ਕੰਮ ਬਾਰੇ ਸਹੀ ਨਜ਼ਰੀਆ ਪੈਦਾ ਕਰੋ
ਕੰਮ ਬਾਰੇ ਸਹੀ ਨਜ਼ਰੀਆ ਪੈਦਾ ਕਰੋ
ਅੱਜ ਦੁਨੀਆਂ ਭਰ ਵਿਚ ਨੌਕਰੀਆਂ ਵਿਚ ਬਹੁਤ ਤਣਾਅ, ਮੁਕਾਬਲਾ ਅਤੇ ਵੱਡੀ ਗਿਣਤੀ ਵਿਚ ਫਟਾਫਟ ਚੀਜ਼ਾਂ ਬਣਾਉਣ ਦਾ ਮਾਹੌਲ ਹੈ। ਇਸ ਕਰਕੇ ਬਹੁਤ ਸਾਰੇ ਲੋਕ ਕੰਮ ਤੇ ਜਾਣਾ ਪਸੰਦ ਨਹੀਂ ਕਰਦੇ। ਫਿਰ ਵੀ, ਸਾਨੂੰ ਆਪਣੇ ਕੰਮ ਤੋਂ ਖ਼ੁਸ਼ੀ ਮਿਲਣੀ ਚਾਹੀਦੀ ਹੈ। ਕਿਉਂ? ਕਿਉਂਕਿ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਾਂ ਅਤੇ ਪਰਮੇਸ਼ੁਰ ਨੂੰ ਆਪਣੇ ਕੰਮ ਤੋਂ ਖ਼ੁਸ਼ੀ ਮਿਲਦੀ ਹੈ। ਮਿਸਾਲ ਲਈ ਬਾਈਬਲ ਦੱਸਦੀ ਹੈ ਕਿ ਸ੍ਰਿਸ਼ਟੀ ਕਰਨ ਦੇ ਆਪਣੇ ਕੰਮ ਤੋਂ ਬਾਅਦ “ਪਰਮੇਸ਼ਰ ਨੇ ਆਪਣੀ ਹਰ ਰਚੀ ਚੀਜ਼ ਦੇਖੀ, ਜੋ ਉਸ ਨੂੰ ਬਹੁਤ ਹੀ ਚੰਗੀ ਲਗੀ।”—ਉਤਪਤ 1:31, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਬਾਈਬਲ ਵਿਚ ਯਹੋਵਾਹ ਨੂੰ “ਪਰਮਧੰਨ ਪਰਮੇਸ਼ੁਰ” ਸੱਦਿਆ ਗਿਆ ਹੈ, ਮਤਲਬ ਕਿ ਉਹ ਹਮੇਸ਼ਾ ਖ਼ੁਸ਼ ਰਹਿੰਦਾ ਹੈ। (1 ਤਿਮੋਥਿਉਸ 1:11) ਇਸ ਦਾ ਇਕ ਕਾਰਨ ਇਹ ਹੈ ਕਿ ਉਹ ਕੰਮ ਕਰਨ ਵਿਚ ਬਹੁਤ ਖ਼ੁਸ਼ ਹੁੰਦਾ ਹੈ। ਤਾਂ ਫਿਰ, ਕੀ ਇਹ ਸੱਚ ਨਹੀਂ ਹੈ ਕਿ ਜਿੰਨੀ ਅਸੀਂ ਉਸ ਦੀ ਰੀਸ ਕਰਾਂਗੇ, ਉੱਨਾ ਹੀ ਅਸੀਂ ਖ਼ੁਸ਼ ਹੋਵਾਂਗੇ? ਪ੍ਰਾਚੀਨ ਇਸਰਾਏਲ ਦਾ ਰਾਜਾ ਸੁਲੇਮਾਨ ਬਹੁਤ ਹੀ ਚੰਗਾ ਪ੍ਰਬੰਧਕ ਸੀ ਜਿਸ ਨੇ ਬਹੁਤ ਕੁਝ ਬਣਾਇਆ ਸੀ। ਉਸ ਨੇ ਕੰਮ ਕਰਨ ਬਾਰੇ ਲਿਖਿਆ: “ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।”—ਉਪਦੇਸ਼ਕ ਦੀ ਪੋਥੀ 3:13.
ਅੱਜ ਦੇ ਬਦਲ ਰਹੇ ਸੰਸਾਰ ਵਿਚ ਕੰਮ ਬਾਰੇ ਸਹੀ ਨਜ਼ਰੀਆ ਅਪਣਾਉਣਾ ਸੌਖਾ ਨਹੀਂ ਹੈ। ਪਰ ਯਹੋਵਾਹ ਪਰਮੇਸ਼ੁਰ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਉਸ ਦੀ ਸਲਾਹ ਉੱਤੇ ਚੱਲਦੇ ਹਨ। (ਜ਼ਬੂਰਾਂ ਦੀ ਪੋਥੀ 119:99, 100) ਅਜਿਹੇ ਲੋਕਾਂ ਦੀ ਕੰਮ ਤੇ ਬਹੁਤ ਕਦਰ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਉੱਤੇ ਭਰੋਸਾ ਵੀ ਰੱਖਿਆ ਜਾਂਦਾ ਹੈ। ਇਸ ਲਈ ਉਨ੍ਹਾਂ ਦੀ ਨੌਕਰੀ ਜ਼ਿਆਦਾ ਪੱਕੀ ਹੁੰਦੀ ਹੈ। ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਸਿਰਫ਼ ਪੈਸਾ ਕਮਾਉਣਾ ਤੇ ਚੀਜ਼ਾਂ ਇਕੱਠੀਆਂ ਕਰਨੀਆਂ ਅਹਿਮੀਅਤ ਨਹੀਂ ਰੱਖਦੇ, ਸਗੋਂ ਉਹ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿੰਦੇ ਹਨ। ਉਹ ਜਾਣਦੇ ਹਨ ਕਿ ਉਨ੍ਹਾਂ ਦੀ ਖ਼ੁਸ਼ੀ ਤੇ ਸੁਖ ਪੱਕੀ ਨੌਕਰੀ ਤੇ ਨਿਰਭਰ ਨਹੀਂ ਹਨ। ਉਹ ਜਾਣਦੇ ਹਨ ਕਿ ਹਾਲਾਤ ਬਦਲਦੇ ਰਹਿੰਦੇ ਹਨ ਅਤੇ ਇਸ ਕਰਕੇ ਉਹ ਆਪਣੀ ਜ਼ਿੰਦਗੀ ਵਿਚ ਚੰਗੇ ਫ਼ੈਸਲੇ ਕਰਦੇ ਹਨ। (ਮੱਤੀ 6:31-33; 1 ਕੁਰਿੰਥੀਆਂ 2:14, 15) ਇਸ ਤਰ੍ਹਾਂ, ਉਹ ਕੰਮ ਬਾਰੇ ਸਹੀ ਨਜ਼ਰੀਆ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ।
ਅਜਿਹੇ ਢੰਗ ਨਾਲ ਕੰਮ ਕਰੋ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ
ਕਈ ਲੋਕ ਸਿਰਫ਼ ਕੰਮ ਬਾਰੇ ਹੀ ਸੋਚਦੇ ਹਨ ਅਤੇ ਆਪਣੀ ਨੌਕਰੀ ਨੂੰ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦੇ ਹਨ। ਦੂਸਰੇ ਲੋਕ ਦੇਖਦੇ ਰਹਿੰਦੇ ਹਨ ਕਿ ਕਿਹੜੀ ਘੜੀ ਦਿਨ ਖ਼ਤਮ ਹੋਵੇਗਾ ਤਾਂਕਿ ਉਪਦੇਸ਼ਕ 4:6, ਨਵਾਂ ਅਨੁਵਾਦ) ਦਰਅਸਲ ਜ਼ਿਆਦਾ ਕੰਮ ਕਰਨਾ ‘ਹਵਾ ਨੂੰ ਫੜਨਾ’ ਯਾਨੀ ਵਿਅਰਥ ਹੈ ਕਿਉਂਕਿ ਇਸ ਨਾਲ ਜ਼ਿਆਦਾ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਉਹ ਕਿਸ ਤਰ੍ਹਾਂ? ਜਦੋਂ ਅਸੀਂ ਕੰਮ ਵਿਚ ਹੀ ਰੁੱਝੇ ਰਹਿੰਦੇ ਹਾਂ, ਤਾਂ ਉਨ੍ਹਾਂ ਚੀਜ਼ਾਂ ਦਾ ਨੁਕਸਾਨ ਹੁੰਦਾ ਹੈ ਜਿਨ੍ਹਾਂ ਤੋਂ ਸਾਨੂੰ ਸਭ ਤੋਂ ਵੱਡੀ ਖ਼ੁਸ਼ੀ ਮਿਲਦੀ ਹੈ, ਜਿਵੇਂ ਕਿ ਪਰਿਵਾਰ ਅਤੇ ਦੋਸਤਾਂ ਨਾਲ ਸਾਡਾ ਰਿਸ਼ਤਾ, ਪਰਮੇਸ਼ੁਰ ਦੀ ਸੇਵਾ, ਸਾਡੀ ਸਿਹਤ ਅਤੇ ਜ਼ਿੰਦਗੀ ਦੀ ਲੰਬਾਈ। (1 ਤਿਮੋਥਿਉਸ 6:9, 10) ਸਹੀ ਨਜ਼ਰੀਆ ਇਹ ਹੈ ਕਿ ਅਸੀਂ ਘੱਟ ਚੀਜ਼ਾਂ ਨਾਲ ਸੰਤੁਸ਼ਟ ਹੋਈਏ ਅਤੇ ਮਨ ਦੀ ਸ਼ਾਂਤੀ ਪਾਈਏ। ਇਹ ਜ਼ਿਆਦਾ ਕੰਮ ਹੋਣ ਦੇ ਬੋਝ, ਲੜਾਈ-ਝਗੜੇ ਅਤੇ ਕਸ਼ਟ ਦੀਆਂ ਦੋ ਮੁੱਠੀਆਂ ਨਾਲੋਂ ਕਿੰਨਾ ਬਿਹਤਰ ਹੈ।
ਉਹ ਘਰ ਜਾ ਸਕਣ। ਇਨ੍ਹਾਂ ਦੋਹਾਂ ਵਿੱਚੋਂ ਸਹੀ ਨਜ਼ਰੀਆ ਕੀ ਹੈ? ਬਾਈਬਲ ਜਵਾਬ ਦਿੰਦੀ ਹੈ: “ਕੁਝ ਪਲਾਂ ਦਾ ਆਰਾਮ ਵੀ ਚੰਗਾ ਹੈ, ਬਜਾਏ ਇਸ ਦੇ ਕੇ ਹਰ ਮੇਂ ਦੋਵੇਂ ਹੱਥ ਮਿਹਨਤ ਵਿਚ ਰੁਝੇ ਰਹਿਣ, ਜੋ ਕੇਵਲ ਹਵਾ ਨੂੰ ਫੜਨ ਦੇ ਬਰਾਬਰ ਹੈ।” (ਇਹ ਨਜ਼ਰੀਆ ਅਪਣਾਉਣ ਦੀ ਸਲਾਹ ਦੇ ਕੇ ਬਾਈਬਲ ਇਹ ਨਹੀਂ ਕਹਿ ਰਹੀ ਕਿ ਅਸੀਂ ਆਲਸੀ ਬਣ ਜਾਈਏ। (ਕਹਾਉਤਾਂ 20:4) ਆਲਸੀ ਹੋਣ ਕਰਕੇ ਅਸੀਂ ਆਪਣਾ ਆਤਮ-ਵਿਸ਼ਵਾਸ ਗੁਆ ਬੈਠਾਂਗੇ ਅਤੇ ਦੂਸਰੇ ਲੋਕ ਵੀ ਸਾਡੀ ਇੱਜ਼ਤ ਨਹੀਂ ਕਰਨਗੇ। ਇਸ ਤੋਂ ਵੀ ਬੁਰੀ ਗੱਲ ਹੈ ਕਿ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਟੁੱਟ ਸਕਦਾ ਹੈ। ਬਾਈਬਲ ਸਾਫ਼-ਸਾਫ਼ ਕਹਿੰਦੀ ਹੈ ਕਿ ਜਿਹੜਾ ਬੰਦਾ ਕੰਮ ਨਹੀਂ ਕਰਨਾ ਚਾਹੁੰਦਾ, ਉਹ ਦੂਸਰਿਆਂ ਦੀ ਕਮਾਈ ਹੋਈ ਰੋਟੀ ਖਾਣ ਦੇ ਲਾਇਕ ਨਹੀਂ ਹੈ। (2 ਥੱਸਲੁਨੀਕੀਆਂ 3:10) ਉਸ ਨੂੰ ਸੁਧਰ ਜਾਣਾ ਚਾਹੀਦਾ ਹੈ ਤੇ ਮਿਹਨਤ ਕਰ ਕੇ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਇੱਜ਼ਤ ਦੀ ਰੋਟੀ ਕਮਾਉਣੀ ਚਾਹੀਦੀ ਹੈ। ਕੰਮ ਕਰ ਕੇ ਉਹ ਸ਼ਾਇਦ ਗ਼ਰੀਬਾਂ ਦੀ ਵੀ ਮਦਦ ਕਰ ਸਕੇ, ਜਿਸ ਦੀ ਬਾਈਬਲ ਵਿਚ ਸਾਨੂੰ ਸਲਾਹ ਦਿੱਤੀ ਗਈ ਹੈ।—ਕਹਾਉਤਾਂ 21:25, 26; ਅਫ਼ਸੀਆਂ 4:28.
