ਯਿਸੂ ਦੇ ਜਨਮ ਦੇ ਰਿਕਾਰਡ ਤੋਂ ਸਿੱਖਿਆ
ਯਿਸੂ ਦੇ ਜਨਮ ਦੇ ਰਿਕਾਰਡ ਤੋਂ ਸਿੱਖਿਆ
ਲੱਖਾਂ ਹੀ ਲੋਕ ਯਿਸੂ ਦੇ ਜਨਮ ਨਾਲ ਸੰਬੰਧਿਤ ਘਟਨਾਵਾਂ ਵਿਚ ਦਿਲਚਸਪੀ ਲੈਂਦੇ ਹਨ। ਇਸ ਦਾ ਸਬੂਤ ਦੁਨੀਆਂ ਭਰ ਵਿਚ ਮਨਾਏ ਜਾਂਦੇ ਕ੍ਰਿਸਮਸ ਦੇ ਤਿਉਹਾਰ ਤੋਂ ਮਿਲਦਾ ਹੈ ਜਦੋਂ ਲੋਕ ਯਿਸੂ ਦੇ ਜਨਮ ਬਾਰੇ ਨਾਟਕ ਕਰਦੇ ਹਨ। ਭਾਵੇਂ ਇਹ ਘਟਨਾਵਾਂ ਦਿਲਚਸਪ ਹਨ, ਪਰ ਬਾਈਬਲ ਵਿਚ ਯਿਸੂ ਦੇ ਜਨਮ ਦਾ ਰਿਕਾਰਡ ਲੋਕਾਂ ਦੇ ਦਿਲ ਬਹਿਲਾਉਣ ਲਈ ਨਹੀਂ ਲਿਖਿਆ ਗਿਆ। ਇਸ ਦੀ ਬਜਾਇ, ਇਹ ਰਿਕਾਰਡ ਉਸ ਸਾਰੀ ਲਿਖਤ ਦਾ ਹਿੱਸਾ ਹੈ ਜੋ ਪਰਮੇਸ਼ੁਰ ਨੇ ਸਾਨੂੰ ਸਿੱਖਿਆ ਦੇਣ ਲਈ ਲਿਖਵਾਇਆ ਹੈ।—2 ਤਿਮੋਥਿਉਸ 3:16.
ਜੇ ਪਰਮੇਸ਼ੁਰ ਚਾਹੁੰਦਾ ਕਿ ਮਸੀਹੀਆਂ ਨੂੰ ਯਿਸੂ ਦਾ ਜਨਮ ਦਿਨ ਮਨਾਉਣਾ ਚਾਹੀਦਾ ਹੈ, ਤਾਂ ਬਾਈਬਲ ਵਿਚ ਉਸ ਦੇ ਜਨਮ ਦੀ ਤਾਰੀਖ਼ ਦਿੱਤੀ ਹੋਣੀ ਸੀ। ਕੀ ਬਾਈਬਲ ਵਿਚ ਇਹ ਤਾਰੀਖ਼ ਦਿੱਤੀ ਹੈ? ਉੱਨੀਵੀਂ ਸਦੀ ਦੇ ਬਾਈਬਲ ਦੇ ਇਕ ਵਿਦਵਾਨ ਨੇ ਕਿਹਾ ਕਿ ਯਿਸੂ ਦਾ ਜਨਮ ਉਸ ਵੇਲੇ ਹੋਇਆ ਸੀ ਜਦੋਂ ਅਯਾਲੀ ਰਾਤ ਨੂੰ ਬਾਹਰ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰ ਰਹੇ ਸਨ। ਫਿਰ ਉਸ ਨੇ ਕਿਹਾ: ‘ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਡੇ ਮੁਕਤੀਦਾਤੇ ਦਾ ਜਨਮ 25 ਦਸੰਬਰ ਤੋਂ ਪਹਿਲਾਂ ਹੋਇਆ ਸੀ। ਉਸ ਸਮੇਂ ਤਾਂ ਬਹੁਤ ਠੰਢ ਹੁੰਦੀ ਹੈ, ਖ਼ਾਸ ਕਰਕੇ ਬੈਤਲਹਮ ਦੇ ਉੱਚੇ ਪਹਾੜੀ ਇਲਾਕੇ ਵਿਚ। ਪਰਮੇਸ਼ੁਰ ਨੇ ਨਾ ਤਾਂ ਯਿਸੂ ਦੇ ਜਨਮ ਦੀ ਤਾਰੀਖ਼ ਦੱਸੀ ਹੈ ਅਤੇ ਨਾ ਹੀ ਸਾਡੇ ਲਈ ਇਹ ਜਾਣਨੀ ਜ਼ਰੂਰੀ ਹੈ। ਜੇ ਜ਼ਰੂਰੀ ਹੁੰਦੀ, ਤਾਂ ਪਰਮੇਸ਼ੁਰ ਨੇ ਬਾਈਬਲ ਵਿਚ ਸਾਡੇ ਲਈ ਇਹ ਜ਼ਰੂਰ ਲਿਖਵਾਈ ਹੁੰਦੀ।’
ਜਨਮ ਦਿਨ ਬਾਰੇ ਲਿਖਣ ਦੀ ਬਜਾਇ, ਇੰਜੀਲ ਦੇ ਚਾਰਾਂ ਲਿਖਾਰੀਆਂ ਨੇ ਇਹ ਗੱਲ ਜ਼ਰੂਰ ਲਿਖੀ ਕਿ ਯਿਸੂ ਦੀ ਮੌਤ ਕਿਸ ਦਿਨ ਹੋਈ ਸੀ। ਉਸ ਦੀ ਮੌਤ ਬਸੰਤ ਦੀ ਰੁੱਤ ਵਿਚ ਪਸਾਹ ਦੇ ਦਿਨ ਹੋਈ ਸੀ ਜੋ ਨੀਸਾਨ ਨਾਂ ਦੇ ਯਹੂਦੀ ਮਹੀਨੇ ਦੀ 14 ਤਾਰੀਖ਼ ਹੈ। ਇਸ ਤੋਂ ਇਲਾਵਾ, ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ਾਸ ਹੁਕਮ ਦਿੱਤਾ ਸੀ ਕਿ ਉਹ ਉਸ ਦੀ ਯਾਦਗੀਰੀ ਲਈ ਇਹ ਦਿਨ ਮਨਾਇਆ ਲੂਕਾ 22:19) ਬਾਈਬਲ ਵਿਚ ਇਹ ਹੁਕਮ ਨਹੀਂ ਦਿੱਤਾ ਗਿਆ ਕਿ ਅਸੀਂ ਯਿਸੂ ਦਾ ਜਨਮ ਦਿਨ ਮਨਾਈਏ ਅਤੇ ਨਾ ਹੀ ਸਾਨੂੰ ਹੋਰ ਕਿਸੇ ਦਾ ਜਨਮ ਦਿਨ ਮਨਾਉਣ ਲਈ ਕਿਹਾ ਗਿਆ ਹੈ। ਅਫ਼ਸੋਸ ਦੀ ਗੱਲ ਹੈ ਕਿ ਯਿਸੂ ਦੇ ਜਨਮ ਦੀ ਤਾਰੀਖ਼ ਬਾਰੇ ਲੋਕਾਂ ਵਿਚ ਬਹਿਸ ਹੋਣ ਕਰਕੇ, ਉਹ ਉਸ ਦੇ ਜਨਮ ਨਾਲ ਸੰਬੰਧਿਤ ਬਾਕੀ ਅਹਿਮ ਘਟਨਾਵਾਂ ਵੱਲ ਘੱਟ ਧਿਆਨ ਦਿੰਦੇ ਹਨ।
ਕਰਨ। (ਪਰਮੇਸ਼ੁਰ ਨੇ ਯਿਸੂ ਦੇ ਮਾਪੇ ਚੁਣੇ
