Skip to content

Skip to table of contents

ਮਾਫ਼ੀ ਮੰਗਣ ਨਾਲ ਸੁਲ੍ਹਾ ਹੋ ਸਕਦੀ ਹੈ

ਮਾਫ਼ੀ ਮੰਗਣ ਨਾਲ ਸੁਲ੍ਹਾ ਹੋ ਸਕਦੀ ਹੈ

ਮਾਫ਼ੀ ਮੰਗਣ ਨਾਲ ਸੁਲ੍ਹਾ ਹੋ ਸਕਦੀ ਹੈ

ਵਾਸ਼ਿੰਗਟਨ ਡੀ. ਸੀ. ਦੀ ਜੋਰਜਟਾਊਨ ਯੂਨੀਵਰਸਿਟੀ ਵਿਚ ਕੰਮ ਕਰਨ ਵਾਲੀ ਡੈਬਰਾ ਟੈਨਨ ਨਾਂ ਦੀ ਇਕ ਲੇਖਕਾ ਅਤੇ ਮਨੁੱਖੀ ਰਿਸ਼ਤਿਆਂ ਦੀ ਮਾਹਰ ਕਹਿੰਦੀ ਹੈ: “ਮਾਫ਼ੀ ਮੰਗਣੀ ਬਹੁਤ ਹੀ ਜ਼ਰੂਰੀ ਹੈ। ਇਸ ਤਰ੍ਹਾਂ ਕਰਨ ਨਾਲ ਹਿੰਸਾ ਤੋਂ ਬਿਨਾਂ ਝਗੜੇ ਸੁਲਝ ਜਾਂਦੇ ਹਨ, ਜਿਨ੍ਹਾਂ ਕੌਮਾਂ ਵਿਚ ਫੁੱਟ ਪਈ ਹੋਈ ਹੈ ਉਹ ਸੁਲ੍ਹਾ ਕਰ ਸਕਦੀਆਂ ਹਨ, ਸਰਕਾਰ ਨੂੰ ਆਪਣੇ ਨਾਗਰਿਕਾਂ ਦੀਆਂ ਮੁਸ਼ਕਲਾਂ ਬਾਰੇ ਸੋਚਣ ਦਾ ਮੌਕਾ ਮਿਲਦਾ ਹੈ ਅਤੇ ਆਪਸੀ ਰਿਸ਼ਤਿਆਂ ਵਿਚ ਨਰਾਜ਼ਗੀਆਂ ਦੂਰ ਹੋ ਜਾਂਦੀਆਂ ਹਨ।”

ਬਾਈਬਲ ਵੀ ਇਹ ਕਹਿੰਦੀ ਹੈ ਕਿ ਅਕਸਰ ਦਿਲੋਂ ਮੰਗੀ ਗਈ ਮਾਫ਼ੀ ਖ਼ਰਾਬ ਹੋਏ ਰਿਸ਼ਤੇ ਨੂੰ ਜੋੜਨ ਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ। ਮਿਸਾਲ ਲਈ, ਯਿਸੂ ਦੇ ਦ੍ਰਿਸ਼ਟਾਂਤ ਵਿਚ ਜਦ ਉਜਾੜੂ ਪੁੱਤਰ ਨੇ ਘਰ ਵਾਪਸ ਆ ਕੇ ਦਿਲੋਂ ਮਾਫ਼ੀ ਮੰਗੀ, ਤਾਂ ਉਸ ਦੇ ਪਿਤਾ ਨੇ ਉਸ ਦਾ ਖ਼ੁਸ਼ੀ ਨਾਲ ਨਿੱਘਾ ਸੁਆਗਤ ਕੀਤਾ। (ਲੂਕਾ 15:17-24) ਜੀ ਹਾਂ, ਸਾਨੂੰ ਆਕੜ ਛੱਡ ਕੇ ਮਾਫ਼ੀ ਮੰਗਣੀ ਚਾਹੀਦੀ ਹੈ। ਬੇਸ਼ੱਕ, ਜੋ ਇਨਸਾਨ ਸੱਚ-ਮੁੱਚ ਨਿਮਰ ਹਨ, ਉਨ੍ਹਾਂ ਲਈ ਮਾਫ਼ੀ ਮੰਗਣੀ ਕੋਈ ਔਖੀ ਗੱਲ ਨਹੀਂ ਹੁੰਦੀ।

ਮਾਫ਼ੀ ਮੰਗਣ ਦੇ ਫ਼ਾਇਦੇ

ਅਬੀਗੈਲ ਨਾਮਕ ਇਕ ਸਮਝਦਾਰ ਔਰਤ ਪ੍ਰਾਚੀਨ ਇਸਰਾਏਲ ਵਿਚ ਰਹਿੰਦੀ ਸੀ। ਇਸ ਔਰਤ ਨੇ ਆਪਣੇ ਪਤੀ ਦੀ ਗ਼ਲਤੀ ਲਈ ਮਾਫ਼ੀ ਮੰਗ ਕੇ ਸਾਡੇ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ। ਰਾਜਾ ਬਣਨ ਤੋਂ ਪਹਿਲਾਂ ਦਾਊਦ ਅਤੇ ਉਸ ਦੇ ਬੰਦੇ ਉਜਾੜ ਵਿਚ ਵੱਸਦੇ ਸਨ। ਉਸ ਸਮੇਂ ਦੌਰਾਨ ਉਨ੍ਹਾਂ ਨੇ ਅਬੀਗੈਲ ਦੇ ਪਤੀ ਨਾਬਾਲ ਦੀਆਂ ਭੇਡਾਂ-ਬੱਕਰੀਆਂ ਦੀ ਰੱਖਿਆ ਕੀਤੀ। ਪਰ, ਜਦ ਦਾਊਦ ਦੇ ਬੰਦਿਆਂ ਨੇ ਰੋਟੀ-ਪਾਣੀ ਮੰਗਿਆ, ਤਾਂ ਨਾਬਾਲ ਨੇ ਉਨ੍ਹਾਂ ਨੂੰ ਗਾਲ਼ਾਂ ਕੱਢ ਕੇ ਤੋਰ ਦਿੱਤਾ। ਗੁੱਸੇ ਵਿਚ ਆ ਕੇ ਦਾਊਦ ਤਕਰੀਬਨ 400 ਬੰਦੇ ਇਕੱਠੇ ਕਰ ਕੇ ਨਾਬਾਲ ਅਤੇ ਉਸ ਦੇ ਘਰਾਣੇ ਨੂੰ ਤਬਾਹ ਕਰਨ ਲਈ ਤੁਰ ਪਿਆ। ਜਦ ਅਬੀਗੈਲ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਫ਼ੌਰਨ ਹੀ ਦਾਊਦ ਨੂੰ ਮਿਲਣ ਗਈ। ਦਾਊਦ ਨੂੰ ਦੇਖਦੇ ਹੀ ਅਬੀਗੈਲ ਨੇ ਉਸ ਦੇ ਪੈਰੀਂ ਪੈ ਕੇ ਕਿਹਾ: “ਹੇ ਮੇਰੇ ਮਹਾਰਾਜ, ਇਹ ਦੋਸ਼ ਮੇਰੇ ਉੱਤੇ ਰੱਖ ਅਤੇ ਆਪਣੀ ਟਹਿਲਣ ਨੂੰ ਤੁਹਾਡੇ ਕੰਨ ਵਿੱਚ ਇੱਕ ਗੱਲ ਆਖਣ ਦੀ ਪਰਵਾਨਗੀ ਦਿਓ ਅਤੇ ਆਪਣੀ ਟਹਿਲਣ ਦੀ ਬੇਨਤੀ ਸੁਣ ਲਓ।” ਅਬੀਗੈਲ ਨੇ ਦਾਊਦ ਨੂੰ ਪੂਰੀ ਗੱਲ ਸਮਝਾਈ ਤੇ ਉਨ੍ਹਾਂ ਸਾਰਿਆਂ ਨੂੰ ਰੋਟੀ-ਪਾਣੀ ਦਿੱਤਾ। ਇਸ ਨਾਲ ਦਾਊਦ ਨੇ ਕਿਹਾ: “ਆਪਣੇ ਘਰ ਸੁਖ ਸਾਂਦ ਨਾਲ ਜਾਹ। ਵੇਖ, ਮੈਂ ਤੇਰੀ ਗੱਲ ਸੁਣ ਲਈ ਹੈ ਅਤੇ ਤੇਰੀ ਅਰਜ਼ ਨੂੰ ਮੰਨ ਲਿਆ।”—1 ਸਮੂਏਲ 25:2-35.

ਅਬੀਗੈਲ ਦੇ ਨਰਮ ਰਵੱਈਏ ਅਤੇ ਆਪਣੇ ਪਤੀ ਦੀ ਬਦਤਮੀਜ਼ੀ ਲਈ ਮਾਫ਼ੀ ਮੰਗਣ ਕਰਕੇ ਉਸ ਦਾ ਪਰਿਵਾਰ ਬਚ ਗਿਆ। ਦਾਊਦ ਨੇ ਉਸ ਦਾ ਇਸ ਲਈ ਵੀ ਧੰਨਵਾਦ ਕੀਤਾ ਕਿ ਉਸ ਨੇ ਉਸ ਨੂੰ ਲਹੂ ਵਗਾਉਣੋਂ ਅਤੇ ਬਦਲਾ ਲੈਣ ਤੋਂ ਰੋਕਿਆ ਸੀ। ਭਾਵੇਂ ਕਿ ਅਬੀਗੈਲ ਨੇ ਖ਼ੁਦ ਦਾਊਦ ਅਤੇ ਉਸ ਦੇ ਬੰਦਿਆਂ ਨਾਲ ਬੁਰਾ ਸਲੂਕ ਨਹੀਂ ਕੀਤਾ ਸੀ, ਫਿਰ ਵੀ ਉਸ ਨੇ ਆਪਣੇ ਪਰਿਵਾਰ ਦੀ ਖ਼ਾਤਰ ਦੋਸ਼ ਆਪਣੇ ਸਿਰ ਲੈ ਕੇ ਦਾਊਦ ਨਾਲ ਸੁਲ੍ਹਾ ਕੀਤੀ।

