ਖ਼ੁਸ਼ ਖ਼ਬਰੀ ਦੀਆਂ ਬਰਕਤਾਂ
ਖ਼ੁਸ਼ ਖ਼ਬਰੀ ਦੀਆਂ ਬਰਕਤਾਂ
“ਯਹੋਵਾਹ ਨੇ ਮੈਨੂੰ ਮਸਹ ਕੀਤਾ, ਭਈ ਗਰੀਬਾਂ [“ਹਲੀਮਾਂ,” “ਨਿ ਵ”] ਨੂੰ ਖੁਸ਼ ਖਬਰੀ ਸੁਣਾਵਾਂ, ਓਸ ਮੈਨੂੰ ਘੱਲਿਆ ਹੈ, ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ, . . . ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ।”—ਯਸਾਯਾਹ 61:1, 2.
1, 2. (ੳ) ਯਿਸੂ ਨੇ ਆਪਣੇ ਬਾਰੇ ਕੀ ਦੱਸਿਆ ਤੇ ਕਿਵੇਂ? (ਅ) ਯਿਸੂ ਦੁਆਰਾ ਸੁਣਾਈ ਗਈ ਖ਼ੁਸ਼ ਖ਼ਬਰੀ ਤੋਂ ਲੋਕਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
ਆਪਣੀ ਸੇਵਕਾਈ ਦੇ ਸ਼ੁਰੂਆਤੀ ਦਿਨਾਂ ਦੌਰਾਨ ਸਬਤ ਦੇ ਇਕ ਦਿਨ ਯਿਸੂ ਨਾਸਰਤ ਦੇ ਯਹੂਦੀ ਸਭਾ-ਘਰ ਵਿਚ ਗਿਆ। ਬਾਈਬਲ ਦੱਸਦੀ ਹੈ ਕਿ “ਯਸਾਯਾਹ ਨਬੀ ਦੀ ਪੋਥੀ ਉਹ ਨੂੰ ਦਿੱਤੀ ਗਈ ਅਤੇ ਉਸ ਨੇ ਪੋਥੀ ਖੋਲ੍ਹ ਕੇ ਉਹ ਥਾਂ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ ਪ੍ਰਭੁ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ।” ਯਿਸੂ ਨੇ ਯਸਾਯਾਹ ਦੀ ਉਸ ਭਵਿੱਖਬਾਣੀ ਨੂੰ ਪੜ੍ਹਿਆ। ਫਿਰ ਉਹ ਬੈਠ ਗਿਆ ਤੇ ਕਿਹਾ: “ਇਹ ਲਿਖਤ ਅੱਜ ਤੁਹਾਡੇ ਕੰਨਾਂ ਵਿੱਚ ਪੂਰੀ ਹੋਈ ਹੈ।”—ਲੂਕਾ 4:16-21.
2 ਇਸ ਤਰ੍ਹਾਂ ਯਿਸੂ ਨੇ ਦੱਸਿਆ ਕਿ ਭਵਿੱਖਬਾਣੀ ਵਿਚ ਜਿਸ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਤੇ ਦਿਲਾਸਾ ਦੇਣ ਵਾਲੇ ਦਾ ਜ਼ਿਕਰ ਕੀਤਾ ਗਿਆ ਸੀ, ਉਹ ਵਿਅਕਤੀ ਯਿਸੂ ਆਪ ਹੀ ਸੀ। (ਮੱਤੀ 4:23) ਤੇ ਯਿਸੂ ਨੇ ਜਿਸ ਗੱਲ ਦਾ ਪ੍ਰਚਾਰ ਕੀਤਾ ਸੀ ਉਹ ਸੱਚ-ਮੁੱਚ ਇਕ ਖ਼ੁਸ਼ੀ ਦੀ ਖ਼ਬਰ ਸੀ। ਉਸ ਨੇ ਲੋਕਾਂ ਨੂੰ ਦੱਸਿਆ: “ਜਗਤ ਦਾ ਚਾਨਣ ਮੈਂ ਹਾਂ। ਜਿਹੜਾ ਮੇਰੇ ਪਿੱਛੇ ਤੁਰਦਾ ਹੈ ਅਨ੍ਹੇਰੇ ਵਿੱਚ ਕਦੇ ਨਾ ਚੱਲੇਗਾ ਸਗੋਂ ਉਹ ਦੇ ਕੋਲ ਜੀਉਣ ਦਾ ਚਾਨਣ ਹੋਵੇਗਾ।” (ਯੂਹੰਨਾ 8:12) ਉਸ ਨੇ ਇਹ ਵੀ ਦੱਸਿਆ: “ਜੇ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ। ਅਰ ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” (ਯੂਹੰਨਾ 8:31, 32) ਜੀ ਹਾਂ, ਯਿਸੂ ਕੋਲ “ਸਦੀਪਕ ਜੀਉਣ ਦੀਆਂ ਗੱਲਾਂ” ਸਨ। (ਯੂਹੰਨਾ 6:68, 69) ਚਾਨਣ, ਜ਼ਿੰਦਗੀ ਤੇ ਆਜ਼ਾਦੀ—ਇਹ ਤਿੰਨੇ ਚੀਜ਼ਾਂ ਕਿੰਨੀਆਂ ਅਨਮੋਲ ਹਨ!
3. ਯਿਸੂ ਦੇ ਚੇਲਿਆਂ ਨੇ ਕਿਹੜੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ?
3 ਪੰਤੇਕੁਸਤ 33 ਸਾ.ਯੁ. ਤੋਂ ਬਾਅਦ ਯਿਸੂ ਦੇ ਚੇਲਿਆਂ ਨੇ ਉਸ ਮੱਤੀ 24:14; ਰਸੂਲਾਂ ਦੇ ਕਰਤੱਬ 15:7; ਰੋਮੀਆਂ 1:16) ਜਿਨ੍ਹਾਂ ਨੇ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕੀਤਾ, ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਨੂੰ ਜਾਣਿਆ। ਉਹ ਧਾਰਮਿਕ ਆਗੂਆਂ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਗਏ ਅਤੇ ਨਵੀਂ ਅਧਿਆਤਮਿਕ ਕੌਮ, “ਪਰਮੇਸ਼ੁਰ ਦੇ ਇਸਰਾਏਲ” ਦਾ ਹਿੱਸਾ ਬਣ ਗਏ ਜਿਸ ਦੇ ਮੈਂਬਰ ਆਪਣੇ ਪ੍ਰਭੂ ਯਿਸੂ ਮਸੀਹ ਨਾਲ ਸਵਰਗ ਵਿਚ ਹਮੇਸ਼ਾ-ਹਮੇਸ਼ਾ ਲਈ ਰਾਜ ਕਰਨ ਦੀ ਆਸ ਰੱਖਦੇ ਹਨ। (ਗਲਾਤੀਆਂ 5:1; 6:16; ਅਫ਼ਸੀਆਂ 3:5-7; ਕੁਲੁੱਸੀਆਂ 1:4, 5; ਪਰਕਾਸ਼ ਦੀ ਪੋਥੀ 22:5) ਖ਼ੁਸ਼ ਖ਼ਬਰੀ ਨੂੰ ਸਵੀਕਾਰ ਕਰਨ ਵਾਲਿਆਂ ਨੂੰ ਸੱਚ-ਮੁੱਚ ਭਰਪੂਰ ਬਰਕਤਾਂ ਮਿਲੀਆਂ!
ਦੇ ਪ੍ਰਚਾਰ ਦੇ ਕੰਮ ਨੂੰ ਜਾਰੀ ਰੱਖਿਆ। ਉਨ੍ਹਾਂ ਨੇ ‘ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ’ ਇਸਰਾਏਲੀਆਂ ਤੇ ਦੂਸਰੀਆਂ ਕੌਮਾਂ ਦੇ ਲੋਕਾਂ ਨੂੰ ਕੀਤਾ। (ਅੱਜ ਖ਼ੁਸ਼ ਖ਼ਬਰੀ ਦਾ ਪ੍ਰਚਾਰ
4. ਅੱਜ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦਾ ਕੰਮ ਕਿੱਦਾਂ ਹੋ ਰਿਹਾ ਹੈ?
