Skip to content

Skip to table of contents

ਯਹੋਵਾਹ ਆਪਣੇ ਲੋਕਾਂ ਨੂੰ ਚਾਨਣ ਦੇ ਕੇ ਸਜਾਉਂਦਾ ਹੈ

ਯਹੋਵਾਹ ਆਪਣੇ ਲੋਕਾਂ ਨੂੰ ਚਾਨਣ ਦੇ ਕੇ ਸਜਾਉਂਦਾ ਹੈ

ਯਹੋਵਾਹ ਆਪਣੇ ਲੋਕਾਂ ਨੂੰ ਚਾਨਣ ਦੇ ਕੇ ਸਜਾਉਂਦਾ ਹੈ

“ਉੱਠ, ਚਮਕ, ਤੇਰਾ ਚਾਨਣ ਜੋ ਆ ਗਿਆ ਹੈ, ਅਤੇ ਯਹੋਵਾਹ ਦਾ ਪਰਤਾਪ ਜੋ ਤੇਰੇ ਉੱਤੇ ਚਮਕਿਆ ਹੈ।”—ਯਸਾਯਾਹ 60:1.

1, 2. (ੳ) ਮਨੁੱਖਜਾਤੀ ਦੀ ਹਾਲਤ ਕਿਹੋ ਜਿਹੀ ਹੈ? (ਅ) ਦੁਨੀਆਂ ਦੇ ਹਨੇਰੇ ਪਿੱਛੇ ਕਿਨ੍ਹਾਂ ਦਾ ਹੱਥ ਹੈ?

ਅਮਰੀਕਾ ਦੇ ਰਾਸ਼ਟਰਪਤੀ ਹੈਰੀ ਟਰੂਮਨ ਨੇ 1940 ਦੇ ਦਹਾਕੇ ਵਿਚ ਦੁਹਾਈ ਦੇ ਕੇ ਕਿਹਾ ਕਿ “ਕਾਸ਼ ਹੁਣ ਯਸਾਯਾਹ ਜਾਂ ਪੌਲੁਸ ਰਸੂਲ ਵਰਗਾ ਕੋਈ ਬੰਦਾ ਹੁੰਦਾ!” ਉਸ ਨੇ ਇਹ ਸ਼ਬਦ ਕਿਉਂ ਕਹੇ ਸਨ? ਕਿਉਂਕਿ ਉਸ ਦੇ ਭਾਣੇ ਉਸ ਦੇ ਸਮੇਂ ਵਿਚ ਸਭ ਤੋਂ ਨੇਕ ਆਗੂਆਂ ਦੀ ਲੋੜ ਸੀ। ਦੂਜੇ ਵਿਸ਼ਵ ਯੁੱਧ ਦਾ ਸਮਾਂ 20ਵੀਂ ਸਦੀ ਵਿਚ ਦੁਨੀਆਂ ਦਾ ਸਭ ਤੋਂ ਬੁਰਾ ਸਮਾਂ ਸੀ। ਪਰ ਯੁੱਧ ਖ਼ਤਮ ਹੋ ਜਾਣ ਤੋਂ ਬਾਅਦ ਵੀ ਦੁਨੀਆਂ ਵਿਚ ਸ਼ਾਂਤੀ ਨਹੀਂ ਛਾਈ। ਹਨੇਰਾ ਛਾਇਆ ਰਿਹਾ। ਦਰਅਸਲ, ਯੁੱਧ ਦੇ ਖ਼ਤਮ ਹੋਣ ਤੋਂ 57 ਸਾਲ ਬਾਅਦ ਵੀ ਦੁਨੀਆਂ ਭਰ ਹਨੇਰਾ ਹੀ ਹਨੇਰਾ ਹੈ। ਜੇ ਰਾਸ਼ਟਰਪਤੀ ਹੈਰੀ ਟਰੂਮਨ ਅੱਜ ਜ਼ਿੰਦਾ ਹੁੰਦਾ, ਤਾਂ ਉਹ ਹਾਲੇ ਵੀ ਯਸਾਯਾਹ ਜਾਂ ਪੌਲੁਸ ਵਰਗੇ ਨੇਕ ਆਗੂਆਂ ਦੀ ਜ਼ਰੂਰਤ ਮਹਿਸੂਸ ਕਰਦਾ।

2 ਸ਼ਾਇਦ ਇਹ ਰਾਸ਼ਟਰਪਤੀ ਜਾਣਦਾ ਸੀ ਕਿ ਪੌਲੁਸ ਰਸੂਲ ਨੇ ਦੁਨੀਆਂ ਦੇ ਹਨੇਰੇ ਬਾਰੇ ਗੱਲ ਕੀਤੀ ਸੀ ਅਤੇ ਉਸ ਨੇ ਆਪਣੀਆਂ ਲਿਖਤਾਂ ਵਿਚ ਇਸ ਬਾਰੇ ਚੇਤਾਵਨੀ ਦਿੱਤੀ ਸੀ। ਮਿਸਾਲ ਲਈ, ਉਸ ਨੇ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਕਿਹਾ ਸੀ ਕਿ “ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋਂ ਹਕੂਮਤਾਂ, ਇਖ਼ਤਿਆਰਾਂ, ਅਤੇ ਇਸ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ।” (ਟੇਢੇ ਟਾਈਪ ਸਾਡੇ।) (ਅਫ਼ਸੀਆਂ 6:12) ਇਨ੍ਹਾਂ ਸ਼ਬਦਾਂ ਨਾਲ ਪੌਲੁਸ ਨੇ ਸਿਰਫ਼ ਇਹ ਨਹੀਂ ਦਿਖਾਇਆ ਕਿ ਉਹ ਇਸ ਦੁਨੀਆਂ ਉੱਤੇ ਛਾਏ ਹੋਏ ਰੂਹਾਨੀ ਹਨੇਰੇ ਬਾਰੇ ਜਾਣਦਾ ਸੀ ਪਰ ਉਸ ਨੇ ਇਹ ਵੀ ਦਿਖਾਇਆ ਕਿ ਇਸ ਹਨੇਰੇ ਦੇ ਪਿੱਛੇ ਕਿਨ੍ਹਾਂ ਦਾ ਹੱਥ ਹੈ। ਸ਼ਕਤੀਸ਼ਾਲੀ ਬੁਰੇ ਦੂਤ ਇਸ ਹਨੇਰੇ ਲਈ ਜ਼ਿੰਮੇਵਾਰ ਹਨ ਅਤੇ ਇਨ੍ਹਾਂ ਨੂੰ ‘ਮਹਾਰਾਜੇ’ ਸੱਦਿਆ ਗਿਆ ਹੈ। ਤਾਂ ਫਿਰ, ਇਨਸਾਨ ਦੁਨੀਆਂ ਤੇ ਛਾਏ ਹੋਏ ਹਨੇਰੇ ਨੂੰ ਮਿਟਾਉਣ ਲਈ ਕੀ ਕਰ ਸਕਦੇ ਹਨ ਜਦ ਕਿ ਇਸ ਦੇ ਪਿੱਛੇ ਬੁਰੇ ਦੂਤਾਂ ਦਾ ਹੱਥ ਹੈ?

3. ਮਨੁੱਖਜਾਤੀ ਦੀ ਹਨੇਰੀ ਹਾਲਤ ਦੇ ਬਾਵਜੂਦ ਯਸਾਯਾਹ ਨੇ ਵਫ਼ਾਦਾਰ ਲੋਕਾਂ ਦੇ ਸੰਬੰਧ ਵਿਚ ਕਿਹੜੀ ਭਵਿੱਖਬਾਣੀ ਕੀਤੀ ਸੀ?