ਇਕ ਹੋਰ ਵਧੀਆ ਉਦਾਹਰਣ ਪੌਲੁਸ ਰਸੂਲ ਦੀ ਹੈ। ਉਹ ਵੀ ਜਾਣਦਾ ਸੀ ਕਿ ਮਾਫ਼ੀ ਮੰਗਣੀ ਕਿੰਨੀ ਜ਼ਰੂਰੀ ਹੈ। ਇਕ ਵਾਰ ਉਸ ਨੂੰ ਯਹੂਦੀ ਮਹਾਸਭਾ ਯਾਨੀ ਦੇਸ਼ ਦੀ ਉੱਚ-ਅਦਾਲਤ ਦੇ ਸਾਮ੍ਹਣੇ ਆਪਣੀ ਸਫ਼ਾਈ ਪੇਸ਼ ਕਰਨੀ ਪਈ। ਪ੍ਰਧਾਨ ਜਾਜਕ ਹਨਾਨਿਯਾਹ ਉਸ ਦੇ ਸਿੱਧੇ ਅਤੇ ਸੱਚੇ ਸ਼ਬਦ ਸੁਣ ਕੇ ਬਹੁਤ ਹੀ ਗੁੱਸੇ ਵਿਚ ਆ ਗਿਆ, ਤਾਂ ਉਸ ਨੇ ਕੋਲ ਖੜ੍ਹੇ ਬੰਦਿਆਂ ਨੂੰ ਹੁਕਮ ਦਿੱਤਾ ਕਿ ਪੌਲੁਸ ਦੇ ਮੂੰਹ ਤੇ ਥੱਪੜ ਮਾਰਿਆ ਜਾਵੇ। ਇਸ ਨਾਲ ਪੌਲੁਸ ਨੇ ਉਸ ਨੂੰ ਕਿਹਾ: “ਹੇ ਸਫ਼ੇਦੀ ਫੇਰੀ ਹੋਈ ਕੰਧੇ, ਪਰਮੇਸ਼ੁਰ ਤੈਨੂੰ ਮਾਰੇਗਾ! ਤੂੰ ਤਾਂ ਸ਼ਰਾ ਦੇ ਮੂਜਬ ਮੇਰਾ ਨਿਆਉਂ ਕਰਨ ਲਈ ਬੈਠਾ ਹੈਂ ਅਤੇ ਸ਼ਰਾ ਦੇ ਉਲਟ ਕੀ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈਂ?” ਜਦੋਂ ਕੋਲ ਖੜ੍ਹੇ ਲੋਕਾਂ ਨੇ ਪੌਲੁਸ ਉੱਤੇ ਪ੍ਰਧਾਨ ਜਾਜਕ ਨਾਲ ਬਦਸਲੂਕੀ ਕਰਨ ਦਾ ਦੋਸ਼ ਲਾਇਆ, ਤਾਂ ਪੌਲੁਸ ਨੇ ਝੱਟ ਹੀ ਆਪਣੀ ਗ਼ਲਤੀ ਕਬੂਲ ਕਰਦੇ ਹੋਏ ਕਿਹਾ: “ਹੇ ਭਰਾਵੋ, ਮੈਨੂੰ ਖਬਰ ਨਾ ਸੀ ਜੋ ਇਹ ਸਰਦਾਰ ਜਾਜਕ ਹੈ ਕਿਉਂ ਜੋ ਲਿਖਿਆ ਹੈ ਭਈ ਤੂੰ ਆਪਣੀ ਕੌਮ ਦੇ ਸਰਦਾਰ ਨੂੰ ਬੁਰਾ ਨਾ ਕਹੁ।”—ਰਸੂਲਾਂ ਦੇ ਕਰਤੱਬ 23:1-5.

ਪੌਲੁਸ ਦੀ ਗੱਲ ਸਹੀ ਸੀ ਕਿ ਨਿਯੁਕਤ ਕੀਤੇ ਗਏ ਨਿਆਂਕਾਰ ਨੂੰ ਹਿੰਸਾ ਨਾਲ ਮਾਮਲੇ ਨਹੀਂ ਸੁਲਝਾਉਣੇ ਚਾਹੀਦੇ ਸਨ। ਫਿਰ ਵੀ ਉਸ ਨੇ ਅਣਜਾਣੇ ਵਿਚ ਪ੍ਰਧਾਨ ਜਾਜਕ ਨਾਲ ਅਜਿਹੇ ਢੰਗ ਨਾਲ ਗੱਲ ਕਰਨ ਲਈ ਮਾਫ਼ੀ ਮੰਗੀ ਜਿਸ ਨੂੰ ਬਦਤਮੀਜ਼ੀ ਸਮਝਿਆ ਜਾ ਸਕਦਾ ਸੀ। * ਮਾਫ਼ੀ ਮੰਗਣ ਨਾਲ ਪੌਲੁਸ ਨੂੰ ਮਹਾਸਭਾ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਪੌਲੁਸ ਜਾਣਦਾ ਸੀ ਕਿ ਮਹਾਸਭਾ ਦੇ ਮੈਂਬਰਾਂ ਵਿਚਕਾਰ ਦੁਬਾਰਾ ਜੀ ਉੱਠਣ ਦੀ ਸਿੱਖਿਆ ਬਾਰੇ ਬਹਿਸ ਚੱਲ ਰਹੀ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ ਇਸ ਸਿੱਖਿਆ ਉੱਤੇ ਵਿਸ਼ਵਾਸ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਨਤੀਜੇ ਵਜੋਂ ਮਹਾਂਸਭਾ ਦੇ ਮੈਂਬਰਾਂ ਵਿਚ ਬਹੁਤ ਝਗੜਾ ਹੋਇਆ ਜਿਸ ਵਿਚ ਫ਼ਰੀਸੀਆਂ ਨੇ ਪੌਲੁਸ ਦਾ ਪੱਖ ਲਿਆ।—ਰਸੂਲਾਂ ਦੇ ਕਰਤੱਬ 23:6-10.

ਬਾਈਬਲ ਦੀਆਂ ਇਨ੍ਹਾਂ ਦੋ ਉਦਾਹਰਣਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਇਨ੍ਹਾਂ ਦੋਹਾਂ ਉਦਾਹਰਣਾਂ ਵਿਚ ਦਿਲੋਂ ਮਾਫ਼ੀ ਮੰਗਣ ਕਰਕੇ ਹੀ ਅੱਗੇ ਗੱਲਬਾਤ ਕਰਨ ਦੇ ਮੌਕੇ ਮਿਲੇ ਸਨ। ਆਪਣੀਆਂ ਗ਼ਲਤੀਆਂ ਕਬੂਲ ਕਰਨ ਅਤੇ ਕਿਸੇ ਨੂੰ ਦੁੱਖ ਦੇਣ ਲਈ ਮਾਫ਼ੀ ਮੰਗਣ ਨਾਲ ਸਾਨੂੰ ਮਾਮਲੇ ਸੁਲਝਾਉਣ ਦੇ ਮੌਕੇ ਮਿਲ ਸਕਦੇ ਹਨ। ਜੀ ਹਾਂ, ਮਾਫ਼ੀ ਮੰਗਣ ਨਾਲ ਅਸੀਂ ਦੂਸਰਿਆਂ ਨਾਲ ਸੁਲ੍ਹਾ ਕਰ ਸਕਦੇ ਹਾਂ।

‘ਪਰ ਮੈਂ ਤਾਂ ਕੋਈ ਗ਼ਲਤੀ ਨਹੀਂ ਕੀਤੀ’

ਜੇਕਰ ਸਾਨੂੰ ਪਤਾ ਲੱਗੇ ਕਿ ਕੋਈ ਸਾਡੇ ਨਾਲ ਕਿਸੇ ਗੱਲੋਂ ਨਾਰਾਜ਼ ਹੋ ਗਿਆ ਹੈ, ਤਾਂ ਸਾਨੂੰ ਸ਼ਾਇਦ ਇਵੇਂ ਲੱਗੇ ਕਿ ਉਸ ਨੇ ਸਾਨੂੰ ਗ਼ਲਤ ਸਮਝਿਆ ਹੈ ਕਿ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਜਾਂ ਉਹ ਝੱਟ ਗੁੱਸੇ ਹੋ ਜਾਂਦਾ ਹੈ। ਪਰ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਇਹ ਸਲਾਹ ਦਿੱਤੀ ਸੀ: “ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ, ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾ।”—ਮੱਤੀ 5:23, 24.

ਮਿਸਾਲ ਲਈ, ਤੁਹਾਡਾ ਭਰਾ ਕਿਸੇ ਗੱਲੋਂ ਤੁਹਾਡੇ ਨਾਲ ਨਾਰਾਜ਼ ਹੋ ਜਾਂਦਾ ਹੈ। ਅਜਿਹਿਆਂ ਮਾਮਲਿਆਂ ਵਿਚ ਯਿਸੂ ਨੇ ਕਿਹਾ ਕਿ ਤੁਹਾਨੂੰ ਜਾ ਕੇ ‘ਆਪਣੇ ਭਰਾ ਨਾਲ ਮੇਲ ਕਰਨਾ’ ਚਾਹੀਦਾ ਹੈ, ਭਾਵੇਂ ਤੁਹਾਨੂੰ ਲੱਗੇ ਕਿ ਤੁਸੀਂ ਕਸੂਰਵਾਰ ਹੋ ਜਾਂ ਨਹੀਂ। ਵਾਈਨਜ਼ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਓਲਡ ਐਂਡ ਨਿਊ ਟੈਸਟਾਮੈਂਟ ਵਰਡਜ਼ ਵਿਚ ਲਿਖਿਆ ਗਿਆ ਹੈ ਕਿ ਮੱਤੀ ਵਿਚ ਯਿਸੂ ਨੇ ਜੋ ਕਿਹਾ ਸੀ, ਉਸ ਦਾ ਇਹ ਮਤਲਬ ਹੈ ਕਿ ਦੋਹਾਂ ਧਿਰਾਂ ਨੂੰ ਆਪਣੀ ਗ਼ਲਤੀ ਸਵੀਕਾਰ ਕਰ ਕੇ ਇਕ-ਦੂਜੇ ਤੋਂ ਮਾਫ਼ੀ ਮੰਗਣ ਦੀ ਲੋੜ ਹੈ। ਇਹ ਸੱਚ ਹੈ ਕਿ ਜਦੋਂ ਦੋ ਵਿਅਕਤੀਆਂ ਦੀ ਆਪਸ ਵਿਚ ਅਣਬਣ ਹੁੰਦੀ ਹੈ, ਤਾਂ ਥੋੜ੍ਹੀ-ਬਹੁਤੀ ਗ਼ਲਤੀ ਦੋਹਾਂ ਧਿਰਾਂ ਦੀ ਹੁੰਦੀ ਹੈ ਕਿਉਂਕਿ ਉਹ ਦੋਵੇਂ ਅਪੂਰਣ ਤੇ ਭੁੱਲਣਹਾਰ ਹਨ। ਇਸ ਦਾ ਮਤਲਬ ਹੈ ਕਿ ਆਮ ਤੌਰ ਤੇ ਦੋਹਾਂ ਨੂੰ ਸੁਲ੍ਹਾ ਕਰਨ ਦੀ ਲੋੜ ਹੁੰਦੀ ਹੈ।

