ਅਸਲੀ ਯਿਸੂ
ਅਸਲੀ ਯਿਸੂ
ਆਪਣੇ ਰਸੂਲਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਕਿ ਲੋਕ ਉਸ ਬਾਰੇ ਕੀ ਕਹਿੰਦੇ ਸਨ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ?” ਮੱਤੀ ਦੀ ਇੰਜੀਲ ਵਿਚ ਪਤਰਸ ਰਸੂਲ ਦਾ ਜਵਾਬ ਦਰਜ ਹੈ: “ਤੂੰ ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ ਹੈਂ।” (ਮੱਤੀ 16:15, 16) ਦੂਸਰਿਆਂ ਦਾ ਵੀ ਇਹੋ ਖ਼ਿਆਲ ਸੀ। ਨਥਾਨਿਏਲ ਨੇ, ਜੋ ਬਾਅਦ ਵਿਚ ਰਸੂਲ ਬਣਿਆ ਸੀ, ਯਿਸੂ ਨੂੰ ਕਿਹਾ: “ਸੁਆਮੀ ਜੀ ਤੁਸੀਂ ਪਰਮੇਸ਼ੁਰ ਦੇ ਪੁੱਤ੍ਰ ਹੋ, ਤੁਸੀਂ ਇਸਰਾਏਲ ਦੇ ਪਾਤਸ਼ਾਹ ਹੋ!” (ਯੂਹੰਨਾ 1:49) ਯਿਸੂ ਨੇ ਖ਼ੁਦ ਆਪਣੇ ਆਪ ਬਾਰੇ ਕਿਹਾ: “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।” (ਯੂਹੰਨਾ 14:6) ਕਈ ਵਾਰ ਉਸ ਨੇ ਆਪਣੇ ਆਪ ਨੂੰ ‘ਪਰਮੇਸ਼ੁਰ ਦਾ ਪੁੱਤ੍ਰ’ ਸੱਦਿਆ। (ਯੂਹੰਨਾ 5:24, 25; 11:4) ਅਤੇ ਉਸ ਨੇ ਚਮਤਕਾਰ ਕਰ ਕੇ ਅਤੇ ਮੁਰਦਿਆਂ ਨੂੰ ਜੀ ਉੱਠਾ ਕੇ ਵੀ ਆਪਣੇ ਇਸ ਦਾਅਵੇ ਦਾ ਸਬੂਤ ਦਿੱਤਾ।
ਕੀ ਸ਼ੱਕ ਕਰਨ ਦਾ ਕੋਈ ਆਧਾਰ ਹੈ?
ਪਰ ਕੀ ਅਸੀਂ ਇੰਜੀਲਾਂ ਵਿਚ ਯਿਸੂ ਬਾਰੇ ਜੋ ਲਿਖਿਆ ਗਿਆ ਉਸ ਉੱਤੇ ਭਰੋਸਾ ਰੱਖ ਸਕਦੇ ਹਾਂ? ਕੀ ਉਨ੍ਹਾਂ ਵਿਚ ਅਸਲੀ ਯਿਸੂ ਜ਼ਾਹਰ ਕੀਤਾ ਗਿਆ ਹੈ? ਇੰਗਲੈਂਡ ਦੀ ਮੈਨਚੈੱਸਟਰ ਯੂਨੀਵਰਸਿਟੀ ਦੇ ਇਕ ਸਾਬਕਾ ਪ੍ਰੋਫ਼ੈਸਰ ਨੇ ਕਿਹਾ: ‘ਆਮ ਤੌਰ ਤੇ ਇਹ ਮੁਮਕਿਨ ਨਹੀਂ ਹੈ ਕਿ ਕਿਸੇ ਪ੍ਰਾਚੀਨ ਲਿਖਤ ਦੇ ਹਰ ਵੇਰਵੇ ਦੀ ਸੱਚਾਈ, ਭਾਵੇਂ ਉਹ ਬਾਈਬਲ ਵਿੱਚੋਂ ਹੋਵੇ ਜਾਂ ਨਾ, ਇਤਿਹਾਸਕ ਦਲੀਲਬਾਜ਼ੀ ਨਾਲ ਸਥਾਪਿਤ ਕੀਤੀ ਜਾ ਸਕਦੀ ਹੈ। ਬੱਸ ਲੇਖਕ ਉੱਤੇ ਥੋੜ੍ਹਾ-ਬਹੁਤਾ ਵਿਸ਼ਵਾਸ ਰੱਖਣਾ ਕਾਫ਼ੀ ਹੈ; ਜੇ ਵਿਸ਼ਵਾਸ ਸਥਾਪਿਤ ਕੀਤਾ ਜਾਵੇ ਤਾਂ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਉਸ ਦੇ ਬਾਕੀ ਦੇ ਵੇਰਵੇ ਵੀ ਸਹੀ ਹਨ। ਇਹ ਅਸਲੀਅਤ ਕਿ ਈਸਾਈ ਲੋਕ ਨਵੇਂ ਨੇਮ ਨੂੰ “ਪਵਿੱਤਰ ਕਿਤਾਬ” ਵਜੋਂ ਸਵੀਕਾਰ ਕਰਦੇ ਹਨ, ਉਸ ਨੂੰ ਇਤਿਹਾਸਕ ਤੌਰ ਤੇ ਘੱਟ ਮੰਨਣਯੋਗ ਨਹੀਂ ਬਣਾ ਦਿੰਦੀ।’
ਇੰਜੀਲਾਂ ਵਿਚ ਯਿਸੂ ਬਾਰੇ ਜਾਂਚ-ਪੜਤਾਲ ਕਰਨ ਤੋਂ ਬਾਅਦ ਅਮਰੀਕਾ ਵਿਚ ਧਰਮ ਦੇ ਇਕ ਪ੍ਰੋਫ਼ੈਸਰ ਨੇ ਲਿਖਿਆ: “ਅਸੀਂ ਪੱਕੇ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਇੰਜੀਲਾਂ ਵਿਚ ਯਿਸੂ ਦੀ ਅਸਲੀਅਤ ਬਾਰੇ ਕਾਫ਼ੀ ਸਾਰਾ ਤਰ੍ਹਾਂ-ਤਰ੍ਹਾਂ ਦਾ ਸਬੂਤ ਹੈ। . . . ਇਸ ਸਵਾਲ ਦਾ ਸਭ ਤੋਂ ਸਮਝਦਾਰ ਜਵਾਬ ਕਿ ਇੰਜੀਲਾਂ ਵਿਚ ਯਿਸੂ ਇਸ ਤਰ੍ਹਾਂ ਦੇ ਬੰਦੇ ਵਜੋਂ ਕਿਉਂ ਪੇਸ਼ ਕੀਤਾ ਜਾਂਦਾ ਹੈ, ਇਹ ਹੈ ਕਿ ਯਿਸੂ ਅਸਲ ਵਿਚ ਇਸ ਤਰ੍ਹਾਂ ਦਾ ਹੀ ਸੀ। ਇੰਜੀਲਾਂ ਵਿਚ ਯਿਸੂ ਦੇ ਚੇਲਿਆਂ ਨੇ ਉਸ ਬਾਰੇ ਇਸ ਤਰ੍ਹਾਂ ਲਿਖਿਆ ਜਿਵੇਂ ਉਹ ਮੰਨਦੇ ਸਨ ਕਿ ਉਹ ਸੱਚ-ਮੁੱਚ ਪਰਮੇਸ਼ੁਰ ਤੋਂ ਭੇਜਿਆ ਗਿਆ ਸੀ ਅਤੇ ਉਸ ਨੂੰ ਪਰਮੇਸ਼ੁਰ ਦਾ ਪੁੱਤਰ ਅਤੇ ਸੇਵਕ ਬਣਨ ਦਾ ਅਧਿਕਾਰ ਸੌਂਪਿਆ ਗਿਆ ਸੀ।” *
ਯਿਸੂ ਦੀ ਖੋਜ
ਯਿਸੂ ਮਸੀਹ ਦਾ ਜ਼ਿਕਰ ਕਰਨ ਵਾਲੇ ਗ਼ੈਰ-ਬਾਈਬਲੀ ਹਵਾਲਿਆਂ ਬਾਰੇ ਕੀ ਕਿਹਾ ਜਾ ਸਕਦਾ ਹੈ? ਟੈਸੀਟਸ, ਸੁਟੋਨਿਅਸ, ਜੋਸੀਫ਼ਸ, ਪਲੀਨੀ ਛੋਟਾ, ਅਤੇ ਕੁਝ ਹੋਰ ਕਲਾਸਿਕੀ ਲੇਖਕਾਂ ਦੀਆਂ ਕਿਤਾਬਾਂ ਵਿਚ ਯਿਸੂ ਦਾ ਕਈ ਵਾਰੀ ਜ਼ਿਕਰ ਮਿਲਦਾ ਹੈ। ਉਨ੍ਹਾਂ ਬਾਰੇ ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ (1995) ਕਹਿੰਦਾ ਹੈ: “ਇਨ੍ਹਾਂ ਵੱਖਰੇ-ਵੱਖਰੇ ਬਿਰਤਾਂਤਾਂ ਤੋਂ ਜ਼ਾਹਰ ਹੁੰਦਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਮਸੀਹੀਅਤ ਦੇ ਵਿਰੋਧੀ ਵੀ ਯਿਸੂ ਦੀ ਅਸਲੀਅਤ ਉੱਤੇ ਸ਼ੱਕ ਨਹੀਂ ਕਰਦੇ ਸਨ। ਇਸ ਉੱਤੇ
ਪਹਿਲੀ ਵਾਰ 18ਵੀਂ ਸਦੀ ਦੇ ਅੰਤ ਵਿਚ, 19ਵੀਂ ਸਦੀ ਦੌਰਾਨ, ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਵਾਦ-ਵਿਵਾਦ ਸ਼ੁਰੂ ਹੋਇਆ ਸੀ।”ਦੁੱਖ ਦੀ ਗੱਲ ਹੈ ਕਿ ਆਧੁਨਿਕ ਵਿਦਵਾਨਾਂ ਨੇ “ਅਸਲੀ” ਜਾਂ “ਇਤਿਹਾਸਕ” ਯਿਸੂ ਦੀ ਖੋਜ ਵਿਚ ਉਸ ਦੀ ਅਸਲੀਅਤ ਨੂੰ ਬੇਬੁਨਿਆਦੀ ਅਤੇ ਫਜ਼ੂਲ ਅਨੁਮਾਨਾਂ ਵਿਚ ਦੱਬ ਦਿੱਤਾ ਹੈ। ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਯਿਸੂ ਨੂੰ ਕਲਪਿਤ ਵਿਅਕਤੀ ਬਣਾ ਦਿੱਤਾ ਹੈ ਪਰ ਉਹ ਆਪ ਇੰਜੀਲਾਂ ਦੇ ਲਿਖਾਰੀਆਂ ਉੱਤੇ ਝੂਠਾ ਦੋਸ਼ ਲਾਉਂਦੇ ਹਨ ਕਿ ਉਨ੍ਹਾਂ ਨੇ ਯਿਸੂ ਦੀ ਕਥਾ ਰਚੀ ਹੈ। ਕੁਝ ਵਿਦਵਾਨ ਤਾਂ ਆਪਣਾ ਨਾਂ ਕਮਾਉਣ ਉੱਤੇ ਅਤੇ ਕਿਸੇ ਨਵੇਂ ਅਨੁਮਾਨ ਨਾਲ ਆਪਣਾ ਨਾਂ ਉਜਾਗਰ ਕਰਨ ਉੱਤੇ ਇੰਨੇ ਤੁਲੇ ਹੋਏ ਹਨ ਕਿ ਉਹ ਯਿਸੂ ਬਾਰੇ ਪੇਸ਼ ਕੀਤੇ ਗਏ ਸਬੂਤ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਇਨਕਾਰ ਕਰਦੇ ਹਨ। ਇਸ ਤਰ੍ਹਾਂ ਕਰਦੇ ਹੋਏ ਉਹ ਅਜਿਹੇ “ਯਿਸੂ” ਦੀ ਰਚਨਾ ਕਰ ਬੈਠਦੇ ਹਨ ਜੋ ਸਿਰਫ਼ ਵਿਦਵਾਨਾਂ ਦੀ ਕਲਪਨਾ ਵਿਚ ਹੀ ਵੱਸਦਾ ਹੈ।