4 ਅੱਜ ਮਸਹ ਕੀਤੇ ਹੋਏ ਮਸੀਹੀ ਅਤੇ ‘ਹੋਰ ਭੇਡਾਂ’ ਦੀ “ਵੱਡੀ ਭੀੜ” ਉਹੋ ਕੰਮ ਕਰ ਰਹੇ ਹਨ ਜੋ ਯਸਾਯਾਹ ਦੀ ਭਵਿੱਖਬਾਣੀ ਦੇ ਅਨੁਸਾਰ ਮੁੱਖ ਤੌਰ ਤੇ ਯਿਸੂ ਨੂੰ ਦਿੱਤਾ ਗਿਆ ਸੀ। (ਪਰਕਾਸ਼ ਦੀ ਪੋਥੀ 7:9; ਯੂਹੰਨਾ 10:16) ਸਿੱਟੇ ਵਜੋਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਇੰਨੇ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਜਿੰਨਾ ਪਹਿਲਾਂ ਕਦੀ ਨਹੀਂ ਕੀਤਾ ਗਿਆ। ਯਹੋਵਾਹ ਦੇ ਗਵਾਹ 235 ਦੇਸ਼ਾਂ ਤੇ ਇਲਾਕਿਆਂ ਵਿਚ ‘ਹਲੀਮਾਂ ਨੂੰ ਖੁਸ਼ ਖਬਰੀ ਸੁਣਾਉਣ, ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਣ, ਅਤੇ ਬੰਧੂਆਂ ਨੂੰ ਛੁੱਟਣ ਦਾ ਅਤੇ ਅਸੀਰਾਂ ਨੂੰ ਖੁਲ੍ਹਣ ਦਾ ਪਰਚਾਰ ਕਰਨ, ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ, ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਪਰਚਾਰ ਕਰਨ, ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦੇਣ’ ਲਈ ਲੋਕਾਂ ਕੋਲ ਜਾਂਦੇ ਹਨ। (ਯਸਾਯਾਹ 61:1, 2) ਇਸ ਲਈ, ਮਸੀਹੀਆਂ ਦੇ ਪ੍ਰਚਾਰ ਕੰਮ ਤੋਂ ਬਹੁਤ ਸਾਰੇ ਲੋਕਾਂ ਨੂੰ ਬਰਕਤਾਂ ਮਿਲਦੀਆਂ ਹਨ ਅਤੇ “ਹਰ ਬਿਪਤਾ ਵਿੱਚ” ਪਏ ਲੋਕਾਂ ਦੇ ਦਿਲਾਂ ਨੂੰ ਸੱਚਾ ਦਿਲਾਸਾ ਮਿਲਦਾ ਹੈ।—2 ਕੁਰਿੰਥੀਆਂ 1:3, 4.
5. ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੇ ਮਾਮਲੇ ਵਿਚ ਯਹੋਵਾਹ ਦੇ ਗਵਾਹ ਈਸਾਈ-ਜਗਤ ਦੇ ਗਿਰਜਿਆਂ ਨਾਲੋਂ ਕਿਵੇਂ ਵੱਖਰੇ ਹਨ?
5 ਇਹ ਸੱਚ ਹੈ ਕਿ ਈਸਾਈ-ਜਗਤ ਦੇ ਗਿਰਜੇ ਵੀ ਪ੍ਰਚਾਰ ਦਾ ਕੰਮ ਕਰਦੇ ਹਨ। ਬਹੁਤ ਸਾਰੇ ਗਿਰਜੇ ਆਪਣੇ ਮਿਸ਼ਨਰੀਆਂ ਨੂੰ ਦੂਸਰੇ ਦੇਸ਼ਾਂ ਵਿਚ ਲੋਕਾਂ ਦਾ ਧਰਮ ਬਦਲਣ ਲਈ ਘੱਲਦੇ ਹਨ। ਉਦਾਹਰਣ ਲਈ, ਆਰਥੋਡਾਕਸ ਕ੍ਰਿਸਚਨ ਮਿਸ਼ਨ ਸੈਂਟਰ ਮੈਗਜ਼ੀਨ ਵਿਚ ਮੈਲਾਗਾਸੀ, ਅਫ਼ਰੀਕਾ ਦੇ ਦੱਖਣੀ ਦੇਸ਼ਾਂ, ਤਨਜ਼ਾਨੀਆ ਅਤੇ ਜ਼ਿਮਬਾਬਵੇ ਵਿਚ ਆਰਥੋਡਾਕਸ ਮਿਸ਼ਨਰੀਆਂ ਦੇ ਕੰਮਾਂ ਦੀਆਂ ਰਿਪੋਰਟਾਂ ਦਿੱਤੀਆਂ ਜਾਂਦੀਆਂ ਹਨ। ਪਰ ਈਸਾਈ-ਜਗਤ ਦੇ ਦੂਸਰੇ ਗਿਰਜਿਆਂ ਵਾਂਗ ਆਰਥੋਡਾਕਸ ਗਿਰਜੇ ਦੇ ਜ਼ਿਆਦਾਤਰ ਮੈਂਬਰ ਪ੍ਰਚਾਰ ਦੇ ਕੰਮ ਵਿਚ ਕੋਈ ਹਿੱਸਾ ਨਹੀਂ ਲੈਂਦੇ। ਇਸ ਦੇ ਉਲਟ, ਯਹੋਵਾਹ ਦੇ ਸਾਰੇ ਸਮਰਪਿਤ ਗਵਾਹ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਹਿੱਸਾ ਲੈਣ ਦੀ ਕੋਸ਼ਿਸ਼ ਕਰਦੇ ਹਨ। ਉਹ ਜਾਣਦੇ ਹਨ ਕਿ ਖ਼ੁਸ਼ ਖ਼ਬਰੀ ਦਾ ਐਲਾਨ ਕਰਨਾ ਉਨ੍ਹਾਂ ਦੀ ਸੱਚੀ ਨਿਹਚਾ ਦਾ ਸਬੂਤ ਹੈ। ਪੌਲੁਸ ਨੇ ਕਿਹਾ: “ਧਰਮ ਲਈ ਤਾਂ ਹਿਰਦੇ ਨਾਲ ਨਿਹਚਾ ਕਰੀਦੀ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ।” ਜਿਹੜੀ ਨਿਹਚਾ ਇਕ ਵਿਅਕਤੀ ਨੂੰ ਕੁਝ ਕਰਨ ਲਈ ਪ੍ਰੇਰਿਤ ਨਹੀਂ ਕਰਦੀ, ਉਹ ਨਿਹਚਾ ਮਰੀ ਹੋਈ ਹੁੰਦੀ ਹੈ।—ਰੋਮੀਆਂ 10:10; ਯਾਕੂਬ 2:17.
ਅਜਿਹੀ ਖ਼ੁਸ਼ ਖ਼ਬਰੀ ਜਿਸ ਤੋਂ ਸਦੀਵੀ ਬਰਕਤਾਂ ਮਿਲਦੀਆਂ ਹਨ
6. ਅੱਜ ਕਿਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ?
6 ਯਹੋਵਾਹ ਦੇ ਗਵਾਹ ਸਭ ਤੋਂ ਚੰਗੀ ਖ਼ਬਰ ਦਾ ਪ੍ਰਚਾਰ ਕਰਦੇ ਹਨ। ਜਿਹੜੇ ਉਨ੍ਹਾਂ ਦੀ ਗੱਲ ਸੁਣਦੇ ਹਨ, ਉਨ੍ਹਾਂ ਨੂੰ ਉਹ ਬਾਈਬਲ ਵਿੱਚੋਂ ਦੱਸਦੇ ਹਨ ਕਿ ਯਿਸੂ ਨੇ ਸਾਰੀ ਮਨੁੱਖਜਾਤੀ ਲਈ ਆਪਣੀ ਕੁਰਬਾਨੀ ਦਿੱਤੀ ਹੈ ਜਿਸ ਦੁਆਰਾ ਇਨਸਾਨ ਪਰਮੇਸ਼ੁਰ ਨਾਲ ਮੇਲ-ਮਿਲਾਪ ਕਰ ਸਕਦੇ ਹਨ। ਇਸ ਕੁਰਬਾਨੀ ਦੇ ਆਧਾਰ ਤੇ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਅਤੇ ਸਦੀਪਕ ਜ਼ਿੰਦਗੀ ਦੀ ਆਸ਼ਾ ਮਿਲਦੀ ਹੈ। (ਯੂਹੰਨਾ 3:16; 2 ਕੁਰਿੰਥੀਆਂ 5:18, 19) ਉਹ ਐਲਾਨ ਕਰਦੇ ਹਨ ਕਿ ਪਰਮੇਸ਼ੁਰ ਦਾ ਰਾਜ ਸਵਰਗ ਵਿਚ ਸਥਾਪਿਤ ਹੋ ਚੁੱਕਾ ਹੈ ਤੇ ਯਿਸੂ ਮਸੀਹ ਉਸ ਦਾ ਮਸਹ ਕੀਤਾ ਹੋਇਆ ਰਾਜਾ ਹੈ ਅਤੇ ਇਹ ਰਾਜ ਜਲਦੀ ਹੀ ਧਰਤੀ ਤੋਂ ਸਾਰੀ ਬੁਰਾਈ ਨੂੰ ਖ਼ਤਮ ਕਰ ਕੇ ਧਰਤੀ ਨੂੰ ਫਿਰਦੌਸ ਬਣਾਵੇਗਾ। (ਪਰਕਾਸ਼ ਦੀ ਪੋਥੀ 11:15; 21:3, 4) ਯਸਾਯਾਹ ਦੀ ਭਵਿੱਖਬਾਣੀ ਨੂੰ ਪੂਰਾ ਕਰਦੇ ਹੋਏ ਉਹ ਆਪਣੇ ਗੁਆਂਢੀਆਂ ਨੂੰ ਦੱਸਦੇ ਹਨ ਕਿ ਹੁਣ ‘ਯਹੋਵਾਹ ਦਾ ਮਨ ਭਾਉਂਦਾ ਵਰ੍ਹਾ’ ਹੈ ਜਿਸ ਦੌਰਾਨ ਲੋਕ ਅਜੇ ਵੀ ਖ਼ੁਸ਼ ਖ਼ਬਰੀ ਪ੍ਰਤੀ ਚੰਗਾ ਹੁੰਗਾਰਾ ਭਰ ਸਕਦੇ ਹਨ। ਪਰ ਉਹ ਚੇਤਾਵਨੀ ਵੀ ਦਿੰਦੇ ਹਨ ਕਿ ਜਲਦੀ ਹੀ ‘ਪਰਮੇਸ਼ੁਰ ਦਾ ਬਦਲਾ ਲੈਣ ਦਾ ਦਿਨ’ ਆਵੇਗਾ ਤੇ ਯਹੋਵਾਹ ਤੋਬਾ ਨਾ ਕਰਨ ਵਾਲੇ ਸਾਰੇ ਪਾਪੀਆਂ ਨੂੰ ਖ਼ਤਮ ਕਰ ਦੇਵੇਗਾ।—ਜ਼ਬੂਰ 37:9-11.
