ਕੀ ਬੁਰਾਈ ਦੀ ਜਿੱਤ ਹੋਈ ਹੈ?
ਕੀ ਬੁਰਾਈ ਦੀ ਜਿੱਤ ਹੋਈ ਹੈ?
ਕਿਹਾ ਜਾਂਦਾ ਹੈ ਕਿ ਦੁਨੀਆਂ ਵਿਚ ਚੰਗੀਆਂ ਤੇ ਬੁਰੀਆਂ ਤਾਕਤਾਂ ਵਿਚ ਲਗਾਤਾਰ ਲੜਾਈ ਚੱਲਦੀ ਰਹਿੰਦੀ ਹੈ। ਪੂਰੇ ਇਤਿਹਾਸ ਦੌਰਾਨ ਇਸ ਧਾਰਣਾ ਬਾਰੇ ਲੇਖਕਾਂ ਤੇ ਫ਼ਿਲਾਸਫ਼ਰਾਂ ਨੇ ਤਰ੍ਹਾਂ-ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ ਹਨ। ਪਰ ਇਕ ਅਜਿਹੀ ਕਿਤਾਬ ਹੈ ਜਿਸ ਵਿਚ ਪਰਮੇਸ਼ੁਰ ਅਤੇ ਸ਼ਤਾਨ ਦੀ ਲੜਾਈ ਦਾ ਸਹੀ-ਸਹੀ ਬਿਰਤਾਂਤ ਦਿੱਤਾ ਗਿਆ ਹੈ। ਇਹ ਕਿਤਾਬ ਬਾਈਬਲ ਹੈ। ਇਸ ਵਿਚ ਲੜਾਈ ਦੇ ਕਾਰਨਾਂ ਬਾਰੇ ਦੱਸਿਆ ਗਿਆ ਹੈ ਅਤੇ ਇਸ ਦੀ ਮਦਦ ਨਾਲ ਅਸੀਂ ਜਾਣ ਸਕਦੇ ਹਾਂ ਕਿ ਲੜਾਈ ਵਿਚ ਕਿਸ ਦੀ ਜਿੱਤ ਹੋਈ ਹੈ।
ਪਹਿਲੇ ਮਾਨਵ ਜੋੜੇ ਦੀ ਸ੍ਰਿਸ਼ਟੀ ਤੋਂ ਕੁਝ ਹੀ ਸਮੇਂ ਬਾਅਦ ਇਕ ਆਤਮਿਕ ਪ੍ਰਾਣੀ ਯਾਨੀ ਸ਼ਤਾਨ ਨੇ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਉੱਤੇ ਸਵਾਲ ਚੁੱਕਿਆ। ਉਹ ਕਿੱਦਾਂ? ਉਸ ਨੇ ਬੜੀ ਚਲਾਕੀ ਨਾਲ ਤੀਵੀਂ ਦੇ ਮਨ ਵਿਚ ਇਹ ਸ਼ੱਕ ਪਾ ਦਿੱਤਾ ਕਿ ਪਰਮੇਸ਼ੁਰ ਉਸ ਨੂੰ ਚੰਗੀਆਂ ਚੀਜ਼ਾਂ ਤੋਂ ਵਾਂਝਿਆ ਰੱਖ ਰਿਹਾ ਸੀ ਅਤੇ ਉਹ ਪਰਮੇਸ਼ੁਰ ਤੋਂ ਸੁਤੰਤਰ ਹੋ ਕੇ ਚੰਗੀ ਜ਼ਿੰਦਗੀ ਜੀ ਸਕੇਗੀ।—ਉਤਪਤ 3:1-5; ਪਰਕਾਸ਼ ਦੀ ਪੋਥੀ 12:9.
ਬਾਅਦ ਵਿਚ, ਅੱਯੂਬ ਦੇ ਦਿਨਾਂ ਵਿਚ ਸ਼ਤਾਨ ਨੇ ਇਕ ਹੋਰ ਸਵਾਲ ਖੜ੍ਹਾ ਕੀਤਾ। ਪਰਮੇਸ਼ੁਰ ਪ੍ਰਤੀ ਅੱਯੂਬ ਦੀ ਵਫ਼ਾਦਾਰੀ ਨੂੰ ਤੋੜਨ ਦੀ ਕੋਸ਼ਿਸ਼ ਵਿਚ ਸ਼ਤਾਨ ਨੇ ਕਿਹਾ: “ਖੱਲ ਦੇ ਬਦਲੇ ਖੱਲ ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।” (ਅੱਯੂਬ 2:4) ਇਹ ਕਿੰਨਾ ਵੱਡਾ ਦਾਅਵਾ ਸੀ! ਅੱਯੂਬ ਦਾ ਨਾਂ ਲੈਣ ਦੀ ਬਜਾਇ ਸ਼ਤਾਨ ਨੇ ਆਮ ਸ਼ਬਦ “ਮਨੁੱਖ” ਇਸਤੇਮਾਲ ਕਰ ਕੇ ਸਾਰੀ ਮਨੁੱਖਜਾਤੀ ਦੀ ਵਫ਼ਾਦਾਰੀ ਉੱਤੇ ਸਵਾਲ ਕੀਤਾ। ਦੂਸਰੇ ਸ਼ਬਦਾਂ ਵਿਚ, ਉਹ ਦਾਅਵਾ ਕਰ ਰਿਹਾ ਸੀ: ‘ਇਨਸਾਨ ਆਪਣੀ ਜਾਨ ਬਚਾਉਣ ਲਈ ਕੁਝ ਵੀ ਕਰੇਗਾ। ਮੈਨੂੰ ਜ਼ਰਾ ਮੌਕਾ ਤਾਂ ਦੇ, ਫਿਰ ਮੈਂ ਇਹ ਸਾਬਤ ਕਰ ਦਿਆਂਗਾ ਕਿ ਮੈਂ ਕਿਸੇ ਨੂੰ ਵੀ ਪਰਮੇਸ਼ੁਰ ਤੋਂ ਬੇਮੁਖ ਕਰ ਸਕਦਾ ਹਾਂ।’
ਪਰਮੇਸ਼ੁਰ ਅਤੇ ਸ਼ਤਾਨ ਦੀ ਇਸ ਲੜਾਈ ਵਿਚ ਕੌਣ ਜਿੱਤਦਾ ਹੈ, ਇਹ ਦੋ ਸਵਾਲਾਂ ਦੇ ਜਵਾਬ ਉੱਤੇ ਨਿਰਭਰ ਕਰਦਾ ਹੈ: ਕੀ ਇਨਸਾਨ ਪਰਮੇਸ਼ੁਰ ਤੋਂ ਸੁਤੰਤਰ ਹੋ ਕੇ ਆਪ ਕਾਮਯਾਬੀ ਨਾਲ ਰਾਜ ਕਰ ਸਕਦਾ ਹੈ? ਕੀ ਸ਼ਤਾਨ ਸਾਰੇ ਇਨਸਾਨਾਂ ਨੂੰ ਸੱਚੇ ਪਰਮੇਸ਼ੁਰ ਤੋਂ ਬੇਮੁਖ ਕਰਨ ਵਿਚ ਸਫ਼ਲ ਹੋਇਆ ਹੈ?
ਕੀ ਇਨਸਾਨ ਆਪ ਕਾਮਯਾਬੀ ਨਾਲ ਰਾਜ ਕਰ ਸਕਦੇ ਹਨ?
ਹਜ਼ਾਰਾਂ ਹੀ ਸਾਲਾਂ ਤੋਂ ਇਨਸਾਨਾਂ ਨੇ ਕਈ ਤਰੀਕਿਆਂ ਨਾਲ ਰਾਜ ਕਰ ਕੇ ਦੇਖਿਆ ਹੈ। ਇਤਿਹਾਸ ਦੌਰਾਨ ਲੋਕਾਂ ਨੇ ਲੋਕਰਾਜ, ਸਮਾਜਵਾਦ, ਫਾਸ਼ੀਵਾਦ ਅਤੇ ਸਾਮਵਾਦ ਵਰਗੀਆਂ ਵੱਖੋ-ਵੱਖਰੀਆਂ ਸਰਕਾਰਾਂ ਨੂੰ ਅਜ਼ਮਾਇਆ ਹੈ ਅਤੇ ਉਹ ਅਜੇ ਵੀ ਅਜ਼ਮਾ ਰਹੇ ਹਨ। ਕੀ ਇਹ ਅਸਥਿਰਤਾ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਰਾਜ ਕਰਨ ਦੇ ਇਹ ਸਾਰੇ ਤਰੀਕੇ ਨਾਕਾਮ ਰਹੇ ਹਨ?
ਐੱਚ. ਜੀ. ਵੈੱਲਜ਼ ਨੇ ਦੁਨੀਆਂ ਦੇ ਇਤਿਹਾਸ ਬਾਰੇ ਆਪਣੀ ਕਿਤਾਬ ਵਿਚ ਲਿਖਿਆ: “ਰੋਮੀ ਲੋਕ ਅਣਜਾਣੇ ਵਿਚ ਹੀ ਇਕ ਵਿਸ਼ਾਲ ਸਰਕਾਰੀ ਤਜਰਬੇ ਵਿਚ ਹਿੱਸਾ ਲੈ ਰਹੇ ਸਨ।” ਉਸ ਨੇ ਅੱਗੇ ਕਿਹਾ: “ਸਰਕਾਰਾਂ ਹਮੇਸ਼ਾ ਬਦਲਦੀਆਂ ਰਹਿੰਦੀਆਂ ਸਨ ਅਤੇ ਕੋਈ ਵੀ ਸਰਕਾਰ ਜ਼ਿਆਦਾ ਦੇਰ ਤਕ ਨਹੀਂ ਟਿਕਦੀ ਸੀ। ਦੂਸਰੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਉਨ੍ਹਾਂ ਦਾ ਤਜਰਬਾ ਨਾਕਾਮ ਰਿਹਾ। ਇਕ ਤਰੀਕੇ ਨਾਲ ਇਹ ਤਜਰਬਾ ਅਜੇ ਵੀ ਜਾਰੀ ਹੈ ਅਤੇ ਅੱਜ ਵੀ ਯੂਰਪ ਤੇ ਅਮਰੀਕਾ ਇਕ ਵਿਸ਼ਵ ਸਰਕਾਰ ਪੈਦਾ ਕਰਨ ਦੀ ਉਸੇ ਬੁਝਾਰਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਪਹਿਲਾਂ ਰੋਮੀ ਲੋਕ ਹੱਲ ਕਰਨ ਵਿਚ ਨਾਕਾਮ ਰਹੇ ਸਨ।”
