ਪਰਮੇਸ਼ੁਰ ਦਾ ਚਾਨਣ ਹਨੇਰਾ ਦੂਰ ਕਰਦਾ ਹੈ!
ਪਰਮੇਸ਼ੁਰ ਦਾ ਚਾਨਣ ਹਨੇਰਾ ਦੂਰ ਕਰਦਾ ਹੈ!
“ਯਹੋਵਾਹ ਮੇਰੇ ਅਨ੍ਹੇਰੇ ਨੂੰ ਚਾਨਣਾ ਕਰਦਾ ਹੈ!”—2 ਸਮੂਏਲ 22:29.
1. ਚਾਨਣ ਦਾ ਜ਼ਿੰਦਗੀ ਨਾਲ ਕੀ ਸੰਬੰਧ ਹੈ?
“ਪਰਮੇਸ਼ੁਰ ਨੇ ਆਖਿਆ ਕਿ ਚਾਨਣ ਹੋਵੇ ਤਾਂ ਚਾਨਣ ਹੋ ਗਿਆ।” (ਉਤਪਤ 1:3) ਇਨ੍ਹਾਂ ਅਹਿਮ ਸ਼ਬਦਾਂ ਨਾਲ ਉਤਪਤ ਦੀ ਕਿਤਾਬ ਵਿਚ ਦਿੱਤੇ ਗਏ ਸ੍ਰਿਸ਼ਟੀ ਦੇ ਬਿਰਤਾਂਤ ਤੋਂ ਪਤਾ ਚੱਲਦਾ ਹੈ ਕਿ ਯਹੋਵਾਹ ਚਾਨਣ ਦਾ ਸੋਮਾ ਹੈ ਜਿਸ ਤੋਂ ਬਿਨਾਂ ਧਰਤੀ ਉੱਤੇ ਕੋਈ ਜੀਉਂਦਾ ਨਹੀਂ ਰਹਿ ਸਕਦਾ। ਯਹੋਵਾਹ ਅਧਿਆਤਮਿਕ ਚਾਨਣ ਦਾ ਵੀ ਸੋਮਾ ਹੈ ਜੋ ਜ਼ਿੰਦਗੀ ਦੇ ਰਾਹ ਉੱਤੇ ਚੱਲਦੇ ਰਹਿਣ ਲਈ ਬਹੁਤ ਜ਼ਰੂਰੀ ਹੈ। (ਜ਼ਬੂਰ 43:3) ਰਾਜਾ ਦਾਊਦ ਨੇ ਇਹ ਕਹਿ ਕੇ ਦੱਸਿਆ ਕਿ ਅਧਿਆਤਮਿਕ ਚਾਨਣ ਦਾ ਜ਼ਿੰਦਗੀ ਨਾਲ ਕਿੰਨਾ ਨਜ਼ਦੀਕੀ ਸੰਬੰਧ ਹੈ: “ਜੀਉਣ ਦਾ ਚਸ਼ਮਾ ਤੇਰੇ ਮੁੱਢ ਹੈ, ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ।”—ਜ਼ਬੂਰ 36:9.
2. ਜਿਵੇਂ ਪੌਲੁਸ ਨੇ ਦਿਖਾਇਆ, ਚਾਨਣ ਦਾ ਕਿਸ ਚੀਜ਼ ਨਾਲ ਨਜ਼ਦੀਕੀ ਸੰਬੰਧ ਹੈ?
2 ਦਾਊਦ ਤੋਂ ਤਕਰੀਬਨ 1,000 ਸਾਲ ਬਾਅਦ ਪੌਲੁਸ ਰਸੂਲ ਨੇ ਸ੍ਰਿਸ਼ਟੀ ਦੇ ਬਿਰਤਾਂਤ ਦਾ ਜ਼ਿਕਰ ਕੀਤਾ ਸੀ। ਕੁਰਿੰਥੁਸ ਦੀ ਮਸੀਹੀ ਕਲੀਸਿਯਾ ਨੂੰ ਲਿਖਦੇ ਹੋਏ ਉਸ ਨੇ ਕਿਹਾ: ‘ਪਰਮੇਸ਼ੁਰ ਨੇ ਆਖਿਆ ਸੀ ਜੋ ਅਨ੍ਹੇਰਿਓਂ ਚਾਨਣ ਚਮਕੇ।’ ਪੌਲੁਸ ਨੇ ਫਿਰ ਦਿਖਾਇਆ ਕਿ ਅਧਿਆਤਮਿਕ ਚਾਨਣ ਦਾ ਯਹੋਵਾਹ ਦੇ ਗਿਆਨ ਨਾਲ ਕਿੱਡਾ ਵੱਡਾ ਸੰਬੰਧ ਹੈ ਜਦੋਂ ਉਸ ਨੇ ਅੱਗੇ ਕਿਹਾ: “ਉਹ ਸਾਡਿਆਂ ਮਨਾਂ ਵਿੱਚ ਚਮਕਿਆ ਭਈ ਪਰਮੇਸ਼ੁਰ ਦੇ ਤੇਜ ਦਾ ਗਿਆਨ ਮਸੀਹ ਦੇ ਮੁਖ ਵਿੱਚ ਪਰਕਾਸ਼ ਕਰੇ।” (2 ਕੁਰਿੰਥੀਆਂ 4:6) ਇਹ ਚਾਨਣ ਸਾਡੇ ਤਕ ਕਿਵੇਂ ਪਹੁੰਚਦਾ ਹੈ?
ਬਾਈਬਲ ਚਾਨਣ ਫੈਲਾਉਂਦੀ ਹੈ
3. ਬਾਈਬਲ ਰਾਹੀਂ ਯਹੋਵਾਹ ਸਾਨੂੰ ਕਿਹੜਾ ਚਾਨਣ ਦਿੰਦਾ ਹੈ?
3 ਯਹੋਵਾਹ ਖ਼ਾਸ ਕਰਕੇ ਆਪਣੇ ਪ੍ਰੇਰਿਤ ਬਚਨ ਬਾਈਬਲ ਰਾਹੀਂ ਆਪਣਾ ਅਧਿਆਤਮਿਕ ਚਾਨਣ ਦਿੰਦਾ ਹੈ। ਇਸ ਲਈ ਜਦੋਂ ਅਸੀਂ ਬਾਈਬਲ ਦਾ ਅਧਿਐਨ ਕਰ ਕੇ ਪਰਮੇਸ਼ੁਰ ਦਾ ਗਿਆਨ ਲੈਂਦੇ ਹਾਂ, ਤਾਂ ਅਸੀਂ ਉਸ ਦੇ ਚਾਨਣ ਨੂੰ ਆਪਣੇ ਉੱਤੇ ਚਮਕਣ ਦਿੰਦੇ ਹਾਂ। ਬਾਈਬਲ ਰਾਹੀਂ ਯਹੋਵਾਹ ਆਪਣੇ ਮਕਸਦਾਂ ਨੂੰ ਰੌਸ਼ਨ ਕਰਦਾ ਹੈ ਅਤੇ ਸਾਨੂੰ ਦੱਸਦਾ ਹੈ ਕਿ ਅਸੀਂ ਉਸ ਦੀ ਇੱਛਾ ਕਿਵੇਂ ਪੂਰੀ ਕਰ ਸਕਦੇ ਹਾਂ। ਇਸ ਤਰ੍ਹਾਂ ਸਾਨੂੰ ਜ਼ਿੰਦਗੀ ਵਿਚ ਮਕਸਦ ਮਿਲਦਾ ਹੈ ਅਤੇ ਸਾਡੀਆਂ ਅਧਿਆਤਮਿਕ ਲੋੜਾਂ ਪੂਰੀਆਂ ਹੁੰਦੀਆਂ ਹਨ। (ਉਪਦੇਸ਼ਕ ਦੀ ਪੋਥੀ 12:1; ਮੱਤੀ 5:3) ਯਿਸੂ ਨੇ ਜ਼ੋਰ ਦਿੱਤਾ ਸੀ ਕਿ ਸਾਨੂੰ ਆਪਣੀਆਂ ਅਧਿਆਤਮਿਕ ਲੋੜਾਂ ਨੂੰ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ ਜਦੋਂ ਉਸ ਨੇ ਮੂਸਾ ਦੀ ਬਿਵਸਥਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ “ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।”—ਮੱਤੀ 4:4; ਬਿਵਸਥਾ ਸਾਰ 8:3.