7. ਕਿਹੜੀ ਰਿਪੋਰਟ ਯਹੋਵਾਹ ਦੇ ਗਵਾਹਾਂ ਦੀ ਏਕਤਾ ਦਾ ਸਬੂਤ ਹੈ ਤੇ ਉਨ੍ਹਾਂ ਵਿਚ ਕਿਉਂ ਏਕਤਾ ਹੈ?
7 ਹਾਦਸਿਆਂ ਤੇ ਆਫ਼ਤਾਂ ਤੋਂ ਦੁਖੀ ਇਸ ਦੁਨੀਆਂ ਵਿਚ ਇਹੀ ਇਕ ਖ਼ੁਸ਼ ਖ਼ਬਰੀ ਹੈ ਜਿਸ ਤੋਂ ਲੋਕਾਂ ਨੂੰ ਸਦੀਵੀ ਫ਼ਾਇਦੇ ਹੋਣਗੇ। ਜਿਹੜੇ ਇਸ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕਰਦੇ ਹਨ, ਉਹ ਮਸੀਹੀਆਂ ਦੇ ਵਿਸ਼ਵ-ਵਿਆਪੀ ਭਾਈਚਾਰੇ ਦਾ ਹਿੱਸਾ ਬਣ ਜਾਂਦੇ ਹਨ ਜਿਸ ਵਿਚ ਕੌਮੀ, ਜਾਤੀ ਜਾਂ ਆਰਥਿਕ ਪੱਖਪਾਤ ਨਹੀਂ ਕੀਤਾ ਜਾਂਦਾ। ਉਨ੍ਹਾਂ ਵਿਚ ‘ਪਿਆਰ ਹੈ, ਕਿਉਂਕਿ ਪਿਆਰ ਹੀ ਹੈ ਜੋ ਸਭ ਚੀਜ਼ਾਂ ਦੀ ਪੂਰਨ ਏਕਤਾ ਦਾ ਆਧਾਰ ਹੈ।’ (ਕੁਲੁੱਸੀਆਂ 3:14, ਪਵਿੱਤਰ ਬਾਈਬਲ ਨਵਾਂ ਅਨੁਵਾਦ; ਯੂਹੰਨਾ 15:12) ਇਸ ਦੀ ਮਿਸਾਲ ਪਿਛਲੇ ਸਾਲ ਇਕ ਅਫ਼ਰੀਕੀ ਦੇਸ਼ ਵਿਚ ਦੇਖਣ ਨੂੰ ਮਿਲੀ। ਇਕ ਦਿਨ ਸਵੇਰ-ਸਵੇਰੇ ਦੇਸ਼ ਦੀ ਰਾਜਧਾਨੀ ਗੋਲੀਆਂ ਦੀ ਖੜਖੜਾਹਟ ਨਾਲ ਜਾਗ ਉੱਠੀ। ਸਰਕਾਰ ਦੇ ਵਿਰੁੱਧ ਬਗਾਵਤ ਸ਼ੁਰੂ ਹੋ ਗਈ ਸੀ। ਜਦੋਂ ਇਸ ਬਗਾਵਤ ਨੇ ਨਸਲੀ ਫ਼ਸਾਦ ਦਾ ਰੂਪ ਧਾਰ ਲਿਆ, ਤਾਂ ਗਵਾਹਾਂ ਦਾ ਇਕ ਪਰਿਵਾਰ ਦੀ ਇਸ ਲਈ ਆਲੋਚਨਾ ਕੀਤੀ ਗਈ ਕਿਉਂਕਿ ਉਨ੍ਹਾਂ ਨੇ ਦੂਸਰੀ ਨਸਲ ਦੇ ਗਵਾਹਾਂ ਨੂੰ ਆਪਣੇ ਘਰ ਵਿਚ ਪਨਾਹ ਦਿੱਤੀ ਸੀ। ਉਸ ਪਰਿਵਾਰ ਨੇ ਲੋਕਾਂ ਨੂੰ ਜਵਾਬ ਦਿੱਤਾ: “ਸਾਡੇ ਘਰ ਵਿਚ ਤਾਂ ਸਿਰਫ਼ ਯਹੋਵਾਹ ਦੇ ਗਵਾਹ ਹਨ।” ਉਨ੍ਹਾਂ ਲਈ ਜਾਤ-ਪਾਤ, ਨਸਲ ਵਗੈਰਾ ਕੋਈ ਮਾਅਨੇ ਨਹੀਂ ਰੱਖਦੇ, ਸਗੋਂ ਮਸੀਹੀ ਪਿਆਰ ਤੇ ਲੋੜਵੰਦ ਲੋਕਾਂ ਨੂੰ ਦਿਲਾਸਾ ਦੇਣਾ ਹੀ ਮਾਅਨੇ ਰੱਖਦਾ ਸੀ। ਉਸ ਪਰਿਵਾਰ ਦੇ ਇਕ ਰਿਸ਼ਤੇਦਾਰ, ਜੋ ਗਵਾਹ ਨਹੀਂ ਸੀ, ਨੇ ਕਿਹਾ: “ਸਾਰੇ ਧਰਮਾਂ ਦੇ ਲੋਕਾਂ ਨੇ ਆਪਣੇ ਧਰਮ ਦੇ ਬੰਦਿਆਂ ਨੂੰ ਧੋਖਾ ਦਿੱਤਾ। ਸਿਰਫ਼ ਯਹੋਵਾਹ ਦੇ ਗਵਾਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ।” ਘਰੇਲੂ ਯੁੱਧਾਂ ਨਾਲ ਤਬਾਹ ਹੋਏ ਦੇਸ਼ਾਂ ਤੋਂ ਮਿਲੀਆਂ ਅਜਿਹੀਆਂ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਯਹੋਵਾਹ ਦੇ ਗਵਾਹ ਸੱਚ-ਮੁੱਚ ਆਪਣੇ ‘ਭਾਈਆਂ ਨਾਲ ਪ੍ਰੇਮ ਰੱਖਦੇ’ ਹਨ।—1 ਪਤਰਸ 2:17.
ਖ਼ੁਸ਼ ਖ਼ਬਰੀ ਲੋਕਾਂ ਦੀ ਜ਼ਿੰਦਗੀ ਬਦਲਦੀ ਹੈ
8, 9. (ੳ) ਜਿਹੜੇ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕਰਦੇ ਹਨ, ਉਹ ਆਪਣੇ ਵਿਚ ਕਿਹੜੀਆਂ ਤਬਦੀਲੀਆਂ ਕਰਦੇ ਹਨ? (ਅ) ਕਿਹੜੀਆਂ ਰਿਪੋਰਟਾਂ ਖ਼ੁਸ਼ ਖ਼ਬਰੀ ਦੀ ਤਾਕਤ ਦਾ ਸਬੂਤ ਦਿੰਦੇ ਹਨ?
8 ਇਹ ਖ਼ੁਸ਼ ਖ਼ਬਰੀ ‘ਹੁਣ ਦੇ ਅਤੇ ਆਉਣ ਵਾਲੇ ਜੀਵਨ’ ਨਾਲ ਸੰਬੰਧ ਰੱਖਦੀ ਹੈ ਜਿਸ ਜੀਵਨ ਦਾ ਪੌਲੁਸ ਨੇ ਜ਼ਿਕਰ ਕੀਤਾ ਸੀ। (1 ਤਿਮੋਥਿਉਸ 4:8) ਇਹ ਸਿਰਫ਼ ਭਵਿੱਖ ਦੇ ਲਈ ਹੀ ਚੰਗੀ ਤੇ ਪੱਕੀ ਆਸ਼ਾ ਨਹੀਂ ਦਿੰਦੀ ਸਗੋਂ ਇਹ ‘ਹੁਣ ਦਾ ਜੀਵਨ’ ਵੀ ਸੁਧਾਰਦੀ ਹੈ। ਯਹੋਵਾਹ ਦਾ ਹਰ ਗਵਾਹ ਉਸ ਦੇ ਬਚਨ ਬਾਈਬਲ ਦੀ ਸਿੱਖਿਆ ਤੇ ਚੱਲਦਾ ਹੈ ਅਤੇ ਉਸ ਦੀ ਇੱਛਾ ਅਨੁਸਾਰ ਆਪਣੀ ਜ਼ਿੰਦਗੀ ਜੀਉਂਦਾ ਹੈ। (ਜ਼ਬੂਰ 119:101) ਉਨ੍ਹਾਂ ਦੀਆਂ ਸ਼ਖ਼ਸੀਅਤਾਂ ਨਵੀਆਂ ਬਣ ਜਾਂਦੀਆਂ ਹਨ ਜਦੋਂ ਉਹ ਆਪਣੇ ਵਿਚ ਧਰਮ ਅਤੇ ਪਵਿੱਤਰਤਾਈ ਵਰਗੇ ਗੁਣ ਪੈਦਾ ਕਰਦੇ ਹਨ।—ਅਫ਼ਸੀਆਂ 4:24.