3 ਯਸਾਯਾਹ ਨੇ ਵੀ ਇਸੇ ਤਰ੍ਹਾਂ ਮਨੁੱਖਜਾਤੀ ਦੀ ਹਨੇਰੀ ਹਾਲਤ ਬਾਰੇ ਗੱਲ ਕੀਤੀ ਸੀ। (ਯਸਾਯਾਹ 8:22; 59:9) ਪਰ, ਸਾਡੇ ਸਮੇਂ ਬਾਰੇ ਭਵਿੱਖਬਾਣੀ ਕਰਦੇ ਹੋਏ ਉਸ ਨੇ ਦੱਸਿਆ ਕਿ ਇਨ੍ਹਾਂ ਹਨੇਰੇ ਸਮਿਆਂ ਦੌਰਾਨ ਯਹੋਵਾਹ ਉਨ੍ਹਾਂ ਨੂੰ ਰੌਸ਼ਨੀ ਦਿਖਾਵੇਗਾ ਜੋ ਚਾਨਣ ਪਸੰਦ ਕਰਦੇ ਹਨ। ਜੀ ਹਾਂ, ਭਾਵੇਂ ਕਿ ਪੌਲੁਸ ਜਾਂ ਯਸਾਯਾਹ ਸਾਡੇ ਦਰਮਿਆਨ ਨਹੀਂ ਹਨ, ਸਾਡੀ ਅਗਵਾਈ ਕਰਨ ਲਈ ਸਾਡੇ ਕੋਲ ਉਨ੍ਹਾਂ ਦੀਆਂ ਲਿਖਤਾਂ ਹਨ। ਇਹ ਦੇਖਣ ਲਈ ਕਿ ਇਹ ਯਹੋਵਾਹ ਨਾਲ ਪਿਆਰ ਕਰਨ ਵਾਲਿਆਂ ਲਈ ਕਿੰਨੀ ਵੱਡੀ ਬਰਕਤ ਹੈ ਆਓ ਆਪਾਂ ਯਸਾਯਾਹ ਦੇ 60ਵੇਂ ਅਧਿਆਇ ਦੀ ਭਵਿੱਖਬਾਣੀ ਵੱਲ ਧਿਆਨ ਦੇਈਏ।

ਇਕ ਤੀਵੀਂ ਚਾਨਣ ਚਮਕਾਉਂਦੀ ਹੈ

4, 5. (ੳ) ਯਹੋਵਾਹ ਨੇ ਤੀਵੀਂ ਨੂੰ ਕੀ ਕਰਨ ਦਾ ਹੁਕਮ ਦਿੱਤਾ ਸੀ, ਅਤੇ ਪਰਮੇਸ਼ੁਰ ਨੇ ਕਿਹੜਾ ਵਾਅਦਾ ਕੀਤਾ ਸੀ? (ਅ) ਯਸਾਯਾਹ ਦੇ 60ਵੇਂ ਅਧਿਆਇ ਵਿਚ ਕਿਹੜੀ ਵਧੀਆ ਜਾਣਕਾਰੀ ਪਾਈ ਜਾਂਦੀ ਹੈ?

4ਯਸਾਯਾਹ ਦੇ 60ਵੇਂ ਅਧਿਆਇ ਦੇ ਪਹਿਲੇ ਸ਼ਬਦ ਇਕ ਤੀਵੀਂ ਨੂੰ ਕਹੇ ਗਏ ਸਨ ਜੋ ਹਨੇਰੇ ਵਿਚ ਜ਼ਮੀਨ ਉੱਤੇ ਲੇਟੀ ਹੋਈ ਸੀ, ਯਾਨੀ ਮਾੜੀ ਹਾਲਤ ਵਿਚ ਸੀ। ਅਚਾਨਕ ਚਾਨਣ ਚਮਕ ਉੱਠਿਆ ਅਤੇ ਯਹੋਵਾਹ ਨੇ ਆਵਾਜ਼ ਦੇ ਕੇ ਉਸ ਨੂੰ ਹੁਕਮ ਦਿੱਤਾ: “ਉੱਠ, ਚਮਕ, ਤੇਰਾ ਚਾਨਣ ਜੋ ਆ ਗਿਆ ਹੈ, ਅਤੇ ਯਹੋਵਾਹ ਦਾ ਪਰਤਾਪ ਜੋ ਤੇਰੇ ਉੱਤੇ ਚਮਕਿਆ ਹੈ।” (ਯਸਾਯਾਹ 60:1) ਉਹ ਸਮਾਂ ਆ ਗਿਆ ਸੀ ਜਦ ਤੀਵੀਂ ਨੂੰ ਉੱਠ ਕੇ ਪਰਮੇਸ਼ੁਰ ਦਾ ਪਰਤਾਪ ਚਮਕਾਉਣ ਦੀ ਲੋੜ ਸੀ। ਪਰ, ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਸੀ? ਇਸ ਦਾ ਜਵਾਬ ਅਗਲੀ ਆਇਤ ਵਿਚ ਮਿਲਦਾ ਹੈ: “ਵੇਖੋ ਤਾਂ, ਅਨ੍ਹੇਰਾ ਧਰਤੀ ਨੂੰ ਢੱਕ ਲਵੇਗਾ, ਅਤੇ ਉੱਮਤਾਂ ਨੂੰ ਘਟਾਂ, ਪਰ ਯਹੋਵਾਹ ਤੇਰੇ ਉੱਤੇ ਚਮਕੇਗਾ, ਅਤੇ ਉਹ ਦਾ ਪਰਤਾਪ ਤੇਰੇ ਉੱਤੇ ਵਿਖਾਈ ਦੇਵੇਗਾ।” (ਯਸਾਯਾਹ 60:2) ਤੀਵੀਂ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਜਦੋਂ ਉਹ ਯਹੋਵਾਹ ਦੇ ਹੁਕਮ ਨੂੰ ਮੰਨੇਗੀ ਤਾਂ ਉਸ ਨੂੰ ਵਧੀਆ ਨਤੀਜੇ ਮਿਲਣਗੇ। ਯਹੋਵਾਹ ਨੇ ਕਿਹਾ: “ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ, ਅਤੇ ਰਾਜੇ ਤੇਰੇ ਚੜ੍ਹਾਓ ਦੀ ਚਮਕਾਹਟ ਵੱਲ।”—ਯਸਾਯਾਹ 60:3.

5 ਇਨ੍ਹਾਂ ਤਿੰਨਾਂ ਆਇਤਾਂ ਦੇ ਸ਼ਬਦ 60ਵੇਂ ਅਧਿਆਇ ਦੀ ਸ਼ੁਰੂਆਤ ਹਨ ਅਤੇ ਬਾਕੀ ਦੇ ਅਧਿਆਇ ਦਾ ਸਾਰ ਵੀ ਹਨ। ਇਹ ਭਵਿੱਖਬਾਣੀ ਤੀਵੀਂ ਦੇ ਅਨੁਭਵ ਬਾਰੇ ਦੱਸਦੀ ਹੈ ਅਤੇ ਸਮਝਾਉਂਦੀ ਹੈ ਕਿ ਅਸੀਂ ਯਹੋਵਾਹ ਦੇ ਚਾਨਣ ਵਿਚ ਕਿਵੇਂ ਜੀ ਸਕਦੇ ਹਾਂ ਭਾਵੇਂ ਮਨੁੱਖਜਾਤੀ ਉੱਤੇ ਹਨੇਰਾ ਛਾਇਆ ਹੋਇਆ ਹੈ। ਲੇਕਿਨ, ਇਨ੍ਹਾਂ ਪਹਿਲੀਆਂ ਤਿੰਨ ਆਇਤਾਂ ਵਿਚ ਦੱਸੇ ਗਏ ਨਿਸ਼ਾਨਾਂ ਦਾ ਕੀ ਮਤਲਬ ਹੈ?

6. ਯਸਾਯਾਹ ਦੇ 60ਵੇਂ ਅਧਿਆਇ ਦੀ ਤੀਵੀਂ ਕੌਣ ਹੈ, ਅਤੇ ਅੱਜ ਧਰਤੀ ਉੱਤੇ ਇਸ ਨੂੰ ਕੌਣ ਪ੍ਰਤਿਨਿਧ ਕਰਦਾ ਹੈ?

6ਯਸਾਯਾਹ 60:1-3 ਦੀ ਤੀਵੀਂ ਸੀਯੋਨ ਹੈ, ਯਾਨੀ ਆਤਮਿਕ ਪ੍ਰਾਣੀਆਂ ਤੋਂ ਬਣਿਆ ਯਹੋਵਾਹ ਦਾ ਆਸਮਾਨੀ ਸੰਗਠਨ। ਅੱਜ, ਧਰਤੀ ਉੱਤੇ “ਪਰਮੇਸ਼ੁਰ ਦੇ ਇਸਰਾਏਲ” ਦੇ ਬਾਕੀ ਰਹਿੰਦੇ ਲੋਕ ਸੀਯੋਨ ਦੇ ਪ੍ਰਤਿਨਿਧ ਹਨ। ਇਹ ਮਸਹ ਕੀਤੇ ਹੋਏ ਮਸੀਹੀਆਂ ਦੀ ਅੰਤਰਰਾਸ਼ਟਰੀ ਕਲੀਸਿਯਾ ਹੈ ਜੋ ਮਸੀਹ ਨਾਲ ਸਵਰਗ ਵਿਚ ਰਾਜ ਕਰਨ ਦੀ ਆਸ ਰੱਖਦੀ ਹੈ। (ਗਲਾਤੀਆਂ 6:16) ਇਸ ਰੂਹਾਨੀ ਕੌਮ ਵਿਚ 1,44,000 ਮਸਹ ਕੀਤੇ ਹੋਏ ਮੈਂਬਰ ਹਨ। ਸਾਡੇ ਜ਼ਮਾਨੇ ਵਿਚ ਯਸਾਯਾਹ ਦੇ 60ਵੇਂ ਅਧਿਆਇ ਦੀ ਪੂਰਤੀ ਇਸ ਰੂਹਾਨੀ ਕੌਮ ਦੇ ਬਕੀਏ ਨਾਲ ਸੰਬੰਧ ਰੱਖਦੀ ਹੈ, ਜੋ “ਅੰਤ ਦਿਆਂ ਦਿਨਾਂ” ਦੌਰਾਨ ਧਰਤੀ ਉੱਤੇ ਜੀਉਂਦਾ ਹੈ। (2 ਤਿਮੋਥਿਉਸ 3:1 ਪਰਕਾਸ਼ ਦੀ ਪੋਥੀ 14:1) ਇਹ ਭਵਿੱਖਬਾਣੀ ਮਸਹ ਕੀਤੇ ਹੋਏ ਮਸੀਹੀਆਂ ਦਾ ਸਾਥ ਦੇਣ ਵਾਲੀ ‘ਹੋਰ ਭੇਡਾਂ’ ਦੀ “ਵੱਡੀ ਭੀੜ” ਬਾਰੇ ਵੀ ਬਹੁਤ ਕੁਝ ਦੱਸਦੀ ਹੈ।—ਪਰਕਾਸ਼ ਦੀ ਪੋਥੀ 7:9; ਯੂਹੰਨਾ 10:16.

7. ਸਾਲ 1918 ਵਿਚ ਸੀਯੋਨ ਦੀ ਕੀ ਹਾਲਤ ਸੀ, ਅਤੇ ਇਸ ਦੀ ਭਵਿੱਖਬਾਣੀ ਕਿਵੇਂ ਕੀਤੀ ਗਈ ਸੀ?

7 ਕੀ ਅਜਿਹਾ ਸਮਾਂ ਆਇਆ ਸੀ ਜਦੋਂ ‘ਪਰਮੇਸ਼ੁਰ ਦਾ ਇਸਰਾਏਲ,’ ਉਸ ਤੀਵੀਂ ਵਾਂਗ ਹਨੇਰੇ ਵਿਚ ਲੇਟਿਆ ਹੋਇਆ ਸੀ? ਜੀ ਹਾਂ, ਇਸ ਤਰ੍ਹਾਂ ਕੁਝ 80 ਸਾਲ ਪਹਿਲਾਂ ਹੋਇਆ ਸੀ। ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਮਸਹ ਕੀਤੇ ਹੋਏ ਮਸੀਹੀਆਂ ਨੂੰ ਪ੍ਰਚਾਰ ਦੇ ਕੰਮ ਨੂੰ ਜਾਰੀ ਰੱਖਣ ਲਈ ਸਖ਼ਤ ਮਿਹਨਤ ਕਰਨੀ ਪਈ ਸੀ। ਯੁੱਧ ਦੇ ਆਖ਼ਰੀ ਸਾਲ 1918 ਦੌਰਾਨ ਪ੍ਰਚਾਰ ਦਾ ਕੰਮ ਲਗਭਗ ਬੰਦ ਹੀ ਹੋ ਗਿਆ ਸੀ। ਉਸ ਸਮੇਂ ਤੇ ਭਰਾ ਜੋਸਫ਼ ਰਦਰਫ਼ਰਡ ਸੰਸਾਰ-ਭਰ ਦੇ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰ ਰਹੇ ਸਨ। ਉਨ੍ਹਾਂ ਨੂੰ ਅਤੇ ਹੋਰ ਪ੍ਰਮੁੱਖ ਮਸੀਹੀਆਂ ਨੂੰ ਝੂਠੇ ਦੋਸ਼ ਕਾਰਨ ਲੰਬੇ ਸਮੇਂ ਲਈ ਕੈਦ ਦੀ ਸਜ਼ਾ ਸੁਣਾਈ ਗਈ। ਪਰਕਾਸ਼ ਦੀ ਪੋਥੀ ਵਿਚ ਉਸ ਸਮੇਂ ਤੇ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਾਸ਼ਾਂ ਦੇ ਤੌਰ ਤੇ ਦਰਸਾਇਆ ਗਿਆ ਹੈ ਜੋ ‘ਓਸ ਵੱਡੀ ਨਗਰੀ ਦੇ ਚੌਂਕ ਵਿੱਚ ਪਈਆਂ ਸਨ ਜਿਹੜੀ ਆਤਮਕ ਬਿਧ ਨਾਲ ਸਦੂਮ ਅਤੇ ਮਿਸਰ ਕਰਕੇ ਸਦਾਉਂਦੀ ਹੈ।’ (ਪਰਕਾਸ਼ ਦੀ ਪੋਥੀ 11:8) ਇਹ ਸੀਯੋਨ ਲਈ ਸੱਚ-ਮੁੱਚ ਹਨੇਰੇ ਦਾ ਸਮਾਂ ਸੀ ਜਿਸ ਨੂੰ ਧਰਤੀ ਤੇ ਮਸਹ ਕੀਤੇ ਹੋਇਆਂ ਦੁਆਰਾ ਪ੍ਰਤਿਨਿਧ ਕੀਤਾ ਗਿਆ ਸੀ!

8. ਸਾਲ 1919 ਵਿਚ ਕਿਹੜੀ ਵੱਡੀ ਤਬਦੀਲੀ ਹੋਈ ਸੀ, ਅਤੇ ਇਸ ਦਾ ਕੀ ਨਤੀਜਾ ਨਿਕਲਿਆ?

