ਇਨ੍ਹਾਂ ਨੇ ਜ਼ੁਲਮ ਦੇ ਅੱਗੇ ਹਾਰ ਨਹੀਂ ਮੰਨੀ
ਇਨ੍ਹਾਂ ਨੇ ਜ਼ੁਲਮ ਦੇ ਅੱਗੇ ਹਾਰ ਨਹੀਂ ਮੰਨੀ
ਫਰੀਡਾ ਯੈਸ ਦਾ ਜਨਮ 1911 ਵਿਚ ਡੈਨਮਾਰਕ ਵਿਚ ਹੋਇਆ ਸੀ। ਫਿਰ ਉਹ ਆਪਣੇ ਮਾਪਿਆਂ ਨਾਲ ਉੱਤਰੀ ਜਰਮਨੀ ਦੇ ਹੂਸਮ ਨਗਰ ਵਿਚ ਰਹਿਣ ਚਲੀ ਗਈ। ਕਾਫ਼ੀ ਸਾਲਾਂ ਬਾਅਦ ਉਹ ਮੈਗਡੇਬਰਗ ਵਿਚ ਨੌਕਰੀ ਕਰਨ ਲੱਗ ਪਈ ਅਤੇ 1930 ਵਿਚ ਉਸ ਨੇ ਬਾਈਬਲ ਸਟੂਡੈਂਟ ਬਣ ਕੇ ਬਪਤਿਸਮਾ ਲਿਆ। ਉਨੀਂ ਦਿਨੀਂ ਯਹੋਵਾਹ ਦੇ ਗਵਾਹਾਂ ਨੂੰ ਬਾਈਬਲ ਸਟੂਡੈਂਟਸ ਸੱਦਿਆ ਜਾਂਦਾ ਸੀ। ਸਾਲ 1933 ਵਿਚ ਹਿਟਲਰ ਦਾ ਰਾਜ ਸ਼ੁਰੂ ਹੋਇਆ। ਫਰੀਡਾ ਲਈ ਇਸ ਦਾ ਮਤਲਬ ਸੀ ਕਿ ਉਸ ਨੂੰ 23 ਸਾਲਾਂ ਤਕ ਇਕ ਨਹੀਂ, ਸਗੋਂ ਦੋ-ਦੋ ਤਾਨਾਸ਼ਾਹੀ ਹਕੂਮਤਾਂ ਵੱਲੋਂ ਅਤਿਆਚਾਰ ਸਹਿਣੇ ਪਏ ਸਨ।
ਮਾਰਚ 1933 ਵਿਚ ਜਰਮਨੀ ਦੀ ਸਰਕਾਰ ਨੇ ਇਲੈਕਸ਼ਨ ਦਾ ਪ੍ਰਬੰਧ ਕੀਤਾ। ਹੈਮਬਰਗ ਨੇੜੇ ਨੋਯੰਗਾਮਾ ਨਜ਼ਰਬੰਦੀ-ਕੈਂਪ ਦੇ ਮਿਊਜ਼ੀਅਮ ਤੋਂ ਇਕ ਮੁੱਖ ਇਤਿਹਾਸਕਾਰ ਨੇ ਕਿਹਾ: “ ਨੈਸ਼ਨਲ ਸੋਸ਼ਲਿਸਟ ਪਾਰਟੀ ਦੇ ਮੈਂਬਰ ਚਾਹੁੰਦੇ ਸਨ ਕਿ ਜ਼ਿਆਦਾ ਲੋਕ ਉਨ੍ਹਾਂ ਦੇ ਮੁੱਖ ਮੰਤਰੀ ਅਤੇ ਲੀਡਰ ਅਡੌਲਫ਼ ਹਿਟਲਰ ਨੂੰ ਵੋਟਾਂ ਪਾਉਣ।” ਯਹੋਵਾਹ ਦੇ ਗਵਾਹ ਰਾਜਨੀਤੀ ਵਿਚ ਨਿਰਪੱਖ ਰਹਿਣ ਅਤੇ ‘ਜਗਤ ਦੇ ਨਾ ਹੋਣ’ ਬਾਰੇ ਯਿਸੂ ਦੀ ਸਲਾਹ ਉੱਤੇ ਚੱਲੇ ਜਿਸ ਕਰਕੇ ਉਨ੍ਹਾਂ ਨੇ ਵੋਟਾਂ ਨਹੀਂ ਪਾਈਆਂ। ਇਸ ਦਾ ਨਤੀਜਾ ਕੀ ਨਿਕਲਿਆ? ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲਾ ਦਿੱਤੀ ਗਈ।—ਯੂਹੰਨਾ 17:16.
