Skip to content

Skip to table of contents

ਚੰਗੀ ਅਗਵਾਈ ਕਿੱਥੋਂ ਮਿਲ ਸਕਦੀ ਹੈ?

ਚੰਗੀ ਅਗਵਾਈ ਕਿੱਥੋਂ ਮਿਲ ਸਕਦੀ ਹੈ?

ਚੰਗੀ ਅਗਵਾਈ ਕਿੱਥੋਂ ਮਿਲ ਸਕਦੀ ਹੈ?

ਬਾਈਬਲ ਕਹਿੰਦੀ ਹੈ ਕਿ “ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਹ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।” (ਇਬਰਾਨੀਆਂ 3:4; ਪਰਕਾਸ਼ ਦੀ ਪੋਥੀ 4:11) ਸੱਚਾ ਪਰਮੇਸ਼ੁਰ ਯਹੋਵਾਹ ਸਾਡਾ ਸਿਰਜਣਹਾਰ ਹੋਣ ਦੇ ਨਾਤੇ “ਸਾਡੀ ਸਰਿਸ਼ਟ ਨੂੰ ਜਾਣਦਾ ਹੈ।” (ਜ਼ਬੂਰ 103:14) ਉਸ ਨੂੰ ਸਾਡੀਆਂ ਕਮਜ਼ੋਰੀਆਂ ਅਤੇ ਜ਼ਰੂਰਤਾਂ ਬਾਰੇ ਪੂਰੀ ਜਾਣਕਾਰੀ ਹੈ। ਅਤੇ ਇਸ ਲਈ ਕਿ ਉਹ ਸਾਡੇ ਨਾਲ ਪ੍ਰੇਮ ਕਰਦਾ ਹੈ, ਉਹ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਵੀ ਚਾਹੁੰਦਾ ਹੈ। (ਜ਼ਬੂਰ 145:16; 1 ਯੂਹੰਨਾ 4:8) ਇਨ੍ਹਾਂ ਜ਼ਰੂਰਤਾਂ ਵਿਚ ਚੰਗੀ ਅਗਵਾਈ ਦੀ ਜ਼ਰੂਰਤ ਵੀ ਸ਼ਾਮਲ ਹੈ।

ਯਸਾਯਾਹ ਨਬੀ ਦੇ ਰਾਹੀਂ ਯਹੋਵਾਹ ਨੇ ਕਿਹਾ: “ਮੈਂ ਉਸ ਨੂੰ ਲੋਕਾਂ ਦੇ ਲਈ ਆਪਣਾ ਗਵਾਹ ਬਣਾਇਆ, ਅਤੇ ਉਸ ਨੂੰ ਮੈਂ ਕੌਮਾਂ ਦਾ ਆਗੂ ਤੇ ਸੈਨਾਪਤੀ ਬਣਾਇਆ।” (ਯਸਾਯਾਹ 55:4, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਆਗੂ ਖ਼ੁਦ ਪਰਮੇਸ਼ੁਰ ਦੁਆਰਾ ਨਿਯੁਕਤ ਕੀਤਾ ਗਿਆ ਹੈ। ਇਸ ਆਗੂ ਨੂੰ ਜਾਣਨ ਨਾਲ ਅਤੇ ਉਸ ਦੀ ਅਗਵਾਈ ਨੂੰ ਸਵੀਕਾਰ ਕਰਨ ਨਾਲ ਅੱਜ-ਕੱਲ੍ਹ ਦੀ ਚੰਗੀ ਅਗਵਾਈ ਦੀ ਥੁੜ ਨੂੰ ਪੂਰਾ ਕੀਤਾ ਜਾ ਸਕਦਾ ਹੈ। ਤਾਂ ਫਿਰ ਇਹ ਆਗੂ ਅਤੇ ਸੈਨਾਪਤੀ ਕੌਣ ਹੈ? ਕਿਹੜੀ ਗੱਲ ਇਸ ਆਗੂ ਨੂੰ ਲਾਇਕ ਬਣਾਉਂਦੀ ਹੈ? ਉਸ ਦੀ ਅਗਵਾਈ ਦਾ ਨਤੀਜਾ ਕੀ ਹੋਵੇਗਾ? ਉਸ ਦੀ ਅਗਵਾਈ ਦਾ ਫ਼ਾਇਦਾ ਲੈਣ ਵਾਸਤੇ ਸਾਨੂੰ ਕੀ ਕਰਨਾ ਪਵੇਗਾ?

