Skip to content

Skip to table of contents

ਉਨ੍ਹਾਂ ਨੇ ਸਰੀਰ ਵਿਚ ਚੁਭਦੇ ਕੰਡੇ ਝੱਲੇ

ਉਨ੍ਹਾਂ ਨੇ ਸਰੀਰ ਵਿਚ ਚੁਭਦੇ ਕੰਡੇ ਝੱਲੇ

ਉਨ੍ਹਾਂ ਨੇ ਸਰੀਰ ਵਿਚ ਚੁਭਦੇ ਕੰਡੇ ਝੱਲੇ

“ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ਤਾਨ ਦਾ ਘੱਲਿਆ ਹੋਇਆ ਭਈ ਉਹ ਮੈਨੂੰ ਹੂਰੇ ਮਾਰੇ।”—2 ਕੁਰਿੰਥੀਆਂ 12:7.

1. ਅੱਜ-ਕੱਲ੍ਹ ਲੋਕ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ?

ਕੀ ਤੁਸੀਂ ਕਾਫ਼ੀ ਸਮੇਂ ਤੋਂ ਕਿਸੇ ਪਰੀਖਿਆ ਦਾ ਸਾਮ੍ਹਣਾ ਕਰਦੇ ਆਏ ਹੋ? ਜੇਕਰ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਇਨ੍ਹਾਂ ‘ਭੈੜੇ ਸਮਿਆਂ’ ਵਿਚ ਵਫ਼ਾਦਾਰ ਮਸੀਹੀ ਸਖ਼ਤ ਵਿਰੋਧਤਾ, ਪਰਿਵਾਰਕ ਮੁਸ਼ਕਲਾਂ, ਬੀਮਾਰੀਆਂ, ਰੁਪਏ-ਪੈਸੇ ਦੀਆਂ ਚਿੰਤਾਵਾਂ, ਜਜ਼ਬਾਤੀ ਪੀੜਾਂ, ਪਿਆਰਿਆਂ ਦੀਆਂ ਮੌਤਾਂ, ਅਤੇ ਹੋਰਨਾਂ ਚੁਣੌਤੀਆਂ ਦਾ ਸਾਮ੍ਹਣਾ ਕਰ ਰਹੇ ਹਨ। (2 ਤਿਮੋਥਿਉਸ 3:1-5) ਕੁਝ ਦੇਸ਼ਾਂ ਵਿਚ ਕਾਲ ਅਤੇ ਲੜਾਈਆਂ ਕਾਰਨ ਬਹੁਤ ਸਾਰਿਆਂ ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਹਨ।

2, 3. ਕੰਡਿਆਂ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ ਕਿਹੜਾ ਉਲਟਾ ਰਵੱਈਆ ਪੈਦਾ ਹੋ ਸਕਦਾ ਹੈ, ਅਤੇ ਇਹ ਖ਼ਤਰਨਾਕ ਕਿਵੇਂ ਸਾਬਤ ਹੋ ਸਕਦਾ ਹੈ?

2 ਇਨ੍ਹਾਂ ਮੁਸ਼ਕਲਾਂ ਕਾਰਨ ਅਸੀਂ ਕੁਚਲੇ ਹੋਏ ਮਹਿਸੂਸ ਕਰ ਸਕਦੇ ਹਾਂ, ਖ਼ਾਸ ਕਰਕੇ ਜਦੋਂ ਮੁਸੀਬਤਾਂ ਇਕੱਠੀਆਂ ਆਉਂਦੀਆਂ ਹਨ। ਧਿਆਨ ਦਿਓ ਕਿ ਕਹਾਉਤਾਂ 24:10 ਕੀ ਕਹਿੰਦਾ ਹੈ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” ਜੀ ਹਾਂ, ਪਰੀਖਿਆਵਾਂ ਕਾਰਨ ਜੇ ਅਸੀਂ ਹੌਸਲਾ ਹਾਰ ਦੇਈਏ ਤਾਂ ਅਸੀਂ ਉਹ ਤਾਕਤ ਗੁਆ ਬੈਠਾਂਗੇ ਜਿਸ ਦੀ ਸਾਨੂੰ ਸਖ਼ਤ ਜ਼ਰੂਰਤ ਹੈ ਅਤੇ ਅਸੀਂ ਅਖ਼ੀਰ ਤਕ ਸਹਿਣ ਦੇ ਆਪਣੇ ਇਰਾਦੇ ਵਿਚ ਢਿੱਲੇ ਪੈ ਜਾਵਾਂਗੇ। ਇਹ ਕਿੱਦਾਂ ਹੋ ਸਕਦਾ ਹੈ?

3 ਜੇ ਅਸੀਂ ਹੌਸਲਾ ਹਾਰ ਦੇਈਏ ਤਾਂ ਯਹੋਵਾਹ ਦੀ ਸੇਵਾ ਵਿਚ ਅਸੀਂ ਆਪਣਾ ਮਕਸਦ ਭੁੱਲ ਸਕਦੇ ਹਾਂ। ਮਿਸਾਲ ਲਈ, ਅਸੀਂ ਆਸਾਨੀ ਨਾਲ ਆਪਣੀਆਂ ਮੁਸ਼ਕਲਾਂ ਨੂੰ ਵਧਾ-ਚੜ੍ਹਾ ਕੇ ਆਪਣੇ ਆਪ ਤੇ ਤਰਸ ਖਾਣ ਲੱਗ ਸਕਦੇ ਹਾਂ। ਕੁਝ ਲੋਕ ਸ਼ਾਇਦ ਪਰਮੇਸ਼ੁਰ ਨੂੰ ਦੁਹਾਈ ਦੇਣ ਕਿ “ਤੂੰ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਣ ਦਿੰਦਾ ਹੈ?” ਜੇਕਰ ਅਜਿਹਾ ਉਲਟਾ ਰਵੱਈਆ ਕਿਸੇ ਦੇ ਦਿਲ ਵਿਚ ਜੜ੍ਹ ਫੜ ਲਵੇ ਤਾਂ ਉਸ ਦੀ ਖ਼ੁਸ਼ੀ ਅਤੇ ਉਸ ਦਾ ਭਰੋਸਾ ਹੌਲੀ-ਹੌਲੀ ਘੱਟ ਸਕਦਾ ਹੈ। ਪਰਮੇਸ਼ੁਰ ਦਾ ਇਕ ਸੇਵਕ ਇੰਨਾ ਨਿਰਾਸ਼ ਹੋ ਸਕਦਾ ਹੈ ਕਿ ਉਹ ਸ਼ਾਇਦ “ਨਿਹਚਾ ਦੀ ਚੰਗੀ ਲੜਾਈ” ਲੜਨ ਤੋਂ ਹਟ ਜਾਵੇ।—1 ਤਿਮੋਥਿਉਸ 6:12.

4, 5. ਕੁਝ ਮਾਮਲਿਆਂ ਵਿਚ, ਸਾਡੀਆਂ ਮੁਸ਼ਕਲਾਂ ਵਿਚ ਸ਼ਤਾਨ ਦਾ ਹੱਥ ਕਿਵੇਂ ਹੈ, ਲੇਕਿਨ ਅਸੀਂ ਕਿਹੜਾ ਭਰੋਸਾ ਰੱਖ ਸਕਦੇ ਹਾਂ?

4 ਸਾਡੀਆਂ ਪਰੀਖਿਆਵਾਂ ਯਹੋਵਾਹ ਪਰਮੇਸ਼ੁਰ ਵੱਲੋਂ ਨਹੀਂ ਆਉਂਦੀਆਂ। (ਯਾਕੂਬ 1:13) ਕੁਝ ਅਜ਼ਮਾਇਸ਼ਾਂ ਸਾਡੇ ਉੱਤੇ ਇਸ ਲਈ ਆਉਂਦੀਆਂ ਹਨ ਕਿਉਂਕਿ ਅਸੀਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਦਰਅਸਲ ਯਹੋਵਾਹ ਦੀ ਸੇਵਾ ਕਰਨ ਵਾਲੇ ਸਾਰੇ ਜਣੇ ਆਪਣੇ ਆਪ ਨੂੰ ਉਸ ਦੇ ਵੈਰੀ, ਸ਼ਤਾਨ ਦੇ ਨਿਸ਼ਾਨੇ ਬਣਾਉਂਦੇ ਹਨ। ਸ਼ਤਾਨ ‘ਇਸ ਜੁੱਗ ਦਾ ਈਸ਼ੁਰ’ ਹੈ ਅਤੇ ਉਹ ਜਾਣਦਾ ਹੈ ਕਿ ਉਸ ਕੋਲ ਬਹੁਤ ਥੋੜ੍ਹਾ ਸਮਾਂ ਰਹਿੰਦਾ ਹੈ। (2 ਕੁਰਿੰਥੀਆਂ 4:4) ਇਸ ਲਈ ਉਹ ਯਹੋਵਾਹ ਨਾਲ ਪ੍ਰੇਮ ਕਰਨ ਵਾਲਿਆਂ ਨੂੰ ਉਸ ਦੀ ਸੇਵਾ ਕਰਨ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਸ਼ਤਾਨ ਸੰਸਾਰ ਭਰ ਵਿਚ ਸਾਡੇ ਸਾਰਿਆਂ ਭਰਾਵਾਂ ਨੂੰ ਜਿੰਨਾ ਸਤਾ ਸਕਦਾ ਹੈ ਸਤਾ ਰਿਹਾ ਹੈ। (1 ਪਤਰਸ 5:9) ਇਹ ਸੱਚ ਹੈ ਕਿ ਸਾਡੀਆਂ ਸਾਰੀਆਂ ਮੁਸ਼ਕਲਾਂ ਸਿੱਧੀਆਂ ਸ਼ਤਾਨ ਵੱਲੋਂ ਨਹੀਂ ਆਉਂਦੀਆਂ, ਪਰ ਉਹ ਸਾਡੀਆਂ ਮੁਸ਼ਕਲਾਂ ਦਾ ਫ਼ਾਇਦਾ ਉਠਾ ਕੇ ਸਾਨੂੰ ਜ਼ਿਆਦਾ ਕਮਜ਼ੋਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਸਕਦਾ ਹੈ।