ਵੀਹਵੀਂ ਸਦੀ ਦੌਰਾਨ ਵੀ ਇਹ ਸਰਕਾਰੀ ਤਜਰਬਾ ਜਾਰੀ ਰਿਹਾ। ਉਸ ਸਦੀ ਦੇ ਅਖ਼ੀਰ ਵਿਚ ਲੋਕਰਾਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਮ ਹੋ ਗਿਆ। ਸਿਧਾਂਤ ਅਨੁਸਾਰ, ਲੋਕਰਾਜ ਹੇਠ ਸਾਰੇ ਨਾਗਰਿਕ ਰਾਜ-ਪ੍ਰਬੰਧ ਵਿਚ ਹਿੱਸਾ ਲੈ ਸਕਦੇ ਹਨ। ਪਰ ਕੀ ਲੋਕਰਾਜ ਨੇ ਇਹ ਸਾਬਤ ਕੀਤਾ ਹੈ ਕਿ ਇਨਸਾਨ ਪਰਮੇਸ਼ੁਰ ਤੋਂ ਬਿਨਾਂ ਕਾਮਯਾਬੀ ਨਾਲ ਰਾਜ ਕਰ ਸਕਦੇ ਹਨ? ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਲੋਕਰਾਜ ਚੰਗਾ ਹੈ, ਪਰ ਅੱਗੇ ਕਿਹਾ: “ਮੈਂ ਇਸ ਲਈ ਇਸ ਨੂੰ ਚੰਗਾ ਕਹਿੰਦਾ ਹਾਂ ਕਿਉਂਕਿ ਰਾਜ ਕਰਨ ਦੇ ਦੂਸਰੇ ਤਰੀਕੇ ਇਸ ਤੋਂ ਖ਼ਰਾਬ ਹਨ।” ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਵੈਲਰੀ ਯਿਸਕਾਰ ਡਿਸਟੈਂਗ ਨੇ ਕਿਹਾ: “ਅਸੀਂ ਪਰਜਾ ਦੇ ਪ੍ਰਤਿਨਿਧਾਂ ਦੁਆਰਾ ਲੋਕਰਾਜ ਦੇ ਮਾਮਲੇ ਵਿਚ ਇਕ ਵੱਡੀ ਸਮੱਸਿਆ ਦਾ ਸਾਮ੍ਹਣਾ ਕਰ ਰਹੇ ਹਾਂ।”
ਪੰਜਵੀਂ ਸਦੀ ਸਾ.ਯੁ.ਪੂ. ਵਿਚ ਵੀ ਯੂਨਾਨੀ ਫ਼ਿਲਾਸਫ਼ਰ ਪਲੈਟੋ ਨੇ ਲੋਕਰਾਜ ਦੀ ਇਕ ਕਮਜ਼ੋਰੀ ਦੇਖੀ ਸੀ। ਸਿਆਸੀ ਸਿਧਾਂਤਾਂ
ਦੇ ਇਤਿਹਾਸ ਬਾਰੇ ਇਕ ਕਿਤਾਬ ਦੇ ਮੁਤਾਬਕ ਪਲੈਟੋ ਨੇ “ਸਿਆਸਤਦਾਨਾਂ ਦੀ ਅਗਿਆਨਤਾ ਅਤੇ ਨਾਕਾਬਲੀਅਤ” ਦੀ ਨਿੰਦਾ ਕਰਦੇ ਹੋਏ ਕਿਹਾ ਸੀ ਕਿ ਇਹ “ਲੋਕਰਾਜ ਦਾ ਸਭ ਤੋਂ ਵੱਡਾ ਸਰਾਪ ਹੈ।” ਅੱਜ ਕਈ ਸਿਆਸਤਦਾਨ ਇਸੇ ਗੱਲ ਦਾ ਅਫ਼ਸੋਸ ਕਰਦੇ ਹਨ ਕਿ ਮੰਤਰੀ-ਮੰਡਲ ਵਿਚ ਸੇਵਾ ਕਰਨ ਦੇ ਯੋਗ ਵਿਅਕਤੀ ਲੱਭਣੇ ਬਹੁਤ ਹੀ ਮੁਸ਼ਕਲ ਹੋ ਗਏ ਹਨ। ਦ ਵੌਲ ਸਟ੍ਰੀਟ ਜਰਨਲ ਵਿਚ ਲਿਖਿਆ ਗਿਆ ਸੀ ਕਿ ਲੋਕਾਂ ਨੂੰ “ਇਸ ਗੱਲ ਦੀ ਪਰੇਸ਼ਾਨੀ ਹੈ ਕਿ ਉਨ੍ਹਾਂ ਦੇ ਨੇਤਾਵਾਂ ਵਿਚ ਅੱਜ ਦੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਬਾਰੇ ਕੁਝ ਕਰਨ ਦੀ ਬਿਲਕੁਲ ਕਾਬਲੀਅਤ ਨਹੀਂ ਹੈ।” ਇਸ ਅਖ਼ਬਾਰ ਵਿਚ ਅੱਗੇ ਕਿਹਾ ਗਿਆ ਸੀ: “ਲੋਕ ਨੇਤਾਵਾਂ ਕੋਲੋਂ ਮਾਰਗ-ਦਰਸ਼ਨ ਦੀ ਆਸ ਰੱਖਦੇ ਹਨ, ਪਰ ਉਨ੍ਹਾਂ ਦੀ ਦੁਬਿਧਾ ਤੇ ਭ੍ਰਿਸ਼ਟਾਚਾਰ ਨੂੰ ਦੇਖ ਕੇ ਲੋਕ ਅੱਕ ਗਏ ਹਨ।”ਹੁਣ ਜ਼ਰਾ ਪੁਰਾਣੇ ਇਸਰਾਏਲ ਵਿਚ ਰਾਜਾ ਸੁਲੇਮਾਨ ਦੀ ਬਾਦਸ਼ਾਹਤ ਉੱਤੇ ਗੌਰ ਕਰੋ। ਯਹੋਵਾਹ ਪਰਮੇਸ਼ੁਰ ਨੇ ਸੁਲੇਮਾਨ ਨੂੰ ਬਹੁਤ ਹੀ ਬੁੱਧੀ ਦਿੱਤੀ ਸੀ। (1 ਰਾਜਿਆਂ 4:29-34) ਸੁਲੇਮਾਨ ਦੀ 40 ਸਾਲਾਂ ਦੀ ਬਾਦਸ਼ਾਹਤ ਦੌਰਾਨ ਇਸਰਾਏਲ ਕੌਮ ਵਿਚ ਕਿੱਦਾਂ ਦੇ ਹਾਲਾਤ ਸਨ? ਬਾਈਬਲ ਜਵਾਬ ਦਿੰਦੀ ਹੈ ਕਿ “ਯਹੂਦਾਹ ਅਤੇ ਇਸਰਾਏਲ ਉਸ ਰੇਤ ਦੇ ਢੇਰ ਵਾਂਙੁ ਬਹੁਤ ਸਾਰੇ ਸਨ ਜਿਹੜੀ ਸਮੁੰਦਰ ਦੇ ਕੰਢੇ ਉੱਤੇ ਹੈ ਅਤੇ ਓਹ ਖਾਂਦੇ ਪੀਂਦੇ ਅਤੇ ਅਨੰਦ ਕਰਦੇ ਸਨ।” ਇਹੋ ਬਿਰਤਾਂਤ ਅੱਗੇ ਦੱਸਦਾ ਹੈ: “ਯਹੂਦਾਹ ਅਰ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਆਪਣੀ ਹੰਜੀਰ ਦੇ ਹੇਠ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਸੁਲੇਮਾਨ ਦੇ ਸਭ ਦਿਨਾਂ ਵਿੱਚ ਅਮਨ ਨਾਲ ਬੈਠਦਾ ਸੀ।” (1 ਰਾਜਿਆਂ 4:20, 25) ਯਹੋਵਾਹ ਪਰਮੇਸ਼ੁਰ ਇਸ ਕੌਮ ਦਾ ਅਦਿੱਖ ਮਹਾਨ ਰਾਜਾ ਸੀ। ਬੁੱਧੀਮਾਨ ਰਾਜਾ ਸੁਲੇਮਾਨ ਉਸ ਦੀ ਥਾਂ ਤੇ ਇਸਰਾਏਲ ਉੱਤੇ ਰਾਜ ਕਰਦਾ ਸੀ ਅਤੇ ਉਸ ਦੀ ਹਕੂਮਤ ਅਧੀਨ ਕੌਮ ਨੇ ਅਮਨ-ਚੈਨ ਤੇ ਖ਼ੁਸ਼ਹਾਲੀ ਦਾ ਆਨੰਦ ਮਾਣਿਆ।
ਇਨਸਾਨ ਦੇ ਰਾਜ ਅਤੇ ਪਰਮੇਸ਼ੁਰ ਦੇ ਰਾਜ ਵਿਚ ਕਿੰਨਾ ਵੱਡਾ ਫ਼ਰਕ ਹੈ! ਕੀ ਕੋਈ ਵੀ ਸੱਚੇ ਦਿਲੋਂ ਕਹਿ ਸਕਦਾ ਹੈ ਕਿ ਰਾਜ ਦੇ ਵਿਵਾਦ ਵਿਚ ਸ਼ਤਾਨ ਦੀ ਜਿੱਤ ਹੋਈ ਹੈ? ਨਹੀਂ, ਕਿਉਂਕਿ ਯਿਰਮਿਯਾਹ ਨਬੀ ਨੇ ਬਿਲਕੁਲ ਸਹੀ ਕਿਹਾ ਸੀ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”—ਯਿਰਮਿਯਾਹ 10:23.
ਕੀ ਸ਼ਤਾਨ ਸਾਰਿਆਂ ਨੂੰ ਪਰਮੇਸ਼ੁਰ ਤੋਂ ਬੇਮੁਖ ਕਰ ਸਕਦਾ ਹੈ?
ਕੀ ਸ਼ਤਾਨ ਆਪਣੇ ਇਸ ਦਾਅਵੇ ਨੂੰ ਸੱਚ ਸਾਬਤ ਕਰ ਸਕਿਆ ਹੈ ਕਿ ਉਹ ਸਾਰਿਆਂ ਨੂੰ ਪਰਮੇਸ਼ੁਰ ਤੋਂ ਬੇਮੁਖ ਕਰ ਸਕਦਾ ਹੈ? ਬਾਈਬਲ ਵਿਚ ਇਬਰਾਨੀਆਂ ਦੀ ਪੋਥੀ ਦੇ 11ਵੇਂ ਅਧਿਆਇ ਵਿਚ ਪੌਲੁਸ ਰਸੂਲ ਨੇ ਮਸੀਹ ਦੇ ਸਮੇਂ ਤੋਂ ਪਹਿਲਾਂ ਰਹਿਣ ਵਾਲੇ ਕਈ ਵਫ਼ਾਦਾਰ ਆਦਮੀਆਂ ਤੇ ਔਰਤਾਂ ਦੇ ਨਾਂ ਦੱਸੇ ਹਨ। ਫਿਰ ਉਸ ਨੇ ਕਿਹਾ: “ਹੁਣ ਮੈਂ ਹੋਰ ਕੀ ਆਖਾਂ? ਕਿਉਂ ਜੋ ਵਿਹਲ ਨਹੀਂ ਭਈ ਗਿਦਾਊਨ, ਬਾਰਕ, ਸਮਸੂਨ, ਯਿਫਤਾ, ਦਾਊਦ, ਸਮੂਏਲ ਅਤੇ ਨਬੀਆਂ ਦੀ ਵਾਰਤਾ ਕਰਾਂ।” (ਇਬਰਾਨੀਆਂ 11:32) ਪੌਲੁਸ ਨੇ ਪਰਮੇਸ਼ੁਰ ਦੇ ਇਨ੍ਹਾਂ ਵਫ਼ਾਦਾਰ ਸੇਵਕਾਂ ਨੂੰ ‘ਗਵਾਹਾਂ ਦਾ ਐਨਾ ਵੱਡਾ ਬੱਦਲ’ ਸੱਦਿਆ ਸੀ। (ਇਬਰਾਨੀਆਂ 12:1) ਇਸ ਆਇਤ ਵਿਚ “ਬੱਦਲ” ਲਈ ਵਰਤੇ ਗਏ ਯੂਨਾਨੀ ਸ਼ਬਦ ਦਾ ਅਰਥ ਕਿਸੇ ਖ਼ਾਸ ਆਕਾਰ ਤੇ ਸਾਈਜ਼ ਦਾ ਇਕ ਬੱਦਲ ਨਹੀਂ, ਸਗੋਂ ਇਹ ਸ਼ਬਦ ਘਣੇ ਬੱਦਲਾਂ ਨੂੰ ਦਰਸਾਉਂਦਾ ਹੈ ਜਿਸ ਦਾ ਕੋਈ ਆਕਾਰ ਨਹੀਂ ਹੈ। ਇਹ ਸ਼ਬਦ ਵਰਤਣਾ ਉਚਿਤ ਹੈ ਕਿਉਂਕਿ ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਦੇ ਇੰਨੇ ਸਾਰੇ ਵਫ਼ਾਦਾਰ ਸੇਵਕ ਸਨ ਕਿ ਉਹ ਘਣੇ ਬੱਦਲਾਂ ਵਾਂਗ ਸਨ। ਜੀ ਹਾਂ, ਸਦੀਆਂ ਤੋਂ ਅਣਗਿਣਤ ਲੋਕਾਂ ਨੇ ਆਪਣੀ ਮਰਜ਼ੀ ਨਾਲ ਯਹੋਵਾਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਦਾ ਫ਼ੈਸਲਾ ਕੀਤਾ ਹੈ।—ਯਹੋਸ਼ੁਆ 24:15.
ਅੱਜ ਆਪਣੇ ਦਿਨਾਂ ਵਿਚ ਅਸੀਂ ਕੀ ਦੇਖਦੇ ਹਾਂ? ਭਾਵੇਂ ਯਹੋਵਾਹ ਦੇ ਗਵਾਹਾਂ ਨੇ 20ਵੀਂ ਸਦੀ ਵਿਚ ਭਿਆਨਕ ਅਤਿਆਚਾਰ ਤੇ ਵਿਰੋਧਤਾ ਦਾ ਸਾਮ੍ਹਣਾ ਕੀਤਾ ਸੀ, ਪਰ ਫਿਰ ਵੀ ਦੁਨੀਆਂ ਭਰ ਵਿਚ ਉਨ੍ਹਾਂ ਦੀ ਗਿਣਤੀ ਵੱਧ ਕੇ 60 ਲੱਖ ਤੋਂ ਜ਼ਿਆਦਾ ਹੋ ਗਈ ਹੈ। ਲਗਭਗ 90 ਲੱਖ ਹੋਰ ਲੋਕ ਉਨ੍ਹਾਂ ਦੀਆਂ ਸਭਾਵਾਂ ਵਿਚ ਆਉਂਦੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਪਰਮੇਸ਼ੁਰ ਨੂੰ ਨਜ਼ਦੀਕੀ ਤੌਰ ਤੇ ਜਾਣਨ ਲਈ ਕਦਮ ਚੁੱਕ ਰਹੇ ਹਨ।
ਪਰਮੇਸ਼ੁਰ ਦੇ ਆਪਣੇ ਪੁੱਤਰ ਯਿਸੂ ਮਸੀਹ ਨੇ ਸ਼ਤਾਨ ਦੇ ਇਸ ਦਾਅਵੇ ਦਾ ਮੂੰਹ-ਤੋੜ ਜਵਾਬ ਦਿੱਤਾ ਸੀ ਕਿ ਉਹ ਸਾਰੇ ਇਨਸਾਨਾਂ ਨੂੰ ਯਹੋਵਾਹ ਤੋਂ ਬੇਮੁਖ ਕਰ ਸਕਦਾ ਹੈ। ਸੂਲੀ ਉੱਤੇ ਅਤਿਅੰਤ ਪੀੜ ਸਹਿ ਕੇ ਵੀ ਉਸ ਨੇ ਆਪਣੀ ਵਫ਼ਾਦਾਰੀ ਨਹੀਂ ਤੋੜੀ ਸੀ। ਆਪਣੇ ਆਖ਼ਰੀ ਸਾਹ ਨਾਲ ਉਸ ਨੇ ਪੁਕਾਰਿਆ ਸੀ: “ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ।”—ਲੂਕਾ 23:46.
ਇਨਸਾਨਾਂ ਨੂੰ ਆਪਣੇ ਵਸ ਵਿਚ ਰੱਖਣ ਲਈ ਸ਼ਤਾਨ ਕੋਈ ਵੀ ਤਰੀਕਾ ਇਸਤੇਮਾਲ ਕਰਨ ਤੋਂ ਨਹੀਂ ਝਿਜਕਦਾ। ਉਹ ਉਨ੍ਹਾਂ ਨੂੰ ਲਾਲਚ ਦੇਣ ਤੋਂ ਲੈ ਕੇ ਤਸੀਹੇ ਦੇਣ ਤਕ ਹਰ ਤਰੀਕਾ ਇਸਤੇਮਾਲ ਕਰਦਾ ਹੈ। ਉਹ ਲੋਕਾਂ ਨੂੰ ਲੁਭਾਉਣ ਲਈ “ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦੇ ਅਭਮਾਨ” ਦੁਆਰਾ ਉਨ੍ਹਾਂ ਨੂੰ ਯਹੋਵਾਹ ਤੋਂ ਦੂਰ ਰੱਖਣ ਜਾਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। (1 ਯੂਹੰਨਾ 2:16) ਇਸ ਤੋਂ ਇਲਾਵਾ, ਸ਼ਤਾਨ ਨੇ ‘ਬੇਪਰਤੀਤਿਆਂ ਦੀਆਂ ਬੁੱਧਾਂ ਅੰਨ੍ਹੀਆਂ ਕਰ ਦਿੱਤੀਆਂ ਮਤੇ ਮਸੀਹ ਦੇ ਤੇਜ ਦੀ ਖੁਸ਼ ਖਬਰੀ ਦਾ ਚਾਨਣ ਉਨ੍ਹਾਂ ਉੱਤੇ ਪਰਕਾਸ਼ ਹੋਵੇ।’ (2 ਕੁਰਿੰਥੀਆਂ 4:4) ਆਪਣਾ ਮਕਸਦ ਪੂਰਾ ਕਰਨ ਲਈ ਸ਼ਤਾਨ ਸਾਨੂੰ ਮਨੁੱਖਾਂ ਦੁਆਰਾ ਡਰਾ-ਧਮਕਾ ਕੇ ਆਪਣੇ ਵਸ ਵਿਚ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ।—ਰਸੂਲਾਂ ਦੇ ਕਰਤੱਬ 5:40.
ਲੇਕਿਨ ਪਰਮੇਸ਼ੁਰ ਦਾ ਪੱਖ ਲੈਣ ਵਾਲੇ ਲੋਕ ਸ਼ਤਾਨ ਦੇ ਕਾਬੂ ਵਿਚ ਨਹੀਂ ਆਉਂਦੇ ਹਨ। ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਨੂੰ ਜਾਣਿਆ ਹੈ ਅਤੇ ਉਹ ‘ਉਸ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰਦੇ ਹਨ।’ (ਮੱਤੀ 22:37) ਜੀ ਹਾਂ, ਯਿਸੂ ਮਸੀਹ ਅਤੇ ਅਣਗਿਣਤ ਦੂਸਰੇ ਇਨਸਾਨਾਂ ਦੀ ਪੱਕੀ ਵਫ਼ਾਦਾਰੀ ਦੇ ਕਾਰਨ ਸ਼ਤਾਨ ਨੂੰ ਮੂੰਹ ਦੀ ਖਾਣੀ ਪਈ ਹੈ।
ਭਵਿੱਖ ਵਿਚ ਕੀ ਹੋਵੇਗਾ?
ਕੀ ਇਨਸਾਨ ਹਮੇਸ਼ਾ ਲਈ ਵੱਖੋ-ਵੱਖਰੀਆਂ ਸਰਕਾਰਾਂ ਨੂੰ ਅਜ਼ਮਾਉਂਦੇ ਰਹਿਣਗੇ? ਦਾਨੀਏਲ ਨਬੀ ਨੇ ਭਵਿੱਖਬਾਣੀ ਕੀਤੀ ਸੀ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਦਾਨੀਏਲ 2:44) ਸਵਰਗ ਦੇ ਪਰਮੇਸ਼ੁਰ ਦੁਆਰਾ ਸਥਾਪਿਤ ਕੀਤਾ ਗਿਆ ਰਾਜ ਇਕ ਸਵਰਗੀ ਸਰਕਾਰ ਹੈ ਜਿਸ ਦਾ ਰਾਜਾ ਯਿਸੂ ਮਸੀਹ ਹੈ। ਇਹ ਉਹੋ ਰਾਜ ਹੈ ਜਿਸ ਬਾਰੇ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ। (ਮੱਤੀ 6:9, 10) ਇਹ ਰਾਜ “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ [ਆਉਣ ਵਾਲੇ] ਜੁੱਧ” ਵਿਚ ਸਾਰੀਆਂ ਮਨੁੱਖੀ ਸਰਕਾਰਾਂ ਨੂੰ ਨਾਸ਼ ਕਰ ਦੇਵੇਗਾ ਅਤੇ ਇਸ ਦਾ ਅਸਰ ਪੂਰੀ ਧਰਤੀ ਉੱਤੇ ਪਵੇਗਾ।—ਪਰਕਾਸ਼ ਦੀ ਪੋਥੀ 16:14, 16.
ਸ਼ਤਾਨ ਦਾ ਕੀ ਹੋਵੇਗਾ? ਬਾਈਬਲ ਇਸ ਬਾਰੇ ਦੱਸਦੀ ਹੈ: “[ਯਹੋਵਾਹ ਦੇ ਇਕ ਦੂਤ] ਨੇ ਅਜਗਰ ਨੂੰ ਅਰਥਾਤ ਓਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ਤਾਨ ਹੈ ਫੜਿਆ ਅਤੇ ਹਜ਼ਾਰ ਵਰ੍ਹੇ ਤੀਕ ਉਹ ਨੂੰ ਜਕੜ ਰੱਖਿਆ। ਅਤੇ ਉਹ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ ਅਤੇ ਇਹ ਨੂੰ ਮੁੰਦ ਕੇ ਉਹ ਦੇ ਉੱਤੇ ਮੋਹਰ ਲਾਈ ਭਈ ਉਹ ਕੌਮਾਂ ਨੂੰ ਫੇਰ ਨਾ ਭਰਮਾਵੇ ਜਿੰਨਾ ਚਿਰ ਹਜ਼ਾਰ ਵਰ੍ਹਾ ਪੂਰਾ ਨਾ ਹੋ ਲਵੇ।” (ਪਰਕਾਸ਼ ਦੀ ਪੋਥੀ 20:1-3) ਸ਼ਤਾਨ ਨੂੰ ਅਥਾਹ ਕੁੰਡ ਵਿਚ ਬੰਦ ਕਰਨ ਮਗਰੋਂ ਹੀ ਯਿਸੂ ਮਸੀਹ ਦਾ ਹਜ਼ਾਰ ਵਰ੍ਹਿਆਂ ਦਾ ਰਾਜ ਸ਼ੁਰੂ ਹੋਵੇਗਾ।
ਉਦੋਂ ਇਹ ਧਰਤੀ ਕਿੰਨੀ ਹੀ ਸੋਹਣੀ ਜਗ੍ਹਾ ਹੋਵੇਗੀ! ਨਾ ਦੁਸ਼ਟ ਲੋਕ ਹੋਣਗੇ ਅਤੇ ਨਾ ਦੁਸ਼ਟਤਾ ਹੋਵੇਗੀ। ਬਾਈਬਲ ਵਾਅਦਾ ਕਰਦੀ ਹੈ: “ਕੁਕਰਮੀ ਤਾਂ ਛੇਕੇ ਜਾਣਗੇ, . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰ 37:9-11) ਕੋਈ ਵੀ ਇਨਸਾਨ ਜਾਂ ਜਾਨਵਰ ਉਨ੍ਹਾਂ ਦੀ ਸ਼ਾਂਤੀ ਨੂੰ ਭੰਗ ਨਹੀਂ ਕਰੇਗਾ। (ਯਸਾਯਾਹ 11:6-9) ਉਨ੍ਹਾਂ ਕਰੋੜਾਂ ਲੋਕਾਂ ਨੂੰ ਵੀ ਮੌਕਾ ਮਿਲੇਗਾ ਜਿਨ੍ਹਾਂ ਨੇ ਪੂਰੇ ਇਤਿਹਾਸ ਦੌਰਾਨ ਅਣਜਾਣੇ ਵਿਚ ਸ਼ਤਾਨ ਦਾ ਸਾਥ ਦਿੱਤਾ ਸੀ ਜਾਂ ਜਿਨ੍ਹਾਂ ਨੂੰ ਯਹੋਵਾਹ ਨੂੰ ਜਾਣਨ ਦਾ ਮੌਕਾ ਨਹੀਂ ਮਿਲਿਆ। ਉਹ ਮੁੜ ਜ਼ਿੰਦਾ ਕੀਤੇ ਜਾਣਗੇ ਅਤੇ ਪਰਮੇਸ਼ੁਰ ਦੀ ਸਿੱਖਿਆ ਲੈ ਸਕਣਗੇ।—ਰਸੂਲਾਂ ਦੇ ਕਰਤੱਬ 24:15.
ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਤਕ ਧਰਤੀ ਮੁੜ ਇਕ ਫਿਰਦੌਸ ਬਣ ਚੁੱਕੀ ਹੋਵੇਗੀ ਅਤੇ ਸਾਰੇ ਇਨਸਾਨ ਮੁਕੰਮਲ ਹੋਣਗੇ। ਉਦੋਂ ਸ਼ਤਾਨ “ਥੋੜੇ ਚਿਰ” ਲਈ ਛੱਡਿਆ ਜਾਵੇਗਾ ਜਿਸ ਮਗਰੋਂ ਉਸ ਨੂੰ ਉਨ੍ਹਾਂ ਸਾਰੇ ਲੋਕਾਂ ਸਮੇਤ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ ਜੋ ਪਰਮੇਸ਼ੁਰ ਦੇ ਰਾਜ ਦਾ ਵਿਰੋਧ ਕਰਦੇ ਹਨ।—ਪਰਕਾਸ਼ ਦੀ ਪੋਥੀ 20:3, 7-10.
ਤੁਸੀਂ ਕਿਸ ਦਾ ਪੱਖ ਲਓਗੇ?