ਵਾਅਦਾ ਕੀਤੇ ਹੋਏ ਆਗੂ ਦੇ ਆਉਣ ਦਾ ਸਮਾਂ

ਅੱਜ ਤੋਂ ਕੁਝ 2,500 ਸਾਲ ਪਹਿਲਾਂ ਜਿਬਰਾਏਲ ਦੂਤ ਨੇ ਦਰਸ਼ਣ ਵਿਚ ਦਾਨੀਏਲ ਨਬੀ ਨੂੰ ਕਿਹਾ: “ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿੱਕਲੇਗੀ ਮਸੀਹ ਰਾਜ ਪੁੱਤ੍ਰ ਤੀਕਰ [“ਪਰਮੇਸ਼ਰ ਦੇ ਚੁਣੇ ਹੋਏ ਆਗੂ ਦੇ ਆਉਣ ਤਕ,” ਨਵਾਂ ਅਨੁਵਾਦ] ਸੱਤ ਸਾਤੇ ਹੋਣਗੇ ਅਤੇ ਬਾਹਠ ਸਾਤੇ ਉਹ ਬਜ਼ਾਰ ਧੂੜਕੋਟ ਸਣੇ ਬਣਾਇਆ ਜਾਵੇਗਾ ਪਰ ਔਖਿਆਈ ਦੇ ਦਿਨਾਂ ਵਿੱਚ।”—ਦਾਨੀਏਲ 9:25.

ਅਸੀਂ ਦੇਖ ਸਕਦੇ ਹਾਂ ਕਿ ਦੂਤ ਦਾਨੀਏਲ ਨੂੰ ਯਹੋਵਾਹ ਦੇ “ਚੁਣੇ ਹੋਏ ਆਗੂ” ਦੇ ਆਉਣ ਬਾਰੇ ਦੱਸ ਰਿਹਾ ਸੀ। ਸੰਨ 455 ਸਾ.ਯੁ.ਪੂ. ਵਿਚ ਯਰੂਸ਼ਲਮ ਦੇ ਦੁਬਾਰਾ ਉਸਾਰੇ ਜਾਣ ਦਾ ਹੁਕਮ ਦਿੱਤਾ ਗਿਆ ਸੀ। ਉਸ ਸਮੇਂ ਤੋਂ ਲੈ ਕੇ ਉਸ ਆਗੂ ਨੇ 69 ਸਾਤਿਆਂ, ਯਾਨੀ 483 ਸਾਲਾਂ ਦੇ ਅੰਤ ਵਿਚ ਆਉਣਾ ਸੀ। * (ਨਹਮਯਾਹ 2:1-8) ਇਸ ਸਮੇਂ ਤੇ ਕੀ ਹੋਇਆ ਸੀ? ਇੰਜੀਲ ਦੇ ਲਿਖਾਰੀ ਲੂਕਾ ਨੇ ਲਿਖਿਆ: “ਫੇਰ ਤਿਬਿਰਿਯੁਸ ਕੈਸਰ ਦੇ ਰਾਜ ਦੇ ਪੰਦਰਵੇਂ ਵਰਹੇ [29 ਸਾ.ਯੁ.] ਜਦ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ ਸੀ ਅਤੇ ਹੇਰੋਦੇਸ ਗਲੀਲ ਦਾ ਰਾਜਾ . . . ਪਰਮੇਸ਼ੁਰ ਦਾ ਬਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤ੍ਰ ਯੂਹੰਨਾ ਨੂੰ ਪਹੁੰਚਿਆ। ਅਤੇ ਉਸ ਨੇ ਯਰਦਨ ਦੇ ਸਾਰੇ ਲਾਂਭ ਛਾਂਭ ਦੇ ਦੇਸ ਵਿੱਚ ਆਣ ਕੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮਾ ਦਾ ਪਰਚਾਰ ਕੀਤਾ।” ਉਸ ਸਮੇਂ ਵਿਚ ਲੋਕ ਚੁਣੇ ਹੋਏ ਆਗੂ, ਯਾਨੀ ਮਸੀਹ ਨੂੰ ਉਡੀਕ ਰਹੇ ਸਨ। (ਲੂਕਾ 3:1-3, 15) ਭਾਵੇਂ ਲੋਕ ਯੂਹੰਨਾ ਕੋਲ ਆਉਂਦੇ ਸਨ, ਉਹ ਚੁਣਿਆ ਹੋਇਆ ਆਗੂ ਨਹੀਂ ਸੀ।