ਫਰੀਡਾ ਇਕ ਮਸੀਹੀ ਹੋਣ ਦੇ ਨਾਤੇ ਪਰਮੇਸ਼ੁਰ ਦੀ ਸੇਵਾ ਕਰਦੀ ਰਹੀ, ਪਰ ਛੁਪ-ਛੁਪ ਕੇ। ਉਸ ਨੇ ਪਹਿਰਾਬੁਰਜ ਰਸਾਲਾ ਛਾਪਣ ਵਿਚ ਵੀ ਮਦਦ ਕੀਤੀ। ਉਹ ਕਹਿੰਦੀ ਹੈ: “ਕੁਝ ਰਸਾਲੇ ਤਾਂ ਨਜ਼ਰਬੰਦੀ-ਕੈਂਪਾਂ ਵਿਚ ਸਾਡੇ ਮਸੀਹੀ ਭੈਣਾਂ-ਭਰਾਵਾਂ ਲਈ ਚੋਰੀ-ਚੋਰੀ ਲਿਜਾਏ ਜਾਂਦੇ ਸਨ। ਸਾਲ 1940 ਵਿਚ ਫਰੀਡਾ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਪੁਲਸ ਨੇ ਉਸ ਤੋਂ ਕਾਫ਼ੀ ਪੁੱਛ-ਗਿੱਛ ਕੀਤੀ। ਇਸ ਤੋਂ ਬਾਅਦ ਉਸ ਨੇ ਕਈ ਮਹੀਨੇ ਕਾਲ-ਕੋਠੜੀ ਵਿਚ ਕੱਟੇ। ਉਹ ਇਹ ਸਾਰਾ ਕੁਝ ਕਿਵੇਂ ਸਹਿ ਸਕੀ ਸੀ? ਉਹ ਦੱਸਦੀ ਹੈ ਕਿ “ਪ੍ਰਾਰਥਨਾ ਰਾਹੀਂ ਯਹੋਵਾਹ ਮੇਰਾ ਸਹਾਰਾ ਸੀ। ਮੈਂ ਤੜਕੇ ਉੱਠ ਕੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੰਦੀ ਸੀ ਅਤੇ ਦਿਨ ਵਿਚ ਕਈ ਵਾਰ ਪ੍ਰਾਰਥਨਾ ਕਰਦੀ ਰਹਿੰਦੀ ਸੀ। ਪ੍ਰਾਰਥਨਾ ਰਾਹੀਂ ਮੈਨੂੰ ਜ਼ਿਆਦਾ ਚਿੰਤਾ ਨਾ ਕਰਨ ਦੀ ਤਾਕਤ ਮਿਲੀ।”—ਫ਼ਿਲਿੱਪੀਆਂ 4:6, 7.
ਫਰੀਡਾ ਰਿਹਾ ਹੋ ਗਈ, ਪਰ 1944 ਵਿਚ ਪੁਲਸ ਨੇ ਉਸ ਨੂੰ ਫਿਰ ਗਿਰਫ਼ਤਾਰ ਕਰ ਲਿਆ। ਇਸ ਵਾਰ ਉਸ ਨੂੰ ਵਾਲਟਾਈਮ ਕੈਦਖ਼ਾਨੇ ਵਿਚ ਸੱਤ ਸਾਲਾਂ ਦੀ ਸਜ਼ਾ ਦਿੱਤੀ ਗਈ। ਫਰੀਡਾ ਕਹਿੰਦੀ ਹੈ: “ਜੇਲ੍ਹ ਦੇ ਚੌਕੀਦਾਰਾਂ ਨੇ ਮੈਨੂੰ ਹੋਰਨਾਂ ਔਰਤਾਂ ਨਾਲ ਗੁਸਲਖ਼ਾਨੇ ਸਾਫ਼ ਕਰਨ ਦਾ ਕੰਮ ਦੇ ਦਿੱਤਾ। ਮੈਂ ਅਕਸਰ ਚੈਕੋਸਲਵਾਕੀਆ ਦੀ ਇਕ ਔਰਤ ਨਾਲ ਕੰਮ ਕਰਦੀ ਹੁੰਦੀ ਸੀ। ਸੋ ਮੈਂ ਉਸ ਨਾਲ ਯਹੋਵਾਹ ਅਤੇ ਆਪਣੇ ਵਿਸ਼ਵਾਸਾਂ ਬਾਰੇ ਕਾਫ਼ੀ ਗੱਲਬਾਤ ਕੀਤੀ। ਇਨ੍ਹਾਂ ਗੱਲਾਂ-ਬਾਤਾਂ ਨੇ ਮੇਰੀ ਨਿਹਚਾ ਨੂੰ ਪੱਕੀ ਰੱਖਿਆ।”
ਥੋੜ੍ਹੀ ਦੇਰ ਲਈ ਆਜ਼ਾਦੀ
ਮਈ 1945 ਵਿਚ ਵਾਲਟਾਈਮ ਕੈਦਖ਼ਾਨਾ ਰੂਸੀ ਫ਼ੌਜਾਂ ਦੁਆਰਾ ਬੰਦ ਕਰ ਦਿੱਤਾ ਗਿਆ ਅਤੇ ਫਰੀਡਾ ਮੈਗਡੇਬਰਗ ਵਾਪਸ ਜਾਣ ਲਈ ਅਤੇ ਪ੍ਰਚਾਰ ਕਰਨ ਲਈ ਆਜ਼ਾਦ ਸੀ, ਪਰ ਇਹ ਸਿਰਫ਼ ਥੋੜ੍ਹੀ ਦੇਰ ਦੀ ਆਜ਼ਾਦੀ ਸੀ। ਯਹੋਵਾਹ ਦੇ ਗਵਾਹਾਂ ਦੀ ਫਿਰ ਤੋਂ ਵਿਰੋਧਤਾ ਕੀਤੀ ਗਈ, ਪਰ ਇਸ ਵਾਰ ਇਹ ਉਨ੍ਹਾਂ ਰੂਸੀ ਅਧਿਕਾਰੀਆਂ ਵੱਲੋਂ ਸੀ ਜਿਨ੍ਹਾਂ ਨੇ ਜਰਮਨੀ ਦੇ ਕੁਝ ਇਲਾਕਿਆਂ ਉੱਤੇ ਕਬਜ਼ਾ ਕੀਤਾ ਹੋਇਆ ਸੀ। ਹਾਨਾਹ-ਆਰੇਂਟ ਸੰਸਥਾ ਦੇ ਗ਼ੇਰਾਲਡ ਹੱਕਾ ਨੇ ਲਿਖਿਆ: “ਯਹੋਵਾਹ ਦੇ ਗਵਾਹ ਸਮਾਜ ਦੇ ਉਨ੍ਹਾਂ ਕੁਝ
ਲੋਕਾਂ ਵਿੱਚੋਂ ਸਨ ਜਿਨ੍ਹਾਂ ਉੱਤੇ ਜਰਮਨੀ ਵਿਚ ਦੋ ਤਾਨਾਸ਼ਾਹੀ ਹਕੂਮਤਾਂ ਨੇ ਲਗਾਤਾਰ ਅਤਿਆਚਾਰ ਕੀਤੇ ਸਨ।”ਉਨ੍ਹਾਂ ਦਾ ਫਿਰ ਤੋਂ ਵਿਰੋਧ ਕਿਉਂ ਕੀਤਾ ਗਿਆ ਸੀ? ਕਿਉਂਕਿ ਇਸ ਵਾਰ ਵੀ ਉਨ੍ਹਾਂ ਨੇ ਮਸੀਹੀ ਹੋਣ ਦੇ ਨਾਤੇ ਰਾਜਨੀਤੀ ਵਿਚ ਹਿੱਸਾ ਨਹੀਂ ਲਿਆ ਸੀ। ਸਾਲ 1948 ਵਿਚ ਪੂਰਬੀ ਜਰਮਨੀ ਦੀ ਸਰਕਾਰ ਨੇ ਸਾਰੇ ਲੋਕਾਂ ਨੂੰ ਵੋਟਾਂ ਪਾਉਣ ਲਈ ਮਜਬੂਰ ਕੀਤਾ, ‘ਪਰ ਯਹੋਵਾਹ ਦੇ ਗਵਾਹਾਂ ਨੇ ਵੋਟਾਂ ਨਹੀਂ ਪਾਈਆਂ, ਇਸ ਲਈ ਉਨ੍ਹਾਂ ਉੱਤੇ ਜ਼ੁਲਮ ਕੀਤੇ ਗਏ।’ ਅਗਸਤ 1950 ਵਿਚ ਪੂਰਬੀ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲਾ ਦਿੱਤੀ ਗਈ। ਸੈਂਕੜੇ ਗਵਾਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਫਰੀਡਾ ਵੀ ਇਨ੍ਹਾਂ ਵਿੱਚੋਂ ਇਕ ਸੀ।
ਫਰੀਡਾ ਨੂੰ ਅਦਾਲਤ ਵਿਚ ਲਿਜਾਇਆ ਗਿਆ ਅਤੇ ਉਸ ਨੂੰ ਛੇ ਸਾਲ ਕੈਦ ਦੀ ਸਜ਼ਾ ਦਿੱਤੀ ਗਈ। “ਇਸ ਵਾਰ ਮੈਂ ਆਪਣੇ ਭੈਣਾਂ-ਭਰਾਵਾਂ ਨਾਲ ਸੀ ਅਤੇ ਉਨ੍ਹਾਂ ਦੀ ਸੰਗਤ ਤੋਂ ਮੈਨੂੰ ਬਹੁਤ ਮਦਦ ਮਿਲੀ।” ਸਾਲ 1956 ਵਿਚ ਉਸ ਨੂੰ ਆਜ਼ਾਦ ਕਰ ਦਿੱਤਾ ਗਿਆ ਅਤੇ ਉਹ ਪੱਛਮੀ ਜਰਮਨੀ ਵਿਚ ਰਹਿਣ ਚਲੀ ਗਈ। ਫਰੀਡਾ ਹੁਣ 90 ਸਾਲਾਂ ਦੀ ਹੈ ਅਤੇ ਹੂਸਮ ਵਿਚ ਰਹਿੰਦੀ ਹੈ ਜਿੱਥੇ ਉਹ ਹਾਲੇ ਵੀ ਸੱਚੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰ ਰਹੀ ਹੈ।
