Skip to content

Skip to table of contents

ਬਜ਼ੁਰਗੋ ਦੂਸਰਿਆਂ ਨੂੰ ਜ਼ਿੰਮੇਵਾਰੀ ਸੰਭਾਲਣੀ ਸਿਖਾਓ

ਬਜ਼ੁਰਗੋ ਦੂਸਰਿਆਂ ਨੂੰ ਜ਼ਿੰਮੇਵਾਰੀ ਸੰਭਾਲਣੀ ਸਿਖਾਓ

ਬਜ਼ੁਰਗੋ ਦੂਸਰਿਆਂ ਨੂੰ ਜ਼ਿੰਮੇਵਾਰੀ ਸੰਭਾਲਣੀ ਸਿਖਾਓ

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਅਜਿਹੇ ਆਦਮੀਆਂ ਦੀ ਬਹੁਤ ਲੋੜ ਹੈ ਜੋ ਜ਼ਿੰਮੇਵਾਰੀ ਦੀਆਂ ਪਦਵੀਆਂ ਸੰਭਾਲ ਸਕਣ। ਇਸ ਦੇ ਤਿੰਨ ਮੁੱਖ ਕਾਰਨ ਹਨ।

ਪਹਿਲਾ ਕਾਰਨ ਇਹ ਹੈ ਕਿ ਅੱਜ ਯਹੋਵਾਹ ‘ਛੋਟੇ ਨੂੰ ਇੱਕ ਬਲਵੰਤ ਕੌਮ’ ਬਣਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਿਹਾ ਹੈ। (ਯਸਾਯਾਹ 60:22) ਉਸ ਦੀ ਦਇਆ ਨਾਲ, ਪਿਛਲੇ ਤਿੰਨ ਸਾਲਾਂ ਵਿਚ ਲਗਭਗ 10 ਲੱਖ ਲੋਕ ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣੇ ਹਨ। ਇਨ੍ਹਾਂ ਨਵੇਂ ਬਪਤਿਸਮਾ-ਪ੍ਰਾਪਤ ਵਿਅਕਤੀਆਂ ਦੀ ਅਧਿਆਤਮਿਕ ਤੌਰ ਤੇ ਮਜ਼ਬੂਤ ਮਸੀਹੀ ਬਣਨ ਵਿਚ ਮਦਦ ਕਰਨ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਲੋੜ ਹੈ।—ਇਬਰਾਨੀਆਂ 6:1.

ਦੂਸਰਾ, ਕੁਝ ਭਰਾ ਜਿਹੜੇ ਕਈ ਦਹਾਕਿਆਂ ਤੋਂ ਬਜ਼ੁਰਗਾਂ ਵਜੋਂ ਸੇਵਾ ਕਰਦੇ ਹਨ, ਉਹ ਹੁਣ ਬੁੱਢੇ ਹੋ ਜਾਣ ਕਰਕੇ ਜਾਂ ਮਾੜੀ ਸਿਹਤ ਕਰਕੇ ਕਲੀਸਿਯਾ ਵਿਚ ਜ਼ਿਆਦਾ ਜ਼ਿੰਮੇਵਾਰੀਆਂ ਨਹੀਂ ਸੰਭਾਲ ਸਕਦੇ।

ਤੀਸਰਾ, ਬਹੁਤ ਸਾਰੇ ਜੋਸ਼ੀਲੇ ਮਸੀਹੀ ਬਜ਼ੁਰਗ ਹੁਣ ਹਸਪਤਾਲ ਸੰਪਰਕ ਸਮਿਤੀ, ਪ੍ਰਾਦੇਸ਼ਕ ਨਿਰਮਾਣ ਸਮਿਤੀ ਜਾਂ ਅਸੈਂਬਲੀ ਹਾਲ ਸਮਿਤੀ ਦੇ ਮੈਂਬਰਾਂ ਦੇ ਤੌਰ ਤੇ ਸੇਵਾ ਕਰਦੇ ਹਨ। ਕੁਝ ਬਜ਼ੁਰਗਾਂ ਨੂੰ ਸਮਿਤੀ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣੀਆਂ ਦੂਸਰੀਆਂ ਜ਼ਿੰਮੇਵਾਰੀਆਂ ਨੂੰ ਵੀ ਪੂਰਾ ਕਰਨਾ ਪੈਂਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਕਲੀਸਿਯਾ ਵਿਚ ਕੁਝ ਜ਼ਿੰਮੇਵਾਰੀਆਂ ਨੂੰ ਛੱਡਣਾ ਪਿਆ ਹੈ।

ਹੋਰ ਜ਼ਿਆਦਾ ਕਾਬਲ ਭਰਾਵਾਂ ਦੀ ਲੋੜ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ? ਇਸ ਦਾ ਜਵਾਬ ਹੈ ਸਿਖਲਾਈ। ਬਾਈਬਲ ਮਸੀਹੀ ਨਿਗਾਹਬਾਨਾਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਉਹ “ਮਾਤਬਰ ਮਨੁੱਖਾਂ” ਨੂੰ ਸਿਖਲਾਈ ਦੇਣ “ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਜੋਗ ਹੋਣ।” (2 ਤਿਮੋਥਿਉਸ 2:2) ਸਿਖਲਾਈ ਦੇਣ ਦਾ ਮਤਲਬ ਹੈ ਕਿ ਕਿਸੇ ਨੂੰ ਕੋਈ ਕੰਮ ਸਿਖਾਉਣਾ ਤਾਂਕਿ ਉਹ ਉਸ ਵਿਚ ਕਾਬਲ ਜਾਂ ਮਾਹਰ ਹੋ ਜਾਵੇ। ਆਓ ਆਪਾਂ ਦੇਖੀਏ ਕਿ ਬਜ਼ੁਰਗ ਦੂਸਰੇ ਲਾਇਕ ਭਰਾਵਾਂ ਨੂੰ ਕਿਵੇਂ ਸਿਖਲਾਈ ਦੇ ਸਕਦੇ ਹਨ।