ਵੱਡੀ ਗੱਲ ਇਹ ਨਹੀਂ ਹੈ ਕਿ ਕੌਣ ਸਹੀ ਜਾਂ ਕੌਣ ਗ਼ਲਤ ਹੈ, ਪਰ ਜ਼ਰੂਰੀ ਗੱਲ ਤਾਂ ਇਹ ਹੈ ਕਿ ਸੁਲ੍ਹਾ ਕਰਨ ਵਿਚ ਕੌਣ ਪਹਿਲਾ ਕਦਮ ਚੁੱਕਦਾ ਹੈ। ਜਦੋਂ ਪੌਲੁਸ ਰਸੂਲ ਨੂੰ ਪਤਾ ਲੱਗਾ ਕਿ ਕੁਰਿੰਥੁਸ ਦੇ ਮਸੀਹੀ ਨਿੱਜੀ ਝਗੜਿਆਂ ਜਿਵੇਂ ਕਿ ਪੈਸਿਆਂ ਦੇ ਮਾਮਲਿਆਂ ਕਾਰਨ ਆਪਣੇ ਸੰਗੀ ਭੈਣ-ਭਰਾਵਾਂ ਉੱਤੇ ਅਦਾਲਤ ਵਿਚ ਮੁਕੱਦਮੇ ਚਲਾਉਂਦੇ ਸਨ, ਤਾਂ ਉਸ ਨੇ ਉਨ੍ਹਾਂ ਨੂੰ ਤਾੜਨਾ ਦਿੱਤੀ: “ਤੁਸੀਂ ਸਗੋਂ ਕੁਨਿਆਉਂ ਕਿਉਂ ਨਹੀਂ ਸਹਾਰ ਲੈਂਦੇ? ਤੁਸੀਂ ਸਗੋਂ ਠਗਾਈ ਕਿਉਂ ਨਹੀਂ ਖਾਂਦੇ?” (1 ਕੁਰਿੰਥੀਆਂ 6:7) ਭਾਵੇਂ ਕਿ ਪੌਲੁਸ ਨੇ ਇਹ ਗੱਲ ਮਸੀਹੀਆਂ ਨੂੰ ਆਪਣੇ ਝਗੜੇ ਅਦਾਲਤ ਤਕ ਲਿਜਾਣ ਤੋਂ ਰੋਕਣ ਲਈ ਕਹੀ ਸੀ, ਪਰ ਇਸ ਤੋਂ ਅਸੀਂ ਇਹ ਸਿਧਾਂਤ ਸਿੱਖ ਸਕਦੇ ਹਾਂ: ਕੌਣ ਸਹੀ ਅਤੇ ਕੌਣ ਗ਼ਲਤ ਸਾਬਤ ਕਰਨ ਤੋਂ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ਸੰਗੀ ਵਿਸ਼ਵਾਸੀ ਆਪਸ ਵਿਚ ਸ਼ਾਂਤੀ ਬਣਾਈ ਰੱਖਣ। ਇਸ ਸਿਧਾਂਤ ਨੂੰ ਮਨ ਵਿਚ ਰੱਖਦੇ ਹੋਏ ਅਸੀਂ ਆਸਾਨੀ ਨਾਲ ਮਾਫ਼ੀ ਮੰਗ ਸਕਾਂਗੇ ਜਦੋਂ ਕੋਈ ਵਿਅਕਤੀ ਸਮਝੇ ਕਿ ਅਸੀਂ ਉਨ੍ਹਾਂ ਨੂੰ ਦੁੱਖ ਪਹੁੰਚਾਇਆ ਹੈ।

ਦਿਲੋਂ ਮਾਫ਼ੀ ਮੰਗੋ

ਕੁਝ ਲੋਕ ਉਨ੍ਹਾਂ ਸ਼ਬਦਾਂ ਨੂੰ ਵਾਰ-ਵਾਰ ਕਹਿੰਦੇ ਰਹਿੰਦੇ ਹਨ ਜੋ ਮਾਫ਼ੀ ਮੰਗਣ ਲਈ ਵਰਤੇ ਜਾਂਦੇ ਹਨ। ਮਿਸਾਲ ਲਈ, ਜਪਾਨ ਵਿਚ ਮਾਫ਼ੀ ਮੰਗਣ ਲਈ ਸੂਮੀਮਾਸੈਨ ਸ਼ਬਦ ਵਰਤਿਆ ਜਾਂਦਾ ਹੈ, ਪਰ ਇਹ ਸ਼ਬਦ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ। ਇਹ ਸ਼ਬਦ ਧੰਨਵਾਦ ਕਹਿਣ ਲਈ ਵੀ ਵਰਤਿਆ ਜਾ ਸਕਦਾ ਹੈ, ਜਦ ਕੋਈ ਇਹ ਕਹਿਣਾ ਚਾਹੇ ਕਿ ਉਹ ਤੁਹਾਡਾ ਅਹਿਸਾਨ ਕਦੇ ਨਹੀਂ ਚੁੱਕਾ ਸਕੇਗਾ। ਇਸ ਲਈ ਕਿ ਇਸ ਸ਼ਬਦ ਦੇ ਕਈ ਮਤਲਬ ਹੋ ਸਕਦੇ ਹਨ, ਤਾਂ ਕੁਝ ਲੋਕ ਸ਼ਾਇਦ ਮਹਿਸੂਸ ਕਰਨ ਕਿ ਇਹ ਸ਼ਬਦ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ ਅਤੇ ਇਸ ਤੇ ਵੀ ਸ਼ੱਕ ਕਰਨ ਕਿ ਇਹ ਦਿਲੋਂ ਕਿਹਾ ਜਾਂਦਾ ਹੈ ਕਿ ਨਹੀਂ। ਦੂਸਰਿਆਂ ਦੇਸ਼ਾਂ ਵਿਚ ਵੀ ਸ਼ਾਇਦ ਇਸ ਤਰ੍ਹਾਂ ਲੱਗੇ ਕਿ ਮਾਫ਼ੀ ਮੰਗਣ ਦੇ ਸ਼ਬਦ ਅਕਸਰ ਦਿਲੋਂ ਨਹੀਂ ਕਹੇ ਜਾਂਦੇ।

