ਪੌਣ ਤੋਂ ਲੁੱਕਣ ਦੇ ਥਾਂ ਜਿਹਾ
ਪੌਣ ਤੋਂ ਲੁੱਕਣ ਦੇ ਥਾਂ ਜਿਹਾ
ਯੂਰਪ ਦੇ ਐਲਪਸ ਪਰਬਤ ਦੀਆਂ ਉੱਚੀਆਂ ਚੋਟੀਆਂ ਵਿਚ ਅਜਿਹੀਆਂ ਮਜ਼ਬੂਤ ਝਾੜੀਆਂ ਹਨ ਜਿਨ੍ਹਾਂ ਨੂੰ ਐਲਪਸੀ ਗੁਲਾਬ ਦੇ ਫੁੱਲ ਲੱਗਦੇ ਹਨ। ਇਹ ਬੌਣੀਆਂ ਬੂਟੀਆਂ ਝੁੰਡਾਂ ਵਿਚ ਜ਼ਮੀਨ ਤੋਂ ਬਹੁਤੀਆਂ ਉੱਚੀਆਂ ਨਹੀਂ ਉੱਗਦੀਆਂ ਅਤੇ ਮਾਨੋ ਪੌਣ ਤੋਂ ਲੁਕ-ਲੁਕ ਕੇ ਰਹਿੰਦੀਆਂ ਹਨ। ਇੱਥੇ ਹਨੇਰੀ ਬਹੁਤ ਹੀ ਤੇਜ਼ੀ ਨਾਲ ਵਗਦੀ ਹੈ ਅਤੇ ਤਾਪਮਾਨ ਨੂੰ ਠਾਰ ਕੇ, ਹਵਾ ਅਤੇ ਜ਼ਮੀਨ ਨੂੰ ਸੁਕਾ ਕੇ, ਅਤੇ ਪੌਦਿਆਂ ਦੀਆਂ ਜੜ੍ਹਾਂ ਨੂੰ ਖਿੱਚ-ਖਿੱਚ ਕੇ ਇਨ੍ਹਾਂ ਐਲਪਸੀ ਪੌਦਿਆਂ ਨੂੰ ਉਜਾੜ ਦੇਣ ਦੀ ਕੋਸ਼ਿਸ਼ ਕਰਦੀ ਹੈ।
ਐਲਪਸੀ ਗੁਲਾਬ ਪੌਣ ਦੀ ਬਰਬਾਦੀ ਤੋਂ ਬਚਣ ਲਈ ਅਕਸਰ ਚਟਾਨਾਂ ਦੀਆਂ ਤਰੇੜਾਂ ਵਿਚ ਉੱਗਦਾ ਹੈ। ਭਾਵੇਂ ਇਨ੍ਹਾਂ ਥਾਵਾਂ ਵਿਚ ਮਿੱਟੀ ਘੱਟ ਹੁੰਦੀ ਹੈ ਇਹ ਤਰੇੜਾਂ ਪੌਦਿਆਂ ਨੂੰ ਹਵਾ ਤੋਂ ਬਚਾਉਂਦੀਆਂ ਹਨ ਅਤੇ ਪਾਣੀ ਨੂੰ ਵੀ ਖ਼ਤਮ ਨਹੀਂ ਹੋਣ ਦਿੰਦੀਆਂ। ਤਕਰੀਬਨ ਸਾਰਾ ਸਾਲ ਇਹ ਐਲਪਸੀ ਪੌਦੇ ਮਾਨੋ ਨਜ਼ਰੋਂ ਓਹਲੇ ਰਹਿੰਦੇ ਹਨ ਪਰ ਗਰਮੀਆਂ ਦੀ ਰੁਤ ਵਿਚ ਇਹ ਆਪਣੇ ਪਹਾੜੀ ਘਰਾਂ ਨੂੰ ਲਾਲ ਫ਼ੁੱਲਾਂ ਨਾਲ ਸਜਾ ਦਿੰਦੇ ਹਨ।
ਯਸਾਯਾਹ ਨਬੀ ਨੇ ਦੱਸਿਆ ਸੀ ਕਿ ਪਰਮੇਸ਼ੁਰ ‘ਸਰਦਾਰਾਂ’ ਨੂੰ ਥਾਪੇਗਾ ਅਤੇ ਉਨ੍ਹਾਂ ਵਿੱਚੋਂ “ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ।” (ਯਸਾਯਾਹ 32:1, 2) ਯਿਸੂ ਮਸੀਹ ਦੀ ਪਾਤਸ਼ਾਹੀ ਦੇ ਅਧੀਨ ਇਹ ਅਧਿਆਤਮਿਕ ਸਰਦਾਰ, ਯਾਨੀ ਨਿਗਾਹਬਾਨ ਮਜ਼ਬੂਤ ਚਟਾਨਾਂ ਦੀ ਤਰ੍ਹਾਂ ਮੁਸੀਬਤ ਅਤੇ ਪਰੇਸ਼ਾਨੀ ਦੇ ਵੇਲੇ ਸਥਿਰ ਹੋਣਗੇ। ਉਹ ਮੰਦਹਾਲੀ ਦੇ ਸਮੇਂ ਲੋੜਵੰਦ ਲੋਕਾਂ ਨੂੰ ਆਸਰਾ ਦੇਣਗੇ ਅਤੇ ਪਰਮੇਸ਼ੁਰ ਦੇ ਬਚਨ ਤੋਂ ਉਨ੍ਹਾਂ ਦੇ ਰੂਹਾਨੀ ਪਾਣੀ ਨੂੰ ਖ਼ਤਮ ਨਹੀਂ ਹੋਣ ਦੇਣਗੇ।
ਨਿਰਾਸ਼ਾ, ਬੀਮਾਰੀ, ਜਾਂ ਸਿਤਮ ਦੀਆਂ ਪੌਣਾਂ ਇਕ ਮਸੀਹੀ ਉੱਤੇ ਬੰਬਾਰੀ ਕਰ ਕੇ ਉਸ ਦੀ ਨਿਹਚਾ ਨੂੰ ਕੁਮਲਾ ਸਕਦੀਆਂ ਹਨ ਜੇਕਰ ਉਸ ਦੀ ਨਿਹਚਾ ਦਾ ਬਚਾ ਨਾ ਕੀਤਾ ਜਾਵੇ। ਮਸੀਹੀ ਬਜ਼ੁਰਗ ਧਿਆਨ ਨਾਲ ਉਸ ਭੈਣ ਜਾਂ ਭਰਾ ਦੀ ਗੱਲ ਸੁਣ ਕੇ ਅਤੇ ਬਾਈਬਲ ਤੋਂ ਉਸ ਨੂੰ ਸਲਾਹ ਦੇ ਕੇ ਉਸ ਨੂੰ ਸੁਰੱਖਿਅਤ ਰੱਖ ਸਕਦੇ ਹਨ ਅਤੇ ਉਸ ਦਾ ਹੌਸਲਾ ਵਧਾ ਸਕਦੇ ਹਨ ਜਾਂ ਕਿਸੇ ਹੋਰ ਤਰ੍ਹਾਂ ਉਸ ਦੀ ਮਦਦ ਕਰ ਸਕਦੇ ਹਨ। ਉਨ੍ਹਾਂ ਦੇ ਨਿਯੁਕਤ ਕੀਤੇ ਗਏ ਪਾਤਸ਼ਾਹ ਯਿਸੂ ਮਸੀਹ ਦੀ ਤਰ੍ਹਾਂ ਉਹ “ਡਾਵਾਂ ਡੋਲ ਫਿਰਦੇ” ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਨ। (ਮੱਤੀ 9:36) ਅਤੇ ਉਹ ਉਨ੍ਹਾਂ ਹੋਰਨਾਂ ਦੀ ਵੀ ਮਦਦ ਕਰਨੀ ਚਾਹੁੰਦੇ ਹਨ ਜੋ ਝੂਠ ਦੀ ਸਿੱਖਿਆ ਦੇ ਬੁੱਲਿਆਂ ਕਰਕੇ ਟੁੱਟੇ-ਭੱਜੇ ਮਹਿਸੂਸ ਕਰਦੇ ਹਨ। (ਅਫ਼ਸੀਆਂ 4:14) ਸਹੀ ਮੌਕੇ ਤੇ ਦਿੱਤੀ ਗਈ ਅਜਿਹੀ ਮਦਦ ਬਹੁਤ ਹੀ ਲਾਭਦਾਇਕ ਹੋ ਸਕਦੀ ਹੈ।
“ਮੇਰੀ ਜ਼ਿੰਦਗੀ ਵਿਚ ਇਕ ਬਹੁਤ ਹੀ ਦੁੱਖਦਾਈ ਸਮਾਂ ਉਦੋਂ ਆਇਆ ਜਦੋਂ ਮੇਰੇ ਕੁਝ ਚੰਗੇ ਦੋਸਤਾਂ ਨੇ ਸੱਚਾਈ ਛੱਡ ਦਿੱਤੀ। ਉਨ੍ਹੀਂ ਦਿਨੀਂ ਮੇਰੇ ਪਿਤਾ ਜੀ ਦੇ ਦਿਮਾਗ਼ ਦੀ ਨਾੜੀ ਫੱਟ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ,” ਮਿਰਿਅਮ ਦੱਸਦੀ ਹੈ। “ਆਪਣੀ ਉਦਾਸੀ ਦੂਰ ਕਰਨ ਦੀ ਕੋਸ਼ਿਸ਼ ਵਿਚ ਮੈਂ ਕਿਸੇ ਅਜਿਹੇ ਮੁੰਡੇ ਨਾਲ ਘੁਮਣਾ-ਫਿਰਨਾ ਸ਼ੁਰੂ ਕਰ ਦਿੱਤਾ ਜੋ ਸੱਚਾਈ ਵਿਚ ਨਹੀਂ ਸੀ। ਇਸ ਤੋਂ ਥੋੜੇ ਹੀ ਸਮੇਂ ਬਾਅਦ ਮੈਂ ਨਿਕੰਮੀ ਮਹਿਸੂਸ ਕਰਦੀ ਹੋਈ ਕਲੀਸਿਯਾ ਦੇ ਬਜ਼ੁਰਗਾਂ ਨੂੰ ਦੱਸ ਦਿੱਤਾ ਕਿ ਮੈਂ ਸੱਚਾਈ ਛੱਡਣ ਦਾ ਫ਼ੈਸਲਾ ਕਰ ਲਿਆ ਹੈ ਕਿਉਂਕਿ ਮੈਂ ਨਹੀਂ ਸੀ ਮੰਨਦੀ ਕਿ ਯਹੋਵਾਹ ਮੇਰੇ ਵਰਗੀ ਨਾਲ ਪਿਆਰ ਕਰ ਸਕਦਾ ਸੀ।
“ਇਸ ਨਾਜ਼ੁਕ ਮੌਕੇ ਤੇ ਇਕ ਹਮਦਰਦ ਬਜ਼ੁਰਗ ਨੇ ਮੈਨੂੰ ਯਾਦ ਦਿਲਾਇਆ ਕਿ ਮੈਂ ਕਿੰਨੇ ਸਾਲ ਪਾਇਨੀਅਰੀ ਸੇਵਾ ਵਿਚ ਲਾਏ ਸਨ। ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਹਮੇਸ਼ਾ ਮੇਰੀ ਵਫ਼ਾਦਾਰੀ ਦੀ ਤਾਰੀਫ਼ ਕੀਤੀ ਸੀ, ਅਤੇ ਉਸ ਨੇ ਅਰਜ਼ ਕੀਤੀ ਕਿ ਮੈਂ ਬਜ਼ੁਰਗਾਂ ਨੂੰ ਮੇਰੀ ਮਦਦ ਕਰਨ ਦੇਵਾਂ ਤਾਂਕਿ ਉਹ ਮੈਨੂੰ ਯਹੋਵਾਹ ਦੇ ਪਿਆਰ ਦਾ ਅਹਿਸਾਸ ਦਿਵਾ ਸਕਣ। ਉਸ ਵੇਲੇ ਮੇਰੇ ਆਲੇ-ਦੁਆਲੇ ਇਕ ਰੂਹਾਨੀ ਤੁਫ਼ਾਨ ਭੜਕਦਾ ਸੀ ਅਤੇ ਉਸ ਔਖੀ ਘੜੀ ਵਿਚ ਬਜ਼ੁਰਗ ਮੇਰੇ ਲਈ ‘ਲੁੱਕਣ ਦੇ ਥਾਂ’ ਜਿਹੇ ਸਨ। ਇਕ ਮਹੀਨੇ ਦੇ ਅੰਦਰ-ਅੰਦਰ ਮੈਂ ਉਸ ਮੁੰਡੇ ਨਾਲ ਮਿਲਣਾ-ਜੁਲਣਾ ਬੰਦ ਕਰ ਦਿੱਤਾ, ਅਤੇ ਉਸ ਸਮੇਂ ਤੋਂ ਮੈਂ ਸੱਚਾਈ ਵਿਚ ਚੱਲ ਰਹੀ ਹਾਂ।”
ਜਦੋਂ ਬਜ਼ੁਰਗ ਕਲੀਸਿਯਾ ਵਿਚ ਭੈਣਾਂ-ਭਰਾਵਾਂ ਨੂੰ ਵੇਲੇ ਸਿਰ ਮਿਲੀ ਸੁਰੱਖਿਆ ਕਰਕੇ ਰੂਹਾਨੀ ਤੌਰ ਤੇ ਫਲਦੇ-ਫੁੱਲਦੇ ਦੇਖਦੇ ਹਨ ਤਾਂ ਉਹ ਬੜੇ ਖ਼ੁਸ਼ ਹੁੰਦੇ ਹਨ। ਅਤੇ ਇਹ “ਲੁੱਕਣ ਦੇ ਥਾਂ” ਸਾਨੂੰ ਉਸ ਰੂਹਾਨੀ ਮਦਦ ਦੀ ਝਲਕ ਦਿੰਦੇ ਹਨ ਜੋ ਅਸੀਂ ਮਸੀਹ ਦੇ ਹਜ਼ਾਰ ਸਾਲਾਂ ਦੇ ਰਾਜ ਦੌਰਾਨ ਪਾਉਣ ਦੀ ਉਮੀਦ ਕਰ ਸਕਦੇ ਹਾਂ।