ਕਿੰਗਡਮ ਹਾਲ ਲਈ ਮੈਡਲ ਦਿੱਤਾ ਗਿਆ
ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਕਿੰਗਡਮ ਹਾਲ ਲਈ ਮੈਡਲ ਦਿੱਤਾ ਗਿਆ
ਫਿਨਲੈਂਡ ਦੇ ਵਾਯੂਮੰਡਲ ਵਿਭਾਗ ਨੇ ਸਾਲ 2000 ਨੂੰ “ਬਾਗ਼ਬਾਨੀ ਦਾ ਸਾਲ” ਨਿਯੁਕਤ ਕੀਤਾ। ਇਸ ਵਿਭਾਗ ਦੇ ਇਕ ਪ੍ਰਬੰਧਕ ਨੇ ਕਿਹਾ: “ਇਸ ਸਾਲ ਦੌਰਾਨ ਬਾਗ਼ਬਾਨੀ ਵੱਲ ਧਿਆਨ ਖਿੱਚ ਕੇ ਸਾਨੂੰ ਸਾਰਿਆਂ ਨੂੰ ਯਾਦ ਕਰਾਇਆ ਜਾਵੇਗਾ ਕਿ ਹਰੇ-ਭਰੇ ਨਜ਼ਾਰੇ ਦਾ ਸਾਡੀ ਜ਼ਿੰਦਗੀ ਅਤੇ ਖ਼ੁਸ਼ਹਾਲੀ ਉੱਤੇ ਕਿੰਨਾ ਵਧੀਆ ਅਸਰ ਹੁੰਦਾ ਹੈ।”
ਬਾਗ਼ਬਾਨੀ ਉਦਯੋਗ ਦੇ ਫਿਨੀ ਅਸੋਸੀਏਸ਼ਨ ਤੋਂ ਫਿਨਲੈਂਡ ਦੇ ਯਹੋਵਾਹ ਦੇ ਗਵਾਹਾਂ ਦੇ ਸ਼ਾਖਾ ਦਫ਼ਤਰ ਨੂੰ ਇਕ ਚਿੱਠੀ ਆਈ। ਬਾਰਾਂ ਜਨਵਰੀ 2001 ਨੂੰ ਮਿਲੀ ਇਸ ਚਿੱਠੀ ਵਿਚ ਲਿਖਿਆ ਗਿਆ ਸੀ ਕਿ ਟਿਕੁੱਰਿਲਾ ਵਿਚ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਨੂੰ ਬਾਗ਼ਬਾਨੀ ਦੇ ਸਾਲ ਦਾ ਇਕ ਮੈਡਲ ਦਿੱਤਾ ਗਿਆ ਸੀ। ਕਿੰਗਡਮ ਹਾਲ ਦੇ ਬਾਗ਼ਾਂ ਦੀ ਡੀਜ਼ਾਈਨ ਅਤੇ ਉਨ੍ਹਾਂ ਦੀ ਚੰਗੀ ਦੇਖ-ਭਾਲ ਕਰਕੇ ਇਹ ਇਨਾਮ ਦਿੱਤਾ ਗਿਆ ਸੀ। ਚਿੱਠੀ ਵਿਚ ਅੱਗੇ ਕਿਹਾ ਗਿਆ ਸੀ ਕਿ “ਕਿੰਗਡਮ ਹਾਲ ਦੇ ਆਲੇ-ਦੁਆਲੇ ਜ਼ਮੀਨ ਗਰਮੀਆਂ ਅਤੇ ਸਰਦੀਆਂ ਵਿਚ ਵੀ ਦੇਖਣ ਨੂੰ ਸੁੰਦਰ ਲੱਗਦੀ ਹੈ।”
ਫਿਨਲੈਂਡ ਦੇ ਟਾਮਪਰੇ ਸ਼ਹਿਰ ਦੇ ਰੋਜ਼ਨਡਾਲ ਹੋਟਲ ਵਿਚ 400 ਮਾਹਰ ਅਤੇ ਬਿਜ਼ਨਿਸ ਵਾਲਿਆਂ ਦੇ ਸੰਮੇਲਨ ਵਿਚ ਯਹੋਵਾਹ ਦੇ ਗਵਾਹਾਂ ਨੂੰ ਇਹ ਮੈਡਲ ਪੇਸ਼ ਕੀਤਾ ਗਿਆ ਸੀ। ਬਾਗ਼ਬਾਨੀ ਉਦਯੋਗ ਦੇ ਫਿਨੀ ਅਸੋਸੀਏਸ਼ਨ ਨੇ ਅਖ਼ਬਾਰ ਵਿਚ ਵੀ ਇਹ ਬਿਆਨ ਕੀਤਾ: “ਦੇਸ਼ ਦੇ ਵੱਖੋ-ਵੱਖਰੇ ਇਲਾਕਿਆਂ ਵਿਚ ਯਹੋਵਾਹ ਦੇ ਗਵਾਹਾਂ ਦੇ ਜ਼ਿਆਦਾਤਰ ਕਿੰਗਡਮ ਹਾਲ ਵਧੀਆ ਤਰੀਕੇ ਨਾਲ ਡੀਜ਼ਾਈਨ ਕੀਤੇ ਗਏ ਹਨ। ਕੋਲ ਦੀ ਲੰਘਣ ਵਾਲਿਆਂ ਦਾ ਧਿਆਨ ਖਿੱਚਿਆ ਜਾਂਦਾ ਹੈ ਜਦੋਂ ਉਹ ਦੇਖਦੇ ਹਨ ਕਿ ਇਨ੍ਹਾਂ ਦੀ ਕਿੰਨੀ ਦੇਖ-ਭਾਲ ਕੀਤੀ ਜਾਂਦੀ ਹੈ। ਟਿਕੁੱਰਿਲਾ ਦਾ ਕਿੰਗਡਮ ਹਾਲ ਸ਼ਾਨਦਾਰ ਬਾਗ਼ ਦੀ ਇਕ ਵਧੀਆ ਮਿਸਾਲ ਹੈ। ਇਮਾਰਤ ਦੀ ਸ਼ਾਨ ਅਤੇ ਜ਼ਮੀਨ ਦੀ ਸੁੰਦਰਤਾ ਦੇਖ ਕੇ ਬਹੁਤ ਹੀ ਸਕੂਨ ਅਤੇ ਖ਼ੁਸ਼ੀ ਮਿਲਦੀ ਹੈ।”
ਫਿਨਲੈਂਡ ਵਿਚ 233 ਕਿੰਗਡਮ ਹਾਲ ਹਨ ਅਤੇ ਇਨ੍ਹਾਂ ਵਿੱਚੋਂ ਕਈ ਸੁੰਦਰ ਬਾਗ਼ਾਂ ਨਾਲ ਘੇਰੇ ਹੋਏ ਹਨ। ਪਰ ਇਨ੍ਹਾਂ ਥਾਂਵਾਂ ਦੀ ਸੁੰਦਰਤਾ ਇਸ ਗੱਲ ਕਾਰਨ ਹੋਰ ਵੀ ਵਧਦੀ ਹੈ ਕਿਉਂਕਿ ਇਹ ਸੱਚੀ ਉਪਾਸਨਾ ਅਤੇ ਬਾਈਬਲ ਸਿਖਲਾਈ ਦੇ ਕੇਂਦਰ ਹਨ। ਦੁਨੀਆਂ ਭਰ ਵਿਚ 60 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹਾਂ ਲਈ ਕਿੰਗਡਮ ਹਾਲ, ਚਾਹੇ ਉਹ ਸਜਾਇਆ ਹੋਵੇ ਜਾਂ ਸਾਦਾ, ਇਹ ਉਨ੍ਹਾਂ ਲਈ ਬੜੀ ਪਿਆਰੀ ਜਗ੍ਹਾ ਹੁੰਦੀ ਹੈ। ਇਸੇ ਲਈ ਉਹ ਇਸ ਜਗ੍ਹਾ ਦੀ ਪਿਆਰ ਨਾਲ ਦੇਖ-ਭਾਲ ਕਰਨ ਦਾ ਬੜਾ ਚਾਹ ਕਰਦੇ ਹਨ। ਇਨ੍ਹਾਂ ਕਿੰਗਡਮ ਹਾਲਾਂ ਦੇ ਦਰਵਾਜ਼ੇ ਸਮਾਜ ਦੇ ਸਾਰੇ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ।