਗਵਾਹ ਸਾਨੂੰ ਮਿਲਣ ਆਈ। ਹੋਰ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ, ਉਸ ਨੇ ਨਿਮਰਤਾ ਨਾਲ ਜਾਣ ਦੀ ਇਜਾਜ਼ਤ ਮੰਗੀ ਕਿਉਂਕਿ ਉਸ ਨੇ ਖੇਤਰ ਸੇਵਕਾਈ ਲਈ ਜਾਣਾ ਸੀ। ਜਦੋਂ ਪਿਤਾ ਜੀ ਨੂੰ ਉਸ ਦੀ ਗੱਲ ਸਮਝ ਨਾ ਆਈ, ਤਾਂ ਉਸ ਨੇ ਮੱਤੀ 13:38 ਪੜ੍ਹ ਕੇ ਸਮਝਾਇਆ ਕਿ ਸਾਰਾ ਜਗਤ ਸਾਡਾ ਖੇਤਰ ਹੈ ਜਿਸ ਵਿਚ ਪ੍ਰਚਾਰ ਕੀਤਾ ਜਾਣਾ ਹੈ। ਪਿਤਾ ਜੀ ਨੇ ਪੁੱਛਿਆ: “ਮੈਂ ਵੀ ਆਵਾਂ?” “ਕਿਉਂ ਨਹੀਂ,” ਉਸ ਗਵਾਹ ਨੇ ਜਵਾਬ ਦਿੱਤਾ। ਦੁਬਾਰਾ ਸੱਚਾਈ ਮਿਲਣ ਤੇ ਸਾਨੂੰ ਬੇਹੱਦ ਖ਼ੁਸ਼ੀ ਹੋਈ! ਪਿਤਾ ਜੀ ਨੇ ਅਗਲੇ ਜ਼ਿਲ੍ਹਾ ਸੰਮੇਲਨ ਵਿਚ ਬਪਤਿਸਮਾ ਲੈ ਲਿਆ ਅਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਨਵੰਬਰ 1955 ਵਿਚ ਮੈਂ ਵੀ ਬਪਤਿਸਮਾ ਲੈ ਲਿਆ।

ਆਪਣਾ ਪਹਿਲਾ ਸੱਦਾ ਸਵੀਕਾਰ ਕਰਨਾ

ਡੇਢ ਸਾਲ ਮਗਰੋਂ, ਮੈਨੂੰ ਰੀਓ ਡੇ ਜਨੇਰੋ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਤੋਂ ਇਕ ਵੱਡਾ ਸਾਰਾ ਖ਼ਾਕੀ ਲਿਫ਼ਾਫ਼ਾ ਮਿਲਿਆ ਜਿਸ ਵਿਚ ਮੈਨੂੰ ਪੂਰੇ ਸਮੇਂ ਲਈ ਪ੍ਰਚਾਰ ਕਰਨ ਦਾ ਸੱਦਾ ਦਿੱਤਾ ਗਿਆ ਸੀ। ਉਸ ਸਮੇਂ ਮੇਰੇ ਮਾਤਾ ਜੀ ਦੀ ਸਿਹਤ ਬਹੁਤ ਖ਼ਰਾਬ ਸੀ, ਇਸ ਲਈ ਮੈਂ ਆਪਣੇ ਪਿਤਾ ਜੀ ਕੋਲੋਂ ਸਲਾਹ ਮੰਗੀ। “ਯਹੋਵਾਹ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ,” ਉਨ੍ਹਾਂ ਦਾ ਜਵਾਬ ਸੀ। “ਜੇ ਉਸ ਨੇ ਤੈਨੂੰ ਸੱਦਾ ਭੇਜਿਆ ਹੈ, ਤਾਂ ਤੈਨੂੰ ਨਿਮਰਤਾ ਨਾਲ ਉਸ ਸੱਦੇ ਨੂੰ ਕਬੂਲ ਕਰਨਾ ਚਾਹੀਦਾ ਹੈ।” ਇਨ੍ਹਾਂ ਸ਼ਬਦਾਂ ਤੋਂ ਉਤਸ਼ਾਹਿਤ ਹੋ ਕੇ ਮੈਂ ਅਰਜ਼ੀ ਭਰ ਦਿੱਤੀ ਤੇ 1 ਜੁਲਾਈ 1957 ਨੂੰ ਪਾਇਨੀਅਰੀ ਕਰਨ ਲੱਗ ਪਈ। ਮੈਨੂੰ ਪਹਿਲਾਂ ਰੀਓ ਡੇ ਜਨੇਰੋ ਰਾਜ ਦੇ ਇਕ ਕਸਬੇ ਟਰੇਸ ਰੀਊਸ ਵਿਚ ਪ੍ਰਚਾਰ ਕਰਨ ਲਈ ਘੱਲਿਆ ਗਿਆ।

ਪਹਿਲਾਂ-ਪਹਿਲਾਂ ਟਰੇਸ ਰੀਊਸ ਦੇ ਲੋਕ ਸਾਡਾ ਸੰਦੇਸ਼ ਸੁਣਨ ਤੋਂ ਝਿਜਕਦੇ ਸਨ ਕਿਉਂਕਿ ਅਸੀਂ ਕੈਥੋਲਿਕ ਬਾਈਬਲ ਇਸਤੇਮਾਲ ਨਹੀਂ ਕਰਦੇ ਸਾਂ। ਪਰ ਜਦੋਂ ਅਸੀਂ ਜਰਾਲਡੂ ਰਾਮਾਲਿਊ ਨਾਮਕ ਇਕ ਕੈਥੋਲਿਕ ਆਦਮੀ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ, ਤਾਂ ਉਸ ਨੇ ਇਸ ਮਸਲੇ ਨੂੰ ਹੱਲ ਕਰਨ ਵਿਚ ਸਾਡੀ ਮਦਦ ਕੀਤੀ। ਉਸ ਦੀ ਮਦਦ ਨਾਲ ਮੈਨੂੰ ਇਕ ਬਾਈਬਲ ਮਿਲ ਗਈ ਜਿਸ ਉੱਤੇ ਉੱਥੋਂ ਦੇ ਪਾਦਰੀ ਦੇ ਦਸਤਖਤ ਕੀਤੇ ਹੋਏ ਸਨ। ਇਸ ਮਗਰੋਂ ਜਦੋਂ ਵੀ ਕੋਈ ਇਤਰਾਜ਼ ਕਰਦਾ ਸੀ, ਤਾਂ ਮੈਂ ਉਸ ਨੂੰ ਪਾਦਰੀ ਦੇ ਦਸਤਖਤ ਦਿਖਾ ਦਿੰਦੀ ਸੀ ਤੇ ਉਸ ਤੋਂ ਬਾਅਦ ਉਹ ਹੋਰ ਕੋਈ ਸਵਾਲ ਨਹੀਂ ਪੁੱਛਦਾ ਸੀ। ਬਾਅਦ ਵਿਚ ਜਰਾਲਡੂ ਨੇ ਬਪਤਿਸਮਾ ਲੈ ਲਿਆ।

ਮੈਨੂੰ ਉਦੋਂ ਬਹੁਤ ਖ਼ੁਸ਼ੀ ਹੋਈ ਜਦੋਂ 1959 ਵਿਚ ਟਰੇਸ ਰੀਊਸ ਵਿਚ ਇਕ ਸਰਕਟ ਸੰਮੇਲਨ ਹੋਇਆ। ਉਸ ਵੇਲੇ ਬਾਈਬਲ ਅਧਿਐਨ ਕਰ ਰਹੇ ਮੁੱਖ ਪੁਲਸ ਅਫ਼ਸਰ ਨੇ ਪੂਰੇ ਕਸਬੇ ਵਿਚ ਪ੍ਰੋਗ੍ਰਾਮ ਦੀ ਘੋਸ਼ਣਾ ਕਰਨ ਲਈ ਬੈਨਰ ਲਗਾਉਣ ਦਾ ਪ੍ਰਬੰਧ ਕੀਤਾ। ਟਰੇਸ ਰੀਊਸ ਵਿਚ ਤਿੰਨ ਸਾਲ ਕੰਮ ਕਰਨ ਤੋਂ ਬਾਅਦ, ਮੈਨੂੰ ਈਟੂ ਵਿਚ ਪਾਇਨੀਅਰੀ ਕਰਨ ਦਾ ਸੱਦਾ ਮਿਲਿਆ ਜੋ ਸਾਓ ਪੌਲੋ ਦੇ ਪੱਛਮ ਵਿਚ 110 ਕਿਲੋਮੀਟਰ ਦੂਰ ਹੈ।