ਤੁਸੀਂ ਚਾਹੇ ਕਿਸੇ ਵੀ ਭਾਸ਼ਾ ਵਿਚ ਮਾਫ਼ੀ ਮੰਗੋ, ਪਰ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਦਿਲੋਂ ਮਾਫ਼ੀ ਮੰਗੋ। ਤੁਹਾਡੇ ਸ਼ਬਦਾਂ ਤੋਂ ਅਤੇ ਤੁਹਾਡੀ ਆਵਾਜ਼ ਤੋਂ ਇਹ ਜ਼ਾਹਰ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਗ਼ਲਤੀ ਤੇ ਦਿਲੋਂ ਪਛਤਾਉਂਦੇ ਹੋ। ਯਿਸੂ ਮਸੀਹ ਨੇ ਪਹਾੜੀ ਉਪਦੇਸ਼ ਵਿਚ ਆਪਣੇ ਚੇਲਿਆਂ ਨੂੰ ਇਹ ਸਿਖਾਇਆ: “ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ ਅਰ ਜੋ ਇਨ੍ਹਾਂ ਤੋਂ ਵੱਧ ਹੈ ਸੋ ਬਦੀ ਤੋਂ ਹੁੰਦਾ ਹੈ।” (ਟੇਢੇ ਟਾਈਪ ਸਾਡੇ।) (ਮੱਤੀ 5:37) ਜਦੋਂ ਤੁਸੀਂ ਮਾਫ਼ੀ ਮੰਗਦੇ ਹੋ, ਤਾਂ ਸੱਚੇ ਦਿਲੋਂ ਮੰਗੋ! ਉਦਾਹਰਣ ਲਈ: ਹਵਾਈ ਅੱਡੇ ਤੇ ਚੈੱਕ-ਇੰਨ ਕਾਊਂਟਰ ਤੇ ਲਾਈਨ ਵਿਚ ਖੜ੍ਹੇ ਇਕ ਬੰਦੇ ਦਾ ਸੂਟਕੇਸ ਦੂਸਰੀ ਲਾਈਨ ਵਿਚ ਖੜ੍ਹੀ ਔਰਤ ਦੀਆਂ ਲੱਤਾਂ ਵਿਚ ਵੱਜਾ, ਤਾਂ ਉਸ ਨੇ ਔਰਤ ਤੋਂ ਮਾਫ਼ੀ ਮੰਗੀ। ਕੁਝ ਹੀ ਮਿੰਟਾਂ ਬਾਅਦ, ਲਾਈਨ ਵਿਚ ਅੱਗੇ ਜਾਂਦੇ ਹੋਏ ਸੂਟਕੇਸ ਫਿਰ ਉਸ ਔਰਤ ਦੀਆਂ ਲੱਤਾਂ ਵਿਚ ਵੱਜਾ। ਇਕ ਵਾਰ ਫਿਰ ਬੰਦੇ ਨੇ ਮਾਫ਼ੀ ਮੰਗੀ। ਜਦ ਇਸੇ ਤਰ੍ਹਾਂ ਤੀਸਰੀ ਵਾਰ ਹੋਇਆ, ਤਾਂ ਉਸ ਔਰਤ ਦੇ ਨਾਲ ਸਫ਼ਰ ਕਰਨ ਵਾਲੇ ਬੰਦੇ ਨੇ ਕਿਹਾ ਕਿ ਜੇ ਤੂੰ ਸੱਚੇ ਦਿਲੋਂ ਮਾਫ਼ੀ ਮੰਗੀ ਹੁੰਦੀ, ਤਾਂ ਤੇਰਾ ਸੂਟਕੇਸ ਵਾਰ-ਵਾਰ ਉਸ ਦੀਆਂ ਲੱਤਾਂ ਵਿਚ ਨਾ ਵੱਜਦਾ। ਜੀ ਹਾਂ, ਦਿਲੋਂ ਮਾਫ਼ੀ ਮੰਗਣ ਦੇ ਨਾਲ-ਨਾਲ ਸਾਨੂੰ ਦ੍ਰਿੜ੍ਹਤਾ ਨਾਲ ਦੁਬਾਰਾ ਗ਼ਲਤੀ ਕਰਨ ਤੋਂ ਬਚਣਾ ਚਾਹੀਦਾ ਹੈ।