4. ਯਿਸੂ “ਜਗਤ ਦਾ ਚਾਨਣ” ਕਿਵੇਂ ਹੈ?
4 ਯਿਸੂ ਦਾ ਅਧਿਆਤਮਿਕ ਚਾਨਣ ਨਾਲ ਡੂੰਘਾ ਸੰਬੰਧ ਹੈ। ਅਸਲ ਵਿਚ ਉਸ ਨੇ ਆਪ ਹੀ ਕਿਹਾ ਸੀ ਕਿ ਉਹ “ਜਗਤ ਦਾ ਚਾਨਣ” ਹੈ ਅਤੇ ਅੱਗੇ ਕਿਹਾ: “ਜਿਹੜਾ ਮੇਰੇ ਪਿੱਛੇ ਤੁਰਦਾ ਹੈ ਅਨ੍ਹੇਰੇ ਵਿੱਚ ਕਦੇ ਨਾ ਚੱਲੇਗਾ ਸਗੋਂ ਉਹ ਦੇ ਕੋਲ ਜੀਉਣ ਦਾ ਚਾਨਣ ਹੋਵੇਗਾ।” (ਯੂਹੰਨਾ 8:12) ਇਨ੍ਹਾਂ ਸ਼ਬਦਾਂ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਮਨੁੱਖਜਾਤੀ ਨੂੰ ਯਹੋਵਾਹ ਬਾਰੇ ਸੱਚਾਈ ਦੱਸਣ ਵਿਚ ਯਿਸੂ ਦਾ ਵੱਡਾ ਹੱਥ ਹੈ। ਜੇ ਅਸੀਂ ਹਨੇਰੇ ਤੋਂ ਬਚਣਾ ਚਾਹੁੰਦੇ ਹਾਂ ਅਤੇ ਪਰਮੇਸ਼ੁਰ ਦੇ ਚਾਨਣ ਵਿਚ ਚੱਲਣਾ ਚਾਹੁੰਦੇ ਹਾਂ, ਤਾਂ ਸਾਨੂੰ ਯਿਸੂ ਦੀ ਮਿਸਾਲ ਅਤੇ ਬਾਈਬਲ ਵਿਚ ਦਰਜ ਉਸ ਦੀਆਂ ਸਾਰੀਆਂ ਸਿੱਖਿਆਵਾਂ ਉੱਤੇ ਚੱਲਣਾ ਚਾਹੀਦਾ ਹੈ।
5. ਯਿਸੂ ਦੀ ਮੌਤ ਤੋਂ ਬਾਅਦ ਉਸ ਦੇ ਚੇਲਿਆਂ ਉੱਤੇ ਕਿਹੜੀ ਜ਼ਿੰਮੇਵਾਰੀ ਆਈ?
5 ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ, ਯਿਸੂ ਨੇ ਫਿਰ ਆਪਣੇ ਆਪ ਨੂੰ ਚਾਨਣ ਸੱਦਦੇ ਹੋਏ ਆਪਣੇ ਚੇਲਿਆਂ ਨੂੰ ਦੱਸਿਆ: “ਚਾਨਣ ਅਜੇ ਥੋੜਾ ਚਿਰ ਹੋਰ ਤੁਹਾਡੇ ਵਿੱਚ ਹੈ। ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚੱਲੇ ਚੱਲੋ ਭਈ ਕਿਤੇ ਐਉਂ ਨਾ ਹੋਵੇ ਜੋ ਅਨ੍ਹੇਰਾ ਤੁਹਾਨੂੰ ਆ ਘੇਰੇ ਅਤੇ ਜੋ ਅਨ੍ਹੇਰੇ ਵਿੱਚ ਚੱਲਦਾ ਹੈ ਸੋ ਨਹੀਂ ਜਾਣਦਾ ਜੋ ਉਹ ਕਿੱਥੇ ਤੁਰਦਾ ਹੈ। ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚਾਨਣ ਉੱਤੇ ਨਿਹਚਾ ਕਰੋ ਤਾਂ ਜੋ ਤੁਸੀਂ ਚਾਨਣ ਦੇ ਪੁੱਤ੍ਰ ਹੋਵੋ।” (ਯੂਹੰਨਾ 12:35, 36) ਜਿਹੜੇ ਚਾਨਣ ਦੇ ਪੁੱਤਰ ਬਣੇ, ਉਨ੍ਹਾਂ ਨੇ “ਖਰੀਆਂ ਗੱਲਾਂ ਦੇ ਨਮੂਨੇ” ਸਿੱਖੇ। (2 ਤਿਮੋਥਿਉਸ 1:13, 14) ਫਿਰ ਉਨ੍ਹਾਂ ਨੇ ਇਨ੍ਹਾਂ ਖਰੀਆਂ ਗੱਲਾਂ ਦੀ ਮਦਦ ਨਾਲ ਦੂਸਰੇ ਨੇਕਦਿਲ ਇਨਸਾਨਾਂ ਨੂੰ ਹਨੇਰੇ ਵਿੱਚੋਂ ਕੱਢ ਕੇ ਪਰਮੇਸ਼ੁਰ ਦੇ ਚਾਨਣ ਵਿਚ ਲਿਆਂਦਾ।
6. ਸਾਨੂੰ 1 ਯੂਹੰਨਾ 1:5 ਤੇ ਚਾਨਣ ਅਤੇ ਹਨੇਰੇ ਬਾਰੇ ਕਿਹੜੀ ਮੁਢਲੀ ਸੱਚਾਈ ਮਿਲਦੀ ਹੈ?
6 ਯੂਹੰਨਾ ਰਸੂਲ ਨੇ ਲਿਖਿਆ: “ਪਰਮੇਸ਼ੁਰ ਚਾਨਣ ਹੈ ਅਤੇ ਅਨ੍ਹੇਰਾ ਉਹ ਦੇ ਵਿੱਚ ਮੂਲੋਂ ਨਹੀਂ।” (1 ਯੂਹੰਨਾ 1:5) ਚਾਨਣ ਅਤੇ ਹਨੇਰੇ ਵਿਚ ਜੋ ਫ਼ਰਕ ਹੈ ਉਸ ਵੱਲ ਧਿਆਨ ਦਿਓ। ਯਹੋਵਾਹ ਅਧਿਆਤਮਿਕ ਚਾਨਣ ਦਾ ਸੋਮਾ ਹੈ ਅਤੇ ਅਧਿਆਤਮਿਕ ਹਨੇਰਾ ਉਸ ਕੋਲ ਹੋ ਹੀ ਨਹੀਂ ਸਕਦਾ। ਫਿਰ ਹਨੇਰੇ ਦਾ ਸੋਮਾ ਕੌਣ ਹੈ?
ਅਧਿਆਤਮਿਕ ਹਨੇਰੇ ਦਾ ਸੋਮਾ
7. ਦੁਨੀਆਂ ਵਿਚ ਫੈਲੇ ਅਧਿਆਤਮਿਕ ਹਨੇਰੇ ਪਿੱਛੇ ਕੌਣ ਹੈ ਅਤੇ ਉਹ ਲੋਕਾਂ ਉੱਤੇ ਕੀ ਪ੍ਰਭਾਵ ਪਾਉਂਦਾ ਹੈ?