ਲਾਲ, ਨੀਲੀਆਂ ਤੇ ਪੀਲੀਆਂ ਕਿਤਾਬਾਂ

ਕੁਝ ਚਿਰ ਭਾਲ ਕਰਨ ਤੋਂ ਬਾਅਦ, ਮੈਨੂੰ ਤੇ ਮੇਰੀ ਪਾਇਨੀਅਰ ਸਾਥੀ ਨੂੰ ਸ਼ਹਿਰ ਦੇ ਵਿਚਕਾਰ ਮਾਰੀਆ ਨਾਂ ਦੀ ਨਿੱਘੇ

ਸੁਭਾਅ ਦੀ ਵਿਧਵਾ ਦੇ ਘਰ ਆਰਾਮਦਾਇਕ ਕਮਰੇ ਕਿਰਾਏ ਤੇ ਮਿਲ ਗਏ। ਮਾਰੀਆ ਆਪਣੀਆਂ ਧੀਆਂ ਵਾਂਗ ਸਾਡੇ ਨਾਲ ਪੇਸ਼ ਆਉਂਦੀ ਸੀ। ਪਰ ਜਲਦੀ ਹੀ ਈਟੂ ਦਾ ਰੋਮਨ ਕੈਥੋਲਿਕ ਬਿਸ਼ਪ ਉਸ ਨੂੰ ਮਿਲਣ ਆਇਆ ਤੇ ਕਹਿਣ ਲੱਗਾ ਕਿ ਸਾਨੂੰ ਉਹ ਇੱਥੋਂ ਕੱਢ ਦੇਵੇ, ਪਰ ਉਸ ਨੇ ਦਲੇਰੀ ਨਾਲ ਕਿਹਾ: “ਜਦੋਂ ਮੇਰਾ ਪਤੀ ਮਰਿਆ ਸੀ, ਉਦੋਂ ਤਾਂ ਤੁਸੀਂ ਮੈਨੂੰ ਹੌਸਲਾ ਦੇਣ ਲਈ ਕੁਝ ਨਹੀਂ ਕੀਤਾ। ਇਨ੍ਹਾਂ ਯਹੋਵਾਹ ਦੇ ਗਵਾਹਾਂ ਨੇ ਮੇਰੀ ਮਦਦ ਕੀਤੀ ਹੈ ਭਾਵੇਂ ਕਿ ਮੈਂ ਇਨ੍ਹਾਂ ਦੇ ਧਰਮ ਦੀ ਨਹੀਂ ਹਾਂ।”

ਲਗਭਗ ਉਸੇ ਸਮੇਂ ਇਕ ਔਰਤ ਨੇ ਸਾਨੂੰ ਦੱਸਿਆ ਕਿ ਈਟੂ ਦੇ ਕੈਥੋਲਿਕ ਪਾਦਰੀਆਂ ਨੇ ਆਪਣੇ ਚਰਚ ਦੇ ਮੈਂਬਰਾਂ ਨੂੰ “ਸ਼ਤਾਨ ਬਾਰੇ ਲਾਲ ਕਿਤਾਬ” ਲੈਣ ਤੋਂ ਮਨ੍ਹਾ ਕੀਤਾ ਸੀ। ਉਹ “ਪਰਮੇਸ਼ੁਰ ਸੱਚਾ ਠਹਿਰੇ” ਨਾਮਕ ਬਾਈਬਲ-ਆਧਾਰਿਤ ਕਿਤਾਬ ਦੀ ਗੱਲ ਕਰ ਰਹੇ ਸਨ ਜੋ ਅਸੀਂ ਉਸ ਹਫ਼ਤੇ ਲੋਕਾਂ ਨੂੰ ਦੇ ਰਹੇ ਸਾਂ। ਕਿਉਂਕਿ ਪਾਦਰੀਆਂ ਨੇ ਲਾਲ ਕਿਤਾਬ ਤੇ “ਪਾਬੰਦੀ” ਲਾ ਦਿੱਤੀ ਸੀ, ਇਸ ਲਈ ਅਸੀਂ ਨੀਲੀ ਕਿਤਾਬ (“ਨਵੇਂ ਅਕਾਸ਼ ਅਤੇ ਨਵੀਂ ਧਰਤੀ”) ਲਈ ਪੇਸ਼ਕਾਰੀ ਤਿਆਰ ਕੀਤੀ। ਬਾਅਦ ਵਿਚ ਜਦੋਂ ਪਾਦਰੀਆਂ ਨੂੰ ਇਸ ਤਬਦੀਲੀ ਬਾਰੇ ਪਤਾ ਲੱਗਾ, ਤਾਂ ਅਸੀਂ ਪੀਲੀ ਕਿਤਾਬ (ਧਰਮ ਨੇ ਮਨੁੱਖਜਾਤੀ ਲਈ ਕੀ ਕੀਤਾ ਹੈ?) ਪੇਸ਼ ਕਰਨ ਲੱਗ ਪਏ। ਇਸੇ ਤਰ੍ਹਾਂ ਅਸੀਂ ਹਾਲਾਤਾਂ ਮੁਤਾਬਕ ਆਪਣੀ ਪੇਸ਼ਕਾਰੀ ਬਦਲਦੇ ਰਹੇ। ਵੱਖ-ਵੱਖ ਰੰਗਾਂ ਦੀਆਂ ਜਿਲਦਾਂ ਵਾਲੀਆਂ ਕਿਤਾਬਾਂ ਉਪਲਬਧ ਹੋਣ ਨਾਲ ਬੜਾ ਫ਼ਾਇਦਾ ਹੋਇਆ!

ਈਟੂ ਵਿਚ ਸਾਲ ਕੁ ਬਾਅਦ, ਮੈਨੂੰ ਟੈਲੀਗ੍ਰਾਮ ਆਇਆ ਜਿਸ ਵਿਚ ਇਕ ਰਾਸ਼ਟਰੀ ਸੰਮੇਲਨ ਦੀ ਤਿਆਰੀ ਲਈ ਰੀਓ ਡੇ ਜਨੇਰੋ ਵਿਚ ਯਹੋਵਾਹ ਦੇ ਗਵਾਹਾਂ ਦੇ ਬੈਥਲ ਘਰ ਯਾਨੀ ਸ਼ਾਖ਼ਾ ਦਫ਼ਤਰ ਵਿਚ ਥੋੜ੍ਹੇ ਸਮੇਂ ਲਈ ਕੰਮ ਕਰਨ ਦਾ ਸੱਦਾ ਦਿੱਤਾ ਗਿਆ ਸੀ। ਮੈਂ ਖ਼ੁਸ਼ੀ-ਖ਼ੁਸ਼ੀ ਇਸ ਸੱਦੇ ਨੂੰ ਕਬੂਲ ਕੀਤਾ।

