ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਰਹੋ
ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਰਹੋ
“ਜੋ ਕੁਝ ਤੁਸਾਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ ਓਹੀਓ ਕਰੋ ਤਾਂ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇਗਾ।”—ਫ਼ਿਲਿੱਪੀਆਂ 4:9.
1, 2. ਆਮ ਤੌਰ ਤੇ ਕੀ ਬਾਈਬਲ ਦੀ ਸਲਾਹ ਦਾ ਉਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਅਸਰ ਪੈਂਦਾ ਹੈ ਜੋ ਧਰਮੀ ਹੋਣ ਦਾ ਦਾਅਵਾ ਕਰਦੇ ਹਨ? ਸਮਝਾਓ।
“ਧਰਮ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ, ਪਰ ਨੈਤਿਕਤਾ ਘੱਟਦੀ ਜਾ ਰਹੀ ਹੈ।” ਇਹ ਇਕ ਅਖ਼ਬਾਰ ਦੇ ਇਕ ਲੇਖ ਦਾ ਨਾਂ ਸੀ ਜਿਸ ਵਿਚ ਅਮਰੀਕੀ ਲੋਕਾਂ ਉੱਤੇ ਕੀਤੇ ਗਏ ਇਕ ਸਰਵੇਖਣ ਦਾ ਨਤੀਜਾ ਦੱਸਿਆ ਗਿਆ ਸੀ। ਜ਼ਾਹਰ ਹੈ ਕਿ ਅਮਰੀਕਾ ਵਿਚ ਬਹੁਤ ਸਾਰੇ ਲੋਕ ਚਰਚ ਨੂੰ ਜਾਂਦੇ ਹਨ ਅਤੇ ਇਹ ਦਾਅਵਾ ਕਰਦੇ ਹਨ ਕਿ ਉਹ ਆਪਣੀ ਜ਼ਿੰਦਗੀ ਵਿਚ ਧਰਮ ਨੂੰ ਮਹੱਤਵਪੂਰਣ ਸਮਝਦੇ ਹਨ। ਪਰ ਰਿਪੋਰਟ ਅੱਗੇ ਕਹਿੰਦੀ ਹੈ: “ਧਾਰਮਿਕ ਲੋਕਾਂ ਦੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਵੀ ਕਈ ਅਮਰੀਕੀ ਲੋਕ ਇਸ ਗੱਲ ਉੱਤੇ ਸ਼ੱਕ ਕਰਦੇ ਹਨ ਕਿ ਧਰਮ ਦਾ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਸਮਾਜ ਉੱਤੇ ਕੋਈ ਅਸਰ ਪੈਂਦਾ ਹੈ।”
2 ਇਸ ਤਰ੍ਹਾਂ ਸਿਰਫ਼ ਅਮਰੀਕਾ ਵਿਚ ਹੀ ਨਹੀਂ ਹੁੰਦਾ। ਸੰਸਾਰ ਭਰ ਵਿਚ ਕਈ ਲੋਕ ਦਾਅਵਾ ਤਾਂ ਕਰਦੇ ਹਨ ਕਿ ਉਹ ਬਾਈਬਲ ਨੂੰ ਮੰਨਦੇ ਹਨ ਅਤੇ ਉਹ ਧਰਮੀ ਹਨ, ਪਰ ਉਹ ਆਪਣੀਆਂ ਜ਼ਿੰਦਗੀਆਂ ਵਿਚ ਬਾਈਬਲ ਦੀਆਂ ਸਿੱਖਿਆਵਾਂ ਦਾ ਅਸਰ ਨਹੀਂ ਪੈਣ ਦਿੰਦੇ। (2 ਤਿਮੋਥਿਉਸ 3:5) ਇਕ ਰਿਸਰਚ ਗਰੁੱਪ ਦੇ ਮੁਖੀ ਨੇ ਕਿਹਾ: “ਅਸੀਂ ਹਾਲੇ ਵੀ ਬਾਈਬਲ ਦਾ ਬਹੁਤ ਆਦਰ ਕਰਦੇ ਹਾਂ, ਪਰ ਹੁਣ ਅਸੀਂ ਇਸ ਨੂੰ ਪੜ੍ਹਨ ਅਤੇ ਇਸ ਦਾ ਅਧਿਐਨ ਕਰਨ ਵਿਚ ਸਮਾਂ ਨਹੀਂ ਲਾਉਂਦੇ ਅਤੇ ਨਾ ਹੀ ਇਸ ਦੀ ਸਲਾਹ ਨੂੰ ਲਾਗੂ ਕਰਦੇ ਹਾਂ।”
3. (ੳ) ਸੱਚੇ ਮਸੀਹੀਆਂ ਦੀਆਂ ਜ਼ਿੰਦਗੀਆਂ ਉੱਤੇ ਬਾਈਬਲ ਦੀ ਸਲਾਹ ਦਾ ਕਿਹੋ ਜਿਹਾ ਅਸਰ ਪੈਂਦਾ ਹੈ? (ਅ) ਯਿਸੂ ਦੇ ਚੇਲੇ ਫ਼ਿਲਿੱਪੀਆਂ 4:9 ਵਿਚ ਦਰਜ ਪੌਲੁਸ ਦੀ ਸਲਾਹ ਕਿਵੇਂ ਲਾਗੂ ਕਰਦੇ ਹਨ?
3 ਇਸ ਤੋਂ ਉਲਟ, ਸੱਚੇ ਮਸੀਹੀਆਂ ਨੇ ਬਾਈਬਲ ਦੀ ਸਲਾਹ ਲਾਗੂ ਕਰ ਕੇ ਆਪਣੀ ਸੋਚਣੀ ਅਤੇ ਆਪਣੇ ਚਾਲ-ਚਲਣ ਵਿਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਹਨ। ਅਤੇ ਦੂਸਰੇ ਲੋਕ ਉਨ੍ਹਾਂ ਵਿਚ ਨਵੀਂ ਇਨਸਾਨੀਅਤ ਦੇ ਵਧੀਆ ਗੁਣ ਦੇਖ ਸਕਦੇ ਹਨ। (ਕੁਲੁੱਸੀਆਂ 3:5-10) ਯਿਸੂ ਦੇ ਚੇਲੇ ਬਾਈਬਲ ਨੂੰ ਸ਼ੈਲਫ਼ ਉੱਤੇ ਸਜਾ ਕੇ ਹੀ ਨਹੀਂ ਰੱਖਦੇ। ਸੱਚੇ ਮਸੀਹੀ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਨੂੰ ਸਿਰਫ਼ ਮੰਨਦੇ ਹੀ ਨਹੀਂ, ਸਗੋਂ ਇਨ੍ਹਾਂ ਨੂੰ ਆਪਣੀ ਪਰਿਵਾਰਕ ਜ਼ਿੰਦਗੀ ਵਿਚ, ਕੰਮ ਤੇ ਅਤੇ ਕਲੀਸਿਯਾ ਵਿਚ ਲਾਗੂ ਵੀ ਕਰਦੇ ਹਨ। ਪੌਲੁਸ ਰਸੂਲ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਕਿਹਾ: “ਜੋ ਕੁਝ ਤੁਸਾਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ ਓਹੀਓ ਕਰੋ ਤਾਂ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇਗਾ।” (ਟੇਢੇ ਟਾਈਪ ਸਾਡੇ।)—ਫ਼ਿਲਿੱਪੀਆਂ 4:9.
4. ਪਰਮੇਸ਼ੁਰ ਦੇ ਨਿਯਮਾਂ ਨੂੰ ਲਾਗੂ ਕਰਨਾ ਇੰਨਾ ਔਖਾ ਕਿਉਂ ਹੈ?
4 ਪਰਮੇਸ਼ੁਰ ਦੇ ਨਿਯਮ ਅਤੇ ਸਿਧਾਂਤ ਲਾਗੂ ਕਰਨੇ ਸੌਖੇ ਨਹੀਂ ਹਨ। ਅਸੀਂ ਅਜਿਹੀ ਦੁਨੀਆਂ ਵਿਚ ਰਹਿ ਰਹੇ ਹਾਂ ਜੋ ਸ਼ਤਾਨ ਦੇ ਵੱਸ ਵਿਚ ਪਈ ਹੋਈ ਹੈ। ਬਾਈਬਲ ਸ਼ਤਾਨ ਨੂੰ ‘ਇਸ ਜੁੱਗ ਦਾ ਈਸ਼ੁਰ’ ਕਹਿੰਦੀ ਹੈ। (2 ਕੁਰਿੰਥੀਆਂ 4:4; 1 ਯੂਹੰਨਾ 5:19) ਇਸ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਅਜਿਹੀ ਹਰ ਚੀਜ਼ ਤੋਂ ਆਪਣਾ ਬਚਾ ਕਰੀਏ ਜੋ ਸਾਨੂੰ ਯਹੋਵਾਹ ਪਰਮੇਸ਼ੁਰ ਪ੍ਰਤੀ ਆਪਣੀ ਖਰਿਆਈ ਤੋੜਨ ਲਈ ਮਜਬੂਰ ਕਰ ਸਕਦੀ ਹੈ। ਅਸੀਂ ਆਪਣੀ ਖਰਿਆਈ ਕਿਵੇਂ ਬਣਾਈ ਰੱਖ ਸਕਦੇ ਹਾਂ?
“ਖਰੀਆਂ ਗੱਲਾਂ ਦੇ ਨਮੂਨੇ” ਨੂੰ ਫੜੀ ਰੱਖੋ
5. ਯਿਸੂ ਦਾ ਇਹ ਕਹਿਣ ਦਾ ਮਤਲਬ ਕੀ ਸੀ: ‘ਰੋਜ਼ ਮੇਰੇ ਪਿੱਛੇ ਚੱਲੋ’?
5 ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਦਾ ਇਕ ਤਰੀਕਾ ਇਹ ਹੈ ਕਿ ਅਸੀਂ ਲੋਕਾਂ ਦੇ ਵਿਰੋਧ ਦੇ ਬਾਵਜੂਦ ਵੀ ਸੱਚੀ ਭਗਤੀ ਕਰਦੇ ਰਹੀਏ। ਧੀਰਜ ਰੱਖਣ ਲਈ ਬਹੁਤ ਮਿਹਨਤ ਕਰਨ ਦੀ ਲੋੜ ਹੈ। ਯਿਸੂ ਨੇ ਕਿਹਾ: “ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।” (ਲੂਕਾ 9:23) ਯਿਸੂ ਨੇ ਸਿਰਫ਼ ਇਕ ਹਫ਼ਤੇ, ਇਕ ਮਹੀਨੇ ਜਾਂ ਇਕ ਸਾਲ ਲਈ ਉਸ ਦੇ ਪਿੱਛੇ-ਪਿੱਛੇ ਚੱਲਣ ਲਈ ਨਹੀਂ ਕਿਹਾ ਸੀ। ਸਗੋਂ ਉਸ ਨੇ ਕਿਹਾ: ‘ਰੋਜ਼ ਮੇਰੇ ਪਿੱਛੇ ਚੱਲੋ।’ ਉਸ ਦੇ ਸ਼ਬਦ ਸੰਕੇਤ ਕਰਦੇ ਹਨ ਕਿ ਚੇਲੇ ਬਣਨ ਦਾ ਮਤਲਬ ਇਹ ਨਹੀਂ ਕਿ ਕਦੀ ਭਗਤੀ ਕਰ ਲਈ ਤੇ ਕਦੀ ਛੱਡ ਦਿੱਤੀ। ਸਗੋਂ ਇਸ ਦਾ ਮਤਲਬ ਇਹ ਹੈ ਕਿ ਅਸੀਂ ਹਰ ਮੁਸ਼ਕਲ ਦਾ ਵਫ਼ਾਦਾਰੀ ਨਾਲ ਸਾਮ੍ਹਣਾ ਕਰਦੇ ਹੋਏ ਸੱਚਾਈ ਦੇ ਰਸਤੇ ਉੱਤੇ ਚੱਲਦੇ ਰਹੀਏ। ਇਸ ਤਰ੍ਹਾਂ ਅਸੀਂ ਕਿਵੇਂ ਕਰ ਸਕਦੇ ਹਾਂ?
6. ਖਰੀਆਂ ਗੱਲਾਂ ਦਾ ਨਮੂਨਾ ਕੀ ਸੀ ਜੋ ਪੌਲੁਸ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਸਿਖਾਇਆ ਸੀ?
6 ਪੌਲੁਸ ਨੇ ਆਪਣੇ ਸਾਥੀ ਤਿਮੋਥਿਉਸ ਨੂੰ ਇਹ ਸਲਾਹ ਦਿੱਤੀ: “ਤੂੰ ਓਹਨਾਂ ਖਰੀਆਂ ਗੱਲਾਂ ਦੇ ਨਮੂਨੇ ਨੂੰ ਜਿਹੜੀਆਂ ਤੈਂ ਮੈਥੋਂ ਸੁਣੀਆਂ ਉਸ ਨਿਹਚਾ ਅਤੇ ਪ੍ਰੇਮ ਨਾਲ ਜੋ ਮਸੀਹ ਯਿਸੂ ਵਿੱਚ ਹੈ ਫੜੀ ਰੱਖੀਂ।” (2 ਤਿਮੋਥਿਉਸ 1:13) ਪੌਲੁਸ ਤਿਮੋਥਿਉਸ ਨੂੰ ਕੀ ਕਹਿਣਾ ਚਾਹੁੰਦਾ ਸੀ? ਇੱਥੇ ਜਿਸ ਯੂਨਾਨੀ ਸ਼ਬਦ ਦਾ ਤਰਜਮਾ ‘ਨਮੂਨਾ’ ਕੀਤਾ ਗਿਆ ਹੈ, ਉਹ ਚਿੱਤਰਕਾਰ ਦੁਆਰਾ ਬਣਾਏ ਰੇਖਾ-ਚਿੱਤਰ ਨੂੰ ਦਰਸਾਉਂਦਾ ਹੈ। ਭਾਵੇਂ ਕਿ ਰੇਖਾ-ਚਿੱਤਰ ਵਿਚ ਰੰਗ ਨਹੀਂ ਭਰੇ ਹੁੰਦੇ, ਪਰ ਇਸ ਨੂੰ ਦੇਖ ਕੇ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਚਿੱਤਰ ਕਿਸ ਚੀਜ਼ ਦਾ ਹੈ। ਇਸੇ ਤਰ੍ਹਾਂ ਜਿਹੜਾ ਸੱਚਾਈ ਦਾ ਨਮੂਨਾ ਪੌਲੁਸ ਨੇ ਤਿਮੋਥਿਉਸ ਅਤੇ ਦੂਸਰਿਆਂ ਨੂੰ ਸਿਖਾਇਆ ਸੀ, ਉਸ ਵਿਚ ਹਰ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਜਾਂ ਹਰ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਸੀ। ਲੇਕਿਨ ਇਸ ਸਿੱਖਿਆ ਨੂੰ ਹਾਸਲ ਕਰ ਕੇ ਨੇਕ ਦਿਲ ਲੋਕ ਜਾਣ ਸਕਦੇ ਸਨ ਕਿ ਯਹੋਵਾਹ ਉਨ੍ਹਾਂ ਤੋਂ ਕਿਸ ਤਰ੍ਹਾਂ ਦੀ ਭਗਤੀ ਚਾਹੁੰਦਾ ਸੀ। ਅਤੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਨੂੰ ਸਿੱਖੀਆਂ ਗੱਲਾਂ ਉੱਤੇ ਚੱਲ ਕੇ ਸੱਚਾਈ ਦੇ ਨਮੂਨੇ ਨੂੰ ਫੜੀ ਰੱਖਣ ਦੀ ਲੋੜ ਸੀ।
7. ਮਸੀਹੀ ਖਰੀਆਂ ਗੱਲਾਂ ਦੇ ਨਮੂਨੇ ਨੂੰ ਕਿਵੇਂ ਫੜੀ ਰੱਖ ਸਕਦੇ ਹਨ?
7 ਪਹਿਲੀ ਸਦੀ ਵਿਚ ਹੁਮਿਨਾਯੁਸ, ਸਿਕੰਦਰ ਅਤੇ ਫ਼ਿਲੇਤੁਸ ਵਰਗੇ ਬੰਦੇ ਆਪਣੇ ਖ਼ਿਆਲ ਫੈਲਾ ਰਹੇ ਸਨ ਜੋ “ਖਰੀਆਂ ਗੱਲਾਂ ਦੇ ਨਮੂਨੇ” ਉੱਤੇ ਆਧਾਰਿਤ ਨਹੀਂ ਸਨ। (1 ਤਿਮੋਥਿਉਸ 1:18-20; 2 ਤਿਮੋਥਿਉਸ 2:16, 17) ਮੁਢਲੇ ਮਸੀਹੀ ਧਰਮ-ਤਿਆਗੀਆਂ ਦੇ ਫੰਦੇ ਵਿਚ ਫਸਣ ਤੋਂ ਆਪਣਾ ਬਚਾਅ ਕਿਵੇਂ ਕਰ ਸਕਦੇ ਸਨ? ਉਹ ਪਵਿੱਤਰ ਲਿਖਤਾਂ ਦਾ ਧਿਆਨ ਨਾਲ ਅਧਿਐਨ ਕਰਨ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਲਾਗੂ ਕਰਨ ਦੁਆਰਾ ਆਪਣਾ ਬਚਾਅ ਕਰ ਸਕਦੇ ਸਨ। ਜੋ ਵਿਅਕਤੀ ਪੌਲੁਸ ਅਤੇ ਦੂਸਰੇ ਵਫ਼ਾਦਾਰ ਭੈਣਾਂ-ਭਰਾਵਾਂ ਦੀ ਮਿਸਾਲ ਉੱਤੇ ਚੱਲਦੇ ਸਨ, ਉਹ ਉਨ੍ਹਾਂ ਗੱਲਾਂ ਨੂੰ ਪਛਾਣ ਕੇ ਉਨ੍ਹਾਂ ਤੋਂ ਦੂਰ ਰਹਿ ਸਕਦੇ ਸਨ ਜੋ ਸੱਚਾਈ ਦੇ ਨਮੂਨੇ ਉੱਤੇ ਆਧਾਰਿਤ ਨਹੀਂ ਸਨ। (ਫ਼ਿਲਿੱਪੀਆਂ 3:17; ਇਬਰਾਨੀਆਂ 5:14) ਉਨ੍ਹਾਂ ਨੂੰ ‘ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਨਹੀਂ ਸੀ ਲੱਗੀ,’ ਸਗੋਂ ਉਹ ਭਗਤੀ ਦੇ ਸਹੀ ਰਸਤੇ ਉੱਤੇ ਚੱਲਦੇ ਰਹੇ। (1 ਤਿਮੋਥਿਉਸ 6:3-6) ਅਸੀਂ ਵੀ ਇਸ ਤਰ੍ਹਾਂ ਕਰਦੇ ਹਾਂ ਜਦੋਂ ਅਸੀਂ ਸਿੱਖੀਆਂ ਗੱਲਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਦੇ ਹਾਂ। ਇਹ ਦੇਖ ਕੇ ਸਾਡਾ ਵਿਸ਼ਵਾਸ ਕਿੰਨਾ ਪੱਕਾ ਹੁੰਦਾ ਹੈ ਕਿ ਸੰਸਾਰ ਭਰ ਵਿਚ ਯਹੋਵਾਹ ਦੇ ਲੱਖਾਂ ਹੀ ਸੇਵਕਾਂ ਨੇ ਬਾਈਬਲ ਦੀ ਸੱਚਾਈ ਦੇ ਸਿੱਖੇ ਹੋਏ ਨਮੂਨੇ ਨੂੰ ਘੁੱਟ ਕੇ ਫੜੀ ਰੱਖਿਆ ਹੈ।—1 ਥੱਸਲੁਨੀਕੀਆਂ 1:2-5.
“ਖਿਆਲੀ ਕਹਾਣੀਆਂ” ਤੋਂ ਦੂਰ ਰਹੋ
8. (ੳ) ਸ਼ਤਾਨ ਸਾਡੀ ਨਿਹਚਾ ਤੋੜਨ ਦੀ ਕੋਸ਼ਿਸ਼ ਕਿਵੇਂ ਕਰਦਾ ਹੈ? (ਅ) ਦੂਜਾ ਤਿਮੋਥਿਉਸ 4:3, 4 ਵਿਚ ਪੌਲੁਸ ਨੇ ਕਿਹੜੀ ਗੱਲ ਦੱਸੀ ਸੀ?
8 ਸਾਨੂੰ ਜੋ ਗੱਲਾਂ ਸਿਖਾਈਆਂ ਜਾਂਦੀਆਂ ਹਨ, ਸ਼ਤਾਨ ਉਨ੍ਹਾਂ ਬਾਰੇ ਸਾਡੇ ਮਨ ਵਿਚ ਸ਼ੱਕ ਪੈਦਾ ਕਰ ਕੇ ਸਾਡੀ ਖਰਿਆਈ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਪਹਿਲੀ ਸਦੀ ਵਾਂਗ ਅੱਜ ਵੀ ਧਰਮ-ਤਿਆਗੀ ਅਤੇ ਦੂਸਰੇ ਲੋਕ ਭੋਲਿਆਂ ਭੈਣ-ਭਰਾਵਾਂ ਦੀ ਨਿਹਚਾ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਨ। (ਗਲਾਤੀਆਂ 2:4; 5:7, 8) ਕਦੇ-ਕਦੇ ਉਹ ਟੈਲੀਵਿਯਨ, ਰੇਡੀਓ ਅਤੇ ਅਖ਼ਬਾਰਾਂ ਦੁਆਰਾ ਯਹੋਵਾਹ ਦੇ ਗਵਾਹਾਂ ਦੇ ਕੰਮ-ਕਾਰ ਬਾਰੇ ਜਾਂ ਉਨ੍ਹਾਂ ਦੇ ਇਰਾਦਿਆਂ ਬਾਰੇ ਅਫ਼ਵਾਹਾਂ ਫੈਲਾਉਂਦੇ ਹਨ। ਪੌਲੁਸ ਨੇ ਦੱਸਿਆ ਸੀ ਕਿ ਕਈ ਸੱਚਾਈ ਨੂੰ ਛੱਡ ਕੇ ਚਲੇ ਜਾਣਗੇ। ਉਸ ਨੇ ਲਿਖਿਆ: “ਉਹ ਸਮਾ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ। ਅਤੇ ਸਚਿਆਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ।”—2 ਤਿਮੋਥਿਉਸ 4:3, 4.
9. ਪੌਲੁਸ ਸ਼ਾਇਦ ਕਿਹੜੀਆਂ “ਖਿਆਲੀ ਕਹਾਣੀਆਂ” ਦਾ ਜ਼ਿਕਰ ਕਰ ਰਿਹਾ ਸੀ?
9 ਖਰੀਆਂ ਗੱਲਾਂ ਦੇ ਨਮੂਨੇ ਨੂੰ ਫੜੀ ਰੱਖਣ ਦੀ ਬਜਾਇ ਕਈ ਲੋਕ “ਖਿਆਲੀ ਕਹਾਣੀਆਂ” ਯਾਨੀ ਝੂਠੀਆਂ ਕਹਾਣੀਆਂ ਸੁਣਨ ਵਿਚ ਦਿਲਚਸਪੀ ਰੱਖਦੇ ਸਨ। ਇਹ ਝੂਠੀਆਂ ਕਹਾਣੀਆਂ ਕੀ ਸਨ? ਪੌਲੁਸ ਸ਼ਾਇਦ ਅਜਿਹੀਆਂ ਲੋਕ-ਕਥਾਵਾਂ ਬਾਰੇ ਗੱਲ ਕਰ ਰਿਹਾ ਸੀ ਜੋ ਟੋਬਿਟ * ਨਾਂ ਦੀ ਪੁਸਤਕ ਵਿਚ ਦਰਜ ਸਨ। ਇਨ੍ਹਾਂ ਵਿਚ ਕਈ ਕਹਾਣੀਆਂ ਬਹੁਤ ਹੀ ਸਨਸਨੀਖੇਜ਼ ਸਨ। ਕਈ ਲੋਕ ਮਸੀਹੀਆਂ ਨੂੰ ਪਰਮੇਸ਼ੁਰ ਦੇ ਸਿਧਾਂਤਾਂ ਨੂੰ ਲਾਗੂ ਕਰਨ ਦਾ ਉਤਸ਼ਾਹ ਦੇਣ ਦੀ ਬਜਾਇ ਆਪਣੀ ਮਨ-ਮਰਜ਼ੀ ਕਰਨ ਦੀ ਖੁੱਲ੍ਹ ਦੇ ਰਹੇ ਸਨ ਜਾਂ ਉਨ੍ਹਾਂ ਭਰਾਵਾਂ ਦੀ ਨੁਕਤਾਚੀਨੀ ਕਰ ਰਹੇ ਸਨ ਜੋ ਕਲੀਸਿਯਾ ਦੀ ਅਗਵਾਈ ਕਰਦੇ ਸਨ। ਤੇ ਬਹੁਤ ਲੋਕ “ਆਪਣਿਆਂ ਵਿਸ਼ਿਆਂ ਦੇ ਅਨੁਸਾਰ” ਸ਼ਾਇਦ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਏ ਸਨ। (3 ਯੂਹੰਨਾ 9, 10; ਯਹੂਦਾਹ 4) ਉਹ ਲੋਕ ਚਾਹੇ ਜਿਹੜੇ ਮਰਜ਼ੀ ਕਾਰਨ ਕਰਕੇ ਭਟਕੇ ਸਨ, ਪਰ ਉਹ ਹਮੇਸ਼ਾ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਦੀ ਬਜਾਇ ਝੂਠੀਆਂ ਗੱਲਾਂ ਪਸੰਦ ਕਰਦੇ ਸਨ। ਕੁਝ ਸਮੇਂ ਬਾਅਦ ਉਨ੍ਹਾਂ ਨੇ ਸਿੱਖੀਆਂ ਗੱਲਾਂ ਉੱਤੇ ਚੱਲਣਾ ਛੱਡ ਦਿੱਤਾ ਅਤੇ ਆਪਣੇ ਆਪ ਨੂੰ ਰੂਹਾਨੀ ਤੌਰ ਤੇ ਬਰਬਾਦ ਕਰ ਬੈਠੇ।—2 ਪਤਰਸ 3:15, 16.
10. ਅੱਜ ਕਿਹੋ ਜਿਹੀਆਂ ਝੂਠੀਆਂ ਕਹਾਣੀਆਂ ਫੈਲਾਈਆਂ ਜਾਂਦੀਆਂ ਹਨ ਅਤੇ ਇਸ ਸੰਬੰਧੀ ਯੂਹੰਨਾ ਨੇ ਸਾਵਧਾਨ ਰਹਿਣ ਬਾਰੇ ਕੀ ਕਿਹਾ ਸੀ?
10 ਸੁਣੀਆਂ ਅਤੇ ਪੜ੍ਹੀਆਂ ਗੱਲਾਂ ਦੀ ਜਾਂਚ ਕਰਨ ਦੁਆਰਾ ਅਸੀਂ ਝੂਠੀਆਂ ਕਹਾਣੀਆਂ ਦੁਆਰਾ ਭਰਮਾਏ ਜਾਣ ਤੋਂ ਆਪਣਾ ਬਚਾਅ ਕਰ ਸਕਦੇ ਹਾਂ। ਮਿਸਾਲ ਲਈ, ਮੀਡੀਆ ਅਕਸਰ ਬਦਚਲਣ ਕੰਮ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। ਕਈ ਲੋਕ ਨਾਸਤਿਕਤਾ ਅਤੇ ਸੰਦੇਹਵਾਦੀ ਖ਼ਿਆਲਾਂ ਨੂੰ ਫੈਲਾਉਂਦੇ ਹਨ। ਕੁਝ ਆਲੋਚਕ ਕਹਿੰਦੇ ਹਨ ਕਿ ਬਾਈਬਲ ਪਰਮੇਸ਼ੁਰ ਨੇ ਪ੍ਰੇਰਿਤ ਨਹੀਂ ਕੀਤੀ ਹੈ। ਅਤੇ ਅੱਜ-ਕੱਲ੍ਹ ਧਰਮ-ਤਿਆਗੀ ਲੋਕ ਮਸੀਹੀਆਂ ਦੀ ਨਿਹਚਾ ਤੋੜਨ ਦੀ ਕੋਸ਼ਿਸ਼ ਵਿਚ ਉਨ੍ਹਾਂ ਦੇ ਮਨਾਂ ਵਿਚ ਸ਼ੱਕ ਦੇ ਬੀ ਬੀਜਦੇ ਹਨ। ਪਹਿਲੀ ਸਦੀ ਵਿਚ ਵੀ ਝੂਠੇ ਨਬੀਆਂ ਤੋਂ ਖ਼ਤਰਾ ਸੀ ਜਿਨ੍ਹਾਂ ਬਾਰੇ 1 ਯੂਹੰਨਾ 4:1) ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਯੂਹੰਨਾ ਰਸੂਲ ਨੇ ਇਹ ਚੇਤਾਵਨੀ ਦਿੱਤੀ: “ਹੇ ਪਿਆਰਿਓ, ਹਰੇਕ ਆਤਮਾ ਦੀ ਪਰਤੀਤ ਨਾ ਕਰ ਲਓ ਸਗੋਂ ਆਤਮਿਆਂ ਨੂੰ ਪਰਖੋ ਭਈ ਓਹ ਪਰਮੇਸ਼ੁਰ ਤੋਂ ਹਨ ਕਿ ਨਹੀਂ ਕਿਉਂ ਜੋ ਬਾਹਲੇ ਝੂਠੇ ਨਬੀ ਸੰਸਾਰ ਵਿੱਚ ਨਿੱਕਲ ਆਏ ਹਨ।” (11. ਅਸੀਂ ਆਪਣੇ ਆਪ ਦੀ ਕਿਵੇਂ ਪਰਖ ਕਰ ਸਕਦੇ ਹਾਂ ਕਿ ਅਸੀਂ ਨਿਹਚਾ ਵਿਚ ਹਾਂ ਜਾਂ ਨਹੀਂ?
11 ਇਸ ਦੇ ਸੰਬੰਧ ਵਿਚ ਪੌਲੁਸ ਨੇ ਇਹ ਸਲਾਹ ਦਿੱਤੀ ਸੀ: “ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਯਾ ਨਹੀਂ।” (2 ਕੁਰਿੰਥੀਆਂ 13:5) ਪੌਲੁਸ ਰਸੂਲ ਸਾਨੂੰ ਇਹ ਸਲਾਹ ਦੇ ਰਿਹਾ ਸੀ ਕਿ ਸਾਨੂੰ ਆਪਣੇ ਆਪ ਨੂੰ ਪਰਖਣਾ ਚਾਹੀਦਾ ਹੈ ਕਿ ਅਸੀਂ ਮਸੀਹੀ ਸਿੱਖਿਆਵਾਂ ਉੱਤੇ ਚੱਲ ਰਹੇ ਹਾਂ ਜਾਂ ਨਹੀਂ। ਜੇਕਰ ਅਸੀਂ ਕਲੀਸਿਯਾ ਵਿਚ ਚਿੜ-ਚਿੜ ਕਰਨ ਵਾਲਿਆਂ ਦੀਆਂ ਗੱਲਾਂ ਸੁਣਨ ਦੇ ਆਦੀ ਹਾਂ, ਤਾਂ ਸਾਨੂੰ ਪ੍ਰਾਰਥਨਾ ਕਰ ਕੇ ਆਪਣੇ ਦਿਲ ਦੀ ਜਾਂਚ ਕਰਨੀ ਚਾਹੀਦੀ ਹੈ। (ਜ਼ਬੂਰਾਂ ਦੀ ਪੋਥੀ 139:23, 24) ਕੀ ਸਾਡਾ ਝੁਕਾਅ ਯਹੋਵਾਹ ਦੇ ਲੋਕਾਂ ਦੀ ਨੁਕਤਾਚੀਨੀ ਕਰਨ ਦਾ ਹੈ? ਜੇ ਹੈ, ਤਾਂ ਅਸੀਂ ਇਸ ਤਰ੍ਹਾਂ ਕਿਉਂ ਕਰਦੇ ਹਾਂ? ਕੀ ਸਾਨੂੰ ਕਿਸੇ ਦੀਆਂ ਗੱਲਾਂ ਜਾਂ ਕੰਮਾਂ ਕਰਕੇ ਠੇਸ ਪਹੁੰਚੀ ਹੈ? ਜੇਕਰ ਹਾਂ, ਤਾਂ ਕੀ ਅਸੀਂ ਸਾਰੀਆਂ ਗੱਲਾਂ ਨੂੰ ਸਹੀ ਪੱਖੋਂ ਦੇਖ ਰਹੇ ਹਾਂ ਜਾਂ ਉਨ੍ਹਾਂ ਨੂੰ ਵਧਾਅ-ਚੜ੍ਹਾਅ ਰਹੇ ਹਾਂ? ਅਸੀਂ ਇਸ ਦੁਨੀਆਂ ਵਿਚ ਜੋ ਵੀ ਦੁੱਖ-ਤਕਲੀਫ਼ਾਂ ਝੱਲ ਰਹੇ ਹਾਂ, ਉਹ ਬਹੁਤ ਹੀ ਜਲਦੀ ਦੂਰ ਕੀਤੀਆਂ ਜਾਣਗੀਆਂ। (2 ਕੁਰਿੰਥੀਆਂ 4:17) ਜੇਕਰ ਕਲੀਸਿਯਾ ਵਿਚ ਵੀ ਸਾਨੂੰ ਕਿਸੇ ਪਰੀਖਿਆ ਦਾ ਸਾਮ੍ਹਣਾ ਕਰਨਾ ਪਵੇ, ਤਾਂ ਵੀ ਸਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਹਟਣਾ ਨਹੀਂ ਚਾਹੀਦਾ। ਜੇਕਰ ਅਸੀਂ ਕਿਸੇ ਗੱਲ ਕਾਰਨ ਪਰੇਸ਼ਾਨ ਹਾਂ, ਤਾਂ ਕੀ ਇਹ ਚੰਗਾ ਨਹੀਂ ਹੋਵੇਗਾ ਕਿ ਅਸੀਂ ਆਪਣੇ ਵੱਲੋਂ ਉਸ ਮਾਮਲੇ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ ਇਸ ਨੂੰ ਯਹੋਵਾਹ ਤੇ ਛੱਡ ਦੇਈਏ?—ਜ਼ਬੂਰ 4:4; ਕਹਾਉਤਾਂ 3:5, 6; ਅਫ਼ਸੀਆਂ 4:26.
12. ਬਰਿਯਾ ਦੇ ਲੋਕਾਂ ਨੇ ਸਾਡੇ ਲਈ ਵਧੀਆ ਮਿਸਾਲ ਕਿਵੇਂ ਕਾਇਮ ਕੀਤੀ ਸੀ?
12 ਨੁਕਤਾਚੀਨੀ ਕਰਨ ਦੀ ਬਜਾਇ, ਆਓ ਆਪਾਂ ਮਸੀਹੀ ਸਭਾਵਾਂ ਅਤੇ ਨਿੱਜੀ ਅਧਿਐਨ ਦੁਆਰਾ ਸਿੱਖੀਆਂ ਗੱਲਾਂ ਨੂੰ ਕਬੂਲ ਕਰੀਏ। (1 ਕੁਰਿੰਥੀਆਂ 2:14, 15) ਪਰਮੇਸ਼ੁਰ ਦੇ ਬਚਨ ਉੱਤੇ ਸ਼ੱਕ ਕਰਨ ਦੀ ਬਜਾਇ, ਕਿੰਨਾ ਚੰਗਾ ਹੋਵੇਗਾ ਜੇਕਰ ਅਸੀਂ ਪਹਿਲੀ ਸਦੀ ਵਿਚ ਬਰਿਯਾ ਦੇ ਲੋਕਾਂ ਵਰਗਾ ਰਵੱਈਆ ਰੱਖੀਏ ਜਿਨ੍ਹਾਂ ਨੇ ਧਿਆਨ ਨਾਲ ਪਵਿੱਤਰ ਲਿਖਤਾਂ ਦੀ ਜਾਂਚ ਕੀਤੀ ਸੀ। (ਰਸੂਲਾਂ ਦੇ ਕਰਤੱਬ 17:10, 11) ਫਿਰ, ਆਓ ਆਪਾਂ ਝੂਠੀਆਂ ਕਹਾਣੀਆਂ ਤੋਂ ਦੂਰ ਰਹਿ ਕੇ ਅਤੇ ਸੱਚਾਈ ਨੂੰ ਫੜ ਕੇ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੀਏ।
13. ਅਸੀਂ ਅਣਜਾਣਪੁਣੇ ਵਿਚ ਝੂਠੀਆਂ ਕਹਾਣੀਆਂ ਕਿਵੇਂ ਫੈਲਾ ਸਕਦੇ ਹਾਂ?
13 ਸਾਨੂੰ ਇਕ ਹੋਰ ਝੂਠੀ ਕਹਾਣੀ ਤੋਂ ਵੀ ਬਚਣਾ ਚਾਹੀਦਾ ਹੈ। ਬਹੁਤ ਸਾਰੀਆਂ ਸਨਸਨੀਖੇਜ਼ ਕਹਾਣੀਆਂ ਈ-ਮੇਲ ਦੁਆਰਾ ਫੈਲਾਈਆਂ ਜਾਂਦੀਆਂ ਹਨ। ਇਨ੍ਹਾਂ ਕਹਾਣੀਆਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ, ਖ਼ਾਸ ਕਰਕੇ ਜੇਕਰ ਸਾਨੂੰ ਇਹ ਨਾ ਪਤਾ ਹੋਵੇ ਕਿ ਇਹ ਕਹਾਣੀਆਂ ਕਿਨ੍ਹਾਂ ਨੇ ਘੱਲੀਆਂ ਹਨ। ਭਾਵੇਂ ਕਿ ਤਜਰਬਾ ਜਾਂ ਕਹਾਣੀ ਕਿਸੇ ਬਹੁਤ ਹੀ ਨੇਕ ਮਸੀਹੀ ਤੋਂ ਆਈ ਹੋਵੇ, ਫਿਰ ਵੀ ਹੋ ਸਕਦਾ ਹੈ ਕਿ ਉਸ ਮਸੀਹੀ ਨੂੰ ਪੂਰੀ ਗੱਲ ਪਤਾ ਨਾ ਹੋਵੇ। ਇਸ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਪੂਰੀ ਗੱਲ ਚੰਗੀ ਤਰ੍ਹਾਂ ਜਾਣਨ ਤੋਂ ਪਹਿਲਾਂ ਇਹ ਕਹਾਣੀਆਂ ਅੱਗੇ ਨਾ ਫੈਲਾਈਏ। ਯਕੀਨਨ ਅਸੀਂ “ਬੁੱਢੀਆਂ ਵਾਲੀਆਂ ਕਹਾਣੀਆਂ” ਜਾਂ “ਸੰਸਾਰਕ ਮਨ ਘੜਤ ਕਥਾਵਾਂ” ਅੱਗੇ ਨਹੀਂ ਫੈਲਾਉਣਾ ਚਾਹੁੰਦੇ। (1 ਤਿਮੋਥਿਉਸ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸਾਨੂੰ ਇਕ-ਦੂਜੇ ਨਾਲ ਸੱਚ ਬੋਲਣਾ ਚਾਹੀਦਾ ਹੈ, ਇਸ ਲਈ ਚੰਗਾ ਹੋਵੇਗਾ ਜੇਕਰ ਅਸੀਂ ਅਜਿਹੀ ਕੋਈ ਗੱਲ ਨਾ ਫੈਲਾਈਏ ਜਿਸ ਦੁਆਰਾ ਅਸੀਂ ਅਣਜਾਣਪੁਣੇ ਵਿਚ ਕੋਈ ਝੂਠੀ ਗੱਲ ਕਹਿ ਬੈਠੀਏ।—ਅਫ਼ਸੀਆਂ 4:25.
ਸੱਚਾਈ ਉੱਤੇ ਚੱਲਣ ਦੇ ਵਧੀਆ ਨਤੀਜੇ
14. ਪਰਮੇਸ਼ੁਰ ਦੇ ਬਚਨ ਤੋਂ ਸਿੱਖੀਆਂ ਗੱਲਾਂ ਉੱਤੇ ਚੱਲਣ ਦੇ ਕਿਹੜੇ ਲਾਭ ਹੁੰਦੇ ਹਨ?