7 ਪੌਲੁਸ ਰਸੂਲ ਨੇ “ਇਸ ਜੁੱਗ ਦੇ ਈਸ਼ੁਰ” ਬਾਰੇ ਦੱਸਿਆ ਸੀ। “ਜੁੱਗ ਦੇ ਈਸ਼ੁਰ” ਦਾ ਮਤਲਬ, ਸ਼ਤਾਨ ਜਾਂ ਇਬਲੀਸ ਸੀ। ਪੌਲੁਸ ਨੇ ਅੱਗੇ ਕਿਹਾ ਕਿ ਸ਼ਤਾਨ ਨੇ “ਬੇਪਰਤੀਤਿਆਂ ਦੀਆਂ ਬੁੱਧਾਂ ਅੰਨ੍ਹੀਆਂ ਕਰ ਦਿੱਤੀਆਂ ਮਤੇ ਮਸੀਹ ਜੋ ਪਰਮੇਸ਼ੁਰ ਦਾ ਸਰੂਪ ਹੈ ਉਹ ਦੇ ਤੇਜ ਦੀ ਖੁਸ਼ ਖਬਰੀ ਦਾ ਚਾਨਣ ਉਨ੍ਹਾਂ ਉੱਤੇ ਪਰਕਾਸ਼ ਹੋਵੇ।” (2 ਕੁਰਿੰਥੀਆਂ 4:4) ਬਹੁਤ ਸਾਰੇ ਲੋਕ ਪਰਮੇਸ਼ੁਰ ਵਿਚ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ, ਪਰ ਜ਼ਿਆਦਾਤਰ ਲੋਕ ਇਹ ਨਹੀਂ ਮੰਨਦੇ ਕਿ ਸ਼ਤਾਨ ਵੀ ਹੈ। ਕਿਉਂ? ਕਿਉਂਕਿ ਉਹ ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿ ਕੋਈ ਬੁਰੀ ਆਤਮਿਕ ਤਾਕਤ ਹੈ ਜੋ ਉਨ੍ਹਾਂ ਦੀ ਸੋਚਣੀ ਉੱਤੇ ਅਸਰ ਪਾ ਸਕਦੀ ਹੈ। ਫਿਰ ਵੀ, ਜਿਵੇਂ ਪੌਲੁਸ ਨੇ ਦੱਸਿਆ, ਸ਼ਤਾਨ ਹੈ ਅਤੇ ਉਹ ਲੋਕਾਂ ਉੱਤੇ ਸੱਚ-ਮੁੱਚ ਆਪਣਾ ਪ੍ਰਭਾਵ ਪਾਉਂਦਾ ਹੈ ਤਾਂਕਿ ਉਹ ਸੱਚਾਈ ਦੇ ਚਾਨਣ ਨੂੰ ਦੇਖ ਨਾ ਸਕਣ। ਸ਼ਤਾਨ ਬਾਰੇ ਇਹ ਭਵਿੱਖ-ਸੂਚਕ ਬਿਰਤਾਂਤ ਕੀਤਾ ਗਿਆ ਸੀ ਕਿ ‘ਉਹ ਸਾਰੇ ਜਗਤ ਨੂੰ ਭਰਮਾਉਂਦਾ ਹੈ।’ (ਪਰਕਾਸ਼ ਦੀ ਪੋਥੀ 12:9) ਇਸ ਗੱਲ ਤੋਂ ਜਾਣਿਆ ਜਾ ਸਕਦਾ ਹੈ ਕਿ ਸ਼ਤਾਨ ਇਨਸਾਨਾਂ ਦੀ ਸੋਚਣੀ ਉੱਤੇ ਪ੍ਰਭਾਵ ਪਾਉਂਦਾ ਹੈ। ਸ਼ਤਾਨ ਦੇ ਕੰਮਾਂ ਦਾ ਨਤੀਜਾ ਇਹ ਨਿਕਲਿਆ ਹੈ ਕਿ ਯਹੋਵਾਹ ਦੀ ਸੇਵਾ ਕਰਨ ਵਾਲਿਆਂ ਤੋਂ ਛੁੱਟ ਬਾਕੀ ਸਾਰੀ ਦੁਨੀਆਂ ਹਨੇਰੇ ਵਿਚ ਹੈ ਜਿਵੇਂ ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ: “ਵੇਖੋ ਤਾਂ, ਅਨ੍ਹੇਰਾ ਧਰਤੀ ਨੂੰ ਢੱਕ ਲਵੇਗਾ, ਅਤੇ ਉੱਮਤਾਂ ਨੂੰ ਘਟਾਂ।”—ਯਸਾਯਾਹ 60:2.
8. ਹਨੇਰੇ ਵਿਚ ਚੱਲਣ ਵਾਲੇ ਲੋਕ ਕਿਹੜੇ ਤਰੀਕਿਆਂ ਨਾਲ ਦਿਖਾਉਂਦੇ ਹਨ ਕਿ ਉਹ ਭਟਕੇ ਹੋਏ ਹਨ?
8 ਘੁੱਪ ਹਨੇਰੇ ਵਿਚ ਕੁਝ ਵੀ ਦਿਖਾਈ ਨਹੀਂ ਦਿੰਦਾ। ਕੋਈ ਵੀ ਬੰਦਾ ਭਟਕ ਸਕਦਾ ਹੈ। ਇਸੇ ਤਰ੍ਹਾਂ, ਜਿਹੜੇ ਲੋਕ ਅਧਿਆਤਮਿਕ ਹਨੇਰੇ ਵਿਚ ਹੁੰਦੇ ਹਨ, ਉਨ੍ਹਾਂ ਵਿਚ ਸਮਝ ਦੀ ਘਾਟ ਹੁੰਦੀ ਹੈ ਅਤੇ ਉਹ ਅਧਿਆਤਮਿਕ ਤੌਰ ਤੇ ਭਟਕ ਜਾਂਦੇ ਹਨ। ਉਹ ਸਹੀ-ਗ਼ਲਤ ਅਤੇ ਚੰਗੇ-ਮਾੜੇ ਵਿਚ ਫ਼ਰਕ ਪਛਾਣਨ ਦੀ ਕਾਬਲੀਅਤ ਗੁਆ ਬੈਠਦੇ ਹਨ। ਯਸਾਯਾਹ ਨਬੀ ਨੇ ਅਜਿਹੇ ਹਨੇਰੇ ਵਿਚ ਚੱਲਣ ਵਾਲਿਆਂ ਬਾਰੇ ਕਿਹਾ: “ਹਾਇ ਓਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ! ਜਿਹੜੇ ਅਨ੍ਹੇਰ ਨੂੰ ਚਾਨਣ ਦੇ ਥਾਂ, ਅਤੇ ਚਾਨਣ ਨੂੰ ਅਨ੍ਹੇਰ ਦੇ ਥਾਂ ਰੱਖਦੇ ਹਨ! ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ, ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ!” (ਯਸਾਯਾਹ 5:20) ਜਿਹੜੇ ਲੋਕ ਅਧਿਆਤਮਿਕ ਹਨੇਰੇ ਵਿਚ ਰਹਿੰਦੇ ਹਨ, ਉਨ੍ਹਾਂ ਉੱਤੇ ਹਨੇਰੇ ਦਾ ਈਸ਼ਵਰ, ਸ਼ਤਾਨ ਪ੍ਰਭਾਵ ਪਾ ਰਿਹਾ ਹੈ ਜਿਸ ਕਰਕੇ ਉਹ ਚਾਨਣ ਅਤੇ ਜ਼ਿੰਦਗੀ ਦੇ ਸੋਮੇ ਤੋਂ ਦੂਰ ਚਲੇ ਜਾਂਦੇ ਹਨ।—ਅਫ਼ਸੀਆਂ 4:17-19.