9 ਇਸ ਮਾਮਲੇ ਵਿਚ ਫ਼ਰਾਂਕੋ ਦੀ ਮਿਸਾਲ ਗੌਰ ਕਰਨ ਲਾਇਕ ਹੈ। ਉਸ ਨੂੰ ਗੁੱਸਾ ਬਹੁਤ ਆਉਂਦਾ ਸੀ। ਜਦੋਂ ਵੀ ਕੋਈ ਕੰਮ ਠੀਕ ਤਰੀਕੇ ਨਾਲ ਨਹੀਂ ਹੁੰਦਾ ਸੀ, ਤਾਂ ਉਹ ਗੁੱਸੇ ਵਿਚ ਆ ਕੇ ਚੀਜ਼ਾਂ ਭੰਨਣੀਆਂ ਸ਼ੁਰੂ ਕਰ ਦਿੰਦਾ ਸੀ। ਉਸ ਦੀ ਪਤਨੀ ਯਹੋਵਾਹ ਦੇ ਗਵਾਹਾਂ ਨਾਲ ਅਧਿਐਨ ਕਰਦੀ ਸੀ। ਗਵਾਹਾਂ ਦੀ ਚੰਗੀ ਮਿਸਾਲ ਨੂੰ ਦੇਖ ਕੇ ਹੌਲੀ-ਹੌਲੀ ਫ਼ਰਾਂਕੋ ਨੂੰ ਅਹਿਸਾਸ ਹੋ ਗਿਆ ਕਿ ਉਸ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਸੀ। ਉਸ ਨੇ ਉਨ੍ਹਾਂ ਨਾਲ ਬਾਈਬਲ ਦਾ ਅਧਿਐਨ ਕੀਤਾ ਅਤੇ ਅਖ਼ੀਰ ਪਵਿੱਤਰ ਆਤਮਾ ਦਾ ਫਲ, ਸ਼ਾਂਤੀ ਅਤੇ ਸੰਜਮ ਰੱਖਣਾ ਸਿੱਖ ਗਿਆ। (ਗਲਾਤੀਆਂ 5:22, 23) ਉਹ 2001 ਸੇਵਾ ਸਾਲ ਵਿਚ ਬੈਲਜੀਅਮ ਵਿਚ ਬਪਤਿਸਮਾ ਲੈਣ ਵਾਲੇ 492 ਵਿਅਕਤੀਆਂ ਵਿੱਚੋਂ ਇਕ ਸੀ। ਆਲੇਹਾਨਡਰੋ ਦੀ ਮਿਸਾਲ ਤੇ ਵੀ ਗੌਰ ਕਰੋ। ਇਸ ਨੌਜਵਾਨ ਨੂੰ ਨਸ਼ੇ ਕਰਨ ਦੀ ਬਹੁਤ ਜ਼ਿਆਦਾ ਲਤ ਲੱਗੀ ਹੋਈ ਸੀ। ਉਹ ਇਸ ਹੱਦ ਤਕ ਗਿਰ ਗਿਆ ਸੀ ਕਿ ਉਹ ਕੂੜੇ-ਕਰਕਟ ਵਿੱਚੋਂ ਚੀਜ਼ਾਂ ਲੱਭ-ਲੱਭ ਕੇ ਤੇ ਉਨ੍ਹਾਂ ਨੂੰ ਵੇਚ ਕੇ ਆਪਣਾ ਅਮਲ ਪੂਰਾ ਕਰਦਾ ਸੀ। ਜਦੋਂ ਉਹ 22 ਸਾਲਾਂ ਦਾ ਸੀ, ਤਾਂ ਯਹੋਵਾਹ ਦੇ ਗਵਾਹਾਂ ਨੇ ਉਸ ਨੂੰ ਬਾਈਬਲ ਦਾ ਅਧਿਐਨ ਕਰਨ ਦਾ ਸੱਦਾ ਦਿੱਤਾ ਤੇ ਉਹ ਮੰਨ ਗਿਆ। ਉਹ ਰੋਜ਼ ਬਾਈਬਲ ਪੜ੍ਹਦਾ ਸੀ ਤੇ ਮਸੀਹੀ ਸਭਾਵਾਂ ਵਿਚ ਜਾਂਦਾ ਸੀ। ਉਸ ਨੇ ਆਪਣੀਆਂ ਭੈੜੀਆਂ ਆਦਤਾਂ ਨੂੰ ਇੰਨੀ ਜਲਦੀ ਛੱਡ ਦਿੱਤਾ ਕਿ ਉਸ ਨੇ ਛੇ ਮਹੀਨਿਆਂ ਦੇ ਅੰਦਰ-ਅੰਦਰ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਹ ਪਨਾਮਾ ਵਿਚ ਪਿਛਲੇ ਸਾਲ ਪ੍ਰਚਾਰ ਕਰਨ ਵਾਲੇ 10,115 ਲੋਕਾਂ ਵਿੱਚੋਂ ਇਕ ਸੀ।
ਖ਼ੁਸ਼ ਖ਼ਬਰੀ—ਹਲੀਮ ਲੋਕਾਂ ਲਈ ਬਰਕਤ
10. ਕਿਹੜੇ ਲੋਕ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕਰਦੇ ਹਨ ਅਤੇ ਉਨ੍ਹਾਂ ਦਾ ਨਜ਼ਰੀਆ ਕਿਵੇਂ ਬਦਲ ਜਾਂਦਾ ਹੈ?
10 ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਖ਼ੁਸ਼ ਖ਼ਬਰੀ ਹਲੀਮ ਲੋਕਾਂ ਨੂੰ ਸੁਣਾਈ ਜਾਵੇਗੀ। ਇਹ ਹਲੀਮ ਲੋਕ ਕੌਣ ਹਨ? ਇਹ ਉਹ ਲੋਕ ਹਨ ਜਿਨ੍ਹਾਂ ਬਾਰੇ ਰਸੂਲਾਂ ਦੇ ਕਰਤੱਬ ਵਿਚ ਦੱਸਿਆ ਗਿਆ ਹੈ ਕਿ ਉਹ “ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਦੇ” ਹਨ। (ਰਸੂਲਾਂ ਦੇ ਕਰਤੱਬ 13:48, ਨਿ ਵ) ਇਹ ਹਲੀਮ ਲੋਕ ਸਮਾਜ ਦੇ ਹਰ ਤਬਕੇ ਵਿਚ ਪਾਏ ਜਾਂਦੇ ਹਨ। ਉਹ ਸੱਚਾਈ ਦੇ ਸੰਦੇਸ਼ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਦੇ ਹਨ। ਇਹ ਲੋਕ ਸਿੱਖਦੇ ਹਨ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਨਾਲ ਅਜਿਹੀਆਂ ਭਰਪੂਰ ਬਰਕਤਾਂ ਮਿਲਦੀਆਂ ਹਨ ਜੋ ਕਿ ਇਹ ਦੁਨੀਆਂ ਕਦੇ ਉਨ੍ਹਾਂ ਨੂੰ ਨਹੀਂ ਦੇ ਸਕਦੀ। (1 ਯੂਹੰਨਾ 2:15-17) ਪਰ ਯਹੋਵਾਹ ਦੇ ਗਵਾਹ ਆਪਣੇ ਪ੍ਰਚਾਰ ਕੰਮ ਰਾਹੀਂ ਕਿਵੇਂ ਲੋਕਾਂ ਦੇ ਦਿਲਾਂ ਤਕ ਪਹੁੰਚਦੇ ਹਨ?
11. ਪੌਲੁਸ ਅਨੁਸਾਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਵੇਂ ਕੀਤਾ ਜਾਣਾ ਚਾਹੀਦਾ ਹੈ?