8 ਪਰ 1919 ਵਿਚ ਇਕ ਵੱਡੀ ਤਬਦੀਲੀ ਹੋਈ। ਯਹੋਵਾਹ ਨੇ ਸੀਯੋਨ ਉੱਤੇ ਚਾਨਣ ਪਾਇਆ! ਪਰਮੇਸ਼ੁਰ ਦੇ ਇਸਰਾਏਲ ਦੇ ਬਚੇ ਹੋਏ ਮਸੀਹੀਆਂ ਨੇ ਉੱਠ ਕੇ ਦਲੇਰੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਪਰਮੇਸ਼ੁਰ ਦਾ ਚਾਨਣ ਚਮਕਾਇਆ। (ਮੱਤੀ 5:14-16) ਇਨ੍ਹਾਂ ਮਸੀਹੀਆਂ ਦੇ ਜੋਸ਼ ਕਾਰਨ ਹੋਰ ਲੋਕ ਵੀ ਯਹੋਵਾਹ ਦੇ ਚਾਨਣ ਵੱਲ ਖਿੱਚੇ ਗਏ ਸਨ। ਸ਼ੁਰੂ ਵਿਚ, ਪਰਮੇਸ਼ੁਰ ਦੇ ਇਸਰਾਏਲ ਨਾਲ ਸ਼ਾਮਲ ਹੋਣ ਵਾਲੇ ਨਵੇਂ ਲੋਕ ਮਸਹ ਕੀਤੇ ਹੋਏ ਸਨ। ਯਸਾਯਾਹ 60:3 ਵਿਚ ਇਨ੍ਹਾਂ ਨੂੰ ਰਾਜੇ ਕਿਹਾ ਜਾਂਦਾ ਹੈ ਕਿਉਂ ਜੋ ਇਹ ਪਰਮੇਸ਼ੁਰ ਦੇ ਸਵਰਗੀ ਰਾਜ ਵਿਚ ਮਸੀਹ ਦੇ ਨਾਲ ਰਾਜ ਕਰਨਗੇ। (ਪਰਕਾਸ਼ ਦੀ ਪੋਥੀ 20:6) ਬਾਅਦ ਵਿਚ ਹੋਰ ਭੇਡਾਂ ਦੀ ਵੱਡੀ ਭੀੜ ਯਹੋਵਾਹ ਦੇ ਚਾਨਣ ਵੱਲ ਖਿੱਚੀ ਗਈ ਸੀ। ਇਹ ਭਵਿੱਖਬਾਣੀ ਦੀਆਂ “ਕੌਮਾਂ” ਹਨ।

ਤੀਵੀਂ ਦੇ ਬੱਚੇ ਘਰ ਆਉਂਦੇ ਹਨ!

9, 10. (ੳ) ਤੀਵੀਂ ਨੇ ਕਿਹੜਾ ਵਧੀਆ ਨਜ਼ਾਰਾ ਦੇਖਿਆ ਸੀ, ਅਤੇ ਇਸ ਦਾ ਕੀ ਅਰਥ ਸੀ? (ਅ) ਸੀਯੋਨ ਕੋਲ ਖ਼ੁਸ਼ ਹੋਣ ਦਾ ਕਿਹੜਾ ਕਾਰਨ ਹੈ?

9 ਯਹੋਵਾਹ ਨੇ ਫਿਰ ਯਸਾਯਾਹ 60:1-3 ਦੀ ਭਵਿੱਖਬਾਣੀ ਬਾਰੇ ਹੋਰ ਜਾਣਕਾਰੀ ਦਿੱਤੀ। ਉਸ ਨੇ ਤੀਵੀਂ ਨੂੰ ਇਕ ਹੋਰ ਹੁਕਮ ਦਿੱਤਾ। ਸੁਣੋ ਕਿ ਉਸ ਨੇ ਕੀ ਕਿਹਾ: “ਆਪਣੀਆਂ ਅੱਖਾਂ ਚੁੱਕ ਕੇ ਆਲੇ ਦੁਆਲੇ ਵੇਖ!” ਤੀਵੀਂ ਨੇ ਇਹ ਹੁਕਮ ਮੰਨਿਆ ਅਤੇ ਨਜ਼ਾਰਾ ਦੇਖ ਕੇ ਉਹ ਬਹੁਤ ਖ਼ੁਸ਼ ਹੋਈ! ਉਸ ਦੇ ਬੱਚੇ ਘਰ ਆ ਰਹੇ ਸਨ। ਆਇਤ ਨੇ ਅੱਗੇ ਕਿਹਾ: “ਓਹ ਸਭ ਦੇ ਸਭ ਇਕੱਠੇ ਹੁੰਦੇ, ਓਹ ਤੇਰੇ ਕੋਲ ਆਉਂਦੇ, ਤੇਰੇ ਪੁੱਤ੍ਰ ਦੂਰੋਂ ਆਉਣਗੇ, ਅਤੇ ਤੇਰੀਆਂ ਧੀਆਂ ਕੁੱਛੜ ਚੁੱਕੀਆਂ ਜਾਣਗੀਆਂ।” (ਯਸਾਯਾਹ 60:4) ਦੁਨੀਆਂ ਭਰ ਵਿਚ ਰਾਜ ਦਾ ਪ੍ਰਚਾਰ 1919 ਵਿਚ ਦੁਬਾਰਾ ਸ਼ੁਰੂ ਹੋਇਆ ਸੀ। ਨਤੀਜੇ ਵਜੋਂ ਹਜ਼ਾਰਾਂ ਹੀ ਲੋਕ ਯਹੋਵਾਹ ਦੀ ਸੇਵਾ ਕਰਨ ਲਈ ਖਿੱਚੇ ਗਏ ਸਨ। ਇਹ ਵੀ ਪਰਮੇਸ਼ੁਰ ਦਾ ਇਸਰਾਏਲ ਅਤੇ ਮਸਹ ਕੀਤੇ ਹੋਇਆਂ ਵਜੋਂ ਸੀਯੋਨ ਦੇ “ਪੁੱਤ੍ਰ” ਅਤੇ “ਧੀਆਂ” ਬਣੀਆਂ। ਇਸ ਤਰ੍ਹਾਂ, 1,44,000 ਮਸੀਹੀਆਂ ਦੀ ਗਿਣਤੀ ਪੂਰੀ ਕਰ ਕੇ ਯਹੋਵਾਹ ਨੇ ਸੀਯੋਨ ਨੂੰ ਚਮਕਾਇਆ ਹੈ।

10 ਸੀਯੋਨ ਦੇ ਬੱਚੇ ਉਸ ਦੇ ਨਾਲ ਸਨ! ਕੀ ਤੁਸੀਂ ਉਸ ਦੀ ਖ਼ੁਸ਼ੀ ਦੀ ਕਲਪਨਾ ਕਰ ਸਕਦੇ ਹੋ? ਲੇਕਿਨ, ਯਹੋਵਾਹ ਨੇ ਸੀਯੋਨ ਨੂੰ ਖ਼ੁਸ਼ੀ ਦੇ ਹੋਰ ਵੀ ਕਾਰਨ ਦਿੱਤੇ ਸਨ। ਆਓ ਆਪਾਂ ਇਕੱਠੇ ਪੜ੍ਹੀਏ: “ਤੂੰ ਵੇਖੇਂਗੀ ਅਤੇ ਚਮਕੇਂਗੀ, ਅਤੇ ਤੇਰਾ ਦਿਲ ਥਰ ਥਰ ਕੰਬੇਗਾ ਤੇ ਫੁੱਲ ਜਾਵੇਗਾ। ਕਿਉਂ ਜੋ ਸਮੁੰਦਰ ਦੀ ਵਾਫਰੀ ਤੇਰੀ ਵੱਲ ਫਿਰੇਗੀ, ਅਤੇ ਕੌਮਾਂ ਦਾ ਧਨ ਤੇਰੀ ਵੱਲ ਆਵੇਗਾ।” (ਯਸਾਯਾਹ 60:5) ਭਵਿੱਖਬਾਣੀ ਦੇ ਇਨ੍ਹਾਂ ਸ਼ਬਦਾਂ ਅਨੁਸਾਰ, 1930 ਦੇ ਦਹਾਕੇ ਤੋਂ ਲੈ ਕੇ ਕਈ ਲੱਖ ਮਸੀਹੀ, ਜਿਨ੍ਹਾਂ ਦੀ ਧਰਤੀ ਉੱਤੇ ਸਦਾ ਲਈ ਜੀਉਣ ਦੀ ਆਸ ਹੈ, ਸੀਯੋਨ ਵੱਲ ਆਏ ਹਨ। ਇਹ ਲੋਕ ਪਰਮੇਸ਼ੁਰ ਤੋਂ ਅੱਡ ਹੋਈ ਮਨੁੱਖਜਾਤੀ ਦੇ “ਸਮੁੰਦਰ” ਵਿੱਚੋਂ ਸਾਰੀਆਂ ਕੌਮਾਂ ਤੋਂ ਆਏ ਹਨ। ਇਹ “ਸਾਰੀਆਂ ਕੌਮਾਂ ਦੇ ਪਦਾਰਥ” ਹਨ। (ਹੱਜਈ 2:7; ਯਸਾਯਾਹ 57:20) ਇਸ ਗੱਲ ਉੱਤੇ ਵੀ ਧਿਆਨ ਦਿਓ ਕਿ ਇਹ “ਪਦਾਰਥ” ਯਹੋਵਾਹ ਦੀ ਸੇਵਾ ਆਪੋ-ਆਪਣੇ ਤਰੀਕੇ ਵਿਚ ਨਹੀਂ ਕਰਦੇ। ਸਗੋਂ ਉਹ ਆਪਣੇ ਮਸਹ ਕੀਤੇ ਹੋਏ ਭਰਾਵਾਂ ਨਾਲ ਉਪਾਸਨਾ ਕਰ ਕੇ ਸੀਯੋਨ ਦੀ ਸੁੰਦਰਤਾ ਹੋਰ ਵੀ ਵਧਾਉਂਦੇ ਹਨ। ਉਹ ਉਨ੍ਹਾਂ ਨਾਲ ਮਿਲ ਕੇ “ਇੱਕੋ ਇੱਜੜ” ਹੁੰਦੇ ਹਨ ਅਤੇ ਉਨ੍ਹਾਂ ਦਾ “ਇੱਕੋ ਅਯਾਲੀ” ਹੈ।—ਯੂਹੰਨਾ 10:16.

ਵਪਾਰੀ ਅਤੇ ਚਰਵਾਹੇ ਸੀਯੋਨ ਵਿਚ ਇਕੱਠੇ ਹੁੰਦੇ ਹਨ

11, 12. ਸੀਯੋਨ ਵੱਲ ਆ ਰਹੀਆਂ ਭੀੜਾਂ ਬਾਰੇ ਦੱਸੋ।

11 ਲੋਕਾਂ ਨੂੰ ਇਕੱਠੇ ਕਰਨ ਦੀ ਇਸ ਭਵਿੱਖਬਾਣੀ ਦਾ ਨਤੀਜਾ ਇਹ ਨਿਕਲਿਆ ਹੈ ਕਿ ਯਹੋਵਾਹ ਦੀ ਉਸਤਤ ਕਰਨ ਵਾਲਿਆਂ ਵਿਚ ਬਹੁਤ ਵਾਧਾ ਹੋਇਆ ਹੈ। ਇਸ ਬਾਰੇ ਭਵਿੱਖਬਾਣੀ ਦੇ ਅਗਲੇ ਸ਼ਬਦਾਂ ਵਿਚ ਦੱਸਿਆ ਗਿਆ ਹੈ। ਕਲਪਨਾ ਕਰੋ ਕਿ ਤੁਸੀਂ ਸੀਯੋਨ ਪਰਬਤ ਉੱਤੇ ਇਸ ਤੀਵੀਂ ਨਾਲ ਖੜ੍ਹੇ ਹੋ। ਤੁਸੀਂ ਪੂਰਬ ਵੱਲ ਦੇਖਦੇ ਹੋ, ਤੁਹਾਨੂੰ ਕੀ ਦਿੱਸਦਾ ਹੈ? “ਬਹੁਤ ਸਾਰੇ ਊਠ ਤੈਨੂੰ ਢਕ ਲੈਣਗੇ, ਮਿਦਯਾਨ ਅਤੇ ਏਫਾਹ ਦੇ ਜੁਆਨ ਊਠ, ਸਾਰੇ ਸ਼ਬਾ ਤੋਂ ਆਉਣਗੇ, ਓਹ ਸੋਨਾ ਅਤੇ ਲੁਬਾਨ ਚੁੱਕਣਗੇ, ਅਤੇ ਯਹੋਵਾਹ ਦੀ ਉਸਤਤ ਦਾ ਪਰਚਾਰ ਕਰਨਗੇ।” (ਯਸਾਯਾਹ 60:6) ਵਪਾਰੀਆਂ ਦੀਆਂ ਭੀੜਾਂ ਆਪਣਿਆਂ ਊਠਾਂ ਨਾਲ ਯਰੂਸ਼ਲਮ ਨੂੰ ਜਾ ਰਹੀਆਂ ਸੜਕਾਂ ਉੱਤੇ ਸਫ਼ਰ ਕਰ ਰਹੀਆਂ ਹਨ। ਇੰਨੇ ਸਾਰੇ ਊਠ, ਇਕ ਹੜ੍ਹ ਦੀ ਤਰ੍ਹਾਂ ਸਾਰੇ ਦੇਸ਼ ਨੂੰ ਢੱਕ ਰਹੇ ਹਨ! ਇਨ੍ਹਾਂ ਵਪਾਰੀਆਂ ਕੋਲ “ਸੋਨਾ ਅਤੇ ਲੁਬਾਨ” ਵਰਗੇ ਕੀਮਤੀ ਤੋਹਫ਼ੇ ਸਨ। ਇਹ ਵਪਾਰੀ ਯਹੋਵਾਹ ਦੇ ਚਾਨਣ ਵੱਲ ਆਉਂਦੇ ਹਨ ਤਾਂਕਿ ਉਹ ਉਸ ਦੀ ਭਗਤੀ ਕਰ ਕੇ ‘ਯਹੋਵਾਹ ਦੀ ਉਸਤਤ ਦਾ ਪਰਚਾਰ ਕਰ ਸਕਣ।’