ਹੋਰ ਨਿਯੁਕਤੀਆਂ ਤੇ ਚੁਣੌਤੀਆਂ

ਬੈਥਲ ਵਿਚ ਕੰਮ ਦੀ ਕੋਈ ਘਾਟ ਨਹੀਂ ਸੀ ਤੇ ਮੈਂ ਹਰ ਮੁਮਕਿਨ ਤਰੀਕੇ ਨਾਲ ਮਦਦ ਕਰਨ ਵਿਚ ਖ਼ੁਸ਼ ਸਾਂ। ਹਰ ਰੋਜ਼ ਸਵੇਰ ਨੂੰ ਦੈਨਿਕ ਪਾਠ ਦੀ ਚਰਚਾ ਵਿਚ ਅਤੇ ਹਰ ਸੋਮਵਾਰ ਸ਼ਾਮ ਪਹਿਰਾਬੁਰਜ ਦੇ ਪਰਿਵਾਰਕ ਅਧਿਐਨ ਵਿਚ ਸ਼ਾਮਲ ਹੋਣਾ ਕਿੰਨਾ ਫ਼ਾਇਦੇਮੰਦ ਸੀ! ਬੈਥਲ ਪਰਿਵਾਰ ਵਿਚ ਓਟੋ ਐਸਟਲਮਾਨ ਵਰਗੇ ਕਈ ਤਜਰਬੇਕਾਰ ਮੈਂਬਰਾਂ ਦੀਆਂ ਦਿਲੀ ਪ੍ਰਾਰਥਨਾਵਾਂ ਨੇ ਮੇਰੇ ਤੇ ਡੂੰਘਾ ਪ੍ਰਭਾਵ ਪਾਇਆ।

ਰਾਸ਼ਟਰੀ ਸੰਮੇਲਨ ਤੋਂ ਬਾਅਦ ਈਟੂ ਵਾਪਸ ਜਾਣ ਲਈ ਮੈਂ ਆਪਣਾ ਸਾਮਾਨ ਪੈਕ ਕਰ ਲਿਆ, ਪਰ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਸ਼ਾਖ਼ਾ ਨਿਗਾਹਬਾਨ ਗਰਾਂਟ ਮਿਲਰ ਨੇ ਮੈਨੂੰ ਇਕ ਚਿੱਠੀ ਦਿੱਤੀ ਜਿਸ ਵਿਚ ਬੈਥਲ ਪਰਿਵਾਰ ਦੀ ਪੱਕੀ ਮੈਂਬਰ ਬਣਨ ਲਈ ਮੈਨੂੰ ਸੱਦਾ ਦਿੱਤਾ ਗਿਆ ਸੀ। ਮੈਂ ਅਤੇ ਭੈਣ ਹੋਜ਼ਾ ਯਾਜ਼ੇਦਜੀਆਨ ਇੱਕੋ ਕਮਰੇ ਵਿਚ ਰਹਿੰਦੀਆਂ ਸਾਂ। ਭੈਣ ਹੋਜ਼ਾ ਹਾਲੇ ਵੀ ਬ੍ਰਾਜ਼ੀਲ ਬੈਥਲ ਵਿਚ ਸੇਵਾ ਕਰਦੀ ਹੈ। ਉਨ੍ਹਾਂ ਦਿਨਾਂ ਵਿਚ ਬੈਥਲ ਪਰਿਵਾਰ ਛੋਟਾ ਸੀ—ਅਸੀਂ ਸਿਰਫ਼ 28 ਜਣੇ ਸਾਂ—ਤੇ ਸਾਡਾ ਇਕ ਦੂਸਰੇ ਨਾਲ ਬੜਾ ਲਗਾਅ ਸੀ।

ਸਾਲ 1964 ਵਿਚ ਪੂਰੇ ਸਮੇਂ ਦਾ ਇਕ ਨੌਜਵਾਨ ਸੇਵਕ ਜ਼ਵਾਉਨ ਜ਼ਨਾਰਡੀ ਸਿਖਲਾਈ ਲੈਣ ਲਈ ਬੈਥਲ ਆਇਆ। ਉਸ ਨੂੰ ਨੇੜੇ ਹੀ ਕਿਤੇ ਸਰਕਟ ਸੇਵਕ ਜਾਂ ਸਫ਼ਰੀ ਨਿਗਾਹਬਾਨ ਨਿਯੁਕਤ ਕੀਤਾ ਗਿਆ ਸੀ। ਅਸੀਂ ਕਦੀ-ਕਦੀ ਮਿਲਦੇ ਹੁੰਦੇ ਸੀ ਜਦੋਂ ਉਹ ਆਪਣੀਆਂ ਰਿਪੋਰਟਾਂ ਦੇਣ ਬੈਥਲ ਆਉਂਦਾ ਹੁੰਦਾ ਸੀ। ਸ਼ਾਖ਼ਾ ਨਿਗਾਹਬਾਨ ਨੇ ਜ਼ਵਾਉਨ ਨੂੰ ਸੋਮਵਾਰ ਸ਼ਾਮ ਨੂੰ ਪਹਿਰਾਬੁਰਜ ਅਧਿਐਨ ਵਿਚ ਆਉਣ ਦੀ ਇਜਾਜ਼ਤ ਦੇ ਦਿੱਤੀ ਜਿਸ ਕਰਕੇ ਅਸੀਂ ਇਕ ਦੂਸਰੇ ਨਾਲ ਹੋਰ ਜ਼ਿਆਦਾ ਸਮਾਂ ਬਿਤਾ ਸਕੇ। ਅਗਸਤ 1965 ਵਿਚ ਮੇਰਾ ਤੇ ਜ਼ਵਾਉਨ ਦਾ ਵਿਆਹ ਹੋ ਗਿਆ। ਮੈਂ ਆਪਣੇ ਪਤੀ ਨਾਲ ਸਰਕਟ ਕੰਮ ਵਿਚ ਜਾਣ ਦੇ ਸੱਦੇ ਨੂੰ ਖ਼ੁਸ਼ੀ ਨਾਲ ਸਵੀਕਾਰ ਕਰ ਲਿਆ।

ਉਨ੍ਹਾਂ ਦਿਨਾਂ ਵਿਚ ਬ੍ਰਾਜ਼ੀਲ ਦੇ ਅੰਦਰੂਨੀ ਭਾਗਾਂ ਵਿਚ ਸਫ਼ਰੀ ਕੰਮ ਕਰਨਾ ਇਕ ਬੜਾ ਹੀ ਅਨੋਖਾ ਤਜਰਬਾ ਸੀ। ਮੈਨੂੰ ਉਹ ਸਫ਼ਰ ਕਦੀ ਨਹੀਂ ਭੁੱਲਣਗੇ ਜਦੋਂ ਅਸੀਂ ਮੀਨਾ ਜ਼ਰਾਈਸ ਰਾਜ ਦੇ ਆਰਾਨਾ ਕਸਬੇ ਦੇ ਪ੍ਰਕਾਸ਼ਕਾਂ ਨੂੰ ਮਿਲਣ ਜਾਂਦੇ ਹੁੰਦੇ ਸੀ। ਸਾਨੂੰ ਸੂਟਕੇਸ, ਟਾਈਪ ਰਾਈਟਰ, ਸਲਾਈਡ ਪ੍ਰੋਜੈਕਟਰ, ਪ੍ਰੀਚਿੰਗ ਬੈਗ ਅਤੇ ਸਾਹਿੱਤ ਲੈ ਕੇ ਟ੍ਰੇਨ ਰਾਹੀਂ ਜਾਣਾ ਪੈਂਦਾ ਸੀ ਤੇ ਬਾਕੀ ਰਸਤਾ ਪੈਦਲ ਤੁਰਨਾ ਪੈਂਦਾ ਸੀ। ਇਕ ਬਜ਼ੁਰਗ ਭਰਾ ਲੁਰੀਵਲ ਸ਼ਾਂਟਾਲ ਨੂੰ ਮਿਲ ਕੇ ਸਾਨੂੰ ਬੜੀ ਖ਼ੁਸ਼ੀ ਹੁੰਦੀ ਸੀ ਜੋ ਸਾਡਾ ਸਾਮਾਨ ਚੁਕਵਾਉਣ ਵਿਚ ਸਾਡੀ ਮਦਦ ਕਰਨ ਲਈ ਸਟੇਸ਼ਨ ਤੇ ਹਮੇਸ਼ਾ ਇੰਤਜ਼ਾਰ ਕਰਦਾ ਸੀ।

