“ਅੱਖੀਆਂ ਵਿੱਚ ਪਾਉਣ ਨੂੰ ਸੁਰਮਾ ਲੈ”
“ਅੱਖੀਆਂ ਵਿੱਚ ਪਾਉਣ ਨੂੰ ਸੁਰਮਾ ਲੈ”
ਪਹਿਲੀ ਸਦੀ ਵਿਚ ਯਿਸੂ ਮਸੀਹ ਨੇ ਏਸ਼ੀਆ ਮਾਈਨਰ ਵਿਚ ਲਾਉਦਿਕੀਆ ਦੀ ਮਸੀਹੀ ਕਲੀਸਿਯਾ ਨੂੰ ਉਪਰਲੀ ਸਲਾਹ ਦਿੱਤੀ ਸੀ।
ਯਿਸੂ ਨੇ ਕਿਹਾ: ‘ਆਪਣੀਆਂ ਅੱਖੀਆਂ ਵਿੱਚ ਪਾਉਣ ਨੂੰ ਸੁਰਮਾ ਮੁੱਲ ਲੈ ਭਈ ਤੂੰ ਸੁਜਾਖੀ ਹੋ ਜਾਵੀਂ।’ ਇੱਥੇ ਅੱਖਾਂ ਦੀ ਅਸਲੀ ਬੀਮਾਰੀ ਬਾਰੇ ਗੱਲ ਨਹੀਂ ਕੀਤੀ ਜਾ ਰਹੀ, ਪਰ ਰੂਹਾਨੀ ਤੌਰ ਤੇ ਅੰਨ੍ਹੇ ਹੋਣ ਬਾਰੇ ਗੱਲ ਹੋ ਰਹੀ ਸੀ, ਜਿਸ ਦਾ ਇਲਾਜ ਕਰਨ ਦੀ ਲੋੜ ਸੀ। ਲਾਉਦਿਕੀਆ ਦੇ ਮਸੀਹੀ ਆਪਣੇ ਅਮੀਰ ਅਤੇ ਖ਼ੁਸ਼ਹਾਲ ਸ਼ਹਿਰ ਦੀ ਚਮਕ-ਦਮਕ ਤੋਂ ਪ੍ਰਭਾਵਿਤ ਹੋ ਗਏ ਸਨ ਅਤੇ ਆਪਣੀਆਂ ਰੂਹਾਨੀ ਜ਼ਰੂਰਤਾਂ ਨੂੰ ਭੁੱਲ ਗਏ ਸਨ।
ਇਸੇ ਕਾਰਨ ਉਨ੍ਹਾਂ ਦੀ ਰੂਹਾਨੀ ਨਜ਼ਰ ਕਮਜ਼ੋਰ ਹੋ ਗਈ ਸੀ, ਤਾਈਓਂ ਯਿਸੂ ਨੇ ਕਿਹਾ: “ਤੂੰ ਜੋ ਆਖਦਾ ਹੈਂ ਭਈ ਮੈਂ ਧਨਵਾਨ ਹਾਂ ਅਤੇ ਮੈਂ ਮਾਯਾ ਜੋੜੀ ਹੈ ਅਤੇ ਮੈਨੂੰ ਕਾਸੇ ਦੀ ਲੋੜ ਨਹੀਂ ਅਤੇ ਨਹੀਂ ਜਾਣਦਾ ਹੈਂ ਜੋ ਤੂੰ ਦੁਖੀ, ਮੰਦਭਾਗੀ, ਕੰਗਾਲ, ਅੰਨ੍ਹਾਂ ਅਤੇ ਨੰਗਾ ਹੈਂ।” (ਟੇਢੇ ਟਾਈਪ ਸਾਡੇ।) ਭਾਵੇਂ ਕਿ ਮਸੀਹੀਆਂ ਨੇ ਇਹ ਗੱਲ ਨਹੀਂ ਪਛਾਣੀ, ਕਲੀਸਿਯਾ ਦੇ ਕਈ ਮੈਂਬਰਾਂ ਨੂੰ ਅੱਖਾਂ ਦੇ ਇਲਾਜ ਲਈ ‘ਸੁਰਮੇ’ ਦੀ ਜ਼ਰੂਰਤ ਸੀ। ਇਹ ਸੁਰਮਾ ਸਿਰਫ਼ ਯਿਸੂ ਮਸੀਹ ਦੀਆਂ ਸਿੱਖਿਆਵਾਂ ਅਤੇ ਅਨੁਸ਼ਾਸਨ ਤੋਂ ਹੀ ਮਿਲ ਸਕਦਾ ਸੀ। ਯਿਸੂ ਨੇ ਕਿਹਾ ਸੀ ਕਿ “ਮੇਰੇ ਕੋਲੋਂ [ਸੁਰਮਾ] ਮੁੱਲ ਲੈ।” (ਟੇਢੇ ਟਾਈਪ ਸਾਡੇ)—ਪਰਕਾਸ਼ ਦੀ ਪੋਥੀ 3:17, 18.
ਲਾਉਦਿਕੀਆ ਦੇ ਮਸੀਹੀਆਂ ਵਾਂਗ ਅੱਜ ਵੀ ਸੱਚੇ ਮਸੀਹੀਆਂ ਨੂੰ ਆਪਣੇ ਆਲੇ-ਦੁਆਲੇ ਦੇ ਭੌਤਿਕ ਅਤੇ ਮਜ਼ੇ ਲੈਣ ਵਾਲੇ ਮਾਹੌਲ ਦੁਆਰਾ ਪ੍ਰਭਾਵਿਤ ਹੋਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਅਣਜਾਣੇ ਹੀ ਉਹ ਇਸ ਵਿਚ ਫੱਸ ਸਕਦੇ ਹਨ। ਰੂਹਾਨੀ ਤੌਰ ਤੇ ਸਾਫ਼ ਨਜ਼ਰ ਰੱਖਣ ਦਾ ਤਰੀਕਾ ਇਸ ਸਲਾਹ ਤੋਂ ਜ਼ਾਹਰ ਹੁੰਦਾ ਹੈ ਕਿ ‘ਆਪਣੀਆਂ ਅੱਖੀਆਂ ਵਿੱਚ ਪਾਉਣ ਨੂੰ ਸੁਰਮਾ ਯਿਸੂ ਕੋਲੋਂ ਮੁੱਲ ਲੈ ਲਵੋ ਭਈ ਤੁਸੀਂ ਸੁਜਾਖੇ ਹੋ ਸਕੋ।’
ਇਸ ਗੱਲ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿ “ਸੁਰਮਾ” ਮੁੱਲ ਲੈਣਾ ਪੈਂਦਾ ਹੈ। ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ। ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਵਿਚ ਅਤੇ ਉਸ ਉੱਤੇ ਮਨਨ ਕਰਨ ਵਿਚ ਸਮਾਂ ਗੁਜ਼ਾਰਨਾ ਜ਼ਰੂਰੀ ਹੈ। ਜ਼ਬੂਰਾਂ ਦੇ ਲਿਖਾਰੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਪਰਮੇਸ਼ੁਰ ਦਾ ਬਚਨ “ਨਿਰਮਲ ਹੈ, ਉਹ [ਰੂਹਾਨੀ] ਅੱਖੀਆਂ ਨੂੰ ਚਾਨਣ ਦਿੰਦਾ ਹੈ।”—ਜ਼ਬੂਰ 19:8.