ਬਚਪਨ ਤੋਂ ਕੰਮ ਕਰਨ ਦੀ ਸਿਖਲਾਈ
ਚੰਗੀ ਤਰ੍ਹਾਂ ਕੰਮ ਕਰਨ ਦੀ ਆਦਤ ਆਪਣੇ ਆਪ ਹੀ ਪੈਦਾ ਨਹੀਂ ਹੁੰਦੀ, ਸਗੋਂ ਇਹ ਬਚਪਨ ਵਿਚ ਸਿੱਖੀ ਜਾਂਦੀ ਹੈ। ਇਸ ਲਈ, ਬਾਈਬਲ ਮਾਪਿਆਂ ਨੂੰ ਸਲਾਹ ਦਿੰਦੀ ਹੈ ਕਿ “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” (ਕਹਾਉਤਾਂ 22:6) ਬੁੱਧੀਮਾਨ ਮਾਪੇ ਖ਼ੁਦ ਚੰਗੀ ਤਰ੍ਹਾਂ ਕੰਮ ਕਰਨ ਦੀ ਮਿਸਾਲ ਹੀ ਨਹੀਂ ਕਾਇਮ ਕਰਦੇ, ਸਗੋਂ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਮੁਤਾਬਕ ਘਰ ਵਿਚ ਛੋਟੇ-ਮੋਟੇ ਕੰਮ ਕਰਨ ਨੂੰ ਦਿੰਦੇ ਹਨ। ਭਾਵੇਂ ਕਿ ਅਜਿਹੇ ਕੰਮ ਵੀ ਹੋਣ ਜੋ ਬੱਚੇ ਨਹੀਂ ਕਰਨਾ ਚਾਹੁੰਦੇ, ਫਿਰ ਵੀ ਉਹ ਆਪਣੇ ਆਪ ਨੂੰ ਪਰਿਵਾਰ ਦਾ ਇਕ ਜ਼ਰੂਰੀ ਹਿੱਸਾ ਸਮਝਣ ਲੱਗਣਗੇ, ਖ਼ਾਸ ਕਰਕੇ ਜੇ ਮਾਪੇ ਉਨ੍ਹਾਂ ਦੀ ਤਾਰੀਫ਼ ਕਰਨਗੇ। ਅਫ਼ਸੋਸ ਦੀ ਗੱਲ ਹੈ ਕਿ ਕੁਝ ਮਾਪੇ ਆਪਣੇ ਬੱਚਿਆਂ ਲਈ ਸਭ ਕੁਝ ਕਰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਇਹੀ ਪਿਆਰ ਹੈ। ਅਜਿਹੇ ਮਾਪਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਜਿਹੇ ਲਾਡ-ਪਿਆਰ ਨਾਲ ਬੱਚੇ ਵਿਗੜ ਸਕਦੇ ਹਨ ਤੇ ਵੱਡੇ ਹੋ ਕੇ ਨਾਸ਼ੁਕਰੇ ਬਣ ਸਕਦੇ ਹਨ।
ਜ਼ਿੰਮੇਵਾਰ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਵਿਚ ਵੀ ਦਿਲਚਸਪੀ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਕੂਲ ਵਿਚ ਚੰਗੀ ਤਰ੍ਹਾਂ ਸਿੱਖਣ ਅਤੇ ਮਿਹਨਤ ਕਰਨ ਦਾ ਹੌਸਲਾ ਵੀ ਦੇਣਾ ਚਾਹੀਦਾ ਹੈ। ਜੇ ਮਾਪੇ ਇਸ ਤਰ੍ਹਾਂ ਕਰਨਗੇ, ਤਾਂ ਇਹ ਉਨ੍ਹਾਂ ਦੇ ਬੱਚਿਆਂ ਲਈ ਉਦੋਂ ਫ਼ਾਇਦੇਮੰਦ ਹੋਵੇਗਾ ਜਦੋਂ ਉਹ ਬਾਅਦ ਵਿਚ ਆਪ ਨੌਕਰੀ ਕਰਨਗੇ।