ਆਰਾਨਾ ਵਿਚ ਕਿਰਾਏ ਤੇ ਲਏ ਘਰ ਵਿਚ ਸਭਾਵਾਂ ਕੀਤੀਆਂ ਜਾਂਦੀਆਂ ਸਨ। ਅਸੀਂ ਘਰ ਦੇ ਪਿਛਲੇ ਪਾਸੇ ਇਕ ਛੋਟੇ ਜਿਹੇ ਕਮਰੇ ਵਿਚ ਸੌਂਦੇ ਸਾਂ। ਕਮਰੇ ਦੇ ਇਕ ਪਾਸੇ ਅਸੀਂ ਲੱਕੜਾਂ ਬਾਲ ਕੇ ਉਸ ਉੱਤੇ ਖਾਣਾ ਪਕਾਉਂਦੇ ਸਾਂ ਤੇ ਪਾਣੀ ਗਰਮ ਕਰਦੇ ਸਾਂ ਜੋ ਭਰਾ ਬਾਲਟੀਆਂ ਵਿਚ ਸਾਡੇ ਲਈ ਲਿਆਉਂਦੇ ਸੀ। ਨੇੜੇ ਹੀ ਬਾਂਸ ਦੇ ਖੇਤ ਵਿਚਕਾਰ ਇਕ ਟੋਆ ਸੀ ਜਿਸ ਨੂੰ ਅਸੀਂ ਟਾਇਲਟ ਦੇ ਤੌਰ ਤੇ ਵਰਤਦੇ ਸਾਂ। ਸ਼ਾਗਸ ਰੋਗ ਫੈਲਾਉਣ ਵਾਲੇ ਬਾਰਬਰ ਬੀਟਲ ਕੀੜਿਆਂ ਤੋਂ ਬਚਣ ਲਈ ਅਸੀਂ ਸਾਰੀ ਰਾਤ ਗੈਸ ਵਾਲਾ ਲੈਂਪ ਜਗਦਾ ਰੱਖਦੇ ਸਾਂ। ਸਵੇਰ ਨੂੰ ਹਮੇਸ਼ਾ ਸਾਡੀਆਂ ਨਾਸਾਂ ਧੂੰਏ ਨਾਲ ਕਾਲੀਆਂ ਹੋਈਆਂ ਹੁੰਦੀਆਂ ਸਨ। ਇਹ ਆਪਣੇ ਆਪ ਵਿਚ ਇਕ ਵੱਖਰਾ ਹੀ ਤਜਰਬਾ ਸੀ!

ਪਰਾਨਾ ਰਾਜ ਦੇ ਸਰਕਟ ਵਿਚ ਸੇਵਾ ਕਰਦਿਆਂ ਸਾਨੂੰ ਸ਼ਾਖ਼ਾ ਦਫ਼ਤਰ ਤੋਂ ਫਿਰ ਇਕ ਵੱਡਾ ਸਾਰਾ ਖ਼ਾਕੀ ਲਿਫ਼ਾਫ਼ਾ ਮਿਲਿਆ। ਇਹ ਯਹੋਵਾਹ ਦੇ ਸੰਗਠਨ ਵੱਲੋਂ ਇਕ ਹੋਰ ਸੱਦਾ ਸੀ—ਇਸ ਵਾਰ ਅਸੀਂ ਪੁਰਤਗਾਲ ਵਿਚ ਸੇਵਾ ਕਰਨ ਜਾਣਾ ਸੀ। ਚਿੱਠੀ ਵਿਚ ਸਾਨੂੰ ਲੂਕਾ 14:28 ਦੇ ਸਿਧਾਂਤ ਤੇ ਗੌਰ ਕਰਨ ਤੇ ਇਸ ਨਿਯੁਕਤੀ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਸੋਚ-ਵਿਚਾਰ ਕਰਨ ਦੀ ਸਲਾਹ ਦਿੱਤੀ ਗਈ ਸੀ ਕਿਉਂਕਿ ਉੱਥੇ ਸਾਡੇ ਮਸੀਹੀ ਕੰਮ ਤੇ ਪਾਬੰਦੀ ਲੱਗੀ ਹੋਈ ਸੀ ਤੇ ਪੁਰਤਗਾਲੀ ਸਰਕਾਰ ਨੇ ਪਹਿਲਾਂ ਹੀ ਕਈ ਭਰਾਵਾਂ ਨੂੰ ਗਿਰਫ਼ਤਾਰ ਕਰ ਲਿਆ ਸੀ।

ਕੀ ਅਸੀਂ ਅਜਿਹੀ ਜਗ੍ਹਾ ਜਾਵਾਂਗੇ ਜਿੱਥੇ ਅਜਿਹੀ ਸਤਾਹਟ ਦਾ ਸਾਮ੍ਹਣਾ ਕਰਨਾ ਪਵੇਗਾ? “ਜੇ ਸਾਡੇ ਪੁਰਤਗਾਲੀ ਭਰਾ ਉੱਥੇ ਰਹਿ ਕੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਸਕਦੇ ਹਨ, ਤਾਂ ਅਸੀਂ ਕਿਉਂ ਨਹੀਂ ਕਰ ਸਕਦੇ?” ਜ਼ਵਾਉਨ ਨੇ ਕਿਹਾ। ਆਪਣੇ ਪਿਤਾ ਜੀ ਦੇ ਹੌਸਲੇ ਭਰੇ ਸ਼ਬਦਾਂ ਨੂੰ ਚੇਤੇ ਕਰਦੀ ਹੋਈ ਮੈਂ ਹਾਮੀ ਭਰੀ: “ਜੇ ਯਹੋਵਾਹ ਨੇ ਸਾਨੂੰ ਸੱਦਾ ਭੇਜਿਆ ਹੈ, ਤਾਂ ਸਾਨੂੰ ਇਸ ਨੂੰ ਕਬੂਲ ਕਰਨਾ ਚਾਹੀਦਾ ਹੈ ਤੇ ਉਸ ਵਿਚ ਭਰੋਸਾ ਰੱਖਣਾ ਚਾਹੀਦਾ ਹੈ।” ਇਸ ਤੋਂ ਜਲਦੀ ਬਾਅਦ ਅਸੀਂ ਅੱਗੋਂ ਹਿਦਾਇਤਾਂ ਲੈਣ ਤੇ ਸਫ਼ਰ ਲਈ ਆਪਣੇ ਕਾਗਜ਼-ਪੱਤਰ ਤਿਆਰ ਕਰਨ ਲਈ ਸਾਓ ਪੌਲੋ ਬੈਥਲ ਚਲੇ ਗਏ।

ਜ਼ਵਾਉਨ ਮਾਰੀਆ ਤੇ ਮਾਰੀਆ ਜ਼ਵਾਉਨ

ਸਾਓ ਪੌਲੋ ਰਾਜ ਦੀ ਸੈਂਟਸ ਬੰਦਰਗਾਹ ਤੋਂ ਸਾਡੀ ਇਉਜ਼ੇਨਯੂ ਸੇ ਨਾਮਕ ਕਿਸ਼ਤੀ 6 ਸਤੰਬਰ 1969 ਨੂੰ ਚੱਲ ਪਈ। ਨੌਂ ਦਿਨਾਂ ਦੇ ਸਮੁੰਦਰੀ ਸਫ਼ਰ ਤੋਂ ਬਾਅਦ ਅਸੀਂ ਪੁਰਤਗਾਲ ਪਹੁੰਚ ਗਏ। ਸਭ ਤੋਂ ਪਹਿਲਾਂ ਅਸੀਂ ਕੁਝ ਮਹੀਨੇ ਲਿਸਬਨ ਦੇ ਪੁਰਾਣੇ ਜ਼ਿਲ੍ਹੇ ਵਿਚ ਅਲਫ਼ਾਮਾ ਤੇ ਮੋਰਾਰੀਆ ਸ਼ਹਿਰਾਂ ਦੀਆਂ ਤੰਗ ਗਲੀਆਂ ਵਿਚ ਤਜਰਬੇਕਾਰ ਭਰਾਵਾਂ ਨਾਲ ਕੰਮ ਕੀਤਾ। ਉਨ੍ਹਾਂ ਨੇ ਸਾਨੂੰ ਚੁਕੰਨੇ ਰਹਿਣਾ ਸਿਖਾਇਆ ਤਾਂਕਿ ਅਸੀਂ ਆਸਾਨੀ ਨਾਲ ਪੁਲਸ ਦੇ ਹੱਥ ਨਾ ਆਈਏ।

