ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਕੀ ਇਹ ਕਹਿਣਾ ਸਹੀ ਹੈ ਕਿ ਯਹੋਵਾਹ ਦੀ ਦਇਆ ਉਸ ਦੇ ਨਿਆਂ ਨੂੰ ਨਰਮ ਕਰ ਦਿੰਦੀ ਹੈ?
ਹਾਲਾਂਕਿ ਇਹ ਵਿਚਾਰ ਪਹਿਲਾਂ ਵੀ ਵਰਤਿਆ ਗਿਆ ਹੈ, ਪਰ ਇਸ ਨੂੰ ਨਾ ਵਰਤਿਆ ਜਾਵੇ ਤਾਂ ਚੰਗਾ ਹੈ ਕਿਉਂਕਿ ਇਸ ਤੋਂ ਲੱਗਦਾ ਹੈ ਕਿ ਯਹੋਵਾਹ ਦੀ ਦਇਆ ਉਸ ਦੇ ਨਿਆਂ ਨੂੰ ਨਰਮ ਕਰ ਦਿੰਦੀ ਹੈ ਜਾਂ ਰੋਕ ਦਿੰਦੀ ਹੈ। ਇਸ ਤੋਂ ਇਵੇਂ ਲੱਗਦਾ ਹੈ ਜਿਵੇਂ ਕਿ ਦਇਆ ਦਾ ਗੁਣ ਨਿਆਂ ਦੇ ਸਖ਼ਤ ਗੁਣ ਨਾਲੋਂ ਜ਼ਿਆਦਾ ਉੱਤਮ ਹੈ। ਇਹ ਸਹੀ ਨਹੀਂ ਹੈ।
“ਨਿਆਂ” ਲਈ ਇਬਰਾਨੀ ਸ਼ਬਦ ਦਾ ਮਤਲਬ “ਅਦਾਲਤੀ ਫ਼ੈਸਲਾ” ਵੀ ਹੋ ਸਕਦਾ ਹੈ। ਨਿਆਂ ਦਾ ਧਾਰਮਿਕਤਾ ਨਾਲ ਗਹਿਰਾ ਸੰਬੰਧ ਹੈ। ਨਿਆਂ ਵਿਚ ਅਕਸਰ ਕਾਨੂੰਨੀ ਨਿਯਮ ਸ਼ਾਮਲ ਹੁੰਦੇ ਹਨ, ਪਰ ਧਾਰਮਿਕਤਾ ਵਿਚ ਨਹੀਂ। ਇਹ ਸੱਚ ਹੈ ਕਿ ਯਹੋਵਾਹ ਦੇ ਨਿਆਂ ਵਿਚ ਸਜ਼ਾ ਦੇਣੀ ਸ਼ਾਮਲ ਹੈ, ਪਰ ਇਸ ਵਿਚ ਚੰਗੇ ਲੋਕਾਂ ਨੂੰ ਮੁਕਤੀ ਦੇਣੀ ਵੀ ਸ਼ਾਮਲ ਹੈ। (ਉਤਪਤ 18:20-32; ਯਸਾਯਾਹ 56:1; ਮਲਾਕੀ 4:2) ਇਸ ਲਈ ਯਹੋਵਾਹ ਦੇ ਨਿਆਂ ਨੂੰ ਸਖ਼ਤ ਨਹੀਂ ਸਮਝਿਆ ਜਾਣਾ ਚਾਹੀਦਾ ਜਾਂ ਇਹ ਨਹੀਂ ਸੋਚਣਾ ਚਾਹੀਦਾ ਕਿ ਇਸ ਨੂੰ ਨਰਮ ਕਰਨ ਦੀ ਲੋੜ ਹੈ।
“ਦਇਆ” ਲਈ ਵਰਤੇ ਇਬਰਾਨੀ ਸ਼ਬਦ ਦਾ ਮਤਲਬ ਅਦਾਲਤੀ ਫ਼ੈਸਲੇ ਨੂੰ ਲਾਗੂ ਕਰਨ ਵਿਚ ਕੰਟ੍ਰੋਲ ਰੱਖਣਾ ਵੀ ਹੋ ਸਕਦਾ ਹੈ। ਇਹ ਸ਼ਬਦ ਦੁਖੀਆਂ ਨੂੰ ਰਾਹਤ ਪਹੁੰਚਾਉਣ ਲਈ ਉਨ੍ਹਾਂ ਉੱਤੇ ਕੀਤੇ ਜਾਣ ਵਾਲੇ ਤਰਸ ਦੀ ਡੂੰਘੀ ਭਾਵਨਾ ਨੂੰ ਵੀ ਦਰਸਾ ਸਕਦਾ ਹੈ।—ਬਿਵਸਥਾ ਸਾਰ 10:18; ਲੂਕਾ 10:29-37.