ਫਰੀਡਾ ਨੇ ਦੋ ਤਾਨਾਸ਼ਾਹੀ ਹਕੂਮਤਾਂ ਦੇ ਹੱਥੋਂ ਜ਼ੁਲਮ ਸਹੇ। “ਨਾਜ਼ੀ ਹਕੂਮਤ ਨੇ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਕਮਿਊਨਿਸਟ ਹਕੂਮਤ ਨੇ ਮੇਰਾ ਹੌਸਲਾ ਢਾਹੁਣ ਦੀ। ਮੈਨੂੰ ਇਹ ਸਭ ਕੁਝ ਸਹਾਰਨ ਦੀ ਤਾਕਤ ਕਿੱਥੋਂ ਮਿਲੀ? ਜਦੋਂ ਮੈਂ ਆਜ਼ਾਦ ਸੀ, ਤਾਂ ਬਾਈਬਲ ਦਾ ਚੰਗੀ ਤਰ੍ਹਾਂ ਅਧਿਐਨ ਕਰਨ ਦੀ ਮੇਰੀ ਆਦਤ ਸੀ। ਜਦੋਂ ਮੈਂ ਇਕੱਲੀ ਹੁੰਦੀ ਸੀ, ਤਾਂ ਮੈਂ ਪ੍ਰਾਰਥਨਾ ਕਰਦੀ ਰਹਿੰਦੀ ਸੀ। ਜਦੋਂ ਵੀ ਮੈਨੂੰ ਮੌਕਾ ਮਿਲਦਾ, ਤਾਂ ਮੈਂ ਆਪਣੇ ਭੈਣਾਂ-ਭਰਾਵਾਂ ਨਾਲ ਸੰਗਤ ਰੱਖਦੀ ਅਤੇ ਦੂਸਰਿਆਂ ਲੋਕਾਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲਾਂ ਕਰਦੀ ਸੀ।”
ਹੰਗਰੀ ਵਿਚ ਫਾਸ਼ੀਵਾਦ
ਹੰਗਰੀ ਇਕ ਹੋਰ ਦੇਸ਼ ਹੈ ਜਿੱਥੇ ਯਹੋਵਾਹ ਦੇ ਗਵਾਹਾਂ ਨੇ ਕਈ ਸਾਲਾਂ ਤਕ ਬਹੁਤ ਜ਼ੁਲਮ ਸਹੇ ਸਨ। ਕੁਝ ਲੋਕਾਂ ਨੇ ਦੋ ਨਹੀਂ, ਸਗੋਂ ਤਿੰਨ-ਤਿੰਨ ਤਾਨਾਸ਼ਾਹੀ ਹਕੂਮਤਾਂ ਦੇ ਹੱਥੋਂ ਅਤਿਆਚਾਰ ਸਹੇ। ਇਨ੍ਹਾਂ ਵਿੱਚੋਂ ਇਕ ਮਿਸਾਲ ਆਦਮ ਸਿੰਗਰ ਦੀ ਹੈ। ਆਦਮ ਦਾ ਜਨਮ 1922 ਵਿਚ ਪੈਕਸ਼, ਹੰਗਰੀ ਵਿਚ ਹੋਇਆ ਸੀ ਅਤੇ ਉਸ ਦਾ ਪਰਿਵਾਰ ਪ੍ਰੋਟੈਸਟੈਂਟ ਸੀ। ਸਾਲ 1937 ਵਿਚ ਕੁਝ ਬਾਈਬਲ ਸਟੂਡੈਂਟਸ ਆਦਮ ਦੇ ਘਰ ਆਏ ਅਤੇ ਉਸ ਨੇ ਉਨ੍ਹਾਂ ਦੇ ਸੰਦੇਸ਼ ਵਿਚ ਦਿਲਚਸਪੀ ਲਈ। ਉਸ ਨੇ ਬਾਈਬਲ ਤੋਂ ਜੋ ਕੁਝ ਸਿੱਖਿਆ, ਉਸ ਤੋਂ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਚਰਚ ਦੀਆਂ ਸਿੱਖਿਆਵਾਂ ਬਾਈਬਲ ਦੇ ਅਨੁਸਾਰ ਨਹੀਂ ਸਨ। ਇਸ ਲਈ ਉਹ ਪ੍ਰੋਟੈਸਟੈਂਟ ਚਰਚ ਛੱਡ ਕੇ ਬਾਈਬਲ ਸਟੂਡੈਂਟਸ ਨਾਲ ਰਲ ਗਿਆ ਅਤੇ ਪ੍ਰਚਾਰ ਕਰਨ ਲੱਗ ਪਿਆ।