ਸੋਚ-ਸਮਝ ਕੇ ਕੰਮ ਦੀ ਚੋਣ ਕਰੋ
ਬਾਈਬਲ ਇਹ ਨਹੀਂ ਦੱਸਦੀ ਕਿ ਸਾਨੂੰ ਕਿਹੜਾ ਕੰਮ ਕਰਨਾ ਚਾਹੀਦਾ ਹੈ ਪਰ ਸਾਨੂੰ ਸਲਾਹ ਦਿੰਦੀ ਹੈ ਕਿ ਅਸੀਂ ਰੂਹਾਨੀ ਤੌਰ ਤੇ ਤਰੱਕੀ ਕਰੀਏ, ਪਰਮੇਸ਼ੁਰ ਦੀ ਸੇਵਾ ਕਰੀਏ ਅਤੇ ਬਾਕੀ ਜ਼ਰੂਰੀ ਜ਼ਿੰਮੇਵਾਰੀਆਂ ਵੀ ਪੂਰੀਆਂ ਕਰੀਏ। ਮਿਸਾਲ ਲਈ ਪੌਲੁਸ ਰਸੂਲ ਨੇ ਲਿਖਿਆ: ‘ਸਮਾ ਘਟਾਇਆ ਗਿਆ ਹੈ ਭਈ ਏਦੋਂ ਅੱਗੇ ਸੰਸਾਰ ਨੂੰ ਵਰਤਣ ਵਾਲੇ ਅਜਿਹੇ ਹੋਣ ਕਿ ਜਾਣੀਦਾ ਹੱਦੋਂ ਵਧਕੇ ਨਹੀਂ ਵਰਤਦੇ ਕਿਉਂ ਜੋ ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ।’ (1 ਕੁਰਿੰਥੀਆਂ 7:29-31) ਇਸ ਦੁਨੀਆਂ ਵਿਚ ਕੋਈ ਵੀ ਚੀਜ਼ ਪੱਕੀ ਨਹੀਂ ਹੈ, ਸਾਰਾ ਕੁਝ ਬਦਲਦਾ ਰਹਿੰਦਾ ਹੈ। ਜੇ ਅਸੀਂ ਆਪਣਾ ਸਾਰਾ ਵਕਤ ਤੇ ਸਾਰੀ ਤਾਕਤ ਇਸ ਦੁਨੀਆਂ ਦੇ ਕੰਮਾਂ ਵਿਚ ਲਾ ਦੇਈਏ, ਤਾਂ ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਅਸੀਂ ਆਪਣਾ ਸਾਰਾ ਪੈਸਾ ਅਜਿਹੇ ਇਲਾਕੇ ਵਿਚ ਘਰ ਬਣਾਉਣ ਤੇ ਲਾ ਰਹੇ ਹਾਂ ਜਿੱਥੇ ਹੜ੍ਹ ਆਉਂਦੇ ਰਹਿੰਦੇ ਹਨ। ਇਹ ਕਿੰਨੀ ਬੇਵਕੂਫ਼ੀ ਦੀ ਗੱਲ ਹੋਵੇਗੀ!
ਸੰਸਾਰ ਨੂੰ ‘ਹੱਦੋਂ ਵਧਕੇ ਨਹੀਂ ਵਰਤਣ’ ਦੀ ਗੱਲ ਨੂੰ ਬਾਈਬਲ ਦਾ ਇਕ ਹੋਰ ਤਰਜਮਾ ਇਸ ਤਰ੍ਹਾਂ ਸਮਝਾਉਂਦਾ ਹੈ ਕਿ “ਜੋ ਸੰਸਾਰਕ ਚੀਜ਼ਾਂ ਦੀ ਵਰਤੋਂ ਕਰ ਰਹੇ ਹਨ, ਉਹ ਇਸ ਤਰ੍ਹਾਂ ਕਰਨ, ਜਿਸ ਤਰ੍ਹਾਂ ਕਿ ਉਹ ਨਹੀਂ ਕਰ ਰਹੇ ਹਨ।” (ਨਵਾਂ ਅਨੁਵਾਦ) ਬੁੱਧੀਮਾਨ ਲੋਕ ਇਹ ਗੱਲ ਕਦੀ ਨਹੀਂ ਭੁੱਲਦੇ ਕਿ ਇਸ ਦੁਨੀਆਂ ਲਈ “ਸਮਾ ਘਟਾਇਆ ਗਿਆ ਹੈ” ਅਤੇ ਜੇ ਅਸੀਂ ਇਸ ਨੂੰ “ਹੱਦੋਂ ਵਧਕੇ” ਵਰਤਾਂਗੇ, ਤਾਂ ਅੰਤ ਵਿਚ ਸਾਡੀਆਂ ਉਮੀਦਾਂ ਉੱਤੇ ਪਾਣੀ ਫਿਰ ਜਾਵੇਗਾ ਅਤੇ ਸਾਡਾ ਹੀ ਨੁਕਸਾਨ ਹੋਵੇਗਾ।—1 ਯੂਹੰਨਾ 2:15-17.