ਯਹੋਵਾਹ ਨਿਆਂ ਅਤੇ ਦਇਆ ਦੋਹਾਂ ਦਾ ਹੀ ਪਰਮੇਸ਼ੁਰ ਹੈ। (ਕੂਚ 34:6, 7; ਬਿਵਸਥਾ ਸਾਰ 32:4; ਜ਼ਬੂਰ 145:9) ਉਸ ਦਾ ਨਿਆਂ ਤੇ ਉਸ ਦੀ ਦਇਆ ਦੋਵੇਂ ਹੀ ਸੰਪੂਰਣ ਹਨ ਅਤੇ ਇਹ ਦੋਵੇਂ ਮਿਲ ਕੇ ਕੰਮ ਕਰਦੇ ਹਨ। (ਜ਼ਬੂਰ 116:5; ਹੋਸ਼ੇਆ 2:19) ਦੋਵੇਂ ਗੁਣ ਪੂਰੀ ਤਰ੍ਹਾਂ ਇਕ-ਦੂਜੇ ਦੇ ਸਮਤੋਲ ਜਾਂ ਇਕ-ਦੂਜੇ ਦੇ ਪੂਰਕ ਹਨ। ਇਸ ਲਈ ਜੇ ਅਸੀਂ ਕਹਿੰਦੇ ਹਾਂ ਕਿ ਯਹੋਵਾਹ ਦੀ ਦਇਆ ਉਸ ਦੇ ਨਿਆਂ ਨੂੰ ਨਰਮ ਕਰ ਦਿੰਦੀ ਹੈ, ਤਾਂ ਅਸੀਂ ਇਹ ਵੀ ਕਹਾਂਗੇ ਕਿ ਉਸ ਦਾ ਨਿਆਂ ਉਸ ਦੀ ਦਇਆ ਨੂੰ ਘਟਾ ਦਿੰਦਾ ਹੈ।
ਯਸਾਯਾਹ ਨੇ ਭਵਿੱਖਬਾਣੀ ਕੀਤੀ: “ਯਹੋਵਾਹ ਉਡੀਕਦਾ ਹੈ, ਭਈ ਉਹ ਤੁਹਾਡੇ ਉੱਤੇ ਕਿਰਪਾ ਕਰੇ, ਅਤੇ ਏਸ ਲਈ ਉਹ ਆਪ ਨੂੰ ਉੱਚਾ ਕਰਦਾ ਹੈ, ਭਈ ਉਹ ਤੁਹਾਡੇ ਉੱਤੇ ਰਹਮ ਕਰੇ, ਕਿਉਂ ਜੋ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ।” (ਯਸਾਯਾਹ 30:18) ਯਸਾਯਾਹ ਇੱਥੇ ਦਿਖਾਉਂਦਾ ਹੈ ਕਿ ਯਹੋਵਾਹ ਦਾ ਨਿਆਂ ਦਇਆ ਦੇ ਕੰਮ ਕਰਨ ਲਈ ਉਕਸਾਉਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਸ ਦੀ ਦਇਆ ਉਸ ਦੇ ਨਿਆਂ ਨੂੰ ਨਰਮ ਕਰਦੀ ਹੈ ਜਾਂ ਰੋਕ ਦਿੰਦੀ ਹੈ। ਯਹੋਵਾਹ ਇਸ ਲਈ ਦਇਆ ਦਿਖਾਉਂਦਾ ਹੈ ਕਿਉਂਕਿ ਉਹ ਨਿਆਈਂ ਹੈ ਅਤੇ ਪਿਆਰ ਦਾ ਪਰਮੇਸ਼ੁਰ ਹੈ।