11 ਪੌਲੁਸ ਰਸੂਲ ਦੀ ਉਦਾਹਰਣ ਤੇ ਗੌਰ ਕਰੋ ਜਿਸ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਲਿਖਿਆ ਸੀ: “ਹੇ ਭਰਾਵੋ, ਜਾਂ ਮੈਂ ਤੁਹਾਨੂੰ ਪਰਮੇਸ਼ੁਰ ਦੀ ਸਾਖੀ ਦੀ ਖਬਰ ਦਿੰਦਾ ਹੋਇਆ ਤੁਹਾਡੇ ਕੋਲ ਆਇਆ ਤਾਂ ਬਚਨ ਯਾ ਗਿਆਨ ਦੀ ਉੱਤਮਤਾਈ ਨਾਲ ਨਹੀਂ ਆਇਆ। ਕਿਉਂ ਜੋ ਮੈਂ ਇਹ ਠਾਣ ਲਿਆ ਭਈ ਯਿਸੂ ਮਸੀਹ . . . ਤੋਂ ਬਿਨਾ ਤੁਹਾਡੇ ਵਿੱਚ ਕਿਸੇ ਹੋਰ ਗੱਲ ਨੂੰ ਨਾ ਜਾਣਾਂ।” (1 ਕੁਰਿੰਥੀਆਂ 2:1, 2) ਪੌਲੁਸ ਨੇ ਆਪਣੇ ਗਿਆਨ ਨਾਲ ਆਪਣੇ ਸਰੋਤਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੇ ਸਿਰਫ਼ ਪਰਮੇਸ਼ੁਰੀ ਸੱਚਾਈਆਂ ਹੀ ਸਿਖਾਈਆਂ ਜੋ ਅੱਜ ਬਾਈਬਲ ਵਿਚ ਦਰਜ ਕੀਤੀਆਂ ਹੋਈਆਂ ਹਨ। ਪੌਲੁਸ ਨੇ ਆਪਣੇ ਸਾਥੀ ਪ੍ਰਚਾਰਕ ਤਿਮੋਥਿਉਸ ਨੂੰ ਜੋ ਹੱਲਾਸ਼ੇਰੀ ਦਿੱਤੀ ਸੀ, ਉਸ ਵੱਲ ਵੀ ਧਿਆਨ ਦਿਓ: “ਤੂੰ ਬਚਨ ਦਾ ਪਰਚਾਰ ਕਰ। ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹੁ।” (2 ਤਿਮੋਥਿਉਸ 4:2) ਤਿਮੋਥਿਉਸ ਨੇ “ਬਚਨ” ਯਾਨੀ ਪਰਮੇਸ਼ੁਰ ਦੇ ਸੰਦੇਸ਼ ਦਾ ਪ੍ਰਚਾਰ ਕਰਨਾ ਸੀ। ਪੌਲੁਸ ਨੇ ਤਿਮੋਥਿਉਸ ਨੂੰ ਇਹ ਵੀ ਲਿਖਿਆ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।”—2 ਤਿਮੋਥਿਉਸ 2:15.
12. ਅੱਜ ਯਹੋਵਾਹ ਦੇ ਗਵਾਹ ਕਿਵੇਂ ਪੌਲੁਸ ਦੇ ਸ਼ਬਦਾਂ ਅਤੇ ਉਦਾਹਰਣ ਉੱਤੇ ਚੱਲਦੇ ਹਨ?
12 ਯਹੋਵਾਹ ਦੇ ਗਵਾਹ ਪੌਲੁਸ ਦੀ ਉਦਾਹਰਣ ਤੇ ਚੱਲਦੇ ਹਨ ਅਤੇ ਤਿਮੋਥਿਉਸ ਨੂੰ ਕਹੇ ਉਸ ਦੇ ਸ਼ਬਦਾਂ ਨੂੰ ਮੰਨਦੇ ਹਨ। ਉਹ ਪਰਮੇਸ਼ੁਰ ਦੇ ਬਚਨ ਦੀ ਤਾਕਤ ਨੂੰ ਪਛਾਣਦੇ ਹਨ ਅਤੇ ਇਸ ਬਚਨ ਨਾਲ ਉਹ ਆਪਣੇ ਗੁਆਂਢੀਆਂ ਨੂੰ ਆਸ਼ਾ ਤੇ ਦਿਲਾਸਾ ਦਿੰਦੇ ਹਨ। (ਜ਼ਬੂਰ 119:52; 2 ਤਿਮੋਥਿਉਸ 3:16, 17; ਇਬਰਾਨੀਆਂ 4:12) ਇਹ ਸੱਚ ਹੈ ਕਿ ਉਹ ਬਾਈਬਲ-ਆਧਾਰਿਤ ਪ੍ਰਕਾਸ਼ਨ ਵੰਡਦੇ ਹਨ ਤਾਂਕਿ ਦਿਲਚਸਪੀ ਰੱਖਣ ਵਾਲੇ ਲੋਕ ਆਪਣੇ ਵਿਹਲੇ ਸਮੇਂ ਵਿਚ ਇਨ੍ਹਾਂ ਦੀ ਮਦਦ ਨਾਲ ਬਾਈਬਲ ਦਾ ਜ਼ਿਆਦਾ ਗਿਆਨ ਲੈ ਸਕਣ। ਪਰ ਉਹ ਹਮੇਸ਼ਾ ਲੋਕਾਂ ਨੂੰ ਬਾਈਬਲ ਵਿੱਚੋਂ ਆਇਤਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਜਾਣਦੇ ਹਨ ਕਿ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਹਲੀਮ ਲੋਕਾਂ ਦੇ ਦਿਲਾਂ ਨੂੰ ਛੋਹ ਸਕਦਾ ਹੈ। ਤੇ ਇਸ ਤਰੀਕੇ ਨਾਲ ਬਚਨ ਨੂੰ ਇਸਤੇਮਾਲ ਕਰਨ ਨਾਲ ਉਨ੍ਹਾਂ ਦੀ ਆਪਣੀ ਨਿਹਚਾ ਵੀ ਮਜ਼ਬੂਤ ਹੁੰਦੀ ਹੈ।
“ਸੋਗੀਆਂ ਨੂੰ ਦਿਲਾਸਾ”
13. ਸਾਲ 2001 ਵਿਚ ਕਿਹੜੀਆਂ ਘਟਨਾਵਾਂ ਕਰਕੇ ਸੋਗੀਆਂ ਨੂੰ ਦਿਲਾਸਾ ਦੇਣ ਦੀ ਲੋੜ ਸੀ?
13 ਸਾਲ 2001 ਵਿਚ ਬਹੁਤ ਸਾਰੀਆਂ ਤਬਾਹੀਆਂ ਆਈਆਂ ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਦਿਲਾਸੇ ਦੀ ਲੋੜ ਪਈ। ਪਿਛਲੇ ਸਾਲ ਸਤੰਬਰ ਮਹੀਨੇ ਵਿਚ ਅਮਰੀਕਾ ਵਿਚ ਇਸ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਅੱਤਵਾਦੀਆਂ ਨੇ ਨਿਊਯਾਰਕ ਵਿਚ ਵਿਸ਼ਵ ਵਪਾਰ ਕੇਂਦਰ ਅਤੇ ਵਾਸ਼ਿੰਗਟਨ ਡੀ. ਸੀ. ਨੇੜੇ ਪੈਂਟਾਗਨ ਉੱਤੇ ਹਮਲਾ ਕੀਤਾ ਸੀ। ਇਨ੍ਹਾਂ ਹਮਲਿਆਂ ਨੇ ਪੂਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ! ਅਜਿਹੀਆਂ ਆਫ਼ਤਾਂ ਦੌਰਾਨ ਯਹੋਵਾਹ ਦੇ ਗਵਾਹ “ਸੋਗੀਆਂ ਨੂੰ ਦਿਲਾਸਾ” ਦੇਣ ਦੇ ਹੁਕਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਆਓ ਕੁਝ ਉਦਾਹਰਣਾਂ ਉੱਤੇ ਗੌਰ ਕਰੀਏ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਉਹ ਇਹ ਕੰਮ ਕਿਵੇਂ ਕਰਦੇ ਹਨ।
14, 15. ਦੋ ਵੱਖਰੇ-ਵੱਖਰੇ ਮੌਕਿਆਂ ਤੇ ਗਵਾਹਾਂ ਨੇ ਬਾਈਬਲ ਦੀ ਮਦਦ ਨਾਲ ਕਿਵੇਂ ਸੋਗੀਆਂ ਨੂੰ ਦਿਲਾਸਾ ਦਿੱਤਾ?