5 ਅਸੀਂ ਸ਼ਤਾਨ ਨੂੰ ਹਰਾ ਸਕਦੇ ਹਾਂ ਚਾਹੇ ਉਹ ਜਿੰਨਾ ਮਰਜ਼ੀ ਜ਼ੋਰ ਲਾਵੇ ਅਤੇ ਜਿੰਨੇ ਮਰਜ਼ੀ ਤਾਕਤਵਰ ਹਥਿਆਰ ਵਰਤੇ! ਅਸੀਂ ਇਸ ਗੱਲ ਦਾ ਪੱਕਾ ਯਕੀਨ ਕਿਉਂ ਕਰ ਸਕਦੇ ਹਾਂ? ਕਿਉਂਕਿ ਯਹੋਵਾਹ ਪਰਮੇਸ਼ੁਰ ਸਾਡੇ ਲਈ ਲੜਦਾ ਹੈ। ਉਸ ਨੇ ਨਿਸ਼ਚਿਤ ਕੀਤਾ ਹੈ ਕਿ ਉਸ ਦੇ ਸੇਵਕ ਸ਼ਤਾਨ ਦੀਆਂ ਸਭ ਚਾਲਾਂ ਜਾਣਨ। (2 ਕੁਰਿੰਥੀਆਂ 2:11) ਦਰਅਸਲ ਪਰਮੇਸ਼ੁਰ ਦੇ ਬਚਨ ਵਿਚ ਉਨ੍ਹਾਂ ਪਰੀਖਿਆਵਾਂ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ ਜੋ ਸੱਚੇ ਮਸੀਹੀਆਂ ਉੱਤੇ ਆਉਂਦੀਆਂ ਹਨ। ਪੌਲੁਸ ਰਸੂਲ ਦੀਆਂ ਮੁਸੀਬਤਾਂ ਬਾਰੇ ਗੱਲ ਕਰਦੇ ਹੋਏ ਬਾਈਬਲ ਕਹਿੰਦੀ ਹੈ ਕਿ ਉਸ ਦੇ “ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ” ਸੀ। ਇਸ ਤਰ੍ਹਾਂ ਕਿਉਂ ਕਿਹਾ ਗਿਆ ਸੀ? ਆਓ ਆਪਾਂ ਦੇਖੀਏ ਕਿ ਬਾਈਬਲ ਇਸ ਗੱਲ ਨੂੰ ਕਿਵੇਂ ਸਮਝਾਉਂਦੀ ਹੈ। ਫਿਰ ਅਸੀਂ ਦੇਖ ਸਕਾਂਗੇ ਕਿ ਪਰੀਖਿਆਵਾਂ ਝੱਲਣ ਵਿਚ ਅਸੀਂ ਇਕੱਲੇ ਨਹੀਂ ਹਾਂ ਪਰ ਹੋਰਨਾਂ ਨੂੰ ਵੀ ਯਹੋਵਾਹ ਦੀ ਮਦਦ ਦੀ ਲੋੜ ਹੈ।

ਪਰੀਖਿਆਵਾਂ ਕੰਡਿਆਂ ਵਾਂਗ ਕਿਉਂ ਹਨ

6. ਪੌਲੁਸ ਦੇ ਸ਼ਬਦ “ਸਰੀਰ ਵਿੱਚ ਇੱਕ ਕੰਡਾ” ਕਿਸ ਚੀਜ਼ ਨਾਲ ਸੰਬੰਧਿਤ ਹਨ ਅਤੇ ਇਹ ਕੰਡਾ ਕੀ ਹੋ ਸਕਦਾ ਸੀ?

6 ਪੌਲੁਸ ਬੁਰੀ ਤਰ੍ਹਾਂ ਪਰਤਾਇਆ ਗਿਆ ਸੀ। ਇਸ ਲਈ ਪ੍ਰੇਰਣਾ ਅਧੀਨ ਉਸ ਨੇ ਲਿਖਿਆ: “ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ਤਾਨ ਦਾ ਘੱਲਿਆ ਹੋਇਆ ਭਈ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਵਾਂ।” (2 ਕੁਰਿੰਥੀਆਂ 12:7) ਪੌਲੁਸ ਦੇ ਸਰੀਰ ਵਿਚਲਾ ਕੰਡਾ ਕੀ ਸੀ? ਕੰਡਾ ਜੋ ਚਮੜੀ ਹੇਠਾਂ ਐਨ ਚੁਭ ਜਾਂਦਾ ਹੈ ਬਹੁਤ ਹੀ ਦਰਦ ਪਹੁੰਚਾਉਂਦਾ ਹੈ। ਇਸ ਲਈ ਪਰੀਖਿਆਵਾਂ ਦਾ ਸੰਬੰਧ ਕੰਡਿਆਂ ਨਾਲ ਜੋੜਨ ਦਾ ਮਤਲਬ ਇਹ ਸੀ ਕਿ ਪੌਲੁਸ ਨੂੰ ਕਿਸੇ ਚੀਜ਼ ਕਾਰਨ ਬਹੁਤ ਹੀ ਦਰਦ ਹੋ ਰਿਹਾ ਸੀ, ਇਹ ਦਰਦ ਜਜ਼ਬਾਤੀ ਜਾਂ ਸਰੀਰਕ ਹੋ ਸਕਦਾ ਸੀ। ਹੋ ਸਕਦਾ ਹੈ ਕਿ ਪੌਲੁਸ ਨੂੰ ਅੱਖ ਦੀ ਕੋਈ ਬੀਮਾਰੀ ਸੀ ਜਾਂ ਹੋਰ ਕੋਈ ਸਰੀਰਕ ਰੋਗ ਸੀ। ਜਾਂ, ਇਹ ਕੰਡਾ ਸ਼ਾਇਦ ਉਨ੍ਹਾਂ ਲੋਕਾਂ ਨੂੰ ਸੰਕੇਤ ਕਰਦਾ ਹੋਵੇ ਜੋ ਰਸੂਲ ਵਜੋਂ ਪੌਲੁਸ ਦੀ ਯੋਗਤਾ ਬਾਰੇ ਬਹਿਸ ਕਰ ਰਹੇ ਸਨ ਅਤੇ ਉਸ ਦੇ ਪ੍ਰਚਾਰ ਅਤੇ ਸਿੱਖਿਆ ਦੇਣ ਦੇ ਕੰਮ ਦੇ ਫ਼ਾਇਦੇ ਉੱਤੇ ਸ਼ੱਕ ਕਰ ਰਹੇ ਸਨ। (2 ਕੁਰਿੰਥੀਆਂ 10:10-12; 11:5, 6, 13) ਜੋ ਵੀ ਗੱਲ ਸੀ, ਪੌਲੁਸ ਉਸ ਕੰਡੇ ਨੂੰ ਆਪਣੇ ਸਰੀਰ ਵਿੱਚੋਂ ਕੱਢ ਨਹੀਂ ਸਕਿਆ ਜਾਂ ਉਸ ਤੋਂ ਛੁਟਕਾਰਾ ਨਹੀਂ ਪਾ ਸਕਿਆ।

7, 8. (ੳ) ‘ਹੂਰੇ ਮਾਰਨ’ ਦਾ ਮਤਲਬ ਕੀ ਹੈ? (ਅ) ਇਹ ਕਿਉਂ ਇੰਨਾ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਸਾਰਿਆਂ ਕੰਡਿਆਂ ਨੂੰ ਝੱਲੀਏ ਜੋ ਸਾਡੇ ਸਰੀਰ ਵਿਚ ਚੋਭੇ ਜਾਂਦੇ ਹਨ?