ਇਹ ਸੱਚ ਹੈ ਕਿ ਬਾਈਬਲ ਲਿਖਾਰੀ ਯਾਕੂਬ ਨੇ ਲਿਖਿਆ: “ਦਯਾ ਨਿਆਉਂ ਦੇ ਉੱਤੇ ਫ਼ਤਹ ਪਾਉਂਦੀ ਹੈ।” (ਯਾਕੂਬ 2:13ਅ) ਯਾਕੂਬ ਇੱਥੇ ਯਹੋਵਾਹ ਦੀ ਦਇਆ ਬਾਰੇ ਗੱਲ ਨਹੀਂ ਕਰ ਰਿਹਾ, ਸਗੋਂ ਉਨ੍ਹਾਂ ਮਸੀਹੀਆਂ ਬਾਰੇ ਗੱਲ ਕਰ ਰਿਹਾ ਹੈ ਜੋ ਦਇਆ ਦਿਖਾਉਂਦੇ ਹਨ। ਉਦਾਹਰਣ ਲਈ ਉਹ ਦੁਖੀਆਂ ਤੇ ਗ਼ਰੀਬਾਂ ਪ੍ਰਤੀ ਦਇਆ ਦਿਖਾਉਂਦੇ ਹਨ। (ਯਾਕੂਬ 1:27; 2:1-9) ਅਜਿਹੇ ਦਿਆਲੂ ਲੋਕਾਂ ਦਾ ਨਿਆਂ ਕਰਨ ਵੇਲੇ ਯਹੋਵਾਹ ਉਨ੍ਹਾਂ ਦੇ ਵਤੀਰੇ ਨੂੰ ਧਿਆਨ ਵਿਚ ਰੱਖਦਾ ਹੈ ਅਤੇ ਆਪਣੇ ਪੁੱਤਰ ਦੀ ਕੁਰਬਾਨੀ ਦੇ ਆਧਾਰ ਤੇ ਦਇਆ ਨਾਲ ਉਨ੍ਹਾਂ ਨੂੰ ਮਾਫ਼ ਕਰਦਾ ਹੈ। ਇਸ ਤਰ੍ਹਾਂ ਉਨ੍ਹਾਂ ਦਾ ਦਿਆਲੂ ਵਤੀਰਾ ਕਿਸੇ ਵੀ ਸਖ਼ਤ ਨਿਆਂ ਉੱਤੇ ਫਤਹਿ ਪਾਉਂਦਾ ਹੈ ਜੋ ਉਨ੍ਹਾਂ ਨੂੰ ਭੁਗਤਣਾ ਪੈ ਸਕਦਾ ਸੀ।—ਕਹਾਉਤਾਂ 14:21; ਮੱਤੀ 5:7; 6:12; 7:2.
ਇਸ ਲਈ ਇਹ ਕਹਿਣਾ ਸਹੀ ਨਹੀਂ ਹੈ ਕਿ ਯਹੋਵਾਹ ਦੀ ਦਇਆ ਉਸ ਦੇ ਨਿਆਂ ਨੂੰ ਨਰਮ ਕਰ ਦਿੰਦੀ ਹੈ। ਯਹੋਵਾਹ ਵਿਚ ਇਹ ਦੋਵੇਂ ਗੁਣ ਬਰਾਬਰ ਮਾਤਰਾ ਵਿਚ ਹਨ। ਇਹ ਦੋਵੇਂ ਗੁਣ ਇਕ-ਦੂਜੇ ਨੂੰ ਸੰਤੁਲਨ ਵਿਚ ਲਿਆਉਂਦੇ ਹਨ ਤੇ ਇਸ ਦੇ ਨਾਲ-ਨਾਲ ਇਹ ਦੋਵੇਂ ਗੁਣ ਯਹੋਵਾਹ ਦੇ ਪਿਆਰ ਅਤੇ ਬੁੱਧੀ ਵਰਗੇ ਦੂਜੇ ਗੁਣਾਂ ਨੂੰ ਸੰਤੁਲਿਤ ਕਰਦੇ ਹਨ ਤੇ ਉਹ ਗੁਣ ਇਨ੍ਹਾਂ ਦੋਵਾਂ ਨੂੰ ਸੰਤੁਲਿਤ ਕਰਦੇ ਹਨ।