ਇਸਰਾਏਲ ਦੇ ਹਜ਼ਾਰਾਂ ਹੀ ਘਰਾਣਿਆਂ ਵਿੱਚੋਂ ਪਰਮੇਸ਼ੁਰ ਨੇ ਆਪਣੇ ਪੁੱਤਰ ਦੀ ਦੇਖ-ਭਾਲ ਕਰਨ ਲਈ ਕਿਹੋ ਜਿਹੇ ਮਾਪੇ ਚੁਣੇ ਸਨ? ਕੀ ਉਸ ਨੇ ਇਹ ਦੇਖਿਆ ਸੀ ਕਿ ਕੌਣ ਮਸ਼ਹੂਰ ਤੇ ਅਮੀਰ ਹੈ? ਨਹੀਂ, ਸਗੋਂ ਯਹੋਵਾਹ ਨੇ ਰੂਹਾਨੀ ਗੁਣਾਂ ਵਾਲੇ ਮਾਪਿਆਂ ਨੂੰ ਚੁਣਿਆ ਸੀ। ਲੂਕਾ 1:46-55 ਵਿਚ ਲਿਖੀ ਗਈ ਮਰਿਯਮ ਦੀ ਪ੍ਰਾਰਥਨਾ ਉੱਤੇ ਗੌਰ ਕਰੋ। ਇਸ ਵਿਚ ਉਸ ਨੇ ਯਹੋਵਾਹ ਦੇ ਜਸ ਗਾਏ ਸਨ ਜਦੋਂ ਉਸ ਨੂੰ ਦੱਸਿਆ ਗਿਆ ਸੀ ਕਿ ਉਹ ਮਸੀਹੇ ਦੀ ਮਾਂ ਬਣੇਗੀ। ਉਸ ਨੇ ਕਿਹਾ: “ਮੇਰੀ ਜਾਨ ਪ੍ਰਭੁ ਦੀ ਵਡਿਆਈ ਕਰਦੀ ਹੈ, . . . ਕਿਉਂ ਜੋ ਉਹ ਨੇ ਆਪਣੀ ਬਾਂਦੀ ਦੀ ਅਧੀਨਗੀ ਉੱਤੇ ਨਿਗਾਹ ਕੀਤੀ।” ਉਸ ਨੇ ਆਪਣੇ ਆਪ ਨੂੰ ਯਹੋਵਾਹ ਦੀ ਦਾਸੀ ਕਹਿ ਕੇ ਆਪਣੀ “ਅਧੀਨਗੀ” ਦਿਖਾਈ। ਇਸ ਤੋਂ ਜ਼ਿਆਦਾ ਅਹਿਮ ਗੱਲ ਇਹ ਸੀ ਕਿ ਮਰਿਯਮ ਦੀ ਪ੍ਰਾਰਥਨਾ ਤੋਂ ਇਹ ਪਤਾ ਲੱਗਾ ਕਿ ਉਹ ਰੂਹਾਨੀ ਗੱਲਾਂ ਵਿਚ ਦਿਲਚਸਪੀ ਰੱਖਦੀ ਸੀ ਤੇ ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਭਾਵੇਂ ਕਿ ਉਹ ਆਦਮ ਦੀ ਪਾਪੀ ਸੰਤਾਨ ਵਿੱਚੋਂ ਸੀ, ਫਿਰ ਵੀ ਪਰਮੇਸ਼ੁਰ ਨੇ ਧਰਤੀ ਉੱਤੇ ਆਪਣੇ ਪੁੱਤਰ ਦੀ ਮਾਂ ਬਣਨ ਲਈ ਉਸ ਨੂੰ ਚੁਣਿਆ ਸੀ।
ਮਰਿਯਮ ਦੇ ਪਤੀ ਯੂਸੁਫ਼ ਬਾਰੇ ਕੀ ਜੋ ਧਰਤੀ ਤੇ ਯਿਸੂ ਦਾ ਪਿਤਾ ਬਣਿਆ? ਉਹ ਇਕ ਤਰਖਾਣ ਸੀ। ਉਹ ਇਕ ਮਿਹਨਤੀ ਬੰਦਾ ਸੀ ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰ ਸਕਦਾ ਸੀ। ਯਿਸੂ ਤੋਂ ਬਾਅਦ ਯੂਸੁਫ਼ ਦੇ ਘਰ ਚਾਰ ਪੁੱਤਰ ਅਤੇ ਘੱਟੋ-ਘੱਟ ਦੋ ਧੀਆਂ ਹੋਈਆਂ। (ਮੱਤੀ 13:55, 