7 ਧਿਆਨ ਦਿਓ ਕਿ ਉਹ ਕੰਡਾ ਪੌਲੁਸ ਨੂੰ ਹੂਰੇ ਮਾਰ ਰਿਹਾ ਸੀ। ਜੋ ਯੂਨਾਨੀ ਸ਼ਬਦ ਇੱਥੇ ਹੂਰੇ ਮਾਰਨ ਲਈ ਵਰਤਿਆ ਗਿਆ ਹੈ, ਉਹ ਉਸ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ “ਉਂਗਲ ਦੀਆਂ ਗੰਢਾਂ” ਹੈ। ਇਹ ਸ਼ਬਦ ਮੱਤੀ 26:67 ਵਿਚ ਅਤੇ ਲਾਖਣਿਕ ਤੌਰ ਤੇ 1 ਕੁਰਿੰਥੀਆਂ 4:11 ਵਿਚ ਵਰਤਿਆ ਗਿਆ ਹੈ। ਇਨ੍ਹਾਂ ਆਇਤਾਂ ਵਿਚ ਮੁੱਕੇ ਮਾਰ ਕੇ ਕੁੱਟਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਗੱਲ ਨੂੰ ਮਨ ਵਿਚ ਰੱਖਦੇ ਹੋਏ ਕਿ ਸ਼ਤਾਨ ਯਹੋਵਾਹ ਅਤੇ ਉਸ ਦੇ ਸੇਵਕਾਂ ਨਾਲ ਸਖ਼ਤ ਵੈਰ ਕਰਦਾ ਹੈ, ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਉਹ ਇਹ ਜਾਣ ਕੇ ਖ਼ੁਸ਼ ਹੋਇਆ ਹੋਣਾ ਕਿ ਇਕ ਕੰਡਾ ਪੌਲੁਸ ਨੂੰ ਹੂਰੇ ਮਾਰ ਰਿਹਾ ਜਾਂ ਦੁੱਖ ਦੇ ਰਿਹਾ ਸੀ। ਅੱਜ-ਕੱਲ੍ਹ ਵੀ ਸ਼ਤਾਨ ਬਹੁਤ ਖ਼ੁਸ਼ ਹੁੰਦਾ ਹੈ ਜਦੋਂ ਉਹ ਸਾਨੂੰ ਸਰੀਰ ਵਿਚ ਕਿਸੇ ਕੰਡੇ ਕਾਰਨ ਦੁੱਖ ਝੱਲਦੇ ਹੋਏ ਦੇਖਦਾ ਹੈ।

8 ਇਸ ਲਈ ਪੌਲੁਸ ਵਾਂਗ ਸਾਨੂੰ ਵੀ ਇਹ ਜਾਣਨ ਦੀ ਲੋੜ ਹੈ ਕਿ ਅਸੀਂ ਇਨ੍ਹਾਂ ਕੰਡਿਆਂ ਦਾ ਦੁੱਖ ਕਿਸ ਤਰ੍ਹਾਂ ਝੱਲ ਸਕਦੇ ਹਾਂ। ਇਹ ਜਾਣਨਾ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ! ਯਾਦ ਰੱਖੋ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨਵੇਂ ਸੰਸਾਰ ਵਿਚ ਲੰਬਾ ਜੀਵਨ ਪਾਈਏ, ਜਿੱਥੇ ਕੰਡੇ ਵਰਗੀ ਕੋਈ ਮੁਸ਼ਕਲ ਕਦੇ ਨਹੀਂ ਹੋਵੇਗੀ। ਇਹ ਸ਼ਾਨਦਾਰ ਬਰਕਤ ਪਾਉਣ ਲਈ, ਪਰਮੇਸ਼ੁਰ ਨੇ ਸਾਡੀ ਮਦਦ ਕਰਨ ਲਈ ਆਪਣੇ ਪਵਿੱਤਰ ਸ਼ਬਦ, ਬਾਈਬਲ ਵਿਚ ਅਨੇਕ ਮਿਸਾਲਾਂ ਦਿੱਤੀਆਂ ਹਨ। ਇਨ੍ਹਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਵਫ਼ਾਦਾਰ ਸੇਵਕ ਕੰਡਿਆਂ ਵਰਗੀਆਂ ਮੁਸ਼ਕਲਾਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਿਵੇਂ ਕਰ ਸਕੇ ਹਨ। ਉਹ ਸਾਡੇ ਵਰਗੇ ਆਮ ਅਤੇ ਪਾਪੀ ਇਨਸਾਨ ਸਨ। ਇਨ੍ਹਾਂ “ਗਵਾਹਾਂ ਦੇ ਐਨੇ ਵੱਡੇ ਬੱਦਲ” ਵਿੱਚੋਂ ਕੁਝ ਵਿਅਕਤੀਆਂ ਵੱਲ ਧਿਆਨ ਦੇਣ ਦੁਆਰਾ ਸਾਡੀ ‘ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜਣ’ ਵਿਚ ਮਦਦ ਹੋਵੇਗੀ। (ਇਬਰਾਨੀਆਂ 12:1) ਉਨ੍ਹਾਂ ਪਰੀਖਿਆਵਾਂ ਉੱਤੇ ਮਨਨ ਕਰਨ ਦੁਆਰਾ ਜੋ ਇਨ੍ਹਾਂ ਗਵਾਹਾਂ ਨੇ ਝੱਲੀਆਂ ਸਨ ਸਾਡਾ ਭਰੋਸਾ ਮਜ਼ਬੂਤ ਹੋਵੇਗਾ ਕਿ ਅਸੀਂ ਵੀ ਹਰ ਤਰ੍ਹਾਂ ਦੇ ਕੰਡੇ ਨੂੰ ਝੱਲ ਸਕਦੇ ਹਾਂ ਜੋ ਸ਼ਤਾਨ ਸਾਨੂੰ ਦੁੱਖ ਦੇਣ ਲਈ ਸ਼ਾਇਦ ਵਰਤੇ।

ਕੰਡੇ ਜੋ ਮਫ਼ੀਬੋਸ਼ਥ ਦੇ ਚੁਭੇ ਸਨ

9, 10. (ੳ) ਮਫ਼ੀਬੋਸ਼ਥ ਦੇ ਸਰੀਰ ਵਿਚ ਕੰਡਾ ਕਿਵੇਂ ਚੁਭਿਆ ਸੀ? (ਅ) ਰਾਜਾ ਦਾਊਦ ਨੇ ਮਫ਼ੀਬੋਸ਼ਥ ਨੂੰ ਦਇਆ ਕਿਸ ਤਰ੍ਹਾਂ ਦਿਖਾਈ ਸੀ, ਅਤੇ ਅਸੀਂ ਦਾਊਦ ਦੀ ਰੀਸ ਕਿਵੇਂ ਕਰ ਸਕਦੇ ਹਾਂ?

9 ਦਾਊਦ ਦੇ ਦੋਸਤ ਯੋਨਾਥਾਨ ਦੇ ਪੁੱਤਰ ਮਫ਼ੀਬੋਸ਼ਥ ਵੱਲ ਧਿਆਨ ਦਿਓ। ਜਦ ਮਫ਼ੀਬੋਸ਼ਥ ਪੰਜਾਂ ਸਾਲਾਂ ਦਾ ਸੀ, ਤਦ ਖ਼ਬਰ ਮਿਲੀ ਕਿ ਉਸ ਦੇ ਪਿਤਾ ਯੋਨਾਥਾਨ, ਅਤੇ ਉਸ ਦੇ ਦਾਦੇ, ਰਾਜਾ ਸ਼ਾਊਲ ਨੂੰ ਮਾਰਿਆ ਗਿਆ ਸੀ। ਮੁੰਡੇ ਦੀ ਦਾਈ ਘਬਰਾ ਗਈ। ਦਾਈ “ਉਹ ਨੂੰ ਲੈ ਕੇ ਭੱਜ ਨਿੱਕਲੀ . . . ਅਤੇ ਭੱਜਣ ਦੇ ਵੇਲੇ ਉਸ ਨੇ ਕਾਹਲੀ ਕੀਤੀ ਤਾਂ ਅਜਿਹਾ ਹੋਇਆ ਜੋ ਉਹ ਡਿੱਗ ਪਿਆ ਅਤੇ ਲੰਙਾ ਹੋ ਗਿਆ।” (2 ਸਮੂਏਲ 4:4) ਜਿੱਦਾਂ-ਜਿੱਦਾਂ ਮਫ਼ੀਬੋਸ਼ਥ ਵੱਡਾ ਹੁੰਦਾ ਗਿਆ ਇਸ ਸਰੀਰਕ ਕਮਜ਼ੋਰੀ ਨੇ ਉਸ ਨੂੰ ਇਕ ਕੰਡੇ ਵਾਂਗ ਬਹੁਤ ਹੀ ਦੁੱਖ ਦਿੱਤਾ ਹੋਣਾ।