ਜਿਹੜੇ ਲੋਕ ਅਸਲੀ ਯਿਸੂ ਨੂੰ ਸੱਚ-ਮੁੱਚ ਜਾਣਨਾ ਚਾਹੁੰਦੇ ਹਨ, ਉਹ ਬਾਈਬਲ ਪੜ੍ਹ ਕੇ ਉਸ ਨੂੰ ਭਾਲ ਸਕਦੇ ਹਨ। ਐਮੋਰੀ ਯੂਨੀਵਰਸਿਟੀ ਵਿਚ ਨਵੇਂ ਨੇਮ ਅਤੇ ਮਸੀਹੀ ਉਦਗਮ ਦਾ ਇਕ ਪ੍ਰੋਫ਼ੈਸਰ ਕਹਿੰਦਾ ਹੈ ਕਿ ਇਤਿਹਾਸ ਦੇ ਅਸਲੀ ਯਿਸੂ ਦੀ ਜ਼ਿਆਦਾਤਰ ਖੋਜ ਵਿਚ ਬਾਈਬਲ ਦੀ ਖੋਜ ਨਹੀਂ ਕੀਤੀ ਜਾਂਦੀ। ਉਹ ਕਹਿੰਦਾ ਹੈ ਕਿ ਯਿਸੂ ਦੀ ਜ਼ਿੰਦਗੀ ਅਤੇ ਉਸ ਦੇ ਸਮੇਂ ਦੀਆਂ ਸਮਾਜਕ, ਸਿਆਸੀ, ਅਤੇ ਸਭਿਆਚਾਰਕ ਗੱਲਾਂ ਦੀ ਜਾਂਚ ਕਰਨੀ ਦਿਲਚਸਪ ਤਾਂ ਜ਼ਰੂਰ ਹੈ, ਪਰ ਵਿਦਵਾਨ ਜਿਸ ਬੰਦੇ ਨੂੰ ਇਤਿਹਾਸ ਦਾ ਅਸਲੀ ਯਿਸੂ ਕਹਿੰਦੇ ਹਨ ਉਸ ਨੂੰ ਜ਼ਾਹਰ ਕਰਨਾ ‘ਬਾਈਬਲ ਦਾ ਉਦੇਸ਼ ਹੀ ਨਹੀਂ ਹੈ। ਬਾਈਬਲ ਤਾਂ ਯਿਸੂ ਦੇ ਸੁਭਾਅ ਦੀ ਜ਼ਿਆਦਾ ਗੱਲ ਕਰਦੀ ਹੈ ਕਿ ਉਹ ਕਿਹੋ ਜਿਹਾ ਬੰਦਾ ਸੀ।’ ਬਾਈਬਲ ਯਿਸੂ ਦੇ ਸੰਦੇਸ਼ ਅਤੇ ਮੁਕਤੀਦਾਤੇ ਵਜੋਂ ਉਸ ਦੀ ਭੂਮਿਕਾ ਬਾਰੇ ਦੱਸਦੀ ਹੈ। ਤਾਂ ਫਿਰ ਯਿਸੂ ਦਾ ਅਸਲੀ ਸੁਭਾਅ ਅਤੇ ਸੁਨੇਹਾ ਕੀ ਸੀ?
ਅਸਲੀ ਯਿਸੂ
ਬਾਈਬਲ ਵਿਚ ਯਿਸੂ ਦੀ ਜ਼ਿੰਦਗੀ ਬਾਰੇ ਚਾਰ ਬਿਰਤਾਂਤ ਹਨ ਜਿਨ੍ਹਾਂ ਨੂੰ ਇੰਜੀਲਾਂ ਸੱਦਿਆ ਜਾਂਦਾ ਹੈ ਅਤੇ ਉਨ੍ਹਾਂ ਵਿਚ ਯਿਸੂ ਨੂੰ ਇਕ ਬਹੁਤ ਹਮਦਰਦ ਮਨੁੱਖ ਵਜੋਂ ਦਿਖਾਇਆ ਮੱਤੀ 9:36; 14:14; 20:34) ਯਿਸੂ ਆਪਣੇ ਦੋਸਤ ਲਾਜ਼ਰ ਦੀ ਮੌਤ ਅਤੇ ਉਸ ਦੀਆਂ ਭੈਣਾਂ ਦਾ ਸੋਗ ਦੇਖ ਕਿ ‘ਕਲਪਿਆ ਅਤੇ ਰੋਇਆ।’ (ਯੂਹੰਨਾ 11:32-36) ਅਸਲ ਵਿਚ ਇੰਜੀਲਾਂ ਯਿਸੂ ਦੇ ਜਜ਼ਬਾਤ ਸਾਫ਼-ਸਾਫ਼ ਜ਼ਾਹਰ ਕਰਦੀਆਂ ਹਨ—ਇਕ ਕੋੜ੍ਹੀ ਲਈ ਹਮਦਰਦੀ, ਆਪਣੇ ਚੇਲਿਆਂ ਦੀ ਕਾਮਯਾਬੀ ਉੱਤੇ ਬੇਹੱਦ ਖ਼ੁਸ਼ੀ, ਨਿਰਦਈ ਅਸੂਲਪਰਸਤਾਂ ਉੱਤੇ ਗੁੱਸਾ, ਅਤੇ ਯਰੂਸ਼ਲਮ ਦੁਆਰਾ ਉਸ ਦਾ ਮਸੀਹਾ ਵਜੋਂ ਠੁਕਰਾਏ ਜਾਣ ਉੱਤੇ ਉਦਾਸੀ।
ਗਿਆ ਹੈ। ਦਇਆ ਅਤੇ ਤਰਸ ਖਾਣ ਕਰਕੇ ਯਿਸੂ ਨੇ ਬੀਮਾਰ, ਅੰਨ੍ਹੇ, ਅਤੇ ਹੋਰ ਦੁੱਖ-ਤਕਲੀਫ਼ ਸਹਿ ਰਹੇ ਲੋਕਾਂ ਦੀ ਮਦਦ ਕੀਤੀ। (ਜਦੋਂ ਯਿਸੂ ਕੋਈ ਕਰਾਮਾਤ ਕਰਦਾ ਸੀ ਤਾਂ ਉਹ ਦੂਸਰੇ ਵੱਲ ਧਿਆਨ ਦਿੰਦਾ ਸੀ: “ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ।” (ਮੱਤੀ 9:22) ਯਿਸੂ ਨੇ ਨਥਾਨਿਏਲ ਨੂੰ “ਸੱਚਾ ਇਸਰਾਏਲੀ” ਸੱਦ ਕੇ ਉਸ ਦੀ ਵਡਿਆਈ ਕੀਤੀ ਅਤੇ ਕਿਹਾ ਕਿ ‘ਉਹ ਦੇ ਵਿੱਚ ਛੱਲ ਨਹੀਂ ਹੈ।’ (ਯੂਹੰਨਾ 1:47) ਜਦ ਕੁਝ ਲੋਕਾਂ ਨੇ ਇਕ ਔਰਤ ਦੇ ਦਿਲੋਂ ਦਿੱਤੇ ਗਏ ਤੋਹਫ਼ੇ ਨੂੰ ਫਜ਼ੂਲ ਖ਼ਰਚ ਸੱਦਿਆ ਤਾਂ ਯਿਸੂ ਨੇ ਉਨ੍ਹਾਂ ਨੂੰ ਵਰਜਿਆ ਅਤੇ ਕਿਹਾ ਕਿ ਇਸ ਔਰਤ ਦੀ ਦਰਿਆ-ਦਿਲੀ ਦੀ ਗੱਲ ਲੰਮੇ ਸਮੇਂ ਲਈ ਯਾਦ ਕੀਤੀ ਜਾਵੇਗੀ। (ਮੱਤੀ 26:6-13) ਉਹ ਆਪਣੇ ਚੇਲਿਆਂ ਲਈ ਇਕ ਅਸਲੀ ਮਿੱਤਰ ਅਤੇ ਇਕ ਪਿਆਰਾ ਸਾਥੀ ਸਾਬਤ ਹੋਇਆ ਅਤੇ ਉਹ “ਉਨ੍ਹਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ।”—ਯੂਹੰਨਾ 13:1; 15:11-15.
