Skip to content

Skip to table of contents

ਯਹੋਵਾਹ ਨੇ ਸਾਨੂੰ “ਮਹਾਂ-ਸ਼ਕਤੀ” ਦਿੱਤੀ

ਯਹੋਵਾਹ ਨੇ ਸਾਨੂੰ “ਮਹਾਂ-ਸ਼ਕਤੀ” ਦਿੱਤੀ

ਜੀਵਨੀ

ਯਹੋਵਾਹ ਨੇ ਸਾਨੂੰ “ਮਹਾਂ-ਸ਼ਕਤੀ” ਦਿੱਤੀ

ਹੈਲਨ ਮਾਰਕਸ ਦੀ ਜ਼ਬਾਨੀ

ਸਾਲ 1986 ਵਿਚ ਗਰਮੀਆਂ ਦਾ ਹੁੰਮਸਦਾਰ ਦਿਨ ਸੀ। ਸਿਰਫ਼ ਮੈਂ ਹੀ ਇਕੱਲੀ ਯੂਰਪ ਦੇ ਸਭ ਤੋਂ ਸੁੰਨਸਾਨ ਹਵਾਈ ਅੱਡੇ ਦੇ ਕਸਟਮ ਵਿਭਾਗ ਵਿਚ ਇੰਤਜ਼ਾਰ ਕਰ ਰਹੀ ਸਾਂ। ਇਹ ਅਲਬਾਨੀਆ ਦੀ ਰਾਜਧਾਨੀ ਟਿਰਾਨਾ ਸੀ ਜਿਸ ਨੇ ਆਪਣੇ ਆਪ ਨੂੰ “ਦੁਨੀਆਂ ਦਾ ਪਹਿਲਾ ਨਾਸਤਿਕ ਦੇਸ਼” ਐਲਾਨ ਕੀਤਾ ਸੀ।

ਜਦੋਂ ਇਕ ਹਥਿਆਰਬੰਦ ਅਫ਼ਸਰ ਮੇਰੇ ਸਾਮਾਨ ਦੀ ਜਾਂਚ ਕਰ ਰਿਹਾ ਸੀ, ਤਾਂ ਮੈਂ ਡਰਦੀ ਮਾਰੀ ਸੋਚ ਰਹੀ ਸੀ ਕਿ ਪਤਾ ਨਹੀਂ ਹੁਣ ਕੀ ਹੋਊ। ਜੇ ਮੇਰੇ ਕੁਝ ਕਰਨ ਜਾਂ ਕਹਿਣ ਨਾਲ ਉਸ ਨੂੰ ਸ਼ੱਕ ਪੈ ਗਿਆ, ਤਾਂ ਮੈਨੂੰ ਦੇਸ਼ ਵਿੱਚੋਂ ਕੱਢਿਆ ਜਾ ਸਕਦਾ ਹੈ ਤੇ ਜੋ ਲੋਕ ਬਾਹਰ ਮੇਰੀ ਉਡੀਕ ਕਰ ਰਹੇ ਹਨ ਉਨ੍ਹਾਂ ਨੂੰ ਜੇਲ੍ਹ ਜਾਂ ਲੇਬਰ ਕੈਂਪ ਭੇਜਿਆ ਜਾ ਸਕਦਾ ਹੈ। ਪਰ ਜਦੋਂ ਮੈਂ ਉਸ ਅਫ਼ਸਰ ਨੂੰ ਕੁਝ ਚਿਊਇੰਗ ਗੰਮ ਤੇ ਬਿਸਕੁਟ ਪੇਸ਼ ਕੀਤੇ, ਤਾਂ ਉਸ ਦਾ ਰਵੱਈਆ ਕੁਝ ਨਰਮ ਪੈ ਗਿਆ। ਪਰ ਮੈਂ 65 ਕੁ ਸਾਲਾਂ ਦੀ ਔਰਤ ਇੱਥੇ ਕਿਵੇਂ ਪਹੁੰਚੀ? ਮੈਂ ਆਪਣੀ ਆਰਾਮਦਾਇਕ ਜ਼ਿੰਦਗੀ ਨੂੰ ਛੱਡ ਕੇ ਇਸ ਮਾਰਕਸੀ ਤੇ ਲੈਨਿਨਵਾਦੀ ਦੇਸ਼ ਵਿਚ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨ ਦਾ ਖ਼ਤਰਾ ਕਿਉਂ ਮੁੱਲ ਲਿਆ?

ਸਵਾਲਾਂ ਦੀ ਝੜੀ ਲਾਉਣ ਵਾਲੀ ਇਕ ਕਮਜ਼ੋਰ ਕੁੜੀ

ਈਏਰਾਪੈਟਰਾ, ਕ੍ਰੇਟ ਵਿਚ 1920 ਨੂੰ ਮੇਰੇ ਜਨਮ ਤੋਂ ਸਿਰਫ਼ ਦੋ ਸਾਲਾਂ ਬਾਅਦ ਮੇਰੇ ਪਿਤਾ ਜੀ ਦੀ ਨਿਮੂਨੀਆ ਨਾਲ ਮੌਤ ਹੋ ਗਈ ਸੀ। ਮੇਰੇ ਮਾਤਾ ਜੀ ਗ਼ਰੀਬ ਤੇ ਅਨਪੜ੍ਹ ਸਨ। ਮੈਂ ਆਪਣੇ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ। ਮੈਨੂੰ ਪੀਲੀਆ ਹੋਇਆ ਸੀ ਜਿਸ ਕਰਕੇ ਮੇਰਾ ਰੰਗ ਪੀਲਾ ਪੈ ਚੁੱਕਾ ਸੀ ਤੇ ਮੈਂ ਕਾਫ਼ੀ ਬੀਮਾਰ ਰਹਿੰਦੀ ਸੀ। ਗੁਆਂਢੀਆਂ ਨੇ ਮੇਰੇ ਮਾਤਾ ਜੀ ਨੂੰ ਸਲਾਹ ਦਿੱਤੀ ਕਿ ਉਹ ਆਪਣਾ ਧਿਆਨ ਤੇ ਜੋ ਥੋੜ੍ਹਾ-ਬਹੁਤਾ ਪੈਸਾ ਉਸ ਕੋਲ ਹੈ, ਆਪਣੇ ਬਾਕੀ ਤਿੰਨ ਸਿਹਤਮੰਦ ਬੱਚਿਆਂ ਦੀ ਦੇਖ-ਭਾਲ ਕਰਨ ਵਿਚ ਲਗਾਵੇ ਤੇ ਮੈਨੂੰ ਮਰ ਜਾਣ ਦੇਵੇ। ਮੈਂ ਖ਼ੁਸ਼ ਹਾਂ ਕਿ ਉਨ੍ਹਾਂ ਨੇ ਗੁਆਂਢੀਆਂ ਦੀ ਸਲਾਹ ਨਹੀਂ ਮੰਨੀ।

ਸਵਰਗ ਵਿਚ ਪਿਤਾ ਜੀ ਦੀ ਆਤਮਾ ਦੀ ਸ਼ਾਂਤੀ ਲਈ ਮਾਤਾ ਜੀ ਅਕਸਰ ਕਬਰਸਤਾਨ ਵਿਚ ਜਾਂਦੇ ਸਨ ਅਤੇ ਆਰਥੋਡਾਕਸ ਪਾਦਰੀ ਨੂੰ ਪੂਜਾ-ਪਾਠ ਕਰਨ ਲਈ ਕਹਿੰਦੇ ਸਨ। ਉਹ ਪੂਜਾ-ਪਾਠ ਕੋਈ ਸਸਤਾ ਨਹੀਂ ਸੀ। ਮੈਨੂੰ ਅਜੇ ਵੀ ਕ੍ਰਿਸਮਸ ਦਾ ਉਹ ਠੰਢਾ ਦਿਨ ਯਾਦ ਹੈ ਜਦੋਂ ਮਾਤਾ ਜੀ ਕਬਰਸਤਾਨ ਤੋਂ ਘਰ ਮੁੜੇ ਸਨ ਤੇ ਮੈਂ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਪੈਰ ਘੜੀਸਦੀ ਹੋਈ ਆਈ ਸੀ। ਸਾਡੇ ਕੋਲ ਜੋ ਥੋੜ੍ਹੇ-ਬਹੁਤੇ ਪੈਸੇ ਸਨ, ਅਸੀਂ ਪਾਦਰੀ ਨੂੰ ਦੇ ਦਿੱਤੇ ਸਨ। ਬਾਅਦ ਵਿਚ ਮਾਤਾ ਜੀ ਨੇ ਸਾਡੇ ਲਈ ਕੁਝ ਹਰੀਆਂ ਸਬਜ਼ੀਆਂ ਬਣਾਈਆਂ ਤੇ ਦੂਜੇ ਕਮਰੇ ਵਿਚ ਚਲੇ ਗਏ। ਉਹ ਭੁੱਖੇ ਸਨ ਤੇ ਉਨ੍ਹਾਂ ਦੀਆਂ ਗੱਲ੍ਹਾਂ ਉੱਤੇ ਨਿਰਾਸ਼ਾ ਦੇ ਹੰਝੂ ਸਨ। ਕੁਝ ਦਿਨਾਂ ਬਾਅਦ ਮੈਂ ਪਾਦਰੀ ਕੋਲ ਜਾ ਕੇ ਇਹ ਪੁੱਛਣ ਦੀ ਹਿੰਮਤ ਕੀਤੀ ਕਿ ਪਿਤਾ ਜੀ ਦੀ ਮੌਤ ਕਿਉਂ ਹੋਈ ਤੇ ਵਿਚਾਰੇ ਮੇਰੇ ਮਾਤਾ ਜੀ ਨੂੰ ਕਿਉਂ ਪਾਦਰੀ ਨੂੰ ਪੈਸੇ ਦੇਣੇ ਪੈਂਦੇ ਸਨ? ਥੋੜ੍ਹਾ ਜਿਹਾ ਸ਼ਰਮਿੰਦਾ ਹੋ ਕੇ ਉਹ ਬੁੜਬੁੜਾਇਆ: “ਪਰਮੇਸ਼ੁਰ ਨੇ ਤੇਰੇ ਪਿਤਾ ਨੂੰ ਉਠਾ ਲਿਆ। ਜ਼ਿੰਦਗੀ ਦਾ ਇਹੀ ਨਿਯਮ ਹੈ। ਦੁਖੀ ਨਾ ਹੋ ਸਭ ਠੀਕ ਹੋ ਜਾਏਗਾ।”

ਸਾਨੂੰ ਸਕੂਲ ਵਿਚ ਪ੍ਰਭੂ ਦੀ ਪ੍ਰਾਰਥਨਾ ਸਿਖਾਈ ਜਾਂਦੀ ਸੀ। ਇਸ ਪ੍ਰਾਰਥਨਾ ਅਨੁਸਾਰ ਮੇਰੇ ਲਈ ਉਸ ਦੇ ਜਵਾਬ ਨਾਲ ਸਹਿਮਤ ਹੋਣਾ ਮੁਸ਼ਕਲ ਸੀ। ਮੈਨੂੰ ਅਜੇ ਵੀ ਇਸ ਪ੍ਰਾਰਥਨਾ ਦੇ ਸ਼ੁਰੂ ਦੇ ਸੋਹਣੇ ਤੇ ਅਰਥਪੂਰਣ ਸ਼ਬਦ ਯਾਦ ਹਨ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9, 10) ਜੇ ਪਰਮੇਸ਼ੁਰ ਜ਼ਮੀਨ ਉੱਤੇ ਆਪਣੀ ਇੱਛਾ ਪੂਰੀ ਕਰਨੀ ਚਾਹੁੰਦਾ ਹੈ, ਤਾਂ ਫਿਰ ਕਿਉਂ ਸਾਨੂੰ ਇੰਨੇ ਦੁੱਖ ਸਹਿਣੇ ਪੈਂਦੇ ਹਨ?

ਮੈਨੂੰ ਆਪਣੇ ਇਸ ਸਵਾਲ ਦਾ ਜਵਾਬ 1929 ਵਿਚ ਮਿਲਦਾ-ਮਿਲਦਾ ਰਹਿ ਗਿਆ ਜਦੋਂ ਯਹੋਵਾਹ ਦੇ ਗਵਾਹਾਂ ਦਾ ਇਕ ਪੂਰੇ ਸਮੇਂ ਦਾ ਪ੍ਰਚਾਰਕ ਈਮਾਨਵੀਲ ਲਿਓਨੂਡਾਕੀਸ ਸਾਡੇ ਘਰ ਆਇਆ। * ਜਦੋਂ ਮੇਰੇ ਮਾਤਾ ਜੀ ਨੇ ਉਸ ਨੂੰ ਪੁੱਛਿਆ ਕਿ ਉਹ ਕੀ ਚਾਹੁੰਦਾ ਹੈ, ਤਾਂ ਈਮਾਨਵੀਲ ਨੇ ਕੁਝ ਨਹੀਂ ਕਿਹਾ ਪਰ ਇਕ ਗਵਾਹੀ ਕਾਰਡ ਮਾਤਾ ਜੀ ਨੂੰ ਫੜਾ ਦਿੱਤਾ। ਉਨ੍ਹਾਂ ਨੇ ਮੈਨੂੰ ਕਾਰਡ ਪੜ੍ਹਨ ਲਈ ਦਿੱਤਾ। ਉਦੋਂ ਮੈਂ ਨੌਂ ਸਾਲਾਂ ਦੀ ਸੀ ਤੇ ਮੈਨੂੰ ਉਸ ਕਾਰਡ ਤੋਂ ਕੁਝ ਸਮਝ ਨਹੀਂ ਆਇਆ। ਇਹ ਸੋਚਦੇ ਹੋਏ ਕਿ ਉਹ ਪ੍ਰਚਾਰਕ ਗੁੰਗਾ ਹੈ, ਮਾਤਾ ਜੀ ਨੇ ਜਵਾਬ ਵਿਚ ਕਿਹਾ: “ਵਿਚਾਰਾ! ਤੂੰ ਬੋਲ ਨਹੀਂ ਸਕਦਾ ਤੇ ਮੈਂ ਪੜ੍ਹ ਨਹੀਂ ਸਕਦੀ।” ਫਿਰ ਮਾਤਾ ਜੀ ਨੇ ਨਰਮਾਈ ਨਾਲ ਉਸ ਨੂੰ ਜਾਣ ਲਈ ਕਿਹਾ।

ਕੁਝ ਸਾਲਾਂ ਬਾਅਦ ਮੈਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ। ਮੇਰੇ ਭਰਾ ਈਮਾਨਵੀਲ ਪਟੈਰਕੀਸ ਨੇ ਉਸੇ ਪੂਰੇ ਸਮੇਂ ਦੇ ਪ੍ਰਚਾਰਕ ਕੋਲੋਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਇਕ ਪੁਸਤਿਕਾ ਮਰੇ ਹੋਏ ਕਿੱਥੇ ਹਨ? ਲਈ। * ਇਸ ਨੂੰ ਪੜ੍ਹ ਕੇ ਮੈਨੂੰ ਬੜੀ ਰਾਹਤ ਮਿਲੀ ਕਿ ਮੇਰੇ ਪਿਤਾ ਜੀ ਦੀ ਮੌਤ ਲਈ ਪਰਮੇਸ਼ੁਰ ਜ਼ਿੰਮੇਵਾਰ ਨਹੀਂ ਸੀ। ਮੈਨੂੰ ਪਤਾ ਲੱਗਾ ਕਿ ਮੌਤ ਮਨੁੱਖੀ ਨਾਮੁਕੰਮਲਤਾ ਕਰਕੇ ਹੁੰਦੀ ਹੈ ਤੇ ਮੇਰੇ ਪਿਤਾ ਜੀ ਫਿਰਦੌਸ ਰੂਪੀ ਧਰਤੀ ਉੱਤੇ ਜੀਉਣ ਲਈ ਮੁੜ ਜੀ ਉੱਠਣ ਦੀ ਉਡੀਕ ਕਰ ਰਹੇ ਹਨ।

“ਇਸ ਕਿਤਾਬ ਨੇ ਤੈਨੂੰ ਤਬਾਹ ਕਰ ਦਿੱਤਾ ਹੈ!”

ਬਾਈਬਲ ਸੱਚਾਈ ਨੇ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ। ਘਰ ਵਿਚ ਪਿਤਾ ਜੀ ਦੀ ਇਕ ਪੁਰਾਣੀ ਬਾਈਬਲ ਸੀ, ਇਸ ਨੂੰ ਲੱਭ ਕੇ ਅਸੀਂ ਚੁੱਲ੍ਹੇ ਦੇ ਆਲੇ-ਦੁਆਲੇ ਬੈਠ ਕੇ ਮੋਮਬੱਤੀ ਦੀ ਲੋਅ ਨਾਲ ਅਕਸਰ ਇਸ ਨੂੰ ਪੜ੍ਹਦੇ ਸਾਂ। ਉਸ ਖੇਤਰ ਵਿਚ ਮੈਂ ਇਕੱਲੀ ਜਵਾਨ ਕੁੜੀ ਸੀ ਜਿਸ ਨੇ ਬਾਈਬਲ ਵਿਚ ਦਿਲਚਸਪੀ ਲਈ ਸੀ, ਇਸ ਲਈ ਮੈਨੂੰ ਉੱਥੇ ਦੇ ਗਵਾਹਾਂ ਦੇ ਛੋਟੇ ਜਿਹੇ ਗਰੁੱਪ ਦੇ ਕੰਮਾਂ ਵਿਚ ਸ਼ਾਮਲ ਨਹੀਂ ਕੀਤਾ ਗਿਆ। ਕੁਝ ਸਮੇਂ ਤਕ ਮੈਂ ਵਿਸ਼ਵਾਸ ਕਰਦੀ ਰਹੀ ਕਿ ਇਹ ਧਰਮ ਸਿਰਫ਼ ਆਦਮੀਆਂ ਲਈ ਹੀ ਹੈ। ਪਰ ਇਹ ਮੇਰੀ ਗ਼ਲਤਫ਼ਹਿਮੀ ਸੀ।

ਪ੍ਰਚਾਰ ਦੇ ਕੰਮ ਲਈ ਮੇਰੇ ਭਰਾ ਦੇ ਜੋਸ਼ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ। ਜਲਦੀ ਹੀ ਪੁਲਸ ਸਾਡੇ ਪਰਿਵਾਰ ਤੇ ਨਜ਼ਰ ਰੱਖਣ ਲੱਗ ਪਈ ਅਤੇ ਈਮਾਨਵੀਲ ਅਤੇ ਬਾਈਬਲ-ਆਧਾਰਿਤ ਕਿਤਾਬਾਂ ਦੀ ਭਾਲ ਵਿਚ ਕਿਸੇ ਵੀ ਸਮੇਂ ਸਾਡੇ ਘਰ ਛਾਪਾ ਮਾਰਦੀ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਪਾਦਰੀ ਸਾਨੂੰ ਚਰਚ ਵਾਪਸ ਜਾਣ ਲਈ ਮਨਾਉਣ ਆਇਆ ਸੀ। ਜਦੋਂ ਈਮਾਨਵੀਲ ਨੇ ਬਾਈਬਲ ਵਿੱਚੋਂ ਉਸ ਨੂੰ ਦਿਖਾਇਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ, ਤਾਂ ਪਾਦਰੀ ਨੇ ਬਾਈਬਲ ਖੋਹ ਲਈ ਅਤੇ ਬੜੇ ਗੁੱਸੇ ਵਿਚ ਮੇਰੇ ਭਰਾ ਦੇ ਚਿਹਰੇ ਅੱਗੇ ਇਸ ਨੂੰ ਹਿਲਾਉਂਦਿਆਂ ਚਿਲਾਇਆ, “ਇਸ ਕਿਤਾਬ ਨੇ ਤੈਨੂੰ ਤਬਾਹ ਕਰ ਦਿੱਤਾ ਹੈ!”

ਸਾਲ 1940 ਵਿਚ ਜਦੋਂ ਈਮਾਨਵੀਲ ਨੇ ਫ਼ੌਜ ਵਿਚ ਸੇਵਾ ਕਰਨ ਤੋਂ ਨਾਂਹ ਕਰ ਦਿੱਤੀ, ਤਾਂ ਉਸ ਨੂੰ ਗਿਰਫ਼ਤਾਰ ਕਰ ਕੇ ਅਲਬਾਨੀਆ ਦੇ ਮੋਰਚੇ ਤੇ ਭੇਜ ਦਿੱਤਾ ਗਿਆ। ਜਦੋਂ ਉਸ ਤੋਂ ਹੋਰ ਕੋਈ ਖ਼ਬਰ ਨਾ ਆਈ, ਤਾਂ ਅਸੀਂ ਸੋਚਿਆ ਕਿ ਉਹ ਸ਼ਾਇਦ ਮਰ ਗਿਆ ਹੋਣਾ। ਪਰ ਦੋ ਸਾਲਾਂ ਬਾਅਦ, ਉਸ ਨੇ ਸਾਨੂੰ ਜੇਲ੍ਹ ਵਿੱਚੋਂ ਚਿੱਠੀ ਲਿਖੀ ਜਿਸ ਦੀ ਸਾਨੂੰ ਕੋਈ ਉਮੀਦ ਵੀ ਨਹੀਂ ਸੀ। ਉਹ ਜੀਉਂਦਾ ਤੇ ਠੀਕ-ਠਾਕ ਸੀ! ਉਸ ਚਿੱਠੀ ਵਿਚ ਉਸ ਨੇ ਇਕ ਹਵਾਲਾ ਦਿੱਤਾ ਜੋ ਮੇਰੇ ਦਿਮਾਗ਼ ਵਿਚ ਪੱਕੀ ਤਰ੍ਹਾਂ ਬੈਠ ਗਿਆ: “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤਹਾਸ 16:9) ਸਾਨੂੰ ਅਜਿਹੀ ਹੌਸਲਾ-ਅਫ਼ਜ਼ਾਈ ਦੀ ਸਖ਼ਤ ਜ਼ਰੂਰਤ ਸੀ!

ਜੇਲ੍ਹ ਵਿਚ ਹੁੰਦਿਆਂ ਹੋਇਆ ਈਮਾਨਵੀਲ ਨੇ ਕੁਝ ਭਰਾਵਾਂ ਨੂੰ ਆਖਿਆ ਕਿ ਉਹ ਮੈਨੂੰ ਜਾ ਕੇ ਮਿਲਣ। ਜਲਦੀ ਹੀ ਸ਼ਹਿਰ ਤੋਂ ਬਾਹਰ ਇਕ ਫਾਰਮ ਹਾਊਸ ਵਿਚ ਚੋਰੀ-ਛੁਪੇ ਮਸੀਹੀ ਸਭਾਵਾਂ ਕਰਨ ਦਾ ਇੰਤਜ਼ਾਮ ਕੀਤਾ ਗਿਆ। ਸਾਨੂੰ ਨਹੀਂ ਪਤਾ ਸੀ ਕਿ ਸਾਡੇ ਉੱਤੇ ਨਜ਼ਰ ਰੱਖੀ ਜਾ ਰਹੀ ਸੀ! ਇਕ ਐਤਵਾਰ ਨੂੰ ਪੁਲਸ ਦੇ ਹਥਿਆਰਬੰਦ ਆਦਮੀਆਂ ਨੇ ਸਾਨੂੰ ਘੇਰਾ ਪਾ ਲਿਆ। ਉਨ੍ਹਾਂ ਨੇ ਸਾਨੂੰ ਇਕ ਟਰੱਕ ਵਿਚ ਲੱਦ ਲਿਆ ਤੇ ਪੂਰੇ ਸ਼ਹਿਰ ਵਿਚ ਘੁੰਮਾਇਆ। ਮੈਨੂੰ ਅਜੇ ਵੀ ਯਾਦ ਹੈ ਲੋਕ ਉਸ ਵੇਲੇ ਸਾਡਾ ਮਜ਼ਾਕ ਉਡਾ ਰਹੇ ਸਨ ਤੇ ਟਿਚਕਰਾਂ ਕਰ ਰਹੇ ਸਨ, ਪਰ ਯਹੋਵਾਹ ਨੇ ਆਪਣੀ ਪਵਿੱਤਰ ਆਤਮਾ ਰਾਹੀਂ ਸਾਨੂੰ ਅੰਦਰੂਨੀ ਸ਼ਾਂਤੀ ਦਿੱਤੀ।

ਸਾਨੂੰ ਇਕ ਹੋਰ ਕਸਬੇ ਵਿਚ ਲਿਜਾਇਆ ਗਿਆ ਜਿੱਥੇ ਸਾਨੂੰ ਕੁਝ ਹਨੇਰੀਆਂ ਤੇ ਗੰਦੀਆਂ ਕੋਠੜੀਆਂ ਵਿਚ ਸੁੱਟ ਦਿੱਤਾ ਗਿਆ। ਮੇਰੀ ਕੋਠੜੀ ਦੀ ਟਾਇਲਟ ਇਕ ਬਾਲਟੀ ਸੀ ਜਿਸ ਨੂੰ ਦਿਨ ਵਿਚ ਸਿਰਫ਼ ਇਕ ਵਾਰ ਖਾਲੀ ਕੀਤਾ ਜਾਂਦਾ ਸੀ। ਜੇਲ੍ਹ ਵਿਚ ਮੈਨੂੰ ਅੱਠ ਮਹੀਨਿਆਂ ਦੀ ਸਜ਼ਾ ਦਿੱਤੀ ਗਈ ਕਿਉਂਕਿ ਪੁਲਸ ਮੈਨੂੰ ਗਰੁੱਪ ਦੀ “ਟੀਚਰ” ਸਮਝਦੇ ਸਨ। ਪਰ ਜੇਲ੍ਹ ਵਿਚ ਬੰਦ ਇਕ ਭਰਾ ਨੇ ਆਪਣੇ ਵਕੀਲ ਨੂੰ ਸਾਡਾ ਕੇਸ ਲੜਨ ਲਈ ਕਿਹਾ ਤੇ ਉਸ ਵਕੀਲ ਨੇ ਸਾਨੂੰ ਰਿਹਾ ਕਰਵਾ ਦਿੱਤਾ।

ਇਕ ਨਵੀਂ ਜ਼ਿੰਦਗੀ

ਈਮਾਨਵੀਲ ਜਦੋਂ ਜੇਲ੍ਹ ਤੋਂ ਰਿਹਾ ਹੋਇਆ, ਤਾਂ ਉਸ ਨੇ ਸਫ਼ਰੀ ਨਿਗਾਹਬਾਨ ਵਜੋਂ ਐਥਿਨਜ਼ ਦੀਆਂ ਕਲੀਸਿਯਾਵਾਂ ਨਾਲ ਮੁਲਾਕਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਵੀ 1947 ਵਿਚ ਉੱਥੇ ਚਲੀ ਗਈ। ਅਖ਼ੀਰ ਮੈਨੂੰ ਗਵਾਹਾਂ ਦਾ ਵੱਡਾ ਗਰੁੱਪ ਦੇਖਣ ਨੂੰ ਮਿਲਿਆ ਜਿਸ ਵਿਚ ਨਾ ਸਿਰਫ਼ ਆਦਮੀ ਸਨ ਸਗੋਂ ਔਰਤਾਂ ਤੇ ਬੱਚੇ ਵੀ ਸਨ। ਅਖ਼ੀਰ ਜੁਲਾਈ 1947 ਵਿਚ ਮੈਂ ਯਹੋਵਾਹ ਨੂੰ ਆਪਣੇ ਸਮਰਪਣ ਦੇ ਸਬੂਤ ਵਜੋਂ ਪਾਣੀ ਦਾ ਬਪਤਿਸਮਾ ਲੈ ਲਿਆ। ਮੈਂ ਅਕਸਰ ਮਿਸ਼ਨਰੀ ਬਣਨ ਦੇ ਸੁਪਨੇ ਦੇਖਦੀ ਸੀ ਜਿਸ ਕਰਕੇ ਮੈਂ ਅੰਗ੍ਰੇਜ਼ੀ ਸਿੱਖਣ ਲਈ ਸ਼ਾਮ ਨੂੰ ਅੰਗ੍ਰੇਜ਼ੀ ਕਲਾਸਾਂ ਵਿਚ ਜਾਣ ਲੱਗ ਪਈ। ਮੈਂ 1950 ਵਿਚ ਪਾਇਨੀਅਰ ਬਣ ਗਈ। ਮਾਤਾ ਜੀ ਮੇਰੇ ਨਾਲ ਆ ਕੇ ਰਹਿਣ ਲੱਗ ਪਏ ਤੇ ਉਨ੍ਹਾਂ ਨੇ ਵੀ ਸੱਚਾਈ ਨੂੰ ਅਪਣਾ ਲਿਆ। ਉਹ 34 ਸਾਲਾਂ ਤਕ ਆਪਣੀ ਮੌਤ ਤਾਈਂ ਯਹੋਵਾਹ ਦੇ ਗਵਾਹ ਬਣੇ ਰਹੇ।

ਉਸੇ ਸਾਲ ਮੈਂ ਅਮਰੀਕਾ ਤੋਂ ਆਏ ਇਕ ਆਦਰਯੋਗ ਅਤੇ ਅਧਿਆਤਮਿਕ ਮਨ ਵਾਲੇ ਆਦਮੀ ਜੌਨ ਮਾਰਕਸ (ਮਾਰਕੋਪੂਲੋਸ) ਨੂੰ ਮਿਲੀ। ਜੌਨ ਦਾ ਜਨਮ ਦੱਖਣੀ ਅਲਬਾਨੀਆ ਵਿਚ ਹੋਇਆ ਸੀ ਤੇ ਅਮਰੀਕਾ ਆਉਣ ਤੋਂ ਬਾਅਦ ਉਹ ਯਹੋਵਾਹ ਦਾ ਗਵਾਹ ਬਣ ਗਿਆ ਸੀ। ਸਾਲ 1950 ਵਿਚ ਉਹ ਅਲਬਾਨੀਆ ਲਈ ਵੀਜ਼ਾ ਲੈਣ ਲਈ ਯੂਨਾਨ ਆਇਆ ਸੀ। ਸਾਮਵਾਦ ਦੇ ਸਖ਼ਤ ਕਾਨੂੰਨ ਅਧੀਨ ਹੋਣ ਕਰਕੇ ਅਲਬਾਨੀਆ ਵਿਚ ਵਿਦੇਸ਼ੀਆਂ ਦਾ ਜਾਣਾ ਮਨ੍ਹਾ ਸੀ। ਜੌਨ ਨੇ 1936 ਤੋਂ ਆਪਣੇ ਪਰਿਵਾਰ ਨੂੰ ਨਹੀਂ ਦੇਖਿਆ ਸੀ, ਫਿਰ ਵੀ ਉਸ ਨੂੰ ਅਲਬਾਨੀਆ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਮਿਲੀ। ਯਹੋਵਾਹ ਦੀ ਸੇਵਾ ਲਈ ਉਸ ਦੇ ਭਖਦੇ ਜੋਸ਼ ਅਤੇ ਭਰਾਵਾਂ ਲਈ ਉਸ ਦੇ ਗੂੜ੍ਹੇ ਪਿਆਰ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ। ਅਪ੍ਰੈਲ 3, 1953 ਨੂੰ ਸਾਡਾ ਵਿਆਹ ਹੋ ਗਿਆ। ਫਿਰ ਮੈਂ ਨਿਊ ਜਰਸੀ, ਅਮਰੀਕਾ ਵਿਚ ਆਪਣੇ ਪਤੀ ਨਾਲ ਆਪਣੇ ਨਵੇਂ ਘਰ ਆ ਗਈ।

ਪੂਰਾ ਸਮਾਂ ਪ੍ਰਚਾਰ ਕਰਦੇ ਸਮੇਂ ਆਪਣਾ ਗੁਜ਼ਾਰਾ ਚਲਾਉਣ ਲਈ ਮੈਂ ਤੇ ਜੌਨ ਨਿਊ ਜਰਸੀ ਦੇ ਤਟ ਉੱਤੇ ਛੋਟਾ ਜਿਹਾ ਬਿਜ਼ਨਿਸ ਕਰਦੇ ਸਾਂ। ਅਸੀਂ ਮਛੇਰਿਆਂ ਲਈ ਨਾਸ਼ਤਾ ਤਿਆਰ ਕਰਦੇ ਸਾਂ। ਅਸੀਂ ਸਿਰਫ਼ ਗਰਮੀਆਂ ਦੇ ਮੌਸਮ ਦੌਰਾਨ ਤੜਕੇ ਤੋਂ ਲੈ ਕੇ ਸਵੇਰੇ 9:00 ਵਜੇ ਤਕ ਕੰਮ ਕਰਦੇ ਸਾਂ। ਆਪਣੀ ਜ਼ਿੰਦਗੀ ਸਾਦੀ ਰੱਖਣ ਤੇ ਅਧਿਆਤਮਿਕ ਕੰਮਾਂ ਨੂੰ ਪਹਿਲ ਦੇਣ ਦੁਆਰਾ ਅਸੀਂ ਆਪਣਾ ਜ਼ਿਆਦਾਤਰ ਸਮਾਂ ਪ੍ਰਚਾਰ ਦੇ ਕੰਮ ਵਿਚ ਲਾਉਂਦੇ ਸਾਂ। ਕਈ ਸਾਲਾਂ ਤਕ ਸਾਨੂੰ ਵੱਖੋ-ਵੱਖਰੇ ਕਸਬਿਆਂ ਵਿਚ ਜਾਣ ਲਈ ਕਿਹਾ ਗਿਆ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਯਹੋਵਾਹ ਦੀ ਮਦਦ ਨਾਲ ਅਸੀਂ ਉਨ੍ਹਾਂ ਕਸਬਿਆਂ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਮਦਦ ਕੀਤੀ, ਕਲੀਸਿਯਾਵਾਂ ਸਥਾਪਿਤ ਕੀਤੀਆਂ ਅਤੇ ਕਿੰਗਡਮ ਹਾਲਾਂ ਨੂੰ ਉਸਾਰਨ ਵਿਚ ਮਦਦ ਕੀਤੀ।

ਆਪਣੇ ਲੋੜਵੰਦ ਭਰਾਵਾਂ ਦੀ ਮਦਦ ਕਰਨੀ

ਪਰ ਜਲਦੀ ਹੀ ਸਾਨੂੰ ਇਕ ਬਹੁਤ ਹੀ ਦਿਲਚਸਪ ਕੰਮ ਸੌਂਪਿਆ ਗਿਆ। ਜ਼ਿੰਮੇਵਾਰ ਭਰਾ ਬਾਲਕਨ ਦੇਸ਼ਾਂ ਵਿਚ ਰਹਿੰਦੇ ਸੰਗੀ ਮਸੀਹੀਆਂ ਨਾਲ ਸੰਪਰਕ ਕਾਇਮ ਕਰਨਾ ਚਾਹੁੰਦੇ ਸਨ ਜਿੱਥੇ ਸਾਡੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ। ਉਨ੍ਹਾਂ ਦੇਸ਼ਾਂ ਵਿਚ ਰਹਿੰਦੇ ਯਹੋਵਾਹ ਦੇ ਗਵਾਹਾਂ ਦਾ ਕਈ ਸਾਲਾਂ ਤੋਂ ਅੰਤਰਰਾਸ਼ਟਰੀ ਭਾਈਚਾਰੇ ਨਾਲ ਕੋਈ ਸੰਪਰਕ ਨਹੀਂ ਸੀ ਤੇ ਉਨ੍ਹਾਂ ਨੂੰ ਬਹੁਤ ਘੱਟ ਅਧਿਆਤਮਿਕ ਭੋਜਨ ਮਿਲਦਾ ਸੀ ਤੇ ਕਦੀ ਤਾਂ ਮਿਲਦਾ ਹੀ ਨਹੀਂ ਸੀ। ਉਨ੍ਹਾਂ ਨੂੰ ਸਖ਼ਤ ਸਤਾਹਟ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਸੀ। ਉਨ੍ਹਾਂ ਵਿੱਚੋਂ ਜ਼ਿਆਦਾਤਰ ਗਵਾਹਾਂ ਉੱਤੇ ਪੁਲਸ ਬਾਕਾਇਦਾ ਨਜ਼ਰ ਰੱਖ ਰਹੀ ਸੀ ਤੇ ਬਹੁਤ ਸਾਰੇ ਭੈਣ-ਭਰਾ ਜੇਲ੍ਹ ਜਾਂ ਲੇਬਰ ਕੈਂਪਾਂ ਵਿਚ ਬੰਦ ਸਨ। ਉਨ੍ਹਾਂ ਨੂੰ ਬਾਈਬਲ-ਆਧਾਰਿਤ ਕਿਤਾਬਾਂ, ਸੇਧ ਅਤੇ ਹੌਸਲਾ-ਅਫ਼ਜ਼ਾਈ ਦੀ ਸਖ਼ਤ ਜ਼ਰੂਰਤ ਸੀ। ਉਦਾਹਰਣ ਲਈ, ਅਲਬਾਨੀਆ ਤੋਂ ਇਕ ਇਹ ਗੁਪਤ ਸੰਦੇਸ਼ ਮਿਲਿਆ: “ਸਾਡੇ ਲਈ ਪ੍ਰਭੂ ਨੂੰ ਪ੍ਰਾਰਥਨਾ ਕਰੋ। ਘਰ-ਘਰ ਛਾਪਾ ਮਾਰ ਕੇ ਕਿਤਾਬਾਂ-ਰਸਾਲੇ ਜ਼ਬਤ ਕਰ ਲਏ ਜਾਂਦੇ ਹਨ। ਉਹ ਸਾਨੂੰ ਅਧਿਐਨ ਨਹੀਂ ਕਰਨ ਦਿੰਦੇ। ਤਿੰਨ ਵਿਅਕਤੀ ਜੇਲ੍ਹ ਵਿਚ ਹਨ।”

