ਤੁਸੀਂ ਇਕੱਲਤਾ ਦੀ ਭਾਵਨਾ ਤੋਂ ਛੁਟਕਾਰਾ ਪਾ ਸਕਦੇ ਹੋ
ਤੁਸੀਂ ਇਕੱਲਤਾ ਦੀ ਭਾਵਨਾ ਤੋਂ ਛੁਟਕਾਰਾ ਪਾ ਸਕਦੇ ਹੋ
‘ਇਕੱਲਤਾ ਦਾ ਜ਼ੋਰਦਾਰ ਤੂਫ਼ਾਨ ਦਿਲਾਂ ਵਿਚ ਵਗਦਾ ਹੈ, ਹਾਏ, ਇਕੱਲਿਆਂ ਦੇ ਦਿਲ ਹੁਣ ਕਿਵੇਂ ਮੁਰਝਾਉਂਦੇ ਨੇ।’ ਵਿਲੀਅਮ ਬਟਲਰ ਯੈਟਸ ਨਾਂ ਦੇ ਆਇਰਿਸ਼ ਕਵੀ ਦੇ ਇਹ ਸ਼ਬਦ ਦਿਖਾਉਂਦੇ ਹਨ ਕਿ ਇਕੱਲਤਾ ਦੀ ਭਾਵਨਾ ਦਿਲ ਨੂੰ ਬਹੁਤ ਹੀ ਉਦਾਸ ਤੇ ਦੁਖੀ ਕਰ ਸਕਦੀ ਹੈ। ਕੌਣ ਕਹਿ ਸਕਦਾ ਹੈ ਕਿ ਉਸ ਨੇ ਇਕੱਲਤਾ ਦਾ ਦਰਦ ਨਹੀਂ ਮਹਿਸੂਸ ਕੀਤਾ? ਕਈਆਂ ਗੱਲਾਂ ਕਾਰਨ ਅਸੀਂ ਤਨਹਾਈ ਮਹਿਸੂਸ ਕਰ ਸਕਦੇ ਹਾਂ। ਪਰ ਖ਼ਾਸ ਕਰਕੇ ਉਹ ਔਰਤਾਂ ਇਕੱਲੀਆਂ ਮਹਿਸੂਸ ਕਰ ਸਕਦੀਆਂ ਹਨ ਜਿਨ੍ਹਾਂ ਦਾ ਕਦੀ ਵਿਆਹ ਨਹੀਂ ਹੋਇਆ ਜਾਂ ਉਹ ਵਿਧਵਾ ਹਨ ਜਾਂ ਜਿਨ੍ਹਾਂ ਦਾ ਤਲਾਕ ਹੋ ਚੁੱਕਾ ਹੈ।
ਮਿਸਾਲ ਲਈ ਮੀਨਾ ਨਾਂ ਦੀ ਇਕ ਮੁਟਿਆਰ ਭੈਣ ਨੇ ਕਿਹਾ: “ਜਦੋਂ ਮੈਂ 23 ਸਾਲਾਂ ਦੀ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਮੇਰੀਆਂ ਸਾਰੀਆਂ ਸਹੇਲੀਆਂ ਦੇ ਵਿਆਹ ਹੋ ਚੁੱਕੇ ਸਨ ਅਤੇ ਮੈਂ ਇਕੱਲੀ ਰਹਿ ਗਈ ਸੀ।” * ਸਾਲਾਂ ਦੇ ਬੀਤਣ ਅਤੇ ਵਿਆਹ ਕਰਾਉਣ ਦੇ ਮੌਕੇ ਘੱਟਣ ਨਾਲ ਇਕੱਲਤਾ ਦੀ ਭਾਵਨਾ ਵੱਧ ਸਕਦੀ ਹੈ। ਸੈਂਡਰਾ ਦੀ ਉਮਰ ਹੁਣ 50 ਸਾਲਾਂ ਦੇ ਕਰੀਬ ਹੈ। ਉਹ ਕਹਿੰਦੀ ਹੈ: “ਮੇਰੀ ਕੁਆਰੀ ਰਹਿਣ ਦੀ ਉਮੀਦ ਕਦੀ ਨਹੀਂ ਸੀ ਅਤੇ ਜੇ ਹੋ ਸਕੇ ਤਾਂ ਮੈਂ ਹਾਲੇ ਵੀ ਵਿਆਹ ਕਰਾਉਣਾ ਚਾਹੁੰਦੀ ਹਾਂ।” ਐਂਜਲਾ ਦੀ ਉਮਰ 50 ਸਾਲਾਂ ਤੋਂ ਉੱਪਰ ਹੈ ਅਤੇ ਉਸ ਦਾ ਕਹਿਣਾ ਹੈ ਕਿ “ਮੈਂ ਕੁਆਰੀ ਰਹਿਣ ਦਾ ਫ਼ੈਸਲਾ ਨਹੀਂ ਕੀਤਾ ਸੀ, ਪਰ ਗੱਲ ਹੀ ਨਹੀਂ ਬਣੀ। ਜਿੱਥੇ ਮੈਂ ਖ਼ਾਸ ਪਾਇਨੀਅਰ ਵਜੋਂ ਭੇਜੀ ਗਈ ਸੀ ਉੱਥੇ ਬਹੁਤ ਥੋੜ੍ਹੇ ਕੁਆਰੇ ਭਰਾ ਸਨ।”
ਸਾਨੂੰ ਇਸ ਗੱਲ ਦੀ ਕਦਰ ਕਰਨੀ ਚਾਹੀਦੀ ਹੈ ਕਿ ਕਈ ਮਸੀਹੀ ਭੈਣਾਂ ਨੇ ਇਸ ਲਈ ਵਿਆਹ ਨਹੀਂ ਕਰਾਇਆ ਕਿਉਂਕਿ ਉਨ੍ਹਾਂ ਨੇ ਵਫ਼ਾਦਾਰੀ ਨਾਲ “ਕੇਵਲ ਪ੍ਰਭੁ ਵਿੱਚ” ਵਿਆਹ ਕਰਨ ਲਈ ਯਹੋਵਾਹ ਦੀ ਸਲਾਹ ਲਾਗੂ ਕੀਤੀ ਹੈ। (1 ਕੁਰਿੰਥੀਆਂ 7:39) ਕੁਝ ਭੈਣਾਂ ਲਈ ਕੁਆਰੀਆਂ ਰਹਿਣਾ ਇੰਨਾ ਮੁਸ਼ਕਲ ਨਹੀਂ ਹੈ, ਪਰ ਦੂਸਰੀਆਂ ਲਈ ਸਾਲਾਂ ਦੇ ਬੀਤਣ ਨਾਲ, ਵਿਆਹ ਕਰਾਉਣ ਅਤੇ ਮਾਂ ਬਣਨ ਦੀ ਇੱਛਾ ਵੱਧ ਜਾਂਦੀ ਹੈ। ਸੈਂਡਰਾ ਕਹਿੰਦੀ ਹੈ ਕਿ “ਕਿਉਂਕਿ ਮੇਰਾ ਕੋਈ ਜੀਵਨ-ਸਾਥੀ ਨਹੀਂ ਹੈ ਮੇਰੀ ਤਨਹਾਈ ਹੀ ਮੇਰਾ ਸਾਥ ਦਿੰਦੀ ਹੈ।”
ਕਈਆਂ ਨੂੰ ਬਜ਼ੁਰਗ ਮਾਪਿਆਂ ਦੀ ਦੇਖ-ਭਾਲ ਕਰਨੀ ਪੈਂਦੀ ਹੈ, ਇਸ ਲਈ ਉਨ੍ਹਾਂ ਦੀ ਇਕੱਲਤਾ ਦੀ ਭਾਵਨਾ ਹੋਰ ਵੀ ਵੱਧ ਸਕਦੀ ਹੈ। ਸੈਂਡਰਾ ਕਹਿੰਦੀ ਹੈ: “ਕਿਉਂਕਿ ਮੇਰਾ ਵਿਆਹ ਨਹੀਂ ਹੋਇਆ ਸੀ ਇਸ ਲਈ ਮੇਰਾ ਪਰਿਵਾਰ ਇਹੀ ਸੋਚਦਾ ਸੀ ਕਿ ਮੈਂ ਹੀ ਆਪਣੇ ਬਿਰਧ ਮਾਂ-ਬਾਪ ਦੀ ਦੇਖ-ਭਾਲ ਕਰਾਂ। ਕੁਝ 20 ਸਾਲਾਂ ਲਈ ਮੈਂ ਇਸ ਜ਼ਿੰਮੇਵਾਰੀ ਦਾ ਵੱਡਾ ਹਿੱਸਾ ਨਿਭਾਇਆ, ਭਾਵੇਂ ਕਿ ਅਸੀਂ ਛੇ ਭੈਣ-ਭਰਾ ਹਾਂ। ਕਾਸ਼ ਸਹਾਰਾ ਦੇਣ ਵਾਲਾ ਮੇਰਾ ਇਕ ਪਤੀ ਹੁੰਦਾ ਤਾਂ ਮੇਰਾ ਜੀਵਨ ਕਿੰਨਾ ਹੀ ਸੌਖਾ ਹੋਣਾ ਸੀ।”
ਮੀਨਾ ਇਕ ਹੋਰ ਗੱਲ ਦੱਸਦੀ ਹੈ ਜੋ ਉਸ ਦੀ ਤਨਹਾਈ ਨੂੰ ਵਧਾਉਂਦੀ ਹੈ। ਉਹ ਕਹਿੰਦੀ ਹੈ: “ਕਈ ਵਾਰ ਲੋਕ ਮੈਨੂੰ ਸਿੱਧਾ ਹੀ ਪੁੱਛਦੇ ਹਨ ਕਿ ‘ਤੂੰ ਵਿਆਹ ਕਿਉਂ ਨਹੀਂ ਕਰਾਇਆ?’ ਜਿੱਦਾਂ ਕਿ ਇਹ ਮੇਰਾ ਕਸੂਰ ਹੈ ਕਿ ਮੈਂ ਹਾਲੇ ਵੀ ਕੁਆਰੀ ਹਾਂ! ਜਦੋਂ ਮੈਂ ਕਿਸੇ ਦੀ ਸ਼ਾਦੀ ਤੇ ਜਾਂਦੀ ਹਾਂ ਤਾਂ ਕੋਈ-ਨ-ਕੋਈ ਜ਼ਰੂਰ ਮੈਨੂੰ ਇਹ ਸਵਾਲ ਕਰਦਾ ਹੈ, ‘ਤੈਂ ਕਦੋਂ ਵਿਆਹ ਕਰਾਉਣਾ ਹੈ?’ ਫਿਰ ਮੈਂ ਸੋਚਣ ਲੱਗ ਪੈਂਦੀ ਹਾਂ ਕਿ ‘ਜੇ ਰੂਹਾਨੀ ਵਿਚਾਰਾਂ ਵਾਲੇ ਭਰਾ ਮੇਰੇ ਵਿਚ ਦਿਲਚਸਪੀ ਨਹੀਂ ਲੈਂਦੇ, ਹੋ ਸਕਦਾ ਹੈ ਕਿ ਮੇਰੇ ਵਿਚ ਹੀ ਮਸੀਹੀ ਗੁਣਾਂ ਦੀ ਜ਼ਰੂਰ ਕਮੀ ਹੋਵੇਗੀ ਜਾਂ ਮੈਂ ਇੰਨੀ ਸੋਹਣੀ ਨਹੀਂ ਹਾਂ।’”
ਇਕੱਲਤਾ ਅਤੇ ਤਨਹਾਈ ਦੀਆਂ ਭਾਵਨਾਵਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ? ਕੀ ਦੂਸਰੇ ਲੋਕ ਕੁਝ ਮਦਦ ਕਰ ਸਕਦੇ ਹਨ?
ਯਹੋਵਾਹ ਦਾ ਸਹਾਰਾ ਲਓ
ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।” (ਜ਼ਬੂਰ 55:22) ਇਬਰਾਨੀ ਭਾਸ਼ਾ ਵਿਚ “ਭਾਰ” ਸਾਡੇ ਜੀਵਨ ਦੇ ਦੁੱਖ-ਸੁੱਖ ਨੂੰ ਸੰਕੇਤ ਕਰਦਾ ਹੈ। ਯਹੋਵਾਹ ਹੋਰ ਕਿਸੇ ਨਾਲੋਂ ਬਿਹਤਰ ਸਾਡੇ ਦੁੱਖ-ਸੁਖ ਜਾਣਦਾ ਹੈ ਅਤੇ ਉਹ ਸਾਨੂੰ ਇਨ੍ਹਾਂ ਨੂੰ ਸਹਾਰਨ ਦੀ ਸ਼ਕਤੀ ਦੇ ਸਕਦਾ ਹੈ। ਐਂਜਲਾ ਯਹੋਵਾਹ ਪਰਮੇਸ਼ੁਰ ਦੇ ਸਹਾਰੇ ਨਾਲ ਹੀ ਤਨਹਾਈ ਦੀ ਭਾਵਨਾ ਸਹਿ ਸਕੀ ਹੈ। ਉਹ ਆਪਣਾ ਪੂਰਾ ਸਮਾਂ ਪ੍ਰਚਾਰ ਦੇ ਕੰਮ ਵਿਚ ਲਾਉਂਦੀ ਹੈ ਅਤੇ ਉਹ ਇਸ ਬਾਰੇ ਕਹਿੰਦੀ ਹੈ ਕਿ “ਜਦੋਂ ਮੈਂ ਪਾਇਨੀਅਰੀ ਸ਼ੁਰੂ ਕੀਤੀ ਸੀ ਤਾਂ ਮੈਂ ਅਤੇ ਮੇਰੀ ਸਹੇਲੀ ਕਲੀਸਿਯਾ ਤੋਂ ਬਹੁਤ ਦੂਰ ਰਹਿੰਦੀਆਂ ਸਨ। ਅਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣਾ ਸਿੱਖਿਆ ਅਤੇ ਇਸ ਸਹਾਰੇ ਤੋਂ ਮੈਨੂੰ ਹਮੇਸ਼ਾ ਮਦਦ ਮਿਲੀ ਹੈ। ਜਦੋਂ ਮੈਂ ਨਿਰਾਸ਼ ਹੁੰਦੀ ਹਾਂ ਤਾਂ ਮੈਂ ਯਹੋਵਾਹ ਨਾਲ ਆਪਣੇ ਦਿਲ ਦੀ ਗੱਲ ਕਰਦੀ ਹਾਂ ਅਤੇ ਉਹ ਮੇਰੀ ਮਦਦ ਕਰਦਾ ਹੈ। ਜ਼ਬੂਰ 23 ਤੋਂ ਮੈਨੂੰ ਬੜਾ ਦਿਲਾਸਾ ਮਿਲਦਾ ਹੈ ਅਤੇ ਮੈਂ ਇਸ ਨੂੰ ਹਮੇਸ਼ਾ ਪੜ੍ਹਦੀ ਰਹਿੰਦੀ ਹਾਂ।”
ਪੌਲੁਸ ਰਸੂਲ ਵੀ ਇਕ ਭਾਰ ਸਹਿ ਰਿਹਾ ਸੀ। ਉਸ ਨੇ ਘੱਟੋ-ਘੱਟ ਤਿੰਨ ਵਾਰ ‘ਪ੍ਰਭੁ ਦੇ ਅੱਗੇ ਬੇਨਤੀ ਕੀਤੀ ਭਈ ਉਸ ਦੇ ਸਰੀਰ ਵਿੱਚ ਚੋਭਿਆ ਗਿਆ ਕੰਡਾ ਉਸ ਤੋਂ ਦੂਰ ਹੋ ਜਾਵੇ।’ ਪੌਲੁਸ ਦੀ ਮਦਦ ਕਿਸੇ ਚਮਤਕਾਰ ਨਾਲ ਨਹੀਂ ਕੀਤੀ ਗਈ ਸੀ, ਪਰ ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਸ ਦੀ ਕਿਰਪਾ ਉਸ ਨੂੰ ਸਹਾਰਾ ਦੇਵੇਗੀ। (2 ਕੁਰਿੰਥੀਆਂ 12:7-9) ਪੌਲੁਸ ਨੇ ਸੰਤੁਸ਼ਟ ਰਹਿਣ ਦਾ ਭੇਤ ਵੀ ਪਾਇਆ ਸੀ। ਬਾਅਦ ਵਿਚ ਉਸ ਨੇ ਕਿਹਾ: “ਹਰੇਕ ਗੱਲ ਵਿੱਚ, ਕੀ ਰੱਜਣਾ ਕੀ ਭੁੱਖਾ ਰਹਿਣਾ, ਕੀ ਵਧਣਾ ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ। ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”—ਫ਼ਿਲਿੱਪੀਆਂ 4:12, 13.
ਹਿੰਮਤ ਹਾਰਨ ਦੇ ਸਮੇਂ ਜਾਂ ਇਕੱਲੇ ਮਹਿਸੂਸ ਕਰਦੇ ਹੋਏ ਤੁਸੀਂ ਪਰਮੇਸ਼ੁਰ ਦੀ ਸ਼ਕਤੀ ਕਿਵੇਂ ਹਾਸਲ ਕਰ ਸਕਦੇ ਹੋ? ਪੌਲੁਸ ਨੇ ਲਿਖਿਆ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਸੈਂਡਰਾ ਇਸ ਸਲਾਹ ਉੱਤੇ ਚੱਲਦੀ ਹੈ। ਉਹ ਕਹਿੰਦੀ ਹੈ: “ਕੁਆਰੀ ਹੋਣ ਕਰਕੇ ਕਈ ਵਾਰੀ ਮੈਂ ਇਕੱਲੀ ਹੁੰਦੀ ਹਾਂ। ਇਸ ਕਰਕੇ ਮੇਰੇ ਕੋਲ ਯਹੋਵਾਹ ਨੂੰ ਪ੍ਰਾਰਥਨਾ ਕਰਨ ਦੇ ਕਈ ਮੌਕੇ ਹੁੰਦੇ ਹਨ। ਮੈਨੂੰ ਲੱਗਦਾ ਹੈ ਕਿ ਉਸ ਨਾਲ ਮੇਰਾ ਰਿਸ਼ਤਾ ਗੂੜ੍ਹਾ ਹੈ ਅਤੇ ਮੈਂ ਉਸ ਨਾਲ ਆਪਣੀਆਂ ਮੁਸ਼ਕਲਾਂ ਅਤੇ ਖ਼ੁਸ਼ੀਆਂ ਬਾਰੇ ਦਿਲ ਖੋਲ੍ਹ ਕੇ ਗੱਲ ਕਰ ਸਕਦੀ ਹਾਂ।” ਮੀਨਾ ਕਹਿੰਦੀ ਹੈ: “ਆਪਣੇ ਆਪ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਬਹੁਤ ਔਖਾ ਹੈ। ਪਰ ਜਦੋਂ ਮੈਂ ਯਹੋਵਾਹ ਨਾਲ ਦਿਲੋਂ ਗੱਲ ਕਰਦੀ ਹੈ ਤਾਂ ਮੇਰੀ ਬਹੁਤ ਮਦਦ ਹੁੰਦੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਮੇਰੀ ਰੂਹਾਨੀ ਅਤੇ ਭਾਵਾਤਮਕ ਭਲਾਈ ਵਿਚ ਦਿਲਚਸਪੀ ਲੈਂਦਾ ਹੈ।”—1 ਤਿਮੋਥਿਉਸ 5:5.