ਕਲੀਸਿਯਾ ਸਭਾਵਾਂ ਗਵਾਹਾਂ ਦੇ ਘਰਾਂ ਵਿਚ ਹੁੰਦੀਆਂ ਸਨ। ਜਦੋਂ ਅਸੀਂ ਦੇਖਦੇ ਸਾਂ ਕਿ ਗੁਆਂਢੀਆਂ ਨੂੰ ਸ਼ੱਕ ਪੈ ਰਿਹਾ ਹੈ, ਤਾਂ ਜਲਦੀ ਹੀ ਅਸੀਂ ਕਿਸੇ ਹੋਰ ਥਾਂ ਤੇ ਸਭਾਵਾਂ ਕਰਨ ਲੱਗ ਪੈਂਦੇ ਸਾਂ ਤਾਂਕਿ ਪੁਲਸ ਭਰਾਵਾਂ ਦੇ ਘਰਾਂ ਤੇ ਛਾਪੇ ਨਾ ਮਾਰੇ ਜਾਂ ਭਰਾ ਗਿਰਫ਼ਤਾਰ ਨਾ ਹੋਣ। ਸਾਡੀਆਂ ਪਿਕਨਿਕਾਂ ਯਾਨੀ ਸੰਮੇਲਨ ਮੌਨਸਾਂਟੂ ਪਾਰਕ ਵਿਚ, ਲਿਸਬਨ ਦੇ ਬਾਹਰੀ ਭਾਗਾਂ ਵਿਚ ਅਤੇ ਸਮੁੰਦਰੀ ਤੱਟ ਉੱਤੇ ਇਕ ਰੁੱਖਾਂ ਨਾਲ ਭਰੀ ਥਾਂ ਕੌਸਟਾ ਡਾ ਕਾਪਾਰੀਕਾ ਵਿਚ ਹੁੰਦੀਆਂ ਸਨ। ਇਨ੍ਹਾਂ ਮੌਕਿਆਂ ਤੇ ਅਸੀਂ ਸਾਧਾਰਣ ਜਿਹੇ ਕੱਪੜੇ ਪਾਉਂਦੇ ਸਾਂ ਤੇ ਨਜ਼ਰ ਰੱਖਣ ਲਈ ਵੱਖ-ਵੱਖ ਥਾਂਵਾਂ ਤੇ ਚੁਕੰਨੇ ਭਰਾ ਖੜ੍ਹੇ ਹੁੰਦੇ ਸਨ। ਜੇ ਕੋਈ ਅਜਨਬੀ ਆ ਜਾਂਦਾ ਸੀ, ਤਾਂ ਅਸੀਂ ਫਟਾਫਟ ਕੋਈ ਖੇਡ ਖੇਡਣ ਲੱਗ ਪੈਂਦੇ ਸਾਂ, ਪਿਕਨਿਕ ਦਾ ਮਾਹੌਲ ਪੈਦਾ ਕਰ ਲੈਂਦੇ ਸੀ ਜਾਂ ਲੋਕ ਗੀਤ ਗਾਉਣ ਲੱਗ ਪੈਂਦੇ ਸਾਂ।

ਅਸੀਂ ਆਪਣੇ ਅਸਲੀ ਨਾਂ ਨਹੀਂ ਵਰਤਦੇ ਸਾਂ ਤਾਂਕਿ ਸੁਰੱਖਿਆ ਪੁਲਸ ਸਾਨੂੰ ਆਸਾਨੀ ਨਾਲ ਨਾ ਪਛਾਣ ਸਕੇ। ਭਰਾ ਸਾਨੂੰ ਜ਼ਵਾਉਨ ਮਾਰੀਆ ਤੇ ਮਾਰੀਆ ਜ਼ਵਾਉਨ ਨਾਂ ਤੋਂ ਜਾਣਦੇ ਸਨ। ਸਾਡੇ ਨਾਂ ਕਿਸੇ ਚਿੱਠੀ ਜਾਂ ਰਿਕਾਰਡ ਤੇ ਨਹੀਂ ਲਿਖੇ ਜਾਂਦੇ ਸਨ। ਇਸ ਦੀ ਬਜਾਇ ਸਾਨੂੰ ਨੰਬਰ ਦਿੱਤੇ ਗਏ ਸਨ। ਮੈਂ ਪੂਰੀ ਕੋਸ਼ਿਸ਼ ਕਰਦੀ ਸੀ ਕਿ ਭਰਾਵਾਂ ਦੇ ਪਤੇ ਯਾਦ ਨਾ ਕਰਾਂ ਤਾਂਕਿ ਗਿਰਫ਼ਤਾਰ ਹੋਣ ਤੇ ਮੈਂ ਉਨ੍ਹਾਂ ਨੂੰ ਨਾ ਫੜਵਾ ਸਕਾਂ।

ਪਾਬੰਦੀਆਂ ਦੇ ਬਾਵਜੂਦ, ਜ਼ਵਾਉਨ ਨੇ ਤੇ ਮੈਂ ਗਵਾਹੀ ਦੇਣ ਦੇ ਹਰੇਕ ਮੌਕੇ ਦਾ ਫ਼ਾਇਦਾ ਉਠਾਉਣ ਦਾ ਇਰਾਦਾ ਕੀਤਾ ਹੋਇਆ ਸੀ ਕਿਉਂਕਿ ਅਸੀਂ ਜਾਣਦੇ ਸੀ ਕਿ ਅਸੀਂ ਕਿਸੇ ਵੀ ਘੜੀ ਆਪਣੀ ਆਜ਼ਾਦੀ ਤੋਂ ਵਾਂਝੇ ਹੋ ਸਕਦੇ ਸਾਂ। ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਉੱਤੇ ਭਰੋਸਾ ਰੱਖਣਾ ਸਿੱਖਿਆ। ਉਸ ਨੇ ਇਸ ਤਰੀਕੇ ਨਾਲ ਆਪਣੇ ਦੂਤਾਂ ਨੂੰ ਇਸਤੇਮਾਲ ਕਰ ਕੇ ਸਾਡੀ ਰੱਖਿਆ ਕੀਤੀ ਕਿ ਸਾਨੂੰ ਇੰਝ ਲੱਗਾ ਕਿ ਅਸੀਂ “ਅਣਦੇਖੇ ਪਰਮੇਸ਼ਰ ਦਾ ਦਰਸ਼ਨ ਕਰ ਲਿਆ ਸੀ।”—ਇਬਰਾਨੀਆਂ 11:27, ਪੰਜਾਬੀ ਬਾਈਬਲ ਨਵਾਂ ਅਨੁਵਾਦ।