ਹਨੇਰੇ ਤੋਂ ਚਾਨਣ ਵੱਲ ਆਉਣ ਦੀਆਂ ਮੁਸ਼ਕਲਾਂ
9. ਇਹ ਸਮਝਾਓ ਕਿ ਪਾਪੀ ਅਸਲੀ ਹਨੇਰਾ ਅਤੇ ਅਧਿਆਤਮਿਕ ਹਨੇਰਾ ਕਿਉਂ ਪਸੰਦ ਕਰਦੇ ਹਨ।
9 ਵਫ਼ਾਦਾਰ ਅੱਯੂਬ ਨੇ ਸਮਝਾਇਆ ਕਿ ਪਾਪੀ ਹਨੇਰਾ ਬਹੁਤ ਪਸੰਦ ਕਰਦੇ ਹਨ: “ਵਿਭਚਾਰੀ ਦੀ ਅੱਖ ਸੰਝ ਨੂੰ ਉਡੀਕਦੀ ਹੈ, ਉਹ ਕਹਿੰਦਾ ਹੈ, ਕੋਈ ਅੱਖ ਮੈਨੂੰ ਨਹੀਂ ਵੇਖੂਗੀ! ਅਤੇ ਆਪਣੇ ਮੂੰਹ ਤੇ ਪੜਦਾ ਪਾ ਲੈਂਦਾ ਹੈ।” (ਅੱਯੂਬ 24:15) ਪਾਪੀ ਅਧਿਆਤਮਿਕ ਹਨੇਰੇ ਵਿਚ ਵੀ ਹੁੰਦੇ ਹਨ ਅਤੇ ਇਹ ਹਨੇਰਾ ਉਨ੍ਹਾਂ ਨੂੰ ਆਪਣੇ ਵੱਸ ਵਿਚ ਰੱਖਦਾ ਹੈ। ਪੌਲੁਸ ਰਸੂਲ ਨੇ ਕਿਹਾ ਕਿ ਹਨੇਰੇ ਵਿਚ ਚੱਲਣ ਵਾਲੇ ਲੋਕ ਅਨੈਤਿਕਤਾ, ਚੋਰੀ, ਲਾਲਚ, ਸ਼ਰਾਬਖੋਰੀ, ਬਦਜ਼ਬਾਨੀ, ਅਤੇ ਲੁੱਟ-ਖੋਹ ਦੇ ਜਾਲ ਵਿਚ ਫਸੇ ਹੋਏ ਹੁੰਦੇ ਹਨ। ਪਰ ਜਿਹੜਾ ਵੀ ਪਰਮੇਸ਼ੁਰ ਦੇ ਬਚਨ ਦੇ ਚਾਨਣ ਵਿਚ ਆਉਂਦਾ ਹੈ, ਉਹ ਬਦਲ ਸਕਦਾ ਹੈ। ਪੌਲੁਸ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਆਪਣੀ ਚਿੱਠੀ ਵਿਚ ਇਹ ਗੱਲ ਸਪੱਸ਼ਟ ਕੀਤੀ ਸੀ ਕਿ ਅਜਿਹਿਆਂ ਵਿਅਕਤੀਆਂ ਲਈ ਆਪਣੀਆਂ ਜ਼ਿੰਦਗੀਆਂ ਨੂੰ ਬਦਲਣਾ ਮੁਮਕਿਨ ਹੈ। ਕੁਰਿੰਥੁਸ ਦੀ ਕਲੀਸਿਯਾ ਵਿਚ ਬਹੁਤ ਸਾਰੇ ਮਸੀਹੀ ਪਹਿਲਾਂ ਹਨੇਰੇ ਦੇ ਕੰਮ ਕਰਦੇ ਸਨ, ਪਰ ਪੌਲੁਸ ਨੇ ਉਨ੍ਹਾਂ ਨੂੰ ਦੱਸਿਆ: “ਪਰ ਪ੍ਰਭੁ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਤੁਸੀਂ ਧੋਤੇ ਗਏ ਅਰ ਤੁਸੀਂ ਪਵਿੱਤਰ ਕੀਤੇ ਗਏ ਅਰ ਤੁਸੀਂ ਧਰਮੀ ਠਹਿਰਾਏ ਗਏ।”—1 ਕੁਰਿੰਥੀਆਂ 6:9-11.
10, 11. (ੳ) ਯਿਸੂ ਨੇ ਸੋਚ-ਸਮਝ ਕੇ ਉਸ ਆਦਮੀ ਦੀ ਮਦਦ ਕਿਵੇਂ ਕੀਤੀ ਸੀ ਜਿਸ ਨੂੰ ਉਸ ਨੇ ਸੁਜਾਖਾ ਕੀਤਾ ਸੀ? (ਅ) ਬਹੁਤ ਸਾਰੇ ਲੋਕ ਚਾਨਣ ਵਿਚ ਕਿਉਂ ਨਹੀਂ ਆਉਣਾ ਚਾਹੁੰਦੇ?
10 ਜਦੋਂ ਕੋਈ ਵਿਅਕਤੀ ਘੁੱਪ ਹਨੇਰੇ ਵਿੱਚੋਂ ਨਿਕਲ ਕੇ ਚਾਨਣ ਵਿਚ ਆਉਂਦਾ ਹੈ, ਤਾਂ ਉਸ ਨੂੰ ਚਾਨਣ ਵਿਚ ਆਪਣੀਆਂ ਅੱਖਾਂ ਖੋਲ੍ਹਣ ਲਈ ਕੁਝ ਸਮਾਂ ਲੱਗਦਾ ਹੈ। ਬੈਤਸੈਦਾ ਵਿਚ ਯਿਸੂ ਨੇ ਇਕ ਅੰਨ੍ਹੇ ਨੂੰ ਪਿਆਰ ਨਾਲ ਹੌਲੀ-ਹੌਲੀ ਸੁਜਾਖਾ ਕੀਤਾ ਸੀ। “ਉਹ ਉਸ ਅੰਨ੍ਹੇ ਦਾ ਹੱਥ ਫੜ ਕੇ ਉਸ ਨੂੰ ਪਿੰਡੋਂ ਬਾਹਰ ਲੈ ਗਿਆ ਅਰ ਉਸ ਦੀਆਂ ਅੱਖਾਂ ਵਿੱਚ ਥੁੱਕ ਕੇ ਉਸ ਉੱਤੇ ਹੱਥ ਰੱਖੇ ਅਤੇ ਉਸ ਨੂੰ ਪੁੱਛਿਆ, ਤੈਨੂੰ ਕੁਝ ਦਿੱਸਦਾ ਹੈ? ਉਸ ਨੇ ਨਜ਼ਰ ਪੱਟ ਕੇ ਵੇਖਿਆ ਅਤੇ ਕਿਹਾ, ਮੈਂ ਮਨੁੱਖਾਂ ਨੂੰ ਵੇਖਦਾ ਹਾਂ ਪਰ ਓਹ ਤੁਰਦੇ ਫਿਰਦੇ ਮੈਨੂੰ ਰੁੱਖਾਂ ਵਾਂਙੁ ਦਿੱਸਦੇ ਹਨ। ਤਦ ਉਹ ਨੇ ਫੇਰ ਉਸ ਦੀਆਂ ਅੱਖਾਂ ਉੱਤੇ ਹੱਥ ਰੱਖੇ ਅਰ ਉਸ ਨੇ ਨਜ਼ਰ ਟਿਕਾ ਕੇ ਵੇਖਿਆ ਤਾਂ ਉਹ ਸੁਜਾਖਾ ਹੋਕੇ ਸਭ ਕੁਝ ਸਾਫ਼ ਸਾਫ਼ ਵੇਖਣ ਲੱਗਾ।” (ਮਰਕੁਸ 8:23-25) ਜ਼ਾਹਰ ਹੈ ਕਿ ਯਿਸੂ ਨੇ ਉਸ ਆਦਮੀ ਦੀ ਨਜ਼ਰ ਇਸ ਲਈ ਹੌਲੀ-ਹੌਲੀ ਠੀਕ ਕੀਤੀ ਤਾਂਕਿ ਚਮਕਦੀ ਧੁੱਪ ਵਿਚ ਉਸ ਦੀਆਂ ਅੱਖਾਂ ਚੁੰਧਿਆ ਨਾ ਜਾਣ। ਅਸੀਂ ਉਸ ਆਦਮੀ ਦੀ ਖ਼ੁਸ਼ੀ ਦਾ ਅੰਦਾਜ਼ਾ ਲਗਾ ਸਕਦੇ ਹਾਂ ਜਦੋਂ ਉਹ ਦੇਖ ਸਕਿਆ।
11 ਪਰ ਇਸ ਆਦਮੀ ਦੀ ਖ਼ੁਸ਼ੀ ਨਾਲੋਂ ਜ਼ਿਆਦਾ ਖ਼ੁਸ਼ੀ ਉਨ੍ਹਾਂ ਨੂੰ ਹੁੰਦੀ ਹੈ ਜਿਨ੍ਹਾਂ ਦੀ ਅਧਿਆਤਮਿਕ ਹਨੇਰੇ ਵਿੱਚੋਂ ਨਿਕਲ ਕੇ ਸੱਚਾਈ ਦੇ ਚਾਨਣ ਵਿਚ ਆਉਣ ਵਿਚ ਹੌਲੀ-ਹੌਲੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦੀ ਖ਼ੁਸ਼ੀ ਦੇਖ ਕੇ ਅਸੀਂ ਸ਼ਾਇਦ ਸੋਚੀਏ ਕਿ ਹੋਰ ਜ਼ਿਆਦਾ ਲੋਕ ਕਿਉਂ ਨਹੀਂ ਚਾਨਣ ਵਿਚ ਆਉਂਦੇ। ਯਿਸੂ ਨੇ ਇਸ ਦਾ ਕਾਰਨ ਦੱਸਿਆ: “ਦੋਸ਼ੀ ਟਹਿਰਨ ਦਾ ਇਹ ਕਾਰਨ ਹੈ ਕਿ ਚਾਨਣ ਜਗਤ ਵਿੱਚ ਆਇਆ ਅਤੇ ਮਨੁੱਖਾਂ ਨੇ ਏਸ ਲਈ ਭਈ ਉਨ੍ਹਾਂ ਦੇ ਕੰਮ ਭੈੜੇ ਸਨ ਅਨ੍ਹੇਰੇ ਨੂੰ ਚਾਨਣ ਨਾਲੋਂ ਵਧੀਕ ਪਿਆਰ ਕੀਤਾ। ਹਰੇਕ ਜੋ ਮੰਦੇ ਕੰਮ ਕਰਦਾ ਹੈ ਸੋ ਚਾਨਣ ਨਾਲ ਵੈਰ ਰੱਖਦਾ ਹੈ ਅਤੇ ਚਾਨਣ ਕੋਲ ਨਹੀਂ ਆਉਂਦਾ ਕਿਤੇ ਐਉਂ ਨਾ ਹੋਵੇ ਜੋ ਉਹ ਦੇ ਕੰਮ ਜ਼ਾਹਰ ਹੋਣ।” (ਯੂਹੰਨਾ 3:19, 20) ਜੀ ਹਾਂ, ਬਹੁਤ ਸਾਰਿਆਂ ਲੋਕਾਂ ਨੂੰ ਅਨੈਤਿਕਤਾ, ਜ਼ੁਲਮ, ਝੂਠ ਬੋਲਣ, ਧੋਖਾਧੜੀ, ਅਤੇ ਚੋਰੀ ਵਰਗੇ “ਮੰਦੇ ਕੰਮ” ਕਰਨ ਵਿਚ ਮਜ਼ਾ ਆਉਂਦਾ ਹੈ। ਐਸੇ ਲੋਕ ਸ਼ਤਾਨ ਦੇ ਅਧਿਆਤਮਿਕ ਹਨੇਰੇ ਵਿਚ ਆਪਣੇ ਮਨਚਾਹੇ ਕੰਮ ਕਰ ਸਕਦੇ ਹਨ।
ਚਾਨਣ ਵਿਚ ਤਰੱਕੀ ਕਰਦੇ ਜਾਣਾ
12. ਚਾਨਣ ਵਿਚ ਆਉਣ ਨਾਲ ਸਾਨੂੰ ਕਿਹੜੇ ਫ਼ਾਇਦੇ ਹੋਏ ਹਨ?