ਸੰਨ 29 ਸਾ.ਯੂ. ਦੇ ਅਕਤੂਬਰ ਦੇ ਮਹੀਨੇ ਦੇ ਲਾਗੇ ਯਿਸੂ ਨਾਸਰੀ ਬਪਤਿਸਮਾ ਲੈਣ ਲਈ ਯੂਹੰਨਾ ਕੋਲ ਆਇਆ। ਯੂਹੰਨਾ ਨੇ ਇਹ ਆਖ ਕੇ ਸਾਖੀ ਦਿੱਤੀ: “ਮੈਂ ਆਤਮਾ ਨੂੰ ਕਬੂਤਰ ਦੀ ਨਿਆਈਂ ਅਕਾਸ਼ੋਂ ਉੱਤਰਦਾ ਵੇਖਿਆ ਅਤੇ ਉਹ ਉਸ ਉੱਤੇ ਠਹਿਰਿਆ। ਅਰ ਮੈਂ ਉਸ ਨੂੰ ਨਹੀਂ ਜਾਣਦਾ ਸਾਂ ਪਰ ਜਿਹ ਨੇ ਮੈਨੂੰ ਜਲ ਨਾਲ ਬਪਤਿਸਮਾ ਦੇਣ ਲਈ ਘੱਲਿਆ ਉਸੇ ਨੇ ਮੈਨੂੰ ਆਖਿਆ ਕਿ ਜਿਹ ਦੇ ਉੱਤੇ ਤੂੰ ਆਤਮਾ ਨੂੰ ਉੱਤਰਦਾ ਅਤੇ ਉਸ ਉੱਤੇ ਠਹਿਰਦਾ ਵੇਖੇਂ ਇਹ ਉਹੋ ਹੈ ਜੋ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੰਦਾ ਹੈ। ਸੋ ਮੈਂ ਵੇਖਿਆ ਅਤੇ ਸਾਖੀ ਦਿੱਤੀ ਹੈ ਜੋ ਇਹ ਪਰਮੇਸ਼ੁਰ ਦਾ ਪੁੱਤ੍ਰ ਹੈਗਾ।” (ਯੂਹੰਨਾ 1:32-34) ਆਪਣੇ ਬਪਤਿਸਮੇ ਤੇ ਯਿਸੂ ਚੁਣਿਆ ਹੋਇਆ ਆਗੂ, ਯਾਨੀ ਮਸੀਹ ਬਣਿਆ।

ਜੀ ਹਾਂ, ਭਵਿੱਖਬਾਣੀ ਅਨੁਸਾਰ ਯਿਸੂ ਮਸੀਹ “ਕੌਮਾਂ ਦਾ ਆਗੂ ਤੇ ਸੈਨਾਪਤੀ” ਸਾਬਤ ਹੋਇਆ ਸੀ। ਅਤੇ ਜਦੋਂ ਇਕ ਆਗੂ ਵਜੋਂ ਅਸੀਂ ਉਸ ਦੇ ਗੁਣਾਂ ਦੀ ਜਾਂਚ ਕਰਦੇ ਹਾਂ ਤਾਂ ਅਸੀਂ ਬੜੀ ਜਲਦੀ ਪਛਾਣ ਲੈਂਦੇ ਹਾਂ ਕਿ ਅੱਜ ਦੇ ਵਧੀਆ ਤੋਂ ਵਧੀਆ ਆਗੂਆਂ ਦੀ ਲੀਡਰੀ ਅਤੇ ਯਿਸੂ ਦੀ ਲੀਡਰੀ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ।