ਇਸ ਲਈ ਨਵੰਬਰ 1960 ਵਿਚ ਅਸੀਂ ਬਾਲਕਨ ਦੇ ਕੁਝ ਦੇਸ਼ਾਂ ਵਿਚ ਜਾਣ ਲਈ ਛੇ ਮਹੀਨੇ ਦਾ ਲੰਬਾ ਸਫ਼ਰ ਸ਼ੁਰੂ ਕੀਤਾ। ਇਹ ਸਾਫ਼ ਜ਼ਾਹਰ ਸੀ ਕਿ ਆਪਣੇ ਮਿਸ਼ਨ ਵਿਚ ਸਫ਼ਲ ਹੋਣ ਲਈ ਸਾਨੂੰ ਪਰਮੇਸ਼ੁਰ ਦੀ “ਮਹਾਂ ਸ਼ਕਤੀ,” ਹੌਸਲੇ, ਦਲੇਰੀ ਅਤੇ ਜੁਗਤ ਲੜਾਉਣ ਦੀ ਲੋੜ ਪੈਣੀ ਸੀ। (2 ਕੁਰਿੰਥੀਆਂ 4:7, ਪੰਜਾਬੀ ਬਾਈਬਲ ਨਵਾਂ ਅਨੁਵਾਦ) ਸਾਡੀ ਪਹਿਲੀ ਮੰਜ਼ਲ ਸੀ ਅਲਬਾਨੀਆ। ਅਸੀਂ ਪੈਰਿਸ ਵਿਚ ਕਾਰ ਖ਼ਰੀਦੀ ਅਤੇ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ। ਰੋਮ ਪਹੁੰਚਣ ਤੋਂ ਬਾਅਦ ਅਲਬਾਨੀਆ ਜਾਣ ਲਈ ਸਿਰਫ਼ ਜੌਨ ਨੂੰ ਵੀਜ਼ਾ ਮਿਲਿਆ। ਮੈਂ ਯੂਨਾਨ ਦੇ ਸ਼ਹਿਰ ਐਥਿਨਜ਼ ਜਾ ਕੇ ਉਸ ਦੀ ਉਡੀਕ ਕਰਨੀ ਸੀ।

ਜੌਨ 1961 ਦੀ ਫਰਵਰੀ ਦੇ ਅਖ਼ੀਰ ਵਿਚ ਅਲਬਾਨੀਆ ਪਹੁੰਚ ਗਿਆ ਤੇ ਮਾਰਚ ਦੇ ਅਖ਼ੀਰ ਤਕ ਉੱਥੇ ਹੀ ਰਿਹਾ। ਜੌਨ ਉੱਥੇ 30 ਭਰਾਵਾਂ ਨੂੰ ਮਿਲਿਆ। ਉਹ ਜ਼ਰੂਰੀ ਕਿਤਾਬਾਂ-ਰਸਾਲੇ ਤੇ ਹੌਸਲਾ-ਅਫ਼ਜ਼ਾਈ ਹਾਸਲ ਕਰ ਕੇ ਬਹੁਤ ਹੀ ਖ਼ੁਸ਼ ਹੋਏ ਸਨ! ਉਨ੍ਹਾਂ ਨੂੰ 24 ਸਾਲਾਂ ਤਕ ਕੋਈ ਵੀ ਬਾਹਰੋਂ ਮਿਲਣ ਨਹੀਂ ਆਇਆ ਸੀ।

ਜੌਨ ਉਨ੍ਹਾਂ ਭਰਾਵਾਂ ਦੀ ਖਰਿਆਈ ਤੇ ਸਹਿਣਸ਼ੀਲਤਾ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੂੰ ਪਤਾ ਲੱਗਾ ਕਿ ਬਹੁਤ ਸਾਰੇ ਭਰਾਵਾਂ ਨੇ ਆਪਣੀਆਂ ਨੌਕਰੀਆਂ ਗੁਆ ਲਈਆਂ ਤੇ ਜੇਲ੍ਹ ਵਿਚ ਸਨ ਕਿਉਂਕਿ ਉਨ੍ਹਾਂ ਨੇ ਸਾਮਵਾਦੀ ਦੇਸ਼ ਦੇ ਕੰਮਾਂ ਵਿਚ ਹਿੱਸਾ ਨਹੀਂ ਲਿਆ ਸੀ। ਖ਼ਾਸ ਕਰਕੇ ਉਹ ਉਦੋਂ ਬੜਾ ਪ੍ਰਭਾਵਿਤ ਹੋਇਆ ਜਦੋਂ 80 ਸਾਲਾਂ ਤੋਂ ਜ਼ਿਆਦਾ ਉਮਰ ਦੇ ਦੋ ਭਰਾਵਾਂ ਨੇ ਉਸ ਨੂੰ ਪ੍ਰਚਾਰ ਦੇ ਕੰਮ ਲਈ 5,000 ਰੁਪਏ ਦਾਨ ਕੀਤੇ। ਉਹ ਸਰਕਾਰ ਵੱਲੋਂ ਮਿਲੀ ਆਪਣੀ ਥੋੜ੍ਹੀ ਜਿਹੀ ਪੈਨਸ਼ਨ ਵਿੱਚੋਂ ਕਈ ਸਾਲਾਂ ਤੋਂ ਥੋੜ੍ਹੇ-ਥੋੜ੍ਹੇ ਪੈਸੇ ਬਚਾ ਕੇ ਰੱਖ ਰਹੇ ਸਨ।

ਅਲਬਾਨੀਆ ਵਿਚ ਜੌਨ ਦਾ ਆਖ਼ਰੀ ਦਿਨ 30 ਮਾਰਚ 1961 ਸੀ ਜੋ ਕਿ ਯਿਸੂ ਦੀ ਮੌਤ ਦੇ ਸਮਾਰਕ ਦਾ ਦਿਨ ਸੀ। ਜੌਨ ਨੇ ਉੱਥੇ ਹਾਜ਼ਰ 37 ਵਿਅਕਤੀਆਂ ਨੂੰ ਸਮਾਰਕ ਭਾਸ਼ਣ ਦਿੱਤਾ। ਭਾਸ਼ਣ ਖ਼ਤਮ ਹੋਣ ਤੇ ਭਰਾ ਫਟਾਫਟ ਜੌਨ ਨੂੰ ਪਿਛਲੇ ਦਰਵਾਜ਼ੇ ਥਾਣੀ ਭਜਾ ਕੇ ਉਸ ਨੂੰ ਡੁਰਸ ਦੀ ਬੰਦਰਗਾਹ ਤੇ ਲੈ ਗਏ ਜਿੱਥੋਂ ਉਹ ਯੂਨਾਨ ਦੇ ਸ਼ਹਿਰ ਪੀਰੇਐਫਸ (ਪਾਈਰੀਅਸ) ਨੂੰ ਜਾਣ ਵਾਲੇ ਤੁਰਕੀ ਵਪਾਰਕ ਜਹਾਜ਼ ਵਿਚ ਚੜ੍ਹ ਗਿਆ।