ਹੰਗਰੀ ਵਿਚ ਫਾਸ਼ੀਵਾਦ ਦਾ ਪ੍ਰਭਾਵ ਫੈਲ ਰਿਹਾ ਸੀ। ਪੁਲਸ ਨੇ ਕਈ ਵਾਰੀ ਆਦਮ ਨੂੰ ਘਰ-ਘਰ ਪ੍ਰਚਾਰ ਕਰਦੇ ਹੋਏ ਦੇਖਿਆ ਸੀ ਜਿਸ ਕਰਕੇ ਪੁੱਛ-ਗਿੱਛ ਕਰਨ ਲਈ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ। ਗਵਾਹਾਂ ਲਈ ਦਿਨ-ਬ-ਦਿਨ ਹਾਲਤ ਵਿਗੜਦੀ ਗਈ ਅਤੇ 1939 ਵਿਚ ਉਨ੍ਹਾਂ ਦੇ ਕੰਮ ਉੱਤੇ ਪਾਬੰਦੀ ਲਾ ਦਿੱਤੀ ਗਈ। ਸਾਲ 1942 ਵਿਚ ਆਦਮ ਨੂੰ ਗਿਰਫ਼ਤਾਰ ਕਰ ਕੇ ਜੇਲ੍ਹ ਲਿਜਾਇਆ ਗਿਆ ਅਤੇ ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਗਿਆ। ਉਸ ਸਮੇਂ ਉਹ ਸਿਰਫ਼ 19 ਸਾਲਾਂ ਦਾ ਸੀ। ਉਸ ਨੂੰ ਜ਼ੁਲਮ ਸਹਿਣ ਅਤੇ ਜੇਲ੍ਹ ਵਿਚ ਸਜ਼ਾ ਕੱਟਣ ਦੀ ਹਿੰਮਤ ਕਿੱਥੋਂ ਮਿਲੀ? “ਜਦੋਂ ਮੈਂ ਅਜੇ ਘਰ ਸੀ, ਤਾਂ ਮੈਂ ਧਿਆਨ ਨਾਲ ਬਾਈਬਲ ਪੜ੍ਹਦਾ ਹੁੰਦਾ ਸੀ ਅਤੇ ਮੈਂ ਯਹੋਵਾਹ ਦੇ ਮਕਸਦਾਂ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਿਆ ਸੀ।” ਜਦੋਂ ਆਦਮ ਜੇਲ੍ਹ ਤੋਂ ਰਿਹਾ ਹੋਇਆ, ਤਾਂ ਉਸ ਨੇ ਯਹੋਵਾਹ ਦੇ ਇਕ ਗਵਾਹ ਵਜੋਂ ਬਪਤਿਸਮਾ ਲੈਣ ਦਾ ਫ਼ੈਸਲਾ ਕੀਤਾ। ਅਗਸਤ 1942 ਵਿਚ ਉਸ ਨੇ ਰਾਤ ਨੂੰ ਆਪਣੇ ਘਰ ਲਾਗੇ ਇਕ ਨਦੀ ਵਿਚ ਬਪਤਿਸਮਾ ਲੈ ਲਿਆ।
ਹੰਗਰੀ ਵਿਚ ਕੈਦ, ਸਰਬੀਆ ਵਿਚ ਲੇਬਰ ਕੈਂਪ
ਦੂਜੇ ਵਿਸ਼ਵ ਯੁੱਧ ਦੌਰਾਨ ਹੰਗਰੀ ਨੇ ਜਰਮਨੀ ਨਾਲ ਮਿਲ ਕੇ ਸੋਵੀਅਤ ਸੰਘ ਦਾ ਵਿਰੋਧ ਕੀਤਾ। ਸਾਲ 1942 ਦੇ ਪਤਝੜ ਵਿਚ ਆਦਮ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਬੁਲਾਇਆ ਗਿਆ। ਉਹ ਦੱਸਦਾ ਹੈ: “ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਫ਼ੌਜ ਵਿਚ ਸੇਵਾ ਨਹੀਂ ਕਰ ਸਕਦਾ। ਮੈਂ ਸਮਝਾਇਆ ਕਿ ਬਾਈਬਲ ਤੋਂ ਸਿੱਖਿਆ ਲੈਣ ਕਰਕੇ ਮੈਂ ਅਜਿਹਿਆਂ ਮਾਮਲਿਆਂ ਵਿਚ ਕੋਈ ਹਿੱਸਾ ਨਹੀਂ ਲੈਂਦਾ।” ਉਸ ਨੂੰ 11 ਸਾਲ ਕੈਦ ਦੀ ਸਜ਼ਾ ਦਿੱਤੀ ਗਈ। ਪਰ ਆਦਮ ਬਹੁਤਾ ਚਿਰ ਹੰਗਰੀ ਵਿਚ ਨਹੀਂ ਰਿਹਾ।
