ਆਪਣੀ ਨੌਕਰੀ ਰੱਖਣੀ ਅਤੇ ਨੌਕਰੀ ਤੇ ਖ਼ੁਸ਼ ਹੋਣਾ—ਇਹ ਇੰਨਾ ਔਖਾ ਕਿਉਂ ਹੈ?
ਆਪਣੀ ਨੌਕਰੀ ਰੱਖਣੀ ਅਤੇ ਨੌਕਰੀ ਤੇ ਖ਼ੁਸ਼ ਹੋਣਾ—ਇਹ ਇੰਨਾ ਔਖਾ ਕਿਉਂ ਹੈ?
ਸੰਯੁਕਤ ਰਾਸ਼ਟਰ-ਸੰਘ ਨੇ ਮਨੁੱਖੀ ਅਧਿਕਾਰਾਂ ਬਾਰੇ ਇਹ ਐਲਾਨ ਕੀਤਾ ਕਿ ਸਾਰੇ ਇਨਸਾਨਾਂ ਦਾ “ਨੌਕਰੀ ਕਰਨ ਦਾ ਹੱਕ” ਬਣਦਾ ਹੈ। ਪਰ ਸਾਰਿਆਂ ਲਈ ਇਹ ਹੱਕ ਪੂਰਾ ਨਹੀਂ ਹੁੰਦਾ। ਨੌਕਰੀ ਪੱਕੀ ਹੋਣ ਲਈ ਬਹੁਤ ਸਾਰੀਆਂ ਗੱਲਾਂ ਜ਼ਰੂਰੀ ਹਨ। ਇਕ ਗੱਲ ਇਹ ਹੈ ਕਿ ਤੁਹਾਡੇ ਇਲਾਕੇ ਵਿਚ ਅਤੇ ਦੁਨੀਆਂ ਵਿਚ ਕੰਮ-ਧੰਦਾ ਚੰਗੀ ਤਰ੍ਹਾਂ ਚੱਲ ਰਿਹਾ ਹੈ ਕਿ ਨਹੀਂ। ਫਿਰ ਵੀ, ਜਦੋਂ ਲੋਕਾਂ ਦੀਆਂ ਨੌਕਰੀਆਂ ਛੁੱਟ ਜਾਂਦੀਆਂ ਹਨ ਜਾਂ ਛੁੱਟਣ ਦਾ ਡਰ ਹੁੰਦਾ ਹੈ, ਤਾਂ ਕਈ ਵਾਰ ਜਲੂਸ ਕੱਢੇ ਜਾਂਦੇ ਹਨ, ਦੰਗੇ-ਫ਼ਸਾਦ ਅਤੇ ਹੜਤਾਲਾਂ ਹੁੰਦੀਆਂ ਹਨ। ਇਹ ਗੱਲਾਂ ਲਗਭਗ ਹਰ ਮੁਲਕ ਵਿਚ ਹੁੰਦੀਆਂ ਹਨ। ਇਕ ਲੇਖਕ ਨੇ ਕਿਹਾ ਕਿ “ਹਮੇਸ਼ਾ ਵਾਂਗ ਅੱਜ ਵੀ ਜਦੋਂ ਕੰਮ ਦਾ ਜ਼ਿਕਰ ਕੀਤਾ ਜਾਂਦਾ ਹੈ, ਤਾਂ ਲੋਕਾਂ ਦੇ ਜਜ਼ਬਾਤ ਭੜਕ ਉੱਠਦੇ ਹਨ।”
ਨੌਕਰੀ ਕਰਨੀ ਸਾਡੇ ਲਈ ਕਈਆਂ ਕਾਰਨਾਂ ਕਰਕੇ ਜ਼ਰੂਰੀ ਹੈ। ਕੰਮ ਕਰਨ ਨਾਲ ਅਸੀਂ ਪੈਸਾ ਕਮਾ ਸਕਦੇ ਹਾਂ। ਪਰ ਇਸ ਤੋਂ ਇਲਾਵਾ ਇਹ ਸਾਡੀ ਮਾਨਸਿਕ ਤੇ ਭਾਵਾਤਮਕ ਸਿਹਤ ਲਈ ਵੀ ਜ਼ਰੂਰੀ ਹੈ। ਕੰਮ ਕਰ ਕੇ ਅਸੀਂ ਸਮਾਜ ਦੇ ਫ਼ਾਇਦੇ ਲਈ ਕੁਝ ਕਰ ਸਕਦੇ ਹਾਂ ਤੇ ਸਾਡੀ ਜ਼ਿੰਦਗੀ ਸਾਨੂੰ ਬੇਮਤਲਬ ਨਹੀਂ ਲੱਗਦੀ। ਕੰਮ ਕਰਨ ਨਾਲ ਅਸੀਂ ਆਪਣੇ ਆਪ ਵਿਚ ਯਕੀਨ ਕਰਨਾ ਸਿੱਖਦੇ ਹਾਂ। ਇਨ੍ਹਾਂ ਗੱਲਾਂ ਕਰਕੇ ਭਾਵੇਂ ਲੋਕਾਂ ਕੋਲ ਬਹੁਤ ਪੈਸਾ ਵੀ ਹੁੰਦਾ ਹੈ ਜਾਂ ਉਹ ਰਿਟਾਇਰ ਹੋ ਸਕਦੇ ਹਨ, ਫਿਰ ਵੀ ਉਹ ਕੰਮ ਕਰਨਾ ਚਾਹੁੰਦੇ ਹਨ। ਜੀ ਹਾਂ, ਕੰਮ ਕਰਨਾ ਇੰਨਾ ਜ਼ਰੂਰੀ ਹੈ ਕਿ ਜੇ ਕੰਮ ਨਾ ਹੋਵੇ, ਤਾਂ ਸਮਾਜ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।
ਦੂਜੇ ਪਾਸੇ, ਅਜਿਹੇ ਵੀ ਲੋਕ ਹਨ ਜਿਨ੍ਹਾਂ ਕੋਲ ਨੌਕਰੀ ਤਾਂ ਹੈ ਪਰ ਕੰਮ ਤੇ ਇੰਨੇ ਦਬਾਅ ਅਧੀਨ ਆਉਣ ਕਰਕੇ ਉਹ ਖ਼ੁਸ਼ ਨਹੀਂ ਹਨ। ਮਿਸਾਲ ਲਈ, ਅੱਜ ਦੇ ਬਿਜ਼ਨਿਸਾਂ ਵਿਚਕਾਰ ਬਹੁਤ ਮੁਕਾਬਲਾ ਹੁੰਦਾ ਹੈ ਅਤੇ ਬਹੁਤ ਸਾਰੀਆਂ ਕੰਪਨੀਆਂ ਖ਼ਰਚਾ ਬਚਾਉਣ ਲਈ ਆਪਣੇ ਕਾਮਿਆਂ ਦੀ ਗਿਣਤੀ ਘਟਾ ਦਿੰਦੀਆਂ ਹਨ। ਨਤੀਜੇ ਵਜੋਂ ਬਾਕੀ ਲੋਕਾਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਜਿਸ ਕਰਕੇ ਉਨ੍ਹਾਂ ਉੱਤੇ ਜ਼ਿਆਦਾ ਬੋਝ ਪੈਂਦਾ ਹੈ।
ਅੱਜ-ਕੱਲ੍ਹ ਦੀ ਤਕਨਾਲੋਜੀ ਨੂੰ ਕੰਮ ਅਤੇ ਜ਼ਿੰਦਗੀ ਨੂੰ ਸੌਖਾ ਬਣਾਉਣਾ ਚਾਹੀਦਾ ਹੈ। ਪਰ ਕਈ ਵਾਰ ਇਸ ਨਾਲ ਕੰਮ ਤੇ ਹੋਰ ਵੀ ਤਣਾਅ ਪੈਦਾ ਹੁੰਦਾ ਹੈ। ਮਿਸਾਲ ਲਈ ਕੰਪਿਊਟਰ, ਫ਼ੈਕਸ ਮਸ਼ੀਨਾਂ ਅਤੇ ਇੰਟਰਨੈੱਟ ਕਰਕੇ ਲੋਕ ਆਪਣਾ ਕੰਮ ਘਰ ਵੀ ਲੈ ਜਾ ਸਕਦੇ ਹਨ ਜਿਸ ਕਰਕੇ ਘਰ ਅਤੇ ਦਫ਼ਤਰ ਵਿਚ ਕੋਈ ਫ਼ਰਕ ਨਹੀਂ ਰਹਿੰਦਾ। ਇਕ ਆਦਮੀ ਨੇ ਕਿਹਾ ਕਿ ਪੇਜਰ ਅਤੇ ਮੋਬਾਇਲ ਫ਼ੋਨ ਕਰਕੇ ਉਸ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਉਸ ਦਾ ਮਾਲਕ ਉਸ ਦੀ ਜ਼ਿੰਦਗੀ ਕੰਟ੍ਰੋਲ ਕਰ ਰਿਹਾ ਸੀ।
ਬਿਜ਼ਨਿਸ ਅਤੇ ਕੰਮ ਕਰਨ ਦੇ ਤਰੀਕੇ ਬਦਲਣ ਕਰਕੇ ਵੱਡੀ ਉਮਰ ਦੇ ਕਈਆਂ ਲੋਕਾਂ ਨੂੰ ਇਹ ਡਰ ਹੈ ਕਿ ਉਨ੍ਹਾਂ ਨੂੰ