12 ਜਦ ਤੋਂ ਸਾਨੂੰ ਚਾਨਣ ਦਾ ਗਿਆਨ ਮਿਲਿਆ ਹੈ, ਅਸੀਂ ਆਪਣੇ ਵਿਚ ਕਿਹੜੀਆਂ ਤਬਦੀਲੀਆਂ ਦੇਖੀਆਂ ਹਨ? ਆਪਣੀ ਬੀਤੀ ਜ਼ਿੰਦਗੀ ਤੇ ਝਾਤ ਮਾਰ ਕੇ ਇਹ ਦੇਖਣਾ ਚੰਗੀ ਗੱਲ ਹੈ ਕਿ ਅਸੀਂ ਕਿੰਨੀ ਕੁ ਅਧਿਆਤਮਿਕ ਤਰੱਕੀ ਕੀਤੀ ਹੈ। ਅਸੀਂ ਕਿਹੜੀਆਂ ਭੈੜੀਆਂ ਆਦਤਾਂ ਛੱਡੀਆਂ ਹਨ? ਅਸੀਂ ਆਪਣੀ ਜ਼ਿੰਦਗੀ ਦੀਆਂ ਕਿਹੜੀਆਂ ਸਮੱਸਿਆਵਾਂ ਹੱਲ ਕਰਨ ਵਿਚ ਕਾਮਯਾਬ ਹੋਏ ਹਾਂ? ਭਵਿੱਖ ਬਾਰੇ ਸਾਡੀਆਂ ਯੋਜਨਾਵਾਂ ਵਿਚ ਕਿਹੜੀ ਤਬਦੀਲੀ ਆਈ ਹੈ? ਯਹੋਵਾਹ ਦੀ ਤਾਕਤ ਅਤੇ ਉਸ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਅਸੀਂ ਆਪਣੀ ਸ਼ਖ਼ਸੀਅਤ ਅਤੇ ਸੋਚਣੀ ਵਿਚ ਤਬਦੀਲੀ ਕਰਨੀ ਜਾਰੀ ਰੱਖ ਸਕਦੇ ਹਾਂ ਜਿਸ ਤੋਂ ਪਤਾ ਲੱਗੇਗਾ ਕਿ ਅਸੀਂ ਚਾਨਣ ਵਿਚ ਚੱਲਦੇ ਜਾ ਰਹੇ ਹਾਂ। (ਅਫ਼ਸੀਆਂ 4:23, 24) ਪੌਲੁਸ ਨੇ ਇਸ ਬਾਰੇ ਕਿਹਾ ਸੀ: “ਤੁਸੀਂ ਅੱਗੇ ਅਨ੍ਹੇਰਾ ਸਾਓ ਪਰ ਹੁਣ ਪ੍ਰਭੁ ਵਿੱਚ ਹੋ ਕੇ ਚਾਨਣ ਹੋ, ਤੁਸੀਂ ਚਾਨਣ ਦੇ ਪੁਤ੍ਰਾਂ ਵਾਂਙੁ ਚੱਲੋ। ਚਾਨਣ ਦਾ ਫਲ ਹਰ ਭਾਂਤ ਦੀ ਭਲਿਆਈ ਅਤੇ ਧਰਮ ਅਤੇ ਸਚਿਆਈ ਵਿੱਚ ਹੈ।” (ਅਫ਼ਸੀਆਂ 5:8, 9) ਯਹੋਵਾਹ ਦੇ ਚਾਨਣ ਵਿਚ ਚੱਲਦੇ ਰਹਿਣ ਨਾਲ ਸਾਨੂੰ ਜ਼ਿੰਦਗੀ ਵਿਚ ਆਸ਼ਾ ਅਤੇ ਮਕਸਦ ਮਿਲਦਾ ਹੈ ਅਤੇ ਦੂਸਰੇ ਲੋਕਾਂ ਨੂੰ ਵੀ ਖ਼ੁਸ਼ੀ ਮਿਲਦੀ ਹੈ। ਅਤੇ ਜਦੋਂ ਅਸੀਂ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਦੇ ਹਾਂ, ਤਾਂ ਯਹੋਵਾਹ ਦਾ ਦਿਲ ਬਹੁਤ ਹੀ ਖ਼ੁਸ਼ ਹੁੰਦਾ ਹੈ!—ਕਹਾਉਤਾਂ 27:11.
13. ਅਸੀਂ ਯਹੋਵਾਹ ਦੇ ਚਾਨਣ ਲਈ ਉਸ ਦਾ ਸ਼ੁਕਰ ਕਿਵੇਂ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨ ਲਈ ਸਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ?
13 ਜਦੋਂ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ, ਦੋਸਤਾਂ, ਤੇ ਗੁਆਂਢੀਆਂ ਨਾਲ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਸਾਂਝੀਆਂ ਕਰ ਕੇ ਯਹੋਵਾਹ ਦੇ ਚਾਨਣ ਨੂੰ ਅੱਗੇ ਫੈਲਾਉਂਦੇ ਹਾਂ, ਤਾਂ ਅਸੀਂ ਆਪਣੀ ਖ਼ੁਸ਼ਗਵਾਰ ਜ਼ਿੰਦਗੀ ਲਈ ਸ਼ੁਕਰਗੁਜ਼ਾਰੀ ਦਿਖਾਉਂਦੇ ਹਾਂ। (ਮੱਤੀ 5:12-16; 24:14) ਜਿਹੜੇ ਲੋਕ ਸਾਡੀ ਗੱਲ ਨਹੀਂ ਸੁਣਦੇ, ਉਹ ਸਾਡੇ ਪ੍ਰਚਾਰ ਦੇ ਕੰਮ ਅਤੇ ਸਾਡੀ ਚੰਗੀ ਮਸੀਹੀ ਜ਼ਿੰਦਗੀ ਕਾਰਨ ਸ਼ਰਮਿੰਦੇ ਹੁੰਦੇ ਹਨ। ਪੌਲੁਸ ਸਮਝਾਉਂਦਾ ਹੈ: “ਪਰਤਾ ਕੇ ਵੇਖੋ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ। ਅਤੇ ਅਨ੍ਹੇਰੇ ਦੇ ਅਫੱਲ ਕਾਰਜਾਂ ਵਿੱਚ ਸਾਂਝੀ ਨਾ ਹੋਵੋ ਪਰ ਉਨ੍ਹਾਂ ਨੂੰ ਨੰਗਿਆਂ ਕਰੋ।” (ਅਫ਼ਸੀਆਂ 5:10, 11) ਹਨੇਰੇ ਵਿੱਚੋਂ ਨਿੱਕਲ ਕੇ ਚਾਨਣ ਵਿਚ ਆਉਣ ਲਈ ਦੂਸਰਿਆਂ ਦੀ ਮਦਦ ਕਰਨ ਲਈ ਸਾਨੂੰ ਦਲੇਰ ਬਣਨ ਦੀ ਲੋੜ ਹੈ। ਇਸ ਤੋਂ ਜ਼ਿਆਦਾ ਇਹ ਗੱਲ ਜ਼ਰੂਰੀ ਹੈ ਕਿ ਅਸੀਂ ਦੂਸਰਿਆਂ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਈਏ ਅਤੇ ਉਨ੍ਹਾਂ ਦੇ ਅਨੰਤ ਭਲੇ ਲਈ ਅਸੀਂ ਉਨ੍ਹਾਂ ਨਾਲ ਸੱਚਾਈ ਦਾ ਚਾਨਣ ਸਾਂਝਾ ਕਰੀਏ।—ਮੱਤੀ 28:19, 20.