10 ਕੁਝ ਸਾਲ ਬਾਅਦ ਰਾਜਾ ਦਾਊਦ ਨੇ ਯੋਨਾਥਾਨ ਪ੍ਰਤੀ ਆਪਣੇ ਪਿਆਰ ਖ਼ਾਤਰ, ਮਫ਼ੀਬੋਸ਼ਥ ਨੂੰ ਦਇਆ ਦਿਖਾਈ। ਦਾਊਦ ਨੇ ਉਸ ਨੂੰ ਸ਼ਾਊਲ ਦੀ ਸਾਰੀ ਜਾਇਦਾਦ ਦੇ ਦਿੱਤੀ ਅਤੇ ਸ਼ਾਊਲ ਦੇ ਨੌਕਰ ਸੀਬਾ ਨੂੰ ਮਫ਼ੀਬੋਸ਼ਥ ਦੀ ਜ਼ਮੀਨ ਵਹਾਉਣ ਦਾ ਕੰਮ ਸੌਂਪਿਆ। ਇਸ ਦੇ ਨਾਲ-ਨਾਲ ਦਾਊਦ ਨੇ ਮਫ਼ੀਬੋਸ਼ਥ ਨੂੰ ਕਿਹਾ: “ਤੂੰ ਮੇਰੇ ਲੰਗਰ ਵਿੱਚੋਂ ਸਦਾ ਰੋਟੀ ਖਾਵੇਂਗਾ।” (2 ਸਮੂਏਲ 9:6-10) ਇਸ ਵਿਚ ਕੋਈ ਸ਼ੱਕ ਨਹੀਂ ਕਿ ਦਾਊਦ ਦੀ ਦਇਆ ਕਾਰਨ ਮਫ਼ੀਬੋਸ਼ਥ ਨੂੰ ਦਿਲਾਸਾ ਮਿਲਿਆ ਹੋਵੇਗਾ ਅਤੇ ਉਸ ਦੀ ਸਰੀਰਕ ਕਮਜ਼ੋਰੀ ਦਾ ਅਹਿਸਾਸ ਕੁਝ ਹੱਦ ਤਕ ਘੱਟ ਗਿਆ ਹੋਵੇਗਾ। ਸਾਡੇ ਲਈ ਕਿੰਨੀ ਵਧੀਆ ਉਦਾਹਰਣ! ਸਾਨੂੰ ਵੀ ਉਨ੍ਹਾਂ ਨੂੰ ਦਇਆ ਦਿਖਾਉਣੀ ਚਾਹੀਦੀ ਹੈ ਜੋ ਕੰਡਿਆਂ ਵਰਗੀਆਂ ਮੁਸ਼ਕਲਾਂ ਕਾਰਨ ਦੁੱਖ ਝੱਲ ਰਹੇ ਹਨ।

11. ਸੀਬਾ ਨੇ ਮਫ਼ੀਬੋਸ਼ਥ ਬਾਰੇ ਕੀ ਕਿਹਾ ਸੀ, ਪਰ ਸਾਨੂੰ ਕਿਵੇਂ ਪਤਾ ਹੈ ਕਿ ਇਹ ਗੱਲ ਝੂਠੀ ਸੀ? (ਫੁਟਨੋਟ ਦੇਖੋ।)

11 ਬਾਅਦ ਵਿਚ ਮਫ਼ੀਬੋਸ਼ਥ ਦੇ ਸਰੀਰ ਵਿਚ ਇਕ ਹੋਰ ਕੰਡਾ ਚੋਭਿਆ ਗਿਆ। ਰਾਜਾ ਦਾਊਦ ਆਪਣੇ ਪੁੱਤਰ ਅਬਸ਼ਾਲੋਮ ਦੀ ਬਗਾਵਤ ਕਾਰਨ ਯਰੂਸ਼ਲਮ ਤੋਂ ਭੱਜ ਰਿਹਾ ਸੀ ਜਦ ਮਫ਼ੀਬੋਸ਼ਥ ਦੇ ਨੌਕਰ ਸੀਬਾ ਨੇ ਰਾਜੇ ਕੋਲ ਜਾ ਕੇ ਮਫ਼ੀਬੋਸ਼ਥ ਦੀ ਭੰਡੀ ਕੀਤੀ। ਸੀਬਾ ਨੇ ਰਾਜੇ ਨੂੰ ਕਿਹਾ ਕਿ ਮਫ਼ੀਬੋਸ਼ਥ ਬੇਵਫ਼ਾ ਸੀ ਅਤੇ ਉਹ ਯਰੂਸ਼ਲਮ ਵਿਚ ਜਾਣ-ਬੁੱਝ ਕੇ ਰਿਹਾ ਸੀ ਕਿਉਂਕਿ ਉਹ ਰਾਜ-ਗੱਦੀ ਹੜੱਪਣਾ ਚਾਹੁੰਦਾ ਸੀ। * ਦਾਊਦ ਨੇ ਉਸ ਝੂਠੇ ਸੀਬਾ ਦੀ ਗੱਲ ਮੰਨ ਲਈ ਅਤੇ ਮਫ਼ੀਬੋਸ਼ਥ ਦੀ ਸਾਰੀ ਜਾਇਦਾਦ ਉਸ ਨੂੰ ਦੇ ਦਿੱਤੀ!—2 ਸਮੂਏਲ 16:1-4.

12. ਮਫ਼ੀਬੋਸ਼ਥ ਨੇ ਆਪਣੀ ਸਥਿਤੀ ਦਾ ਕਿਸ ਤਰ੍ਹਾਂ ਸਾਮ੍ਹਣਾ ਕੀਤਾ ਸੀ, ਅਤੇ ਉਸ ਨੇ ਸਾਡੇ ਲਈ ਇਕ ਵਧੀਆ ਮਿਸਾਲ ਕਿਵੇਂ ਕਾਇਮ ਕੀਤੀ ਸੀ?

12 ਜਦ ਮਫ਼ੀਬੋਸ਼ਥ ਦਾਊਦ ਨੂੰ ਮਿਲਿਆ ਤਾਂ ਉਸ ਨੇ ਰਾਜੇ ਨੂੰ ਦੱਸਿਆ ਕਿ ਸੱਚ-ਮੁੱਚ ਕੀ ਹੋਇਆ ਸੀ। ਮਫ਼ੀਬੋਸ਼ਥ ਦਾਊਦ ਕੋਲ ਜਾਣ ਲਈ ਤਿਆਰ ਹੋ ਰਿਹਾ ਸੀ ਜਦ ਸੀਬਾ ਨੇ ਮਫ਼ੀਬੋਸ਼ਥ ਨੂੰ ਧੋਖਾ ਦੇ ਕੇ ਮਨਾ ਲਿਆ ਕਿ ਮੈਂ ਤੇਰੀ ਥਾਂ ਜਾਣ ਲਈ ਤਿਆਰ ਹਾਂ। ਕੀ ਦਾਊਦ ਨੇ ਮਫ਼ੀਬੋਸ਼ਥ ਨੂੰ ਇਨਸਾਫ਼ ਦਿਲਾਉਣ ਲਈ ਕੁਝ ਕੀਤਾ ਸੀ? ਕੁਝ ਹੱਦ ਤਕ, ਹਾਂ। ਉਸ ਨੇ ਦੋਨਾਂ ਆਦਮੀਆਂ ਵਿਚਕਾਰ ਜਾਇਦਾਦ ਵੰਡ ਦਿੱਤੀ। ਹੋ ਸਕਦਾ ਹੈ ਕਿ ਇਹ ਮਫ਼ੀਬੋਸ਼ਥ ਦੇ ਸਰੀਰ ਵਿਚ ਇਕ ਹੋਰ ਕੰਡਾ ਸੀ। ਕੀ ਮਫ਼ੀਬੋਸ਼ਥ ਬਹੁਤ ਹੀ ਨਾਰਾਜ਼ ਹੋਇਆ ਸੀ? ਕੀ ਉਸ ਨੇ ਦਾਊਦ ਦੇ ਫ਼ੈਸਲੇ ਖ਼ਿਲਾਫ਼ ਵਿਰੋਧ ਕੀਤਾ ਸੀ, ਇਹ ਕਹਿੰਦੇ ਹੋਏ ਕਿ ਉਸ ਨਾਲ ਬੇਇਨਸਾਫ਼ੀ ਕੀਤੀ ਗਈ ਸੀ? ਨਹੀਂ, ਉਸ ਨੇ ਰਾਜ਼ੀ-ਖ਼ੁਸ਼ੀ ਰਾਜੇ ਦੀ ਗੱਲ ਮੰਨ ਲਈ। ਉਸ ਨੇ ਚੰਗੀਆਂ ਗੱਲਾਂ ਵੱਲ ਧਿਆਨ ਦਿੱਤਾ ਅਤੇ ਖ਼ੁਸ਼ੀ ਮਨਾਈ ਕਿ ਇਸਰਾਏਲ ਦਾ ਸੱਚਾ ਰਾਜਾ ਸਹੀ-ਸਲਾਮਤ ਘਰ ਵਾਪਸ ਆ ਗਿਆ ਸੀ। ਮਫ਼ੀਬੋਸ਼ਥ ਨੇ ਆਪਣੀ ਸਰੀਰਕ ਕਮਜ਼ੋਰੀ, ਬਦਨਾਮੀ, ਅਤੇ ਨਿਰਾਸ਼ਾ ਦਾ ਸਾਮ੍ਹਣਾ ਕਰਦੇ ਹੋਏ ਸੱਚ-ਮੁੱਚ ਇਕ ਬਹੁਤ ਹੀ ਵਧੀਆ ਮਿਸਾਲ ਕਾਇਮ ਕੀਤੀ ਸੀ।—2 ਸਮੂਏਲ 19:24-30.

ਨਹਮਯਾਹ ਨੇ ਮੁਸੀਬਤਾਂ ਦਾ ਸਾਮ੍ਹਣਾ ਕੀਤਾ

13, 14. ਨਹਮਯਾਹ ਨੂੰ ਕਿਹੜੇ ਕੰਡੇ ਸਹਾਰਨੇ ਪਏ ਸਨ ਜਦ ਉਹ ਯਰੂਸ਼ਲਮ ਦੀਆਂ ਕੰਧਾਂ ਦੁਬਾਰਾ ਉਸਾਰਨ ਲਈ ਆਇਆ ਸੀ?