ਮਸੀਹਾ ਇਕ ਵਧੀਆ ਆਗੂ ਹੈ

ਇਕ ਕਾਬਲ ਆਗੂ ਸਪੱਸ਼ਟ ਅਗਵਾਈ ਦੇ ਕੇ ਆਪਣੇ ਲੋਕਾਂ ਦੀ ਮਦਦ ਕਰਦਾ ਹੈ ਤਾਂਕਿ ਉਹ ਖ਼ੁਦ ਆਪਣੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਿਚ ਕਾਮਯਾਬ ਹੋ ਸਕਣ। ਇੱਕੀਵੀਂ ਸਦੀ ਦੀ ਲੀਡਰੀ: 100 ਸਿਰਕੱਢਵੇਂ ਆਗੂਆਂ ਨਾਲ ਵਾਰਤਾਲਾਪ ਨਾਮਕ ਕਿਤਾਬ ਨੇ ਕਿਹਾ: ‘ਇਸ ਤਰ੍ਹਾਂ ਦੀ ਸਪੱਸ਼ਟ ਅਗਵਾਈ ਦੀ ਜ਼ਰੂਰਤ ਹੈ ਜੇਕਰ ਕਿਸੇ ਆਗੂ ਨੇ 21ਵੀਂ ਸਦੀ ਵਿਚ ਕਾਮਯਾਬ ਹੋਣਾ ਹੈ।’ ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਰੋਜ਼ ਦੀ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਲਈ ਬਹੁਤ ਚੰਗੀ ਤਰ੍ਹਾਂ ਤਿਆਰ ਕੀਤਾ ਸੀ। ਜ਼ਰਾ ਉਸ ਦੇ ਪਹਾੜੀ ਉਪਦੇਸ਼ ਨਾਂ ਦੇ ਸਭ ਤੋਂ ਮਸ਼ਹੂਰ ਭਾਸ਼ਣ ਉੱਤੇ ਗੌਰ ਕਰੋ। ਮੱਤੀ ਦੇ 5ਵੇਂ ਤੋਂ 7ਵੇਂ ਅਧਿਆਵਾਂ ਵਿਚ ਯਿਸੂ ਦੀ ਬਹੁਤ ਹੀ ਚੰਗੀ ਸਲਾਹ ਪਾਈ ਜਾਂਦੀ ਹੈ।

ਮਿਸਾਲ ਲਈ ਗੌਰ ਕਰੋ ਕਿ ਯਿਸੂ ਨੇ ਕਿਹੜੀ ਸਲਾਹ ਦਿੱਤੀ ਸੀ ਜੇ ਕਿਸੇ ਦੀ ਕਿਸੇ ਨਾਲ ਅਣਬਣ ਹੋ ਜਾਵੇ। ਉਸ ਨੇ ਕਿਹਾ: “ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ, ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾ।” (ਮੱਤੀ 5:23, 24) ਮੂਸਾ ਦੀ ਬਿਵਸਥਾ ਅਨੁਸਾਰ ਹੈਕਲ ਵਿਚ ਜਗਵੇਦੀ ਉੱਤੇ ਭੇਟ ਚੜ੍ਹਾਉਣ ਦੀ ਮੰਗ ਕੀਤੀ ਗਈ ਸੀ। ਪਰ ਇਸ ਅਤੇ ਹੋਰਨਾਂ ਰਸਮਾਂ ਨਾਲੋਂ ਜ਼ਿਆਦਾ ਜ਼ਰੂਰੀ ਗੱਲ ਇਹ ਸੀ ਕਿ ਲੋਕ ਦੂਸਰਿਆਂ ਨਾਲ ਸੁਲ੍ਹਾ ਕਰਨ ਵਿਚ ਪਹਿਲ ਕਰਨ। ਵਰਨਾ ਭਗਤੀ ਵਿਚ ਜੋ ਵੀ ਉਹ ਕਰਦੇ ਸਨ ਉਹ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਸੀ। ਯਿਸੂ ਦੀ ਸਲਾਹ ਅੱਜ ਵੀ ਉੱਨੀ ਹੀ ਚੰਗੀ ਹੈ ਜਿੰਨੀ ਉਹ ਸਦੀਆਂ ਪਹਿਲਾਂ ਸੀ।

ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਬਦਚਲਣੀ ਦੇ ਫੰਧੇ ਤੋਂ ਬਚਣ ਲਈ ਵੀ ਸਲਾਹ ਦਿੱਤੀ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਭਈ ਤੂੰ ਜ਼ਨਾਹ ਨਾ ਕਰ। ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਮੱਤੀ 5:27, 28) ਇਹ ਚੇਤਾਵਨੀ ਕਿੰਨੀ ਢੁਕਵੀਂ ਹੈ! ਸਾਨੂੰ ਜ਼ਨਾਹਕਾਰੀ ਦੀਆਂ ਸੋਚਾਂ ਵਿਚ ਵੀ ਨਹੀਂ ਪੈਣਾ ਚਾਹੀਦਾ। ਯਿਸੂ ਨੇ ਕਿਹਾ ਸੀ ਕਿ ਦਿਲ ਵਿੱਚੋਂ ਜ਼ਨਾਹਕਾਰੀਆਂ ਅਤੇ ਹਰਾਮਕਾਰੀਆਂ ਨਿੱਕਲਦੀਆਂ ਹਨ। (ਮੱਤੀ 15:18, 19) ਅਸੀਂ ਬੁੱਧੀਮਾਨ ਹੋਵਾਂਗੇ ਜੇਕਰ ਅਸੀਂ ਆਪਣੇ ਦਿਲ ਦੀ ਵੱਡੀ ਚੌਕਸੀ ਕਰਾਂਗੇ।—ਕਹਾਉਤਾਂ 4:23.

ਪਹਾੜੀ ਉਪਦੇਸ਼ ਵਿਚ ਆਪਣੇ ਵੈਰੀਆਂ ਨਾਲ ਪਿਆਰ ਕਰਨ, ਦਰਿਆ-ਦਿਲੀ ਬਣਨ, ਮਾਇਆ ਅਤੇ ਰੂਹਾਨੀ ਚੀਜ਼ਾਂ ਬਾਰੇ ਸਹੀ ਨਜ਼ਰੀਆ ਰੱਖਣ ਵਰਗੀਆਂ ਗੱਲਾਂ ਬਾਰੇ ਵਧੀਆ ਸਲਾਹ ਹੈ। (ਮੱਤੀ 5:43-47; 6:1-4, 19-21, 24-34) ਯਿਸੂ ਨੇ ਲੋਕਾਂ ਨੂੰ ਪ੍ਰਾਰਥਨਾ ਕਰਨੀ ਵੀ ਸਿਖਾਈ ਤਾਂਕਿ ਉਹ ਪਰਮੇਸ਼ੁਰ ਤੋਂ ਮਦਦ ਮੰਗ ਸਕਣ। (ਮੱਤੀ 6:9-13) ਇਸ ਚੁਣੇ ਹੋਏ ਆਗੂ ਨੇ ਆਪਣੇ ਚੇਲਿਆਂ ਨੂੰ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਲਈ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰ ਕੇ ਤਿਆਰ ਕੀਤਾ ਸੀ।

ਪਹਾੜੀ ਉਪਦੇਸ਼ ਵਿਚ ਯਿਸੂ ਨੇ ਛੇ ਵਾਰ ਇਸ ਤਰ੍ਹਾਂ ਕਹਿ ਕੇ ਗੱਲ ਸ਼ੁਰੂ ਕੀਤੀ ਕਿ “ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ” ਜਾਂ “ਇਹ ਵੀ ਕਿਹਾ ਗਿਆ ਸੀ,” ਲੇਕਿਨ ਫਿਰ ਉਸ ਨੇ ਅੱਗੇ ਇਕ ਹੋਰ ਖ਼ਿਆਲ ਇਸ ਤਰ੍ਹਾਂ ਪੇਸ਼ ਕੀਤਾ ਕਿ “ਪਰ ਮੈਂ ਤੁਹਾਨੂੰ ਆਖਦਾ ਹਾਂ।” (ਮੱਤੀ 5:21, 22, 27, 28, 31-34, 38, 39, 43, 44) ਇਸ ਤੋਂ ਜ਼ਾਹਰ ਹੁੰਦਾ ਹੈ ਕਿ ਉਸ ਦੇ ਸੁਣਨ ਵਾਲਿਆਂ ਨੂੰ ਫ਼ਰੀਸੀਆਂ ਦੀਆਂ ਜ਼ਬਾਨੀ ਰਸਮਾਂ ਮੁਤਾਬਕ ਚੱਲਣ ਦੀ ਆਦਤ ਸੀ। ਪਰ ਯਿਸੂ ਉਨ੍ਹਾਂ ਨੂੰ ਮੂਸਾ ਦੀ ਬਿਵਸਥਾ ਦੀ ਅਸਲੀਅਤ ਮੁਤਾਬਕ ਚੱਲਣਾ ਸਿਖਾ ਰਿਹਾ ਸੀ। ਇਸ ਤਰ੍ਹਾਂ ਯਿਸੂ ਨੇ ਵਧੀਆ ਤਰੀਕੇ ਵਿਚ ਇਕ ਤਬਦੀਲੀ ਸ਼ੁਰੂ ਕੀਤੀ ਜੋ ਉਸ ਦੇ ਚੇਲੇ ਆਸਾਨੀ ਨਾਲ ਸਵੀਕਾਰ ਕਰ ਸਕੇ ਸਨ। ਜੀ ਹਾਂ ਯਿਸੂ ਨੇ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਵੱਡੀਆਂ-ਵੱਡੀਆਂ ਰੂਹਾਨੀ ਅਤੇ ਨੈਤਿਕ ਤਬਦੀਲੀਆਂ ਕਰਨ ਲਈ ਪ੍ਰੇਰਿਤ ਕੀਤਾ ਸੀ। ਇਹ ਹੈ ਵਧੀਆ ਆਗੂ ਦੀ ਇਕ ਨਿਸ਼ਾਨੀ।