14 ਨਿੱਜੀ ਬਾਈਬਲ ਅਧਿਐਨ ਅਤੇ ਮਸੀਹੀ ਸਭਾਵਾਂ ਦੁਆਰਾ ਸਿੱਖੀਆਂ ਗੱਲਾਂ ਉੱਤੇ ਚੱਲਣ ਦੇ ਬਹੁਤ ਸਾਰੇ ਲਾਭ ਹੁੰਦੇ ਹਨ। ਮਿਸਾਲ ਲਈ, ਸਾਡੇ ਮਸੀਹੀ ਭੈਣਾਂ-ਭਰਾਵਾਂ ਨਾਲ ਸਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਸਕਦਾ ਹੈ। (ਗਲਾਤੀਆਂ 6:10) ਜਦੋਂ ਅਸੀਂ ਬਾਈਬਲ ਦੇ ਸਿਧਾਂਤ ਲਾਗੂ ਕਰਦੇ ਹਾਂ, ਤਾਂ ਸਾਡਾ ਰਵੱਈਆ ਸੁਧਰ ਜਾਂਦਾ ਹੈ। (ਜ਼ਬੂਰਾਂ ਦੀ ਪੋਥੀ 19:8) ਇਸ ਤੋਂ ਇਲਾਵਾ, ਸਿੱਖੀਆਂ ਗੱਲਾਂ ਉੱਤੇ ਚੱਲਣ ਨਾਲ ਅਸੀਂ ‘ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰਾਂਗੇ’ ਅਤੇ ਲੋਕ ਸੱਚਾਈ ਵੱਲ ਖਿੱਚੇ ਜਾਣਗੇ।—ਤੀਤੁਸ 2:6-10.
15. (ੳ) ਇਕ ਲੜਕੀ ਨੇ ਹਿੰਮਤ ਨਾਲ ਸਕੂਲੇ ਕਿਵੇਂ ਗਵਾਹੀ ਦਿੱਤੀ? (ਅ) ਤੁਸੀਂ ਇਸ ਉਦਾਹਰਣ ਤੋਂ ਕੀ ਸਿੱਖਿਆ ਹੈ?
15 ਯਹੋਵਾਹ ਦੇ ਗਵਾਹਾਂ ਵਿਚ ਬਹੁਤ ਸਾਰੇ ਨੌਜਵਾਨ ਹਨ ਜੋ ਬਾਈਬਲ ਅਤੇ ਮਸੀਹੀ ਪ੍ਰਕਾਸ਼ਨਾਂ ਦਾ ਨਿੱਜੀ ਅਧਿਐਨ ਕਰ ਕੇ ਅਤੇ ਨਿਯਮਿਤ ਤੌਰ ਤੇ ਮਸੀਹੀ ਸਭਾਵਾਂ ਵਿਚ ਹਾਜ਼ਰ ਹੋ ਕੇ ਸਿੱਖੀਆਂ ਗੱਲਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਦੇ ਹਨ। ਉਹ ਆਪਣੇ ਵਧੀਆ ਚਾਲ-ਚਲਣ ਰਾਹੀਂ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰਭਾਵਸ਼ਾਲੀ ਗਵਾਹੀ ਦਿੰਦੇ ਹਨ। (1 ਪਤਰਸ 2:12) ਅਮਰੀਕਾ ਦੀ ਰਹਿਣ ਵਾਲੀ 13 ਸਾਲਾਂ ਦੀ ਲੈਜ਼ਲੀ ਵੱਲ ਧਿਆਨ ਦਿਓ। ਉਹ ਸਵੀਕਾਰ ਕਰਦੀ ਹੈ ਕਿ ਉਸ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਕੂਲ ਦੇ ਬੱਚਿਆਂ ਨਾਲ ਗੱਲ ਕਰਨੀ ਬਹੁਤ ਹੀ ਔਖੀ ਲੱਗਦੀ ਸੀ। ਪਰ ਇਕ ਦਿਨ ਉਸ ਨੇ ਗੱਲ ਕਰਨ ਦੀ ਹਿੰਮਤ ਕੀਤੀ। “ਕਲਾਸ ਦੇ ਬੱਚੇ ਇਸ ਵਿਸ਼ੇ ਉੱਤੇ ਗੱਲ ਕਰ ਰਹੇ ਸਨ ਕਿ ਲੋਕ ਸਾਨੂੰ ਚੀਜ਼ਾਂ ਵੇਚਣ ਦੀ ਕਿਵੇਂ ਕੋਸ਼ਿਸ਼ ਕਰਦੇ ਹਨ। ਇਕ ਲੜਕੀ ਨੇ ਯਹੋਵਾਹ ਦੇ ਗਵਾਹਾਂ ਦੀ ਮਿਸਾਲ ਦਿੱਤੀ।” ਇਕ ਗਵਾਹ ਵਜੋਂ ਲੈਜ਼ਲੀ ਨੇ ਕੀ ਜਵਾਬ ਦਿੱਤਾ? ਉਸ ਨੇ ਕਿਹਾ: “ਮੈਂ ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਬੋਲੀ ਅਤੇ ਮੈਨੂੰ ਯਕੀਨ ਹੈ ਕਿ ਸਾਰੇ ਹੈਰਾਨ ਹੋਏ ਹੋਣੇ ਕਿਉਂਕਿ ਆਮ ਤੌਰ ਤੇ ਮੈਂ ਸਕੂਲੇ ਬਹੁਤ ਹੀ ਚੁੱਪ-ਚਾਪ ਰਹਿੰਦੀ ਹਾਂ।” ਲੈਜ਼ਲੀ ਦੀ ਦਲੇਰੀ ਦਾ ਨਤੀਜਾ ਕੀ ਨਿਕਲਿਆ? ਲੈਜ਼ਲੀ ਨੇ ਕਿਹਾ: “ਮੈਂ ਉਸ ਲੜਕੀ ਨੂੰ ਇਕ ਬ੍ਰੋਸ਼ਰ ਅਤੇ ਇਕ ਟ੍ਰੈਕਟ ਦਿੱਤਾ ਕਿਉਂਕਿ ਉਸ ਦੇ ਮਨ ਵਿਚ ਹੋਰ ਵੀ ਕਈ ਸਵਾਲ ਸਨ।” ਯਹੋਵਾਹ ਅਜਿਹੇ ਨੌਜਵਾਨਾਂ ਨੂੰ ਦੇਖ ਕੇ ਕਿੰਨਾ ਖ਼ੁਸ਼ ਹੁੰਦਾ ਹੋਣਾ ਜਦੋਂ ਉਹ ਸਿੱਖੀਆਂ ਗੱਲਾਂ ਨੂੰ ਲਾਗੂ ਕਰ ਕੇ ਸਕੂਲੇ ਹਿੰਮਤ ਨਾਲ ਗਵਾਹੀ ਦਿੰਦੇ ਹਨ!—ਕਹਾਉਤਾਂ 27:11; ਇਬਰਾਨੀਆਂ 6:10.
16. ਦੈਵ-ਸ਼ਾਸਕੀ ਸੇਵਕਾਈ ਸਕੂਲ ਤੋਂ ਇਕ ਨੌਜਵਾਨ ਨੂੰ ਕਿਵੇਂ ਫ਼ਾਇਦਾ ਹੋਇਆ ਹੈ?
16 ਇਕ ਹੋਰ ਉਦਾਹਰਣ ਇਲਿਜ਼ਬਥ ਨਾਂ ਦੀ ਲੜਕੀ ਦੀ ਹੈ। ਉਹ ਸੱਤਾਂ ਸਾਲਾਂ ਦੀ ਸੀ ਜਦ ਉਸ ਨੇ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਜਦ ਵੀ ਉਹ ਕੋਈ ਭਾਸ਼ਣ ਦਿੰਦੀ ਸੀ, ਉਹ ਹਮੇਸ਼ਾ ਆਪਣੇ ਸਕੂਲ ਦੇ ਅਧਿਆਪਕਾਂ ਨੂੰ ਮੀਟਿੰਗ ਵਿਚ ਬੁਲਾਉਂਦੀ ਹੁੰਦੀ ਸੀ। ਜੇ ਕੋਈ ਅਧਿਆਪਕ ਕਿਸੇ ਕਾਰਨ ਨਹੀਂ ਆਉਂਦੀ ਸੀ, ਤਾਂ ਇਲਿਜ਼ਬਥ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਉਸ ਨੂੰ ਆਪਣਾ ਭਾਸ਼ਣ ਸੁਣਾਉਂਦੀ ਸੀ। ਹਾਈ ਸਕੂਲ ਦੇ ਆਖ਼ਰੀ ਸਾਲ ਵਿਚ ਇਲਿਜ਼ਬਥ ਨੇ ਦੈਵ-ਸ਼ਾਸਕੀ ਸੇਵਕਾਈ ਸਕੂਲ ਦੇ ਫ਼ਾਇਦਿਆਂ ਉੱਤੇ ਦਸ ਸਫ਼ਿਆਂ ਦੀ ਇਕ ਰਿਪੋਰਟ ਲਿਖੀ ਅਤੇ ਉਸ ਨੂੰ ਸਕੂਲ ਦੇ ਚਾਰ ਅਧਿਆਪਕਾਂ ਅੱਗੇ ਪੇਸ਼ ਕੀਤਾ। ਉਸ ਕੋਲੋਂ ਇਹ ਵੀ ਮੰਗ ਕੀਤੀ ਗਈ ਸੀ ਕਿ ਉਹ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਦਿੱਤੇ ਜਾਂਦੇ ਇਕ ਭਾਸ਼ਣ ਦਾ ਨਮੂਨਾ ਪੇਸ਼ ਕਰੇ। ਉਸ ਨੇ ਆਪਣੀ ਗੱਲਬਾਤ ਦਾ ਇਹ ਵਿਸ਼ਾ ਚੁਣਿਆ: “ਪਰਮੇਸ਼ੁਰ ਨੇ ਬੁਰਾਈ ਨੂੰ ਕਿਉਂ ਰੱਖ ਛੱਡਿਆ ਹੈ?” ਯਹੋਵਾਹ ਦੇ ਗਵਾਹਾਂ ਦੁਆਰਾ ਸਿਖਲਾਈ ਦੇਣ ਦੇ ਕੀਤੇ ਗਏ ਇਸ ਪ੍ਰਬੰਧ ਤੋਂ ਇਲਿਜ਼ਬਥ ਨੂੰ ਬਹੁਤ ਹੀ ਫ਼ਾਇਦਾ ਹੋਇਆ ਹੈ। ਉਸ ਵਾਂਗ ਹੋਰ ਕਈ ਮਸੀਹੀ ਨੌਜਵਾਨ ਪਰਮੇਸ਼ੁਰ ਦੇ ਬਚਨ ਤੋਂ ਸਿੱਖੀਆਂ ਗੱਲਾਂ ਨੂੰ ਲਾਗੂ ਕਰ ਕੇ ਯਹੋਵਾਹ ਦੀ ਵਡਿਆਈ ਕਰਦੇ ਹਨ।
17, 18. (ੳ) ਈਮਾਨਦਾਰੀ ਬਾਰੇ ਬਾਈਬਲ ਕਿਹੜੀ ਸਲਾਹ ਦਿੰਦੀ ਹੈ? (ਅ) ਇਕ ਯਹੋਵਾਹ ਦੇ ਗਵਾਹ ਦੀ ਈਮਾਨਦਾਰੀ ਕਾਰਨ ਇਕ ਆਦਮੀ ਉੱਤੇ ਕਿਹੋ ਜਿਹਾ ਅਸਰ ਪਿਆ?
17 ਬਾਈਬਲ ਮਸੀਹੀਆਂ ਨੂੰ ਇਹ ਸਲਾਹ ਦਿੰਦੀ ਹੈ ਕਿ ਤੁਸੀਂ ਸਾਰੀਆਂ ਗੱਲਾਂ ਵਿਚ ਈਮਾਨਦਾਰੀ ਨਾਲ ਜ਼ਿੰਦਗੀ ਬਤੀਤ ਕਰੋ। ਇਬਰਾਨੀਆਂ 13:18) ਬੇਈਮਾਨੀ ਕਾਰਨ ਦੂਸਰਿਆਂ ਨਾਲ ਸਾਡਾ ਰਿਸ਼ਤਾ ਅਤੇ ਖ਼ਾਸ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਤਬਾਹ ਹੋ ਸਕਦਾ ਹੈ। (ਕਹਾਉਤਾਂ 12:22) ਸਾਡੇ ਨੇਕ ਚਾਲ-ਚਲਣ ਤੋਂ ਸਬੂਤ ਮਿਲਦਾ ਹੈ ਕਿ ਅਸੀਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਹਾਂ ਅਤੇ ਇਸ ਨੂੰ ਦੇਖ ਕੇ ਕਈ ਲੋਕ ਯਹੋਵਾਹ ਦੇ ਗਵਾਹਾਂ ਦੀ ਜ਼ਿਆਦਾ ਇੱਜ਼ਤ ਕਰਨ ਲੱਗੇ ਹਨ।
(18 ਫ਼ਿਲਿਪ ਨਾਂ ਦੇ ਇਕ ਫ਼ੌਜੀ ਦੀ ਉਦਾਹਰਣ ਵੱਲ ਧਿਆਨ ਦਿਓ। ਉਸ ਦੇ ਕੋਲੋਂ ਇਕ ਖਾਲੀ ਚੈੱਕ, ਜਿਸ ਉੱਤੇ ਉਸ ਨੇ ਸਾਈਨ ਕੀਤੇ ਸਨ, ਗੁੰਮ ਹੋ ਗਿਆ। ਇਸ ਬਾਰੇ ਉਸ ਨੂੰ ਉਦੋਂ ਹੀ ਪਤਾ ਲੱਗਾ ਜਦ ਕਿਸੇ ਨੇ ਉਸ ਨੂੰ ਇਹ ਚੈੱਕ ਡਾਕ ਰਾਹੀਂ ਵਾਪਸ ਕੀਤਾ। ਚੈੱਕ ਯਹੋਵਾਹ ਦੇ ਇਕ ਗਵਾਹ ਨੂੰ ਲੱਭਿਆ ਸੀ ਅਤੇ ਉਸ ਨੇ ਚੈੱਕ ਦੇ ਨਾਲ ਇਕ ਚਿੱਠੀ ਵੀ ਘੱਲੀ ਜਿਸ ਵਿਚ ਉਸ ਨੇ ਸਮਝਾਇਆ ਕਿ ਉਸ ਦੇ ਧਾਰਮਿਕ ਵਿਸ਼ਵਾਸਾਂ ਨੇ ਚੈੱਕ ਵਾਪਸ ਕਰਨ ਲਈ ਉਸ ਨੂੰ ਪ੍ਰੇਰਿਤ ਕੀਤਾ। ਫ਼ਿਲਿਪ ਤਾਂ ਹੱਕਾ-ਬੱਕਾ ਰਹਿ ਗਿਆ। ਉਸ ਨੇ ਕਿਹਾ: “ਉਹ ਮੇਰੇ 9,000 ਡਾਲਰ (ਲਗਭਗ 4.3 ਲੱਖ ਰੁਪਏ) ਹੜੱਪ ਕਰ ਸਕਦਾ ਸੀ!” ਇਕ ਵਾਰ ਚਰਚ ਵਿਚ ਕਿਸੇ ਨੇ ਫ਼ਿਲਿਪ ਦੀ ਟੋਪੀ ਚੋਰੀ ਕਰ ਲਈ ਸੀ ਜਿਸ ਕਰਕੇ ਉਸ ਨੂੰ ਬਹੁਤ ਦੁੱਖ ਲੱਗਾ। ਇਤਫਾਕ ਦੀ ਗੱਲ ਹੈ ਕਿ ਫ਼ਿਲਿਪ ਉਸ ਚੋਰ ਨੂੰ ਜਾਣਦਾ ਸੀ, ਜਦ ਕਿ ਇਕ ਅਜਨਬੀ ਨੇ ਹਜ਼ਾਰਾਂ ਡਾਲਰਾਂ ਦਾ ਚੈੱਕ ਉਸ ਨੂੰ ਵਾਪਸ ਕੀਤਾ ਸੀ! ਸੱਚ-ਮੁੱਚ ਈਮਾਨਦਾਰ ਮਸੀਹੀ ਯਹੋਵਾਹ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ!
ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਰਹੋ
19, 20. ਪਰਮੇਸ਼ੁਰ ਦੇ ਬਚਨ ਤੋਂ ਸਿੱਖੀਆਂ ਗੱਲਾਂ ਲਾਗੂ ਕਰਨ ਦੇ ਸਾਨੂੰ ਕਿਹੜੇ ਲਾਭ ਹੁੰਦੇ ਹਨ?
19 ਉਨ੍ਹਾਂ ਲੋਕਾਂ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ ਜੋ ਪਰਮੇਸ਼ੁਰ ਦੇ ਬਚਨ ਤੋਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਹਨ। ਚੇਲੇ ਯਾਕੂਬ ਨੇ ਲਿਖਿਆ: “ਜਿਹ ਨੇ ਪੂਰੀ ਸ਼ਰਾ ਨੂੰ ਅਰਥਾਤ ਅਜ਼ਾਦੀ ਦੀ ਸ਼ਰਾ ਨੂੰ ਗੌਹ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ ਉਹ ਇਹੋ ਜਿਹਾ ਸੁਣਨ ਵਾਲਾ ਨਹੀਂ ਜਿਹੜਾ ਭੁੱਲ ਜਾਵੇ ਸਗੋਂ ਕਰਮ ਦਾ ਕਰਤਾ ਹੋ ਕੇ ਆਪਣੇ ਕੰਮ ਵਿੱਚ ਧੰਨ ਹੋਵੇਗਾ।” (ਯਾਕੂਬ 1:25) ਜੀ ਹਾਂ, ਜੇਕਰ ਅਸੀਂ ਬਾਈਬਲ ਤੋਂ ਸਿੱਖੀਆਂ ਗੱਲਾਂ ਅਨੁਸਾਰ ਚੱਲਦੇ ਰਹੀਏ, ਤਾਂ ਅਸੀਂ ਸੱਚੀ ਖ਼ੁਸ਼ੀ ਪਾਵਾਂਗੇ ਅਤੇ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਚੰਗੀ ਤਰ੍ਹਾਂ ਸਾਮ੍ਹਣਾ ਕਰ ਸਕਾਂਗੇ। ਸਭ ਤੋਂ ਵੱਧ, ਅਸੀਂ ਯਹੋਵਾਹ ਤੋਂ ਬਰਕਤਾਂ ਪਾਵਾਂਗੇ ਅਤੇ ਭਵਿੱਖ ਵਿਚ ਸਾਨੂੰ ਸਦਾ ਦਾ ਜੀਵਨ ਮਿਲੇਗਾ!—ਕਹਾਉਤਾਂ 10:22; 1 ਤਿਮੋਥਿਉਸ 6:6.
20 ਇਸ ਲਈ ਆਓ ਆਪਾਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। ਅਤੇ ਯਹੋਵਾਹ ਦੇ ਭਗਤਾਂ ਨਾਲ ਨਿਯਮਿਤ ਤੌਰ ਤੇ ਇਕੱਠੇ ਹੋ ਕੇ ਮਸੀਹੀ ਸਭਾਵਾਂ ਵਿਚ ਸਿੱਖੀਆਂ ਗੱਲਾਂ ਵੱਲ ਪੂਰਾ ਧਿਆਨ ਦੇਈਏ। ਜੇ ਅਸੀਂ ਇਨ੍ਹਾਂ ਸਿੱਖੀਆਂ ਗੱਲਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਲਾਗੂ ਕਰਦੇ ਰਹੀਏ, ਤਾਂ ‘ਸ਼ਾਂਤੀ ਦਾਤਾ ਪਰਮੇਸ਼ੁਰ ਸਾਡੇ ਅੰਗ ਸੰਗ ਹੋਵੇਗਾ।’—ਫ਼ਿਲਿੱਪੀਆਂ 4:9.
[ਫੁਟਨੋਟ]
^ ਪੈਰਾ 9 ਟੋਬਿਟ ਪੁਸਤਕ ਸ਼ਾਇਦ ਤੀਜੀ ਸਦੀ ਸਾ.ਯੁ.ਪੂ. ਵਿਚ ਲਿਖੀ ਗਈ ਸੀ। ਇਸ ਪੁਸਤਕ ਵਿਚ ਟੋਬਾਇਸ ਨਾਂ ਦੇ ਇਕ ਯਹੂਦੀ ਬਾਰੇ ਦੱਸਿਆ ਗਿਆ ਸੀ ਕਿ ਇਕ ਵੱਡੀ ਮੱਛੀ ਦਾ ਦਿਲ, ਕਲੇਜਾ ਅਤੇ ਉਸ ਦੀ ਪਿੱਤ ਵਰਤਣ ਨਾਲ ਉਸ ਨੂੰ ਬੀਮਾਰੀਆਂ ਦਾ ਇਲਾਜ ਕਰਨ ਅਤੇ ਭੂਤ ਕੱਢਣ ਦੀ ਸ਼ਕਤੀ ਮਿਲਦੀ ਸੀ।
ਕੀ ਤੁਹਾਨੂੰ ਯਾਦ ਹੈ?
• ‘ਖਰੀਆਂ ਗੱਲਾਂ ਦਾ ਨਮੂਨਾ’ ਕੀ ਹੈ ਅਤੇ ਅਸੀਂ ਇਸ ਨੂੰ ਕਿਵੇਂ ਫੜੀ ਰੱਖ ਸਕਦੇ ਹਾਂ?
• ਸਾਨੂੰ ਕਿਹੜੀਆਂ “ਖਿਆਲੀ ਕਹਾਣੀਆਂ” ਤੋਂ ਦੂਰ ਰਹਿਣਾ ਚਾਹੀਦਾ ਹੈ?
• ਜੋ ਪਰਮੇਸ਼ੁਰ ਦੇ ਬਚਨ ਤੋਂ ਸਿੱਖੀਆਂ ਗੱਲਾਂ ਉੱਤੇ ਚੱਲਦੇ ਹਨ, ਉਨ੍ਹਾਂ ਨੂੰ ਕਿਹੜੇ ਫ਼ਾਇਦੇ ਹੁੰਦੇ ਹਨ?
[ਸਵਾਲ]
[ਸਫ਼ੇ 17 ਉੱਤੇ ਤਸਵੀਰ]
ਮੁਢਲੇ ਮਸੀਹੀ ਧਰਮ-ਤਿਆਗੀਆਂ ਦੇ ਫੰਦੇ ਵਿਚ ਫਸਣ ਤੋਂ ਆਪਣਾ ਬਚਾਅ ਕਿਵੇਂ ਕਰ ਸਕਦੇ ਸਨ?
[ਸਫ਼ੇ 18 ਉੱਤੇ ਤਸਵੀਰਾਂ]
ਮੀਡੀਆ, ਇੰਟਰਨੈੱਟ ਅਤੇ ਧਰਮ-ਤਿਆਗੀ ਸਾਡੇ ਮਨਾਂ ਵਿਚ ਸ਼ੱਕ ਦੇ ਬੀ ਬੀਜ ਸਕਦੇ ਹਨ
[ਸਫ਼ੇ 19 ਉੱਤੇ ਤਸਵੀਰ]
ਗੱਲ ਚੰਗੀ ਤਰ੍ਹਾਂ ਜਾਣਨ ਤੋਂ ਪਹਿਲਾਂ ਉਸ ਨੂੰ ਫੈਲਾਉਣਾ ਮੂਰਖਤਾ ਦੀ ਗੱਲ ਹੈ
[ਸਫ਼ੇ 20 ਉੱਤੇ ਤਸਵੀਰਾਂ]
ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਬਚਨ ਤੋਂ ਸਿੱਖੀਆਂ ਗੱਲਾਂ ਨੂੰ ਕੰਮ ਤੇ, ਸਕੂਲੇ ਅਤੇ ਹੋਰ ਥਾਵਾਂ ਤੇ ਲਾਗੂ ਕਰਦੇ ਹਨ