ਯਹੋਵਾਹ ਦੀ ਮਿਸਾਲ ਤੇ ਚੱਲੋ

ਯਿਸੂ ਮਸੀਹ ਆਪਣੇ ਕੰਮ ਵਿਚ ਪੂਰੀ ਤਰ੍ਹਾਂ ਕਾਬਲ ਤੇ ਮਾਹਰ ਸੀ। ਤੇ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਖ਼ੁਦ ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਸਿਖਲਾਈ ਦਿੱਤੀ ਸੀ! ਇਹ ਸਿਖਲਾਈ ਕਿਹੜੀਆਂ ਗੱਲਾਂ ਕਰਕੇ ਇੰਨੀ ਪ੍ਰਭਾਵਕਾਰੀ ਸੀ? ਜਿਵੇਂ ਯੂਹੰਨਾ 5:20 ਵਿਚ ਦੱਸਿਆ ਹੈ, ਯਿਸੂ ਨੇ ਇਸ ਦੇ ਤਿੰਨ ਕਾਰਨ ਦਿੱਤੇ: “ਪਿਤਾ ਤਾਂ ਪੁੱਤ੍ਰ ਨਾਲ [1] ਤੇਹ ਕਰਦਾ ਹੈ ਅਤੇ ਜੋ ਕੰਮ ਉਹ ਆਪ ਕਰਦਾ ਹੈ ਸੋ ਸਭ ਉਸ ਨੂੰ [2] ਵਿਖਾਲਦਾ ਹੈ ਅਤੇ ਉਹ [3] ਇਨ੍ਹਾਂ ਨਾਲੋਂ ਵੱਡੇ ਕੰਮ ਉਸ ਨੂੰ ਵਿਖਾਏਗਾ।” (ਟੇਢੇ ਟਾਈਪ ਸਾਡੇ।) ਇਨ੍ਹਾਂ ਤਿੰਨਾਂ ਗੱਲਾਂ ਦੀ ਜਾਂਚ ਕਰਨ ਨਾਲ ਸਾਨੂੰ ਸਿਖਲਾਈ ਦੇਣ ਬਾਰੇ ਕਾਫ਼ੀ ਜਾਣਕਾਰੀ ਮਿਲੇਗੀ।

ਧਿਆਨ ਦਿਓ ਕਿ ਯਿਸੂ ਨੇ ਪਹਿਲਾਂ ਕਿਹਾ ਸੀ: “ਪਿਤਾ ਤਾਂ ਪੁੱਤ੍ਰ ਨਾਲ ਤੇਹ ਕਰਦਾ ਹੈ।” ਸ੍ਰਿਸ਼ਟੀ ਦੇ ਮੁੱਢੋਂ ਹੀ ਯਹੋਵਾਹ ਦਾ ਆਪਣੇ ਪੁੱਤਰ ਨਾਲ ਨਿੱਘਾ ਰਿਸ਼ਤਾ ਰਿਹਾ ਹੈ। ਕਹਾਉਤਾਂ 8:30 ਇਸ ਰਿਸ਼ਤੇ ਉੱਤੇ ਚਾਨਣਾ ਪਾਉਂਦਾ ਹੈ: ‘ਤਦ ਮੈਂ [ਯਿਸੂ] ਰਾਜ ਮਿਸਤਰੀ ਦੇ ਸਮਾਨ ਉਹ [ਯਹੋਵਾਹ ਪਰਮੇਸ਼ੁਰ] ਦੇ ਨਾਲ ਹੈਸਾਂ, ਮੈਂ ਨਿੱਤ ਉਹ ਨੂੰ ਰਿਝਾਉਂਦਾ ਤੇ ਸਦਾ ਉਹ ਦੇ ਅੱਗੇ ਖੇਡਦਾ [“ਖ਼ੁਸ਼,” “ਨਿ ਵ”] ਰਹਿੰਦਾ ਸੀ।’ ਯਿਸੂ ਨੂੰ ਪੂਰਾ ਵਿਸ਼ਵਾਸ ਸੀ ਕਿ ਯਹੋਵਾਹ ਉਸ ਤੋਂ ‘ਰੀਝਦਾ’ ਸੀ। ਅਤੇ ਯਿਸੂ ਨੇ ਵੀ ਆਪਣੇ ਪਿਤਾ ਨਾਲ ਕੰਮ ਕਰਨ ਕਰਕੇ ਮਿਲੀ ਖ਼ੁਸ਼ੀ ਦਾ ਖੁੱਲ੍ਹ ਕੇ ਇਜ਼ਹਾਰ ਕੀਤਾ। ਇਹ ਕਿੰਨੀ ਚੰਗੀ ਗੱਲ ਹੈ ਕਿ ਮਸੀਹੀ ਬਜ਼ੁਰਗਾਂ ਅਤੇ ਉਨ੍ਹਾਂ ਤੋਂ ਸਿਖਲਾਈ ਲੈ ਰਹੇ ਭਰਾਵਾਂ ਵਿਚ ਅਜਿਹਾ ਨਿੱਘਾ ਰਿਸ਼ਤਾ ਹੋਵੇ ਕਿ ਉਹ ਇਕ ਦੂਸਰੇ ਨਾਲ ਖੁੱਲ੍ਹ ਕੇ ਗੱਲ ਕਰ ਸਕਣ!