ਮੈਨੇਜਮੈਂਟ ਕਿੱਦਾਂ ਕੀਤੀ ਜਾਣੀ ਚਾਹੀਦੀ ਹੈ ਬਾਰੇ ਇਕ ਪਾਠ-ਪੁਸਤਕ ਵਿਚ ਨੋਟ ਕੀਤਾ ਗਿਆ ਕਿ ਦੂਸਰਿਆਂ ਦੀ ਜ਼ਿੰਦਗੀ ਵਿਚ ਤਬਦੀਲੀ ਕਰਾਉਣੀ ਸੌਖੀ ਨਹੀਂ ਹੈ। ਉਸ ਵਿਚ ਲਿਖਿਆ ਗਿਆ ਹੈ ਕਿ ‘ਜਿਸ ਆਗੂ ਨੇ ਤਬਦੀਲੀ ਕਰਾਉਣੀ ਹੈ ਉਸ ਨੂੰ ਲੋਕਾਂ ਨਾਲ ਹਮਦਰਦ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਲੋਕਾਂ ਦੀ ਡੂੰਘੀ ਸਮਝ ਹੋਣੀ ਚਾਹੀਦੀ ਹੈ, ਉਸ ਕੋਲ ਲੰਬੀ ਦੌੜ ਦੌੜਨ ਵਾਲੇ ਦਾ ਦਮ ਹੋਣਾ ਚਾਹੀਦਾ ਹੈ, ਉਸ ਨੂੰ ਦੂਸਰਿਆਂ ਦੇ ਆਸਰੇ ਤੇ ਹੀ ਨਹੀਂ ਚੱਲਣਾ ਚਾਹੀਦਾ, ਅਤੇ ਉਸ ਵਿਚ ਧੀਰਜ ਹੋਣਾ ਚਾਹੀਦਾ ਹੈ। ਅਤੇ ਇਨ੍ਹਾਂ ਸਾਰੇ ਗੁਣਾਂ ਦੇ ਹੋਣ ਦੇ ਬਾਵਜੂਦ ਵੀ ਕਾਮਯਾਬੀ ਦੀ ਕੋਈ ਗਾਰੰਟੀ ਨਹੀਂ ਹੈ।’