14 ਇਕ ਗਵਾਹ ਜਿਹੜੀ ਪੂਰੇ ਸਮੇਂ ਦੀ ਪ੍ਰਚਾਰਕ ਹੈ, ਰਾਹ ਵਿਚ ਇਕ ਤੀਵੀਂ ਨੂੰ ਮਿਲੀ ਅਤੇ ਹਾਲ ਹੀ ਵਿਚ ਹੋਏ ਅੱਤਵਾਦੀਆਂ ਦੇ ਹਮਲਿਆਂ ਬਾਰੇ ਉਸ ਦੇ ਵਿਚਾਰ ਪੁੱਛੇ। ਉਹ ਤੀਵੀਂ ਰੋਣ ਲੱਗ ਪਈ। ਉਸ ਨੇ ਕਿਹਾ ਕਿ ਇਸ ਘਟਨਾ ਤੋਂ ਉਸ ਨੂੰ ਕਾਫ਼ੀ ਧੱਕਾ ਵੱਜਾ ਹੈ ਤੇ ਉਹ ਕਿਸੇ ਤਰੀਕੇ ਨਾਲ ਦੂਜਿਆਂ ਦੀ ਮਦਦ ਕਰਨੀ ਚਾਹੁੰਦੀ ਸੀ। ਉਸ ਗਵਾਹ ਨੇ ਤੀਵੀਂ ਨੂੰ ਦੱਸਿਆ ਕਿ ਪਰਮੇਸ਼ੁਰ ਸਾਡੀ ਸਾਰਿਆਂ ਦੀ ਪਰਵਾਹ ਕਰਦਾ ਹੈ ਤੇ ਉਸ ਨੇ ਯਸਾਯਾਹ 61:1, 2 ਪੜ੍ਹਿਆ। ਤੀਵੀਂ ਨੇ ਕਿਹਾ ਕਿ ਪਰਮੇਸ਼ੁਰ ਦੇ ਬਚਨ ਦੇ ਇਹ ਸ਼ਬਦ ਬਹੁਤ ਹੀ ਢੁਕਵੇਂ ਹਨ ਕਿਉਂਕਿ ਹਰ ਕੋਈ ਸੋਗ ਵਿਚ ਡੁੱਬਿਆ ਹੋਇਆ ਹੈ। ਉਸ ਨੇ ਇਕ ਟ੍ਰੈਕਟ ਲੈ ਲਿਆ ਤੇ ਗਵਾਹ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ।
15 ਦੋ ਗਵਾਹ ਪ੍ਰਚਾਰ ਦਾ ਕੰਮ ਕਰਦੇ ਹੋਏ ਇਕ ਆਦਮੀ ਨੂੰ ਮਿਲੇ ਜਿਹੜਾ ਆਪਣੇ ਘਰ ਦੇ ਬਾਹਰ ਸ਼ੈੱਡ ਵਿਚ ਕੰਮ ਰਿਹਾ ਸੀ। ਉਨ੍ਹਾਂ ਨੇ ਵਿਸ਼ਵ ਵਪਾਰ ਕੇਂਦਰ ਤੇ ਵਾਪਰੇ ਦੁਖਾਂਤ ਦੇ ਵਿਸ਼ੇ ਵਿਚ ਉਸ ਨੂੰ ਬਾਈਬਲ ਵਿੱਚੋਂ ਦਿਲਾਸੇ ਭਰੀਆਂ ਆਇਤਾਂ ਦਿਖਾਉਣ ਦੀ ਪੇਸ਼ਕਸ਼ ਕੀਤੀ। ਉਸ ਦੀ ਇਜਾਜ਼ਤ ਨਾਲ ਉਨ੍ਹਾਂ ਨੇ 2 ਕੁਰਿੰਥੀਆਂ 1:3-7 ਪੜ੍ਹਿਆ ਜਿਸ ਦਾ ਇਕ ਹਿੱਸਾ ਕਹਿੰਦਾ ਹੈ: ‘ਦਿਲਾਸਾ ਮਸੀਹ ਦੇ ਰਾਹੀਂ ਬਾਹਲਾ ਹੈ।’ ਉਹ ਆਦਮੀ ਬਹੁਤ ਖ਼ੁਸ਼ ਹੋਇਆ ਕਿ ਉਸ ਦੇ ਗੁਆਂਢੀ ਜੋ ਗਵਾਹ ਸਨ, ਲੋਕਾਂ ਨੂੰ ਦਿਲਾਸਾ ਦੇ ਰਹੇ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: “ਪਰਮੇਸ਼ੁਰ ਤੁਹਾਡੇ ਇਸ ਭਲੇ ਕੰਮ ਉੱਤੇ ਬਰਕਤ ਪਾਵੇ।”
16, 17. ਕਿਹੜੇ ਦੋ ਤਜਰਬਿਆਂ ਤੋਂ ਪਤਾ ਚੱਲਦਾ ਹੈ ਕਿ ਬਾਈਬਲ ਵਿਚ ਆਫ਼ਤਾਂ ਤੋਂ ਦੁਖੀ ਜਾਂ ਸੋਗੀ ਲੋਕਾਂ ਦੀ ਮਦਦ ਕਰਨ ਦੀ ਤਾਕਤ ਹੈ?
16 ਇਕ ਗਵਾਹ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਦੁਬਾਰਾ ਮਿਲ ਰਿਹਾ ਸੀ। ਉਹ ਇਕ ਦਿਲਚਸਪੀ ਰੱਖਣ ਵਾਲੀ ਤੀਵੀਂ ਦੇ ਮੁੰਡੇ ਨੂੰ ਮਿਲਿਆ। ਗਵਾਹ ਨੇ ਕਿਹਾ ਕਿ ਇੰਨਾ ਵੱਡਾ ਦੁਖਾਂਤ ਹੋ ਜਾਣ ਤੇ ਉਹ ਆਪਣੇ ਗੁਆਂਢੀਆਂ ਦਾ ਹਾਲ-ਚਾਲ ਪੁੱਛਣ ਲਈ ਆਇਆ ਸੀ। ਉਸ ਆਦਮੀ ਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਉਹ ਗਵਾਹ ਆਪਣਾ ਸਮਾਂ ਕੱਢ ਕੇ ਲੋਕਾਂ ਕੋਲ ਜਾ ਰਿਹਾ ਸੀ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛ ਰਿਹਾ ਸੀ। ਉਸ ਨੇ ਗਵਾਹ ਨੂੰ ਦੱਸਿਆ ਕਿ ਦੁਖਾਂਤ ਦੇ ਦਿਨ ਉਹ ਵਿਸ਼ਵ ਵਪਾਰ ਕੇਂਦਰ ਦੇ ਨੇੜੇ ਕੰਮ ਕਰ ਰਿਹਾ ਸੀ ਤੇ ਉਸ ਨੇ ਆਪਣੀਆਂ ਅੱਖਾਂ ਨਾਲ ਉਹ ਹਾਦਸਾ ਵਾਪਰਦੇ ਦੇਖਿਆ ਸੀ। ਜਦੋਂ ਉਸ ਨੇ ਪੁੱਛਿਆ ਕਿ ਪਰਮੇਸ਼ੁਰ ਦੁੱਖਾਂ ਨੂੰ ਕਿਉਂ ਰਹਿਣ ਦਿੰਦਾ ਹੈ, ਤਾਂ ਗਵਾਹ ਨੇ ਉਸ ਨੂੰ ਬਾਈਬਲ ਵਿੱਚੋਂ ਕਈ ਆਇਤਾਂ ਪੜ੍ਹ ਕੇ ਸੁਣਾਈਆਂ ਜਿਵੇਂ ਜ਼ਬੂਰ 37:39 ਜਿਸ ਵਿਚ ਲਿਖਿਆ ਹੈ: “ਧਰਮੀਆਂ ਦਾ ਬਚਾਓ ਯਹੋਵਾਹ ਵੱਲੋਂ ਹੈ, ਅਰ ਦੁਖ ਦੇ ਸਮੇਂ ਉਹ ਉਨ੍ਹਾਂ ਦਾ ਗੜ੍ਹ ਹੈ।” ਉਸ ਆਦਮੀ ਨੇ ਗਵਾਹ ਅਤੇ ਉਸ ਦੇ ਪਰਿਵਾਰ ਦਾ ਹਾਲ-ਚਾਲ ਪੁੱਛਿਆ, ਉਸ ਨੂੰ ਵਾਪਸ ਆਉਣ ਦਾ ਸੱਦਾ ਦਿੱਤਾ ਤੇ ਭਰਾ ਦਾ ਧੰਨਵਾਦ ਕੀਤਾ ਕਿ ਉਹ ਉਸ ਦੇ ਘਰ ਆਇਆ।
17 ਯਹੋਵਾਹ ਦੇ ਗਵਾਹਾਂ ਨੇ ਹਜ਼ਾਰਾਂ ਲੋਕਾਂ ਨੂੰ ਦਿਲਾਸਾ ਦਿੱਤਾ। ਅੱਤਵਾਦੀ ਹਮਲੇ ਤੋਂ ਕੁਝ ਦਿਨਾਂ ਬਾਅਦ ਯਹੋਵਾਹ ਦੇ ਗਵਾਹ ਆਪਣੇ ਗੁਆਂਢੀਆਂ ਨੂੰ ਮਿਲ ਰਹੇ ਸਨ। ਉਹ ਇਕ ਤੀਵੀਂ ਨੂੰ ਮਿਲੇ ਜੋ ਹਾਦਸੇ ਕਰਕੇ ਬਹੁਤ ਘਬਰਾਈ ਹੋਈ ਸੀ। ਗਵਾਹਾਂ ਨੇ ਉਸ ਨੂੰ ਜ਼ਬੂਰ 72:12-14 ਪੜ੍ਹ ਕੇ ਸੁਣਾਇਆ: “ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ।” ਇਨ੍ਹਾਂ ਸ਼ਬਦਾਂ ਤੋਂ ਕਿੰਨਾ ਹੌਸਲਾ ਮਿਲਦਾ ਹੈ! ਉਸ ਤੀਵੀਂ ਨੇ ਗਵਾਹਾਂ ਨੂੰ ਇਹ ਆਇਤਾਂ ਦੁਬਾਰਾ ਪੜ੍ਹਨ ਲਈ ਕਿਹਾ ਤੇ ਹੋਰ ਗੱਲ ਕਰਨ ਲਈ ਉਨ੍ਹਾਂ ਨੂੰ ਆਪਣੇ ਘਰ ਦੇ ਅੰਦਰ ਬੁਲਾਇਆ। ਗੱਲ ਖ਼ਤਮ ਹੋਣ ਤਕ ਉਸ ਨਾਲ ਬਾਈਬਲ ਦਾ ਅਧਿਐਨ ਸ਼ੁਰੂ ਹੋ ਚੁੱਕਾ ਸੀ।
18. ਜਦੋਂ ਇਕ ਗਵਾਹ ਨੂੰ ਆਪਣੇ ਗੁਆਂਢੀਆਂ ਵਾਸਤੇ ਪ੍ਰਾਰਥਨਾ ਕਰਨ ਲਈ ਕਿਹਾ ਗਿਆ, ਤਾਂ ਉਸ ਨੇ ਕਿਸ ਤਰ੍ਹਾਂ ਉਨ੍ਹਾਂ ਦੀ ਮਦਦ ਕੀਤੀ?