ਉਸ ਨੂੰ ਸਹੀ-ਸਲਾਮਤ ਮੁੜਿਆ ਦੇਖ ਕੇ ਮੈਨੂੰ ਬੜੀ ਖ਼ੁਸ਼ੀ ਹੋਈ। ਹੁਣ ਅਸੀਂ ਆਪਣਾ ਬਾਕੀ ਦਾ ਜੋਖਮ ਭਰਿਆ ਸਫ਼ਰ ਪੂਰਾ ਕਰ ਸਕਦੇ ਸਾਂ। ਅਸੀਂ ਤਿੰਨ ਹੋਰ ਬਾਲਕਨ ਦੇਸ਼ਾਂ ਵਿਚ ਗਏ ਜਿੱਥੇ ਸਾਡੇ ਪ੍ਰਚਾਰ ਦੇ ਕੰਮ ਤੇ ਪਾਬੰਦੀ ਲੱਗੀ ਸੀ। ਇਹ ਜੋਖਮ ਭਰਿਆ ਕੰਮ ਸੀ ਕਿਉਂਕਿ ਅਸੀਂ ਆਪਣੇ ਨਾਲ ਬਾਈਬਲ-ਆਧਾਰਿਤ ਕਿਤਾਬਾਂ, ਟਾਈਪ-ਰਾਈਟਰ ਤੇ ਹੋਰ ਕਈ ਚੀਜ਼ਾਂ ਲੈ ਕੇ ਗਏ ਸਾਂ। ਸਾਨੂੰ ਕੁਝ ਵਫ਼ਾਦਾਰ ਭੈਣ-ਭਰਾਵਾਂ ਨੂੰ ਮਿਲਣ ਦਾ ਖ਼ਾਸ ਮੌਕਾ ਮਿਲਿਆ ਜੋ ਯਹੋਵਾਹ ਲਈ ਆਪਣੀਆਂ ਨੌਕਰੀਆਂ, ਆਪਣੀ ਆਜ਼ਾਦੀ ਅਤੇ ਇੱਥੋਂ ਤਕ ਕਿ ਆਪਣੀਆਂ ਜ਼ਿੰਦਗੀਆਂ ਵੀ ਖ਼ਤਰੇ ਵਿਚ ਪਾਉਣ ਲਈ ਤਿਆਰ ਸਨ। ਉਨ੍ਹਾਂ ਦੇ ਜੋਸ਼ ਅਤੇ ਸੱਚੇ ਪਿਆਰ ਤੋਂ ਸਾਨੂੰ ਬਹੁਤ ਪ੍ਰੇਰਣਾ ਮਿਲੀ। ਅਸੀਂ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਕਿ ਯਹੋਵਾਹ ਨੇ ਸੱਚ-ਮੁੱਚ ਉਨ੍ਹਾਂ ਨੂੰ “ਮਹਾਂ-ਸ਼ਕਤੀ” ਦਿੱਤੀ ਸੀ।

ਆਪਣਾ ਸਫ਼ਰ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਅਸੀਂ ਵਾਪਸ ਅਮਰੀਕਾ ਆ ਗਏ। ਉਸ ਤੋਂ ਬਾਅਦ ਦੇ ਸਾਲਾਂ ਦੌਰਾਨ ਅਸੀਂ ਅਲਬਾਨੀਆ ਵਿਚ ਸਾਹਿੱਤ ਭੇਜਣ ਅਤੇ ਆਪਣੇ ਭਰਾਵਾਂ ਦੇ ਕੰਮਾਂ ਦੀਆਂ ਰਿਪੋਰਟਾਂ ਹਾਸਲ ਕਰਨ ਲਈ ਵੱਖੋ-ਵੱਖਰੇ ਤਰੀਕੇ ਅਪਣਾਉਂਦੇ ਰਹੇ।

ਕਈ ਸਫ਼ਰ ਤੇ ਖ਼ਤਰੇ

ਕਈ ਸਾਲ ਬੀਤ ਗਏ ਤੇ 1981 ਵਿਚ ਜੌਨ ਦੀ ਮੌਤ ਹੋ ਜਾਣ ਕਾਰਨ ਮੈਂ ਇਕੱਲੀ ਰਹਿ ਗਈ। ਉਦੋਂ ਉਹ 76 ਸਾਲਾਂ ਦਾ ਸੀ। ਮੇਰੀ ਭਾਣਜੀ ਇਵਾਨਜੀਲੀਆ ਤੇ ਉਸ ਦੇ ਪਤੀ ਜੌਰਜ ਓਰਫਨੀਡੀਸ ਮੈਨੂੰ ਆਪਣੇ ਘਰ ਲੈ ਗਏ ਤੇ ਉਨ੍ਹਾਂ ਨੇ ਮੈਨੂੰ ਭਾਵਾਤਮਕ ਤੇ ਹੋਰ ਤਰੀਕਿਆਂ ਨਾਲ ਬਹੁਤ ਸਹਾਰਾ ਦਿੱਤਾ। ਉਨ੍ਹਾਂ ਨੇ ਖ਼ੁਦ ਯਹੋਵਾਹ ਦੇ ਸਹਾਰੇ ਨੂੰ ਅਨੁਭਵ ਕੀਤਾ ਸੀ ਜਦੋਂ ਉਹ ਸੂਡਾਨ ਵਿਚ ਪਾਬੰਦੀ ਦੇ ਬਾਵਜੂਦ ਸੇਵਾ ਕਰ ਰਹੇ ਸਨ। *

ਅਲਬਾਨੀਆ ਵਿਚ ਆਪਣੇ ਭਰਾਵਾਂ ਨਾਲ ਸੰਪਰਕ ਕਰਨ ਦਾ ਆਖ਼ਰਕਾਰ ਨਵੇਂ ਸਿਰੇ ਤੋਂ ਜਤਨ ਕੀਤਾ ਗਿਆ। ਕਿਉਂਕਿ ਮੇਰੇ ਪਤੀ ਦੇ ਰਿਸ਼ਤੇਦਾਰ ਉੱਥੇ ਰਹਿੰਦੇ ਸਨ, ਇਸ ਲਈ ਮੇਰੇ ਕੋਲੋਂ ਪੁੱਛਿਆ ਗਿਆ ਕਿ ਕੀ ਮੈਂ ਉਸ ਦੇਸ਼ ਵਿਚ ਜਾਣਾ ਚਾਹੁੰਦੀ ਸੀ। ਮੈਂ ਜਾਣ ਲਈ ਤਿਆਰ ਸੀ!

ਕਈ ਮਹੀਨਿਆਂ ਤਕ ਸਖ਼ਤ ਜਤਨ ਕਰਨ ਤੋਂ ਬਾਅਦ ਮਈ 1986 ਵਿਚ ਐਥਿਨਜ਼ ਵਿਚ ਅਲਬਾਨੀਆ ਦੀ ਐਂਬੈਸੀ ਤੋਂ ਮੈਨੂੰ ਵੀਜ਼ਾ ਮਿਲ ਗਿਆ। ਅਧਿਕਾਰੀਆਂ ਨੇ ਮੈਨੂੰ ਸਖ਼ਤ ਚੇਤਾਵਨੀ ਦਿੱਤੀ ਸੀ ਕਿ ਜੇ ਕੁਝ ਹੋ ਗਿਆ ਤਾਂ ਦੂਜੇ ਦੇਸ਼ਾਂ ਤੋਂ ਕਿਸੇ ਮਦਦ ਦੀ ਆਸ ਨਾ ਰੱਖੀਂ। ਜਦੋਂ ਮੈਂ ਟ੍ਰੈਵਲ ਏਜੰਟ ਕੋਲ ਅਲਬਾਨੀਆ ਲਈ ਟਿਕਟਾਂ ਖ਼ਰੀਦਣ ਲਈ ਪਹੁੰਚੀ, ਤਾਂ ਉਹ ਹੱਕਾ-ਬੱਕਾ ਰਹਿ ਗਿਆ। ਮੈਂ ਬਿਨਾਂ ਡਰੇ ਜਲਦੀ ਹੀ ਐਥਿਨਜ਼ ਤੋਂ ਟਿਰਾਨਾ ਜਾਣ ਵਾਲੇ ਜਹਾਜ਼ ਵਿਚ ਚੜ੍ਹ ਗਈ ਜੋ ਕਿ ਹਫ਼ਤੇ ਵਿਚ ਸਿਰਫ਼ ਇੱਕੋ ਵਾਰ ਜਾਂਦਾ ਸੀ। ਜਹਾਜ਼ ਵਿਚ ਸਿਰਫ਼ ਤਿੰਨ ਬਹੁਤ ਹੀ ਬਜ਼ੁਰਗ ਅਲਬਾਨੀ ਸਨ; ਉਹ ਡਾਕਟਰੀ ਜਾਂਚ ਕਰਵਾ ਕੇ ਵਾਪਸ ਆ ਰਹੇ ਸਨ।

ਜਿਉਂ ਹੀ ਜਹਾਜ਼ ਥੱਲੇ ਉੱਤਰਿਆ, ਤਾਂ ਮੈਨੂੰ ਕਸਟਮ ਵਿਭਾਗ ਵਿਚ ਲਿਜਾਇਆ ਗਿਆ। ਹਾਲਾਂਕਿ ਮੇਰੇ ਪਤੀ ਦੀ ਭੈਣ ਤੇ ਭਰਾ ਯਹੋਵਾਹ ਦੇ ਗਵਾਹ ਨਹੀਂ ਸਨ, ਫਿਰ ਵੀ ਉਹ ਕੁਝ ਭਰਾਵਾਂ ਨਾਲ ਸੰਪਰਕ ਕਰਨ ਵਿਚ ਮੇਰੀ ਮਦਦ ਕਰਨ ਲਈ ਤਿਆਰ ਸਨ। ਕਾਨੂੰਨੀ ਤੌਰ ਤੇ ਉਨ੍ਹਾਂ ਲਈ ਆਪਣੇ ਇਲਾਕੇ ਦੇ ਸਰਕਾਰੀ ਅਧਿਕਾਰੀ ਨੂੰ ਮੇਰੇ ਆਉਣ ਬਾਰੇ ਦੱਸਣਾ ਜ਼ਰੂਰੀ ਸੀ। ਨਤੀਜੇ ਵਜੋਂ, ਪੁਲਸ ਮੇਰੇ ਉੱਤੇ ਸਖ਼ਤ ਨਿਗਾਹ ਰੱਖ ਰਹੀ ਸੀ। ਇਸ ਲਈ ਮੇਰੇ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਕਿ ਜਦੋਂ ਤਕ ਉਹ ਟਿਰਾਨਾ ਵਿਚ ਰਹਿੰਦੇ ਦੋ ਭਰਾਵਾਂ ਨੂੰ ਲੱਭ ਕੇ ਮੇਰੇ ਕੋਲ ਨਹੀਂ ਲੈ ਆਉਂਦੇ, ਉਦੋਂ ਤਕ ਮੈਂ ਉਨ੍ਹਾਂ ਦੇ ਘਰ ਹੀ ਰਹਾਂ।