ਸਾਲ 1943 ਵਿਚ ਲਗਭਗ 160 ਯਹੋਵਾਹ ਦੇ ਗਵਾਹਾਂ ਨੂੰ ਇਕੱਠਾ ਕੀਤਾ ਗਿਆ ਅਤੇ ਕਿਸ਼ਤੀਆਂ ਵਿਚ ਬਿਠਾ ਕੇ ਡੈਨਿਊਬ ਨਦੀ ਰਾਹੀਂ ਸਰਬੀਆ ਨੂੰ ਭੇਜਿਆ ਗਿਆ। ਆਦਮ ਉਨ੍ਹਾਂ ਵਿੱਚੋਂ ਇਕ ਸੀ। ਸਰਬੀਆ ਵਿਚ ਇਹ ਕੈਦੀ ਹਿਟਲਰ ਦੇ ਨਾਜ਼ੀ ਰਾਜ ਦੇ ਕਬਜ਼ੇ ਵਿਚ ਸਨ। ਉਨ੍ਹਾਂ ਨੂੰ ਇਕ ਲੇਬਰ ਕੈਂਪ ਵਿਚ ਬੰਦ ਰੱਖਿਆ ਗਿਆ ਅਤੇ ਤਾਂਬੇ ਦੀ ਖਾਣ ਵਿਚ ਉਨ੍ਹਾਂ ਤੋਂ ਕੰਮ ਕਰਾਇਆ ਗਿਆ। ਤਕਰੀਬਨ ਇਕ ਸਾਲ ਬਾਅਦ ਉਨ੍ਹਾਂ ਨੂੰ ਹੰਗਰੀ ਵਾਪਸ ਭੇਜਿਆ ਗਿਆ। ਉੱਥੇ 1945 ਦੀ ਬਸੰਤ ਵਿਚ ਰੂਸੀ ਫ਼ੌਜਾਂ ਨੇ ਆਦਮ ਨੂੰ ਆਜ਼ਾਦ ਕਰ ਦਿੱਤਾ।
ਹੰਗਰੀ ਵਿਚ ਕਮਿਊਨਿਸਟ ਹਕੂਮਤ
ਇਹ ਆਜ਼ਾਦੀ ਬਹੁਤਾ ਚਿਰ ਨਹੀਂ ਰਹੀ। ਹੰਗਰੀ ਵਿਚ ਕਮਿਊਨਿਸਟ ਅਧਿਕਾਰੀਆਂ ਨੇ 1940 ਦੇ ਦਹਾਕੇ ਦੇ ਅੰਤ ਤੇ ਯਹੋਵਾਹ ਦੇ ਗਵਾਹਾਂ ਦੇ ਕੰਮ ਨੂੰ ਰੋਕ ਦਿੱਤਾ ਜਿਸ ਤਰ੍ਹਾਂ ਯੁੱਧ ਤੋਂ ਪਹਿਲਾਂ ਫਾਸ਼ੀਆਂ ਨੇ ਕੀਤਾ ਸੀ। ਸਾਲ 1952 ਵਿਚ ਆਦਮ 29 ਸਾਲਾਂ ਦਾ ਸੀ, ਉਹ ਸ਼ਾਦੀ-ਸ਼ੁਦਾ ਸੀ ਅਤੇ ਉਸ ਦੇ ਦੋ ਬੱਚੇ ਸਨ। ਉਸ ਸਾਲ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਇਕ ਵਾਰ ਫਿਰ ਉਸ
ਨੂੰ ਸਜ਼ਾ ਦਿੱਤੀ ਗਈ ਕਿਉਂਕਿ ਉਸ ਨੇ ਫ਼ੌਜ ਵਿਚ ਸੇਵਾ ਕਰਨ ਤੋਂ ਇਨਕਾਰ ਕੀਤਾ ਸੀ। ਆਦਮ ਨੇ ਅਦਾਲਤ ਵਿਚ ਕਿਹਾ: “ਮੈਂ ਇਹ ਪਹਿਲੀ ਵਾਰ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਨਹੀਂ ਕਰ ਰਿਹਾ। ਮੈਨੂੰ ਇਸੇ ਕਰਕੇ ਯੁੱਧ ਦੌਰਾਨ ਕੈਦ ਕੀਤਾ ਗਿਆ ਸੀ ਅਤੇ ਮੈਨੂੰ ਜ਼ਬਰਦਸਤੀ ਸਰਬੀਆ ਭੇਜਿਆ ਗਿਆ ਸੀ। ਮੈਂ ਆਪਣੀ ਜ਼ਮੀਰ ਕਰਕੇ ਫ਼ੌਜ ਵਿਚ ਸੇਵਾ ਨਹੀਂ ਕਰ ਸਕਦਾ। ਮੈਂ ਯਹੋਵਾਹ ਦਾ ਇਕ ਗਵਾਹ ਹਾਂ ਅਤੇ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦਾ।” ਆਦਮ ਨੂੰ ਅੱਠ ਸਾਲ ਕੈਦ ਦੀ ਸਜ਼ਾ ਸੁਣਾਈ ਗਈ, ਪਰ ਬਾਅਦ ਵਿਚ ਇਹ ਸਜ਼ਾ ਘਟਾ ਕੇ ਚਾਰ ਸਾਲ ਕਰ ਦਿੱਤੀ ਗਈ।