ਇੰਜੀਲਾਂ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਯਿਸੂ ਲੋਕਾਂ ਨੂੰ ਮਿਲ ਕੇ ਬਹੁਤ ਜਲਦੀ ਉਨ੍ਹਾਂ ਦੀਆਂ ਜ਼ਰੂਰਤਾਂ ਪਛਾਣ ਲੈਂਦਾ ਸੀ। ਭਾਵੇਂ ਉਹ ਖੂਹ ਦੇ ਲਾਗੇ ਕਿਸੇ ਤੀਵੀਂ ਨਾਲ, ਜਾਂ ਬਗ਼ੀਚੇ ਵਿਚ ਧਰਮ ਦੇ ਕਿਸੇ ਗਿਆਨੀ ਨਾਲ, ਜਾਂ ਝੀਲ ਦੇ ਲਾਗੇ ਕਿਸੇ ਮਛਿਆਰੇ ਨਾਲ ਗੱਲ ਕਰ ਰਿਹਾ ਸੀ, ਉਹ ਬੜੀ ਜਲਦੀ ਉਨ੍ਹਾਂ ਦੇ ਦਿਲ ਤਕ ਪਹੁੰਚਦਾ ਸੀ। ਯਿਸੂ ਦੀ ਗੱਲ ਸੁਣਨ ਤੋਂ ਛੇਤੀ ਬਾਅਦ ਇਨ੍ਹਾਂ ਵਿੱਚੋਂ ਕਈਆਂ ਲੋਕਾਂ ਨੇ ਉਸ ਨੂੰ ਆਪਣੇ ਦਿਲ ਦੀ ਗੱਲ ਸੁਣਾਉਣੀ ਸ਼ੁਰੂ ਕਰ ਦਿੱਤੀ। ਭਾਵੇਂ ਉਸ ਜ਼ਮਾਨੇ ਦੇ ਲੋਕ ਇਖ਼ਤਿਆਰ ਰੱਖਣ ਵਾਲੇ ਵੱਡੇ ਬੰਦਿਆਂ ਤੋਂ ਦੂਰ ਰਹਿੰਦੇ ਸਨ, ਯਿਸੂ ਦੁਆਲੇ ਭੀੜਾਂ ਇਕੱਠੀਆਂ ਹੁੰਦੀਆਂ ਸਨ। ਲੋਕਾਂ ਨੂੰ ਯਿਸੂ ਦੇ ਲਾਗੇ ਹੋ ਕੇ ਅਰਾਮ ਮਿਲਦਾ ਸੀ ਜਿਸ ਨੂੰ ਉਹ ਪਸੰਦ ਕਰਦੇ ਸਨ। ਬੱਚੇ ਵੀ ਯਿਸੂ ਦੇ ਲਾਗੇ ਆਉਣ ਤੋਂ ਡਰਦੇ ਨਹੀਂ ਸਨ, ਅਤੇ ਜਦੋਂ ਯਿਸੂ ਨੇ ਕਿਸੇ ਬੱਚੇ ਨੂੰ ਮਿਸਾਲ ਵਜੋਂ ਇਸਤੇਮਾਲ ਕੀਤਾ ਤਾਂ ਉਸ ਨੇ ਉਸ ਬੱਚੇ ਨੂੰ ਲੈ ਕੇ ਸਿਰਫ਼ ਆਪਣੇ ਚੇਲਿਆਂ ਦੇ ਵਿਚਾਲੇ ਹੀ ਨਹੀਂ ਖੜ੍ਹਾ ਕੀਤਾ ਪਰ ‘ਉਸ ਨੂੰ ਕੁੱਛੜ ਵੀ ਚੁਕਿਆ।’ (ਮਰਕੁਸ 9:36; 10:13-16) ਦਰਅਸਲ ਇੰਜੀਲਾਂ ਵਿਚ ਯਿਸੂ ਨੂੰ ਅਜਿਹੇ ਮਨਮੋਹਕ ਆਦਮੀ ਵਜੋਂ ਦਰਸਾਇਆ ਗਿਆ ਹੈ ਕਿ ਲੋਕ ਉਸ ਦੀ ਗੱਲ ਸੁਣਨ ਵਾਸਤੇ ਤਿੰਨ ਦਿਨ ਉਸ ਨਾਲ ਰਹੇ ਸਨ।—ਮੱਤੀ 15:32.
ਯਿਸੂ ਸੰਪੂਰਣ ਸੀ ਪਰ ਉਸ ਦੇ ਦੁਆਲੇ ਦੇ ਲੋਕ ਜਿਨ੍ਹਾਂ ਵਿਚਕਾਰ ਉਹ ਰਹਿੰਦਾ ਅਤੇ ਜਿਨ੍ਹਾਂ ਨੂੰ ਉਹ ਪ੍ਰਚਾਰ ਕਰਦਾ ਸੀ, ਸੰਪੂਰਣ ਨਹੀਂ ਸਨ, ਪਰ ਪਾਪੀ ਸਨ। ਪਰ ਉਸ ਦੀ ਸੰਪੂਰਣਤਾ ਨੇ ਉਸ ਨੂੰ ਨਾ ਤਾਂ ਬਹੁਤੀਆਂ ਨੁਕਸਾਂ ਕੱਢਣ ਵਾਲਾ ਬਣਾਇਆ, ਨਾ ਹੀ ਘਮੰਡੀ ਅਤੇ ਰੋਅਬ ਪਾਉਣ ਵਾਲਾ ਬਣਾਇਆ। (ਮੱਤੀ 9:10-13; 21:31, 32; ਲੂਕਾ 7:36-48; 15:1-32; 18:9-14) ਯਿਸੂ ਕਦੇ ਵੀ ਨਿਰਦਈ ਨਹੀਂ ਸੀ। ਉਸ ਨੇ ਕਦੇ ਵੀ ਲੋਕਾਂ ਦੇ ਬੋਝ ਨੂੰ ਹੋਰ ਭਾਰਾ ਨਹੀਂ ਬਣਾਇਆ। ਇਸ ਦੀ ਬਜਾਇ ਉਸ ਨੇ ਕਿਹਾ: “ਹੇ ਸਾਰੇ . . . ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।” ਉਸ ਦੇ ਚੇਲਿਆਂ ਲਈ ਉਹ “ਕੋਮਲ ਅਤੇ ਮਨ ਦਾ ਗ਼ਰੀਬ” ਸੀ; ਉਸ ਦਾ ਜੂਲਾ ਹੌਲਾ ਅਤੇ ਉਸ ਦਾ ਭਾਰ ਹਲਕਾ ਸੀ।—ਮੱਤੀ 11:28-30.
ਇੰਜੀਲਾਂ ਵਿਚ ਯਿਸੂ ਦੇ ਸੁਭਾਅ ਦੀ ਅਸਲੀਅਤ ਚੰਗੀ ਤਰ੍ਹਾਂ ਜ਼ਾਹਰ ਹੁੰਦੀ ਹੈ। ਚਾਰ ਵੱਖਰੇ ਆਦਮੀਆਂ ਲਈ ਇਹ ਬੜਾ ਔਖਾ ਕੰਮ ਹੋਣਾ ਸੀ ਜੇ ਉਹ ਅਜਿਹੇ ਅਨੋਖੇ ਆਦਮੀ ਦੀ ਕਹਾਣੀ ਘੜਦੇ ਅਤੇ ਫਿਰ ਆਪਣੇ ਚਾਰ ਵੱਖਰੇ ਬਿਰਤਾਂਤਾਂ ਵਿਚ ਉਸ ਦੇ ਰੂਪ ਨੂੰ ਇਕਸਾਰ ਵਿਚ ਪੇਸ਼ ਕਰਦੇ। ਚਾਰ ਵੱਖਰੇ ਆਦਮੀਆਂ ਲਈ ਇੱਕੋ ਬੰਦੇ ਬਾਰੇ ਲਿਖ ਕੇ ਇਕਸਾਰ ਰੂਪ ਪੇਸ਼ ਕਰਨਾ ਬਿਲਕੁਲ ਮੁਮਕਿਨ ਨਾ ਹੁੰਦਾ ਜੇਕਰ ਉਹ ਬੰਦਾ ਅਸਲੀ ਨਹੀਂ ਸੀ।
ਇਤਿਹਾਸਕਾਰ ਮਾਈਕਲ ਗ੍ਰਾਂਟ ਇਕ ਚੰਗਾ ਸਵਾਲ ਪੁੱਛਦਾ ਹੈ: “ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਯਿਸੂ ਦੀਆਂ ਸਾਰੀਆਂ ਕਹਾਣੀਆਂ ਵਿਚ ਉਹ ਇਸ ਤਰ੍ਹਾਂ ਦਾ ਨਿਰਾਲਾ ਅਤੇ ਸੁਨੱਖਾ ਮਨੁੱਖ ਜ਼ਾਹਰ ਹੁੰਦਾ ਹੈ ਜੋ ਹਰ ਕਿਸਮ ਦੀਆਂ ਔਰਤਾਂ ਵਿਚਕਾਰ ਤੁਰਦਾ-ਫਿਰਦਾ ਸੀ, ਭਾਵੇਂ ਕਿ ਉਨ੍ਹਾਂ ਵਿੱਚੋਂ ਕੁਝ ਔਰਤਾਂ ਬਦਨਾਮ ਵੀ ਸਨ; ਇਸ ਦੇ ਬਾਵਜੂਦ ਉਹ ਨਾ ਬਹੁਤਾ ਜਜ਼ਬਾਤੀ ਜ਼ਾਹਰ ਹੁੰਦਾ ਸੀ, ਨਾ ਨਕਲੀ, ਨਾ ਬਹੁਤਾ ਸ਼ਰਮਾਕਲ, ਅਤੇ ਫਿਰ ਵੀ ਉਹ ਹਰ ਮੌਕੇ ਤੇ ਈਮਾਨਦਾਰ ਅਤੇ ਭੋਲੀ ਮਿਜ਼ਾਜ ਕਾਇਮ ਰੱਖ ਸਕਿਆ ਸੀ?” ਇਸ ਸਵਾਲ ਦਾ ਸਹੀ ਜਵਾਬ ਤਾਂ ਇਹ ਹੈ ਕਿ ਅਜਿਹਾ ਆਦਮੀ ਅਸਲ ਵਿਚ ਸੀ ਅਤੇ ਉਹ ਦਾ ਚਾਲ-ਚਲਣ ਉਹੀ ਸੀ ਜੋ ਬਾਈਬਲ ਵਿਚ ਲਿਖਿਆ ਹੋਇਆ ਹੈ।
ਯਿਸੂ ਅਤੇ ਤੁਹਾਡਾ ਭਵਿੱਖ
ਬਾਈਬਲ ਸਿਰਫ਼ ਯਿਸੂ ਦੀ ਅਸਲੀਅਤ ਬਾਰੇ ਹੀ ਨਹੀਂ ਦੱਸਦੀ ਜਦ ਉਹ ਧਰਤੀ ਤੇ ਸੀ ਪਰ ਇਹ ਵੀ ਜ਼ਾਹਰ ਕਰਦੀ ਹੈ ਕਿ ਉਹ ਇਨਸਾਨ ਬਣਨ ਤੋਂ ਪਹਿਲਾਂ ਪਰਮੇਸ਼ੁਰ ਦੇ ਇਕਲੌਤੇ ਪੁੱਤਰ, ਯਾਨੀ ‘ਸਾਰੀ ਸਰਿਸ਼ਟ ਵਿੱਚੋਂ ਜੇਠੇ’ ਵਜੋਂ ਜ਼ਿੰਦਾ ਸੀ। (ਕੁਲੁੱਸੀਆਂ 1:15) ਅੱਜ ਤੋਂ ਦੋ ਹਜ਼ਾਰ ਸਾਲ ਪਹਿਲਾਂ ਪਰਮੇਸ਼ੁਰ ਨੇ ਆਪਣੇ ਸਵਰਗੀ ਪੁੱਤਰ ਦੀ ਜਾਨ ਇਕ ਕੁਆਰੀ ਯਹੂਦਣ ਦੀ ਕੁੱਖ ਵਿਚ ਪਾਈ ਤਾਂਕਿ ਉਹ ਇਕ ਮਨੁੱਖ ਵਜੋਂ ਪੈਦਾ ਹੋ ਸਕੇ। (ਮੱਤੀ 1:18) ਯਿਸੂ ਨੇ ਆਪਣੀ ਜ਼ਮੀਨੀ ਸੇਵਕਾਈ ਦੌਰਾਨ ਪ੍ਰਚਾਰ ਕੀਤਾ ਕਿ ਪਰਮੇਸ਼ੁਰ ਦਾ ਰਾਜ ਹੀ ਲੋਕਾਂ ਦੇ ਦੁੱਖ ਦੂਰ ਕਰ ਸਕਦਾ ਹੈ, ਅਤੇ ਉਸ ਨੇ ਇਸ ਪ੍ਰਚਾਰ ਨੂੰ ਜਾਰੀ ਰੱਖਣ ਵਾਸਤੇ ਆਪਣੇ ਚੇਲਿਆਂ ਨੂੰ ਵੀ ਸਿਖਲਾਇਆ।—ਮੱਤੀ 4:17; 10:5-7; 28:19, 20.
ਸੰਨ 33, ਨੀਸਾਨ 14 (ਤਕਰੀਬਨ 1 ਅਪ੍ਰੈਲ) ਦੇ ਦਿਨ ਯਿਸੂ ਗਿਰਫ਼ਤਾਰ ਕੀਤਾ ਗਿਆ ਸੀ ਅਤੇ ਉਸੇ ਦਿਨ ਮੁਕੱਦਮਾ ਚਲਾਏ ਜਾਣ ਤੋਂ ਬਾਅਦ ਵਿਦਰੋਹ ਦੇ ਝੂਠੇ ਇਲਜ਼ਾਮ ਕਾਰਨ ਉਸ ਨੂੰ ਸੂਲੀ ਚੜ੍ਹਾਇਆ ਗਿਆ ਸੀ। (ਮੱਤੀ 26:18-20, ਮੱਤੀ 26:48-27:50) ਜਿਹੜੇ ਯਿਸੂ ਵਿਚ ਵਿਸ਼ਵਾਸ ਕਰਦੇ ਹਨ ਉਨ੍ਹਾਂ ਲਈ ਉਸ ਦੀ ਮੌਤ ਇਕ ਨਿਸਤਾਰਾ ਹੈ ਜੋ ਉਨ੍ਹਾਂ ਦੀ ਪਾਪੀ ਦਸ਼ਾ ਤੋਂ ਉਨ੍ਹਾਂ ਨੂੰ ਮੁਕਤ ਕਰਦੀ ਹੈ ਤਾਂਕਿ ਉਹ ਸਦਾ ਲਈ ਜੀ ਸਕਣ। (ਰੋਮੀਆਂ 3:23, 24; 1 ਯੂਹੰਨਾ 2:2) ਨੀਸਾਨ 16 ਦੇ ਦਿਨ ਯਿਸੂ ਦੁਬਾਰਾ ਜ਼ਿੰਦਾ ਕੀਤਾ ਗਿਆ, ਅਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਉਹ ਵਾਪਸ ਸਵਰਗ ਨੂੰ ਚਲਾ ਗਿਆ ਸੀ। (ਮਰਕੁਸ 16:1-8; ਲੂਕਾ 24:50-53; ਰਸੂਲਾਂ ਦੇ ਕਰਤੱਬ 1:6-9) ਯਹੋਵਾਹ ਦੇ ਨਿਯੁਕਤ ਕੀਤੇ ਹੋਏ ਰਾਜੇ ਵਜੋਂ, ਜੀ ਉੱਠੇ ਹੋਏ ਯਿਸੂ ਕੋਲ ਇਨਸਾਨਾਂ ਲਈ ਪਰਮੇਸ਼ੁਰ ਦੇ ਮੁਢਲੇ ਉਦੇਸ਼ ਨੂੰ ਨੇਪਰੇ ਚਾੜ੍ਹਨ ਦਾ ਪੂਰਾ ਇਖ਼ਤਿਆਰ ਹੈ। (ਯਸਾਯਾਹ 9:6, 7; ਲੂਕਾ 1:32, 33) ਜੀ ਹਾਂ ਬਾਈਬਲ ਦਿਖਾਉਂਦੀ ਹੈ ਕਿ ਯਿਸੂ ਰਾਹੀਂ ਹੀ ਪਰਮੇਸ਼ੁਰ ਦਾ ਉਦੇਸ਼ ਪੂਰਾ ਹੋਵੇਗਾ।
ਪਹਿਲੀ ਸਦੀ ਵਿਚ ਬਹੁਤ ਸਾਰੇ ਲੋਕਾਂ ਨੇ ਯਿਸੂ ਦੀ ਅਸਲੀਅਤ ਨੂੰ ਸਵੀਕਾਰ ਕੀਤਾ ਕਿ ਉਹ ਵਾਅਦਾ ਕੀਤਾ ਹੋਇਆ ਮਸੀਹਾ ਸੀ ਜੋ ਧਰਤੀ ਉੱਤੇ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਿੱਧ ਕਰਨ ਲਈ ਅਤੇ ਇਨਸਾਨਜਾਤ ਦੇ ਨਿਸਤਾਰੇ ਵਜੋਂ ਆਪਣੀ ਜਾਨ ਦੇਣ ਲਈ ਆਇਆ ਸੀ। (ਮੱਤੀ 20:28; ਲੂਕਾ 2:25-32; ਯੂਹੰਨਾ 17:25, 26; 18:37) ਜੇ ਲੋਕਾਂ ਨੂੰ ਯਿਸੂ ਦੀ ਅਸਲੀਅਤ ਬਾਰੇ ਪੱਕਾ ਭਰੋਸਾ ਨਾ ਹੁੰਦਾ ਤਾਂ ਉਨ੍ਹਾਂ ਨੇ ਅਤਿਆਚਾਰ ਦੇ ਸਾਮ੍ਹਣੇ ਯਿਸੂ ਦੇ ਚੇਲੇ ਬਣਨ ਤੋਂ ਇਨਕਾਰ ਕਰ ਦੇਣਾ ਸੀ। ਹਿੰਮਤ ਅਤੇ ਜੋਸ਼ ਨਾਲ ਉਨ੍ਹਾਂ ਨੇ ਯਿਸੂ ਤੋਂ ਸੌਂਪਿਆ ਹੋਇਆ ਕੰਮ ਕੀਤਾ ਕਿ “ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।”—ਮੱਤੀ 28:19.