ਉਸ ਸਮੇਂ ਪੂਰੇ ਅਲਬਾਨੀਆ ਵਿਚ ਨੌਂ ਸਮਰਪਿਤ ਭਰਾਵਾਂ ਦਾ ਪਤਾ ਸੀ। ਕਈ ਸਾਲਾਂ ਦੀ ਪਾਬੰਦੀ, ਸਤਾਹਟ ਅਤੇ ਸਖ਼ਤ ਨਿਗਰਾਨੀ ਨੇ ਉਨ੍ਹਾਂ ਨੂੰ ਕਾਫ਼ੀ ਚੁਕੰਨੇ ਕਰ ਦਿੱਤਾ ਸੀ। ਉਨ੍ਹਾਂ ਦੇ ਚਿਹਰਿਆਂ ਉੱਤੇ ਝੁਰੜੀਆਂ ਪਈਆਂ ਹੋਈਆਂ ਸਨ। ਜਦੋਂ ਉਨ੍ਹਾਂ ਦੋਹਾਂ ਭਰਾਵਾਂ ਨੂੰ ਮੇਰੇ ਉੱਤੇ ਵਿਸ਼ਵਾਸ ਹੋ ਗਿਆ, ਤਾਂ ਉਨ੍ਹਾਂ ਦਾ ਪਹਿਲਾ ਸਵਾਲ ਸੀ: “ਪਹਿਰਾਬੁਰਜ ਕਿੱਥੇ ਹਨ?” ਸਾਲਾਂ ਤੋਂ ਉਨ੍ਹਾਂ ਕੋਲ ਦੋ ਪੁਰਾਣੀਆਂ ਕਿਤਾਬਾਂ ਨੂੰ ਛੱਡ ਹੋਰ ਕੋਈ ਪ੍ਰਕਾਸ਼ਨ ਨਹੀਂ ਸੀ, ਇੱਥੋਂ ਤਕ ਕਿ ਇਕ ਬਾਈਬਲ ਵੀ ਨਹੀਂ ਸੀ।

ਉਨ੍ਹਾਂ ਨੇ ਆਪਣੇ ਉੱਤੇ ਹੋਏ ਅਤਿਆਚਾਰ ਬਾਰੇ ਖੁੱਲ੍ਹ ਕੇ ਦੱਸਿਆ ਜੋ ਸਰਕਾਰ ਨੇ ਉਨ੍ਹਾਂ ਉੱਤੇ ਕੀਤਾ ਸੀ। ਉਨ੍ਹਾਂ ਨੇ ਇਕ ਭਰਾ ਬਾਰੇ ਦੱਸਿਆ ਜਿਸ ਨੇ ਆਉਣ ਵਾਲੀਆਂ ਵੋਟਾਂ ਵਿਚ ਰਾਜਨੀਤਿਕ ਤੌਰ ਤੇ ਕੋਈ ਹਿੱਸਾ ਨਾ ਲੈਣ ਦੀ ਠਾਣੀ ਹੋਈ ਸੀ। ਪਰ ਹਰ ਚੀਜ਼ ਤੇ ਸਰਕਾਰ ਦਾ ਕੰਟ੍ਰੋਲ ਸੀ। ਇਸ ਲਈ ਉਸ ਦੇ ਇਸ ਫ਼ੈਸਲੇ ਦਾ ਮਤਲਬ ਸੀ ਕਿ ਉਸ ਦੇ ਪਰਿਵਾਰ ਨੂੰ ਰਾਸ਼ਨ-ਪਾਣੀ ਮਿਲਣਾ ਬੰਦ ਹੋ ਜਾਂਦਾ। ਉਸ ਦੇ ਵਿਆਹੁਤਾ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਾਂਦਾ, ਹਾਲਾਂਕਿ ਉਨ੍ਹਾਂ ਦਾ ਉਸ ਦੇ ਧਾਰਮਿਕ ਵਿਸ਼ਵਾਸਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਕਿਹਾ ਜਾਂਦਾ ਹੈ ਕਿ ਵੋਟਾਂ ਤੋਂ ਇਕ ਰਾਤ ਪਹਿਲਾਂ ਇਸ ਭਰਾ ਦੇ ਪਰਿਵਾਰ ਦੇ ਮੈਂਬਰਾਂ ਨੇ ਡਰਦੇ ਮਾਰੇ ਉਸ ਨੂੰ ਮਾਰ ਦਿੱਤਾ ਤੇ ਉਸ ਦੀ ਲਾਸ਼ ਨੂੰ ਖੂਹ ਵਿਚ ਸੁੱਟ ਦਿੱਤਾ। ਬਾਅਦ ਵਿਚ ਇਹ ਦਾਅਵਾ ਕੀਤਾ ਗਿਆ ਕਿ ਉਹ ਡਰ ਗਿਆ ਸੀ ਇਸ ਲਈ ਉਸ ਨੇ ਆਤਮ-ਹੱਤਿਆ ਕਰ ਲਈ।

ਉਨ੍ਹਾਂ ਸੰਗੀ ਮਸੀਹੀਆਂ ਦੀ ਗ਼ਰੀਬੀ ਮੇਰੇ ਕੋਲੋਂ ਦੇਖੀ ਨਾ ਗਈ। ਪਰ ਜਦੋਂ ਮੈਂ ਉਨ੍ਹਾਂ ਵਿੱਚੋਂ ਹਰੇਕ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਇਹ ਕਹਿੰਦੇ ਹੋਏ ਨਾਂਹ ਕਰ ਦਿੱਤੀ ਕਿ “ਸਾਨੂੰ ਤਾਂ ਸਿਰਫ਼ ਅਧਿਆਤਮਿਕ ਭੋਜਨ ਚਾਹੀਦਾ ਹੈ।” ਇਹ ਪਿਆਰੇ ਭਰਾ ਕਈ ਦਹਾਕਿਆਂ ਤੋਂ ਤਾਨਾਸ਼ਾਹੀ ਸਰਕਾਰ ਅਧੀਨ ਰਹਿ ਰਹੇ ਸਨ ਜੋ ਜ਼ਿਆਦਾਤਰ ਲੋਕਾਂ ਨੂੰ ਨਾਸਤਿਕ ਬਣਾਉਣ ਵਿਚ ਕਾਮਯਾਬ ਹੋ ਗਈ ਸੀ। ਪਰ ਉਨ੍ਹਾਂ ਭਰਾਵਾਂ ਦੀ ਨਿਹਚਾ ਅਤੇ ਉਨ੍ਹਾਂ ਦੇ ਇਰਾਦੇ ਦੂਜੀਆਂ ਥਾਵਾਂ ਤੇ ਰਹਿੰਦੇ ਗਵਾਹਾਂ ਦੀ ਤਰ੍ਹਾਂ ਹੀ ਮਜ਼ਬੂਤ ਸਨ। ਦੋ ਹਫ਼ਤਿਆਂ ਬਾਅਦ ਮੈਂ ਅਲਬਾਨੀਆ ਤੋਂ ਰਵਾਨਾ ਹੋ ਗਈ। ਉਦੋਂ ਤਕ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਸੀ ਕਿ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਵੀ ਯਹੋਵਾਹ ਆਪਣੇ ਲੋਕਾਂ ਨੂੰ “ਮਹਾਂ-ਸ਼ਕਤੀ” ਦੇ ਸਕਦਾ ਹੈ।

ਮੈਨੂੰ 1989 ਅਤੇ ਫਿਰ 1991 ਵਿਚ ਵੀ ਅਲਬਾਨੀਆ ਜਾਣ ਦਾ ਮੌਕਾ ਮਿਲਿਆ ਸੀ। ਜਿਉਂ ਹੀ ਉਸ ਦੇਸ਼ ਵਿਚ ਬੋਲਣ ਅਤੇ ਧਰਮ ਦੀ ਹੌਲੀ-ਹੌਲੀ ਆਜ਼ਾਦੀ ਮਿਲਣੀ ਸ਼ੁਰੂ ਹੋਈ, ਯਹੋਵਾਹ ਦੇ ਉਪਾਸਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ। ਸਾਲ 1986 ਵਿਚ ਉੱਥੇ ਮੁੱਠੀ ਭਰ ਸਮਰਪਿਤ ਮਸੀਹੀ ਸਨ ਤੇ ਹੁਣ ਉੱਥੇ 2,200 ਨਾਲੋਂ ਜ਼ਿਆਦਾ ਸਰਗਰਮ ਭੈਣ-ਭਰਾ ਹਨ। ਉਨ੍ਹਾਂ ਵਿਚ ਇਕ ਸੀ ਮੇਰੇ ਪਤੀ ਦੀ ਭੈਣ ਮੈਲਪੋ। ਕੌਣ ਇਸ ਗੱਲ ਤੇ ਸ਼ੱਕ ਕਰ ਸਕਦਾ ਹੈ ਕਿ ਉਸ ਵਫ਼ਾਦਾਰ ਗਰੁੱਪ ਉੱਤੇ ਯਹੋਵਾਹ ਦੀ ਬਰਕਤ ਸੀ?

