ਰੋਮੀ ਇਤਿਹਾਸ ਤੋਂ ਇਕ ਸਬਕ
ਰੋਮੀ ਇਤਿਹਾਸ ਤੋਂ ਇਕ ਸਬਕ
ਪਹਿਲੇ ਕੁਰਿੰਥੀਆਂ 15:32 ਵਿਚ ਪੌਲੁਸ ਦੇ ਇਹ ਸ਼ਬਦ ਦਰਜ ਹਨ: “ਜੇ ਆਦਮੀ ਵਾਂਙੁ ਮੈਂ ਅਫ਼ਸੁਸ ਵਿੱਚ ਦਰਿੰਦਿਆਂ ਨਾਲ ਲੜਿਆ।” ਇਨ੍ਹਾਂ ਸ਼ਬਦਾਂ ਨੂੰ ਪੜ੍ਹ ਕੇ ਕੁਝ ਲੋਕ ਸੋਚਦੇ ਹਨ ਕਿ ਪੌਲੁਸ ਰਸੂਲ ਨੂੰ ਕਿਸੇ ਰੋਮੀ ਰੰਗਸ਼ਾਲਾ ਵਿਚ ਲੜਨ ਦੀ ਸਜ਼ਾ ਦਿੱਤੀ ਗਈ ਸੀ। ਭਾਵੇਂ ਉਹ ਆਪ ਲੜਿਆ ਸੀ ਜਾਂ ਨਹੀਂ, ਉਨੀਂ ਦਿਨੀਂ ਰੰਗਸ਼ਾਲਾਵਾਂ ਵਿਚ ਮਰਦੇ ਦਮ ਤਾਈਂ ਲੜਨਾ ਆਮ ਗੱਲ ਸੀ। ਸਾਨੂੰ ਇਤਿਹਾਸ ਤੋਂ ਰੰਗਸ਼ਾਲਾਵਾਂ ਬਾਰੇ ਕੀ ਪਤਾ ਚੱਲਦਾ ਹੈ ਅਤੇ ਉੱਥੇ ਕਿਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਸਨ?
ਮਸੀਹੀਆਂ ਵਜੋਂ, ਅਸੀਂ ਆਪਣੀ ਜ਼ਮੀਰ ਯਹੋਵਾਹ ਦੇ ਖ਼ਿਆਲਾਂ ਅਨੁਸਾਰ ਢਾਲਣੀ ਚਾਹੁੰਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਾਨੂੰ ਅੱਜ-ਕੱਲ੍ਹ ਦੇ ਮਨੋਰੰਜਨ ਬਾਰੇ ਫ਼ੈਸਲੇ ਕਰਨ ਵਿਚ ਮਦਦ ਮਿਲੇਗੀ। ਮਿਸਾਲ ਲਈ, ਹਿੰਸਾ ਬਾਰੇ ਪਰਮੇਸ਼ੁਰ ਦੇ ਖ਼ਿਆਲ ਬਾਰੇ ਇਨ੍ਹਾਂ ਸ਼ਬਦਾਂ ਉੱਤੇ ਗੌਰ ਕਰੋ: “ਜ਼ਾਲਮ ਦੀ ਰੀਸ ਨਾ ਕਰ, ਨਾ ਉਹ ਦੀਆਂ ਸਾਰੀਆਂ ਗੱਲਾਂ ਵਿੱਚੋਂ ਕੋਈ ਚੁਣ।” (ਕਹਾਉਤਾਂ 3:31) ਇਹ ਸਲਾਹ ਮੁਢਲੇ ਮਸੀਹੀ ਵੀ ਲਾਗੂ ਕਰ ਸਕਦੇ ਸਨ ਜਦੋਂ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕ ਰੋਮੀ ਤਲਵਾਰੀਏ ਮੁਕਾਬਲਿਆਂ ਬਾਰੇ ਬਹੁਤ ਜੋਸ਼ ਦਿਖਾਉਂਦੇ ਸਨ। ਇਨ੍ਹਾਂ ਮੁਕਾਬਲਿਆਂ ਤੇ ਹੋਣ ਵਾਲੀਆਂ ਘਟਨਾਵਾਂ ਉੱਤੇ ਗੌਰ ਕਰ ਕੇ ਆਓ ਆਪਾਂ ਦੇਖੀਏ ਕਿ ਮਸੀਹੀਆਂ ਨੂੰ ਉਨ੍ਹਾਂ ਤੋਂ ਸਾਫ਼-ਸਾਫ਼ ਕੀ ਸਬਕ ਸਿੱਖਣਾ ਚਾਹੀਦਾ ਹੈ।
ਕਲਪਨਾ ਕਰੋ ਕਿ ਇਕ ਰੋਮੀ ਰੰਗਸ਼ਾਲਾ ਵਿਚ ਦੋ ਗਲੈਡੀਏਟਰ ਜਾਂ ਤਲਵਾਰੀਏ ਆਮੋ-ਸਾਮ੍ਹਣੇ ਖੜ੍ਹੇ ਹਨ। ਜਦੋਂ ਤਲਵਾਰਾਂ ਟਕਰਾਉਂਦੀਆਂ ਹਨ ਤਾਂ ਲੋਕੀ ਜੋਸ਼ ਨਾਲ ਉੱਚੀ-ਉੱਚੀ ਨਾਅਰੇ ਮਾਰਦੇ ਹਨ ਕਿ ਉਨ੍ਹਾਂ ਦਾ ਹੀ ਮਨ-ਪਸੰਦ ਹੀਰੋ ਜਿੱਤੇ। ਤਲਵਾਰੀਏ ਆਪਣੀ ਪੂਰੀ ਵਾਹ ਲਾਉਂਦੇ ਹਨ। ਥੋੜ੍ਹੀ ਹੀ ਦੇਰ ਬਾਅਦ ਉਨ੍ਹਾਂ ਵਿੱਚੋਂ ਇਕ ਜਣਾ ਜ਼ਖ਼ਮੀ ਅਤੇ ਨਾਕਾਬਲ ਹੋ ਜਾਂਦਾ ਹੈ। ਉਹ ਆਪਣੇ ਹਥਿਆਰ ਹੇਠਾਂ ਸੁੱਟ ਕੇ ਗੋਡਿਆਂ ਭਾਰ ਨੀਵਾਂ ਹੋ ਜਾਂਦਾ ਹੈ ਜਿਸ ਦਾ ਮਤਲਬ ਹੈ ਕਿ ਉਹ ਆਪਣੀ ਹਾਰ ਮੰਨ ਰਿਹਾ ਹੈ ਅਤੇ ਚਾਹੁੰਦਾ ਹੈ ਕਿ ਉਸ ਉੱਤੇ ਰਹਿਮ ਕੀਤਾ ਜਾਵੇ। ਲੋਕਾਂ ਦੀ ਦੁਹਾਈ ਕੰਨ ਬੋਲ਼ੇ ਕਰਦੀ ਹੈ। ਕੁਝ ਚਿਲਾਉਂਦੇ ਹਨ ਕਿ ਉਸ ਉੱਤੇ ਰਹਿਮ ਕੀਤਾ ਜਾਵੇ ਅਤੇ ਦੂਜੇ ਕਿ ਉਸ ਨੂੰ ਮਾਰ ਦਿੱਤਾ ਜਾਵੇ। ਸਾਰਿਆਂ ਦੀਆਂ ਨਜ਼ਰਾਂ ਸ਼ਹਿਨਸ਼ਾਹ ਉੱਤੇ ਟਿੱਕ ਜਾਂਦੀਆਂ ਹਨ। ਉਸ ਨੂੰ ਲੋਕਾਂ ਦੀ ਦੁਹਾਈ ਸੁਣਦੀ ਹੈ ਅਤੇ ਜੇ ਉਹ ਚਾਹੇ ਤਾਂ ਉਹ ਹਾਰੇ ਗਏ ਜੰਗੀ ਨੂੰ ਛੁਡਾ ਸਕਦਾ ਹੈ ਜਾਂ ਇਸ਼ਾਰਾ ਦੇ ਕੇ ਮਰਵਾ ਵੀ ਸਕਦਾ ਹੈ।
ਰੋਮੀ ਲੋਕ ਤਲਵਾਰੀ ਮੁਕਾਬਲਿਆਂ ਦੇ ਬਹੁਤ ਹੀ ਸ਼ੌਕੀਨ ਸਨ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨਗੀ ਹੋਵੇਗੀ ਕਿ ਪਹਿਲਾਂ-ਪਹਿਲ ਐਸੀਆਂ ਲੜਾਈਆਂ ਵੱਡੇ-ਵੱਡੇ ਬੰਦਿਆਂ ਦੇ ਦਾਹ-ਸੰਸਕਾਰ ਤੇ ਲੜੀਆਂ ਜਾਂਦੀਆਂ ਸਨ। ਇਵੇਂ ਮੰਨਿਆ ਜਾਂਦਾ ਹੈ ਕਿ ਐਸੇ ਮੁਕਾਬਲੇ ਓਸਕਨ ਜਾਂ ਸੈਮਨੀ ਕੌਮਾਂ ਵਿਚ ਚੜ੍ਹਾਏ ਜਾਂਦੇ ਇਨਸਾਨੀ ਬਲੀਦਾਨਾਂ ਤੋਂ ਹੀ ਸ਼ੁਰੂ ਹੋਏ ਸਨ। ਇਹ ਇਲਾਕਾ ਹੁਣ ਮੱਧ ਇਟਲੀ ਕਹਾਉਂਦਾ ਹੈ। ਇਹ ਬਲੀਦਾਨ ਮੁਰਦਿਆਂ ਦੀਆਂ ਰੂਹਾਂ ਸ਼ਾਂਤ ਕਰਨ ਲਈ ਚੜ੍ਹਾਏ ਜਾਂਦੇ ਸਨ। ਐਸੇ ਮੁਕਾਬਲਿਆਂ ਨੂੰ ਇਕ “ਤੋਹਫ਼ਾ” ਸੱਦਿਆ ਜਾਂਦਾ ਸੀ। ਰਿਕਾਰਡਾਂ ਅਨੁਸਾਰ ਪਹਿਲੇ ਮੁਕਾਬਲੇ ਰੋਮ ਵਿਚ 264 ਸਾ.ਯੁ.ਪੂ. ਵਿਚ ਹੋਏ ਸਨ। ਉਦੋਂ ਤਿੰਨ ਜੋੜਿਆਂ ਨੇ ਬਲਦ ਮੰਡੀ ਵਿਚ ਲੜਾਈ ਕੀਤੀ ਸੀ। ਮਾਰਕਸ ਏਮਿਲਿਅਸ ਲੈਪਿਡੱਸ ਦੇ ਦਾਹ-ਸੰਸਕਾਰ ਤੇ 22 ਜੋੜੇ ਲੜੇ ਸਨ। ਪੁਬਲਿਯੁਸ ਲੁਸਿਨਿਯੁਸ ਦੇ ਦਾਹ-ਸੰਸਕਾਰ ਤੇ 60 ਜੋੜੇ ਲੜੇ ਸਨ। ਸੰਨ 65 ਸਾ.ਯੁ.ਪੂ. ਵਿਚ ਜੂਲੀਅਸ ਕੈਸਰ ਨੇ 320 ਜੋੜਿਆਂ ਨੂੰ ਰੰਗਸ਼ਾਲਾ ਵਿਚ ਲੜਨ ਲਈ ਘੱਲਿਆ ਸੀ।
ਕੀਥ ਹੌਪਕਿੰਸ ਨਾਂ ਦੇ ਇਤਿਹਾਸਕਾਰ ਨੇ ਕਿਹਾ ਕਿ ‘ਵੱਡੇ-ਵੱਡੇ ਲੋਕਾਂ ਦੇ ਦਾਹ-ਸੰਸਕਾਰ ਸਰਕਾਰੀ ਅਵਸਰ ਹੁੰਦੇ ਸਨ। ਇਨ੍ਹਾਂ ਖੇਡਾਂ ਨੂੰ ਆਪੋ-ਆਪਣਾ ਸਿਆਸੀ ਸੰਦੇਸ਼ ਪਹੁੰਚਾਉਣ ਦਾ ਮੌਕਾ ਸਮਝਿਆ ਜਾਂਦਾ ਸੀ ਕਿਉਂਕਿ ਉੱਥੇ ਵੋਟਾਂ ਪਾਉਣ ਵਾਲੇ ਕਾਫ਼ੀ ਲੋਕ ਇਕੱਠੇ ਹੋਏ ਹੁੰਦੇ ਸਨ। ਅਸਲ ਵਿਚ ਅਭਿਲਾਸ਼ੀ ਬੰਦਿਆਂ ਦੇ ਆਪਸ ਵਿਚ ਸਰਕਾਰੀ ਮੁਕਾਬਲਿਆਂ ਕਾਰਨ ਹੀ ਇਹ ਤਲਵਾਰੀ ਖੇਡਾਂ ਇੰਨੀਆਂ ਮਸ਼ਹੂਰ ਬਣੀਆਂ।’ ਅਗਸਟਸ ਦੇ ਰਾਜ ਤਾਈਂ (27 ਸਾ.ਯੁ.ਪੂ. ਤੋਂ 14 ਸਾ.ਯੁ.) ਇਹ ਮੁਕਾਬਲੇ ਇਕ ਮਹਿੰਗੇ ਤੋਹਫ਼ੇ ਵਜੋਂ ਵਿਚਾਰੇ ਜਾਣ ਲੱਗ ਪਏ ਜਿਸ ਨੂੰ ਅਮੀਰ ਸਰਕਾਰੀ ਅਫ਼ਸਰ ਆਪਣੀਆਂ ਨੌਕਰੀਆਂ ਅੱਗੇ ਵਧਾਉਣ ਲਈ ਪੇਸ਼ ਕਰਨ ਲੱਗ ਪਏ। ਇਸ ਦੇ ਨਾਲੋ-ਨਾਲ ਇਹ ਘਟਨਾ ਲੋਕਾਂ ਲਈ ਮਨੋਰੰਜਨ ਵੀ ਸਾਬਤ ਹੋਈ।
ਹਿੱਸਾ ਲੈਣ ਵਾਲੇ ਅਤੇ ਉਨ੍ਹਾਂ ਦੀ ਸਿਖਲਾਈ
ਤੁਸੀਂ ਸ਼ਾਇਦ ਪੁੱਛੋ ਕਿ ‘ਇਹ ਤਲਵਾਰੀਏ ਕੌਣ ਸਨ?’ ਉਹ ਸ਼ਾਇਦ ਗ਼ੁਲਾਮ ਸਨ, ਜਾਂ ਮੁਜਰਮ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਸੀ, ਜਾਂ ਜੰਗ ਵਿਚ ਲਏ ਗਏ ਕੈਦੀ, ਜਾਂ ਆਜ਼ਾਦ ਮਨੁੱਖ ਜੋ ਤਮਾਸ਼ਾ, ਜਾਂ ਮਸ਼ਹੂਰੀ ਅਤੇ ਦੌਲਤ ਭਾਲ ਰਹੇ ਸਨ। ਇਹ ਸਾਰੇ ਕੈਦਾਂ ਵਰਗੇ ਸਕੂਲਾਂ ਵਿਚ ਸਿਖਲਾਏ ਜਾਂਦੇ ਸਨ। ਇਤਾਲਵੀ ਭਾਸ਼ਾ ਵਿਚ ਖੇਡਾਂ ਅਤੇ ਤਮਾਸ਼ੇ ਨਾਂ ਦੀ ਇਕ ਪੁਸਤਕ ਦੱਸਦੀ ਹੈ ਕਿ ਜੋ ਤਲਵਾਰੀਏ ਸਿਖਲਾਈ ਲੈ ਰਹੇ ਸਨ ‘ਉਹ ਹਮੇਸ਼ਾ ਰੱਖਵਾਲਿਆਂ ਦੀ ਨਿਗਰਾਨੀ ਹੇਠ ਹੁੰਦੇ ਸਨ, ਅਤੇ ਉਨ੍ਹਾਂ ਨੂੰ ਸਖ਼ਤ ਅਸੂਲਾਂ ਦੀ ਪਾਲਣਾ ਕਰਨੀ ਪੈਂਦੀ ਸੀ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਵੀ ਦਿੱਤੀ ਜਾਂਦੀ ਸੀ। ਐਸੇ ਸਲੂਕ ਕਾਰਨ ਉਨ੍ਹਾਂ ਵਿਚਕਾਰ ਆਤਮ-ਹੱਤਿਆ ਅਤੇ ਵਿਰੋਧ ਆਮ ਗੱਲਾਂ ਸਨ।’ ਰੋਮ ਦੇ ਸਭ ਤੋਂ ਵੱਡੇ ਤਲਵਾਰੀਏ ਸਕੂਲ ਵਿਚ ਘੱਟੋ-ਘੱਟ ਇਕ ਹਜ਼ਾਰ ਕੈਦੀਆਂ ਲਈ ਥਾਂ ਸੀ। ਇਨ੍ਹਾਂ ਬੰਦਿਆਂ ਦੀ ਆਪੋ-ਆਪਣੀ ਖੂਬੀ ਹੁੰਦੀ ਸੀ। ਕਈ ਆਦਮੀ ਖ਼ਾਸ ਬਸਤਰ ਪਹਿਨਦਿਆਂ, ਢਾਲਾਂ, ਅਤੇ ਤਲਵਾਰਾਂ ਨਾਲ ਲੜਦੇ ਸਨ ਅਤੇ ਕਈ ਜਾਲਾਂ ਅਤੇ ਤ੍ਰਿਸ਼ੂਲ ਬਰਛਿਆਂ ਨਾਲ ਲੜਾਈ ਕਰਦੇ ਸਨ। ਦੂਸਰਿਆਂ ਨੂੰ ਇਕ ਹੋਰ ਤਰ੍ਹਾਂ ਦੇ ਮਸ਼ਹੂਰ ਤਮਾਸ਼ੇ ਵਿਚ, ਮਤਲਬ ਸ਼ਿਕਾਰ ਦੇ ਮਨੋਰੰਜਨ ਵਿਚ ਜੰਗਲੀ ਪਸ਼ੂਆਂ ਨਾਲ ਲੜਨ ਦੀ ਸਿਖਲਾਈ ਦਿੱਤੀ ਜਾਂਦੀ ਸੀ। ਕੀ ਪੌਲੁਸ ਇਸ ਤਰ੍ਹਾਂ ਦੀ ਕਿਸੇ ਘਟਨਾ ਦਾ ਜ਼ਿਕਰ ਕਰ ਰਿਹਾ ਸੀ?
ਤਮਾਸ਼ਿਆਂ ਦੇ ਪ੍ਰਬੰਧਕ ਉਨ੍ਹਾਂ ਠੇਕੇਦਾਰਾਂ ਤੋਂ ਮਦਦ ਲੈ ਸਕਦੇ ਸਨ ਜੋ 17-18 ਸਾਲਾਂ ਦੇ ਮੁੰਡਿਆਂ ਨੂੰ ਤਲਵਾਰੀਏ ਬਣਨ ਲਈ ਭਰਤੀ ਕਰਦੇ ਅਤੇ ਸਿਖਲਾਈ ਦਿੰਦੇ ਸਨ। ਇਨਸਾਨਾਂ ਦੇ ਵਪਾਰ ਵਿਚ ਬਹੁਤ ਹੀ ਲਾਹਾ ਸੀ। ਟ੍ਰੇਜਨ ਨੇ ਇਕ ਜੰਗ ਜਿੱਤਣ ਤੇ ਖ਼ੁਸ਼ੀਆਂ ਮਨਾਉਣ ਲਈ ਇਕ ਵੱਡੇ ਸ਼ੋਅ ਤੇ 10,000 ਤਲਵਾਰੀਏ ਅਤੇ 11,000 ਪਸ਼ੂ ਪੇਸ਼ ਕੀਤੇ ਸਨ।
ਰੰਗਸ਼ਾਲਾ ਵਿਚ ਇਕ ਆਮ ਦਿਨ
ਰੰਗਸ਼ਾਲਾ ਵਿਚ ਸਵੇਰ ਨੂੰ ਸ਼ਿਕਾਰ ਕੀਤਾ ਜਾਂਦਾ ਸੀ। ਤਰ੍ਹਾਂ-ਤਰ੍ਹਾਂ ਦੇ ਜੰਗਲੀ ਪਸ਼ੂਆਂ ਨੂੰ ਜ਼ਬਰਦਸਤੀ ਰੰਗਸ਼ਾਲਾਵਾਂ ਵਿਚ ਵਾੜਿਆ ਜਾਂਦਾ ਸੀ। ਲੋਕ ਖ਼ਾਸ ਕਰ ਕੇ ਸਾਨ੍ਹ ਅਤੇ ਰਿੱਛ ਦਰਮਿਆਨ ਤਮਾਸ਼ਾ ਦੇਖਣਾ ਪਸੰਦ ਕਰਦੇ ਸਨ। ਅਕਸਰ ਦੋਵੇਂ ਪਸ਼ੂ ਇਕੱਠੇ ਬੰਨ੍ਹੇ ਜਾਂਦੇ ਸਨ ਤਾਂਕਿ ਦੇਖਿਆ ਜਾਵੇ ਕਿ ਕਿਹੜਾ ਕਿਹ ਨੂੰ ਪਾੜ ਖਾ ਸਕਦਾ ਹੈ, ਫਿਰ ਸ਼ਿਕਾਰੀ ਜੀਉਂਦੇ ਪਸ਼ੂ ਨੂੰ ਮਾਰ ਦਿੰਦਾ ਸੀ। ਦੂਜੇ ਮਸ਼ਹੂਰ ਮੁਕਾਬਲਿਆਂ ਵਿਚ ਸ਼ੇਰਾਂ ਨੂੰ ਚਿਤਰਿਆਂ ਨਾਲ ਜਾਂ ਹਾਥੀਆਂ ਨੂੰ ਰਿੱਛਾਂ ਨਾਲ ਲੜਾਇਆ ਜਾਂਦਾ ਸੀ। ਪਸ਼ੂ ਸਾਮਰਾਜ ਦੇ ਦੂਰ-ਦੂਰ ਦੇ ਦੇਸ਼ਾਂ ਤੋਂ ਲਿਆਏ ਜਾਂਦੇ ਸਨ ਅਤੇ ਸ਼ਿਕਾਰੀ ਉਨ੍ਹਾਂ ਨੂੰ ਮਾਰ ਕੇ ਆਪਣੀ ਕਾਬਲੀਅਤ ਦਿਖਾਉਂਦੇ ਸਨ। ਖ਼ਰਚ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਸੀ। ਉਨ੍ਹਾਂ ਪਸ਼ੂਆਂ ਵਿਚ ਚਿਤਰੇ, ਗੈਂਡੇ, ਦਰਿਆਈ ਘੋੜੇ, ਜਿਰਾਫ, ਹਾਈਨੇ, ਊਠ, ਬਘਿਆੜ, ਜੰਗਲੀ ਸੂਰ, ਅਤੇ ਐਂਟੀਲੋਪ ਸ਼ਾਮਲ ਸਨ।
ਜੰਗਲਾਂ ਦੇ ਨਜ਼ਾਰੇ ਪੇਸ਼ ਕਰਨ ਲਈ ਪੱਥਰ, ਤਲਾਅ, ਅਤੇ ਦਰਖ਼ਤ ਵਰਤੇ ਜਾਂਦੇ ਸਨ। ਸ਼ਿਕਾਰ ਕਰਨ ਲਈ ਇਹ ਨਜ਼ਾਰੇ ਬਹੁਤ ਹੀ ਵਾਹ-ਵਾਹ ਲੱਗਦੇ ਸਨ। ਕੁਝ ਰੰਗਸ਼ਾਲਾਵਾਂ ਵਿਚ ਪਸ਼ੂ ਮਾਨੋ ਜਾਦੂ ਨਾਲ ਜ਼ਮੀਨ ਹੇਠੋਂ ਟੋਇਆਂ ਵਿੱਚੋਂ ਬਾਹਰ ਨਿਕਲਦੇ ਸਨ। ਲੋਕ ਪਸ਼ੂਆਂ ਦੇ ਅਨੋਖੇ ਚਾਲ-ਚੱਲਣ ਵਿਚ ਜ਼ਿਆਦਾ ਦਿਲਚਸਪੀ ਲੈਂਦੇ ਸਨ ਪਰ ਐਸੇ ਤਮਾਸ਼ਿਆਂ ਵਿਚ ਬੇਰਹਿਮੀ ਸਭ ਤੋਂ ਮਜ਼ੇਦਾਰ ਚੀਜ਼ ਸਮਝੀ ਜਾਂਦੀ ਸੀ।
ਪ੍ਰੋਗ੍ਰਾਮ ਦੇ ਅਗਲੇ ਹਿੱਸੇ ਵਿਚ ਮੌਤਾਂ ਸ਼ਾਮਲ ਸਨ। ਇਹ ਪੇਸ਼ਕਾਰੀਆਂ ਹਰ ਵਾਰ ਨਵੇਂ ਤੋਂ ਨਵੇਂ ਢੰਗ ਨਾਲ ਕੀਤੀਆਂ ਜਾਂਦੀਆਂ ਸਨ। ਮਿਥਿਹਾਸਕ ਡਰਾਮੇ ਪੇਸ਼ ਕੀਤੇ ਜਾਂਦੇ ਸਨ ਜਿਨ੍ਹਾਂ ਵਿਚ ਐਕਟਰ ਸੱਚ-ਮੁੱਚ ਮਾਰੇ ਜਾਂਦੇ ਸਨ।
ਦੁਪਹਿਰ ਨੂੰ ਤਲਵਾਰੀਆਂ ਦੀਆਂ ਵੱਖਰੀਆਂ ਕਲਾਸਾਂ ਲੱਗਦੀਆਂ ਸਨ। ਉਹ ਜੁਦੇ-ਜੁਦੇ ਹਥਿਆਰ ਵਰਤਦੇ ਸਨ ਅਤੇ ਵੱਖਰੇ-ਵੱਖਰੇ ਢੰਗਾਂ ਵਿਚ ਇਕ ਦੂਜੇ ਨਾਲ ਲੜਦੇ ਸਨ। ਲਾਸ਼ਾਂ ਨੂੰ ਬਾਹਰ ਘੜੀਸ ਕੇ ਲਿਜਾਣ ਵਾਲੇ ਬੰਦੇ ਪਤਾਲ ਦੇ ਦੇਵਤਿਆਂ ਵਾਂਗ ਕੱਪੜੇ ਪਹਿਨਦੇ ਸਨ।
ਤਮਾਸ਼ਾ ਦੇਖਣ ਵਾਲਿਆਂ ਉੱਤੇ ਅਸਰ
ਲੋਕੀ ਲੜਾਈ ਅਤੇ ਖ਼ੂਨ-ਖ਼ਰਾਬਾ ਦੇਖਣ ਦੇ ਬੜੇ ਪਿਆਸੇ ਸਨ। ਇਸ ਲਈ ਜਿਹੜੇ ਤਲਵਾਰੀਏ ਝਿਜਕਦੇ ਸਨ ਉਨ੍ਹਾਂ ਨੂੰ ਕੋਰੜਿਆਂ ਨਾਲ ਮਾਰਿਆ ਜਾਂਦਾ ਸੀ ਅਤੇ ਤੱਤੀਆਂ ਸੀਖਾਂ ਨਾਲ ਅੱਗੇ ਧੱਕਿਆ ਜਾਂਦਾ ਸੀ। ਲੋਕੀ ਦੁਹਾਈ ਪਾਉਂਦੇ ਸਨ ਕਿ “ਇਹ ਡਰਾਕਲ ਤਲਵਾਰ ਤੋਂ ਕਿਉਂ ਇੰਨਾ ਡਰਦਾ ਏ? ਇਹ ਜ਼ੋਰ ਨਾਲ ਤਲਵਾਰ ਕਿਉਂ ਨਹੀਂ ਚਲਾਉਂਦਾ? ਕੀ ਇਹ ਮਰਨ ਤੋਂ ਡਰਦਾ ਏ? ਮਾਰੋ ਇਹ ਨੂੰ ਮਾਰੋ ਤਾਂ ਕਿ ਇਹ ਚੰਗੀ ਤਰ੍ਹਾਂ ਮੁਕਾਬਲਾ ਕਰੇ! ਉਸ ਦੀ ਦੇਹ ਤੇ ਹੂਰੇ ਤੇ ਹੂਰਾ ਵਜਣ ਦਿਓ!” ਸਨੀਕਾ ਨਾਂ ਦੇ ਸਿਆਸਤਦਾਨ ਨੇ ਲਿਖਿਆ ਕਿ ਮੁਕਾਬਲੇ ਦੇ ਇੰਟਰਵਲ ਵਿਚ ਇਕ ਐਲਾਨ ਕੀਤਾ ਜਾਂਦਾ ਸੀ ਕਿ “ਹੁਣ ਇਕ-ਦੋ ਗਲ਼ੇ ਕੱਟੇ ਜਾਣਗੇ ਤਾਂਕਿ ਤਮਾਸ਼ਾ ਜਾਰੀ ਰਹੇ!”
ਕੋਈ ਹੈਰਾਨੀ ਦੀ ਗੱਲ ਨਹੀਂ ਕਿ ਸਨੀਕਾ ਸਵੀਕਾਰ ਕਰਦਾ ਹੈ ਕਿ ਜਦ ਤਕ ਉਹ ਮੁਕਾਬਲੇ ਤੋਂ ਬਾਅਦ ਘਰ ਮੁੜਿਆ ਉਹ ਪਹਿਲਾਂ ਨਾਲੋਂ “ਜ਼ਿਆਦਾ ਜ਼ੁਲਮੀ ਅਤੇ ਵਹਿਸ਼ੀ” ਬਣ ਗਿਆ। ਤਮਾਸ਼ਾ ਦੇਖਣ ਵਾਲਿਆਂ ਵਿੱਚੋਂ ਇਸ ਬੰਦੇ ਦੀ ਟਿੱਪਣੀ ਉੱਤੇ ਸਾਨੂੰ ਗੌਰ ਕਰਨਾ ਚਾਹੀਦਾ ਹੈ। ਕੀ ਅੱਜ ਦੀਆਂ ਖੇਡਾਂ ਤੇ ਹਾਜ਼ਰ ਹੋਣ ਨਾਲ ਵੀ ਇਹੀ ਅਸਰ ਪੈ ਸਕਦਾ ਹੈ ਕਿ ਲੋਕੀ “ਜ਼ਿਆਦਾ ਜ਼ੁਲਮੀ ਅਤੇ ਵਹਿਸ਼ੀ” ਬਣ ਜਾਂਦੇ ਹਨ?
ਕੁਝ ਲੋਕ ਆਪਣੇ ਆਪ ਨੂੰ ਨਸੀਬਾਂ ਵਾਲੇ ਸਮਝਦੇ ਸਨ ਜਦੋਂ ਉਹ ਇਸ ਤਰ੍ਹਾਂ ਦੇ ਮਨੋਰੰਜਨ ਤੋਂ ਸਹੀ-ਸਲਾਮਤ ਘਰ ਪਹੁੰਚ ਜਾਂਦੇ ਸੀ। ਇਕ ਵਾਰ ਇਕ ਤਮਾਸ਼ੇ ਤੇ ਕਿਸੇ ਬੰਦੇ ਨੇ ਡੋਮਿਸ਼ਨ ਬਾਰੇ ਮਖੌਲ ਵਾਲੀ ਇਕ ਗੱਲ ਕਹੀ ਤਾਂ ਉਸ ਸਾਮਰਾਜ ਨੇ ਉਹ ਨੂੰ ਉਸ ਦੀ ਸੀਟ ਤੋਂ ਘੜੀਸ ਕੇ ਕੁੱਤਿਆਂ ਮੋਹਰੇ ਸੁੱਟਵਾ ਦਿੱਤਾ। ਇਕ ਵਾਰ ਮੁਜਰਮਾਂ ਦੀ ਕਮੀ ਕਾਰਨ ਕਲਿਗੁਲਾ ਨੇ ਹੁਕਮ ਦਿੱਤਾ ਕਿ ਭੀੜ ਦੇ ਇਕ ਹਿੱਸੇ
ਨੂੰ ਫੜ ਕੇ ਪਸ਼ੂਆਂ ਸਾਮ੍ਹਣੇ ਸੁੱਟਿਆ ਜਾਵੇ। ਜਦੋਂ ਕਲੋਡਿਅਸ ਦੇ ਅਨੁਸਾਰ ਸਟੇਜ ਦੀ ਮਸ਼ੀਨਰੀ ਚੰਗੀ ਤਰ੍ਹਾਂ ਨਹੀਂ ਸੀ ਚੱਲੀ, ਤਾਂ ਉਸ ਨੇ ਹੁਕਮ ਦਿੱਤਾ ਕਿ ਐਸੇ ਨਿਕੰਮੇ ਕਾਰੀਗਰ ਖ਼ੁਦ ਹੀ ਰੰਗਸ਼ਾਲਾ ਵਿਚ ਲੜਾਈ ਕਰਨ।ਤਮਾਸ਼ਿਆਂ ਤੇ ਲੋਕ ਇੰਨੇ ਜੋਸ਼ ਨਾਲ ਭਰ ਜਾਂਦੇ ਸਨ ਕਿ ਐਸੀ ਹਲਚਲ ਵਿਚ ਕਾਫ਼ੀ ਭੱਜ-ਤੋੜ ਹੁੰਦੀ ਸੀ। ਰੋਮ ਸ਼ਹਿਰ ਦੇ ਉੱਤਰ ਵਿਚ ਇਕ ਗੋਲ਼ ਰੰਗਸ਼ਾਲਾ ਢਹਿ ਗਈ ਸੀ ਅਤੇ ਪਤਾ ਚੱਲਦਾ ਹੈ ਕਿ ਹਜ਼ਾਰਾਂ ਹੀ ਲੋਕ ਮਰ ਗਏ ਸਨ। ਸੰਨ 59 ਵਿਚ ਪੌਂਪੇ ਵਿਚ ਤਮਾਸ਼ੇ ਦੌਰਾਨ ਲੁੱਟ-ਖਸੁੱਟ ਫੁੱਟ ਪਈ ਸੀ। ਟੈਸੀਟਸ ਨਾਂ ਦੇ ਬੰਦੇ ਨੇ ਲਿਖਿਆ ਕਿ ਸਥਾਨਕ ਲੋਕ ਅਤੇ ਲਾਗਲੇ ਸ਼ਹਿਰ ਦੇ ਵਿਰੋਧੀ ਇਕ ਦੂਜੇ ਨੂੰ ਗਾਲ੍ਹਾਂ ਕੱਢਣ ਲੱਗ ਪਏ, ਫਿਰ ਇਕ ਦੂਜੇ ਦੇ ਪੱਥਰ ਮਾਰਨ ਲੱਗ ਪਏ, ਅਤੇ ਅੰਤ ਵਿਚ ਉਹ ਤਲਵਾਰਾਂ ਚਲਾਉਣ ਲੱਗ ਪਏ। ਕਈਆਂ ਦੇ ਸੱਟਾਂ ਲੱਗੀਆਂ ਜਾਂ ਉਹ ਕੱਟ-ਵੱਢ ਹੋ ਗਏ ਅਤੇ ਬਹੁਤ ਸਾਰੇ ਮਾਰੇ ਗਏ ਸਨ।
ਇਕ ਸਪੱਸ਼ਟ ਸਬਕ
ਹਾਲ ਹੀ ਰੋਮ ਸ਼ਹਿਰ ਦੇ ਕਲੋਸੀਅਮ ਨੇ ਇਕ ਪ੍ਰਦਰਸ਼ਨ ਪੇਸ਼ ਕੀਤਾ। ਇਸ ਦਾ ਨਾਂ ਸੀ “ਖ਼ੂਨ ਅਤੇ ਰੇਤਾ।” ਇਸ ਪ੍ਰਦਰਸ਼ਨ ਵਿਚ ਉਨ੍ਹਾਂ ਦਿਨਾਂ ਦੇ ਅਤੇ ਸਾਡੇ ਦਿਨਾਂ ਦੇ ਤਮਾਸ਼ਿਆਂ ਵਿਚ ਸਮਾਨਤਾ ਦਿਖਾਈ ਗਈ। ਵਿਡਿਓ ਦੁਆਰਾ ਖ਼ਾਸ ਤੌਰ ਤੇ ਸਾਨ੍ਹ-ਘੋਲ, ਬਾਕਸਿੰਗ, ਗੱਡੀਆਂ ਅਤੇ ਮੋਟਰ ਸਾਈਕਲਾਂ ਦੇ ਬੁਰੇ ਐਕਸੀਡੈਂਟ, ਖੇਡਾਂ ਵਿਚ ਪਾਗਲਾਂ ਵਾਂਗ ਲੜਾਈਆਂ, ਤਮਾਸ਼ੇ ਦੇਖਣ ਵਾਲਿਆਂ ਦੁਆਰਾ ਲੁੱਟ-ਖਸੁੱਟ ਵਰਗੀਆਂ ਚੀਜ਼ਾਂ ਦਿਖਾਈਆਂ ਗਈਆਂ। ਇਹ ਪੇਸ਼ਕਾਰੀ ਕਲੋਸੀਅਮ ਦੇ ਇਕ ਆਕਾਸ਼ੀ ਦ੍ਰਿਸ਼ ਨਾਲ ਸਮਾਪਤ ਹੋਈ। ਤੁਹਾਡੇ ਖ਼ਿਆਲ ਵਿਚ ਇਹ ਪ੍ਰਦਰਸ਼ਨ ਦੇਖਣ ਵਾਲਿਆਂ ਨੂੰ ਕੀ ਸਿੱਟਾ ਕੱਢਣਾ ਚਾਹੀਦਾ ਸੀ? ਕਿੰਨੇ ਜਣੇ ਇਸ ਤੋਂ ਸਬਕ ਸਿੱਖਣਗੇ?
ਅੱਜ-ਕੱਲ੍ਹ ਕਈਆਂ ਦੇਸ਼ਾਂ ਵਿਚ ਕੁੱਤਿਆਂ, ਕੁੱਕੜਾਂ, ਅਤੇ ਸਾਨ੍ਹਾਂ ਵਰਗੇ ਪਸ਼ੂ ਲੜਾਏ ਜਾਂਦੇ ਹਨ ਨਾਲੇ ਹਿੰਸਕ ਖੇਡਾਂ ਖੇਡੀਆਂ ਜਾਂਦੀਆਂ ਹਨ। ਲੋਕਾਂ ਦੇ ਮਜ਼ੇ ਲਈ ਮੋਟਰ ਸਾਈਕਲਾਂ ਅਤੇ ਗੱਡੀਆਂ ਦੀਆਂ ਰੇਸਾਂ ਲੱਗਾ ਕੇ ਜਾਨਾਂ ਖ਼ਤਰੇ ਵਿਚ ਪਾਈਆਂ ਜਾਂਦੀਆਂ ਹਨ। ਹਰ ਰੋਜ਼ ਟੈਲੀਵਿਯਨ ਤੇ ਦਿਖਾਏ ਜਾਂਦੇ ਪ੍ਰੋਗ੍ਰਾਮਾਂ ਬਾਰੇ ਜ਼ਰਾ ਸੋਚੋ। ਇਕ ਪੱਛਮੀ ਦੇਸ਼ ਵਿਚ ਕੀਤੀਆਂ ਗਈਆਂ ਸਟੱਡੀਆਂ ਨੇ ਦਿਖਾਇਆ ਕਿ ਇਸ ਤੋਂ ਪਹਿਲਾਂ ਕਿ ਇਕ ਨਿਆਣਾ ਦਸ ਸਾਲ ਦੀ ਉਮਰ ਦਾ ਹੁੰਦਾ ਹੈ ਉਹ ਔਸਤਨ 10,000 ਕਤਲ ਅਤੇ 1,00,000 ਲੜਾਈਆਂ ਦੇਖ ਚੁੱਕਾ ਹੁੰਦਾ ਹੈ।
ਤੀਜੀ ਸਦੀ ਦੇ ਇਕ ਲੇਖਕ ਟਰਟੂਲੀਅਨ ਨੇ ਲਿਖਿਆ ਸੀ ਕਿ ਇਨ੍ਹਾਂ ਤਮਾਸ਼ਿਆਂ ਦੇ ਮਜ਼ਿਆਂ ਦਾ “ਸੱਚੇ ਧਰਮ ਨਾਲ ਅਤੇ ਸੱਚੇ ਪਰਮੇਸ਼ੁਰ ਦੀ ਆਗਿਆਪਾਲਣਾ ਨਾਲ ਕੋਈ ਮੇਲ ਨਹੀਂ ਹੈ।” ਉਸ ਦੇ ਅਨੁਸਾਰ ਇਨ੍ਹਾਂ ਪ੍ਰੋਗ੍ਰਾਮਾਂ ਤੇ ਹਾਜ਼ਰ ਹੋਣ ਵਾਲੇ ਲੋਕ ਕਾਤਲਾਂ ਨਾਲ ਹੱਥ ਵਟਾਉਂਦੇ ਸਨ। ਅੱਜ-ਕੱਲ੍ਹ ਬਾਰੇ ਕੀ ਕਿਹਾ ਜਾ ਸਕਦਾ ਹੈ? ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ ਕਿ ‘ਕੀ ਮੈਨੂੰ ਵੀ ਟੈਲੀਵਿਯਨ ਜਾਂ ਇੰਟਰਨੈੱਟ ਤੇ ਖ਼ੂਨ-ਖ਼ਰਾਬੇ, ਮੌਤ, ਜਾਂ ਮਾਰ-ਕੁਟਾਈ ਵਾਲੇ ਪ੍ਰੋਗ੍ਰਾਮ ਚੰਗੇ ਲੱਗਦੇ ਹਨ?’ ਸਾਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਜ਼ਬੂਰ 11:5 (ਪਵਿੱਤਰ ਬਾਈਬਲ ਨਵਾਂ ਅਨੁਵਾਦ) ਕੀ ਕਹਿੰਦਾ ਹੈ: “ਪ੍ਰਭੂ ਭਲਿਆਂ ਅਤੇ ਦੁਸ਼ਟਾਂ ਦੋਹਾਂ ਨੂੰ ਪਰਖਦਾ ਹੈ, ਉਹ ਹਿੰਸਾ ਪਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ।”
[ਸਫ਼ੇ 28 ਉੱਤੇ ਡੱਬੀ]
“ਮੁਰਦਿਆਂ ਦੀਆਂ ਰੂਹਾਂ ਸ਼ਾਂਤ ਕਰਨ” ਲਈ ਲੜਾਈਆਂ
ਤੀਜੀ ਸਦੀ ਦੇ ਲੇਖਕ ਟਰਟੂਲੀਅਨ ਨੇ ਤਲਵਾਰੀਏ ਮੁਕਾਬਲਿਆਂ ਦੇ ਸ਼ੁਰੂ ਬਾਰੇ ਕਿਹਾ ਸੀ ਕਿ “ਪਹਿਲਿਆਂ ਜ਼ਮਾਨਿਆਂ ਦੇ ਲੋਕ ਸੋਚਦੇ ਹੁੰਦੇ ਸੀ ਕਿ ਇਸ ਤਰ੍ਹਾਂ ਦੇ ਤਮਾਸ਼ੇ ਪੇਸ਼ ਕਰ ਕੇ ਉਹ ਮੁਰਦਿਆਂ ਦੀਆਂ ਰੂਹਾਂ ਨੂੰ ਸ਼ਾਂਤ ਕਰਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਂਤੀ ਦੇ ਨਾਲੋ-ਨਾਲ, ਰੂਹਾਂ ਥੋੜ੍ਹਾ-ਬਹੁਤਾ ਜ਼ੁਲਮ ਵੀ ਪਸੰਦ ਕਰਦੀਆਂ ਸਨ। ਕਿਉਂਕਿ ਪੁਰਾਣਿਆਂ ਜ਼ਮਾਨਿਆਂ ਵਿਚ ਇਹ ਮੰਨਿਆ ਜਾਂਦਾ ਸੀ ਕਿ ਰੂਹਾਂ ਖ਼ੂਨ ਦੀ ਬਲੀ ਨਾਲ ਹੀ ਰਾਜ਼ੀ ਕੀਤੀਆਂ ਜਾ ਸਕਦੀਆਂ ਸਨ, ਦਾਹ-ਸੰਸਕਾਰਾਂ ਦੇ ਅਵਸਰਾਂ ਤੇ ਉਨ੍ਹਾਂ ਕੈਦੀਆਂ ਜਾਂ ਘਟੀਆ ਗ਼ੁਲਾਮਾਂ ਦਾ ਬਲੀਦਾਨ ਚੜ੍ਹਾਇਆ ਜਾਂਦਾ ਸੀ ਜੋ ਪਹਿਲਾਂ ਹੀ ਖ਼ਰੀਦੇ ਗਏ ਸਨ। ਬਾਅਦ ਵਿਚ ਉਹ ਆਪਣੇ ਅਪਵਿੱਤਰ ਕੰਮਾਂ ਨੂੰ ਲੁਕੋਣ ਲਈ ਐਸੀਆਂ ਰਸਮਾਂ ਨੂੰ ਆਨੰਦਦਾਇਕ ਮਨੋਰੰਜਨ ਦੇ ਤੌਰ ਤੇ ਪੇਸ਼ ਕਰਦੇ ਸਨ। ਇਸ ਤਰ੍ਹਾਂ ਪ੍ਰਾਪਤ ਕੀਤੇ ਬੰਦਿਆਂ ਨੂੰ ਹਥਿਆਰ ਵਰਤਣ ਵਿਚ ਵਧੀਆ ਤੋਂ ਵਧੀਆ ਸਿਖਲਾਈ ਦਿੱਤੀ ਜਾਂਦੀ ਸੀ। ਉਨ੍ਹਾਂ ਦੀ ਸਿਖਲਾਈ ਦਾ ਮਕਸਦ ਸੀ ਕਿ ਉਹ ਮਰਨਾ ਸਿੱਖ ਜਾਣ! ਉਹ ਫਿਰ ਦਾਹ-ਸੰਸਕਾਰ ਦੇ ਠਹਿਰਾਏ ਹੋਏ ਦਿਨ ਕਬਰਾਂ ਤੇ ਮਾਰੇ ਜਾਂਦੇ ਸਨ। ਇਸ ਤਰ੍ਹਾਂ ਉਨ੍ਹਾਂ ਜ਼ਮਾਨਿਆਂ ਵਿਚ ਲੋਕ ਮੌਤ ਦੇ ਸੋਗ ਲਈ ਕਤਲ ਵਿਚ ਹੀ ਦਿਲਾਸਾ ਪਾਉਂਦੇ ਸਨ। ਤੋਹਫ਼ੇ ਦੀ ਰਸਮ ਦਾ ਇਹੀ ਮੁੱਢ ਹੈ। ਕੁਝ ਦੇਰ ਬਾਅਦ, ਇਨ੍ਹਾਂ ਤਮਾਸ਼ਿਆਂ ਦੇ ਅਵਸਰਾਂ ਦੀ ਸੁਚੱਜਤਾ ਅਤੇ ਇਨ੍ਹਾਂ ਦਾ ਜ਼ੁਲਮ ਇਕ ਸਮਾਨ ਸਮਝੇ ਜਾਣ ਲੱਗ ਪਏ; ਕਿਉਂਕਿ ਜਦ ਤਕ ਜੰਗਲੀ ਪਸ਼ੂ ਬੰਦਿਆਂ ਦੇ ਸਰੀਰਾਂ ਨੂੰ ਪਾੜ ਨਾ ਖਾਂਦੇ ਸਨ, ਉਦੋਂ ਤਕ ਇਨ੍ਹਾਂ ਅਵਸਰਾਂ ਵਿਚ ਕੁਝ ਕਮੀ ਜਾਪਦੀ ਸੀ। ਮੁਰਦਿਆਂ ਦੀਆਂ ਰੂਹਾਂ ਨੂੰ ਚੜ੍ਹਾਵੇ ਦਾਹ-ਸੰਸਕਾਰ ਦੀ ਰਸਮ ਸਮਝੇ ਜਾਂਦੇ ਸਨ।”
[ਸਫ਼ੇ 27 ਉੱਤੇ ਤਸਵੀਰ]
ਪ੍ਰਾਚੀਨ ਤਲਵਾਰੀਏ ਦੀ ਲੋਹੇ ਦੀ ਟੋਪ ਅਤੇ ਗੋਡਿਆਂ ਲਈ ਸੁਰੱਖਿਆ
[ਸਫ਼ੇ 29 ਉੱਤੇ ਤਸਵੀਰਾਂ]
ਪਹਿਲਿਆਂ ਜ਼ਮਾਨਿਆਂ ਦੇ ਮਸੀਹੀਆਂ ਨੂੰ ਹਿੰਸਕ ਮਨਪਰਚਾਵੇ ਪਸੰਦ ਨਹੀਂ ਸਨ। ਕੀ ਤੁਹਾਨੂੰ ਇਹ ਪਸੰਦ ਹਨ?
[ਕ੍ਰੈਡਿਟ ਲਾਈਨਾਂ]
ਬਾਕਸਿੰਗ: Dave Kingdon/Index Stock Photography; ਐਕਸੀਡੈਂਟ: AP Photo/Martin Seppala
[ਸਫ਼ੇ 26 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Phoenix Art Museum, Arizona/Bridgeman Art Library