ਕੀ ਅਸੀਂ ਕਿਸੇ ਅਣਜਾਣ ਪਰਮੇਸ਼ੁਰ ਨੂੰ ਤਾਂ ਨਹੀਂ ਮੰਨਦੇ?
ਕੀ ਅਸੀਂ ਕਿਸੇ ਅਣਜਾਣ ਪਰਮੇਸ਼ੁਰ ਨੂੰ ਤਾਂ ਨਹੀਂ ਮੰਨਦੇ?
ਜਰਮਨੀ ਵਿਚ ਤਿੰਨ ਲੋਕਾਂ ਵਿੱਚੋਂ ਦੋ ਜਣੇ ਪਰਮੇਸ਼ੁਰ ਵਿਚ ਵਿਸ਼ਵਾਸ ਕਰਦੇ ਹਨ। ਪਰ ਜਦੋਂ ਇਕ ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਪਰਮੇਸ਼ੁਰ ਦੀ ਸ਼ਖ਼ਸੀਅਤ ਬਾਰੇ ਦੱਸਣ, ਤਾਂ ਲਗਭਗ ਉਨ੍ਹਾਂ ਸਾਰਿਆਂ ਨੇ ਹੀ ਵੱਖੋ-ਵੱਖਰੇ ਵਿਚਾਰ ਜ਼ਾਹਰ ਕੀਤੇ। ਜਰਮਨੀ ਦੇ ਰਸਾਲੇ ਫੋਕੁਸ ਨੇ ਕਿਹਾ: “ਪਰਮੇਸ਼ੁਰ ਬਾਰੇ ਜਰਮਨੀ ਦੇ ਵੱਖੋ-ਵੱਖਰੇ ਲੋਕਾਂ ਦੇ ਵਿਚਾਰ ਵੀ ਵੱਖੋ-ਵੱਖਰੇ ਹਨ।” ਇਹ ਚੰਗੀ ਗੱਲ ਹੈ ਕਿ ਲੋਕ ਪਰਮੇਸ਼ੁਰ ਨੂੰ ਮੰਨਦੇ ਹਨ, ਪਰ ਕੀ ਇਹ ਅਫ਼ਸੋਸ ਦੀ ਗੱਲ ਨਹੀਂ ਹੈ ਕਿ ਉਹ ਪਰਮੇਸ਼ੁਰ ਦੀ ਸ਼ਖ਼ਸੀਅਤ ਬਾਰੇ ਜਾਣੇ ਬਗੈਰ ਹੀ ਉਸ ਵਿਚ ਵਿਸ਼ਵਾਸ ਕਰਦੇ ਹਨ?
ਪਰਮੇਸ਼ੁਰ ਦੇ ਸੁਭਾਅ ਜਾਂ ਸ਼ਖ਼ਸੀਅਤ ਬਾਰੇ ਇਹ ਵੱਖੋ-ਵੱਖਰੇ ਵਿਚਾਰ ਸਿਰਫ਼ ਜਰਮਨੀ ਵਿਚ ਹੀ ਸੁਣਨ ਨੂੰ ਨਹੀਂ ਮਿਲਦੇ, ਸਗੋਂ ਸਾਰੇ ਯੂਰਪ ਵਿਚ ਸੁਣੇ ਜਾ ਸਕਦੇ ਹਨ। ਆਸਟ੍ਰੀਆ, ਨੀਦਰਲੈਂਡਜ਼ ਅਤੇ ਵਲਾਇਤ ਵਿਚ ਇਕ ਸਰਵੇਖਣ ਕੀਤਾ ਗਿਆ ਜਿਸ ਵਿਚ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਪਰਮੇਸ਼ੁਰ “ਇਕ ਮਹਾਨ ਸ਼ਕਤੀ ਹੈ ਜਾਂ ਉਹ ਅਜਿਹਾ ਪਰਮੇਸ਼ੁਰ ਹੈ ਜਿਸ ਦੇ ਭੇਤ ਨੂੰ ਕੋਈ ਨਹੀਂ ਪਾ ਸਕਦਾ।” ਅਸਲ ਵਿਚ ਪਰਮੇਸ਼ੁਰ ਨੌਜਵਾਨਾਂ ਲਈ ਹੀ ਨਹੀਂ ਇਕ ਭੇਦ, ਪਰ ਉਨ੍ਹਾਂ ਲਈ ਵੀ ਜੋ ਪਰਮੇਸ਼ੁਰ ਵਿਚ ਵਿਸ਼ਵਾਸ ਕਰਦੇ ਹਨ।
ਕੀ ਤੁਸੀਂ ਪਰਮੇਸ਼ੁਰ ਨੂੰ ਨਿੱਜੀ ਤੌਰ ਤੇ ਜਾਣਦੇ ਹੋ?
ਕਿਸੇ ਬਾਰੇ ਜਾਣਕਾਰੀ ਹੋਣੀ ਅਤੇ ਕਿਸੇ ਨੂੰ ਨਿੱਜੀ ਤੌਰ ਤੇ ਜਾਣਨ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਜਦੋਂ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਕਿਸੇ ਬਾਰੇ ਜਾਣਕਾਰੀ ਹੈ, ਜਿਵੇਂ ਕਿਸੇ ਸਮਰਾਟ, ਚੋਟੀ ਦੇ ਖਿਡਾਰੀ ਜਾਂ ਕਿਸੇ ਫ਼ਿਲਮ ਸਟਾਰ ਬਾਰੇ ਜਾਣਕਾਰੀ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਉਸ ਬਾਰੇ ਥੋੜ੍ਹਾ-ਬਹੁਤ ਪਤਾ ਹੈ। ਪਰ ਕਿਸੇ ਨੂੰ ਨਿੱਜੀ ਤੌਰ ਤੇ ਜਾਣਨ ਵਿਚ ਬਹੁਤ ਕੁਝ ਸ਼ਾਮਲ ਹੁੰਦਾ ਹੈ। ਇਸ ਵਿਚ ਉਸ ਦੇ ਸੁਭਾਅ, ਚਾਲ-ਚਲਣ, ਜਜ਼ਬਾਤਾਂ, ਪਸੰਦ-ਨਾਪਸੰਦ ਅਤੇ ਭਵਿੱਖ ਬਾਰੇ ਉਸ ਦੀਆਂ ਯੋਜਨਾਵਾਂ ਬਾਰੇ ਜਾਣਨਾ ਸ਼ਾਮਲ ਹੈ। ਕਿਸੇ ਨੂੰ ਚੰਗੀ ਤਰ੍ਹਾਂ ਜਾਣਨ ਨਾਲ ਸਾਡਾ ਉਸ ਨਾਲ ਗੂੜ੍ਹਾ ਰਿਸ਼ਤਾ ਬਣ ਸਕਦਾ ਹੈ।
ਲੱਖਾਂ ਲੋਕਾਂ ਨੂੰ ਅਹਿਸਾਸ ਹੋਇਆ ਹੈ ਕਿ ਪਰਮੇਸ਼ੁਰ ਬਾਰੇ ਮਾੜੀ-ਮੋਟੀ ਜਾਣਕਾਰੀ ਹੋਣੀ ਕਾਫ਼ੀ ਨਹੀਂ ਹੈ। ਇਸ ਲਈ ਉਨ੍ਹਾਂ ਨੇ ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣਨ ਲਈ ਅੱਗੋਂ ਵੀ ਕਦਮ ਚੁੱਕੇ ਹਨ। ਕੀ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਕੋਈ ਫ਼ਾਇਦਾ ਹੋਇਆ? ਪੌਲ ਨਾਂ ਦਾ ਆਦਮੀ ਉੱਤਰੀ ਜਰਮਨੀ ਵਿਚ ਰਹਿੰਦਾ ਹੈ ਜੋ ਪਹਿਲਾਂ ਦੂਜੇ ਲੋਕਾਂ ਵਾਂਗ ਹੀ ਪਰਮੇਸ਼ੁਰ ਬਾਰੇ ਮਾੜਾ-ਮੋਟਾ ਜਾਣਦਾ ਸੀ। ਉਸ ਨੇ ਪਰਮੇਸ਼ੁਰ ਨੂੰ ਨਿੱਜੀ ਤੌਰ ਤੇ ਬਿਹਤਰ ਜਾਣਨ ਦਾ ਫ਼ੈਸਲਾ ਕੀਤਾ। ਪੌਲ ਕਹਿੰਦਾ ਹੈ: “ਇਹ ਤਾਂ ਠੀਕ ਹੈ ਕਿ ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣਨ ਲਈ ਸਮਾਂ ਲਾਉਣ ਤੇ ਮਿਹਨਤ ਕਰਨ ਦੀ ਲੋੜ ਹੈ, ਪਰ ਇਸ ਤਰ੍ਹਾਂ ਕਰਨ ਨਾਲ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਆਪਣੇ ਸਿਰਜਣਹਾਰ ਨਾਲ ਗੂੜ੍ਹਾ ਰਿਸ਼ਤਾ ਹੋਣ ਕਰਕੇ ਸਾਡੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਂਦੀ ਹੈ।”
ਪਰ ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣਨ ਲਈ ਇੰਨਾ ਸਮਾਂ ਲਾਉਣ ਜਾਂ ਮਿਹਨਤ ਕਰਨ ਦਾ ਕਿੰਨਾ ਕੁ ਫ਼ਾਇਦਾ ਹੋਵੇਗਾ? ਇਸ ਦੇ ਜਵਾਬ ਲਈ ਕਿਰਪਾ ਕਰ ਕੇ ਅਗਲਾ ਲੇਖ ਪੜ੍ਹੋ।
[ਸਫ਼ੇ 3 ਉੱਤੇ ਸੁਰਖੀ]
ਕਿਸੇ ਬਾਰੇ ਜਾਣਕਾਰੀ ਹੋਣੀ ਅਤੇ ਕਿਸੇ ਨੂੰ ਨਿੱਜੀ ਤੌਰ ਤੇ ਜਾਣਨ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