ਮਾਪਿਓ ਆਪਣੇ ਬੱਚਿਆਂ ਦੀ ਜ਼ਰੂਰਤ ਪੂਰੀ ਕਰੋ!
ਮਾਪਿਓ ਆਪਣੇ ਬੱਚਿਆਂ ਦੀ ਜ਼ਰੂਰਤ ਪੂਰੀ ਕਰੋ!
ਬੁੱਚਿਆਂ ਨੂੰ, ਖ਼ਾਸ ਕਰਕੇ ਮਾਪਿਆਂ ਵੱਲੋਂ, ਅਗਵਾਈ ਅਤੇ ਪ੍ਰੇਮਪੂਰਣ ਸਿਖਲਾਈ ਦੀ ਜ਼ਰੂਰਤ ਹੈ। ਇਸ ਦੇ ਸੰਬੰਧ ਵਿਚ ਟਾਨਯਾ ਜ਼ੋਗੁਰੀ ਨਾਂ ਦੀ ਇਕ ਬ੍ਰਾਜ਼ੀਲੀ ਅਧਿਆਪਕ ਨੇ ਕਿਹਾ: “ਹਰੇਕ ਬੱਚਾ ਮਨੋਰੰਜਨ ਦਾ ਮਜ਼ਾ ਲੈਣਾ ਚਾਹੁੰਦਾ ਹੈ। ਸੀਮਾਵਾਂ ਕਾਇਮ ਕਰਨੀਆਂ ਜ਼ਰੂਰੀ ਹਨ। ਇਹ ਮਾਪਿਆਂ ਦੀ ਜ਼ਿੰਮੇਵਾਰੀ ਹੈ। ਜੇ ਮਾਪੇ ਇਸ ਤਰ੍ਹਾਂ ਨਹੀਂ ਕਰਦੇ ਤਾਂ ਬੱਚੇ ਵਿਗੜ ਜਾਂਦੇ ਹਨ।”
ਪਰ, ਕਈ ਦੇਸ਼ਾਂ ਵਿਚ ਲੋਕਾਂ ਨੂੰ ਆਪਣੀ ਮਰਜ਼ੀ ਕਰਨ ਦੀ ਖੁੱਲ੍ਹ ਦੇਣ ਉੱਤੇ ਜ਼ੋਰ ਪਾਇਆ ਜਾਂਦਾ ਹੈ। ਅਜਿਹੇ ਥਾਵਾਂ ਵਿਚ ਉਪਰਲੀ ਸਲਾਹ ਮੰਨਣੀ ਔਖੀ ਹੈ। ਤਾਂ ਫਿਰ ਮਾਪੇ ਕਿੱਥੋਂ ਮਦਦ ਪਾ ਸਕਦੇ ਹਨ? ਪਰਮੇਸ਼ੁਰੀ ਭੈ ਰੱਖਣ ਵਾਲੇ ਮਾਪੇ ਜਾਣਦੇ ਹਨ ਕਿ ਉਨ੍ਹਾਂ ਦੇ ਬੱਚੇ “ਯਹੋਵਾਹ ਵੱਲੋਂ ਮਿਰਾਸ [ਜਾਂ, ਵਿਰਾਸਤ] ਹਨ।” (ਜ਼ਬੂਰ 127:3) ਇਸ ਲਈ, ਉਹ ਆਪਣੇ ਬੱਚਿਆਂ ਨੂੰ ਪਾਲਣ ਲਈ ਪਰਮੇਸ਼ੁਰ ਦੇ ਬਚਨ, ਯਾਨੀ ਬਾਈਬਲ, ਦੀ ਅਗਵਾਈ ਭਾਲਦੇ ਹਨ। ਮਿਸਾਲ ਲਈ, ਕਹਾਉਤਾਂ 13:24 ਕਹਿੰਦਾ ਹੈ: “ਜਿਹੜਾ ਪੁੱਤ੍ਰ ਉੱਤੇ ਛੂਛਕ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ।”
ਬਾਈਬਲ ਵਿਚ ਵਰਤੇ ਗਏ ਸ਼ਬਦ “ਛੂਛਕ” ਦਾ ਮਤਲਬ ਸਿਰਫ਼ ਬੱਚੇ ਨੂੰ ਮਾਰਨਾ-ਕੁੱਟਣਾ ਹੀ ਨਹੀਂ ਸਮਝਿਆ ਜਾਣਾ ਚਾਹੀਦਾ; ਇਹ ਬੱਚਿਆਂ ਨੂੰ ਸੁਧਾਰਨ ਦੇ ਤਰੀਕੇ ਵੱਲ ਸੰਕੇਤ ਕਰਦਾ ਹੈ, ਚਾਹੇ ਇਹ ਤਰੀਕਾ ਜੋ ਮਰਜ਼ੀ ਹੋਵੇ। ਜੀ ਹਾਂ, ਅਕਸਰ ਬੱਚਿਆਂ ਦੀ ਗ਼ਲਤੀ ਨੂੰ ਸੁਧਾਰਨ ਲਈ ਉਨ੍ਹਾਂ ਨਾਲ ਗੱਲ ਕਰ ਕੇ ਹੀ ਸਮਝਾਉਣ ਦੀ ਜ਼ਰੂਰਤ ਹੋਵੇ। ਕਹਾਉਤਾਂ 29:17 ਕਹਿੰਦਾ ਹੈ: “ਆਪਣੇ ਪੁੱਤ੍ਰ ਨੂੰ ਤਾੜ ਤਾਂ ਉਹ ਤੈਨੂੰ ਸੁਖ ਦੇਵੇਗਾ, ਅਤੇ ਉਹ ਤੇਰੇ ਜੀ ਨੂੰ ਨਿਹਾਲ ਕਰੇਗਾ।”
ਬੱਚਿਆਂ ਵਿਚ ਪੈਦਾ ਹੋਏ ਬੁਰੇ ਗੁਣ ਬਦਲਣ ਲਈ ਉਨ੍ਹਾਂ ਨੂੰ ਪ੍ਰੇਮਪੂਰਣ ਸਿਖਲਾਈ ਜਾਂ ਤਾੜਨਾ ਦੀ ਜ਼ਰੂਰਤ ਹੈ। ਆਪਣੇ ਬੱਚਿਆਂ ਨੂੰ ਅਜਿਹੀ ਪੱਕੀ ਅਤੇ ਪਿਆਰ-ਭਰੀ ਤਾੜਨਾ ਦੇਣ ਦੁਆਰਾ ਮਾਪੇ ਦਿਖਾਉਂਦੇ ਹਨ ਕਿ ਉਹ ਉਨ੍ਹਾਂ ਦਾ ਭਲਾ ਚਾਹੁੰਦੇ ਹਨ। (ਕਹਾਉਤਾਂ 22:6) ਤਾਂ ਫਿਰ ਮਾਪਿਓ, ਹਿੰਮਤ ਨਾ ਹਾਰੋ! ਬਾਈਬਲ ਦੀ ਸਹੀ ਅਤੇ ਫ਼ਾਇਦੇਮੰਦ ਸਲਾਹ ਉੱਤੇ ਚੱਲਣ ਦੁਆਰਾ ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰੋਗੇ ਅਤੇ ਤੁਹਾਡੇ ਬੱਚੇ ਤੁਹਾਡਾ ਆਦਰ ਕਰਨਗੇ।