ਸਮੇਂ ਤੋਂ ਪਹਿਲਾਂ ਹੀ ਪੁਰਾਣੇ ਸਮਝਿਆ ਜਾਂਦਾ ਹੈ। ਇਸ ਸੰਬੰਧ ਵਿਚ ਮਨੁੱਖੀ ਅਧਿਕਾਰਾਂ ਦੇ ਇਕ ਸੰਗਠਨ ਦੇ ਸਾਬਕਾ ਕਮਿਸ਼ਨਰ ਨੇ ਕਿਹਾ: “ਅਜਿਹਾ ਮਾਹੌਲ ਪੈਦਾ ਹੋ ਰਿਹਾ ਹੈ ਕਿ ਜੇ ਤੁਸੀਂ 40 ਸਾਲਾਂ ਦੇ ਹੋ ਚੁੱਕੇ ਹੋ, ਤਾਂ ਲੋਕ ਸਮਝਦੇ ਹਨ ਕਿ ਤੁਸੀਂ ਕੰਪਿਊਟਰ ਅਤੇ ਨਵੀਂ ਤਕਨਾਲੋਜੀ ਨਹੀਂ ਵਰਤ ਸਕੋਗੇ।” ਇਸ ਲਈ, ਜਿਨ੍ਹਾਂ ਲੋਕਾਂ ਨੂੰ ਪਹਿਲਾਂ ਮਿਹਨਤੀ ਤੇ ਤਜਰਬੇਕਾਰ ਸਮਝਿਆ ਜਾਂਦਾ ਸੀ ਉਹੀ ਹੁਣ ਬੁੱਢੇ ਤੇ ਬੇਕਾਰ ਸਮਝੇ ਜਾ ਰਹੇ ਹਨ। ਇਹ ਕਿੰਨੀ ਅਫ਼ਸੋਸ ਦੀ ਗੱਲ ਹੈ!ਇਸ ਵਿਚ ਕੋਈ ਹੈਰਾਨੀ ਨਹੀਂ ਕਿ ਪਿੱਛਲੇ ਕੁਝ ਸਾਲਾਂ ਤੋਂ ਲੋਕ ਮਿਹਨਤੀ ਹੋਣਾ ਅਤੇ ਕੰਪਨੀ ਪ੍ਰਤੀ ਵਫ਼ਾਦਾਰ ਰਹਿਣਾ ਜ਼ਰੂਰੀ ਨਹੀਂ ਸਮਝਦੇ। ਇਕ ਫਰਾਂਸੀਸੀ ਰਸਾਲੇ ਨੇ ਕਿਹਾ: “ਜਦੋਂ ਕੰਪਨੀਆਂ ਆਪਣੇ ਬਿਜ਼ਨਿਸ ਦਾ ਥੋੜ੍ਹਾ ਜਿਹਾ ਘਾਟਾ ਦੇਖ ਕੇ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੰਦੀਆਂ ਹਨ, ਤਾਂ ਲੋਕ ਵੀ ਕੰਪਨੀ ਪ੍ਰਤੀ ਵਫ਼ਾਦਾਰ ਨਹੀਂ ਰਹਿੰਦੇ। . . . ਤੁਹਾਨੂੰ ਕੰਮ ਤਾਂ ਕਰਨਾ ਪੈਂਦਾ ਹੈ ਪਰ ਤੁਸੀਂ ਕੰਪਨੀ ਲਈ ਨਹੀਂ, ਸਗੋਂ ਆਪਣੇ ਲਈ ਕੰਮ ਕਰਦੇ ਹੋ।”
ਇਨ੍ਹਾਂ ਵੱਧ ਰਹੀਆਂ ਮੁਸ਼ਕਲਾਂ ਦੇ ਬਾਵਜੂਦ ਇਨਸਾਨਾਂ ਲਈ ਕੰਮ ਕਰਨਾ ਜ਼ਰੂਰੀ ਹੈ। ਤਾਂ ਫਿਰ, ਇਸ ਬਦਲਦੀ ਦੁਨੀਆਂ ਵਿਚ ਅਸੀਂ ਨੌਕਰੀ ਕਰਨ ਬਾਰੇ ਸਹੀ ਨਜ਼ਰੀਆ ਕਿਸ ਤਰ੍ਹਾਂ ਰੱਖ ਸਕਦੇ ਹਾਂ? ਸਾਡੀ ਨੌਕਰੀ ਪੱਕੀ ਕਿਵੇਂ ਹੋ ਸਕਦੀ ਹੈ ਅਤੇ ਅਸੀਂ ਕੰਮ ਤੇ ਖ਼ੁਸ਼ ਕਿਵੇਂ ਹੋ ਸਕਦੇ ਹਾਂ?
[ਸਫ਼ੇ 3 ਉੱਤੇ ਤਸਵੀਰ]
ਅੱਜ-ਕੱਲ੍ਹ ਦੀ ਤਕਨਾਲੋਜੀ ਨੇ ਸ਼ਾਇਦ ਕੰਮ ਤੇ ਹੋਰ ਤਣਾਅ ਪੈਦਾ ਕੀਤਾ ਹੋਵੇ