ਆਦਮ ਉੱਤੇ ਉਸ ਦੇ ਮਜ਼ਹਬ ਕਰਕੇ 1970 ਦੇ ਦਹਾਕੇ ਤਕ ਜ਼ੁਲਮ ਹੁੰਦੇ ਰਹੇ। ਯਾਦ ਰੱਖੋ ਕਿ ਬਾਈਬਲ ਸਟੂਡੈਂਟਸ ਇਸ ਤੋਂ ਲਗਭਗ 35 ਸਾਲ ਪਹਿਲਾਂ ਉਸ ਦੇ ਘਰ ਆਏ ਸਨ। ਇਸ ਸਮੇਂ ਦੌਰਾਨ, ਉਸ ਨੂੰ ਛੇ ਅਦਾਲਤਾਂ ਵਿਚ 23 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਉਸ ਨੂੰ ਘੱਟੋ-ਘੱਟ ਦਸ ਕੈਦਖ਼ਾਨਿਆਂ ਅਤੇ ਕੈਂਪਾਂ ਵਿਚ ਬੰਦ ਕੀਤਾ ਗਿਆ। ਉਸ ਨੇ ਲਗਾਤਾਰ ਤਿੰਨ ਹਕੂਮਤਾਂ ਅਧੀਨ ਅਤਿਆਚਾਰ ਸਹੇ—ਯੁੱਧ ਤੋਂ ਪਹਿਲਾਂ ਹੰਗਰੀ ਵਿਚ ਫਾਸ਼ੀਵਾਦ, ਸਰਬੀਆ ਵਿਚ ਨਾਜ਼ੀ ਅਤੇ ਹੰਗਰੀ ਵਿਚ ਕਮਿਊਨਿਸਟ।
ਆਦਮ ਅੱਜ ਪੈਕਸ਼ ਨਗਰ ਵਿਚ ਰਹਿੰਦਾ ਹੈ ਅਤੇ ਅਜੇ ਵੀ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਹੈ। ਕੀ ਉਸ ਵਿਚ ਕੋਈ ਖ਼ਾਸ ਯੋਗਤਾਵਾਂ ਹਨ ਜਿਨ੍ਹਾਂ ਕਰਕੇ ਉਸ ਨੇ ਅਜਿਹੀਆਂ ਮੁਸੀਬਤਾਂ ਦੇ ਬਾਵਜੂਦ ਹਾਰ ਨਹੀਂ ਮੰਨੀ? ਨਹੀਂ। ਉਹ ਸਮਝਾਉਂਦਾ ਹੈ:
“ਬਾਈਬਲ ਦਾ ਅਧਿਐਨ, ਪ੍ਰਾਰਥਨਾ ਅਤੇ ਮਸੀਹੀ ਭੈਣਾਂ-ਭਰਾਵਾਂ ਨਾਲ ਸੰਗਤ ਬਹੁਤ ਜ਼ਰੂਰੀ ਚੀਜ਼ਾਂ ਸਨ। ਪਰ ਮੈਂ ਦੋ ਹੋਰ ਗੱਲਾਂ ਬਾਰੇ ਵੀ ਦੱਸਣਾ ਚਾਹੁੰਦਾ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਯਹੋਵਾਹ ਹੀ ਤਾਕਤ ਦਿੰਦਾ ਹੈ। ਉਸ ਨਾਲ ਗੂੜ੍ਹਾ ਰਿਸ਼ਤਾ ਹੋਣ ਕਰਕੇ ਮੈਂ ਬਚ ਸਕਿਆ। ਦੂਜੀ ਗੱਲ ਹੈ ਕਿ ਮੈਂ ਬਾਈਬਲ ਵਿਚ ਰੋਮੀਆਂ ਦਾ 12ਵਾਂ ਅਧਿਆਇ ਹਮੇਸ਼ਾ ਮਨ ਵਿਚ ਰੱਖਿਆ ਜਿੱਥੇ ਲਿਖਿਆ ਹੈ: ‘ਆਪਣਾ ਬਦਲਾ ਨਾ ਲਓ।’ ਇਸ ਲਈ ਮੈਂ ਕਦੀ ਵੀ ਕਿਸੇ ਤੋਂ ਬਦਲਾ ਨਹੀਂ ਲੈਣਾ ਚਾਹਿਆ। ਕਈ ਵਾਰੀ ਮੈਨੂੰ ਜ਼ੁਲਮ ਕਰਨ ਵਾਲਿਆਂ ਤੋਂ ਬਦਲਾ ਲੈਣ ਦਾ ਮੌਕਾ ਵੀ ਮਿਲਿਆ, ਪਰ ਮੈਂ ਕਦੀ ਨਹੀਂ ਲਿਆ। ਯਹੋਵਾਹ ਵੱਲੋਂ ਮਿਲੀ ਤਾਕਤ ਨਾਲ ਸਾਨੂੰ ਬੁਰਾਈ ਦੇ ਵੱਟੇ ਬੁਰਾਈ ਨਹੀਂ ਕਰਨੀ ਚਾਹੀਦੀ।”
ਜ਼ੁਲਮ ਦਾ ਅੰਤ