ਅੱਜ-ਕੱਲ੍ਹ ਲੱਖਾਂ ਹੀ ਇਮਾਨਦਾਰ ਮਸੀਹੀ ਜਾਣਦੇ ਹਨ ਕਿ ਯਿਸੂ ਕੋਈ ਕਲਪਿਤ ਵਿਅਕਤੀ ਨਹੀਂ ਹੈ। ਉਹ ਸਵੀਕਾਰ ਕਰਦੇ ਹਨ ਕਿ ਯਿਸੂ ਸਵਰਗ ਵਿਚ ਪਰਮੇਸ਼ੁਰ ਦੇ ਸਥਾਪਿਤ ਕੀਤੇ ਹੋਏ ਰਾਜ ਦਾ ਰਾਜਾ ਹੈ। ਉਹ ਰਾਜਾ ਹੁਣ ਆਪਣੇ ਤਖ਼ਤ ਤੇ ਬੈਠਾ ਹੈ ਅਤੇ ਬੜੀ ਜਲਦੀ ਧਰਤੀ ਅਤੇ ਇਸ ਦੇ ਮਾਮਲਿਆਂ ਨੂੰ ਸਾਂਭਣ ਵਾਲਾ ਹੈ। ਪਰਮੇਸ਼ੁਰ ਦੁਆਰਾ ਸਥਾਪਿਤ ਕੀਤੀ ਗਈ ਇਹ ਸਰਕਾਰ ਸਾਡੇ ਲਈ ਚੰਗੀ ਖ਼ਬਰ ਹੈ ਕਿਉਂਕਿ ਇਹ ਦੁਨੀਆਂ ਦੀ ਦੁੱਖ-ਤਕਲੀਫ਼ ਨੂੰ ਖ਼ਤਮ ਕਰੇਗੀ। ਸੱਚੇ ਮਸੀਹੀ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ” ਕਰ ਕੇ ਯਹੋਵਾਹ ਦੇ ਮੁਕੱਰਰ ਕੀਤੇ ਹੋਏ ਰਾਜੇ ਪ੍ਰਤੀ ਆਪਣੀ ਵਫ਼ਾਦਾਰੀ ਜ਼ਾਹਰ ਕਰਦੇ ਹਨ।—ਮੱਤੀ 24:14.
ਜੀਉਂਦੇ ਪਰਮੇਸ਼ੁਰ ਦੇ ਪੁੱਤਰ ਰਾਹੀਂ ਰਾਜ ਦੇ ਇੰਤਜ਼ਾਮ ਦੀ ਪੁਸ਼ਟੀ ਕਰਨ ਵਾਲੇ ਲੋਕ ਹਮੇਸ਼ਾ ਲਈ ਬਰਕਤਾਂ ਦਾ ਮਜ਼ਾ ਲੈਣਗੇ। ਤੁਸੀਂ ਵੀ ਇਹ ਬਰਕਤਾਂ ਪਾ ਸਕਦੇ ਹੋ! ਯਿਸੂ ਨੂੰ ਜਾਣਨ ਵਿਚ ਇਸ ਰਸਾਲੇ ਦੇ ਪ੍ਰਕਾਸ਼ਕ ਤੁਹਾਡੀ ਮਦਦ ਕਰ ਕੇ ਖ਼ੁਸ਼ ਹਨ।
[ਫੁਟਨੋਟ]
^ ਪੈਰਾ 5 ਇੰਜੀਲਾਂ ਦੇ ਬਿਰਤਾਂਤਾਂ ਦੀ ਹੋਰ ਚੰਗੀ ਜਾਣਕਾਰੀ ਵਾਸਤੇ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? ਨਾਮਕ ਅੰਗ੍ਰੇਜ਼ੀ ਦੀ ਕਿਤਾਬ ਦੇ 5 ਤੋਂ 7 ਅਧਿਆਏ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਹੈ।
[ਸਫ਼ੇ 6 ਉੱਤੇ ਡੱਬੀ/ਤਸਵੀਰ]
ਹੋਰਨਾਂ ਲੋਕਾਂ ਨੇ ਕੀ ਕਿਹਾ ਹੈ
“ਮੈਂ ਸੰਸਾਰ ਦੇ ਵੱਡੇ-ਵੱਡੇ ਗੁਰੂਆਂ ਵਿਚ ਨਾਸਰਤ ਦੇ ਯਿਸੂ ਨੂੰ ਵੀ ਗਿਣਦਾ ਹਾਂ। . . . ਮੈਂ ਹਿੰਦੂਆਂ ਨੂੰ ਕਹਾਂਗਾ ਕਿ ਜੇਕਰ ਤੁਸੀਂ ਯਿਸੂ ਦੀਆਂ ਸਿੱਖਿਆਵਾਂ ਦੀ ਲਗਨ ਨਾਲ ਸਟੱਡੀ ਨਾ ਕੀਤੀ ਤਾਂ ਤੁਹਾਡੀ ਜ਼ਿੰਦਗੀ ਖਾਲੀ ਰਹੇਗੀ।” ਮੋਹਨਦਾਸ ਗਾਂਧੀ, ਯਿਸੂ ਦਾ ਸੰਦੇਸ਼। (ਅੰਗ੍ਰੇਜ਼ੀ)