ਨਕਲੀ ਚਾਨਣ ਤੋਂ ਖ਼ਬਰਦਾਰ ਰਹੋ!
14. ਚਾਨਣ ਦੇ ਸੰਬੰਧ ਵਿਚ ਸਾਨੂੰ ਕਿਹੜੀ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ?
14 ਜਿਹੜੇ ਲੋਕ ਹਨੇਰੇ ਵਿਚ ਸਮੁੰਦਰੀ ਜਹਾਜ਼ ਵਿਚ ਸਫ਼ਰ ਕਰ ਰਹੇ ਹੁੰਦੇ ਹਨ, ਉਹ ਕਿਸੇ ਵੀ ਚਾਨਣ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦੇ ਹਨ। ਪੁਰਾਣੇ ਜ਼ਮਾਨੇ ਵਿਚ ਇੰਗਲੈਂਡ ਵਿਚ ਚਟਾਨਾਂ ਉੱਤੇ ਅੱਗ ਬਾਲ਼ੀ ਜਾਂਦੀ ਸੀ ਤਾਂਕਿ ਤੂਫ਼ਾਨ ਵਿਚ ਫਸੇ ਜਹਾਜ਼ਾਂ ਨੂੰ ਬਚਾਉ ਦੀ ਥਾਂ ਦਿੱਸ ਸਕੇ। ਜਹਾਜ਼ ਉੱਤੇ ਕੰਮ ਕਰਨ ਵਾਲੇ ਬਹੁਤ ਖ਼ੁਸ਼ ਹੁੰਦੇ ਸਨ ਕਿ ਅੱਗ ਦੇ ਚਾਨਣ ਦੀ ਮਦਦ ਨਾਲ ਉਹ ਬੰਦਰਗਾਹ ਤੇ ਸਹੀ-ਸਲਾਮਤ ਪਹੁੰਚ ਸਕੇ। ਪਰ ਕਈ ਵਾਰ ਅੱਗ ਧੋਖਾ ਦੇਣ ਲਈ ਵੀ ਲਗਾਈ ਜਾਂਦੀ ਸੀ। ਬਹੁਤ ਸਾਰੇ ਜਹਾਜ਼ਾਂ ਨੂੰ ਬੰਦਰਗਾਹ ਤੇ ਲਿਆਉਣ ਦੀ ਬਜਾਇ ਉਨ੍ਹਾਂ ਨੂੰ ਗ਼ਲਤ ਰਸਤੇ ਪਾਇਆ ਜਾਂਦਾ ਸੀ ਜਿੱਥੇ ਜਹਾਜ਼ ਪਥਰੀਲੇ ਕੰਢਿਆਂ ਨਾਲ ਟਕਰਾ ਕੇ ਟੁੱਟ ਜਾਂਦੇ ਸਨ ਅਤੇ ਉੱਥੋਂ ਉਨ੍ਹਾਂ ਨੂੰ ਲੁੱਟ ਲਿਆ ਜਾਂਦਾ ਸੀ। ਇਸ ਧੋਖੇਬਾਜ਼ ਦੁਨੀਆਂ ਵਿਚ ਸਾਨੂੰ ਅਜਿਹੇ ਨਕਲੀ ਚਾਨਣ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਜੋ ਸਾਡੀ ਅਧਿਆਤਮਿਕ ਬੇੜੀ ਨੂੰ ਡੁਬੋ ਸਕਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ “ਸ਼ਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ।” ਇਸੇ ਤਰ੍ਹਾਂ ਉਸ ਦੇ ਸੇਵਕ ਅਤੇ ਧਰਮ-ਤਿਆਗੀ ਲੋਕ “ਛਲ ਵਲ ਕਰਨ ਵਾਲੇ ਹਨ” ਜੋ “ਆਪਣੇ ਰੂਪ ਨੂੰ ਧਰਮ ਦੇ ਸੇਵਕਾਂ ਦੇ ਰੂਪ ਵਿੱਚ ਵਟਾਉਂਦੇ ਹਨ।” ਜੇ ਅਸੀਂ ਅਜਿਹੇ ਲੋਕਾਂ ਦੀਆਂ ਝੂਠੀਆਂ ਦਲੀਲਾਂ ਨੂੰ ਸੁਣਦੇ ਰਹਾਂਗੇ, ਤਾਂ ਯਹੋਵਾਹ ਦੇ ਸੱਚਾਈ ਦੇ ਬਚਨ ਵਿਚ ਸਾਡਾ ਭਰੋਸਾ ਖ਼ਤਮ ਹੋ ਸਕਦਾ ਹੈ ਅਤੇ ਸਾਡੀ ਨਿਹਚਾ ਦੀ ਬੇੜੀ ਡੁੱਬ ਸਕਦੀ ਹੈ।—2 ਕੁਰਿੰਥੀਆਂ 11:13-15; 1 ਤਿਮੋਥਿਉਸ 1:19.
15. ਕਿਹੜੀ ਚੀਜ਼ ਜੀਵਨ ਦੇ ਰਾਹ ਉੱਤੇ ਚੱਲਦੇ ਰਹਿਣ ਵਿਚ ਸਾਡੀ ਮਦਦ ਕਰੇਗੀ?
15 ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।” (ਜ਼ਬੂਰ 119:105) ਜੀ ਹਾਂ, ਸਾਡੇ ਪ੍ਰੇਮਮਈ ਪਰਮੇਸ਼ੁਰ ਯਹੋਵਾਹ ਨੇ ‘ਜੀਉਣ ਨੂੰ ਜਾਂਦੇ ਸੌੜੇ ਰਾਹ’ ਨੂੰ ਪੂਰੀ ਤਰ੍ਹਾਂ ਰੌਸ਼ਨ ਕੀਤਾ ਹੈ। ਉਹ “ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (ਮੱਤੀ 7:14; 1 ਤਿਮੋਥਿਉਸ 2:4) ਬਾਈਬਲ ਦੀ ਨਸੀਹਤ ਉੱਤੇ ਚੱਲਣ ਨਾਲ ਅਸੀਂ ਭੀੜੇ ਰਾਹ ਤੋਂ ਭਟਕ ਕੇ ਹਨੇਰੇ ਦੇ ਰਾਹਾਂ ਉੱਤੇ ਨਹੀਂ ਜਾਵਾਂਗੇ। ਪੌਲੁਸ ਨੇ ਲਿਖਿਆ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।” (2 ਤਿਮੋਥਿਉਸ 3:16) ਜਿਉਂ-ਜਿਉਂ ਅਸੀਂ ਅਧਿਆਤਮਿਕ ਤੌਰ ਤੇ ਤਰੱਕੀ ਕਰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੇ ਬਚਨ ਤੋਂ ਸਿੱਖਿਆ ਮਿਲਦੀ ਹੈ। ਪਰਮੇਸ਼ੁਰ ਦੇ ਬਚਨ ਦੇ ਚਾਨਣ ਵਿਚ ਅਸੀਂ ਆਪਣੇ ਆਪ ਨੂੰ ਸੁਧਾਰ ਸਕਦੇ ਹਾਂ ਜਾਂ ਲੋੜ ਪੈਣ ਤੇ ਕਲੀਸਿਯਾ ਦੇ ਪ੍ਰੇਮਮਈ ਚਰਵਾਹੇ ਸਾਨੂੰ ਸੁਧਾਰ ਸਕਦੇ ਹਨ। ਇਸੇ ਤਰ੍ਹਾਂ, ਅਸੀਂ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹਾਂ ਅਤੇ ਧਾਰਮਿਕਤਾ ਵਿਚ ਦਿੱਤੇ ਅਨੁਸ਼ਾਸਨ ਨੂੰ ਨਿਮਰਤਾ ਨਾਲ ਕਬੂਲ ਕਰ ਸਕਦੇ ਹਾਂ ਤਾਂਕਿ ਅਸੀਂ ਜ਼ਿੰਦਗੀ ਵੱਲ ਲੈ ਜਾਣ ਵਾਲੇ ਰਾਹ ਉੱਤੇ ਚੱਲਦੇ ਰਹੀਏ।
ਸ਼ੁਕਰਗੁਜ਼ਾਰੀ ਨਾਲ ਚਾਨਣ ਵਿਚ ਚੱਲੋ
16. ਅਸੀਂ ਯਹੋਵਾਹ ਦੇ ਚਾਨਣ ਦੇਣ ਦੇ ਅਦਭੁਤ ਪ੍ਰਬੰਧ ਲਈ ਕਿਵੇਂ ਸ਼ੁਕਰਗੁਜ਼ਾਰੀ ਜ਼ਾਹਰ ਕਰ ਸਕਦੇ ਹਾਂ?