“ਲੀਡਰੀ: ਕੀ ਵਿਸ਼ੇਸ਼ ਗੁਣ ਜ਼ਰੂਰੀ ਹਨ?” ਨਾਮਕ ਲੇਖ ਵਿਚ ਨੋਟ ਕੀਤਾ ਗਿਆ ਸੀ ਕਿ “ਆਗੂਆਂ ਨੂੰ ਉਸ ਤਰ੍ਹਾਂ ਦੇ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਚੇਲੇ ਹੋਣ।” ਸੱਚ ਤਾਂ ਇਹ ਹੈ ਕਿ ਇਕ ਚੰਗੇ ਆਗੂ ਦੀ ਕਹਿਣੀ ਅਤੇ ਕਰਨੀ ਵਿਚ ਫ਼ਰਕ ਨਹੀਂ ਹੋਣਾ ਚਾਹੀਦਾ। ਯਿਸੂ ਇਸ ਗੱਲ ਉੱਤੇ ਐਨ ਪੂਰਾ ਉਤਰਿਆ ਸੀ। ਜੀ ਹਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਸੀ ਕਿ ਉਹ ਘਮੰਡ ਨਾ ਕਰਨ, ਅਤੇ ਉਨ੍ਹਾਂ ਦੇ ਪੈਰ ਧੋਹ ਕੇ ਉਸ ਨੇ ਉਨ੍ਹਾਂ ਲਈ ਇਕ ਉਦਾਹਰਣ ਛੱਡੀ ਸੀ। (ਯੂਹੰਨਾ 13:5-15) ਉਸ ਨੇ ਸਿਰਫ਼ ਆਪਣੇ ਚੇਲਿਆਂ ਨੂੰ ਹੀ ਨਹੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਭੇਜਿਆ ਸੀ, ਪਰ ਉਸ ਨੇ ਖ਼ੁਦ ਵੀ ਇਸ ਕੰਮ ਵਿਚ ਵੱਡਾ ਹਿੱਸਾ ਲਿਆ ਸੀ। (ਮੱਤੀ 4:18-25; ਲੂਕਾ 8:1-3; 9:1-6; 10:1-24; ਯੂਹੰਨਾ 10:40-42) ਅਤੇ ਅਗਵਾਈ ਸਵੀਕਾਰ ਕਰਨ ਦੇ ਮਾਮਲੇ ਵਿਚ ਵੀ ਯਿਸੂ ਨੇ ਸਾਡੇ ਲਈ ਇਕ ਮਿਸਾਲ ਕਾਇਮ ਕੀਤੀ ਸੀ। ਉਸ ਨੇ ਆਪਣੇ ਆਪ ਬਾਰੇ ਕਿਹਾ ਕਿ “ਪੁੱਤ੍ਰ ਆਪ ਤੋਂ ਕੁਝ ਨਹੀਂ ਕਰ ਸੱਕਦਾ ਪਰ ਜੋ ਕੁਝ ਉਹ ਪਿਤਾ ਨੂੰ ਕਰਦਿਆਂ ਵੇਖਦਾ ਹੈ . . . ਓਵੇਂ ਹੀ ਕਰਦਾ ਹੈ।”—ਯੂਹੰਨਾ 5:19.

ਯਿਸੂ ਦੀ ਕਰਨੀ ਅਤੇ ਕਹਿਣੀ ਤੋਂ ਸਾਫ਼-ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਇਕ ਵਧੀਆ ਆਗੂ ਹੈ। ਉਸ ਦੀ ਮੌਤ ਤੋਂ ਬਾਅਦ ਉਹ ਜੀ ਉਠਾਇਆ ਗਿਆ ਸੀ ਅਤੇ ਉਸ ਨੇ ਅਮਰਤਾ ਹਾਸਲ ਕੀਤੀ ਅਤੇ ਹੁਣ ਉਹ ਸਦਾ ਲਈ ਜ਼ਿੰਦਾ ਹੈ। (1 ਪਤਰਸ 3:18; ਪਰਕਾਸ਼ ਦੀ ਪੋਥੀ 1:13-18) ਯਿਸੂ ਇੰਨਾ ਵਧੀਆ ਆਗੂ ਹੈ ਕਿ ਉਸ ਦੀ ਰੀਸ ਕੋਈ ਇਨਸਾਨ ਨਹੀਂ ਕਰ ਸਕਦਾ। ਯਿਸੂ ਸੰਪੂਰਣ ਹੈ। ਇਸ ਲਈ ਇਨਸਾਨੀ ਆਗੂ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ।

ਸਾਨੂੰ ਕੀ ਕਰਨਾ ਚਾਹੀਦਾ ਹੈ?

ਪਰਮੇਸ਼ੁਰ ਦੇ ਰਾਜ ਦੇ ਬਾਦਸ਼ਾਹ ਵਜੋਂ ਇਹ ਚੁਣਿਆ ਹੋਇਆ ਆਗੂ ਆਗਿਆਕਾਰ ਇਨਸਾਨਾਂ ਨੂੰ ਬਰਕਤਾਂ ਦੇਵੇਗਾ। ਇਸ ਦੇ ਸੰਬੰਧ ਵਿਚ ਬਾਈਬਲ ਕਹਿੰਦੀ ਹੈ ਕਿ “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।” (ਯਸਾਯਾਹ 11:9) “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰ 37:11) “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।” (ਮੀਕਾਹ 4:4) “ਪਰਮੇਸ਼ੁਰ ਆਪ . . . ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4.