‘ਪਰਮੇਸ਼ੁਰ ਤੈਨੂੰ ਕਦੇ ਨਾ ਤਿਆਗੇਗਾ’
ਯਹੋਵਾਹ ਸਾਡੇ ਨਾਲੋਂ ਬਿਹਤਰ ਸਾਡੀਆਂ ਜ਼ਰੂਰਤਾਂ ਜਾਣਦਾ ਹੈ। ਉਹ ਇਹ ਵੀ ਜਾਣਦਾ ਹੈ ਕਿ ਅਸੀਂ ਕਿਸ ਸਮੇਂ ਵਿਚ ਜੀ ਰਹੇ ਹਾਂ। ਇਸ ਲਈ ਉਹ ਸਾਨੂੰ ਯਾਦ ਕਰਾਉਂਦਾ ਹੈ: “ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ ਕਿਉਂ ਜੋ [ਪਰਮੇਸ਼ੁਰ] ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।” (ਇਬਰਾਨੀਆਂ 13:5) ਸਾਨੂੰ ਇਨ੍ਹਾਂ ਸ਼ਬਦਾਂ ਤੋਂ ਕਿੰਨਾ ਦਿਲਾਸਾ ਮਿਲਦਾ ਹੈ! ਪਰਮੇਸ਼ੁਰ ਆਪਣੇ ਲੋਕਾਂ ਦਾ ਧਿਆਨ ਰੱਖਦਾ ਹੈ ਤੇ ਯਿਸੂ ਨੇ ਵੀ ਉਸ ਦੀ ਰੀਸ ਕੀਤੀ ਸੀ। ਇਸੇ ਲਈ, ਯਿਸੂ ਨੇ ਪਹਾੜੀ ਉਪਦੇਸ਼ ਵਿਚ ਆਪਣੇ ਚੇਲਿਆਂ ਨੂੰ ਕੰਮ ਅਤੇ ਪੈਸਿਆਂ ਦੇ ਸੰਬੰਧ ਵਿਚ ਸਹੀ ਨਜ਼ਰੀਆ ਰੱਖਣ ਬਾਰੇ ਕਾਫ਼ੀ ਕੁਝ ਸਿਖਾਇਆ ਸੀ।—ਮੱਤੀ 6:19-33.
ਯਹੋਵਾਹ ਦੇ ਗਵਾਹ ਇਨ੍ਹਾਂ ਸਿੱਖਿਆਵਾਂ ਦੇ ਅਨੁਸਾਰ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਮਿਸਾਲ ਲਈ, ਜਦੋਂ ਸਾਡੇ ਇਕ ਇਲੈਕਟ੍ਰੀਸ਼ੀਅਨ ਭਰਾ ਦੇ ਮਾਲਕ ਨੇ ਉਸ ਨੂੰ ਲਗਾਤਾਰ ਓਵਰਟਾਈਮ ਲਾਉਣ ਦਾ ਮੌਕਾ ਦਿੱਤਾ, ਤਾਂ ਸਾਡੇ ਭਰਾ ਨੇ ਇਨਕਾਰ ਕਰ ਦਿੱਤਾ। ਕਿਉਂ? ਕਿਉਂਕਿ ਉਹ ਇਹ ਨਹੀਂ ਚਾਹੁੰਦਾ ਸੀ ਕਿ ਉਹ ਨੌਕਰੀ ਵਿਚ ਉਹ ਸਮਾਂ ਲਾਵੇ ਜੋ ਉਸ ਨੇ ਆਪਣੇ ਪਰਿਵਾਰ ਲਈ ਅਤੇ ਪਰਮੇਸ਼ੁਰ ਦੀ ਸੇਵਾ ਲਈ ਰੱਖਿਆ ਸੀ। ਉਹ ਆਪਣਾ ਕੰਮ ਚੰਗੀ ਤਰ੍ਹਾਂ ਕਰਦਾ ਸੀ ਅਤੇ ਉਸ ਦਾ ਮਾਲਕ ਉਸ ਦੀ ਕਦਰ ਕਰਨ ਦੇ ਨਾਲ-ਨਾਲ ਉਸ ਉੱਤੇ ਪੂਰਾ ਭਰੋਸਾ ਵੀ ਰੱਖਦਾ ਸੀ। ਇਸ ਲਈ ਮਾਲਕ ਨੇ ਉਸ ਉੱਤੇ ਓਵਰਟਾਈਮ ਲਾਉਣ ਦਾ ਜ਼ੋਰ ਨਹੀਂ ਪਾਇਆ। ਪਰ ਸਾਰਿਆਂ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਅਤੇ ਸ਼ਾਇਦ ਉਨ੍ਹਾਂ ਨੂੰ ਕੋਈ ਹੋਰ ਨੌਕਰੀ ਲੱਭਣੀ ਪਵੇ ਤਾਂਕਿ ਉਹ ਆਪਣੇ ਜੀਵਨ ਵਿਚ ਬਾਕੀ ਜ਼ਰੂਰੀ ਕੰਮ ਵੀ ਕਰਦੇ ਰਹਿ ਸਕਣ। ਫਿਰ ਵੀ, ਜਿਹੜੇ ਲੋਕ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ ਆਮ ਤੌਰ ਤੇ ਉਨ੍ਹਾਂ ਦੇ ਮਾਲਕ ਉਨ੍ਹਾਂ ਦੇ ਚੰਗੇ ਚਾਲ-ਚੱਲਣ ਅਤੇ ਉਨ੍ਹਾਂ ਦੀ ਮਿਹਨਤ ਕਰਕੇ ਉਨ੍ਹਾਂ ਤੋਂ ਖ਼ੁਸ਼ ਹੁੰਦੇ ਹਨ।—ਕਹਾਉਤਾਂ 3:5, 6.
ਉਹ ਸਮਾਂ ਜਦੋਂ ਸਾਰਾ ਕੰਮ ਫ਼ਾਇਦੇਮੰਦ ਹੋਵੇਗਾ
ਅੱਜ ਦੇ ਸੰਸਾਰ ਵਿਚ ਕੰਮ-ਧੰਦੇ ਦੇ ਸੰਬੰਧ ਵਿਚ ਹਮੇਸ਼ਾ ਮੁਸ਼ਕਲਾਂ ਤੇ ਚਿੰਤਾਵਾਂ ਰਹਿਣਗੀਆਂ। ਦਰਅਸਲ ਇਹ ਹਾਲਤ ਸ਼ਾਇਦ ਵਿਗੜਦੀ ਜਾਵੇ ਕਿਉਂਕਿ ਦੁਨੀਆਂ ਬਦਲਦੀ ਰਹਿੰਦੀ ਹੈ ਤੇ ਕੰਮ-ਧੰਦੇ ਦਾ ਕੋਈ ਭਰੋਸਾ ਨਹੀਂ ਹੁੰਦਾ। ਪਰ ਇਹ ਹਾਲਤ ਇਸ ਤਰ੍ਹਾਂ ਹਮੇਸ਼ਾ ਨਹੀਂ ਰਹੇਗੀ। ਬਹੁਤ ਜਲਦੀ ਸਾਰੇ ਲੋਕ ਕੰਮ ਕਰ ਸਕਣਗੇ। ਇਸ ਤੋਂ ਇਲਾਵਾ, ਸਾਰਾ ਕੰਮ ਦਿਲਚਸਪ ਤੇ ਫ਼ਾਇਦੇਮੰਦ ਹੋਵੇਗਾ। ਕੀ ਇਸ ਤਰ੍ਹਾਂ ਹੋ ਸਕਦਾ ਹੈ? ਇਹ ਕਿਸ ਤਰ੍ਹਾਂ ਹੋਵੇਗਾ?
ਯਹੋਵਾਹ ਨੇ ਆਪਣੇ ਨਬੀ ਯਸਾਯਾਹ ਰਾਹੀਂ ਉਸ ਸਮੇਂ ਬਾਰੇ ਭਵਿੱਖਬਾਣੀ ਕੀਤੀ ਸੀ। ਯਹੋਵਾਹ ਨੇ ਕਿਹਾ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।” (ਯਸਾਯਾਹ 65:17) ਉਹ ਮਨੁੱਖਜਾਤੀ ਲਈ ਆਪਣੀ ਨਵੀਂ ਸਰਕਾਰ ਬਾਰੇ ਗੱਲ ਕਰ ਰਿਹਾ ਸੀ। ਇਸ ਦੇ ਅਧੀਨ ਸਾਰੀ ਦੁਨੀਆਂ ਹੀ ਬਦਲ ਜਾਵੇਗੀ ਅਤੇ ਲੋਕਾਂ ਦਾ ਇਕ ਨਵਾਂ ਸਮਾਜ ਹੋਵੇਗਾ।—ਦਾਨੀਏਲ 2:44.
ਭਵਿੱਖਬਾਣੀ ਨੇ ਅੱਗੇ ਦੱਸਿਆ ਕਿ ਉਸ ਸਮੇਂ ਲੋਕ ਕਿਸ ਤਰ੍ਹਾਂ ਜੀਉਣਗੇ ਤੇ ਕਿਸ ਤਰ੍ਹਾਂ ਕੰਮ ਕਰਨਗੇ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ। ਓਹ ਵਿਅਰਥ ਮਿਹਨਤ ਨਾ ਕਰਨਗੇ, ਨਾ ਕਲੇਸ਼ ਲਈ ਜਮਾਉਣਗੇ, ਓਹ ਯਹੋਵਾਹ ਦੀ ਮੁਬਾਰਕ ਅੰਸ ਜੋ ਹੋਣਗੇ, ਨਾਲੇ ਓਹਨਾਂ ਦੀ ਸੰਤਾਨ ਓਹਨਾਂ ਸਣੇ।”—ਯਸਾਯਾਹ 65:21-23.