16 ਅਸੀਂ ਯਹੋਵਾਹ ਦੇ ਚਾਨਣ ਦੇਣ ਦੇ ਅਦਭੁਤ ਪ੍ਰਬੰਧ ਲਈ ਕਿਵੇਂ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ? ਯੂਹੰਨਾ ਦਾ 9ਵਾਂ ਅਧਿਆਇ ਸਾਨੂੰ ਦੱਸਦਾ ਹੈ ਕਿ ਜਦੋਂ ਯਿਸੂ ਨੇ ਇਕ ਜਮਾਂਦਰੂ ਅੰਨ੍ਹੇ ਆਦਮੀ ਨੂੰ ਸੁਜਾਖਾ ਕੀਤਾ ਸੀ, ਤਾਂ ਉਹ ਆਦਮੀ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰਨ ਲਈ ਪ੍ਰੇਰਿਤ ਹੋਇਆ ਸੀ। ਕਿਵੇਂ? ਉਸ ਨੇ ਯਿਸੂ ਨੂੰ ਪਰਮੇਸ਼ੁਰ ਦਾ ਪੁੱਤਰ ਸਵੀਕਾਰ ਕਰਦੇ ਹੋਏ ਉਸ ਵਿਚ ਨਿਹਚਾ ਕੀਤੀ ਅਤੇ ਸਾਰਿਆਂ ਲੋਕਾਂ ਦੇ ਸਾਮ੍ਹਣੇ ਉਸ ਨੂੰ “ਨਬੀ” ਸੱਦਿਆ। ਇਸ ਤੋਂ ਇਲਾਵਾ, ਉਹ ਉਨ੍ਹਾਂ ਲੋਕਾਂ ਦੇ ਸਾਮ੍ਹਣੇ ਯਿਸੂ ਦੇ ਪੱਖ ਵਿਚ ਬੋਲਣ ਤੋਂ ਡਰਿਆ ਨਹੀਂ ਸੀ ਜਿਨ੍ਹਾਂ ਨੇ ਯਿਸੂ ਦੇ ਚਮਤਕਾਰ ਦੀ ਨਿੰਦਾ ਕੀਤੀ ਸੀ। (ਯੂਹੰਨਾ 9:17, 30-34) ਪਤਰਸ ਰਸੂਲ ਮਸੀਹੀ ਕਲੀਸਿਯਾ ਦੇ ਮਸਹ ਕੀਤੇ ਹੋਏ ਮੈਂਬਰਾਂ ਨੂੰ “ਪਰਮੇਸ਼ੁਰ ਦੀ ਖਾਸ ਪਰਜਾ” ਸੱਦਦਾ ਹੈ। ਕਿਉਂ? ਕਿਉਂਕਿ ਉਹ ਵੀ ਉਸ ਜਮਾਂਦਰੂ ਅੰਨ੍ਹੇ ਵਾਂਗ ਸ਼ੁਕਰਗੁਜ਼ਾਰ ਹਨ। ਉਹ ਯਹੋਵਾਹ ਆਪਣੇ ਦਾਤਾ ਦੇ ‘ਗੁਣਾਂ ਦਾ ਪਰਚਾਰ ਕਰ ਕੇ’ ਉਸ ਦਾ ਸ਼ੁਕਰਗੁਜ਼ਾਰ ਕਰਦੇ ਹਨ ‘ਜਿਹ ਨੇ ਉਨ੍ਹਾਂ ਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।’ (1 ਪਤਰਸ 2:9; ਕੁਲੁੱਸੀਆਂ 1:13) ਜਿਨ੍ਹਾਂ ਨੂੰ ਧਰਤੀ ਉੱਤੇ ਜੀਉਣ ਦੀ ਆਸ ਹੈ ਉਹ ਵੀ ਇਸ ਤਰ੍ਹਾਂ ਦਾ ਧੰਨਵਾਦੀ ਰਵੱਈਆ ਦਿਖਾਉਂਦੇ ਹਨ ਅਤੇ ਉਹ ਯਹੋਵਾਹ ਦੇ “ਗੁਣਾਂ” ਦਾ ਜਨਤਕ ਤੌਰ ਤੇ ਪ੍ਰਚਾਰ ਕਰਨ ਵਿਚ ਆਪਣੇ ਮਸਹ ਕੀਤੇ ਹੋਏ ਭਰਾਵਾਂ ਦਾ ਸਾਥ ਦਿੰਦੇ ਹਨ। ਯਹੋਵਾਹ ਅਪੂਰਣ ਇਨਸਾਨਾਂ ਨੂੰ ਕਿੰਨਾ ਵੱਡਾ ਸਨਮਾਨ ਦੇ ਰਿਹਾ ਹੈ!
17, 18. (ੳ) ਹਰ ਮਸੀਹੀ ਦੀ ਕੀ ਜ਼ਿੰਮੇਵਾਰੀ ਹੈ? (ਅ) ਤਿਮੋਥਿਉਸ ਦੀ ਨਕਲ ਕਰਦੇ ਹੋਏ ਹਰ ਮਸੀਹੀ ਨੂੰ ਕਿਸ ਚੀਜ਼ ਤੋਂ ਬਚਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ?