12 ਵਪਾਰੀ ਇਕੱਲੇ ਹੀ ਨਹੀਂ ਆ ਰਹੇ ਹਨ। ਚਰਵਾਹੇ ਵੀ ਸੀਯੋਨ ਨੂੰ ਆ ਰਹੇ ਹਨ। ਭਵਿੱਖਬਾਣੀ ਅੱਗੇ ਕਹਿੰਦੀ ਹੈ: “ਕੇਦਾਰ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ, ਨਬਾਯੋਥ ਦੇ ਛਤ੍ਰੇ ਤੇਰੀ ਸੇਵਾ ਕਰਨਗੇ।” (ਯਸਾਯਾਹ 60:7ੳ) ਭੇਡਾਂ ਚਾਰਨ ਵਾਲੇ ਕਬੀਲੇ ਵੀ ਯਹੋਵਾਹ ਨੂੰ ਆਪਣੇ ਇੱਜੜਾਂ ਵਿੱਚੋਂ ਸਭ ਤੋਂ ਵਧੀਆ ਭੇਡਾਂ ਪੇਸ਼ ਕਰਨ ਲਈ ਪਵਿੱਤਰ ਸ਼ਹਿਰ ਨੂੰ ਆਏ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਸੇਵਕਾਂ ਵਜੋਂ ਵੀ ਪੇਸ਼ ਕੀਤਾ ਹੈ! ਕੀ ਯਹੋਵਾਹ ਇਨ੍ਹਾਂ ਵਿਦੇਸ਼ੀਆਂ ਨੂੰ ਸਵੀਕਾਰ ਕਰਦਾ ਹੈ? ਉਹ ਖ਼ੁਦ ਕਹਿੰਦਾ ਹੈ: “ਓਹ ਕਬੂਲ ਹੋ ਕੇ ਮੇਰੀ ਜਗਵੇਦੀ ਉੱਤੇ ਚੜ੍ਹਾਏ ਜਾਣਗੇ, ਅਤੇ ਮੈਂ ਆਪਣੇ ਸੋਹਣੇ ਭਵਨ ਨੂੰ ਸਜਾਵਾਂਗਾ।” (ਯਸਾਯਾਹ 60:7ਅ) ਯਹੋਵਾਹ ਨੇ ਇਨ੍ਹਾਂ ਵਿਦੇਸ਼ੀਆਂ ਦੀ ਭਗਤੀ ਅਤੇ ਉਨ੍ਹਾਂ ਦੇ ਤੋਹਫ਼ੇ ਮਿਹਰਬਾਨੀ ਨਾਲ ਕਬੂਲ ਕੀਤੇ। ਉਨ੍ਹਾਂ ਦੀ ਮੌਜੂਦਗੀ ਉਸ ਦੀ ਹੈਕਲ ਨੂੰ ਸਜਾਉਂਦੀ ਹੈ।

13, 14. ਪੱਛਮ ਵੱਲੋਂ ਕੀ ਆਉਂਦਾ ਨਜ਼ਰ ਆਉਂਦਾ ਹੈ?

13 ਹੁਣ ਦੂਸਰੇ ਪਾਸੇ ਨੂੰ ਨਜ਼ਰ ਕਰ ਕੇ ਪੱਛਮ ਵੱਲ ਦੇਖੋ। ਤੁਹਾਨੂੰ ਕੀ ਨਜ਼ਰ ਆਉਂਦਾ ਹੈ? ਦੂਰ ਇਕ ਚਿੱਟਾ ਬੱਦਲ ਜਿਹਾ ਦਿੱਸਦਾ ਹੈ ਜੋ ਸਮੁੰਦਰ ਦੇ ਪਾਣੀਆਂ ਉੱਤੇ ਫੈਲਿਆ ਹੋਇਆ ਹੈ। ਯਹੋਵਾਹ ਨੇ ਉਹੀ ਸਵਾਲ ਪੁੱਛਿਆ ਜੋ ਤੁਹਾਡੇ ਮਨ ਵਿਚ ਹੈ: “ਏਹ ਕੌਣ ਹਨ ਜਿਹੜੇ ਬੱਦਲ ਵਾਂਙੁ ਉੱਡੇ ਆਉਂਦੇ ਹਨ, ਜਿਵੇਂ ਘੁੱਗੀਆਂ ਆਪਣੇ ਕਾਬੁਕਾਂ ਨੂੰ?” (ਯਸਾਯਾਹ 60:8) ਯਹੋਵਾਹ ਨੇ ਖ਼ੁਦ ਆਪਣੇ ਸਵਾਲ ਦਾ ਜਵਾਬ ਦਿੱਤਾ: “ਸੱਚ ਮੁੱਚ ਟਾਪੂ ਮੇਰੀ ਉਡੀਕ ਕਰਨਗੇ, ਨਾਲੇ ਪਹਿਲਾਂ ਤਰਸ਼ੀਸ਼ ਦੇ ਜਹਾਜ਼, ਭਈ ਓਹ ਤੇਰੇ ਪੁੱਤ੍ਰਾਂ ਨੂੰ ਓਹਨਾਂ ਦੀ ਚਾਂਦੀ ਤੇ ਸੋਨੇ ਸਣੇ ਦੂਰੋਂ ਲਿਆਉਣ, ਯਹੋਵਾਹ ਤੇਰੇ ਪਰਮੇਸ਼ੁਰ ਦੇ ਨਾਮ ਲਈ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਲਈ, ਕਿਉਂ ਜੋ ਓਸ ਤੈਨੂੰ ਸਜਾਇਆ ਹੈ।”—ਯਸਾਯਾਹ 60:9.

14 ਜ਼ਰਾ ਇਸ ਦੀ ਕਲਪਨਾ ਕਰਨ ਦੀ ਕੋਸ਼ਿਸ਼ ਕਰੋ। ਉਹ ਚਿੱਟਾ ਬੱਦਲ ਨੇੜੇ ਆ ਰਿਹਾ ਹੈ ਅਤੇ ਹੁਣ ਦੂਰ ਪੱਛਮ ਵੱਲ ਚਿੱਟੇ-ਚਿੱਟੇ ਦਾਣਿਆਂ ਵਰਗਾ ਲੱਗਦਾ ਹੈ। ਇਹ ਸਮੁੰਦਰ ਉੱਤੇ ਉੱਡਦੇ ਪੰਛੀਆਂ ਵਾਂਗ ਲੱਗਦਾ ਹੈ। ਪਰ ਨੇੜੇ ਆਉਣ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਬਾਦਬਾਨੀ ਜਹਾਜ਼ ਹਨ। ਯਰੂਸ਼ਲਮ ਵੱਲ ਆ ਰਹੇ ਸਮੁੰਦਰੀ ਜਹਾਜ਼ਾਂ ਦਾ ਬੇੜਾ ਇੰਨਾ ਵੱਡਾ ਹੈ ਕਿ ਇਹ ਘੁੱਗੀਆਂ ਵਾਂਗ ਲੱਗਦਾ ਹੈ। ਇਹ ਬੇੜਾ ਇੰਨੀ ਜਲਦੀ ਵਿਚ ਕਿਉਂ ਹੈ? ਇਹ ਦੂਰ ਦੀਆਂ ਬੰਦਰਗਾਹਾਂ ਤੋਂ ਯਹੋਵਾਹ ਦੇ ਸੇਵਕਾਂ ਨੂੰ ਲਿਆ ਰਿਹਾ ਹੈ। ਤੇਜ਼ੀ ਨਾਲ ਆ ਰਹੇ ਇਹ ਜਹਾਜ਼ ਲੋਕਾਂ ਨੂੰ ਯਹੋਵਾਹ ਦੀ ਸੇਵਾ ਕਰਨ ਲਈ ਯਰੂਸ਼ਲਮ ਨੂੰ ਲਿਆ ਰਹੇ ਹਨ।

ਯਹੋਵਾਹ ਦਾ ਸੰਗਠਨ ਵਧਦਾ ਹੈ

15. (ੳ) ਯਸਾਯਾਹ 60:4-9 ਵਿਚ ਕਿਸ ਵਾਧੇ ਬਾਰੇ ਭਵਿੱਖਬਾਣੀ ਕੀਤੀ ਗਈ ਹੈ? (ਅ) ਸੱਚੇ ਮਸੀਹੀਆਂ ਦਾ ਕੀ ਰਵੱਈਆ ਹੈ?