13 ਉਸ ਦੁੱਖ ਬਾਰੇ ਸੋਚੋ ਜੋ ਨਹਮਯਾਹ ਨੇ ਸਹਾਰਿਆ ਜਦ ਉਹ ਪੰਜਵੀਂ ਸੱਦੀ ਸਾ.ਯੁ.ਪੂ. ਵਿਚ ਯਰੂਸ਼ਲਮ ਸ਼ਹਿਰ ਨੂੰ ਵਾਪਸ ਆਇਆ ਅਤੇ ਉਸ ਦੀਆਂ ਕੰਧਾਂ ਹਾਲੇ ਵੀ ਢਹੀਆਂ ਹੋਈਆਂ ਸਨ। ਉਸ ਨੇ ਸ਼ਹਿਰ ਨੂੰ ਤਕਰੀਬਨ ਅਸੁਰੱਖਿਅਤ ਹਾਲਤ ਵਿਚ ਦੇਖਿਆ, ਅਤੇ ਵਾਪਸ ਆਏ ਯਹੂਦੀ ਲੋਕ ਕੰਮ ਕਰਨ ਲਈ ਬਿਲਕੁਲ ਤਿਆਰ ਨਹੀਂ ਸਨ। ਉਹ ਹਿੰਮਤ ਹਾਰ ਚੁੱਕੇ ਸਨ ਅਤੇ ਯਹੋਵਾਹ ਦੀ ਨਜ਼ਰ ਵਿਚ ਅਸ਼ੁੱਧ ਸਨ। ਭਾਵੇਂ ਕਿ ਰਾਜਾ ਅਰਤਹਸ਼ਸ਼ਤਾ ਨੇ ਯਰੂਸ਼ਲਮ ਦੀਆਂ ਕੰਧਾਂ ਦੁਬਾਰਾ ਉਸਾਰਨ ਦੀ ਆਗਿਆ ਦਿੱਤੀ ਸੀ, ਨਹਮਯਾਹ ਨੂੰ ਬਹੁਤ ਜਲਦੀ ਪਤਾ ਲੱਗਾ ਕਿ ਲਾਗਲੇ ਦੇਸ਼ਾਂ ਦੇ ਹਾਕਮ ਇਸ ਕੰਮ ਦੇ ਬਿਲਕੁਲ ਖ਼ਿਲਾਫ਼ ਸਨ। “ਉਨ੍ਹਾਂ ਨੇ ਬਹੁਤ ਬੁਰਾ ਮਨਾਇਆ ਕਿ ਇੱਕ ਆਦਮੀ ਇਸਰਾਏਲੀਆਂ ਦੀ ਭਲਿਆਈ ਦਾ ਚਾਹਵੰਦ ਆਇਆ ਹੈ।”—ਨਹਮਯਾਹ 2:10.

14 ਵਿਦੇਸ਼ੀ ਵਿਰੋਧੀਆਂ ਨੇ ਨਹਮਯਾਹ ਦਾ ਕੰਮ ਰੋਕਣ ਲਈ ਜੋ ਵੀ ਉਨ੍ਹਾਂ ਦੇ ਵੱਸ ਵਿਚ ਸੀ ਉਨ੍ਹਾਂ ਨੇ ਕੀਤਾ। ਉਨ੍ਹਾਂ ਦੀਆਂ ਧਮਕੀਆਂ, ਝੂਠੀਆਂ ਗੱਲਾਂ, ਤੁਹਮਤਾਂ, ਡਰਾਵੇ, ਅਤੇ ਨਹਮਯਾਹ ਨੂੰ ਨਿਰਾਸ਼ ਕਰਨ ਲਈ ਭੇਜੇ ਗਏ ਜਾਸੂਸ, ਕੰਡਿਆਂ ਵਾਂਗ ਉਸ ਦੇ ਸਰੀਰ ਵਿਚ ਲਗਾਤਾਰ ਚੁਭੇ ਹੋਣੇ। ਕੀ ਉਸ ਨੇ ਉਨ੍ਹਾਂ ਦੁਸ਼ਮਣਾਂ ਦੇ ਸਾਮ੍ਹਣੇ ਹਾਰ ਮੰਨੀ ਸੀ? ਬਿਲਕੁਲ ਨਹੀਂ! ਉਸ ਨੇ ਪਰਮੇਸ਼ੁਰ ਵਿਚ ਆਪਣਾ ਪੂਰਾ ਭਰੋਸਾ ਰੱਖਿਆ ਅਤੇ ਹਿੰਮਤ ਨਹੀਂ ਹਾਰੀ। ਇਸ ਤਰ੍ਹਾਂ ਜਦੋਂ ਯਰੂਸ਼ਲਮ ਦੀਆਂ ਕੰਧਾਂ ਦੁਬਾਰਾ ਉਸਾਰੀਆਂ ਗਈਆਂ ਸਨ, ਉਨ੍ਹਾਂ ਨੇ ਨਹਮਯਾਹ ਉੱਤੇ ਯਹੋਵਾਹ ਦੇ ਪਿਆਰ-ਭਰੇ ਸਹਾਰੇ ਦਾ ਸਬੂਤ ਦਿੱਤਾ।—ਨਹਮਯਾਹ 4:1-12; 6:1-19.

15. ਯਹੂਦੀਆਂ ਵਿਚਕਾਰ ਕਿਨ੍ਹਾਂ ਮੁਸ਼ਕਲਾਂ ਨੇ ਨਹਮਯਾਹ ਨੂੰ ਦੁੱਖ ਦਿੱਤਾ ਸੀ?

15 ਸੂਬੇਦਾਰ ਵਜੋਂ ਨਹਮਯਾਹ ਨੂੰ ਪਰਮੇਸ਼ੁਰ ਦਿਆਂ ਲੋਕਾਂ ਵਿਚਕਾਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ। ਇਨ੍ਹਾਂ ਮੁਸ਼ਕਲਾਂ ਨੇ ਕੰਡਿਆਂ ਵਾਂਗ ਉਸ ਨੂੰ ਬਹੁਤ ਹੀ ਦੁੱਖ ਦਿੱਤਾ ਕਿਉਂਕਿ ਇਨ੍ਹਾਂ ਕਾਰਨ ਯਹੋਵਾਹ ਨਾਲ ਲੋਕਾਂ ਦੇ ਰਿਸ਼ਤੇ ਵਿਚ ਫੁੱਟ ਪੈ ਗਈ ਸੀ। ਅਮੀਰ ਲੋਕ ਬਹੁਤ ਹੀ ਜ਼ਿਆਦਾ ਵਿਆਜ ਲੈਂਦੇ ਸਨ, ਅਤੇ ਉਨ੍ਹਾਂ ਦੇ ਗ਼ਰੀਬ ਭਰਾਵਾਂ ਨੂੰ ਕਰਜ਼ਾ ਭਰਨ ਲਈ ਅਤੇ ਫ਼ਾਰਸੀ ਟੈਕਸ ਦੇਣ ਲਈ ਸਿਰਫ਼ ਆਪਣੀ ਜ਼ਮੀਨ ਹੀ ਨਹੀਂ ਛੱਡਣੀ ਪਈ ਪਰ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਗ਼ੁਲਾਮੀ ਵਿਚ ਵੀ ਵੇਚਣਾ ਪਿਆ ਸੀ। (ਨਹਮਯਾਹ 5:1-10) ਕਈ ਯਹੂਦੀ ਸਬਤ ਦਾ ਨਿਯਮ ਤੋੜ ਰਹੇ ਸਨ ਅਤੇ ਲੇਵੀਆਂ ਤੇ ਹੈਕਲ ਨੂੰ ਸਹਾਰਾ ਨਹੀਂ ਦੇ ਰਹੇ ਸਨ। ਇਸ ਦੇ ਨਾਲ-ਨਾਲ ਕੁਝ ਬੰਦਿਆਂ ਨੇ “ਅਸ਼ਦੋਦੀ ਅਰ ਅੰਮੋਨੀ ਅਤੇ ਮੋਆਬੀ ਤੀਵੀਆਂ” ਨਾਲ ਵਿਆਹ ਵੀ ਕਰਵਾਇਆ ਸੀ। ਇਸ ਕਾਰਨ ਨਹਮਯਾਹ ਨੂੰ ਬਹੁਤ ਹੀ ਦੁੱਖ ਲੱਗਾ ਸੀ! ਪਰ ਇਨ੍ਹਾਂ ਕੰਡਿਆਂ ਕਾਰਨ ਉਸ ਨੇ ਹਾਰ ਨਹੀਂ ਮੰਨੀ। ਵਾਰ-ਵਾਰ ਉਸ ਨੇ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹੋਏ ਜੋਸ਼ ਨਾਲ ਪਰਮੇਸ਼ੁਰ ਦੇ ਧਰਮੀ ਨਿਯਮਾਂ ਦੀ ਪਾਲਣਾ ਕੀਤੀ। ਆਓ ਆਪਾਂ ਵੀ ਨਹਮਯਾਹ ਵਾਂਗ ਬੇਵਫ਼ਾ ਲੋਕਾਂ ਦੇ ਚਾਲ-ਚੱਲਣ ਕਾਰਨ ਯਹੋਵਾਹ ਦੀ ਪਵਿੱਤਰ ਸੇਵਾ ਕਰਨ ਤੋਂ ਕਦੀ ਨਾ ਹਟੀਏ।—ਨਹਮਯਾਹ 13:10-13, 23-27.

ਮੁਸ਼ਕਲਾਂ ਸਹਾਰਨ ਵਾਲੇ ਹੋਰ ਵਫ਼ਾਦਾਰ ਸੇਵਕ

16-18. ਇਸਹਾਕ ਅਤੇ ਰਿਬਕਾਹ, ਹੰਨਾਹ, ਦਾਊਦ, ਅਤੇ ਹੋਸ਼ੇਆ ਦੇ ਪਰਿਵਾਰਾਂ ਉੱਤੇ ਦੁੱਖ ਕਿਵੇਂ ਟੁੱਟ ਪਏ ਸਨ?

16 ਬਾਈਬਲ ਵਿਚ ਉਨ੍ਹਾਂ ਲੋਕਾਂ ਦੇ ਹੋਰ ਵੀ ਕਈ ਉਦਾਹਰਣ ਹਨ ਜਿਨ੍ਹਾਂ ਨੇ ਕੰਡਿਆਂ ਵਰਗੇ ਦੁੱਖ ਦੇਣ ਵਾਲੇ ਹਾਲਾਤਾਂ ਦਾ ਸਾਮ੍ਹਣਾ ਕੀਤਾ ਸੀ। ਕਈਆਂ ਨੂੰ ਪਰਿਵਾਰਕ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ। ਏਸਾਓ ਦੀਆਂ ਦੋ ਪਤਨੀਆਂ ਕਾਰਨ ਉਸ ਦੇ ਮਾਪਿਆਂ, ‘ਇਸਹਾਕ ਅਤੇ ਰਿਬਕਾਹ ਦਾ ਜੀਵਨ ਬਹੁਤ ਦੁੱਖੀ ਰਿਹਾ।’ ਰਿਬਕਾਹ ਨੇ ਇਹ ਵੀ ਕਿਹਾ ਕਿ ਉਹ ਉਨ੍ਹਾਂ ਤੀਵੀਆਂ ਕਰਕੇ ਜੀ ਵਿਚ ਅੱਕ ਗਈ ਸੀ। (ਉਤਪਤ 26:34, 35; 27:46, ਪਵਿੱਤਰ ਬਾਈਬਲ ਨਵਾਂ ਅਨੁਵਾਦ) ਹੰਨਾਹ ਬਾਰੇ ਵੀ ਸੋਚੋ, ਉਸ ਦੇ ਬਾਂਝ ਹੋਣ ਦੇ ਕਾਰਨ ਉਸ ਦੀ ਸੌਂਕਣ ਪਨਿੰਨਾਹ ਉਸ ਨੂੰ ‘ਬਹੁਤ ਅਕਾਉਂਦੀ’ ਹੁੰਦੀ ਸੀ। ਹੋ ਸਕਦਾ ਹੈ ਕਿ ਹੰਨਾਹ ਨੂੰ ਘਰ ਵਿਚ ਇਸ ਤਰ੍ਹਾਂ ਦਾ ਮਜ਼ਾਕ ਲਗਾਤਾਰ ਸਹਾਰਨਾ ਪਿਆ ਹੋਵੇ। ਇਸ ਤੋਂ ਵੀ ਵੱਧ, ਜਦੋਂ ਪਰਿਵਾਰ ਤਿਉਹਾਰ ਲਈ ਸ਼ੀਲੋਹ ਨੂੰ ਜਾਂਦਾ ਸੀ ਤਾਂ ਪਨਿੰਨਾਹ ਦੂਸਰਿਆਂ ਦੇ ਸਾਮ੍ਹਣੇ, ਯਾਨੀ ਰਿਸ਼ਤੇਦਾਰਾਂ ਅਤੇ ਦੋਸਤ-ਮਿੱਤਰਾਂ ਸਾਮ੍ਹਣੇ ਹੰਨਾਹ ਦਾ ਮਖੌਲ ਉਡਾਉਂਦੀ ਹੁੰਦੀ ਸੀ। ਹੰਨਾਹ ਲਈ ਇਹ ਇਵੇਂ ਸੀ ਜਿਵੇਂ ਉਸ ਦੇ ਸਰੀਰ ਵਿਚ ਕੰਡਾ ਹੋਰ ਵੀ ਗਹਿਰੀ ਤਰ੍ਹਾਂ ਚੋਭਿਆ ਜਾ ਰਿਹਾ ਸੀ।—1 ਸਮੂਏਲ 1:4-7.

17 ਉਸ ਮੁਸ਼ਕਲ ਸਥਿਤੀ ਵੱਲ ਧਿਆਨ ਦਿਓ ਜੋ ਦਾਊਦ ਨੇ ਆਪਣੇ ਸਹੁਰੇ ਰਾਜਾ ਸ਼ਾਊਲ ਦੀ ਬੇਹੱਦ ਜਲਣ ਕਾਰਨ ਸਹਾਰੀ ਸੀ। ਆਪਣੀ ਜਾਨ ਬਚਾਉਣ ਲਈ ਦਾਊਦ ਨੂੰ ਮਜਬੂਰ ਹੋ ਕੇ ਏਨ-ਗਦੀ ਦੀ ਉਜਾੜ ਵਿਚ ਗੁਫ਼ਾਵਾਂ ਵਿਚ ਰਹਿਣਾ ਪਿਆ ਸੀ, ਜਿੱਥੇ ਉਸ ਨੂੰ ਚੜ੍ਹਾਈ ਵਾਲੇ ਖ਼ਤਰਨਾਕ ਪਹਾੜੀ ਰਸਤਿਆਂ ਦਾ ਸਫ਼ਰ ਕਰਨਾ ਪਿਆ। ਦਾਊਦ ਨੇ ਸ਼ਾਊਲ ਨਾਲ ਕੋਈ ਬੁਰਾ ਸਲੂਕ ਨਹੀਂ ਕੀਤਾ ਸੀ ਇਸ ਲਈ ਇਸ ਬੇਇਨਸਾਫ਼ੀ ਕਰਕੇ ਦਾਊਦ ਨੂੰ ਬਹੁਤ ਦੁੱਖ ਲੱਗਾ ਹੋਣਾ। ਫਿਰ ਵੀ, ਕਈਆਂ ਸਾਲਾਂ ਲਈ ਦਾਊਦ ਨੂੰ ਸ਼ਾਊਲ ਦੀ ਈਰਖਾ ਕਾਰਨ ਉਸ ਤੋਂ ਭੱਜਦੇ ਰਹਿਣਾ ਪਿਆ।—1 ਸਮੂਏਲ 24:14, 15; ਕਹਾਉਤਾਂ 27:4.

18 ਜ਼ਰਾ ਕਲਪਨਾ ਕਰੋ ਕਿ ਹੋਸ਼ੇਆ ਨੂੰ ਆਪਣੇ ਪਰਿਵਾਰ ਵਿਚ ਕਿੰਨਾ ਕੁ ਦੁੱਖ ਸਹਾਰਨਾ ਪਿਆ ਸੀ। ਉਸ ਦੀ ਪਤਨੀ ਬਦਚਲਣ ਤੀਵੀਂ ਬਣ ਗਈ ਸੀ। ਉਸ ਦਾ ਅਨੈਤਿਕ ਚਾਲ-ਚੱਲਣ ਹੋਸ਼ੇਆ ਦੇ ਦਿਲ ਵਿਚ ਕੰਡਿਆਂ ਵਾਂਗ ਚੁਭਿਆ ਹੋਣਾ। ਇਸ ਤੋਂ ਵੱਧ ਹੋਸ਼ੇਆ ਨੂੰ ਕਿੰਨਾ ਦੁੱਖ ਲੱਗਾ ਹੋਣਾ ਜਦ ਉਸ ਦੀ ਤੀਵੀਂ ਦੇ ਪਾਪ ਤੋਂ ਦੋ ਨਾਜਾਇਜ਼ ਬੱਚੇ ਪੈਦਾ ਹੋਏ ਸਨ!—ਹੋਸ਼ੇਆ 1:2-9.

19. ਮੀਕਾਯਾਹ ਨੇ ਕਿਸ ਜ਼ੁਲਮ ਨੂੰ ਸਹਾਰਿਆ ਸੀ?

19 ਵਿਰੋਧਤਾ ਵੀ ਕੰਡਿਆਂ ਵਾਂਗ ਸਰੀਰ ਵਿਚ ਚੁਭ ਸਕਦੀ ਹੈ। ਮੀਕਾਯਾਹ ਨਬੀ ਦੇ ਅਨੁਭਵ ਵੱਲ ਧਿਆਨ ਦਿਓ। ਇਹ ਦੇਖ ਕੇ ਧਰਮੀ ਮੀਕਾਯਾਹ ਦਾ ਜੀ ਬਹੁਤ ਹੀ ਪਰੇਸ਼ਾਨ ਹੋਇਆ ਹੋਣਾ ਕਿ ਦੁਸ਼ਟ ਰਾਜਾ ਅਹਾਬ ਨੇ ਆਪਣੇ ਆਲੇ-ਦੁਆਲੇ ਝੂਠੇ ਨਬੀਆਂ ਨੂੰ ਇਕੱਠਾ ਕੀਤਾ ਹੋਇਆ ਸੀ ਅਤੇ ਕਿ ਉਹ ਉਨ੍ਹਾਂ ਦੀਆਂ ਝੂਠੀਆਂ ਗੱਲਾਂ ਵਿਚ ਵਿਸ਼ਵਾਸ ਕਰਦਾ ਸੀ। ਜਦੋਂ ਮੀਕਾਯਾਹ ਨੇ ਅਹਾਬ ਨੂੰ ਦੱਸਿਆ ਕਿ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿਚ “ਝੂਠਾ ਆਤਮਾ” ਸੀ, ਤਾਂ ਉਨ੍ਹਾਂ ਧੋਖੇਬਾਜ਼ਾਂ ਦੇ ਮੋਹਰੀ ਨੇ ਕੀ ਕੀਤਾ ਸੀ? ਹਾਂ, ਉਸ ਨੇ “ਮੀਕਾਯਾਹ ਨੂੰ ਗੱਲ੍ਹ ਉੱਤੇ ਮਾਰਿਆ”! ਯਹੋਵਾਹ ਨੇ ਅਹਾਬ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਰਾਮੋਥ-ਗਿਲਆਦ ਨੂੰ ਮੁੜ ਹਾਸਲ ਕਰਨ ਦੀ ਕਾਰਵਾਈ ਸਫ਼ਲ ਨਹੀਂ ਹੋਵੇਗੀ। ਇਸ ਚੇਤਾਵਨੀ ਪ੍ਰਤੀ ਅਹਾਬ ਦਾ ਰਵੱਈਆ ਝੂਠੇ ਨਬੀਆਂ ਦੇ ਸਲੂਕ ਨਾਲੋਂ ਵੀ ਬੁਰਾ ਸੀ। ਅਹਾਬ ਨੇ ਮੀਕਾਯਾਹ ਨੂੰ ਕੈਦ ਵਿਚ ਸੁੱਟਣ ਅਤੇ ਸੁੱਕੀ ਰੋਟੀ ਤੇ ਪਾਣੀ ਦੇਣ ਦਾ ਹੁਕਮ ਦਿੱਤਾ। (1 ਰਾਜਿਆਂ 22:6, 9, 15-17, 23-28) ਯਿਰਮਿਯਾਹ ਦੀ ਸਥਿਤੀ ਨੂੰ ਵੀ ਯਾਦ ਕਰੋ। ਉਸ ਦੇ ਜ਼ਾਲਮੀ ਵਿਰੋਧੀਆਂ ਨੇ ਉਸ ਨੂੰ ਬਹੁਤ ਹੀ ਸਤਾਇਆ ਸੀ।—ਯਿਰਮਿਯਾਹ 20:1-9.

20. ਨਾਓਮੀ ਨੇ ਕਿਨ੍ਹਾਂ ਕੰਡਿਆਂ ਦਾ ਦੁੱਖ ਸਹਾਰਿਆ ਸੀ, ਅਤੇ ਉਸ ਨੂੰ ਕਿਹੜੀ ਬਰਕਤ ਮਿਲੀ ਸੀ?

20 ਕਿਸੇ ਪਿਆਰੇ ਦੀ ਮੌਤ ਸਹਾਰਨੀ ਇਕ ਹੋਰ ਦੁੱਖ-ਭਰੀ ਗੱਲ ਹੈ ਜੋ ਕੰਡੇ ਵਾਂਗ ਸਰੀਰ ਵਿਚ ਚੁਭ ਸਕਦੀ ਹੈ। ਨਾਓਮੀ ਨੂੰ ਆਪਣੇ ਪਤੀ ਅਤੇ ਦੋ ਪੁੱਤਰਾਂ ਦੀ ਮੌਤ ਕਾਰਨ ਉਨ੍ਹਾਂ ਦਾ ਵਿਛੋੜਾ ਝੱਲਣਾ ਪਿਆ ਸੀ। ਹਾਦਸਿਆਂ ਦੇ ਕਾਰਨ ਲੱਗੀਆਂ ਸੱਟਾਂ ਦਾ ਦਰਦ ਲੈ ਕੇ ਉਹ ਬੈਤਲਹਮ ਨੂੰ ਵਾਪਸ ਮੁੜ ਗਈ। ਉਸ ਨੇ ਆਪਣੀਆਂ ਸਹੇਲੀਆਂ ਨੂੰ ਕਿਹਾ ਕਿ ਮੈਨੂੰ ਨਾਓਮੀ ਨਾ ਕਹੋ ਪਰ ਮੈਨੂੰ ਮਾਰਾ ਕਹੋ, ਜੋ ਨਾਂ ਉਸ ਉੱਤੇ ਬੀਤੀਆਂ ਘਟਨਾਵਾਂ ਦੇ ਕੁੜੱਤਣ ਨੂੰ ਸੰਕੇਤ ਕਰਦਾ ਸੀ। ਅਖ਼ੀਰ ਵਿਚ ਯਹੋਵਾਹ ਨੇ ਉਸ ਦੀ ਸਹਿਣਸ਼ੀਲਤਾ ਕਾਰਨ ਉਸ ਨੂੰ ਇਕ ਪੋਤਾ ਬਖ਼ਸ਼ਿਆ, ਜਿਸ ਦੀ ਵੰਸ਼ ਤੋਂ ਮਸੀਹਾ ਪੈਦਾ ਹੋਇਆ ਸੀ।—ਰੂਥ 1:3-5, 19-21; 4:13-17; ਮੱਤੀ 1:1, 5.

21, 22. ਅੱਯੂਬ ਉੱਤੇ ਕਿਹੜੀ ਬਰਬਾਦੀ ਆਈ ਸੀ, ਅਤੇ ਇਸ ਦਾ ਸਾਮ੍ਹਣਾ ਉਸ ਨੇ ਕਿਵੇਂ ਕੀਤਾ ਸੀ?

21 ਕਲਪਨਾ ਕਰੋ ਕਿ ਅੱਯੂਬ ਕਿੰਨਾ ਹੈਰਾਨ ਹੋਇਆ ਹੋਣਾ ਜਦ ਉਸ ਨੇ ਸੁਣਿਆ ਕਿ ਅਚਾਨਕ ਹੀ ਉਸ ਦੇ ਦਸ ਪਿਆਰੇ ਬੱਚਿਆਂ ਦੀ ਮੌਤ ਹੋ ਗਈ ਸੀ, ਅਤੇ ਇਸ ਦੇ ਨਾਲ-ਨਾਲ ਉਹ ਆਪਣੇ ਸਾਰੇ ਜਾਨਵਰ ਅਤੇ ਨੌਕਰ-ਚਾਕਰ ਗੁਆ ਬੈਠਾ ਸੀ। ਇਕ ਹੀ ਪਲ ਵਿਚ ਉਸ ਦੀ ਸਾਰੀ ਦੁਨੀਆਂ ਉਜੜ ਗਈ ਸੀ! ਅੱਯੂਬ ਨੂੰ ਹਾਲੇ ਇਨ੍ਹਾਂ ਸਦਮਿਆਂ ਤੋਂ ਸੁਰਤ ਨਹੀਂ ਆਈ ਸੀ ਜਦ ਸ਼ਤਾਨ ਨੇ ਉਸ ਦਾ ਸਰੀਰ ਫੋੜਿਆਂ ਨਾਲ ਭਰ ਦਿੱਤਾ। ਅੱਯੂਬ ਨੂੰ ਸ਼ਾਇਦ ਇਵੇਂ ਲੱਗਾ ਹੋਵੇ ਕਿ ਇਹ ਘਾਤਕ ਬੀਮਾਰੀ ਉਹ ਦੀ ਜਾਨ ਲੈ ਲਵੇਗੀ। ਉਸ ਦਾ ਦਰਦ ਇੰਨਾ ਵੱਧ ਗਿਆ ਸੀ ਕਿ ਉਹ ਛੁਟਕਾਰਾ ਪਾਉਣ ਲਈ ਮੌਤ ਦੀ ਉਡੀਕ ਕਰ ਰਿਹਾ ਸੀ।—ਅੱਯੂਬ 1:13-20; 2:7, 8.

22 ਅੱਯੂਬ ਦੇ ਕਸ਼ਟ ਇੱਥੇ ਖ਼ਤਮ ਨਹੀਂ ਹੋਏ ਸਨ। ਇਸ ਤੋਂ ਬਾਅਦ ਉਸ ਦੀ ਤੀਵੀਂ, ਦੁੱਖ ਦੀ ਮਾਰੀ ਅਤੇ ਕੁਚਲੀ ਹੋਈ ਉਸ ਕੋਲ ਆ ਕੇ ਦੁਹਾਈ ਦੇਣ ਲੱਗੀ: “ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾਹ!” ਇਹ ਸ਼ਬਦ ਅੱਯੂਬ ਦੇ ਦੁਖਦੇ ਸਰੀਰ ਵਿਚ ਕੰਡਿਆਂ ਵਾਂਗ ਚੁਭੇ ਹੋਣੇ! ਫਿਰ, ਅੱਯੂਬ ਦੇ ਤਿੰਨ ਸਾਥੀ ਆਏ। ਪਰ ਅੱਯੂਬ ਨੂੰ ਦਿਲਾਸਾ ਦੇਣ ਦੀ ਬਜਾਇ ਉਹ ਉਸ ਉੱਤੇ ਸ਼ੱਕ ਕਰਨ ਲੱਗੇ, ਇਹ ਕਹਿੰਦੇ ਹੋਏ ਕਿ ਉਸ ਨੇ ਚੋਰੀ-ਚੋਰੀ ਪਾਪ ਕੀਤੇ ਹੋਣੇ ਇਸ ਲਈ ਉਹ ਖ਼ੁਦ ਆਪਣੀ ਬਰਬਾਦੀ ਲਈ ਜ਼ਿੰਮੇਵਾਰ ਸੀ। ਉਨ੍ਹਾਂ ਦੀਆਂ ਗ਼ਲਤ ਗੱਲਾਂ ਕਾਰਨ ਦੁੱਖ ਦੇ ਕੰਡੇ ਅੱਯੂਬ ਦੀ ਸਰੀਰ ਵਿਚ ਹੋਰ ਵੀ ਗਹਿਰੀ ਤਰ੍ਹਾਂ ਚੁਭੇ ਹੋਣੇ। ਇਹ ਵੀ ਯਾਦ ਰੱਖੋ ਕਿ ਅੱਯੂਬ ਇਹ ਨਹੀਂ ਸੀ ਜਾਣਦਾ ਕਿ ਇਹ ਬੁਰੀਆਂ ਚੀਜ਼ਾਂ ਉਸ ਉੱਤੇ ਕਿਉਂ ਬੀਤ ਰਹੀਆਂ ਸਨ; ਨਾ ਹੀ ਉਸ ਨੂੰ ਇਹ ਪਤਾ ਸੀ ਕਿ ਉਸ ਦੀ ਜਾਨ ਬਖ਼ਸ਼ੀ ਜਾਵੇਗੀ। ਫਿਰ ਵੀ, “ਏਸ ਸਾਰੇ ਵਿੱਚ ਨਾ ਤਾਂ ਅੱਯੂਬ ਨੇ ਪਾਪ ਕੀਤਾ ਅਤੇ ਨਾ ਪਰਮੇਸ਼ੁਰ ਉੱਤੇ ਬੇ ਅਕਲੀ ਦਾ ਦੋਸ਼ ਲਾਇਆ।” (ਅੱਯੂਬ 1:22; 2:9, 10; 3:3; 14:13; 30:17) ਭਾਵੇਂ ਕਿ ਇਹ ਕੰਡਿਆਂ ਵਰਗੇ ਕਸ਼ਟ ਇਕੱਠੇ ਅੱਯੂਬ ਉੱਤੇ ਆਏ ਸਨ, ਉਸ ਨੇ ਖਰਿਆਈ ਦਾ ਰਾਹ ਨਹੀਂ ਛੱਡਿਆ। ਇਸ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ!

23. ਜਿਨ੍ਹਾਂ ਵਫ਼ਾਦਾਰ ਸੇਵਕਾਂ ਬਾਰੇ ਅਸੀਂ ਗੱਲ ਕੀਤੀ ਹੈ ਉਹ ਸਰੀਰ ਵਿਚਲੇ ਕੰਡਿਆਂ ਦਾ ਸਾਮ੍ਹਣਾ ਕਿਵੇਂ ਕਰ ਸਕੇ ਸਨ?

23 ਬਾਈਬਲ ਵਿਚ ਵਫ਼ਾਦਾਰ ਸੇਵਕਾਂ ਦੀਆਂ ਹੋਰ ਵੀ ਬਹੁਤ ਉਦਾਹਰਣਾਂ ਹਨ। ਇਨ੍ਹਾਂ ਸਾਰਿਆਂ ਸੇਵਕਾਂ ਨੂੰ ਕੰਡਿਆਂ ਵਰਗੇ ਕਸ਼ਟਾਂ ਦਾ ਸਾਮ੍ਹਣਾ ਕਰਨਾ ਪਿਆ ਸੀ। ਇਨ੍ਹਾਂ ਉੱਤੇ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ ਸਨ! ਲੇਕਿਨ ਇਨ੍ਹਾਂ ਸਾਰਿਆਂ ਬਾਰੇ ਇਕ ਗੱਲ ਸੱਚ ਹੈ, ਇਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ। ਦੁੱਖ-ਭਰੀਆਂ ਅਜ਼ਮਾਇਸ਼ਾਂ ਦੇ ਬਾਵਜੂਦ, ਉਨ੍ਹਾਂ ਨੇ ਯਹੋਵਾਹ ਵੱਲੋਂ ਮਿਲੀ ਤਾਕਤ ਨਾਲ ਸ਼ਤਾਨ ਉੱਤੇ ਜਿੱਤ ਪ੍ਰਾਪਤ ਕੀਤੀ। ਕਿਵੇਂ? ਅਗਲਾ ਲੇਖ ਇਸ ਸਵਾਲ ਦਾ ਜਵਾਬ ਦੇਵੇਗਾ ਅਤੇ ਸਾਨੂੰ ਦਿਖਾਵੇਗਾ ਕਿ ਅਸੀਂ ਆਪਣੇ ਸਰੀਰ ਵਿਚਲੇ ਕੰਡੇ ਨੂੰ ਕਿਵੇਂ ਸਹਾਰ ਸਕਦੇ ਹਾਂ।

[ਫੁਟਨੋਟ]

^ ਪੈਰਾ 11 ਮਫ਼ੀਬੋਸ਼ਥ ਇਕ ਨਿਮਰ ਅਤੇ ਕਦਰਦਾਨ ਆਦਮੀ ਸੀ। ਉਸ ਦਾ ਚੰਗਾ ਸੁਭਾਅ ਸੀ ਅਤੇ ਇਸ ਲਈ ਉਸ ਨੇ ਅਜਿਹੀ ਬੁਰੀ ਯੋਜਨਾ ਨਹੀਂ ਬਣਾਉਣੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਨੂੰ ਆਪਣੇ ਪਿਤਾ ਯੋਨਾਥਾਨ ਦੇ ਵਫ਼ਾਦਾਰ ਜੀਵਨ ਬਾਰੇ ਪਤਾ ਸੀ। ਭਾਵੇਂ ਕਿ ਯੋਨਾਥਾਨ, ਰਾਜਾ ਸ਼ਾਊਲ ਦਾ ਪੁੱਤਰ ਸੀ, ਉਸ ਨੇ ਨਿਮਰਤਾ ਨਾਲ ਇਹ ਗੱਲ ਸਵੀਕਾਰ ਕੀਤੀ ਸੀ ਕਿ ਯਹੋਵਾਹ ਨੇ ਦਾਊਦ ਨੂੰ ਇਸਰਾਏਲ ਦੇ ਰਾਜੇ ਵਜੋਂ ਚੁਣਿਆ ਸੀ। (1 ਸਮੂਏਲ 20:12-17) ਯੋਨਾਥਾਨ ਪਰਮੇਸ਼ੁਰ ਦਾ ਭੈ ਰੱਖਣ ਵਾਲਾ ਸੀ ਅਤੇ ਦਾਊਦ ਦਾ ਜਿਗਰੀ ਦੋਸਤ, ਇਸ ਲਈ ਉਸ ਨੇ ਆਪਣੇ ਪੁੱਤਰ ਮਫ਼ੀਬੋਸ਼ਥ ਨੂੰ ਸ਼ਾਹੀ ਪਦਵੀ ਦੀ ਲੋਚ ਕਰਨ ਦੀ ਸਿੱਖਿਆ ਨਹੀਂ ਦਿੱਤੀ ਹੋਣੀ।

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਸਾਡੀਆਂ ਮੁਸ਼ਕਲਾਂ ਦੀ ਤੁਲਨਾ ਸਰੀਰ ਵਿਚ ਚੁਭੇ ਕੰਡਿਆਂ ਨਾਲ ਕਿਉਂ ਕੀਤੀ ਜਾ ਸਕਦੀ ਹੈ?

• ਮਫ਼ੀਬੋਸ਼ਥ ਅਤੇ ਨਹਮਯਾਹ ਨੂੰ ਕਿਹੜੇ ਕੁਝ ਕੰਡੇ ਸਹਾਰਨੇ ਪਏ ਸਨ?

• ਬਾਈਬਲ ਵਿਚ ਉਨ੍ਹਾਂ ਆਦਮੀਆਂ ਅਤੇ ਔਰਤਾਂ ਦੀਆਂ ਉਦਾਹਰਣਾਂ ਵਿੱਚੋਂ ਜਿਨ੍ਹਾਂ ਨੇ ਤਰ੍ਹਾਂ-ਤਰ੍ਹਾਂ ਦੇ ਕਸ਼ਟ ਸਹਾਰੇ ਸਨ, ਤੁਸੀਂ ਕਿਸ ਉਦਾਹਰਣ ਕਰਕੇ ਜ਼ਿਆਦਾ ਪ੍ਰਭਾਵਿਤ ਹੋਏ, ਅਤੇ ਕਿਉਂ?

[ਸਵਾਲ]

[ਸਫ਼ੇ 15 ਉੱਤੇ ਤਸਵੀਰਾਂ]

ਮਫ਼ੀਬੋਸ਼ਥ ਨੂੰ ਸਰੀਰਕ ਕਮਜ਼ੋਰੀ, ਬਦਨਾਮੀ, ਅਤੇ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਪਿਆ ਸੀ

[ਸਫ਼ੇ 16 ਉੱਤੇ ਤਸਵੀਰ]

ਵਿਰੋਧਤਾ ਦੇ ਬਾਵਜੂਦ ਨਹਮਯਾਹ ਦ੍ਰਿੜ੍ਹ ਰਿਹਾ