17 ਸੱਚਾਈ ਦੇ ਚਾਨਣ ਲਈ ਦਿਲੋਂ ਕਦਰ ਕਰਨੀ ਬਹੁਤ ਜ਼ਰੂਰੀ ਹੈ। ਯਾਦ ਰੱਖੋ, ਸਾਡੇ ਵਿੱਚੋਂ ਕੋਈ ਵੀ ਆਪਣੇ ਜਨਮ ਤੋਂ ਸੱਚਾਈ ਬਾਰੇ ਨਹੀਂ ਜਾਣਦਾ। ਕੁਝ ਲੋਕ ਵੱਡੇ ਹੋ ਕੇ ਸੱਚਾਈ ਜਾਣਨ ਲੱਗਦੇ ਹਨ ਅਤੇ ਜਲਦੀ ਹੀ ਦੇਖ ਲੈਂਦੇ ਹਨ ਕਿ ਚਾਨਣ ਹਨੇਰੇ ਨਾਲੋਂ ਵਧੀਆ ਹੈ। ਪਰ ਕਈਆਂ ਨੇ ਪਰਮੇਸ਼ੁਰ ਤੋਂ ਡਰਨ ਵਾਲੇ ਮਾਤਾ-ਪਿਤਾ ਤੋਂ ਸੱਚਾਈ ਸਿੱਖੀ ਹੈ। ਅਜਿਹੇ ਲੋਕਾਂ ਦੇ ਦਿਲਾਂ ਵਿਚ ਚਾਨਣ ਦੀ ਅਹਿਮੀਅਤ ਆਸਾਨੀ ਨਾਲ ਘੱਟ ਸਕਦੀ ਹੈ। ਇਕ ਭੈਣ ਦੇ ਮਾਤਾ-ਪਿਤਾ ਉਸ ਦੇ ਜਨਮ ਤੋਂ ਪਹਿਲਾਂ ਹੀ ਯਹੋਵਾਹ ਦੀ ਸੇਵਾ ਕਰ ਰਹੇ ਸਨ। ਉਹ ਦੱਸਦੀ ਹੈ ਕਿ ਉਸ ਨੇ ਬਚਪਨ ਤੋਂ ਹੀ ਸੱਚਾਈ ਸਿੱਖੀ ਸੀ, ਪਰ ਉਸ ਨੂੰ ਇਸ ਦੀ ਪੂਰੀ ਅਹਿਮੀਅਤ ਜਾਣਨ ਵਿਚ ਬਹੁਤ ਸਮਾਂ ਲਗਾ ਕੇ ਸਖ਼ਤ ਮਿਹਨਤ ਕਰਨੀ ਪਈ। (2 ਤਿਮੋਥਿਉਸ 3:15) ਅਸੀਂ ਚਾਹੇ ਜਵਾਨ ਹਾਂ ਜਾਂ ਬੁੱਢੇ, ਸਾਨੂੰ ਸਾਰਿਆਂ ਨੂੰ ਯਹੋਵਾਹ ਦੁਆਰਾ ਪ੍ਰਗਟ ਕੀਤੀ ਗਈ ਸੱਚਾਈ ਲਈ ਡੂੰਘੀ ਕਦਰਦਾਨੀ ਪੈਦਾ ਕਰਨ ਦੀ ਲੋੜ ਹੈ।
18 ਨੌਜਵਾਨ ਤਿਮੋਥਿਉਸ ਨੂੰ ਬਚਪਨ ਤੋਂ ਹੀ “ਪਵਿੱਤਰ ਲਿਖਤਾਂ” ਦੀ ਜਾਣਕਾਰੀ ਸਿਖਾਈ ਗਈ ਸੀ, ਪਰ ਉਹ ਆਪਣੀ ਸੇਵਕਾਈ ਵਿਚ ਬਹੁਤ ਮਿਹਨਤ ਕਰਨ ਤੋਂ ਬਾਅਦ ਹੀ ਇਕ ਸਿਆਣਾ ਮਸੀਹੀ ਬਣ ਸਕਿਆ। (2 ਤਿਮੋਥਿਉਸ 3:15) ਇਸ ਤਰ੍ਹਾਂ ਉਹ ਪੌਲੁਸ ਰਸੂਲ ਦੀ ਮਦਦ ਕਰਨ ਦੇ ਯੋਗ ਹੋਇਆ। ਪੌਲੁਸ ਨੇ ਉਸ ਨੂੰ ਨਸੀਹਤ ਦਿੱਤੀ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।” ਆਓ ਆਪਾਂ ਸਾਰੇ ਤਿਮੋਥਿਉਸ ਵਾਂਗ ਅਜਿਹਾ ਕੋਈ ਵੀ ਕੰਮ ਕਰਨ ਤੋਂ ਬਚੀਏ ਜਿਸ ਕਰਕੇ ਸਾਨੂੰ ਦੂਜਿਆਂ ਦੇ ਸਾਮ੍ਹਣੇ ਸ਼ਰਮਿੰਦਾ ਹੋਣਾ ਪਵੇ ਜਾਂ ਯਹੋਵਾਹ ਨੂੰ ਸ਼ਰਮਿੰਦਾ ਹੋਣਾ ਪਵੇ!—2 ਤਿਮੋਥਿਉਸ 2:15.
19. (ੳ) ਦਾਊਦ ਵਾਂਗ ਸਾਨੂੰ ਸਾਰਿਆਂ ਨੂੰ ਕੀ ਕਹਿਣਾ ਚਾਹੀਦਾ ਹੈ? (ਅ) ਅਗਲੇ ਲੇਖ ਵਿਚ ਕਿਸ ਗੱਲ ਉੱਤੇ ਚਰਚਾ ਕੀਤੀ ਜਾਵੇਗੀ?
19 ਸਾਡੇ ਕੋਲ ਯਹੋਵਾਹ ਦੀ ਮਹਿਮਾ ਕਰਨ ਦੇ ਬਹੁਤ ਸਾਰੇ ਕਾਰਨ ਹਨ ਜਿਸ ਨੇ ਸਾਨੂੰ ਆਪਣੀ ਸੱਚਾਈ ਦਾ ਚਾਨਣ ਦਿੱਤਾ ਹੈ। ਰਾਜਾ ਦਾਊਦ ਵਾਂਗ ਅਸੀਂ ਕਹਿੰਦੇ ਹਾਂ: “ਤੂੰ ਮੇਰਾ ਦੀਵਾ ਹੈਂ, ਹੇ ਯਹੋਵਾਹ, ਯਹੋਵਾਹ ਮੇਰੇ ਅਨ੍ਹੇਰੇ ਨੂੰ ਚਾਨਣਾ ਕਰਦਾ ਹੈ!” (2 ਸਮੂਏਲ 22:29) ਫਿਰ ਵੀ ਸਾਨੂੰ ਬੇਪਰਵਾਹ ਇਨਸਾਨ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਅਸੀਂ ਫਿਰ ਹਨੇਰੇ ਵਿਚ ਜਾ ਸਕਦੇ ਹਾਂ ਜਿਸ ਵਿੱਚੋਂ ਸਾਨੂੰ ਬਚਾਇਆ ਗਿਆ ਸੀ। ਇਸ ਲਈ ਅਗਲਾ ਲੇਖ ਸਾਡੀ ਇਹ ਦੇਖਣ ਵਿਚ ਮਦਦ ਕਰੇਗਾ ਕਿ ਸਾਨੂੰ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰੀ ਸੱਚਾਈ ਨੂੰ ਕਿੰਨੀ ਕੁ ਅਹਿਮੀਅਤ ਦੇਣੀ ਚਾਹੀਦੀ ਹੈ।
ਤੁਸੀਂ ਕੀ ਸਿੱਖਿਆ ਹੈ?
• ਯਹੋਵਾਹ ਅਧਿਆਤਮਿਕ ਚਾਨਣ ਕਿਵੇਂ ਦਿੰਦਾ ਹੈ?
• ਸਾਡੇ ਚਾਰੇ ਪਾਸੇ ਫੈਲੇ ਅਧਿਆਤਮਿਕ ਹਨੇਰੇ ਕਰਕੇ ਸਾਨੂੰ ਕਿਹੜੀ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈਂਦਾ ਹੈ?
• ਸਾਨੂੰ ਕਿਹੜੇ ਖ਼ਤਰਿਆਂ ਤੋਂ ਬਚਣਾ ਚਾਹੀਦਾ ਹੈ?
• ਅਸੀਂ ਸੱਚਾਈ ਦੇ ਚਾਨਣ ਲਈ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਜ਼ਾਹਰ ਕਰ ਸਕਦੇ ਹਾਂ?
[ਸਵਾਲ]
[ਸਫ਼ੇ 8 ਉੱਤੇ ਤਸਵੀਰ]
ਯਹੋਵਾਹ ਭੌਤਿਕ ਅਤੇ ਅਧਿਆਤਮਿਕ ਚਾਨਣ ਦਾ ਸੋਮਾ ਹੈ
[ਸਫ਼ੇ 10 ਉੱਤੇ ਤਸਵੀਰ]
ਜਿਵੇਂ ਯਿਸੂ ਨੇ ਇਕ ਅੰਨ੍ਹੇ ਆਦਮੀ ਦੀ ਨਜ਼ਰ ਹੌਲੀ-ਹੌਲੀ ਠੀਕ ਕੀਤੀ ਸੀ, ਉਸੇ ਤਰ੍ਹਾਂ ਉਹ ਅਧਿਆਤਮਿਕ ਹਨੇਰੇ ਵਿੱਚੋਂ ਨਿਕਲਣ ਵਿਚ ਸਾਡੀ ਮਦਦ ਕਰਦਾ ਹੈ
[ਸਫ਼ੇ 11 ਉੱਤੇ ਤਸਵੀਰ]
ਸ਼ਤਾਨ ਦੇ ਨਕਲੀ ਚਾਨਣ ਨਾਲ ਗੁਮਰਾਹ ਹੋ ਜਾਣ ਨਾਲ ਅਧਿਆਤਮਿਕ ਬੇੜੀ ਡੁੱਬ ਜਾਂਦੀ ਹੈ