“ਇਕ ਬੰਦਾ ਜੋ ਇੰਨਾ ਅਸਲੀ, ਇੰਨਾ ਸੰਪੂਰਣ, ਇੰਨਾ ਸਥਿਰ, ਇੰਨਾ ਮੁਕੰਮਲ, ਇੰਨਾ ਸਾਧਾਰਣ ਹੋਣ ਦੇ ਬਾਵਜੂਦ ਵੀ ਸਾਰੀ ਮਨੁੱਖਤਾ ਤੋਂ ਇੰਨਾ ਮਹਾਨ ਹੈ, ਉਹ ਨਾ ਚਾਲਬਾਜ਼ ਹੋ ਸਕਦਾ ਹੈ ਅਤੇ ਨਾ ਹੀ ਕਲਪਿਤ। . . . ਯਿਸੂ ਵਰਗੇ ਸ਼ਖ਼ਸ ਨੂੰ ਘੜਨ ਵਾਸਤੇ ਯਿਸੂ ਨਾਲੋਂ ਵੀ ਵੱਡੇ ਬੰਦੇ ਦੀ ਜ਼ਰੂਰਤ ਹੋਣੀ ਸੀ।” ਫ਼ਿਲਿਪ ਸ਼ਾਫ਼, ਇਸਾਈ ਚਰਚ ਦਾ ਇਤਿਹਾਸ। (ਅੰਗ੍ਰੇਜ਼ੀ)
“ਇਕ ਪੀੜ੍ਹੀ ਵਿਚ ਥੋੜ੍ਹੇ ਜਿਹੇ ਸਿੱਧੇ-ਸਾਦੇ ਆਦਮੀਆਂ ਲਈ ਇਕ ਜੋਸ਼ੀਲੇ ਅਤੇ ਮਨਮੋਹਕ ਬੰਦੇ ਦੀ ਕਹਾਣੀ, ਇੰਨੇ ਉੱਚੇ ਸਿਧਾਂਤ ਅਤੇ ਮਨੁੱਖੀ ਭਾਈਚਾਰੇ ਦੇ ਇੰਨੇ ਸੋਹਣੇ ਖਾਬ ਘੜਨੇ ਇੰਜੀਲਾਂ ਵਿਚ ਕਿਸੇ ਵੀ ਕਰਾਮਾਤ ਨਾਲੋਂ ਕਿਤੇ ਹੀ ਵੱਡੀ ਗੱਲ ਹੋਵੇਗੀ।” ਵਿਲ ਡੁਰੈਂਟ, ਕੈਸਰ ਅਤੇ ਮਸੀਹ। (ਅੰਗ੍ਰੇਜ਼ੀ)
“ਇਹ ਗੱਲ ਬਿਲਕੁਲ ਸਮਝ ਨਹੀਂ ਆਉਂਦੀ ਕਿ ਸੰਸਾਰ ਭਰ ਵਿਚ ਫੈਲਣ ਵਾਲਾ ਧਰਮ ਕਿਸੇ ਕਾਲਪਨਿਕ ਬੰਦੇ ਦੁਆਰਾ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਸੀ ਜਿਵੇਂ ਕਿਤੇ ਅੱਜ ਦੇ ਸਮੇਂ ਵਾਂਗ ਕਾਰੋਬਾਰ ਵਧਾਉਣ ਲਈ ਕੋਈ ਡੀਂਗ ਮਾਰ ਕਿਸੇ ਇਸ਼ਤਿਹਾਰ ਵਾਂਗ ਉਸ ਨੂੰ ਵਰਤ ਰਿਹਾ ਹੋਵੇ ਕਿਉਂਕਿ ਬਹੁਤ ਸਾਰੇ ਅਸਲੀ ਲੋਕਾਂ ਨੇ ਨਵੇਂ ਧਰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਅਸਫ਼ਲ ਰਹੇ ਹਨ।” ਗ੍ਰੈਗ ਇਸਟਰਬਰੁਕ, ਸ਼ਾਂਤ ਪਾਣੀਆਂ ਦੇ ਲਾਗੇ। (ਅੰਗ੍ਰੇਜ਼ੀ)
‘ਕਿਤਾਬੀ ਇਤਿਹਾਸਕਾਰ ਵਜੋਂ ਮੈਂ ਬਿਲਕੁਲ ਸਵੀਕਾਰ ਕਰਦਾ ਹਾਂ ਕਿ ਇੰਜੀਲਾਂ ਹੋਰ ਜੋ ਮਰਜ਼ੀ ਹੋਣ ਉਹ ਲੋਕ-ਕਥਾ ਨਹੀਂ ਹਨ। ਉਨ੍ਹਾਂ ਵਿਚ ਇੰਨਾ ਹੁਨਰ ਹੀ ਨਹੀਂ ਹੈ। ਯਿਸੂ ਦੀ ਜ਼ਿਆਦਾਤਰ ਜ਼ਿੰਦਗੀ ਬਾਰੇ ਅਸੀਂ ਨਹੀਂ ਜਾਣਦੇ, ਅਤੇ ਲੋਕ-ਕਥਾ ਰਚਣ ਵਾਲੇ ਬੰਦੇ ਇਸ ਤਰ੍ਹਾਂ ਕਦੀ ਵੀ ਨਾ ਹੋਣ ਦਿੰਦੇ।’ ਕਲਾਇਵ ਸਟੇਪਲਜ਼ ਲੁਇਸ, ਪਰਮੇਸ਼ੁਰ ਕਚਹਿਰੀ ਵਿਚ (ਅੰਗ੍ਰੇਜ਼ੀ)
[ਸਫ਼ੇ 7 ਉੱਤੇ ਤਸਵੀਰ]
ਇੰਜੀਲਾਂ ਯਿਸੂ ਦੇ ਜਜ਼ਬਾਤਾਂ ਬਾਰੇ ਬਹੁਤ ਕੁਝ ਜ਼ਾਹਰ ਕਰਦੀਆਂ ਹਨ