ਵੀਹਵੀਂ ਸਦੀ ਦੌਰਾਨ ਸ਼ਤਾਨ ਨੇ ਇਸ ਧਰਤੀ ਉੱਤੇ ਵੱਡੀ ਤਬਾਹੀ ਮਚਾਈ। ਪਰ ਇਹ ਸ਼ਤਾਨ ਦੀ ਜਿੱਤ ਦਾ ਸਬੂਤ ਨਹੀਂ ਹੈ, ਸਗੋਂ ਧਰਤੀ ਦੇ ਹਾਲਾਤ ਇਸ ਗੱਲ ਦਾ ਚਿੰਨ੍ਹ ਹਨ ਕਿ ਅਸੀਂ ਇਸ ਦੁਸ਼ਟ ਸੰਸਾਰ ਦੇ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ। (ਮੱਤੀ 24:3-14; ਪਰਕਾਸ਼ ਦੀ ਪੋਥੀ 6:1-8) ਪਰ ਅਸੀਂ ਕਿਸ ਤਰ੍ਹਾਂ ਪਤਾ ਲਗਾ ਸਕਦੇ ਹਾਂ ਕਿ ਜਿੱਤ ਕਿਸ ਦੀ ਹੋਈ ਹੈ? ਧਰਤੀ ਉੱਤੇ ਵਧਦੀ ਬੁਰਾਈ ਜਾਂ ਲੋਕਾਂ ਦੇ ਪ੍ਰਚਲਿਤ ਵਿਚਾਰ ਤੋਂ ਇਸ ਬਾਰੇ ਪਤਾ ਨਹੀਂ ਲੱਗਦਾ। ਜਿੱਤ ਬਾਰੇ ਪਤਾ ਲਗਾਉਣ ਲਈ ਸਾਨੂੰ ਇਹ ਦੇਖਣਾ ਪਵੇਗਾ ਕਿ ਕਿਸ ਦਾ ਰਾਜ ਕਰਨ ਦਾ ਤਰੀਕਾ ਸਭ ਤੋਂ ਚੰਗਾ ਹੈ ਅਤੇ ਕੀ ਕਿਸੇ ਇਨਸਾਨ ਨੇ ਪਰਮੇਸ਼ੁਰ ਦੀ ਸੱਚੇ ਪਿਆਰ ਨਾਲ ਸੇਵਾ ਕੀਤੀ ਹੈ। ਇਨ੍ਹਾਂ ਦੋਨਾਂ ਗੱਲਾਂ ਵਿਚ ਜਿੱਤ ਯਹੋਵਾਹ ਦੀ ਹੋਈ ਹੈ।
ਪਰ ਜੇ ਇਹ ਸਾਬਤ ਹੋ ਚੁੱਕਾ ਹੈ ਕਿ ਸ਼ਤਾਨ ਦੇ ਦਾਅਵੇ ਝੂਠੇ ਹਨ, ਤਾਂ ਫਿਰ ਪਰਮੇਸ਼ੁਰ ਨੇ ਦੁਸ਼ਟਤਾ ਨੂੰ ਜਾਰੀ ਕਿਉਂ ਰਹਿਣ ਦਿੱਤਾ ਹੈ? ਯਹੋਵਾਹ ਧੀਰਜ ਰੱਖਦਾ ਹੈ “ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਪਰਮੇਸ਼ੁਰ ਦੀ ਇਹ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਤੁਹਾਡੇ ਕੋਲ ਅਜੇ ਵੀ ਬਾਈਬਲ ਦਾ ਅਧਿਐਨ ਕਰਨ ਅਤੇ ‘ਸੱਚੇ ਵਾਹਿਦ ਪਰਮੇਸ਼ੁਰ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਉਸ ਨੇ ਘੱਲਿਆ ਜਾਣਨ’ ਲਈ ਮੌਕਾ ਹੈ। (ਯੂਹੰਨਾ 17:3) ਸਾਡੀ ਉਮੀਦ ਹੈ ਕਿ ਤੁਸੀਂ ਇਸ ਮੌਕੇ ਦਾ ਫ਼ਾਇਦਾ ਉਠਾਓਗੇ। ਯਹੋਵਾਹ ਦੇ ਗਵਾਹ ਇਹ ਗਿਆਨ ਹਾਸਲ ਕਰਨ ਵਿਚ ਤੁਹਾਡੀ ਮਦਦ ਕਰਨ ਲਈ ਤਿਆਰ ਹਨ ਤਾਂਕਿ ਤੁਸੀਂ ਵੀ ਉਨ੍ਹਾਂ ਲੱਖਾਂ ਲੋਕਾਂ ਵਿਚ ਹੋ ਸਕੋ ਜਿਨ੍ਹਾਂ ਨੇ ਬੁਰਾਈ ਦਾ ਨਹੀਂ ਪਰ ਚੰਗਾਈ ਦਾ ਪੱਖ ਲਿਆ ਹੈ।
[ਸਫ਼ੇ 5 ਉੱਤੇ ਤਸਵੀਰ]
ਵਫ਼ਾਦਾਰ ਰਹਿ ਕੇ ਯਹੋਵਾਹ ਦੇ ਗਵਾਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਸ਼ਤਾਨ ਹਾਰ ਚੁੱਕਾ ਹੈ
[ਸਫ਼ੇ 7 ਉੱਤੇ ਤਸਵੀਰ]
ਯਹੋਵਾਹ ਦੇ ਬਹੁਤ ਸਾਰੇ ਵਫ਼ਾਦਾਰ ਸੇਵਕ ਹਨ