15ਆਇਤਾਂ 4 ਤੋਂ 9 ਸੰਸਾਰ ਭਰ ਵਿਚ 1919 ਤੋਂ ਲੈ ਕੇ ਹੁਣ ਤਕ ਦੇ ਵਾਧੇ ਬਾਰੇ ਕਿੰਨੀ ਚੰਗੀ ਤਰ੍ਹਾਂ ਦੱਸਦੀਆਂ ਹਨ! ਯਹੋਵਾਹ ਨੇ ਸੀਯੋਨ ਨੂੰ ਅਜਿਹੇ ਵਾਧੇ ਦੀ ਬਰਕਤ ਕਿਉਂ ਦਿੱਤੀ ਸੀ? ਕਿਉਂਕਿ 1919 ਤੋਂ ਲੈ ਕੇ ਪਰਮੇਸ਼ੁਰ ਦੇ ਇਸਰਾਏਲ ਨੇ ਵਫ਼ਾਦਾਰੀ ਨਾਲ ਯਹੋਵਾਹ ਦਾ ਚਾਨਣ ਲਗਾਤਾਰ ਚਮਕਾਇਆ ਹੈ। ਪਰ, ਕੀ ਤੁਸੀਂ ਧਿਆਨ ਦਿੱਤਾ ਕਿ 7ਵੀਂ ਆਇਤ ਦੇ ਅਨੁਸਾਰ ਕੌਮਾਂ ਤੋਂ ਆਏ ਇਹ ਲੋਕ ਪਰਮੇਸ਼ੁਰ ਦੀ “ਜਗਵੇਦੀ ਉੱਤੇ ਚੜ੍ਹਾਏ ਜਾਣਗੇ”? ਜਗਵੇਦੀ ਉੱਤੇ ਬਲੀਦਾਨ ਚੜ੍ਹਾਏ ਜਾਂਦੇ ਹਨ। ਇਸ ਲਈ ਭਵਿੱਖਬਾਣੀ ਦੀ ਇਹ ਗੱਲ ਸਾਨੂੰ ਯਾਦ ਦਿਲਾਉਂਦੀ ਹੈ ਕਿ ਯਹੋਵਾਹ ਦੀ ਸੇਵਾ ਵਿਚ ਬਲੀਦਾਨ ਚੜ੍ਹਾਏ ਜਾਂਦੇ ਹਨ। ਪੌਲੁਸ ਰਸੂਲ ਨੇ ਲਿਖਿਆ ਕਿ “ਮੈਂ . . . ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ।” (ਰੋਮੀਆਂ 12:1) ਪੌਲੁਸ ਰਸੂਲ ਦੇ ਸ਼ਬਦਾਂ ਦੀ ਇਕਸੁਰਤਾ ਵਿਚ, ਸੱਚੇ ਮਸੀਹੀ ਹਫ਼ਤੇ ਵਿਚ ਸਿਰਫ਼ ਇਕ ਵਾਰ ਧਾਰਮਿਕ ਮੀਟਿੰਗ ਤੇ ਜਾ ਕੇ ਖ਼ੁਸ਼ ਨਹੀਂ ਹੁੰਦੇ। ਉਹ ਆਪਣਾ ਸਮਾਂ, ਬਲ, ਅਤੇ ਧਨ ਸ਼ੁੱਧ ਭਗਤੀ ਨੂੰ ਅੱਗੇ ਵਧਾਉਣ ਲਈ ਵਰਤਦੇ ਹਨ। ਅਜਿਹੇ ਵਫ਼ਾਦਾਰ ਸੇਵਕਾਂ ਦੀ ਮੌਜੂਦਗੀ ਯਹੋਵਾਹ ਦੇ ਭਵਨ ਨੂੰ ਸਜਾਉਂਦੀ ਹੈ। ਯਸਾਯਾਹ ਦੀ ਭਵਿੱਖਬਾਣੀ ਨੇ ਕਿਹਾ ਸੀ ਕਿ ਇਸੇ ਤਰ੍ਹਾਂ ਹੋਵੇਗਾ। ਅਤੇ ਅਸੀਂ ਪੱਕਾ ਯਕੀਨ ਕਰ ਸਕਦੇ ਹਾਂ ਕਿ ਅਜਿਹੇ ਜੋਸ਼ੀਲੇ ਸੇਵਕ ਯਹੋਵਾਹ ਦੀਆਂ ਨਜ਼ਰਾਂ ਵਿਚ ਸੋਹਣੇ ਹਨ।

16. ਪਿੱਛਲੇ ਜ਼ਮਾਨੇ ਵਿਚ ਉਸਾਰੀ ਦੇ ਕੰਮ ਵਿਚ ਕਿਨ੍ਹਾਂ ਨੇ ਹਿੱਸਾ ਲਿਆ ਸੀ, ਅਤੇ ਅੱਜ ਦੇ ਸਮੇਂ ਵਿਚ ਕੌਣ ਇਹ ਕੰਮ ਕਰ ਰਹੇ ਹਨ?

16 ਨਵੇਂ ਆਏ ਲੋਕ ਕੰਮ ਕਰਨਾ ਚਾਹੁੰਦੇ ਹਨ। ਭਵਿੱਖਬਾਣੀ ਨੇ ਅੱਗੇ ਕਿਹਾ: “ਓਪਰੇ ਤੇਰੀਆਂ ਕੰਧਾਂ ਨੂੰ ਉਸਾਰਨਗੇ, ਅਤੇ ਓਹਨਾਂ ਦੇ ਰਾਜੇ ਤੇਰੀ ਸੇਵਾ ਕਰਨਗੇ।” (ਯਸਾਯਾਹ 60:10) ਬਾਬਲੀ ਕੈਦ ਤੋਂ ਵਾਪਸ ਆਏ ਲੋਕਾਂ ਦੇ ਦਿਨਾਂ ਵਿਚ ਇਨ੍ਹਾਂ ਸ਼ਬਦਾਂ ਦੀ ਪਹਿਲੀ ਪੂਰਤੀ ਉਦੋਂ ਹੋਈ ਸੀ ਜਦੋਂ ਰਾਜਿਆਂ ਅਤੇ ਓਪਰਿਆਂ ਨੇ ਹੈਕਲ ਅਤੇ ਯਰੂਸ਼ਲਮ ਦੀ ਉਸਾਰੀ ਦੇ ਕੰਮ ਵਿਚ ਹਿੱਸਾ ਲਿਆ ਸੀ। (ਅਜ਼ਰਾ 3:7; ਨਹਮਯਾਹ 3:26) ਅੱਜ ਦੀ ਪੂਰਤੀ ਵਿਚ ਵੱਡੀ ਭੀੜ ਦੇ ਮਸੀਹੀ ਸੱਚੀ ਭਗਤੀ ਨੂੰ ਅੱਗੇ ਵਧਾਉਣ ਵਿਚ ਮਸਹ ਕੀਤੇ ਹੋਏ ਬਕੀਏ ਦੀ ਸਹਾਇਤਾ ਕਰਦੇ ਹਨ। ਉਨ੍ਹਾਂ ਨੇ ਮਸੀਹੀ ਕਲੀਸਿਯਾਵਾਂ ਨੂੰ ਮਜ਼ਬੂਤ ਕਰਨ ਵਿਚ ਮਦਦ ਦੇ ਕੇ ਯਹੋਵਾਹ ਦੇ ਸੰਗਠਨ ਦੀਆਂ “ਕੰਧਾਂ” ਮਜ਼ਬੂਤ ਕੀਤੀਆਂ ਹਨ। ਰੂਹਾਨੀ ਉਸਾਰੀ ਤੋਂ ਇਲਾਵਾ ਉਹ ਮਿਹਨਤ ਕਰ ਕੇ ਕਿੰਗਡਮ ਹਾਲਾਂ, ਅਸੈਂਬਲੀ ਹਾਲਾਂ, ਅਤੇ ਬੈਥਲ ਲਈ ਇਮਾਰਤਾਂ ਵੀ ਬਣਾਉਂਦੇ ਹਨ। ਇਨ੍ਹਾਂ ਸਾਰਿਆਂ ਤਰੀਕਿਆਂ ਵਿਚ ਉਹ ਆਪਣੇ ਮਸਹ ਕੀਤੇ ਹੋਏ ਭਰਾਵਾਂ ਨੂੰ ਯਹੋਵਾਹ ਦੇ ਵੱਧ ਰਹੇ ਸੰਗਠਨ ਦੀ ਦੇਖ-ਭਾਲ ਕਰਨ ਵਿਚ ਸਹਾਰਾ ਦਿੰਦੇ ਹਨ!