ਇਕ ਵਾਰ ਪੋਰਟੂ ਵਿਚ ਇਕ ਭੈਣ ਨਾਲ ਘਰ-ਘਰ ਪ੍ਰਚਾਰ ਕਰਦੇ ਸਮੇਂ ਅਸੀਂ ਇਕ ਆਦਮੀ ਨੂੰ ਮਿਲੀਆਂ ਜੋ ਸਾਨੂੰ ਵਾਰ-ਵਾਰ ਅੰਦਰ ਆਉਣ ਲਈ ਕਹਿ ਰਿਹਾ ਸੀ। ਭੈਣ ਬਿਨਾਂ ਡਰੇ ਅੰਦਰ ਚਲੀ ਗਈ ਤੇ ਮੈਨੂੰ ਵੀ ਉਸ ਦੇ ਨਾਲ ਅੰਦਰ ਜਾਣਾ ਪਿਆ। ਕਮਰੇ ਵਿਚ ਫ਼ੌਜੀ ਵਰਦੀ ਪਹਿਨੇ ਕਿਸੇ ਦੀ ਫੋਟੋ ਦੇਖ ਕੇ ਮੈਂ ਡਰ ਨਾਲ ਕੰਬ ਗਈ। ਹੁਣ ਕੀ ਕਰੀਏ? ਉਸ ਆਦਮੀ ਨੇ ਸਾਨੂੰ ਬਿਠਾਇਆ ਤੇ ਮੇਰੇ ਕੋਲੋਂ ਪੁੱਛਿਆ: “ਜੇ ਤੇਰੇ ਪੁੱਤਰ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਬੁਲਾਇਆ ਗਿਆ ਤਾਂ ਕੀ ਤੂੰ ਉਸ ਨੂੰ ਭੇਜੇਂਗੀ?” ਇਹ ਬੜੀ ਨਾਜ਼ੁਕ ਸਥਿਤੀ ਸੀ। ਮਨ ਹੀ ਮਨ ਵਿਚ ਪ੍ਰਾਰਥਨਾ ਕਰਨ ਤੋਂ ਬਾਅਦ ਮੈਂ ਸ਼ਾਂਤ ਆਵਾਜ਼ ਵਿਚ ਜਵਾਬ ਦਿੱਤਾ: “ਮੇਰਾ ਕੋਈ ਬੱਚਾ ਨਹੀਂ ਹੈ, ਤੇ ਮੈਨੂੰ ਯਕੀਨ ਹੈ ਕਿ ਜੇ ਮੈਂ ਇਹੀ ਸਵਾਲ ਤੁਹਾਨੂੰ ਪੁੱਛਦੀ, ਤਾਂ ਤੁਸੀਂ ਵੀ ਮੈਨੂੰ ਇਹੋ ਜਵਾਬ ਦਿੰਦੇ।” ਉਹ ਚੁੱਪ ਕਰ ਗਿਆ। ਇਸ ਲਈ ਮੈਂ ਕਿਹਾ: “ਹੁਣ ਜੇ ਤੁਸੀਂ ਮੈਨੂੰ ਪੁੱਛਿਆ ਹੁੰਦਾ ਕਿ ਇਕ ਭਰਾ ਦੇ ਜਾਂ ਪਿਤਾ ਜੀ ਦੇ ਮਰਨ ਤੇ ਮੈਨੂੰ ਕਿੱਦਾਂ ਦਾ ਲੱਗਦਾ, ਤਾਂ ਮੈਂ ਤੁਹਾਨੂੰ ਜਵਾਬ ਦੇ ਸਕਦੀ ਹਾਂ ਕਿਉਂਕਿ ਮੇਰੇ ਭਰਾ ਤੇ ਪਿਤਾ ਜੀ ਦੋਹਾਂ ਦੀ ਮੌਤ ਹੋ ਚੁੱਕੀ ਹੈ।” ਬੋਲਦੇ-ਬੋਲਦੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ ਤੇ ਮੈਂ ਦੇਖਿਆ ਕਿ ਉਹ ਵੀ ਬਸ ਰੋਣ ਹੀ ਵਾਲਾ ਸੀ। ਉਸ ਨੇ ਦੱਸਿਆ ਕਿ ਹਾਲ ਹੀ ਵਿਚ ਉਸ ਦੀ ਪਤਨੀ ਦੀ ਮੌਤ ਹੋਈ ਸੀ। ਜਦੋਂ ਮੈਂ ਉਸ ਨੂੰ ਪੁਨਰ-ਉਥਾਨ ਦੀ ਉਮੀਦ ਬਾਰੇ ਦੱਸਿਆ, ਤਾਂ ਉਸ ਨੇ ਧਿਆਨ ਨਾਲ ਸੁਣਿਆ। ਫਿਰ ਅਸੀਂ ਨਿਮਰਤਾ ਸਹਿਤ ਅਲਵਿਦਾ ਕਹੀ ਤੇ ਮਾਮਲੇ ਨੂੰ ਯਹੋਵਾਹ ਦੇ ਹੱਥਾਂ ਵਿਚ ਛੱਡਦਿਆਂ ਠੀਕ-ਠਾਕ ਬਾਹਰ ਆ ਗਈਆਂ।

ਪਾਬੰਦੀ ਦੇ ਬਾਵਜੂਦ, ਸੱਚੇ ਦਿਲ ਵਾਲੇ ਲੋਕਾਂ ਦੀ ਸੱਚਾਈ ਦਾ ਗਿਆਨ ਲੈਣ ਵਿਚ ਮਦਦ ਕੀਤੀ ਗਈ। ਪੋਰਟੂ ਵਿਚ ਮੇਰੇ ਪਤੀ ਨੇ ਇਕ ਓਰੇਸੀਊ ਨਾਮਕ ਵਪਾਰੀ ਨੂੰ ਅਧਿਐਨ ਕਰਵਾਇਆ ਜਿਸ ਨੇ ਤੇਜ਼ੀ ਨਾਲ ਤਰੱਕੀ ਕੀਤੀ। ਬਾਅਦ ਵਿਚ ਉਸ ਦੇ ਡਾਕਟਰ ਮੁੰਡੇ ਏਮੀਲੀਊ ਨੇ ਵੀ ਯਹੋਵਾਹ ਦੀ ਸੇਵਾ ਕਰਨ ਦਾ ਮਨ ਬਣਾਇਆ ਤੇ ਬਪਤਿਸਮਾ ਲੈ ਲਿਆ। ਸੱਚ-ਮੁੱਚ ਯਹੋਵਾਹ ਦੀ ਪਵਿੱਤਰ ਆਤਮਾ ਨੂੰ ਕੋਈ ਨਹੀਂ ਰੋਕ ਸਕਦਾ।

“ਕੀ ਪਤਾ ਯਹੋਵਾਹ ਦੀ ਕੀ ਮਰਜ਼ੀ ਹੈ”

ਸਾਲ 1973 ਵਿਚ ਜ਼ਵਾਉਨ ਤੇ ਮੈਨੂੰ ਬੈਲਜੀਅਮ ਦੇ ਸ਼ਹਿਰ ਬ੍ਰੱਸਲਜ਼ ਵਿਚ ਅੰਤਰਰਾਸ਼ਟਰੀ ਸੰਮੇਲਨ “ਪਰਮੇਸ਼ੁਰੀ ਜਿੱਤ” ਵਿਚ ਜਾਣ ਦਾ ਸੱਦਾ ਮਿਲਿਆ। ਇਸ ਵਿਚ ਹਜ਼ਾਰਾਂ ਹੀ ਸਪੇਨੀ ਤੇ ਬੈਲਜੀਅਨ ਭਰਾਵਾਂ ਤੋਂ ਇਲਾਵਾ ਮੋਜ਼ਾਮਬੀਕ, ਅੰਗੋਲਾ, ਕੇਪ ਵਰਡ, ਮੇਡੀਅਰਾ ਤੇ ਅਜ਼ੋਰਸ ਦੇ ਭਰਾ ਵੀ ਆਏ ਹੋਏ ਸਨ। ਨਿਊਯਾਰਕ ਵਿਚ ਸਾਡੇ ਮੁੱਖ ਦਫ਼ਤਰ ਤੋਂ ਆਏ ਭਰਾ ਨੌਰ ਨੇ ਆਪਣੇ ਭਾਸ਼ਣ ਦੇ ਅਖ਼ੀਰ ਵਿਚ ਕਿਹਾ: “ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੋ। ਕੀ ਪਤਾ ਯਹੋਵਾਹ ਦੀ ਕੀ ਮਰਜ਼ੀ ਹੈ। ਕੌਣ ਜਾਣਦਾ ਸ਼ਾਇਦ ਤੁਹਾਡਾ ਅਗਲਾ ਅੰਤਰਰਾਸ਼ਟਰੀ ਸੰਮੇਲਨ ਪੁਰਤਗਾਲ ਵਿਚ ਹੋਵੇ!”