ਜੇਕਰ ਅਸੀਂ ਦਿਲੋਂ ਮਾਫ਼ੀ ਮੰਗਣੀ ਚਾਹੁੰਦੇ ਹਾਂ, ਤਾਂ ਅਸੀਂ ਆਪਣੀ ਗ਼ਲਤੀ ਕਬੂਲ ਕਰਾਂਗੇ ਅਤੇ ਮਾਫ਼ੀ ਮੰਗ ਕੇ ਸੁਲ੍ਹਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ-ਨਾਲ, ਜਿਸ ਨੂੰ ਠੇਸ ਪਹੁੰਚਾਈ ਗਈ ਹੋਵੇ, ਉਸ ਨੂੰ ਤੋਬਾ ਕਰਨ ਵਾਲੇ ਨੂੰ ਮਾਫ਼ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। (ਮੱਤੀ 18:21, 22; ਮਰਕੁਸ 11:25; ਅਫ਼ਸੀਆਂ 4:32; ਕੁਲੁੱਸੀਆਂ 3:13) ਦੋਨੋਂ ਧਿਰਾਂ ਅਪੂਰਣ ਹੋਣ ਕਰਕੇ ਹਰ ਵੇਲੇ ਸੁਲ੍ਹਾ-ਸਫ਼ਾਈ ਕਰਨੀ ਇੰਨੀ ਸੌਖੀ ਨਹੀਂ ਹੁੰਦੀ। ਫਿਰ ਵੀ, ਮਾਫ਼ੀ ਮੰਗਣ ਨਾਲ ਸੁਲ੍ਹਾ ਕਰਨੀ ਸੌਖੀ ਹੋ ਜਾਂਦੀ ਹੈ।

ਜਦ ਸਾਨੂੰ ਮਾਫ਼ੀ ਨਹੀਂ ਮੰਗਣੀ ਚਾਹੀਦੀ

ਭਾਵੇਂ ਕਿ ਅਫ਼ਸੋਸ ਅਤੇ ਪਛਤਾਵਾ ਕਰਨ ਨਾਲ ਅਸੀਂ ਰਿਸ਼ਤੇ ਜੋੜ ਕੇ ਇਕ ਸ਼ਾਂਤਮਈ ਮਾਹੌਲ ਪੈਦਾ ਕਰ ਸਕਦੇ ਹਾਂ, ਪਰ ਫਿਰ ਵੀ ਇਕ ਬੁੱਧੀਮਾਨ ਵਿਅਕਤੀ ਉਸ ਵੇਲੇ ਮਾਫ਼ੀ ਨਹੀਂ ਮੰਗੇਗਾ ਜਦ ਇਸ ਤਰ੍ਹਾਂ ਕਰਨਾ ਠੀਕ ਨਾ ਹੋਵੇ। ਫ਼ਰਜ਼ ਕਰੋ ਕਿ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਦਾ ਮਾਮਲਾ ਖੜ੍ਹਾ ਹੋ ਜਾਂਦਾ ਹੈ। ਜਦ ਯਿਸੂ ਮਸੀਹ ਧਰਤੀ ਤੇ ਸੀ, ਉਸ ਨੇ “ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ।” (ਫ਼ਿਲਿੱਪੀਆਂ 2:8) ਪਰ ਉਸ ਨੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਇਹ ਕਹਿੰਦੇ ਹੋਏ ਮਾਫ਼ੀ ਨਹੀਂ ਮੰਗੀ ਕਿ ਉਸ ਦੇ ਵਿਸ਼ਵਾਸ ਗ਼ਲਤ ਸਨ। ਇਕ ਵਾਰ ਪ੍ਰਧਾਨ ਜਾਜਕ ਨੇ ਉਸ ਨੂੰ ਪੁੱਛਿਆ: “ਮੈਂ ਤੈਨੂੰ ਜੀਉਂਦੇ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਭਈ ਜੇ ਤੂੰ ਮਸੀਹ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਸਾਨੂੰ ਦੱਸ।” ਯਿਸੂ ਨੇ ਦਲੇਰੀ ਨਾਲ ਉਸ ਨੂੰ ਜਵਾਬ ਦਿੱਤਾ: “ਤੈਂ ਸਤ ਆਖ ਦਿੱਤਾ ਹੈ ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਏਦੋਂ ਅੱਗੇ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖੋਗੇ।” (ਮੱਤੀ 26:63, 64) ਯਿਸੂ ਨੇ ਇਸ ਲਈ ਮਾਫ਼ੀ ਨਹੀਂ ਮੰਗੀ ਕਿ ਉਸ ਨੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਪੁੱਤਰ ਕਿਹਾ। ਯਿਸੂ ਲਈ ਮਾਫ਼ੀ ਮੰਗ ਕੇ ਪ੍ਰਧਾਨ ਜਾਜਕ ਨਾਲ ਸ਼ਾਂਤੀ ਬਣਾਈ ਰੱਖਣ ਦੀ ਬਜਾਇ ਆਪਣੇ ਪਿਤਾ ਯਹੋਵਾਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣਾ ਜ਼ਿਆਦਾ ਮਹੱਤਵਪੂਰਣ ਸੀ।

ਇਹ ਸੱਚ ਹੈ ਕਿ ਇਖ਼ਤਿਆਰ ਰੱਖਣ ਵਾਲੇ ਲੋਕਾਂ ਦਾ ਮਸੀਹੀ ਆਦਰ-ਮਾਣ ਕਰਦੇ ਹਨ। ਪਰ ਉਨ੍ਹਾਂ ਨੂੰ ਇਸ ਗੱਲ ਤੇ ਅਫ਼ਸੋਸ ਕਰ ਕੇ ਲੋਕਾਂ ਤੋਂ ਮਾਫ਼ੀ ਮੰਗਣ ਦੀ ਲੋੜ ਨਹੀਂ ਹੈ ਕਿ ਉਹ ਪਰਮੇਸ਼ੁਰ ਪ੍ਰਤੀ ਆਗਿਆਕਾਰ ਹਨ ਅਤੇ ਆਪਣੇ ਭੈਣ-ਭਰਾਵਾਂ ਨਾਲ ਪਿਆਰ ਕਰਦੇ ਹਨ।—ਮੱਤੀ 28:19, 20; ਰੋਮੀਆਂ 13:5-7.