ਦੂਸਰਾ, ਯਿਸੂ ਨੇ ਕਿਹਾ ਸੀ ਕਿ ਉਸ ਦਾ ਪਿਤਾ ‘ਜੋ ਕੰਮ ਆਪ ਕਰਦਾ ਹੈ ਸੋ ਸਭ ਉਸ ਨੂੰ ਵਿਖਾਲਦਾ ਹੈ।’ ਇਹ ਸ਼ਬਦ ਕਹਾਉਤਾਂ 8:30 ਵਿਚ ਦਰਜ ਸ਼ਬਦਾਂ ਨੂੰ ਸਹੀ ਸਾਬਤ ਕਰਦੇ ਹਨ ਕਿ ਯਿਸੂ ਯਹੋਵਾਹ ਦੇ ‘ਨਾਲ ਹੈਸੀ’ ਜਦੋਂ ਯਹੋਵਾਹ ਨੇ ਦੁਨੀਆਂ ਦੀ ਸਿਰਜਣਾ ਕੀਤੀ ਸੀ। (ਉਤਪਤ 1:26) ਬਜ਼ੁਰਗ ਇਸ ਬਿਹਤਰੀਨ ਮਿਸਾਲ ਉੱਤੇ ਚੱਲਦੇ ਹੋਏ ਸਹਾਇਕ ਸੇਵਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੁਆਰਾ ਉਨ੍ਹਾਂ ਨੂੰ ਦਿਖਾ ਸਕਦੇ ਹਨ ਕਿ ਉਹ ਕਿਵੇਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾ ਸਕਦੇ ਹਨ। ਪਰ ਸਿਰਫ਼ ਨਵੇਂ ਬਣੇ ਸਹਾਇਕ ਸੇਵਕਾਂ ਨੂੰ ਹੀ ਬਾਕਾਇਦਾ ਸਿਖਲਾਈ ਦੀ ਲੋੜ ਨਹੀਂ। ਉਨ੍ਹਾਂ ਵਫ਼ਾਦਾਰ ਭਰਾਵਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ ਜਿਹੜੇ ਕਈ ਸਾਲਾਂ ਤੋਂ ਨਿਗਾਹਬਾਨ ਬਣਨ ਲਈ ਮਿਹਨਤ ਕਰ ਰਹੇ ਹਨ ਪਰ ਅਜੇ ਤਕ ਉਹ ਨਿਗਾਹਬਾਨ ਨਹੀਂ ਬਣੇ ਹਨ? (1 ਤਿਮੋਥਿਉਸ 3:1) ਬਜ਼ੁਰਗਾਂ ਨੂੰ ਅਜਿਹੇ ਭਰਾਵਾਂ ਨੂੰ ਸਪੱਸ਼ਟ ਤਰੀਕੇ ਨਾਲ ਸਲਾਹ ਦੇਣੀ ਚਾਹੀਦੀ ਹੈ ਤਾਂਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਨੂੰ ਆਪਣੇ ਵਿਚ ਕਿਹੜੇ ਸੁਧਾਰ ਕਰਨ ਦੀ ਲੋੜ ਹੈ।

ਉਦਾਹਰਣ ਲਈ ਇਕ ਸਹਾਇਕ ਸੇਵਕ ਸ਼ਾਇਦ ਭਰੋਸੇਯੋਗ ਤੇ ਸਮੇਂ ਦਾ ਪਾਬੰਦ ਹੋਵੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਪੂਰਾ ਕਰੇ। ਉਹ ਇਕ ਚੰਗਾ ਸਿੱਖਿਅਕ ਵੀ ਹੋਵੇ। ਉਹ ਕਈ ਗੱਲਾਂ ਵਿਚ ਕਲੀਸਿਯਾ ਦੇ ਕੰਮਾਂ ਵਿਚ ਚੰਗਾ ਯੋਗਦਾਨ ਪਾਉਂਦਾ ਹੋਵੇ। ਪਰ ਸ਼ਾਇਦ ਉਸ ਨੂੰ ਇਹ ਪਤਾ ਨਾ ਹੋਵੇ ਕਿ ਉਹ ਦੂਸਰੇ ਮਸੀਹੀਆਂ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਂਦਾ ਹੈ। ਬਜ਼ੁਰਗਾਂ ਨੂੰ “ਬੁੱਧ ਦੀ ਨਰਮਾਈ” ਦਿਖਾਉਣ ਦੀ ਲੋੜ ਹੈ। (ਯਾਕੂਬ 3:13) ਕੀ ਇਹ ਬਜ਼ੁਰਗਾਂ ਦੀ ਮਿਹਰਬਾਨੀ ਨਹੀਂ ਹੋਵੇਗੀ ਜੇ ਉਹ ਉਸ ਸਹਾਇਕ ਸੇਵਕ ਨਾਲ ਗੱਲ ਕਰ ਕੇ ਸਾਫ਼-ਸਾਫ਼ ਉਸ ਨੂੰ ਉਸ ਦੀ ਸਮੱਸਿਆ ਦੱਸਦੇ ਹਨ, ਉਸ ਦੀ ਸਮੱਸਿਆ ਦੀ ਕੋਈ ਖ਼ਾਸ ਮਿਸਾਲ ਦਿੰਦੇ ਹਨ ਤੇ ਸੁਧਾਰ ਕਰਨ ਲਈ ਫ਼ਾਇਦੇਮੰਦ ਸੁਝਾਅ ਵੀ ਦਿੰਦੇ ਹਨ? ਜੇ ਬਜ਼ੁਰਗ ਧਿਆਨ ਨਾਲ ‘ਆਪਣੀ ਗੱਲ ਬਾਤ ਕਿਰਪਾਮਈ ਅਤੇ ਸਲੂਣੀ’ ਬਣਾਉਂਦਾ ਹੈ, ਤਾਂ ਸਹਾਇਕ ਸੇਵਕ ਉਸ ਦੀ ਗੱਲ ਜ਼ਰੂਰ ਸੁਣੇਗਾ। (ਕੁਲੁੱਸੀਆਂ 4:6) ਪਰ ਜੇ ਸਹਾਇਕ ਸੇਵਕ ਵੀ ਬਜ਼ੁਰਗ ਨਾਲ ਖੁੱਲ੍ਹ ਕੇ ਗੱਲ ਕਰੇ ਅਤੇ ਉਸ ਦੀ ਸਲਾਹ ਨੂੰ ਸੁਣਨ ਲਈ ਤਿਆਰ ਹੋਵੇ, ਤਾਂ ਉਹ ਬਜ਼ੁਰਗ ਦੇ ਕੰਮ ਨੂੰ ਜ਼ਿਆਦਾ ਆਸਾਨ ਬਣਾਵੇਗਾ।—ਜ਼ਬੂਰ 141:5.

ਕੁਝ ਕਲੀਸਿਯਾਵਾਂ ਵਿਚ ਬਜ਼ੁਰਗ ਸਹਾਇਕ ਸੇਵਕਾਂ ਨੂੰ ਬਾਕਾਇਦਾ ਫ਼ਾਇਦੇਮੰਦ ਸਿਖਲਾਈ ਦਿੰਦੇ ਹਨ। ਉਦਾਹਰਣ ਲਈ ਜਦੋਂ ਉਹ ਕਿਸੇ ਬੀਮਾਰ ਜਾਂ ਬਿਰਧ ਵਿਅਕਤੀ ਨੂੰ ਮਿਲਣ ਜਾਂਦੇ ਹਨ, ਤਾਂ ਉਹ ਆਪਣੇ ਨਾਲ ਕਾਬਲ ਸਹਾਇਕ ਸੇਵਕਾਂ ਨੂੰ ਵੀ ਲੈ ਕੇ ਜਾਂਦੇ ਹਨ। ਇਸ ਤਰ੍ਹਾਂ ਸਹਾਇਕ ਸੇਵਕ ਚਰਵਾਹੀ ਦੇ ਕੰਮ ਵਿਚ ਤਜਰਬਾ ਪ੍ਰਾਪਤ ਕਰਦੇ ਹਨ। ਪਰ ਖ਼ੁਦ ਸਹਾਇਕ ਸੇਵਕ ਵੀ ਅਧਿਆਤਮਿਕ ਤਰੱਕੀ ਕਰਨ ਲਈ ਮਿਹਨਤ ਕਰ ਸਕਦੇ ਹਨ।—“ਸਹਾਇਕ ਸੇਵਕ ਕੀ ਕਰ ਸਕਦੇ ਹਨ” ਨਾਮਕ ਡੱਬੀ ਦੇਖੋ।

ਯਿਸੂ ਨੂੰ ਦਿੱਤੀ ਗਈ ਸਿਖਲਾਈ ਦੇ ਇੰਨੀ ਅਸਰਦਾਰ ਹੋਣ ਦਾ ਤੀਸਰਾ ਕਾਰਨ ਸੀ ਕਿ ਯਹੋਵਾਹ ਨੇ ਭਵਿੱਖ ਵਿਚ ਤਰੱਕੀ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਨੂੰ ਸਿਖਲਾਈ ਦਿੱਤੀ ਸੀ। ਯਿਸੂ ਨੇ ਆਪਣੇ ਪਿਤਾ ਬਾਰੇ ਕਿਹਾ ਸੀ ਕਿ ਉਹ ਆਪਣੇ ਪੁੱਤਰ ਨੂੰ ‘ਇਨ੍ਹਾਂ ਨਾਲੋਂ ਵੱਡੇ ਕੰਮ ਵਿਖਾਏਗਾ।’ ਧਰਤੀ ਉੱਤੇ ਯਿਸੂ ਨੇ ਜੋ ਤਜਰਬਾ ਪ੍ਰਾਪਤ ਕੀਤਾ ਸੀ, ਉਸ ਦੀ ਮਦਦ ਨਾਲ ਉਹ ਆਪਣੇ ਵਿਚ ਅਜਿਹੇ ਗੁਣ ਪੈਦਾ ਕਰ ਸਕਿਆ ਜੋ ਭਵਿੱਖ ਵਿਚ ਹੋਰ ਜ਼ਿੰਮੇਵਾਰੀਆਂ ਸੰਭਾਲਣ ਵਿਚ ਉਸ ਦੀ ਮਦਦ ਕਰਦੇ। (ਇਬਰਾਨੀਆਂ 4:15; 5:8, 9) ਉਦਾਹਰਣ ਲਈ ਯਿਸੂ ਨੂੰ ਜਲਦੀ ਹੀ ਕਿੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ—ਮਰ ਚੁੱਕੇ ਅਰਬਾਂ ਲੋਕਾਂ ਨੂੰ ਮੁੜ ਜੀਉਂਦਾ ਕਰਨ ਅਤੇ ਉਨ੍ਹਾਂ ਦਾ ਨਿਆਂ ਕਰਨ ਦੀ ਜ਼ਿੰਮੇਵਾਰੀ!—ਯੂਹੰਨਾ 5:21, 22.