ਅੱਜ-ਕੱਲ੍ਹ ਸੰਸਾਰ ਨੂੰ ਚੰਗੀ ਲੀਡਰੀ ਦੀ ਬਹੁਤ ਹੀ ਜ਼ਰੂਰਤ ਹੈ। ਪਰ ਯਿਸੂ ਮਸੀਹ ਮਸਕੀਨ ਲੋਕਾਂ ਦੀ ਅਗਵਾਈ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਅਜਿਹੇ ਸ਼ਾਂਤੀ-ਭਰੇ ਨਵੇਂ ਸੰਸਾਰ ਲਈ ਤਿਆਰ ਕਰ ਰਿਹਾ ਹੈ ਜਿੱਥੇ ਆਗਿਆਕਾਰ ਇਨਸਾਨ ਏਕਤਾ ਨਾਲ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨਗੇ ਅਤੇ ਸੰਪੂਰਣਤਾ ਵੱਲ ਵਧਣਗੇ। ਇਸ ਕਰਕੇ ਸਾਡੇ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਸੱਚੇ ਪਰਮੇਸ਼ੁਰ ਅਤੇ ਉਸ ਦੇ ਚੁਣੇ ਹੋਏ ਆਗੂ ਬਾਰੇ ਜਾਣੀਏ ਅਤੇ ਉਸ ਗਿਆਨ ਮੁਤਾਬਕ ਚਲੀਏ।—ਯੂਹੰਨਾ 17:3.

ਕਿਸੇ ਦੀ ਰੀਸ ਕਰ ਕੇ ਅਸੀਂ ਉਸ ਦੀ ਵਡਿਆਈ ਕਰ ਸਕਦੇ ਹਾਂ। ਤਾਂ ਫਿਰ ਕੀ ਸਾਨੂੰ ਇਤਿਹਾਸ ਦੇ ਸਭ ਤੋਂ ਮਹਾਨ ਆਗੂ, ਯਿਸੂ ਮਸੀਹ ਦੀ ਰੀਸ ਨਹੀਂ ਕਰਨੀ ਚਾਹੀਦੀ? ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ? ਉਸ ਦੀ ਅਗਵਾਈ ਕਬੂਲ ਕਰ ਕੇ ਸਾਨੂੰ ਕੀ ਫ਼ਾਇਦਾ ਹੋਵੇਗਾ? ਅਗਲੇ ਦੋ ਲੇਖਾਂ ਵਿਚ ਇਨ੍ਹਾਂ ਅਤੇ ਹੋਰਨਾਂ ਸਵਾਲਾਂ ਉੱਤੇ ਚਰਚਾ ਕੀਤੀ ਜਾਵੇਗੀ।

[ਫੁਟਨੋਟ]

^ ਪੈਰਾ 6 ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਪੁਸਤਕ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਦੇ ਸਫ਼ੇ 186-192 ਦੇਖੋ।

[ਸਫ਼ੇ 4 ਉੱਤੇ ਤਸਵੀਰ]

ਦਾਨੀਏਲ ਨੇ ਪਰਮੇਸ਼ੁਰ ਦੇ ਚੁਣੇ ਹੋਏ ਆਗੂ ਬਾਰੇ ਅਗੰਮ-ਵਾਕ ਕੀਤਾ ਸੀ

[ਸਫ਼ੇ 7 ਉੱਤੇ ਤਸਵੀਰ]

ਯਿਸੂ ਦੀਆਂ ਸਿੱਖਿਆਵਾਂ ਨੇ ਲੋਕਾਂ ਨੂੰ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਕੀਤਾ ਸੀ

[ਸਫ਼ੇ 7 ਉੱਤੇ ਤਸਵੀਰ]

ਯਿਸੂ ਆਗਿਆਕਾਰ ਇਨਸਾਨਾਂ ਨੂੰ ਸ਼ਾਂਤੀ-ਭਰੇ ਨਵੇਂ ਸੰਸਾਰ ਵੱਲ ਲੈ ਜਾਵੇਗਾ