18 ਇਕ ਗਵਾਹ ਇਕ ਬਹੁਤ ਅਮੀਰ ਇਲਾਕੇ ਵਿਚ ਇਕ ਰੈਸਤੋਰਾਂ ਵਿਚ ਕੰਮ ਕਰਦਾ ਹੈ। ਇਸ ਇਲਾਕੇ ਦੇ ਲੋਕਾਂ ਨੇ ਪਹਿਲਾਂ ਕਦੀ ਰਾਜ ਦੀ ਖ਼ੁਸ਼ ਖ਼ਬਰੀ ਵਿਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਸੀ। ਅੱਤਵਾਦੀ ਹਮਲੇ ਤੋਂ ਬਾਅਦ ਇਸ ਇਲਾਕੇ ਦੇ ਲੋਕ ਘਬਰਾਏ ਹੋਏ ਨਜ਼ਰ ਆ ਰਹੇ ਸਨ। ਹਮਲੇ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਰੈਸਤੋਰਾਂ ਦੀ ਮੈਨੇਜਰ ਨੇ ਸਾਰਿਆਂ ਨੂੰ ਬਾਹਰ ਸੱਦਿਆ ਤੇ ਮੋਮਬੱਤੀਆਂ ਫੜ੍ਹ ਕੇ ਹਾਦਸੇ ਦੇ ਸ਼ਿਕਾਰ ਲੋਕਾਂ ਦੀ ਯਾਦ ਵਿਚ ਕੁਝ ਪਲ ਮੌਨ ਰੱਖਣ ਲਈ ਕਿਹਾ। ਉਨ੍ਹਾਂ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹੋਏ ਉਹ ਗਵਾਹ ਵੀ ਬਾਹਰ ਗਿਆ ਤੇ ਚੁੱਪਚਾਪ ਇਕ ਪਾਸੇ ਖੜ੍ਹਾ ਹੋ ਗਿਆ। ਮੈਨੇਜਰ ਜਾਣਦੀ ਸੀ ਕਿ ਉਹ ਇਕ ਯਹੋਵਾਹ ਦਾ ਗਵਾਹ ਹੈ, ਇਸ ਲਈ ਮੌਨ ਖ਼ਤਮ ਹੋਣ ਤੋਂ ਬਾਅਦ ਉਸ ਨੇ ਉਸ ਨੂੰ ਸਾਰਿਆਂ ਵਾਸਤੇ ਪ੍ਰਾਰਥਨਾ ਕਰਨ ਲਈ ਕਿਹਾ। ਗਵਾਹ ਪ੍ਰਾਰਥਨਾ ਕਰਨ ਲਈ ਮੰਨ ਗਿਆ। ਪ੍ਰਾਰਥਨਾ ਵਿਚ ਉਸ ਨੇ ਲੋਕਾਂ ਦੇ ਦੁੱਖ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸੋਗੀ ਆਉਣ ਵਾਲੇ ਸਮੇਂ ਵਿਚ ਇਕ ਚੰਗੇ ਭਵਿੱਖ ਦੀ ਉਮੀਦ ਰੱਖ ਸਕਦੇ ਹਨ। ਉਸ ਨੇ ਉਸ ਸਮੇਂ ਦਾ ਜ਼ਿਕਰ ਕੀਤਾ ਜਦੋਂ ਇਹ ਸਾਰੇ ਭਿਆਨਕ ਹਾਦਸੇ ਖ਼ਤਮ ਹੋ ਜਾਣਗੇ ਤੇ ਕਿਹਾ ਕਿ ਸਾਰੇ ਜਣੇ ਬਾਈਬਲ ਦਾ ਸਹੀ ਗਿਆਨ ਲੈ ਕੇ ਦਿਲਾਸੇ ਦੇ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹਨ। “ਆਮੀਨ” ਕਹਿਣ ਤੋਂ ਬਾਅਦ ਮੈਨੇਜਰ ਤੇ ਰੈਸਤੋਰਾਂ ਦੇ ਬਾਹਰ ਖੜ੍ਹੇ 60 ਤੋਂ ਜ਼ਿਆਦਾ ਲੋਕ ਭਰਾ ਕੋਲ ਆਏ ਤੇ ਉਸ ਦਾ ਧੰਨਵਾਦ ਕੀਤਾ। ਮੈਨੇਜਰ ਨੇ ਉਸ ਨੂੰ ਜੱਫੀ ਪਾਈ ਤੇ ਕਿਹਾ ਕਿ ਉਸ ਨੇ ਪਹਿਲਾਂ ਕਦੀ ਇੰਨੀ ਸੋਹਣੀ ਪ੍ਰਾਰਥਨਾ ਨਹੀਂ ਸੁਣੀ ਸੀ।
ਸਮਾਜ ਲਈ ਬਰਕਤ
19. ਕਿਹੜਾ ਤਜਰਬਾ ਦਿਖਾਉਂਦਾ ਹੈ ਕਿ ਕੁਝ ਲੋਕ ਯਹੋਵਾਹ ਦੇ ਗਵਾਹਾਂ ਦੇ ਉੱਚੇ ਮਿਆਰਾਂ ਦੀ ਕਦਰ ਕਰਦੇ ਹਨ?
19 ਜਿਨ੍ਹਾਂ ਥਾਵਾਂ ਤੇ ਯਹੋਵਾਹ ਦੇ ਗਵਾਹ ਪ੍ਰਚਾਰ ਕਰਦੇ ਹਨ, ਉੱਥੇ ਖ਼ਾਸ ਕਰਕੇ ਇਨ੍ਹਾਂ ਦਿਨਾਂ ਵਿਚ ਉਨ੍ਹਾਂ ਦੀ ਮੌਜੂਦਗੀ ਤੋਂ ਸਮਾਜ ਨੂੰ ਬਹੁਤ ਫ਼ਾਇਦਾ ਹੋਇਆ ਹੈ। ਕਈ ਲੋਕਾਂ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ। ਸ਼ਾਂਤੀ-ਪਸੰਦ, ਈਮਾਨਦਾਰ ਤੇ ਚੰਗੇ ਚਾਲ-ਚਲਣ ਵਾਲੇ ਲੋਕ ਸਮਾਜ ਲਈ ਬਰਕਤ ਕਿਉਂ ਨਾ ਹੋਣ? ਮੱਧ ਏਸ਼ੀਆ ਦੇ ਇਕ ਦੇਸ਼ ਵਿਚ ਗਵਾਹ ਦੇਸ਼ ਦੀ ਸਾਬਕਾ ਸੁਰੱਖਿਆ ਏਜੰਸੀ ਦੇ ਇਕ ਰੀਟਾਇਰਡ ਅਫ਼ਸਰ ਨੂੰ ਮਿਲੇ। ਉਸ ਨੇ ਕਿਹਾ ਕਿ ਉਸ ਨੂੰ ਇਕ ਵਾਰ ਕਈ ਧਾਰਮਿਕ ਸੰਸਥਾਵਾਂ ਦੀ ਛਾਣ-ਬੀਣ ਕਰਨ ਦਾ ਕੰਮ ਦਿੱਤਾ ਗਿਆ ਸੀ। ਜਦੋਂ ਉਸ ਨੇ ਯਹੋਵਾਹ ਦੇ ਗਵਾਹਾਂ ਦੀ ਸੰਸਥਾ ਦੀ ਛਾਣ-ਬੀਣ ਕੀਤੀ, ਤਾਂ ਉਹ ਉਨ੍ਹਾਂ ਦੀ ਈਮਾਨਦਾਰੀ ਅਤੇ ਚੰਗੇ ਚਾਲ-ਚਲਣ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਉਨ੍ਹਾਂ ਦੀ ਦ੍ਰਿੜ੍ਹ ਨਿਹਚਾ ਦੀ ਸ਼ਲਾਘਾ ਕੀਤੀ ਤੇ ਇਸ ਗੱਲ ਦੀ ਵੀ ਸ਼ਲਾਘਾ ਕੀਤੀ ਕਿ ਉਹ ਜੋ ਕੁਝ ਵੀ ਸਿਖਾਉਂਦੇ ਹਨ, ਉਹ ਬਾਈਬਲ ਵਿੱਚੋਂ ਸਿਖਾਉਂਦੇ ਹਨ। ਉਹ ਆਦਮੀ ਬਾਈਬਲ ਅਧਿਐਨ ਕਰਨ ਲਈ ਤਿਆਰ ਹੋ ਗਿਆ।
20. (ੳ) ਪਿਛਲੇ ਸਾਲ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਕੰਮ ਦੀ ਰਿਪੋਰਟ ਤੋਂ ਕੀ ਪਤਾ ਚੱਲਦਾ ਹੈ? (ਅ) ਕਿਸ ਚੀਜ਼ ਤੋਂ ਪਤਾ ਚੱਲਦਾ ਹੈ ਕਿ ਅਜੇ ਬਹੁਤ ਸਾਰਾ ਕੰਮ ਕਰਨ ਵਾਲਾ ਹੈ ਤੇ ਅਸੀਂ ਆਪਣੇ ਪ੍ਰਚਾਰ ਕੰਮ ਨੂੰ ਕਿਵੇਂ ਵਿਚਾਰਦੇ ਹਾਂ?