56) ਯੂਸੁਫ਼ ਅਮੀਰ ਨਹੀਂ ਸੀ। ਜਦੋਂ ਮਰਿਯਮ ਆਪਣੇ ਜੇਠੇ ਪੁੱਤਰ ਯਿਸੂ ਨੂੰ ਪਰਮੇਸ਼ੁਰ ਦੀ ਹੈਕਲ ਵਿਚ ਲੈ ਕੇ ਗਈ, ਤਾਂ ਯੂਸੁਫ਼ ਨਿਰਾਸ਼ ਹੋਇਆ ਹੋਣਾ ਕਿ ਉਹ ਭੇਡ ਦੀ ਬਲੀ ਨਹੀਂ ਚੜ੍ਹਾ ਸਕਦਾ ਸੀ। ਇਸ ਦੀ ਥਾਂ ਉਨ੍ਹਾਂ ਨੇ ਗ਼ਰੀਬਾਂ ਲਈ ਕੀਤੇ ਗਏ ਇਕ ਇੰਤਜ਼ਾਮ ਦਾ ਫ਼ਾਇਦਾ ਉਠਾਇਆ। ਪਰਮੇਸ਼ੁਰ ਦੀ ਬਿਵਸਥਾ ਵਿਚ ਨਵੇਂ ਜੰਮੇ ਪੁੱਤਰ ਦੀ ਮਾਂ ਬਾਰੇ ਲਿਖਿਆ ਸੀ: “ਜੇ ਕਦੀ ਉਹ ਇੱਕ ਲੇਲਾ ਲਿਆਉਣ ਜੋਗੀ ਨਾ ਹੋਵੇ ਤਾਂ ਉਹ ਦੋ ਘੁੱਗੀਆਂ ਯਾ ਕਬੂਤ੍ਰਾਂ ਦੇ ਦੋ ਬੱਚੇ ਲਿਆਵੇ, ਇੱਕ ਤਾਂ ਹੋਮ ਕਰਕੇ ਅਤੇ ਦੂਜਾ ਪਾਪ ਦੀ ਭੇਟ ਕਰਕੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਸ਼ੁੱਧ ਹੋ ਜਾਵੇਗੀ।”—ਲੇਵੀਆਂ 12:8; ਲੂਕਾ 2:22-24.
ਬਾਈਬਲ ਸਾਨੂੰ ਦੱਸਦੀ ਹੈ ਕਿ ਯੂਸੁਫ਼ “ਧਰਮੀ ਪੁਰਖ” ਸੀ। (ਮੱਤੀ 1:19) ਮਿਸਾਲ ਲਈ, ਉਸ ਨੇ ਯਿਸੂ ਦਾ ਜਨਮ ਹੋਣ ਤਕ ਆਪਣੀ ਪਤਨੀ ਨਾਲ ਕੋਈ ਸਰੀਰਕ ਸੰਬੰਧ ਨਹੀਂ ਰੱਖਿਆ ਸੀ। ਇਸ ਤਰ੍ਹਾਂ ਕੋਈ ਭੁਲੇਖੇ ਵਿਚ ਨਹੀਂ ਪੈ ਸਕਦਾ ਸੀ ਕਿ ਯਿਸੂ ਦਾ ਅਸਲੀ ਪਿਤਾ ਕੌਣ ਸੀ। ਇਸ ਨਵੇਂ ਵਿਆਹੇ ਜੋੜੇ ਲਈ ਇੱਕੋ ਘਰ ਵਿਚ ਰਹਿੰਦੇ ਹੋਣ ਕਰਕੇ ਇਕ-ਦੂਜੇ ਤੋਂ ਦੂਰ ਰਹਿਣਾ ਸੌਖਾ ਨਹੀਂ ਸੀ, ਪਰ ਉਨ੍ਹਾਂ ਨੇ ਸਾਬਤ ਕੀਤਾ ਕਿ ਪਰਮੇਸ਼ੁਰ ਦੇ ਪੁੱਤਰ ਦੀ ਦੇਖ-ਭਾਲ ਕਰਨ ਲਈ ਚੁਣੇ ਜਾਣਾ ਉਨ੍ਹਾਂ ਲਈ ਵੱਡਾ ਸਨਮਾਨ ਸੀ।—ਮੱਤੀ 1:24, 25.
ਮਰਿਯਮ ਦੀ ਤਰ੍ਹਾਂ ਯੂਸੁਫ਼ ਵੀ ਪਰਮੇਸ਼ੁਰ ਦੀ ਸੇਵਾ ਕਰਨ ਨੂੰ ਸਭ ਤੋਂ ਜ਼ਰੂਰੀ ਗੱਲ ਸਮਝਦਾ ਸੀ। ਹਰ ਸਾਲ ਉਹ ਪਸਾਹ ਦਾ ਤਿਉਹਾਰ ਮਨਾਉਣ ਲਈ ਤਿੰਨ ਦਿਨਾਂ ਦਾ ਸਫ਼ਰ ਕਰ ਕੇ ਆਪਣੇ ਪਰਿਵਾਰ ਨੂੰ ਨਾਸਰਤ ਤੋਂ ਯਰੂਸ਼ਲਮ ਲਿਜਾਂਦਾ ਸੀ। (ਲੂਕਾ 2:41) ਨਾਲੇ, ਹਰ ਹਫ਼ਤੇ ਯੂਸੁਫ਼ ਯਿਸੂ ਨੂੰ ਯਹੂਦੀ ਸਭਾ ਘਰ ਵਿਚ ਭਗਤੀ ਕਰਨ ਲਈ ਵੀ ਲਿਜਾਂਦਾ ਸੀ ਜਿੱਥੇ ਪਰਮੇਸ਼ੁਰ ਦਾ ਬਚਨ ਪੜ੍ਹਿਆ ਅਤੇ ਸਮਝਾਇਆ ਜਾਂਦਾ ਸੀ। (ਲੂਕਾ 2:51; 4:16) ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਮੇਸ਼ੁਰ ਨੇ ਧਰਤੀ ਉੱਤੇ ਆਪਣੇ ਪੁੱਤਰ ਲਈ ਸਹੀ ਮਾਤਾ-ਪਿਤਾ ਚੁਣੇ ਸਨ।
ਨਿਮਰ ਅਯਾਲੀਆਂ ਲਈ ਵੱਡੀ ਅਸੀਸ
ਮਰਿਯਮ ਨੌਂ ਮਹੀਨਿਆਂ ਤੋਂ ਗਰਭਵਤੀ ਸੀ ਜਿਸ ਕਰਕੇ ਉਸ ਲਈ ਸਫ਼ਰ ਕਰਨਾ ਬਹੁਤ ਮੁਸ਼ਕਲ ਸੀ, ਪਰ ਕੈਸਰ ਦੇ ਹੁਕਮ ਅਨੁਸਾਰ ਆਪਣੇ ਨਾਂ ਰਜਿਸਟਰ ਕਰਾਉਣ ਲਈ ਯੂਸੁਫ਼ ਉਸ ਨੂੰ ਆਪਣੇ ਪੜਦਾਦਿਆਂ ਦੇ ਸ਼ਹਿਰ ਨੂੰ ਲੈ ਕੇ ਗਿਆ। ਜਦੋਂ ਇਹ
ਜੋੜਾ ਬੈਤਲਹਮ ਪਹੁੰਚਿਆ, ਤਾਂ ਸ਼ਹਿਰ ਵਿਚ ਬਹੁਤ ਭੀੜ ਸੀ ਅਤੇ ਰਹਿਣ ਲਈ ਉਨ੍ਹਾਂ ਨੂੰ ਕੋਈ ਜਗ੍ਹਾ ਨਹੀਂ ਲੱਭੀ। ਇਨ੍ਹਾਂ ਹਾਲਾਤਾਂ ਵਿਚ ਉਨ੍ਹਾਂ ਨੂੰ ਤਬੇਲੇ ਵਿਚ ਰਹਿਣਾ ਪਿਆ ਜਿੱਥੇ ਯਿਸੂ ਪੈਦਾ ਹੋਇਆ ਅਤੇ ਉਸ ਨੂੰ ਖੁਰਲੀ ਵਿਚ ਰੱਖਿਆ ਗਿਆ। ਯਹੋਵਾਹ ਉਨ੍ਹਾਂ ਦਾ ਵਿਸ਼ਵਾਸ ਪੱਕਾ ਕਰਨਾ ਚਾਹੁੰਦਾ ਸੀ ਕਿ ਇਹ ਜਨਮ ਸੱਚ-ਮੁੱਚ ਉਸ ਦੀ ਇੱਛਾ ਪੂਰੀ ਕਰਨ ਲਈ ਹੋਇਆ ਸੀ। ਕੀ ਉਸ ਨੇ ਬੈਤਲਹਮ ਦੇ ਕੁਝ ਮੰਨੇ-ਪ੍ਰਮੰਨੇ ਬਜ਼ੁਰਗਾਂ ਨੂੰ ਉਨ੍ਹਾਂ ਕੋਲ ਭੇਜਿਆ ਸੀ? ਨਹੀਂ, ਸਗੋਂ ਉਸ ਨੇ ਕੁਝ ਮਿਹਨਤੀ ਅਯਾਲੀਆਂ ਨੂੰ ਇਹ ਗੱਲ ਦੱਸੀ ਜੋ ਰਾਤ ਨੂੰ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰ ਰਹੇ ਸਨ।ਪਰਮੇਸ਼ੁਰ ਦੇ ਦੂਤ ਨੇ ਇਨ੍ਹਾਂ ਅਯਾਲੀਆਂ ਨੂੰ ਦਰਸ਼ਣ ਦਿੱਤਾ ਅਤੇ ਉਨ੍ਹਾਂ ਨੂੰ ਬੈਤਲਹਮ ਜਾਣ ਨੂੰ ਕਿਹਾ ਜਿੱਥੇ ਉਨ੍ਹਾਂ ਨੂੰ “ਖੁਰਲੀ ਵਿੱਚ ਪਿਆ” ਨਵਾਂ ਜੰਮਿਆ ਮਸੀਹਾ ਮਿਲਣਾ ਸੀ। ਕੀ ਇਹ ਨਿਮਰ ਬੰਦੇ ਇਹ ਸੁਣ ਕੇ ਹੈਰਾਨ ਹੋਏ ਜਾਂ ਇਸ ਗੱਲ ਤੋਂ ਸ਼ਰਮਿੰਦੇ ਹੋਏ ਕਿ ਮਸੀਹਾ ਤਬੇਲੇ ਵਿਚ ਪੈਦਾ ਹੋਇਆ ਸੀ? ਬਿਲਕੁਲ ਨਹੀਂ! ਬਿਨਾਂ ਦੇਰੀ ਕੀਤੇ ਉਹ ਆਪਣੀਆਂ ਭੇਡਾਂ ਛੱਡ ਕੇ ਬੈਤਲਹਮ ਵੱਲ ਤੁਰ ਪਏ। ਜਦੋਂ ਉਨ੍ਹਾਂ ਨੇ ਯਿਸੂ ਨੂੰ ਲੱਭ ਲਿਆ, ਤਾਂ ਉਨ੍ਹਾਂ ਨੇ ਯੂਸੁਫ਼ ਤੇ ਮਰਿਯਮ ਨੂੰ ਪਰਮੇਸ਼ੁਰ ਦੇ ਦੂਤ ਦੀਆਂ ਗੱਲਾਂ ਦੱਸੀਆਂ। ਇਨ੍ਹਾਂ ਗੱਲਾਂ ਨੇ ਉਸ ਜੋੜੇ ਦੀ ਨਿਹਚਾ ਨੂੰ ਜ਼ਰੂਰ ਪੱਕਾ ਕੀਤਾ ਹੋਵੇਗਾ ਕਿ ਸਭ ਕੁਝ ਪਰਮੇਸ਼ੁਰ ਦੇ ਮਕਸਦ ਅਨੁਸਾਰ ਪੂਰਾ ਹੋ ਰਿਹਾ ਸੀ। “ਅਯਾਲੀ ਇਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜਿੱਕੁਰ ਉਨ੍ਹਾਂ ਨੂੰ ਕਹੀਆਂ ਗਈਆਂ ਸਨ ਤਿੱਕੁਰ ਸੁਣ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਕਰਦੇ ਹੋਏ ਮੁੜ ਗਏ।” (ਲੂਕਾ 2:8-20) ਜੀ ਹਾਂ, ਪਰਮੇਸ਼ੁਰ ਤੋਂ ਡਰਨ ਵਾਲੇ ਇਨ੍ਹਾਂ ਅਯਾਲੀਆਂ ਨੂੰ ਇਹ ਗੱਲਾਂ ਦੱਸ ਕੇ ਪਰਮੇਸ਼ੁਰ ਨੇ ਸਹੀ ਕੀਤਾ ਸੀ।
ਇਨ੍ਹਾਂ ਸਾਰੀਆਂ ਗੱਲਾਂ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਯਹੋਵਾਹ ਦੀ ਮਿਹਰ ਪਾਉਣ ਲਈ ਕਿਹੋ ਜਿਹੇ ਇਨਸਾਨ ਹੋਣਾ ਚਾਹੀਦਾ ਹੈ। ਸਾਨੂੰ ਮਸ਼ਹੂਰ ਜਾਂ ਅਮੀਰ ਹੋਣ ਦੀ ਲੋੜ ਨਹੀਂ ਹੈ। ਇਸ ਦੀ ਬਜਾਇ, ਸਾਨੂੰ ਯੂਸੁਫ਼, ਮਰਿਯਮ ਅਤੇ ਅਯਾਲੀਆਂ ਦੀ ਤਰ੍ਹਾਂ ਪਰਮੇਸ਼ੁਰ ਦੇ ਕਹਿਣੇ ਵਿਚ ਰਹਿਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਲਈ ਆਪਣਾ ਪਿਆਰ ਸਾਬਤ ਕਰਨ ਵਾਸਤੇ ਸਰੀਰਕ ਚੀਜ਼ਾਂ ਨਹੀਂ, ਸਗੋਂ ਰੂਹਾਨੀ ਚੀਜ਼ਾਂ ਨੂੰ ਪਹਿਲੀ ਥਾਂ ਤੇ ਰੱਖਣਾ ਚਾਹੀਦਾ ਹੈ। ਵਾਕਈ, ਯਿਸੂ ਦੇ ਜਨਮ ਨਾਲ ਸੰਬੰਧਿਤ ਘਟਨਾਵਾਂ ਵੱਲ ਧਿਆਨ ਦੇ ਕੇ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ।
[ਸਫ਼ੇ 7 ਉੱਤੇ ਤਸਵੀਰ]
ਮਰਿਯਮ ਦੁਆਰਾ ਦੋ ਕਬੂਤਰਾਂ ਦੀ ਬਲੀ ਦੇਣ ਤੋਂ ਸਾਨੂੰ ਕੀ ਪਤਾ ਲੱਗਦਾ ਹੈ?
[ਸਫ਼ੇ 7 ਉੱਤੇ ਤਸਵੀਰ]
ਪਰਮੇਸ਼ੁਰ ਨੇ ਯਿਸੂ ਦੇ ਜਨਮ ਬਾਰੇ ਕੁਝ ਨਿਮਰ ਅਯਾਲੀਆਂ ਨੂੰ ਦੱਸਿਆ ਸੀ