ਫਰੀਡਾ ਅਤੇ ਆਦਮ ਹੁਣ ਬਿਨਾਂ ਰੁਕਾਵਟ ਯਹੋਵਾਹ ਦੀ ਭਗਤੀ ਕਰ ਸਕਦੇ ਹਨ। ਪਰ ਇਨ੍ਹਾਂ ਦੀਆਂ ਕਹਾਣੀਆਂ ਤੋਂ ਲੋਕਾਂ ਦੇ ਮਜ਼ਹਬ ਕਰਕੇ ਉਨ੍ਹਾਂ ਉੱਤੇ ਜ਼ੁਲਮ ਕਰਨ ਬਾਰੇ ਸਾਨੂੰ ਕੀ ਪਤਾ ਲੱਗਦਾ ਹੈ? ਇਹ ਕਿ ਜਦੋਂ ਸੱਚੇ ਮਸੀਹੀਆਂ ਉੱਤੇ ਜ਼ੁਲਮ ਕੀਤੇ ਜਾਂਦੇ ਹਨ, ਤਾਂ ਇਹ ਬਿਲਕੁਲ ਅਸਫ਼ਲ ਹੁੰਦੇ ਹਨ। ਭਾਵੇਂ ਕਿ ਯਹੋਵਾਹ ਦੇ ਗਵਾਹਾਂ ਉੱਤੇ ਅਤਿਆਚਾਰ ਕਰਨ ਲਈ ਬਹੁਤ ਖ਼ਰਚਾ ਹੋਇਆ ਅਤੇ ਗਵਾਹਾਂ ਨੂੰ ਬਹੁਤ ਦੁੱਖ ਸਹਿਣੇ ਪਏ, ਫਿਰ ਵੀ ਜ਼ੁਲਮ ਕਰਨ ਦਾ ਟੀਚਾ ਨਾਕਾਮਯਾਬ ਰਿਹਾ। ਅੱਜ ਯਹੋਵਾਹ ਦੇ ਗਵਾਹ ਯੂਰਪ ਵਿਚ ਵੱਧ-ਫੁੱਲ ਰਹੇ ਹਨ ਜਿੱਥੇ ਇਕ ਸਮੇਂ ਦੋ ਵੱਡੀਆਂ ਤਾਨਾਸ਼ਾਹੀ ਹਕੂਮਤਾਂ ਨੇ ਰਾਜ ਕੀਤਾ ਸੀ।
ਗਵਾਹਾਂ ਨੇ ਜ਼ੁਲਮ ਕਿਸ ਤਰ੍ਹਾਂ ਸਹਾਰਿਆ ਸੀ? ਜਿਸ ਤਰ੍ਹਾਂ ਅਸੀਂ ਫਰੀਡਾ ਅਤੇ ਆਦਮ ਦੀਆਂ ਕਹਾਣੀਆਂ ਤੋਂ ਦੇਖ ਸਕਦੇ ਹਾਂ ਕਿ ਉਨ੍ਹਾਂ ਨੇ ਬਾਈਬਲ ਦੀ ਇਹ ਸਲਾਹ ਲਾਗੂ ਕੀਤੀ ਸੀ: “ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।” (ਰੋਮੀਆਂ 12:21) ਕੀ ਬੁਰਿਆਈ ਨੂੰ ਸੱਚ-ਮੁੱਚ ਜਿੱਤਿਆ ਜਾ ਸਕਦਾ ਹੈ? ਜੀ ਹਾਂ, ਇਸ ਤਰ੍ਹਾਂ ਹੋ ਸਕਦਾ ਹੈ ਜੇ ਪਰਮੇਸ਼ੁਰ ਉੱਤੇ ਸਾਡੀ ਨਿਹਚਾ ਪੱਕੀ ਹੋਵੇ। ਯੂਰਪ ਵਿਚ ਯਹੋਵਾਹ ਦੇ ਗਵਾਹਾਂ ਨੇ ਜ਼ੁਲਮ ਅੱਗੇ ਹਾਰ ਨਹੀਂ ਮੰਨੀ ਅਤੇ ਇਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਜਿੱਤ ਸੀ। ਇਸ ਤੋਂ ਦੇਖਿਆ ਗਿਆ ਕਿ ਪਵਿੱਤਰ ਆਤਮਾ ਨਿਮਰ ਮਸੀਹੀਆਂ ਵਿਚ ਅਜਿਹੀ ਨਿਹਚਾ ਪੈਦਾ ਕਰ ਸਕਦੀ ਹੈ ਜਿਸ ਨਾਲ ਉਹ ਭਲਾਈ ਕਰ ਸਕਦੇ ਹਨ। (ਗਲਾਤੀਆਂ 5:22, 23) ਇਹੀ ਜ਼ਰੂਰੀ ਸਬਕ ਹੈ ਜੋ ਅੱਜ ਦੀ ਹਿੰਸਕ ਦੁਨੀਆਂ ਵਿਚ ਹਰੇਕ ਇਨਸਾਨ ਸਿੱਖ ਸਕਦਾ ਹੈ।
[ਸਫ਼ੇ 5 ਉੱਤੇ ਤਸਵੀਰ]
ਫਰੀਡਾ ਯੈਸ (ਹੁਣ ਟੀਲਾ) ਜਦੋਂ ਉਹ ਗਿਰਫ਼ਤਾਰ ਕੀਤੀ ਗਈ ਸੀ ਅਤੇ ਅੱਜ
[ਸਫ਼ੇ 7 ਉੱਤੇ ਤਸਵੀਰ]
ਆਦਮ ਸਿੰਗਰ ਜਦੋਂ ਉਸ ਨੂੰ ਕੈਦ ਕੀਤਾ ਗਿਆ ਸੀ ਅਤੇ ਅੱਜ