ਅਗਲੇ ਸਾਲ ਪੁਰਤਗਾਲ ਵਿਚ ਪ੍ਰਚਾਰ ਦੇ ਕੰਮ ਨੂੰ ਕਾਨੂੰਨੀ ਮਾਨਤਾ ਮਿਲ ਗਈ। ਭਰਾ ਨੌਰ ਦੇ ਸ਼ਬਦ ਸੱਚ ਸਾਬਤ ਹੋਏ, ਜਦੋਂ 1978 ਵਿਚ ਸਾਡਾ ਪਹਿਲਾ ਅੰਤਰਰਾਸ਼ਟਰੀ ਸੰਮੇਲਨ ਲਿਸਬਨ ਵਿਚ ਹੋਇਆ। ਲਿਸਬਨ ਦੀਆਂ ਸੜਕਾਂ ਉੱਤੇ ਇਸ਼ਤਿਹਾਰਾਂ ਤੇ ਰਸਾਲਿਆਂ ਨਾਲ ਗਵਾਹੀ ਦੇਣੀ ਤੇ ਪਬਲਿਕ ਭਾਸ਼ਣ ਦੇ ਸੱਦੇ ਦੇਣ ਦਾ ਸਾਨੂੰ ਕਿੰਨਾ ਵਧੀਆ ਵਿਸ਼ੇਸ਼-ਸਨਮਾਨ ਮਿਲਿਆ! ਸਾਡਾ ਸੁਪਨਾ ਸਾਕਾਰ ਹੋ ਗਿਆ ਸੀ।

ਆਪਣੇ ਪੁਰਤਗਾਲੀ ਭਰਾਵਾਂ ਨਾਲ ਸਾਡਾ ਗੂੜ੍ਹਾ ਪਿਆਰ ਸੀ ਜਿਨ੍ਹਾਂ ਵਿੱਚੋਂ ਕਈਆਂ ਨੂੰ ਮਸੀਹੀ ਨਿਰਪੱਖਤਾ ਰੱਖਣ ਕਰਕੇ ਜੇਲ੍ਹ ਜਾਣਾ ਪਿਆ ਤੇ ਤਸੀਹੇ ਸਹਿਣੇ ਪਏ। ਸਾਡੀ ਇੱਛਾ ਸੀ ਕਿ ਅਸੀਂ ਪੁਰਤਗਾਲ ਵਿਚ ਸੇਵਾ ਕਰਦੇ ਰਹੀਏ। ਪਰ ਸਾਡੀ ਇਹ ਇੱਛਾ ਪੂਰੀ ਨਹੀਂ ਹੋਈ। ਸਾਲ 1982 ਵਿਚ ਜ਼ਵਾਉਨ ਨੂੰ ਦਿਲ ਦੀ ਗੰਭੀਰ ਬੀਮਾਰੀ ਲੱਗ ਗਈ ਤੇ ਸ਼ਾਖ਼ਾ ਦਫ਼ਤਰ ਨੇ ਸਾਨੂੰ ਬ੍ਰਾਜ਼ੀਲ ਵਾਪਸ ਜਾਣ ਦਾ ਸੁਝਾਅ ਦਿੱਤਾ।

ਦੁੱਖ ਦੀ ਘੜੀ

ਬ੍ਰਾਜ਼ੀਲ ਸ਼ਾਖ਼ਾ ਦਫ਼ਤਰ ਦੇ ਭਰਾਵਾਂ ਨੇ ਸਾਡੀ ਬੜੀ ਮਦਦ ਕੀਤੀ ਅਤੇ ਉਨ੍ਹਾਂ ਨੇ ਸਾਨੂੰ ਸਾਓ ਪੌਲੋ ਰਾਜ ਦੇ ਸ਼ਹਿਰ ਟਾਉਬਾਟੇ ਵਿਚ ਕੀਰੀਰੀਨ ਕਲੀਸਿਯਾ ਵਿਚ ਸੇਵਾ ਕਰਨ ਲਈ ਨਿਯੁਕਤ ਕਰ ਦਿੱਤਾ। ਜ਼ਵਾਉਨ ਦੀ ਸਿਹਤ ਤੇਜ਼ੀ ਨਾਲ ਵਿਗੜਦੀ ਗਈ ਤੇ ਜਲਦੀ ਹੀ ਉਹ ਮੰਜੇ ਤੇ ਪੈ ਗਿਆ। ਦਿਲਚਸਪੀ ਰੱਖਣ ਵਾਲੇ ਲੋਕ ਬਾਈਬਲ ਦਾ ਅਧਿਐਨ ਕਰਨ ਲਈ ਸਾਡੇ ਘਰ ਆਉਂਦੇ ਸਨ ਤੇ ਹਰ ਰੋਜ਼ ਸਾਡੇ ਘਰ ਖੇਤਰ ਸੇਵਾ ਲਈ ਸਭਾਵਾਂ ਹੁੰਦੀਆਂ ਸਨ। ਸਾਡੇ ਘਰ ਪੁਸਤਕ ਅਧਿਐਨ ਵੀ ਹੁੰਦਾ ਸੀ। ਇਨ੍ਹਾਂ ਪ੍ਰਬੰਧਾਂ ਨੇ ਅਧਿਆਤਮਿਕ ਤੌਰ ਤੇ ਮਜ਼ਬੂਤ ਬਣੇ ਰਹਿਣ ਵਿਚ ਸਾਡੀ ਮਦਦ ਕੀਤੀ।

ਜ਼ਵਾਉਨ 1 ਅਕਤੂਬਰ 1985 ਵਿਚ ਆਪਣੀ ਮੌਤ ਤਕ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਦਾ ਰਿਹਾ। ਉਸ ਦੀ ਮੌਤ ਮਗਰੋਂ ਮੈਂ ਬਹੁਤ ਦੁਖੀ ਤੇ ਨਿਰਾਸ਼ ਸੀ, ਪਰ ਮੈਂ ਪੂਰੇ ਸਮੇਂ ਦੀ ਸੇਵਾ ਜਾਰੀ ਰੱਖਣ ਦੀ ਠਾਣੀ ਸੀ। ਅਪ੍ਰੈਲ 1986 ਵਿਚ ਮੈਨੂੰ ਦੂਜਾ ਧੱਕਾ ਉਦੋਂ ਲੱਗਾ ਜਦੋਂ ਚੋਰਾਂ ਨੇ ਮੇਰੇ ਘਰ ਸੰਨ੍ਹ ਮਾਰ ਕੇ ਸਭ ਕੁਝ ਚੁਰਾ ਲਿਆ। ਜ਼ਿੰਦਗੀ ਵਿਚ ਪਹਿਲੀ ਵਾਰੀ ਮੈਂ ਆਪਣੇ ਆਪ ਨੂੰ ਇਕੱਲੀ ਮਹਿਸੂਸ ਕੀਤਾ ਤੇ ਡਰ ਗਈ। ਇਕ ਵਿਆਹੁਤਾ ਜੋੜੇ ਨੇ ਕੁਝ ਚਿਰ ਰਹਿਣ ਵਾਸਤੇ ਮੈਨੂੰ ਆਪਣੇ ਘਰ ਬੁਲਾਇਆ ਜਿਸ ਦੇ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਸੀ।

ਜ਼ਵਾਉਨ ਦੀ ਮੌਤ ਅਤੇ ਮੇਰੇ ਘਰ ਹੋਈ ਚੋਰੀ ਦਾ ਮੇਰੇ ਪ੍ਰਚਾਰ ਕੰਮ ਤੇ ਵੀ ਅਸਰ ਪਿਆ। ਹੁਣ ਮੈਂ ਪਹਿਲਾਂ ਵਾਂਗ ਪ੍ਰਚਾਰ ਨਹੀਂ ਕਰਦੀ ਸਾਂ। ਸ਼ਾਖ਼ਾ ਦਫ਼ਤਰ ਨੂੰ ਆਪਣੀ ਇਸ ਸਮੱਸਿਆ ਬਾਰੇ ਲਿਖਿਆ ਜਿਸ ਕਰਕੇ ਮੈਨੂੰ ਕੁਝ ਸਮਾਂ ਬੈਥਲ ਵਿਚ ਬਿਤਾਉਣ ਦਾ ਸੱਦਾ ਮਿਲਿਆ ਤਾਂਕਿ ਮੈਂ ਮੁੜ ਸੰਭਲ ਸਕਾਂ। ਬੈਥਲ ਵਿਚ ਮੈਨੂੰ ਬਹੁਤ ਹੌਸਲਾ ਮਿਲਿਆ!