ਯਹੋਵਾਹ ਦੀ ਤਾਕਤ ਨਾਲ ਸੰਤੁਸ਼ਟ ਜ਼ਿੰਦਗੀ

ਪਿੱਛੇ ਮੁੜ ਕੇ ਦੇਖਣ ਤੇ ਮੈਂ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਮੇਰੀ ਤੇ ਜੌਨ ਦੀ ਮਿਹਨਤ ਵਿਅਰਥ ਨਹੀਂ ਗਈ। ਅਸੀਂ ਆਪਣੀ ਜਵਾਨੀ ਦੀ ਤਾਕਤ ਬਹੁਤ ਹੀ ਫ਼ਾਇਦੇਮੰਦ ਕੰਮ ਵਿਚ ਲਾਈ ਹੈ। ਸਾਡੀ ਪੂਰੇ ਸਮੇਂ ਦੀ ਸੇਵਕਾਈ ਹੋਰ ਕਿਸੇ ਵੀ ਕੰਮ ਨਾਲੋਂ ਜ਼ਿਆਦਾ ਫ਼ਾਇਦੇਮੰਦ ਰਹੀ ਹੈ। ਮੈਂ ਉਨ੍ਹਾਂ ਬਹੁਤ ਸਾਰੇ ਪਿਆਰੇ ਭੈਣ-ਭਰਾਵਾਂ ਬਾਰੇ ਸੋਚ ਕੇ ਖ਼ੁਸ਼ ਹੁੰਦੀ ਹਾਂ ਜਿਨ੍ਹਾਂ ਦੀ ਅਸੀਂ ਬਾਈਬਲ ਸੱਚਾਈ ਸਿੱਖਣ ਵਿਚ ਮਦਦ ਕੀਤੀ ਹੈ। ਹੁਣ ਮੈਂ ਬੁਢਾਪੇ ਵਿਚ ਜਵਾਨ ਭੈਣ-ਭਰਾਵਾਂ ਨੂੰ ਦਿਲੋਂ ਕਹਿ ਸਕਦੀ ਹਾਂ ਕਿ ‘ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖੋ।’—ਉਪਦੇਸ਼ਕ ਦੀ ਪੋਥੀ 12:1.

ਇਕਾਸੀ ਸਾਲਾਂ ਦੀ ਉਮਰ ਹੋਣ ਦੇ ਬਾਵਜੂਦ ਵੀ ਮੈਂ ਖ਼ੁਸ਼ ਖ਼ਬਰੀ ਦੀ ਪੂਰੇ ਸਮੇਂ ਦੀ ਪ੍ਰਚਾਰਕ ਵਜੋਂ ਸੇਵਾ ਕਰਦੀ ਹਾਂ। ਮੈਂ ਸਵੇਰ ਨੂੰ ਜਲਦੀ ਉੱਠਦੀ ਹਾਂ ਅਤੇ ਬਸ ਅੱਡਿਆਂ, ਪਾਰਕਿੰਗ ਥਾਵਾਂ, ਸੜਕਾਂ, ਦੁਕਾਨਾਂ ਤੇ ਜਾਂ ਪਾਰਕਾਂ ਵਿਚ ਗਵਾਹੀ ਦਿੰਦੀ ਹਾਂ। ਹੁਣ ਬੁਢਾਪੇ ਦੀਆਂ ਸਮੱਸਿਆਵਾਂ ਕਾਰਨ ਜ਼ਿੰਦਗੀ ਔਖੀ ਹੋ ਗਈ ਹੈ, ਪਰ ਮੇਰੇ ਪਿਆਰੇ ਅਧਿਆਤਮਿਕ ਭੈਣ-ਭਰਾ ਯਾਨੀ ਮੇਰਾ ਵੱਡਾ ਸਾਰਾ ਅਧਿਆਤਮਿਕ ਪਰਿਵਾਰ ਅਤੇ ਮੇਰੀ ਭਾਣਜੀ ਦਾ ਪਰਿਵਾਰ ਮੇਰੇ ਲਈ ਅਸਲੀ ਸਹਾਰਾ ਸਾਬਤ ਹੋਏ ਹਨ। ਸਭ ਤੋਂ ਵਧ ਕੇ ਮੈਂ ਇਹ ਸਿੱਖਿਆ ਹੈ ਕਿ “ਮਹਾਂ-ਸ਼ਕਤੀ ਦਾ ਸੋਮਾ ਕੇਵਲ ਪਰਮੇਸ਼ੁਰ ਹੀ ਹੈ, ਅਸੀਂ ਨਹੀਂ ਹਾਂ।”—2 ਕੁਰਿੰਥੀਆਂ 4:7, ਨਵਾਂ ਅਨੁਵਾਦ।

[ਫੁਟਨੋਟ]

^ ਪੈਰਾ 10 ਈਮਾਨਵੀਲ ਲਿਓਨੂਡਾਕੀਸ ਦੀ ਜੀਵਨੀ ਲਈ 1 ਸਤੰਬਰ 1999 ਦੇ ਪਹਿਰਾਬੁਰਜ ਦੇ ਸਫ਼ੇ 25-9 ਦੇਖੋ।

^ ਪੈਰਾ 11 ਈਮਾਨਵੀਲ ਪਟੈਰਕੀਸ ਦੀ ਜੀਵਨੀ ਲਈ 1 ਨਵੰਬਰ 1996 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 22-7 ਦੇਖੋ।

^ ਪੈਰਾ 31 ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਯਹੋਵਾਹ ਦੇ ਗਵਾਹਾਂ ਦੀ 1992 ਯੀਅਰ ਬੁੱਕ (ਅੰਗ੍ਰੇਜ਼ੀ) ਦੇ ਸਫ਼ੇ 91-2 ਦੇਖੋ।

[ਸਫ਼ੇ 25 ਉੱਤੇ ਤਸਵੀਰ]

ਉੱਪਰ: 1950 ਨੂੰ ਐਥਿਨਜ਼ ਵਿਚ ਬੈਥਲ ਦੇ ਮੈਂਬਰਾਂ ਦੇ ਗਰੁੱਪ ਨਾਲ ਜੌਨ (ਖੱਬੇ ਪਾਸੇ), ਮੈਂ (ਵਿਚਕਾਰ), ਮੇਰੇ ਖੱਬੇ ਪਾਸੇ ਮੇਰਾ ਭਰਾ ਈਮਾਨਵੀਲ ਅਤੇ ਉਸ ਦੇ ਖੱਬੇ ਪਾਸੇ ਸਾਡੇ ਮਾਤਾ ਜੀ

[ਸਫ਼ੇ 25 ਉੱਤੇ ਤਸਵੀਰ]

ਖੱਬੇ: 1956 ਵਿਚ ਨਿਊ ਜਰਸੀ ਦੇ ਤੱਟ ਤੇ ਆਪਣੇ ਬਿਜ਼ਨਿਸ ਦੌਰਾਨ ਮੈਂ ਅਤੇ ਜੌਨ

[ਸਫ਼ੇ 26 ਉੱਤੇ ਤਸਵੀਰ]

ਸਾਲ 1995 ਨੂੰ ਅਲਬਾਨੀਆ ਦੇ ਸ਼ਹਿਰ ਟਿਰਾਨਾ ਵਿਚ ਜ਼ਿਲ੍ਹਾ ਸੰਮੇਲਨ

[ਸਫ਼ੇ 26 ਉੱਤੇ ਤਸਵੀਰ]

ਟਿਰਾਨਾ, ਅਲਬਾਨੀਆ ਵਿਚ ਬੈਥਲ ਕੰਪਲੈਕਸ ਸਾਲ 1996 ਵਿਚ ਪੂਰਾ ਹੋਇਆ।

[ਸਫ਼ੇ 26 ਉੱਤੇ ਤਸਵੀਰ]

ਉੱਪਰ: ਅਲਬਾਨੀ ਭਾਸ਼ਾ ਵਿਚ ਚੋਰੀ-ਛੁਪੇ ਅਨੁਵਾਦ ਕੀਤੇ ਗਏ 1940 ਦੇ ਇਕ “ਪਹਿਰਾਬੁਰਜ” ਵਿੱਚੋਂ ਇਕ ਲੇਖ

[ਸਫ਼ੇ 26 ਉੱਤੇ ਤਸਵੀਰ]

ਆਪਣੀ ਭਾਣਜੀ ਇਵਾਨਜੀਲੀਆ ਓਰਫਨੀਡੀਸ (ਸੱਜੇ) ਅਤੇ ਉਸ ਦੇ ਪਤੀ ਜੌਰਜ ਨਾਲ