ਜਦੋਂ ਸ਼ਾਂਤੀ ਬਣਾਈ ਰੱਖਣ ਵਿਚ ਕੋਈ ਰੁਕਾਵਟ ਨਹੀਂ ਹੋਵੇਗੀ

ਅੱਜ ਅਸੀਂ ਸਾਰੇ ਜਣੇ ਗ਼ਲਤੀਆਂ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਆਦਮ ਕਰਕੇ ਪਾਪੀ ਹਾਂ। (ਰੋਮੀਆਂ 5:12; 1 ਯੂਹੰਨਾ 1:10) ਆਦਮ ਇਸ ਲਈ ਪਾਪੀ ਬਣਿਆ ਕਿਉਂਕਿ ਉਹ ਪਰਮੇਸ਼ੁਰ ਦੇ ਕਹਿਣੇਕਾਰ ਨਹੀਂ ਰਿਹਾ। ਪਰ ਸ਼ੁਰੂ ਵਿਚ ਆਦਮ ਅਤੇ ਹੱਵਾਹ ਸੰਪੂਰਣ ਤੇ ਪਾਪ-ਰਹਿਤ ਸਨ ਅਤੇ ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ਮਨੁੱਖਜਾਤੀ ਨੂੰ ਦੁਬਾਰਾ ਸੰਪੂਰਣ ਬਣਾਵੇਗਾ। ਉਹ ਸਦਾ ਲਈ ਪਾਪ ਅਤੇ ਉਸ ਦੇ ਅਸਰਾਂ ਨੂੰ ਮਿਟਾ ਦੇਵੇਗਾ।—1 ਕੁਰਿੰਥੀਆਂ 15:56, 57.

ਜ਼ਰਾ ਸੋਚੋ ਕਿ ਇਸ ਦਾ ਨਤੀਜਾ ਕੀ ਨਿੱਕਲੇਗਾ! ਆਪਣੀ ਜ਼ਬਾਨ ਨੂੰ ਕਾਬੂ ਵਿਚ ਰੱਖਣ ਬਾਰੇ ਯਿਸੂ ਦੇ ਭਰਾ ਯਾਕੂਬ ਨੇ ਇਹ ਸਲਾਹ ਦਿੱਤੀ: “ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹੀ ਨੂੰ ਭੀ ਲਗਾਮ ਦੇ ਸੱਕਦਾ ਹੈ।” (ਯਾਕੂਬ 3:2) ਇਕ ਸੰਪੂਰਣ ਮਨੁੱਖ ਆਪਣੀ ਜ਼ਬਾਨ ਨੂੰ ਕਾਬੂ ਵਿਚ ਰੱਖ ਸਕਦਾ ਹੈ, ਇਸ ਲਈ ਉਸ ਨੂੰ ਕਦੇ ਮਾਫ਼ੀ ਮੰਗਣ ਦੀ ਲੋੜ ਨਹੀਂ ਪੈਂਦੀ। ਉਹ ਤਾਂ ਆਪਣੀ ‘ਸਾਰੀ ਦੇਹੀ ਨੂੰ ਲਗਾਮ ਦੇ ਸੱਕਦਾ ਹੈ।’ ਉਦੋਂ ਕਿੰਨਾ ਵਧੀਆ ਹੋਵੇਗਾ ਜਦੋਂ ਅਸੀਂ ਸੰਪੂਰਣ ਹੋਵਾਂਗੇ! ਫਿਰ ਆਪਸ ਵਿਚ ਸ਼ਾਂਤੀ ਬਣਾਈ ਰੱਖਣ ਵਿਚ ਕੋਈ ਰੁਕਾਵਟ ਨਹੀਂ ਹੋਵੇਗੀ। ਪਰ ਉਹ ਸਮਾਂ ਆਉਣ ਤਕ, ਜੇਕਰ ਅਸੀਂ ਲੋੜ ਪੈਣ ਤੇ ਆਪਣੀਆਂ ਗ਼ਲਤੀਆਂ ਲਈ ਸੱਚੇ ਦਿਲੋਂ ਮਾਫ਼ੀ ਮੰਗਾਂਗੇ, ਤਾਂ ਸ਼ਾਂਤੀ ਬਣਾਈ ਰੱਖਣੀ ਸਾਡੇ ਲਈ ਸੌਖੀ ਹੋਵੇਗੀ।

[ਫੁਟਨੋਟ]

^ ਪੈਰਾ 8 ਹੋ ਸਕਦਾ ਹੈ ਕਿ ਪੌਲੁਸ ਦੀ ਕਮਜ਼ੋਰ ਨਜ਼ਰ ਕਰਕੇ ਉਸ ਨੇ ਪ੍ਰਧਾਨ ਜਾਜਕ ਨੂੰ ਨਹੀਂ ਪਛਾਣਿਆ।

[ਸਫ਼ੇ 5 ਉੱਤੇ ਤਸਵੀਰ]

ਅਸੀਂ ਪੌਲੁਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

[ਸਫ਼ੇ 7 ਉੱਤੇ ਤਸਵੀਰ]

ਜਦ ਸਾਰੇ ਸੰਪੂਰਣ ਹੋਣਗੇ, ਤਦ ਸ਼ਾਂਤੀ ਬਣਾਈ ਰੱਖਣ ਵਿਚ ਕੋਈ ਰੁਕਾਵਟ ਨਹੀਂ ਹੋਵੇਗੀ