ਜਿਉਂ ਹੀ ਮੈਂ ਥੋੜ੍ਹੀ ਠੀਕ ਹੋਈ, ਤਾਂ ਮੈਂ ਸਾਓ ਪੌਲੋ ਰਾਜ ਦੇ ਈਪੂਆਨ ਕਸਬੇ ਵਿਚ ਸੇਵਾ ਕਰਨ ਦੀ ਨਿਯੁਕਤੀ ਸਵੀਕਾਰ ਕਰ ਲਈ। ਮੈਂ ਪ੍ਰਚਾਰ ਕਰਨ ਵਿਚ ਰੁੱਝੀ ਰਹੀ, ਪਰ ਕਦੀ-ਕਦੀ ਮੈਂ ਉਦਾਸ ਹੋ ਜਾਂਦੀ ਸੀ। ਅਜਿਹੇ ਸਮਿਆਂ ਤੇ ਮੈਂ ਕੀਰੀਰੀਨ ਦੇ ਭਰਾਵਾਂ ਨੂੰ ਫ਼ੋਨ ਕਰਦੀ ਸੀ ਤੇ ਇਕ ਪਰਿਵਾਰ ਕੁਝ ਦਿਨਾਂ ਲਈ ਮੇਰੇ ਕੋਲ ਆ ਜਾਂਦਾ ਸੀ। ਉਨ੍ਹਾਂ ਦੇ ਆਉਣ ਨਾਲ ਮੈਨੂੰ ਸੱਚ-ਮੁੱਚ ਹੌਸਲਾ ਮਿਲਿਆ! ਈਪੂਆਨ ਵਿਚ ਮੇਰੇ ਪਹਿਲੇ ਸਾਲ ਦੌਰਾਨ, 38 ਵੱਖੋ-ਵੱਖਰੇ ਭੈਣ-ਭਰਾ ਲੰਬਾ ਸਫ਼ਰ ਤੈ ਕਰ ਕੇ ਮੈਨੂੰ ਮਿਲਣ ਆਏ।

ਜ਼ਵਾਉਨ ਦੀ ਮੌਤ ਤੋਂ ਛੇ ਸਾਲ ਬਾਅਦ 1992 ਵਿਚ ਯਹੋਵਾਹ ਦੇ ਸੰਗਠਨ ਵੱਲੋਂ ਮੈਨੂੰ ਇਕ ਹੋਰ ਸੱਦਾ ਆਇਆ। ਇਹ ਸਾਓ ਪੌਲੋ ਦੇ ਸ਼ਹਿਰ ਫ਼੍ਰਾਂਕਾ ਵਿਚ ਪਾਇਨੀਅਰੀ ਕਰਨ ਦਾ ਸੱਦਾ ਸੀ ਜਿੱਥੇ ਮੈਂ ਅਜੇ ਵੀ ਪਾਇਨੀਅਰ ਵਜੋਂ ਸੇਵਾ ਕਰਦੀ ਹਾਂ। ਇਹ ਇਲਾਕਾ ਬੜਾ ਫਲਦਾਇਕ ਹੈ। ਸਾਲ 1994 ਵਿਚ ਮੈਂ ਉੱਥੋਂ ਦੇ ਮੇਅਰ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ। ਉਸ ਵੇਲੇ ਉਹ ਬ੍ਰਾਜ਼ੀਲ ਕਾਂਗਰਸ ਵਿਚ ਸੀਟ ਲਈ ਚੋਣ ਪ੍ਰਚਾਰ ਕਰ ਰਿਹਾ ਸੀ, ਪਰ ਉਸ ਦੀ ਰੁਝੇਵੇਂ ਭਰੀ ਜ਼ਿੰਦਗੀ ਹੋਣ ਦੇ ਬਾਵਜੂਦ ਵੀ ਅਸੀਂ ਹਰ ਸੋਮਵਾਰ ਦੁਪਹਿਰ ਨੂੰ ਅਧਿਐਨ ਕਰਦੇ ਸਾਂ। ਅਧਿਐਨ ਵਿਚ ਕੋਈ ਰੁਕਾਵਟ ਨਾ ਪਵੇ, ਇਸ ਲਈ ਉਹ ਫ਼ੋਨ ਬੰਦ ਕਰ ਦਿੰਦਾ ਸੀ। ਮੈਨੂੰ ਉਦੋਂ ਬੜੀ ਖ਼ੁਸ਼ੀ ਹੋਈ ਜਦੋਂ ਉਸ ਨੇ ਹੌਲੀ-ਹੌਲੀ ਰਾਜਨੀਤੀ ਨੂੰ ਛੱਡ ਦਿੱਤਾ ਤੇ ਸੱਚਾਈ ਦੀ ਮਦਦ ਨਾਲ ਉਸ ਨੇ ਦੁਬਾਰਾ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਮਜ਼ਬੂਤ ਬਣਾਇਆ! ਉਹ ਤੇ ਉਸ ਦੀ ਪਤਨੀ ਨੇ 1998 ਵਿਚ ਬਪਤਿਸਮਾ ਲੈ ਲਿਆ।

ਪਿੱਛੇ ਦੇਖ ਕੇ ਮੈਂ ਕਹਿ ਸਕਦੀ ਹਾਂ ਕਿ ਪੂਰੇ ਸਮੇਂ ਦੀ ਸੇਵਕਾ ਵਜੋਂ ਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਬਰਕਤਾਂ ਤੇ ਵਿਸ਼ੇਸ਼-ਸਨਮਾਨ ਹਾਸਲ ਕੀਤੇ ਹਨ। ਆਪਣੇ ਸੰਗਠਨ ਰਾਹੀਂ ਯਹੋਵਾਹ ਦੇ ਦਿੱਤੇ ਸੱਦਿਆਂ ਨੂੰ ਕਬੂਲ ਕਰਨ ਨਾਲ ਮੈਨੂੰ ਵੱਡਾ ਫਲ ਮਿਲਿਆ ਹੈ। ਭਵਿੱਖ ਵਿਚ ਚਾਹੇ ਮੈਨੂੰ ਜੋ ਵੀ ਸੱਦੇ ਮਿਲਣ, ਉਨ੍ਹਾਂ ਨੂੰ ਸਵੀਕਾਰ ਕਰਨ ਲਈ ਮੈਂ ਪਹਿਲਾਂ ਵਾਂਗ ਹੀ ਤਿਆਰ ਹਾਂ।

[ਸਫ਼ੇ 25 ਉੱਤੇ ਤਸਵੀਰਾਂ]

ਸਾਲ 1957 ਵਿਚ ਜਦੋਂ ਮੈਂ ਪੂਰੇ ਸਮੇਂ ਦੀ ਸੇਵਾ ਸ਼ੁਰੂ ਕੀਤੀ ਸੀ ਅਤੇ ਅੱਜ

[ਸਫ਼ੇ 26 ਉੱਤੇ ਤਸਵੀਰ]

ਸਾਲ 1963 ਵਿਚ ਬ੍ਰਾਜ਼ੀਲ ਦੇ ਬੈਥਲ ਪਰਿਵਾਰ ਨਾਲ

[ਸਫ਼ੇ 27 ਉੱਤੇ ਤਸਵੀਰ]

ਅਗਸਤ 1965 ਵਿਚ ਜਦੋਂ ਸਾਡਾ ਵਿਆਹ ਹੋਇਆ ਸੀ

[ਸਫ਼ੇ 27 ਉੱਤੇ ਤਸਵੀਰ]

ਪੁਰਤਗਾਲ ਵਿਚ ਸੰਮੇਲਨ ਜਦੋਂ ਸਾਡੇ ਪ੍ਰਚਾਰ ਕੰਮ ਤੇ ਪਾਬੰਦੀ ਲੱਗੀ ਹੋਈ ਸੀ

[ਸਫ਼ੇ 28 ਉੱਤੇ ਤਸਵੀਰ]

ਸਾਲ 1978 ਵਿਚ ਅੰਤਰਰਾਸ਼ਟਰੀ ਸੰਮੇਲਨ “ਜੇਤੂ ਨਿਹਚਾ” ਦੌਰਾਨ ਲਿਸਬਨ ਵਿਚ ਸੜਕਾਂ ਉ ਤੇ ਗਵਾਹੀ ਦਿੰਦੇ ਹੋਏ