20 ਹਜ਼ਾਰਾਂ ਤਜਰਬਿਆਂ ਵਿੱਚੋਂ ਇਸ ਲੇਖ ਵਿਚ ਦੱਸੇ ਗਏ ਕੁਝ ਤਜਰਬਿਆਂ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਯਹੋਵਾਹ ਦੇ ਗਵਾਹ 2001 ਸੇਵਾ ਸਾਲ ਵਿਚ ਆਪਣੇ ਪ੍ਰਚਾਰ ਕੰਮ ਵਿਚ ਬਹੁਤ ਰੁੱਝੇ ਹੋਏ ਸਨ। * ਉਨ੍ਹਾਂ ਨੇ ਕਰੋੜਾਂ ਲੋਕਾਂ ਨਾਲ ਗੱਲ ਕੀਤੀ, ਬਹੁਤ ਸਾਰੇ ਸੋਗੀ ਲੋਕਾਂ ਨੂੰ ਦਿਲਾਸਾ ਦਿੱਤਾ ਅਤੇ ਉਨ੍ਹਾਂ ਦੇ ਪ੍ਰਚਾਰ ਕੰਮ ਦਾ ਬਹੁਤ ਫ਼ਾਇਦਾ ਹੋਇਆ। ਪਿਛਲੇ ਸੇਵਾ ਸਾਲ ਦੌਰਾਨ 2,63,431 ਲੋਕਾਂ ਨੇ ਬਪਤਿਸਮਾ ਲੈ ਕੇ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦਾ ਸਬੂਤ ਦਿੱਤਾ। ਪੂਰੀ ਦੁਨੀਆਂ ਵਿਚ ਪ੍ਰਚਾਰਕਾਂ ਦੀ ਗਿਣਤੀ ਵਿਚ 1.7 ਪ੍ਰਤਿਸ਼ਤ ਵਾਧਾ ਹੋਇਆ। ਅਤੇ ਯਿਸੂ ਦੀ ਮੌਤ ਦੇ ਸਾਲਾਨਾ ਸਮਾਰਕ ਸਮਾਰੋਹ ਵਿਚ 1,53,74,986 ਲੋਕ ਹਾਜ਼ਰ ਹੋਏ ਸਨ ਜੋ ਇਸ ਗੱਲ ਦਾ ਸਬੂਤ ਹੈ ਕਿ ਅਜੇ ਹੋਰ ਵੀ ਬਹੁਤ ਸਾਰਾ ਕੰਮ ਕਰਨ ਵਾਲਾ ਹੈ। (1 ਕੁਰਿੰਥੀਆਂ 11:23-26) ਆਓ ਆਪਾਂ ਹਲੀਮ ਲੋਕਾਂ ਦੀ ਭਾਲ ਕਰਦੇ ਰਹੀਏ ਜਿਹੜੇ ਖ਼ੁਸ਼ ਖ਼ਬਰੀ ਪ੍ਰਤੀ ਚੰਗਾ ਹੁੰਗਾਰਾ ਭਰਦੇ ਹਨ। ਅਤੇ ਜਿੰਨਾ ਚਿਰ ਯਹੋਵਾਹ ਦਾ ਮਨਭਾਉਂਦਾ ਵਰ੍ਹਾ ਜਾਰੀ ਹੈ, ਆਓ ਆਪਾਂ “ਟੁੱਟੇ ਦਿਲ ਵਾਲਿਆਂ” ਨੂੰ ਦਿਲਾਸਾ ਦਿੰਦੇ ਰਹੀਏ। ਇਹ ਸਾਡੇ ਲਈ ਕਿੰਨੇ ਮਾਣ ਦੀ ਗੱਲ ਹੈ! ਯਕੀਨਨ ਅਸੀਂ ਸਾਰੇ ਯਸਾਯਾਹ ਦੇ ਇਨ੍ਹਾਂ ਸ਼ਬਦਾਂ ਨੂੰ ਦੁਹਰਾਉਂਦੇ ਹਾਂ: “ਮੈਂ ਯਹੋਵਾਹ ਵਿੱਚ ਬਹੁਤ ਖੁਸ਼ ਹੋਵਾਂਗਾ, ਮੇਰਾ ਜੀ ਮੇਰੇ ਪਰਮੇਸ਼ੁਰ ਵਿੱਚ ਮਗਨ ਹੋਵੇਗਾ।” (ਯਸਾਯਾਹ 61:10) ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਯਹੋਵਾਹ ਇਨ੍ਹਾਂ ਭਵਿੱਖ-ਸੂਚਕ ਸ਼ਬਦਾਂ ਨੂੰ ਪੂਰਾ ਕਰਨ ਲਈ ਸਾਨੂੰ ਵਰਤਦਾ ਰਹੇ: “ਪ੍ਰਭੁ ਯਹੋਵਾਹ ਧਰਮ ਅਰ ਉਸਤਤ ਨੂੰ ਸਾਰੀਆਂ ਕੌਮਾਂ ਦੇ ਅੱਗੇ ਪੁੰਗਰਾਵੇਗਾ।”—ਯਸਾਯਾਹ 61:11.
[ਫੁਟਨੋਟ]
^ ਪੈਰਾ 20 ਸਫ਼ੇ 19 ਤੋਂ 22 ਤੇ 2001 ਸੇਵਾ ਸਾਲ ਦੌਰਾਨ ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਰਿਪੋਰਟ ਦਿੱਤੀ ਗਈ ਹੈ।
ਕੀ ਤੁਹਾਨੂੰ ਯਾਦ ਹੈ?
• ਜਿਸ ਖ਼ੁਸ਼ ਖ਼ਬਰੀ ਦਾ ਯਿਸੂ ਨੇ ਪ੍ਰਚਾਰ ਕੀਤਾ ਸੀ, ਉਸ ਨਾਲ ਹਲੀਮ ਲੋਕਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਸਨ?
• ਯਿਸੂ ਦੇ ਪਹਿਲੀ ਸਦੀ ਦੇ ਚੇਲਿਆਂ ਦੇ ਪ੍ਰਚਾਰ ਕੰਮ ਪ੍ਰਤੀ ਹੁੰਗਾਰਾ ਭਰਨ ਵਾਲੇ ਲੋਕਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
• ਅੱਜ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕਰਨ ਵਾਲੇ ਲੋਕਾਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
• ਅਸੀਂ ਆਪਣੇ ਪ੍ਰਚਾਰ ਕੰਮ ਨੂੰ ਕਿਵੇਂ ਵਿਚਾਰਦੇ ਹਨ?
[ਸਵਾਲ]
[ਸਫ਼ੇ 19-22 ਉੱਤੇ ਚਾਰਟ]
(See bound volume)
[ਸਫ਼ੇ 15 ਉੱਤੇ ਤਸਵੀਰਾਂ]
ਯਹੋਵਾਹ ਦੇ ਗਵਾਹ ਪ੍ਰਚਾਰ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਹਮੇਸ਼ਾ ਯਾਦ ਰੱਖਦੇ ਹਨ
[ਸਫ਼ੇ 17 ਉੱਤੇ ਤਸਵੀਰਾਂ]
ਜਿਹੜੇ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕਰਦੇ ਹਨ, ਉਹ ਇਕ ਵਿਸ਼ਵ-ਵਿਆਪੀ ਭਾਈਚਾਰੇ ਦਾ ਹਿੱਸਾ ਬਣਦੇ ਹਨ