“ਤੁਸੀਂ ਇਕ ਦੂਏ ਦੇ ਭਾਰ ਚੁੱਕ ਲਵੋ”
ਮਸੀਹੀ ਭਾਈਚਾਰੇ ਵਿਚ ਸਾਨੂੰ ਆਪੋ ਆਪਣਾ ਭਾਰ ਇਕੱਲੇ ਚੁੱਕਣ ਦੀ ਲੋੜ ਨਹੀਂ ਹੈ। ਪੌਲੁਸ ਰਸੂਲ ਨੇ ਸਾਨੂੰ ਤਾਕੀਦ ਕੀਤੀ ਕਿ “ਤੁਸੀਂ ਇਕ ਦੂਏ ਦੇ ਭਾਰ ਚੁੱਕ ਲਵੋ ਅਤੇ ਇਉਂ ਮਸੀਹ ਦੀ ਸ਼ਰਾ ਨੂੰ ਪੂਰਿਆਂ ਕਰੋ।” (ਗਲਾਤੀਆਂ 6:2) ਭੈਣਾਂ-ਭਰਾਵਾਂ ਨਾਲ ਸੰਗਤ ਰੱਖ ਕੇ ਸਾਨੂੰ ਹੌਸਲੇ ਦਾ “ਚੰਗਾ ਬਚਨ” ਮਿਲ ਸਕਦਾ ਹੈ ਜੋ ਇਕੱਲਤਾ ਦਾ ਭਾਰ ਹਲਕਾ ਕਰ ਸਕਦਾ ਹੈ।—ਕਹਾਉਤਾਂ 12:25.
ਇਸ ਉੱਤੇ ਵੀ ਵਿਚਾਰ ਕਰੋ ਜੋ ਬਾਈਬਲ ਇਸਰਾਏਲ ਦੇ ਨਿਆਂਕਾਰ ਯਿਫਤਾਹ ਦੀ ਧੀ ਬਾਰੇ ਕਹਿੰਦੀ ਹੈ। ਯਿਫਤਾਹ ਨੇ ਆਮੋਨ ਦੀ ਦੁਸ਼ਮਣ ਫ਼ੌਜ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਪਹਿਲਾਂ ਯਹੋਵਾਹ ਨਾਲ ਵਾਅਦਾ ਕੀਤਾ ਸੀ ਕਿ ਜੋ ਕੋਈ ਉਸ ਦੇ ਘਰੋਂ ਉਸ ਨੂੰ ਮੁਬਾਰਕ ਦੇਣ ਲਈ ਪਹਿਲਾਂ ਬਾਹਰ ਨਿਕਲੇਗਾ ਸੋ ਉਹ ਯਹੋਵਾਹ ਦਾ ਹੋਵੇਗਾ। ਉਸ ਦੀ ਧੀ ਸਾਰਿਆਂ ਤੋਂ ਪਹਿਲਾਂ ਘਰੋਂ ਬਾਹਰ ਨਿਕਲੀ ਸੀ। (ਨਿਆਈਆਂ 11:30, 31, 34-36) ਭਾਵੇਂ ਕਿ ਇਸ ਦਾ ਮਤਲਬ ਸੀ ਕਿ ਉਹ ਹੁਣ ਕੁਆਰੀ ਰਹੇਗੀ ਅਤੇ ਮਾਂ ਬਣਨ ਦੀ ਆਪਣੀ ਕੁਦਰਤੀ ਖ਼ਾਹਸ਼ ਨੂੰ ਤਿਆਗ ਦੇਵੇਗੀ, ਯਿਫਤਾਹ ਦੀ ਧੀ ਨੇ ਆਪਣੀ ਮਰਜ਼ੀ ਨਾਲ ਆਪਣੀ ਬਾਕੀ ਦੀ ਜ਼ਿੰਦਗੀ ਸ਼ੀਲੋਹ ਦੇ ਪਵਿੱਤਰ ਸਥਾਨ ਵਿਚ ਗੁਜ਼ਾਰ ਕੇ ਇਸ ਵਾਅਦੇ ਨੂੰ ਨਿਭਾਇਆ। ਕੀ ਉਸ ਦੀ ਕੁਰਬਾਨੀ ਦੀ ਕਦਰ ਕੀਤੀ ਗਈ ਸੀ? ਜੀ ਹਾਂ! “ਵਰਹੇ ਦੇ ਵਰਹੇ ਇਸਰਾਏਲ ਦੀਆਂ ਧੀਆਂ ਵਰਹੇ ਵਿੱਚ ਚਾਰ ਦਿਨ ਤੋੜੀ ਯਿਫ਼ਤਾਹ ਗਿਲਆਦੀ ਦੀ ਧੀ ਦਾ ਸੋਗ [“ਦੀ ਸ਼ਲਾਘਾ,” ਨਿ ਵ] ਕਰਨ ਜਾਂਦੀਆਂ ਸਨ।” (ਨਿਆਈਆਂ 11:40) ਜੀ ਹਾਂ, ਕਿਸੇ ਦੀ ਸ਼ਲਾਘਾ ਕਰਨ ਨਾਲ ਉਨ੍ਹਾਂ ਦਾ ਹੌਸਲਾ ਵੱਧ ਸਕਦਾ ਹੈ। ਇਸ ਲਈ ਆਓ ਆਪਾਂ ਉਨ੍ਹਾਂ ਦੀ ਸ਼ਲਾਘਾ ਕਰੀਏ ਜੋ ਇਸ ਦੇ ਯੋਗ ਹਨ।
ਸਾਨੂੰ ਯਿਸੂ ਦੀ ਮਿਸਾਲ ਉੱਤੇ ਵੀ ਗੌਰ ਕਰਨਾ ਚਾਹੀਦਾ ਹੈ। ਭਾਵੇਂ ਕਿ ਯਹੂਦੀ ਲੋਕਾਂ ਵਿਚ ਇਹ ਰਿਵਾਜ ਨਹੀਂ ਸੀ ਕਿ ਆਦਮੀ ਔਰਤਾਂ ਨਾਲ ਗੱਲ-ਬਾਤ ਕਰਨ, ਯਿਸੂ ਨੇ ਮਰਿਯਮ ਅਤੇ ਮਾਰਥਾ ਨਾਲ ਸਮਾਂ ਗੁਜ਼ਾਰਿਆ ਸੀ। ਹੋ ਸਕਦਾ ਹੈ ਕਿ ਉਹ ਵਿਧਵਾਵਾਂ ਸਨ ਜਾਂ ਉਨ੍ਹਾਂ ਦੇ ਵਿਆਹ ਨਹੀਂ ਹੋਏ ਸਨ। ਯਿਸੂ ਉਨ੍ਹਾਂ ਨਾਲ ਭੈਣਾਂ ਵਾਂਗ ਪਿਆਰ ਕਰਦਾ ਸੀ ਅਤੇ ਉਹ ਲੂਕਾ 10:38-42) ਅਸੀਂ ਆਪਣੀਆਂ ਅਣਵਿਆਹੀਆਂ ਰੂਹਾਨੀ ਭੈਣਾਂ ਨਾਲ ਮਿਲ-ਵਰਤ ਕੇ ਅਤੇ ਉਨ੍ਹਾਂ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਯਿਸੂ ਦੀ ਰੀਸ ਕਰ ਸਕਦੇ ਹਾਂ। (ਰੋਮੀਆਂ 12:13) ਕੀ ਉਹ ਇਸ ਤੋਂ ਖ਼ੁਸ਼ ਹੁੰਦੀਆਂ ਹਨ? ਇਕ ਭੈਣ ਨੇ ਕਿਹਾ: “ਮੈਨੂੰ ਪਤਾ ਹੈ ਕਿ ਭੈਣ-ਭਰਾ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੀ ਕਦਰ ਕਰਦੇ ਹਨ, ਪਰ ਜਦੋਂ ਉਹ ਮੇਰੇ ਵਿਚ ਨਿੱਜੀ ਦਿਲਚਸਪੀ ਲੈਂਦੇ ਹਨ, ਤਾਂ ਮੈਂ ਸ਼ੁਕਰਗੁਜ਼ਾਰ ਹੁੰਦੀ ਹੈ।”
ਚਾਹੁੰਦਾ ਸੀ ਕਿ ਉਨ੍ਹਾਂ ਨੂੰ ਰੂਹਾਨੀ ਫ਼ਾਇਦੇ ਮਿਲਣ। (ਸੈਂਡਰਾ ਕਹਿੰਦੀ ਹੈ: “ਕਿਉਂਕਿ ਸਾਡਾ ਕੋਈ ਆਪਣਾ ਨਹੀਂ ਹੁੰਦਾ, ਸਾਨੂੰ ਪਿਆਰ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਤਾਂਕਿ ਅਸੀਂ ਵੀ ਭੈਣਾਂ-ਭਰਾਵਾਂ ਦੇ ਅਧਿਆਤਮਿਕ ਪਰਿਵਾਰ ਦਾ ਹਿੱਸਾ ਮਹਿਸੂਸ ਕਰ ਸਕੀਏ।” ਇਹ ਗੱਲ ਸਾਫ਼ ਹੈ ਕਿ ਯਹੋਵਾਹ ਅਜਿਹੀਆਂ ਭੈਣਾਂ ਦੀ ਪਰਵਾਹ ਕਰਦਾ ਹੈ। ਤਾਂ ਫਿਰ ਜਦੋਂ ਅਸੀਂ ਉਨ੍ਹਾਂ ਵਿਚ ਦਿਲਚਸਪੀ ਲੈਂਦੇ ਅਤੇ ਉਨ੍ਹਾਂ ਨਾਲ ਪਿਆਰ ਕਰਦੇ ਹਾਂ ਅਸੀਂ ਯਹੋਵਾਹ ਦੀ ਰੀਸ ਕਰਦੇ ਹਾਂ। (1 ਪਤਰਸ 5:6, 7) ਤੁਸੀਂ ਜੋ ਵੀ ਕਰਦੇ ਹੋ ਯਹੋਵਾਹ ਇਸ ਨੂੰ ਦੇਖਦਾ ਹੈ ਕਿਉਂਕਿ “ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ [ਯਹੋਵਾਹ ਪਰਮੇਸ਼ੁਰ] ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।”—ਕਹਾਉਤਾਂ 19:17.
“ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ”
ਭਾਵੇਂ ਕਿ ਦੂਸਰੇ ਲੋਕ ਮਦਦ ਕਰ ਸਕਦੇ ਹਨ ਅਤੇ ਉਨ੍ਹਾਂ ਦਾ ਸਹਾਰਾ ਸਾਨੂੰ ਹੌਸਲਾ ਦੇ ਸਕਦਾ ਹੈ “ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ।” (ਗਲਾਤੀਆਂ 6:5) ਪਰ ਇਕੱਲਤਾ ਦਾ ਭਾਰ ਚੁੱਕਦੇ ਹੋਏ ਸਾਨੂੰ ਖ਼ਾਸ ਖ਼ਤਰਿਆਂ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ। ਉਦਾਹਰਣ ਲਈ ਇਕੱਲਤਾ ਸਾਡੇ ਉੱਤੇ ਕਾਬੂ ਪਾ ਸਕਦੀ ਹੈ ਜੇ ਅਸੀਂ ਹਮੇਸ਼ਾ ਇਕੱਲੇ ਰਹੀਏ ਅਤੇ ਦੂਸਰਿਆਂ ਨਾਲ ਗੱਲ-ਬਾਤ ਨਾ ਕਰੀਏ। ਦੂਜੇ ਪਾਸੇ, ਅਸੀਂ ਪਿਆਰ ਨਾਲ ਇਕੱਲਤਾ ਦੀ ਭਾਵਨਾ ਨੂੰ ਦੂਰ ਕਰ ਸਕਦੇ ਹਾਂ। (1 ਕੁਰਿੰਥੀਆਂ 13:7, 8) ਆਪਣੇ ਹਾਲਾਤ ਜੋ ਮਰਜ਼ੀ ਹੋਣ ਅਸੀਂ ਦੂਸਰਿਆਂ ਨੂੰ ਦੇਣ ਨਾਲ ਖ਼ੁਸ਼ੀ ਪਾ ਸਕਦੇ ਹਾਂ। (ਰਸੂਲਾਂ ਦੇ ਕਰਤੱਬ 20:35) ਇਕ ਮਿਹਨਤੀ ਪਾਇਨੀਅਰ ਭੈਣ ਨੇ ਕਿਹਾ: “ਮੇਰੇ ਕੋਲ ਇਕੱਲੀ ਮਹਿਸੂਸ ਕਰਨ ਜਾਂ ਇਸ ਬਾਰੇ ਸੋਚਣ ਦਾ ਇੰਨਾ ਵਕਤ ਹੀ ਨਹੀਂ ਹੁੰਦਾ। ਜਦੋਂ ਮੈਂ ਦੂਸਰਿਆਂ ਦੀ ਮਦਦ ਕਰਦੀ ਹਾਂ ਅਤੇ ਕਿਸੇ-ਨ-ਕਿਸੇ ਕੰਮ ਵਿਚ ਰੁੱਝੀ ਰਹਿੰਦੀ ਹਾਂ, ਤਾਂ ਮੈਂ ਇਕੱਲੀ ਨਹੀਂ ਮਹਿਸੂਸ ਕਰਦੀ।”
ਸਾਨੂੰ ਇਸ ਗੱਲ ਬਾਰੇ ਵੀ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਤਨਹਾਈ ਕਰਕੇ ਅਸੀਂ ਕਿਸੇ ਨਾਲ ਕੋਈ ਗ਼ਲਤ ਰਿਸ਼ਤਾ ਨਾ ਜੋੜ ਲਈਏ। ਮਿਸਾਲ ਲਈ ਕਿੰਨੀ ਦੁੱਖ ਦੀ ਗੱਲ ਹੋਵੇਗੀ ਜੇ ਅਸੀਂ ਵਿਆਹ ਦੀ ਇੱਛਾ ਕਰਕੇ ਇਕ ਅਵਿਸ਼ਵਾਸੀ ਨਾਲ ਵਿਆਹ ਦੀਆਂ ਮੁਸ਼ਕਲਾਂ ਵੱਲ ਧਿਆਨ ਨਾ ਦੇਈਏ ਅਤੇ ਅਜਿਹੇ ਬੰਧਨ ਬਾਰੇ ਬਾਈਬਲ ਦੀ ਸਲਾਹ ਨੂੰ ਠੁਕਰਾ ਦੇਈਏ! (2 ਕੁਰਿੰਥੀਆਂ 6:14) ਇਕ ਮਸੀਹੀ ਭੈਣ ਜਿਸ ਦਾ ਤਲਾਕ ਹੋਇਆ ਹੈ ਕਹਿੰਦੀ ਹੈ: “ਇਕੱਲੇ ਹੋਣ ਨਾਲੋਂ ਇਕ ਹੋਰ ਸਥਿਤੀ ਜ਼ਿਆਦਾ ਖ਼ਰਾਬ ਹੈ। ਉਹ ਹੈ ਗ਼ਲਤ ਵਿਅਕਤੀ ਦੇ ਨਾਲ ਵਿਆਹੇ ਹੋਣਾ।”
ਜਿਹੜੀ ਸਮੱਸਿਆ ਦਾ ਅਜੇ ਹੱਲ ਨਹੀਂ ਹੈ, ਉਸ ਨੂੰ ਇਸ ਵਕਤ ਸ਼ਾਇਦ ਸਹਿਣਾ ਹੀ ਪਵੇ। ਪਰਮੇਸ਼ੁਰ ਦੀ ਮਦਦ ਨਾਲ ਇਕੱਲਤਾ ਦੀ ਭਾਵਨਾ ਨੂੰ ਸਹਿਆ ਜਾ ਸਕਦਾ ਹੈ। ਜਿਉਂ-ਜਿਉਂ ਅਸੀਂ ਯਹੋਵਾਹ ਦੀ ਸੇਵਾ ਕਰਦੇ ਹਨ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਇਕ ਦਿਨ ਸਾਡੀਆਂ ਸਾਰੀਆਂ ਲੋੜਾਂ ਸਭ ਤੋਂ ਵਧੀਆ ਤਰੀਕੇ ਵਿਚ ਪੂਰੀਆਂ ਕੀਤੀਆਂ ਜਾਣਗੀਆਂ।—ਜ਼ਬੂਰ 145:16.
[ਫੁਟਨੋਟ]
^ ਪੈਰਾ 3 ਇਨ੍ਹਾਂ ਔਰਤਾਂ ਦੇ ਨਾਂ ਬਦਲੇ ਗਏ ਹਨ।
[ਸਫ਼ੇ 28 ਉੱਤੇ ਤਸਵੀਰਾਂ]
ਦੂਸਰਿਆਂ ਨੂੰ ਦੇਣ ਨਾਲ ਇਕੱਲਤਾ ਦੀ ਭਾਵਨਾ ਤੋਂ ਛੁਟਕਾਰਾ ਮਿਲ ਸਕਦਾ ਹੈ