ਸਾਫ਼ ਦਿਲ ਅਤੇ ਸੱਚਾਈ—ਨਾਲ ਭਗਤੀ ਕਰੋ
ਸਾਫ਼ ਦਿਲ ਅਤੇ ਸੱਚਾਈ—ਨਾਲ ਭਗਤੀ ਕਰੋ
ਕੀ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਸਾਫ਼ ਦਿਲ ਵਾਲੇ ਹੋਣਾ ਜ਼ਰੂਰੀ ਹੈ? ਇਕ ਕੋਸ਼ ਦੇ ਅਨੁਸਾਰ “ਸਾਫ਼ਦਿਲੀ” ਦਾ ਮਤਲਬ ਹੈ “ਨਿਸ਼ਕਪਟਤਾ, ਸੁਹਿਰਦਤਾ, ਖਰਾਪਣ, ਈਮਾਨਦਾਰੀ।” ਇਹ ਗੁਣ ਪੈਦਾ ਕਰ ਕੇ ਅਸੀਂ ਦੂਸਰਿਆਂ ਨਾਲ ਚੰਗੇ ਰਿਸ਼ਤੇ ਕਾਇਮ ਕਰ ਸਕਦੇ ਹਾਂ। ਪੌਲੁਸ ਰਸੂਲ ਨੇ ਸਲਾਹ ਦਿੱਤੀ: “ਹੇ ਨੌਕਰੋ, ਤੁਸੀਂ ਸਭਨੀਂ ਗੱਲੀਂ ਆਪਣੇ ਸੰਸਾਰਕ ਮਾਲਕਾਂ ਦੀ ਆਗਿਆਕਾਰੀ ਕਰੋ ਅਤੇ ਮਨੁੱਖਾਂ ਦੇ ਰਿਝਾਉਣ ਵਾਲਿਆਂ ਵਾਂਙੁ ਵਿਖਾਵੇ ਦੀ ਨੌਕਰੀ ਨਹੀਂ ਸਗੋਂ ਮਨ ਦੀ ਸਫ਼ਾਈ ਨਾਲ ਪ੍ਰਭੁ ਦੇ ਭੈ ਨਾਲ ਕਰੋ।” (ਕੁਲੁੱਸੀਆਂ 3:22) ਕਿਹੜਾ ਮਾਲਕ ਹੈ ਜੋ ਸਾਫ਼ ਮਨ, ਜਾਂ ਦਿਲ ਵਾਲਾ ਨੌਕਰ ਨਾ ਚਾਹੁੰਦਾ ਹੋਵੇ? ਸਾਫ਼ ਦਿਲ ਵਾਲੇ ਲੋਕਾਂ ਲਈ ਨੌਕਰੀ ਲੱਭਣੀ ਤੇ ਰੱਖਣੀ ਹੋਰਨਾਂ ਨਾਲੋਂ ਜ਼ਿਆਦਾ ਸੌਖੀ ਹੋ ਸਕਦੀ ਹੈ।
ਲੇਕਿਨ ਅਸੀਂ ਇਸ ਲਈ ਸਾਫ਼ ਦਿਲ ਵਾਲੇ ਹੋਣਾ ਚਾਹੁੰਦੇ ਹਾਂ ਕਿਉਂਕਿ ਇਸ ਨਾਲ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਪ੍ਰਾਚੀਨ ਇਸਰਾਏਲੀਆਂ ਉੱਤੇ ਪਰਮੇਸ਼ੁਰ ਦੀ ਬਰਕਤ ਉਦੋਂ ਹੁੰਦੀ ਸੀ ਜਦੋਂ ਉਹ ਉਸ ਦੇ ਹੁਕਮਾਂ ਦੀ ਸਹੀ ਤਰ੍ਹਾਂ ਪਾਲਣਾ ਕਰਦੇ ਸਨ ਅਤੇ ਤਿਉਹਾਰ ਮਨਾਉਂਦੇ ਸਨ। ਕਲੀਸਿਯਾ ਦੀ ਸ਼ੁੱਧਤਾ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਮਸੀਹੀਆਂ ਨੂੰ ਅਰਜ਼ ਕੀਤਾ: “ਸੋ ਆਓ, ਅਸੀਂ ਤਿਉਹਾਰ ਮਨਾਈਏ, ਪੁਰਾਣੇ ਖਮੀਰ ਨਾਲ ਨਹੀਂ, ਨਾ ਬੁਰਿਆਈ ਅਰ ਦੁਸ਼ਟਪੁਣੇ ਦੇ ਖਮੀਰ ਨਾਲ ਸਗੋਂ ਨਿਸ਼ਕਪਟਤਾ ਅਤੇ ਸਚਿਆਈ ਦੀ ਪਤੀਰੀ ਰੋਟੀ ਨਾਲ।” (1 ਕੁਰਿੰਥੀਆਂ 5:8) ਸਾਫ਼ਦਿਲੀ ਦਾ ਗੁਣ ਸਿਰਫ਼ ਮਨਭਾਉਂਦਾ ਹੀ ਨਹੀਂ ਪਰ ਜ਼ਰੂਰੀ ਵੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀ ਭਗਤੀ ਕਬੂਲ ਕਰੇ। ਪਰ, ਧਿਆਨ ਦਿਓ ਕਿ ਸਾਫ਼ਦਿਲੀ ਤੋਂ ਇਲਾਵਾ ਕੁਝ ਹੋਰ ਵੀ ਜ਼ਰੂਰੀ ਹੈ। ਇਹ ਗੁਣ ਸੱਚਾਈ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ।
ਟਾਈਟੈਨਿਕ ਨਾਂ ਦੇ ਸਮੁੰਦਰੀ ਜਹਾਜ਼ ਬਣਾਉਣ ਵਾਲੇ ਅਤੇ ਉਸ ਵਿਚ ਸਫ਼ਰ ਕਰਨ ਵਾਲੇ ਪੂਰੇ ਦਿਲ ਨਾਲ ਮੰਨਦੇ ਸਨ ਕਿ ਇਹ ਜਹਾਜ਼ ਡੁੱਬ ਨਹੀਂ ਸਕਦਾ ਸੀ। ਪਰ, 1912 ਵਿਚ ਆਪਣੇ ਪਹਿਲੇ ਸਮੁੰਦਰੀ ਸਫ਼ਰ ਤੇ ਇਹ ਜਹਾਜ਼ ਬਰਫ਼ ਨਾਲ ਟਕਰਾ ਕੇ ਡੁੱਬ ਗਿਆ, ਜਿਸ ਕਰਕੇ 1,517 ਲੋਕਾਂ ਦੀਆਂ ਜਾਨਾਂ ਗਈਆਂ। ਪਹਿਲੀ ਸਦੀ ਵਿਚ ਕਈ ਯਹੂਦੀ ਸ਼ਾਇਦ ਪੂਰੇ ਦਿਲ ਨਾਲ ਮੰਨਦੇ ਸਨ ਕਿ ਉਨ੍ਹਾਂ ਦੀ ਭਗਤੀ ਸਹੀ ਸੀ, ਪਰ ਉਨ੍ਹਾਂ ਦਾ ਜੋਸ਼ “ਸਮਝ ਨਾਲ ਨਹੀਂ” ਸੀ। (ਰੋਮੀਆਂ 10:2) ਪਰਮੇਸ਼ੁਰ ਨੂੰ ਮਨਜ਼ੂਰ ਹੋਣ ਲਈ ਇਹ ਲਾਜ਼ਮੀ ਹੈ ਕਿ ਸਾਡੇ ਵਿਸ਼ਵਾਸ ਸਹੀ ਗਿਆਨ ਜਾਂ ਸੱਚਾਈ ਦੇ ਅਨੁਸਾਰ ਹੋਣ। ਤੁਹਾਡੇ ਇਲਾਕੇ ਵਿਚ ਯਹੋਵਾਹ ਦੇ ਗਵਾਹ ਇਸ ਵਿਚ ਤੁਹਾਡੀ ਮਦਦ ਕਰ ਕੇ ਬਹੁਤ ਖ਼ੁਸ਼ ਹੋਣਗੇ ਕਿ ਤੁਸੀਂ ਸਾਫ਼ ਦਿਲ ਅਤੇ ਸੱਚਾਈ ਨਾਲ ਪਰਮੇਸ਼ੁਰ ਦੀ ਸੇਵਾ ਕਿਵੇਂ ਕਰ ਸਕਦੇ ਹੋ।