ਜਦੋਂ ਬਜ਼ੁਰਗ ਸਹਾਇਕ ਸੇਵਕਾਂ ਨੂੰ ਸਿਖਲਾਈ ਦਿੰਦੇ ਹਨ, ਤਾਂ ਅੱਜ ਉਨ੍ਹਾਂ ਨੂੰ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਭਾਵੇਂ ਕਿ ਇਸ ਤਰ੍ਹਾਂ ਲੱਗੇ ਕਿ ਮੌਜੂਦਾ ਲੋੜਾਂ ਨੂੰ ਪੂਰਾ ਕਰਨ ਲਈ ਕਲੀਸਿਯਾ ਵਿਚ ਕਾਫ਼ੀ ਬਜ਼ੁਰਗ ਅਤੇ ਸਹਾਇਕ ਸੇਵਕ ਹਨ, ਪਰ ਉਸ ਵੇਲੇ ਕੀ ਹੋਵੇਗਾ ਜਿਸ ਵੇਲੇ ਨਵੀਂ ਕਲੀਸਿਯਾ ਬਣਦੀ ਹੈ? ਜਾਂ ਕਈ ਨਵੀਆਂ ਕਲੀਸਿਯਾਵਾਂ ਬਣਦੀਆਂ ਹਨ? ਪਿਛਲੇ ਤਿੰਨ ਸਾਲਾਂ ਦੌਰਾਨ, ਦੁਨੀਆਂ ਭਰ ਵਿਚ 6,000 ਤੋਂ ਜ਼ਿਆਦਾ ਨਵੀਆਂ ਕਲੀਸਿਯਾਵਾਂ ਬਣੀਆਂ ਹਨ। ਇਨ੍ਹਾਂ ਨਵੀਆਂ ਕਲੀਸਿਯਾਵਾਂ ਦੀ ਦੇਖ-ਭਾਲ ਕਰਨ ਲਈ ਕਿੰਨੇ ਸਾਰੇ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਦੀ ਲੋੜ ਹੈ!

ਬਜ਼ੁਰਗੋ, ਜਿਨ੍ਹਾਂ ਭਰਾਵਾਂ ਨੂੰ ਤੁਸੀਂ ਸਿਖਲਾਈ ਦੇ ਰਹੇ ਹੋ, ਕੀ ਤੁਸੀਂ ਉਨ੍ਹਾਂ ਨਾਲ ਚੰਗਾ ਨਜ਼ਦੀਕੀ ਰਿਸ਼ਤਾ ਰੱਖ ਕੇ ਯਹੋਵਾਹ ਦੀ ਮਿਸਾਲ ਤੇ ਚੱਲ ਰਹੋ ਹੋ? ਕੀ ਤੁਸੀਂ ਦਿਖਾ ਰਹੇ ਹੋ ਕਿ ਉਹ ਆਪਣਾ ਕੰਮ ਕਿੱਦਾਂ ਕਰਨ? ਕੀ ਤੁਸੀਂ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਿਆ ਹੈ? ਯਿਸੂ ਨੂੰ ਸਿਖਲਾਈ ਦੇਣ ਵਿਚ ਯਹੋਵਾਹ ਦੀ ਮਿਸਾਲ ਉੱਤੇ ਚੱਲ ਕੇ ਬਹੁਤ ਸਾਰੇ ਭਰਾਵਾਂ ਨੂੰ ਭਰਪੂਰ ਬਰਕਤਾਂ ਮਿਲਣਗੀਆਂ।

ਜ਼ਿੰਮੇਵਾਰੀ ਦੇਣ ਤੋਂ ਨਾ ਡਰੋ

ਜਿਹੜੇ ਕਾਬਲ ਬਜ਼ੁਰਗਾਂ ਨੂੰ ਕਈ ਭਾਰੀਆਂ ਜ਼ਿੰਮੇਵਾਰੀਆਂ ਸੰਭਾਲਣ ਦੀ ਆਦਤ ਹੁੰਦੀ ਹੈ, ਉਹ ਸ਼ਾਇਦ ਦੂਸਰਿਆਂ ਨੂੰ ਜ਼ਿੰਮੇਵਾਰੀਆਂ ਦੇਣ ਤੋਂ ਹਿਚਕਿਚਾਉਣ। ਉਨ੍ਹਾਂ ਨੇ ਸ਼ਾਇਦ ਪਹਿਲਾਂ ਦੂਸਰੇ ਭਰਾਵਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਸਨ, ਪਰ ਭਰਾਵਾਂ ਨੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਪੂਰਾ ਨਾ ਕੀਤਾ ਹੋਵੇ। ਇਸ ਕਰਕੇ ਸ਼ਾਇਦ ਉਨ੍ਹਾਂ ਦਾ ਇਹ ਰਵੱਈਆ ਬਣ ਗਿਆ ਹੋਵੇ, ‘ਇਹ ਕੰਮ ਚੰਗੇ ਤਰੀਕੇ ਨਾਲ ਕਰਨ ਲਈ ਮੈਨੂੰ ਆਪ ਹੀ ਇਹ ਕੰਮ ਕਰਨਾ ਪਵੇਗਾ।’ ਪਰ ਕੀ ਇਹ ਯਹੋਵਾਹ ਦੀ ਇੱਛਾ ਦੇ ਅਨੁਸਾਰ ਹੈ? ਬਾਈਬਲ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਜ਼ਿਆਦਾ ਤਜਰਬੇਕਾਰ ਵਿਅਕਤੀ ਘੱਟ ਤਜਰਬੇਕਾਰ ਵਿਅਕਤੀ ਨੂੰ ਸਿਖਾਵੇ।—2 ਤਿਮੋਥਿਉਸ 2:2.

ਜਦੋਂ ਪੌਲੁਸ ਰਸੂਲ ਦਾ ਸਫ਼ਰੀ ਸਾਥੀ ਯੂਹੰਨਾ ਮਰਕੁਸ ਪਮਫ਼ੁਲਿਯਾ ਵਿਚ ਉਸ ਨੂੰ ਛੱਡ ਕੇ ਆਪਣੇ ਘਰ ਮੁੜ ਗਿਆ, ਤਾਂ ਪੌਲੁਸ ਨੂੰ ਬਹੁਤ ਨਿਰਾਸ਼ਾ ਹੋਈ। (ਰਸੂਲਾਂ ਦੇ ਕਰਤੱਬ 15:38, 39) ਪਰ ਪੌਲੁਸ ਇਸ ਨਿਰਾਸ਼ਾ ਕਰਕੇ ਦੂਸਰਿਆਂ ਨੂੰ ਸਿਖਲਾਈ ਦੇਣ ਤੋਂ ਪਿੱਛੇ ਨਹੀਂ ਹਟਿਆ। ਉਸ ਨੇ ਦੂਸਰੇ ਨੌਜਵਾਨ ਭਰਾ ਤਿਮੋਥਿਉਸ ਨੂੰ ਚੁਣਿਆ ਅਤੇ ਉਸ ਨੂੰ ਮਿਸ਼ਨਰੀ ਕੰਮ ਦੀ ਸਿਖਲਾਈ ਦਿੱਤੀ। * (ਰਸੂਲਾਂ ਦੇ ਕਰਤੱਬ 16:1-3) ਬਰਿਯਾ ਵਿਚ ਇਨ੍ਹਾਂ ਮਿਸ਼ਨਰੀਆਂ ਨੂੰ ਇੰਨੇ ਡਾਢੇ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ ਕਿ ਪੌਲੁਸ ਲਈ ਉੱਥੇ ਰੁਕਣਾ ਮੁਨਾਸਬ ਨਹੀਂ ਸੀ। ਇਸ ਲਈ ਉਹ ਨਵੀਂ ਕਲੀਸਿਯਾ ਨੂੰ ਤਿਮੋਥਿਉਸ ਅਤੇ ਉਸ ਤੋਂ ਉਮਰ ਵਿਚ ਵੱਡੇ ਇਕ ਪਰਿਪੱਕ ਭਰਾ ਸੀਲਾਸ ਦੀ ਦੇਖ-ਰੇਖ ਵਿਚ ਛੱਡ ਕੇ ਉੱਥੋਂ ਚਲਾ ਗਿਆ। (ਰਸੂਲਾਂ ਦੇ ਕਰਤੱਬ 17:13-15) ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਤਿਮੋਥਿਉਸ ਨੇ ਸੀਲਾਸ ਤੋਂ ਬਹੁਤ ਕੁਝ ਸਿੱਖਿਆ। ਬਾਅਦ ਵਿਚ ਜਦੋਂ ਤਿਮੋਥਿਉਸ ਜ਼ਿਆਦਾ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਹੋ ਗਿਆ, ਤਾਂ ਪੌਲੁਸ ਨੇ ਉਸ ਨੂੰ ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਹੌਸਲਾ ਦੇਣ ਲਈ ਉੱਥੇ ਘੱਲਿਆ।—1 ਥੱਸਲੁਨੀਕੀਆਂ 3:1-3.

ਪੌਲੁਸ ਤੇ ਤਿਮੋਥਿਉਸ ਵਿਚ ਰਿਸ਼ਤਾ ਰੁੱਖਾ ਜਾਂ ਓਪਰਾ-ਓਪਰਾ ਨਹੀਂ ਸੀ। ਉਨ੍ਹਾਂ ਵਿਚ ਬਹੁਤ ਨਿੱਘਾ ਰਿਸ਼ਤਾ ਸੀ। ਜਦੋਂ ਪੌਲੁਸ ਨੇ ਤਿਮੋਥਿਉਸ ਨੂੰ ਕੁਰਿੰਥੁਸ ਭੇਜਣ ਦਾ ਫ਼ੈਸਲਾ ਕੀਤਾ ਸੀ, ਤਾਂ ਉਸ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਲਿਖੀ ਚਿੱਠੀ ਵਿਚ ਤਿਮੋਥਿਉਸ ਨੂੰ ‘ਪ੍ਰਭੁ ਵਿੱਚ ਆਪਣਾ ਪਿਆਰਾ ਅਤੇ ਨਿਹਚਾ ਜੋਗ ਪੁੱਤ੍ਰ’ ਕਿਹਾ। ਉਸ ਨੇ ਅੱਗੇ ਕਿਹਾ: “[ਤਿਮੋਥਿਉਸ] ਮੇਰੇ ਵਰਤਾਵੇ ਜੋ ਮਸੀਹ ਵਿੱਚ ਹਨ ਤੁਹਾਨੂੰ ਚੇਤੇ ਕਰਾਵੇਗਾ।” (ਟੇਢੇ ਟਾਈਪ ਸਾਡੇ।) (1 ਕੁਰਿੰਥੀਆਂ 4:17) ਪੌਲੁਸ ਨੇ ਤਿਮੋਥਿਉਸ ਨੂੰ ਜੋ ਸਿਖਲਾਈ ਦਿੱਤੀ ਸੀ, ਉਸ ਦਾ ਉਸ ਨੇ ਪੂਰਾ-ਪੂਰਾ ਫ਼ਾਇਦਾ ਲਿਆ ਤੇ ਆਪਣੇ ਕੰਮ ਵਿਚ ਮਾਹਰ ਹੋ ਗਿਆ। ਜਿਵੇਂ ਪੌਲੁਸ ਨੇ ਤਿਮੋਥਿਉਸ ਵਿਚ ਡੂੰਘੀ ਦਿਲਚਸਪੀ ਲਈ ਸੀ, ਉਸੇ ਤਰ੍ਹਾਂ ਅੱਜ ਪਰਵਾਹ ਕਰਨ ਵਾਲੇ ਬਜ਼ੁਰਗ ਸਹਾਇਕ ਸੇਵਕਾਂ ਵਿਚ ਦਿਲਚਸਪੀ ਲੈਂਦੇ ਹਨ। ਉਨ੍ਹਾਂ ਵੱਲੋਂ ਦਿੱਤੀ ਸਿਖਲਾਈ ਕਾਰਨ ਬਹੁਤ ਸਾਰੇ ਨੌਜਵਾਨ ਭਰਾ ਕਾਬਲ ਸਹਾਇਕ ਸੇਵਕ, ਬਜ਼ੁਰਗ ਜਾਂ ਸਫ਼ਰੀ ਨਿਗਾਹਬਾਨ ਬਣੇ ਹਨ।

ਬਜ਼ੁਰਗੋ, ਦੂਸਰਿਆਂ ਨੂੰ ਸਿਖਾਓ!

ਇਸ ਵਿਚ ਕੋਈ ਸ਼ੱਕ ਨਹੀਂ ਕਿ ਯਸਾਯਾਹ 60:22 ਦੀ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ। ਯਹੋਵਾਹ ‘ਛੋਟੇ ਨੂੰ ਇੱਕ ਬਲਵੰਤ ਕੌਮ’ ਬਣਾ ਰਿਹਾ ਹੈ। ਜੇ ਇਹ ਕੌਮ “ਬਲਵੰਤ” ਰਹਿਣਾ ਚਾਹੁੰਦੀ ਹੈ, ਤਾਂ ਇਸ ਨੂੰ ਵਿਵਸਥਿਤ ਤਰੀਕੇ ਨਾਲ ਕੰਮ ਕਰਨਾ ਪਵੇਗਾ। ਬਜ਼ੁਰਗੋ, ਕਿਉਂ ਨਾ ਤੁਸੀਂ ਉਨ੍ਹਾਂ ਤਰੀਕਿਆਂ ਬਾਰੇ ਸੋਚੋ ਜਿਨ੍ਹਾਂ ਦੁਆਰਾ ਤੁਸੀਂ ਸਮਰਪਿਤ ਅਤੇ ਕਾਬਲ ਭਰਾਵਾਂ ਨੂੰ ਹੋਰ ਜ਼ਿਆਦਾ ਸਿਖਲਾਈ ਦੇ ਸਕੋ? ਨਿਸ਼ਚਿਤ ਕਰੋ ਕਿ ਹਰ ਸਹਾਇਕ ਸੇਵਕ ਚੰਗੀ ਤਰ੍ਹਾਂ ਜਾਣਦਾ ਹੈ ਕਿ ਤਰੱਕੀ ਕਰਨ ਲਈ ਉਸ ਨੂੰ ਆਪਣੇ ਵਿਚ ਕਿਹੜੇ ਸੁਧਾਰ ਕਰਨ ਦੀ ਲੋੜ ਹੈ। ਅਤੇ ਤੁਸੀਂ ਸਾਰੇ ਬਪਤਿਸਮਾ-ਪ੍ਰਾਪਤ ਭਰਾਵੋ, ਜੇ ਬਜ਼ੁਰਗ ਸੁਧਾਰ ਕਰਨ ਵਿਚ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਇਸ ਦਾ ਪੂਰਾ-ਪੂਰਾ ਫ਼ਾਇਦਾ ਲਓ। ਆਪਣੀ ਯੋਗਤਾ, ਗਿਆਨ ਅਤੇ ਤਜਰਬੇ ਨੂੰ ਵਧਾਉਣ ਲਈ ਤੁਹਾਨੂੰ ਜਿੰਨੇ ਵੀ ਮੌਕੇ ਮਿਲਦੇ ਹਨ, ਉਨ੍ਹਾਂ ਦਾ ਲਾਭ ਉਠਾਓ। ਬਜ਼ੁਰਗਾਂ ਵੱਲੋਂ ਸਹਾਇਕ ਸੇਵਕਾਂ ਦੀ ਮਦਦ ਕਰਨ ਦੇ ਇਸ ਪ੍ਰੇਮਮਈ ਪ੍ਰਬੰਧ ਤੇ ਯਹੋਵਾਹ ਜ਼ਰੂਰ ਆਪਣੀ ਬਰਕਤ ਪਾਵੇਗਾ।—ਯਸਾਯਾਹ 61:5.

[ਫੁਟਨੋਟ]

^ ਪੈਰਾ 18 ਬਾਅਦ ਵਿਚ ਪੌਲੁਸ ਨੇ ਇਕ ਵਾਰ ਫਿਰ ਯੂਹੰਨਾ ਮਰਕੁਸ ਨਾਲ ਕੰਮ ਕੀਤਾ ਸੀ।—ਕੁਲੁੱਸੀਆਂ 4:10.

[ਸਫ਼ੇ 30 ਉੱਤੇ ਡੱਬੀ]

ਸਹਾਇਕ ਸੇਵਕ ਕੀ ਕਰ ਸਕਦੇ ਹਨ

ਜਦ ਕਿ ਸਹਾਇਕ ਸੇਵਕਾਂ ਨੂੰ ਬਜ਼ੁਰਗਾਂ ਦੁਆਰਾ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ, ਪਰ ਸਹਾਇਕ ਸੇਵਕ ਆਪ ਵੀ ਆਪਣੀ ਅਧਿਆਤਮਿਕ ਤਰੱਕੀ ਲਈ ਬਹੁਤ ਕੁਝ ਕਰ ਸਕਦੇ ਹਨ।

—ਸਹਾਇਕ ਸੇਵਕ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਮਿਹਨਤੀ ਅਤੇ ਭਰੋਸੇਮੰਦ ਹੋਣੇ ਚਾਹੀਦੇ ਹਨ। ਉਨ੍ਹਾਂ ਵਿਚ ਅਧਿਐਨ ਕਰਨ ਦੀਆਂ ਚੰਗੀਆਂ ਆਦਤਾਂ ਹੋਣੀਆਂ ਚਾਹੀਦੀਆਂ ਹਨ। ਕਾਫ਼ੀ ਹੱਦ ਤਕ ਉਨ੍ਹਾਂ ਦੀ ਤਰੱਕੀ ਅਧਿਐਨ ਕਰਨ ਅਤੇ ਸਿੱਖੀਆਂ ਗੱਲਾਂ ਨੂੰ ਅਮਲ ਵਿਚ ਲਿਆਉਣ ਤੇ ਨਿਰਭਰ ਕਰਦੀ ਹੈ।

—ਜਦੋਂ ਇਕ ਸਹਾਇਕ ਸੇਵਕ ਕਲੀਸਿਯਾ ਵਿਚ ਭਾਸ਼ਣ ਦੇਣ ਦੀ ਤਿਆਰੀ ਕਰਦਾ ਹੈ, ਤਾਂ ਉਸ ਨੂੰ ਸਾਮੱਗਰੀ ਨੂੰ ਚੰਗੇ ਤਰੀਕੇ ਨਾਲ ਪੇਸ਼ ਕਰਨ ਲਈ ਕਿਸੇ ਕਾਬਲ ਬਜ਼ੁਰਗ ਤੋਂ ਸੁਝਾਅ ਮੰਗਣ ਤੋਂ ਝਿਜਕਣਾ ਨਹੀਂ ਚਾਹੀਦਾ।

—ਸਹਾਇਕ ਸੇਵਕ ਇਕ ਬਜ਼ੁਰਗ ਨੂੰ ਇਹ ਵੀ ਕਹਿ ਸਕਦਾ ਹੈ ਕਿ ਉਹ ਉਸ ਨੂੰ ਭਾਸ਼ਣ ਦਿੰਦੇ ਹੋਏ ਜਾਂਚੇ ਤੇ ਹੋਰ ਸੁਧਾਰ ਕਰਨ ਲਈ ਸੁਝਾਅ ਦੇਵੇ।

ਸਹਾਇਕ ਸੇਵਕਾਂ ਨੂੰ ਬਜ਼ੁਰਗਾਂ ਤੋਂ ਸਲਾਹ ਮੰਗਣੀ ਚਾਹੀਦੀ ਹੈ ਅਤੇ ਉਸ ਨੂੰ ਮੰਨ ਕੇ ਉਸ ਉੱਤੇ ਚੱਲਣਾ ਚਾਹੀਦਾ ਹੈ। ਇਸ ਤਰੀਕੇ ਨਾਲ ਉਨ੍ਹਾਂ ਦੀ ਤਰੱਕੀ “ਸਭਨਾਂ ਉੱਤੇ ਪਰਗਟ” ਹੋਵੇਗੀ।—1 ਤਿਮੋਥਿਉਸ 4:15.