ਸਮਾਜਕ ਪੱਖਪਾਤ ਦੀ ਸਮੱਸਿਆ
ਸਮਾਜਕ ਪੱਖਪਾਤ ਦੀ ਸਮੱਸਿਆ
“ਸਾਰੇ ਇਨਸਾਨਾਂ ਨੂੰ ਬਰਾਬਰ ਹੱਕ ਮਿਲਣਾ ਚਾਹੀਦਾ ਹੈ, ਪਰ ਧਰਤੀ ਉੱਤੇ ਕੋਈ ਵੀ ਤਾਕਤ ਇਸ ਨੂੰ ਹਕੀਕਤ ਵਿਚ ਨਹੀਂ ਬਦਲ ਸਕਦੀ।”
ਉੱਨੀਵੀਂ ਸਦੀ ਦੇ ਫਰਾਂਸੀਸੀ ਨਾਵਲਕਾਰ ਓਨੋਰੇ ਡ ਬੌਲਜ਼ੈਕ ਨੇ ਇਸ ਤਰ੍ਹਾਂ ਕਿਹਾ। ਕੀ ਤੁਸੀਂ ਉਸ ਨਾਲ ਸਹਿਮਤ ਹੋ? ਕਈ ਲੋਕਾਂ ਨੂੰ ਸੁਭਾਵਕ ਹੀ ਮਹਿਸੂਸ ਹੁੰਦਾ ਹੈ ਕਿ ਸਮਾਜਕ ਪੱਖਪਾਤ ਠੀਕ ਨਹੀਂ ਹੈ। ਪਰ 21ਵੀਂ ਸਦੀ ਵਿਚ ਮਨੁੱਖੀ ਸਮਾਜ ਅਜੇ ਵੀ ਅਨੇਕ ਸਮਾਜਕ ਵਰਗਾਂ ਵਿਚ ਵੰਡਿਆ ਹੋਇਆ ਹੈ।
ਸਾਲ 1923 ਤੋਂ 1929 ਤਕ ਅਮਰੀਕਾ ਦੇ ਰਹਿ ਚੁੱਕੇ ਰਾਸ਼ਟਰਪਤੀ ਕੈਲਵਨ ਕੂਲਿਜ ਨੇ ਸਮਾਜਕ ਪੱਖਪਾਤ ਦੀ ਸਮੱਸਿਆ ਬਾਰੇ ਆਪਣੀ ਚਿੰਤਾ ਪ੍ਰਗਟਾਉਂਦੇ ਹੋਏ “ਊਚ-ਨੀਚ ਦੇ ਭੇਦ-ਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ” ਦੀ ਗੱਲ ਕਹੀ ਸੀ। ਪਰ ਕੂਲਿਜ ਦੀ ਪ੍ਰਧਾਨਗੀ ਤੋਂ ਕੁਝ 40 ਸਾਲਾਂ ਬਾਅਦ, ਜਾਤੀਆਂ ਦੇ ਆਪਸੀ ਸੰਬੰਧਾਂ ਦਾ ਅਧਿਐਨ ਕਰਨ ਲਈ ਨਿਯੁਕਤ ਕੀਤੇ ਗਏ ਕਰਨਰ ਕਮਿਸ਼ਨ ਨੇ ਇਹ ਡਰ ਪ੍ਰਗਟਾਇਆ ਕਿ ਆਖ਼ਰਕਾਰ ਅਮਰੀਕਾ ਵਿਚ ਦੋ ਵੱਖੋ-ਵੱਖਰੀਆਂ ਬਰਾਦਰੀਆਂ ਬਣ ਜਾਣਗੀਆਂ—“ਇਕ ਕਾਲੇ ਲੋਕਾਂ ਦੀ ਤੇ ਦੂਜੀ ਗੋਰਿਆਂ ਦੀ ਅਤੇ ਇਨ੍ਹਾਂ ਦੇ ਹੱਕ ਬਰਾਬਰ ਨਹੀਂ ਹੋਣਗੇ।” ਕੁਝ ਲੋਕ ਦਾਅਵਾ ਕਰਦੇ ਹਨ ਕਿ ਇਹ ਭਵਿੱਖਬਾਣੀ ਤਾਂ ਪਹਿਲਾਂ ਹੀ ਪੂਰੀ ਹੋ ਰਹੀ ਹੈ ਤੇ ਉਸ ਦੇਸ਼ ਵਿਚ “ਆਰਥਿਕ ਤੇ ਨਸਲੀ ਪੱਖਪਾਤ ਵਧ ਰਿਹਾ ਹੈ।”