17. ਯਹੋਵਾਹ ਆਪਣੇ ਲੋਕਾਂ ਨੂੰ ਕਿਸ ਤਰੀਕੇ ਨਾਲ ਸਜਾਉਂਦਾ ਹੈ?

17ਯਸਾਯਾਹ 60:10 ਦੇ ਆਖ਼ਰੀ ਸ਼ਬਦਾਂ ਤੋਂ ਕਿੰਨਾ ਹੌਸਲਾ ਮਿਲਦਾ ਹੈ! ਯਹੋਵਾਹ ਨੇ ਕਿਹਾ: “ਭਾਵੇਂ ਮੈਂ ਤੈਨੂੰ ਆਪਣੇ ਕੋਪ ਵਿੱਚ ਮਾਰਿਆ, ਪਰ ਮੈਂ ਆਪਣੀ ਭਾਉਣੀ ਵਿੱਚ ਤੇਰੇ ਉੱਤੇ ਰਹਮ ਕਰਾਂਗਾ।” ਜੀ ਹਾਂ, 1918/1919 ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਜ਼ਰੂਰ ਤਾੜਿਆ ਸੀ। ਪਰ ਇਹ ਬੀਤੀ ਹੋਈ ਗੱਲ ਹੈ। ਹੁਣ ਯਹੋਵਾਹ ਮਸਹ ਕੀਤੇ ਹੋਇਆਂ ਉੱਤੇ ਅਤੇ ਉਨ੍ਹਾਂ ਦੇ ਸਾਥੀ, ਹੋਰ ਭੇਡਾਂ ਉੱਤੇ ਰਹਮ ਕਰਦਾ ਹੈ। ਉਸ ਦੇ ਰਹਮ ਦਾ ਸਬੂਤ ਉਸ ਦੇ ਲੋਕਾਂ ਦਾ ਅਨੋਖਾ ਵਾਧਾ ਹੈ, ਜਿਸ ਦੀ ਬਰਕਤ ਦੇ ਕੇ ਉਸ ਨੇ ਉਨ੍ਹਾਂ ਨੂੰ ‘ਸਜਾਇਆ’ ਹੈ।

18, 19. (ੳ) ਯਹੋਵਾਹ ਆਪਣੇ ਸੰਗਠਨ ਵਿਚ ਆ ਰਹੇ ਨਵੇਂ ਲੋਕਾਂ ਬਾਰੇ ਕਿਹੜਾ ਵਾਅਦਾ ਕਰਦਾ ਹੈ? (ਅ) ਯਸਾਯਾਹ 60 ਦੀਆਂ ਰਹਿੰਦੀਆਂ ਆਇਤਾਂ ਵਿਚ ਕੀ ਦੱਸਿਆ ਗਿਆ ਹੈ?

18 ਹਰ ਸਾਲ ਹਜ਼ਾਰਾਂ ਹੀ ਨਵੇਂ “ਓਪਰੇ” ਯਹੋਵਾਹ ਦੇ ਸੰਗਠਨ ਵਿਚ ਆਉਂਦੇ ਹਨ ਅਤੇ ਹੋਰਨਾਂ ਲਈ ਵੀ ਅਜੇ ਰਾਹ ਖੁੱਲ੍ਹਾ ਹੈ। ਯਹੋਵਾਹ ਨੇ ਸੀਯੋਨ ਨੂੰ ਕਿਹਾ: “ਤੇਰੇ ਫਾਟਕ ਸਦਾ ਖੁਲ੍ਹੇ ਰਹਿਣਗੇ, ਓਹ ਦਿਨ ਰਾਤ ਬੰਦ ਨਾ ਹੋਣਗੇ, ਭਈ ਓਹ ਤੇਰੇ ਕੋਲ ਕੌਮਾਂ ਦਾ ਧਨ, ਅਤੇ ਓਹਨਾਂ ਦੇ ਰਾਜੇ ਜਲੂਸ ਵਿੱਚ ਲੈ ਆਉਣ।” (ਯਸਾਯਾਹ 60:11) ਕਈਆਂ ਵਿਰੋਧੀਆਂ ਨੇ ਇਨ੍ਹਾਂ ‘ਫਾਟਕਾਂ’ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅਸੀਂ ਜਾਣਦੇ ਹਾਂ ਕਿ ਉਹ ਕਦੀ ਵੀ ਕਾਮਯਾਬ ਨਹੀਂ ਹੋਣਗੇ। ਯਹੋਵਾਹ ਨੇ ਖ਼ੁਦ ਕਿਹਾ ਹੈ ਕਿ ਇਹ ਫਾਟਕ ਹਮੇਸ਼ਾ ਖੁੱਲ੍ਹੇ ਰਹਿਣਗੇ। ਇਸ ਕਰਕੇ ਵਾਧਾ ਹੁੰਦਾ ਰਹੇਗਾ।

19 ਪਰ, ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਰਕਤ ਦੇ ਕੇ ਹੋਰ ਤਰੀਕੇ ਵਿਚ ਵੀ ਸਜਾਇਆ ਹੈ। ਯਸਾਯਾਹ 60 ਦੀਆਂ ਰਹਿੰਦੀਆਂ ਆਇਤਾਂ ਦੀ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ ਕਿ ਉਸ ਨੇ ਇਹ ਕਿਵੇਂ ਕੀਤਾ ਹੈ।

ਕੀ ਤੁਸੀਂ ਸਮਝਾ ਸਕਦੇ ਹੋ?

• ਪਰਮੇਸ਼ੁਰ ਦੀ ‘ਤੀਵੀਂ’ ਕੌਣ ਹੈ ਅਤੇ ਧਰਤੀ ਉੱਤੇ ਇਸ ਨੂੰ ਕੌਣ ਪ੍ਰਤਿਨਿਧ ਕਰਦਾ ਹੈ?

• ਸੀਯੋਨ ਦੇ ਬੱਚੇ ਕਦੋਂ ਲੇਟੇ ਹੋਏ ਸਨ, ਅਤੇ ਉਹ ਕਦੋਂ ਤੇ ਕਿਵੇਂ ‘ਉੱਠੇ’ ਸਨ?

• ਯਹੋਵਾਹ ਨੇ ਵੱਖਰੇ-ਵੱਖਰੇ ਨਿਸ਼ਾਨ ਵਰਤਦੇ ਹੋਏ ਸਾਡੇ ਸਮੇਂ ਵਿਚ ਰਾਜ ਦੇ ਪ੍ਰਚਾਰਕਾਂ ਦੇ ਵਾਧੇ ਬਾਰੇ ਕਿਵੇਂ ਭਵਿੱਖਬਾਣੀ ਕੀਤੀ ਸੀ?

• ਯਹੋਵਾਹ ਨੇ ਆਪਣੇ ਲੋਕਾਂ ਉੱਤੇ ਕਿਨ੍ਹਾਂ ਤਰੀਕਿਆਂ ਵਿਚ ਚਾਨਣ ਚਮਕਾਇਆ ਹੈ?

[ਸਵਾਲ]

[ਸਫ਼ੇ 10 ਉੱਤੇ ਤਸਵੀਰ]

ਯਹੋਵਾਹ ਦੀ ‘ਤੀਵੀਂ’ ਨੂੰ ਉੱਠਣ ਦਾ ਹੁਕਮ ਦਿੱਤਾ ਗਿਆ ਸੀ

[ਸਫ਼ੇ 12 ਉੱਤੇ ਤਸਵੀਰ]

ਸਮੁੰਦਰੀ ਜਹਾਜ਼ ਉੱਡਦੀਆਂ ਘੁੱਗੀਆਂ ਵਰਗੇ ਲੱਗਦੇ ਸਨ