ਪਰਮੇਸ਼ੁਰ ਦਾ ਬਣਾਇਆ ਗਿਆ ਨਵਾਂ ਸੰਸਾਰ ਅੱਜ ਦੇ ਸੰਸਾਰ ਵਰਗਾ ਬਿਲਕੁਲ ਨਹੀਂ ਹੋਵੇਗਾ! ਕੀ ਤੁਸੀਂ ਅਜਿਹੇ ਸੰਸਾਰ ਵਿਚ ਰਹਿਣਾ ਚਾਹੁੰਦੇ ਹੋ ਜਿੱਥੇ ਤੁਸੀਂ “ਵਿਅਰਥ ਮਿਹਨਤ ਨਾ” ਕਰੋਗੇ, ਸਗੋਂ ਆਪਣੀ ਮਿਹਨਤ ਦਾ “ਫਲ” ਖਾਓਗੇ? ਧਿਆਨ ਦਿਓ ਕਿ ਇਹ ਬਰਕਤਾਂ ਕਿਨ੍ਹਾਂ ਨੂੰ ਮਿਲਣਗੀਆਂ: “ਓਹ ਯਹੋਵਾਹ ਦੀ ਮੁਬਾਰਕ ਅੰਸ ਜੋ ਹੋਣਗੇ, ਨਾਲੇ ਓਹਨਾਂ ਦੀ ਸੰਤਾਨ ਓਹਨਾਂ ਸਣੇ।” ਯਹੋਵਾਹ ਬਾਰੇ ਸਿੱਖ ਕੇ ਅਤੇ ਉਸ ਦੇ ਹੁਕਮ ਪੂਰੇ ਕਰ ਕੇ ਤੁਸੀਂ ਵੀ ਇਸ “ਮੁਬਾਰਕ ਅੰਸ” ਦਾ ਹਿੱਸਾ ਬਣ ਸਕਦੇ ਹੋ। ਯਿਸੂ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਬਚਨ ਵਿੱਚੋਂ ਸਹੀ ਗਿਆਨ ਲੈਣ ਵਿਚ ਤੁਹਾਡੀ ਮਦਦ ਕਰ ਕੇ ਬਹੁਤ ਖ਼ੁਸ਼ ਹੋਣਗੇ।
[ਸਫ਼ੇ 6 ਉੱਤੇ ਡੱਬੀ]
“ਉਨ੍ਹਾਂ ਨੂੰ ਪਸੰਦ ਕੀਤਾ ਜਾਂਦਾ ਹੈ”
ਬਾਈਬਲ ਕਹਿੰਦੀ ਹੈ: “ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੁ ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ।” (ਕੁਲੁੱਸੀਆਂ 3:23) ਇਹ ਗੱਲ ਸਾਫ਼ ਹੈ ਕਿ ਜਿਹੜਾ ਇਨਸਾਨ ਇਸ ਅਸੂਲ ਅਨੁਸਾਰ ਕੰਮ ਕਰੇਗਾ, ਉਹ ਇਕ ਅਜਿਹਾ ਬੰਦਾ ਹੋਵੇਗਾ ਜਿਸ ਨੂੰ ਹਰ ਮਾਲਕ ਨੌਕਰੀ ਤੇ ਰੱਖਣਾ ਚਾਹੇਗਾ। ਇਸ ਲਈ ਇਕ ਲੇਖਕ ਨੇ ਸਲਾਹ ਦਿੱਤੀ ਕਿ ਮਾਲਕ ਅਜਿਹੇ ਕਾਮਿਆਂ ਨੂੰ ਚੁਣਨ ਜੋ ਬਾਈਬਲ ਨੂੰ ਮੰਨਦੇ ਹਨ। ਪਰ ਉਸ ਨੇ ਅੱਗੇ ਕਿਹਾ: “ਬਹੁਤ ਵਾਰੀ ਅਸੀਂ ਯਹੋਵਾਹ ਦੇ ਗਵਾਹਾਂ ਨੂੰ ਹੀ ਚੁਣਦੇ ਹਾਂ।” ਉਸ ਨੇ ਇਸ ਦੇ ਕਈ ਕਾਰਨ ਦਿੱਤੇ ਸਨ, ਜਿਵੇਂ ਕਿ ਉਨ੍ਹਾਂ ਦੀ ਈਮਾਨਦਾਰੀ। ਇਸ ਲਈ ਬਹੁਤ ਸਾਰੀਆਂ ਨੌਕਰੀਆਂ ਲਈ “ਉਨ੍ਹਾਂ ਨੂੰ ਪਸੰਦ ਕੀਤਾ ਜਾਂਦਾ ਹੈ।”
[ਸਫ਼ੇ 5 ਉੱਤੇ ਤਸਵੀਰ]
ਤੁਹਾਨੂੰ ਕੰਮ ਕਰਨ ਦੇ ਨਾਲ-ਨਾਲ ਪਰਮੇਸ਼ੁਰ ਦੀ ਸੇਵਾ ਅਤੇ ਮਨੋਰੰਜਨ ਲਈ ਸਮਾਂ ਕੱਢ ਕੇ ਖ਼ੁਸ਼ੀ ਮਿਲੇਗੀ