ਸਾਰੇ ਇਨਸਾਨਾਂ ਨੂੰ ਬਰਾਬਰ ਹੱਕ ਦੇਣ ਦੇ ਵਿਚਾਰ ਨੂੰ ਹਕੀਕਤ ਵਿਚ ਬਦਲਣਾ ਇੰਨਾ ਮੁਸ਼ਕਲ ਕਿਉਂ ਹੈ? ਇਕ ਮੁੱਖ ਕਾਰਨ ਹੈ ਮਨੁੱਖੀ ਸੁਭਾਅ। ਅਮਰੀਕਾ ਦੇ ਸਾਬਕਾ ਕਾਂਗਰਸ ਮੈਂਬਰ ਵਿਲੀਅਮ ਰੈਨਡੋਲਫ਼ ਹਰਸਟ ਨੇ ਇਕ ਵਾਰ ਕਿਹਾ: “ਸਾਰੇ ਇਨਸਾਨ ਘੱਟੋ-ਘੱਟ ਇਸ ਪੱਖੋਂ ਬਰਾਬਰ ਸ੍ਰਿਸ਼ਟ ਕੀਤੇ ਗਏ ਹਨ ਕਿ ਉਹ ਦੂਜਿਆਂ ਦੇ ਬਰਾਬਰ ਨਹੀਂ ਹੋਣਾ ਚਾਹੁੰਦੇ।” ਉਸ ਦੇ ਕਹਿਣ ਦਾ ਕੀ ਮਤਲਬ ਸੀ? ਸ਼ਾਇਦ 19ਵੀਂ ਸਦੀ ਦੇ ਫ਼ਰਾਂਸੀਸੀ ਨਾਟਕਕਾਰ ਹੈਨਰੀ ਬੈੱਕ ਦੇ ਸ਼ਬਦ ਜ਼ਿਆਦਾ ਸਪੱਸ਼ਟ ਹਨ: “ਇਸ ਵਿਚਾਰ ਨੂੰ ਹਕੀਕਤ ਵਿਚ ਬਦਲਣਾ ਕਿ ਸਾਰੇ ਇਨਸਾਨ ਬਰਾਬਰ ਹਨ ਇਸ ਲਈ ਇੰਨਾ ਮੁਸ਼ਕਲ ਹੈ ਕਿਉਂਕਿ ਅਸੀਂ ਸਿਰਫ਼ ਉੱਚੇ ਵਰਗ ਦੇ ਲੋਕਾਂ ਨਾਲ ਬਰਾਬਰੀ ਚਾਹੁੰਦੇ ਹਾਂ।” ਦੂਜੇ ਸ਼ਬਦਾਂ ਵਿਚ, ਲੋਕ ਸਿਰਫ਼ ਉਨ੍ਹਾਂ ਲੋਕਾਂ ਦੇ ਬਰਾਬਰ ਹੋਣਾ ਚਾਹੁੰਦੇ ਹਨ ਜਿਹੜੇ ਸਮਾਜ ਵਿਚ ਉਨ੍ਹਾਂ ਨਾਲੋਂ ਉੱਪਰ ਹਨ; ਪਰ ਜ਼ਿਆਦਾਤਰ ਲੋਕ ਆਪਣੇ ਅਧਿਕਾਰਾਂ ਤੇ ਸਹੂਲਤਾਂ ਨੂੰ ਘਟਾ ਕੇ ਉਨ੍ਹਾਂ ਲੋਕਾਂ ਦੇ ਬਰਾਬਰ ਨਹੀਂ ਬਣਨਾ ਚਾਹੁੰਦੇ ਜਿਨ੍ਹਾਂ ਨੂੰ ਉਹ ਆਪਣੇ ਤੋਂ ਨੀਵਾਂ ਸਮਝਦੇ ਹਨ।
ਪੁਰਾਣੇ ਜ਼ਮਾਨੇ ਵਿਚ ਲੋਕਾਂ ਨੂੰ ਜਨਮ ਤੋਂ ਹੀ ਆਮ ਜਨਤਾ, ਰਈਸ ਵਰਗ ਜਾਂ ਸ਼ਾਹੀ ਪਰਿਵਾਰ ਦਾ ਹਿੱਸਾ ਸਮਝਿਆ ਜਾਂਦਾ ਸੀ। ਕੁਝ ਥਾਵਾਂ ਤੇ ਅਜੇ ਵੀ ਇਸੇ ਤਰ੍ਹਾਂ ਹੁੰਦਾ ਹੈ। ਪਰ ਅੱਜ ਜ਼ਿਆਦਾਤਰ ਦੇਸ਼ਾਂ ਵਿਚ ਪੈਸਾ ਜ਼ਿਆਦਾ ਹੋਣ ਜਾਂ ਘੱਟ ਹੋਣ ਦੇ ਆਧਾਰ ਤੇ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਕੌਣ ਨੀਵੇਂ ਦਰਜੇ, ਮੱਧ ਦਰਜੇ ਜਾਂ ਉੱਚੇ ਦਰਜੇ ਦਾ ਹੈ। ਜਾਤ, ਵਿੱਦਿਆ ਤੇ ਪੜ੍ਹੇ-ਲਿਖੇ ਹੋਣ ਜਾਂ ਨਾ ਹੋਣ ਦੇ ਆਧਾਰ ਤੇ ਵੀ ਇਹ ਪੱਖਪਾਤ ਕੀਤਾ ਜਾਂਦਾ ਹੈ। ਕੁਝ ਥਾਵਾਂ ਤੇ ਔਰਤ-ਮਰਦ ਵਿਚ ਫ਼ਰਕ ਕੀਤਾ ਜਾਂਦਾ ਹੈ ਅਤੇ ਔਰਤਾਂ ਨੂੰ ਨੀਵਾਂ ਸਮਝਿਆ ਜਾਂਦਾ ਹੈ।
ਉਮੀਦ ਦੀ ਕਿਰਨ?
ਮਨੁੱਖੀ ਅਧਿਕਾਰਾਂ ਸੰਬੰਧੀ ਕਾਨੂੰਨਾਂ ਨੇ ਊਚ-ਨੀਚ ਨੂੰ ਕੁਝ ਹੱਦ ਤਕ ਖ਼ਤਮ ਕਰਨ ਵਿਚ ਮਦਦ ਕੀਤੀ ਹੈ। ਅਮਰੀਕਾ ਵਿਚ ਪੱਖਪਾਤ-ਵਿਰੋਧੀ ਕਾਨੂੰਨ ਪਾਸ ਕੀਤੇ ਗਏ ਸਨ। ਦੱਖਣੀ ਅਫ਼ਰੀਕਾ ਵਿਚ ਨਸਲੀ ਪੱਖਪਾਤ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ। ਭਾਵੇਂ ਕਿ ਅਜੇ ਵੀ ਗ਼ੁਲਾਮਾਂ ਦੀ ਪ੍ਰਥਾ ਚੱਲਦੀ ਹੈ, ਪਰ ਜ਼ਿਆਦਾਤਰ ਦੇਸ਼ਾਂ ਵਿਚ ਇਸ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਕੁਝ ਦੇਸ਼ਾਂ ਦੇ ਅਦਾਲਤੀ ਫ਼ੈਸਲਿਆਂ ਨੇ ਆਦਿਵਾਸੀਆਂ ਨੂੰ ਆਪਣੀ ਜ਼ਮੀਨ ਉੱਤੇ ਹੱਕ ਜਤਾਉਣ ਦਾ ਅਧਿਕਾਰ ਦਿੱਤਾ ਹੈ ਤੇ ਪੱਖਪਾਤ-ਵਿਰੋਧੀ ਕਾਨੂੰਨਾਂ ਨੇ ਵੀ ਕੁਝ ਪੱਛੜੇ ਲੋਕਾਂ ਨੂੰ ਰਾਹਤ ਦਿਵਾਈ ਹੈ।
ਕੀ ਇਸ ਨਾਲ ਸਮਾਜ ਵਿਚ ਜਾਤੀ ਭੇਦ-ਭਾਵ ਦੇ ਖ਼ਾਤਮੇ ਦਾ ਸੰਕੇਤ ਮਿਲਦਾ ਹੈ? ਅਸਲ ਵਿਚ ਨਹੀਂ। ਹਾਲਾਂਕਿ ਕੁਝ ਸਮਾਜਕ ਵਰਗਾਂ ਵਿਚਕਾਰ ਪੱਖਪਾਤ ਹੁਣ ਘੱਟ ਗਿਆ ਹੈ, ਪਰ ਨਵੇਂ ਵਰਗ ਉੱਭਰ ਕੇ ਸਾਮ੍ਹਣੇ ਆਉਣ ਲੱਗ ਪਏ ਹਨ। ਜਾਣਕਾਰੀ ਭਰਪੂਰ ਯੁਗ ਵਿਚ ਵਰਗਾਂ ਦਰਮਿਆਨ ਯੁੱਧ (ਅੰਗ੍ਰੇਜ਼ੀ) ਨਾਮਕ ਕਿਤਾਬ ਕਹਿੰਦੀ ਹੈ: “ਹੁਣ ਪੂੰਜੀਪਤੀਆਂ ਤੇ ਮਜ਼ਦੂਰਾਂ ਦਾ ਵਰਗ ਕਹਿਣਾ ਠੀਕ ਨਹੀਂ ਲੱਗਦਾ ਕਿਉਂਕਿ ਇਨ੍ਹਾਂ ਦੋਵਾਂ ਵਰਗਾਂ ਵਿਚ ਵੀ ਗੁਸੈਲੇ ਲੋਕਾਂ ਨੇ ਹੋਰ ਕਈ ਛੋਟੇ-ਛੋਟੇ ਵਰਗ ਬਣਾ ਲਏ ਹਨ।”
ਕੀ ਸਮਾਜਕ ਪੱਖਪਾਤ ਲੋਕਾਂ ਨੂੰ ਹਮੇਸ਼ਾ ਵੰਡਦਾ ਰਹੇਗਾ? ਪਰ ਜਿਵੇਂ ਅਗਲਾ ਲੇਖ ਦਿਖਾਉਂਦਾ ਹੈ, ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ।