ਅਸੀਂ ਸਹੀ ਧਾਰਮਿਕ ਕਦਰਾਂ-ਕੀਮਤਾਂ ਕਿੱਥੋਂ ਸਿੱਖ ਸਕਦੇ ਹਾਂ?
ਅਸੀਂ ਸਹੀ ਧਾਰਮਿਕ ਕਦਰਾਂ-ਕੀਮਤਾਂ ਕਿੱਥੋਂ ਸਿੱਖ ਸਕਦੇ ਹਾਂ?
“ਜੇ ਅਸੀਂ ਕਿਸੇ ਧਰਮ ਨੂੰ ਸਿਰਫ਼ ਇਸ ਲਈ ਮੰਨਦੇ ਹਾਂ ਕਿ ਸਾਡੇ ਦਾਦੇ-ਪੜਦਾਦੇ ਇਸ ਨੂੰ ਮੰਨਦੇ ਸਨ, ਤਾਂ ਫਿਰ ਅਸੀਂ ਅੱਜ ਉਸ ਪ੍ਰਾਚੀਨ ਕੈੱਲਟਿਕ ਧਰਮ ਨੂੰ ਕਿਉਂ ਨਹੀਂ ਮੰਨਦੇ ਜਿਸ ਨੂੰ ਸਾਡੇ ਪੂਰਵਜ 2,000 ਸਾਲ ਪਹਿਲਾਂ ਮੰਨਦੇ ਸਨ?” ਰੋਡੌਲਫ਼ ਨੇ ਵਿਅੰਗ ਨਾਲ ਪੁੱਛਿਆ। ਇਹ ਗੱਲ ਸੁਣ ਕੇ ਉਸ ਦਾ ਨੌਜਵਾਨ ਦੋਸਤ ਮੁਸਕਰਾਇਆ ਕਿਉਂਕਿ ਅੱਜ ਪੱਛਮੀ ਯੂਰਪ ਵਿਚ ਕੈੱਲਟਿਕ ਧਰਮ ਨੂੰ ਕੋਈ ਨਹੀਂ ਮੰਨਦਾ।
ਰੋਡੌਲਫ਼ ਅੱਗੇ ਕਹਿੰਦਾ ਹੈ: “ਮੈਨੂੰ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਬਹੁਤ ਹੀ ਅਜ਼ੀਜ਼ ਹੈ। ਮੈਂ ਇਸ ਗੱਲ ਦੇ ਬਿਲਕੁਲ ਖ਼ਿਲਾਫ਼ ਹਾਂ ਕਿ ਕਿਉਂਕਿ ਮੇਰੇ ਪਰਿਵਾਰ ਦੇ ਮੈਂਬਰ ਸੈਂਕੜੇ ਸਾਲ ਪਹਿਲਾਂ ਕਿਸੇ ਧਰਮ ਨੂੰ ਮੰਨਦੇ ਸਨ, ਤਾਂ ਮੈਨੂੰ ਵੀ ਮਜਬੂਰਨ ਉਸੇ ਧਰਮ ਦੀਆਂ ਰਸਮਾਂ-ਰੀਤਾਂ ਨੂੰ ਮੰਨਣਾ ਪਵੇਗਾ।” ਰੋਡੌਲਫ਼ ਇਕ ਵਿਚਾਰਸ਼ੀਲ ਵਿਅਕਤੀ ਹੈ; ਉਸ ਲਈ ਧਰਮ ਇਕ ਗੰਭੀਰ ਮਾਮਲਾ ਹੈ ਜੋ ਸਿਰਫ਼ ਮਾਤਾ-ਪਿਤਾ ਤੋਂ ਮਿਲੀ ਇਕ ਵਿਰਾਸਤ ਹੀ ਨਹੀਂ ਹੈ।
ਅੱਜ ਜ਼ਿਆਦਾਤਰ ਲੋਕ ਆਪਣੇ ਦਾਦੇ-ਪੜਦਾਦਿਆਂ ਦੇ ਹੀ ਧਰਮ ਨੂੰ ਮੰਨਦੇ ਹਨ, ਭਾਵੇਂ ਕਿ ਨਵੀਂ ਪੀੜ੍ਹੀ ਦੇ ਲੋਕ ਹੁਣ ਇਸ ਰੀਤ ਤੋਂ ਦੂਰ ਹੁੰਦੇ ਜਾ ਰਹੇ ਹਨ। ਪਰ ਕੀ ਆਪਣੇ ਮਾਤਾ-ਪਿਤਾ ਦੀਆਂ ਧਾਰਮਿਕ ਕਦਰਾਂ-ਕੀਮਤਾਂ ਨੂੰ ਅੰਨ੍ਹੇਵਾਹ ਮੰਨ ਲੈਣਾ ਹਮੇਸ਼ਾ ਸਹੀ ਹੁੰਦਾ ਹੈ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?
ਉਜਾੜ ਵਿਚ 40 ਸਾਲ ਘੁੰਮਣ ਮਗਰੋਂ, ਇਸਰਾਏਲੀਆਂ ਦੇ ਆਗੂ ਯਹੋਸ਼ੁਆ ਨੇ ਉਨ੍ਹਾਂ ਅੱਗੇ ਇਹ ਚੋਣ ਰੱਖੀ ਸੀ: “ਜੇ ਤੁਹਾਡੀ ਨਿਗਾਹ ਵਿੱਚ ਯਹੋਵਾਹ ਦੀ ਉਪਾਸਨਾ ਬੁਰੀ ਹੈ ਤਾਂ ਅੱਜ ਤੁਸੀਂ ਉਸ ਨੂੰ ਚੁਣ ਲਓ ਜਿਹ ਦੀ ਉਪਾਸਨਾ ਤੁਸੀਂ ਕਰੋਗੇ ਭਾਵੇਂ ਓਹ ਦੇਵਤੇ ਜਿਨ੍ਹਾਂ ਦੀ ਤੁਹਾਡੇ ਪਿਉ ਦਾਦੇ ਜਦ ਓਹ ਦਰਿਆ ਪਾਰ ਸਨ ਉਪਾਸਨਾ ਕਰਦੇ ਸਨ, ਭਾਵੇਂ ਅਮੋਰੀਆਂ ਦੇ ਦੇਵਤਿਆਂ ਦੀ ਜਿਨ੍ਹਾਂ ਦੇ ਦੇਸ ਵਿੱਚ ਤੁਸੀਂ ਵੱਸਦੇ ਹੋ ਪਰ ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।”—ਯਹੋਸ਼ੁਆ 24:15.
ਯਹੋਸ਼ੁਆ ਨੇ ਜਿਹੜੇ ਪਿਉ-ਦਾਦਿਆਂ ਦੀ ਗੱਲ ਕੀਤੀ ਸੀ, ਉਨ੍ਹਾਂ ਵਿੱਚੋਂ ਇਕ ਸੀ ਅਬਰਾਹਾਮ ਦਾ ਪਿਤਾ ਤਰਹ। ਤਰਹ ਊਰ ਨਾਂ ਦੇ ਨਗਰ ਵਿਚ ਰਹਿੰਦਾ ਸੀ ਜੋ ਉਸ ਸਮੇਂ ਫਰਾਤ ਦਰਿਆ ਦੇ ਪੂਰਬ ਵੱਲ ਸਥਿਤ ਸੀ। ਬਾਈਬਲ ਵਿਚ ਤਰਹ ਬਾਰੇ ਜ਼ਿਆਦਾ ਕੁਝ ਨਹੀਂ ਦੱਸਿਆ ਗਿਆ ਹੈ, ਪਰ ਇਹ ਇੰਨਾ ਜ਼ਰੂਰ ਦੱਸਦੀ ਹੈ ਕਿ ਤਰਹ ਦੂਸਰੇ ਦੇਵਤਿਆਂ ਦੀ ਪੂਜਾ ਕਰਦਾ ਸੀ। (ਯਹੋਸ਼ੁਆ 24:2) ਉਸ ਦੇ ਪੁੱਤਰ ਅਬਰਾਹਾਮ ਨੂੰ ਪਰਮੇਸ਼ੁਰ ਦੇ ਮਕਸਦਾਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ, ਪਰ ਫਿਰ ਵੀ ਉਹ ਯਹੋਵਾਹ ਦੇ ਕਹਿਣ ਤੇ ਆਪਣਾ ਘਰ ਅਤੇ ਸ਼ਹਿਰ ਛੱਡਣ ਲਈ ਤਿਆਰ ਹੋ ਗਿਆ ਸੀ। ਜੀ ਹਾਂ, ਅਬਰਾਹਾਮ ਨੇ ਆਪਣੇ ਪਿਤਾ ਦੇ ਧਰਮ ਤੋਂ ਵੱਖਰਾ ਇਕ ਧਰਮ ਚੁਣਿਆ ਸੀ। ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਕਰਨ ਕਰਕੇ ਅਬਰਾਹਾਮ ਨੂੰ ਉਹ ਸਾਰੀਆਂ ਅਸੀਸਾਂ ਮਿਲੀਆਂ ਜਿਨ੍ਹਾਂ ਦਾ ਯਹੋਵਾਹ ਨੇ ਵਾਅਦਾ ਕੀਤਾ ਸੀ। ਅਬਰਾਹਾਮ ਇਕ ਅਜਿਹਾ ਇਨਸਾਨ ਬਣਿਆ ਜਿਸ ਬਾਰੇ ਅੱਜ ਕਈ ਧਰਮ ਮੰਨਦੇ ਹਨ ਕਿ ਉਹ ‘ਉਨ੍ਹਾਂ ਸਭਨਾਂ ਦਾ ਪਿਤਾ ਹੈ ਜਿਹੜੇ ਪਰਮੇਸ਼ੁਰ ਵਿਚ ਨਿਹਚਾ ਕਰਦੇ ਹਨ।’—ਰੋਮੀਆਂ 4:11.
ਬਾਈਬਲ ਵਿਚ ਰੂਥ ਦੀ ਕਹਾਣੀ ਵੀ ਦਿੱਤੀ ਗਈ ਹੈ ਜੋ ਬਾਅਦ ਵਿਚ ਯਿਸੂ ਮਸੀਹ ਦੀ ਵੱਡੀ-ਵਡੇਰੀ ਬਣੀ। ਰੂਥ ਮੋਆਬ ਦੇਸ਼ ਦੀ ਰਹਿਣ ਵਾਲੀ ਸੀ ਜਿਸ ਦਾ ਵਿਆਹ ਇਕ ਇਸਰਾਏਲੀ ਆਦਮੀ ਨਾਲ ਹੋਇਆ ਸੀ। ਬਾਅਦ ਵਿਚ ਜਦੋਂ ਉਹ ਵਿਧਵਾ ਹੋ ਗਈ, ਤਾਂ ਉਸ ਨੂੰ ਇਹ ਫ਼ੈਸਲਾ ਕਰਨਾ ਪਿਆ ਸੀ ਕਿ ਉਹ ਆਪਣੇ ਦੇਸ਼ ਵਿਚ ਰਹੇਗੀ ਜਾਂ ਆਪਣੀ ਸੱਸ ਨਾਲ ਇਸਰਾਏਲ ਦੇਸ਼ ਜਾਵੇਗੀ। ਰੂਥ ਨੇ ਜ਼ਰੂਰ ਆਪਣੇ ਮਾਤਾ-ਪਿਤਾ ਦੇ ਮੂਰਤੀ-ਪੂਜਕ ਧਰਮ ਅਤੇ ਯਹੋਵਾਹ ਦੀ ਉਪਾਸਨਾ ਦੀ ਤੁਲਨਾ ਕੀਤੀ ਹੋਣੀ ਅਤੇ ਉਸ ਨੇ ਦੇਖਿਆ ਹੋਣਾ ਕਿ ਯਹੋਵਾਹ ਦੀ ਉਪਾਸਨਾ ਕਰਨੀ ਜ਼ਿਆਦਾ ਵਧੀਆ ਸੀ। ਇਸ ਲਈ ਰੂਥ ਨੇ ਆਪਣੀ ਸੱਸ ਨੂੰ ਕਿਹਾ: “ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ।”—ਰੂਥ 1:16, 17.
ਬਾਈਬਲ ਦੀ ਇਸ ਕਹਾਣੀ ਦੀ ਅਹਿਮੀਅਤ ਉੱਤੇ ਟਿੱਪਣੀ ਕਰਦੇ ਹੋਏ ਬਾਈਬਲ ਦਾ ਇਕ ਸ਼ਬਦ-ਕੋਸ਼ ਕਹਿੰਦਾ ਹੈ ਕਿ ਅਸੀਂ ਇਸ ਬਿਰਤਾਂਤ ਤੋਂ ਸਿੱਖਦੇ ਹਾਂ ਕਿ “ਇਕ ਔਰਤ ਜੋ ਅਜਿਹੇ ਓਪਰੇ ਦੇਸ਼ ਵਿਚ ਪੈਦਾ ਹੋਈ ਜੋ ਇਸਰਾਏਲ ਦੇਸ਼ ਦਾ ਦੁਸ਼ਮਣ ਸੀ ਅਤੇ ਜਿਸ ਨਾਲ ਇਸਰਾਏਲ ਨੂੰ ਨਫ਼ਰਤ ਸੀ, . . . ਨੇ ਕਿਵੇਂ ਯਹੋਵਾਹ ਦੀ ਕੌਮ ਅਤੇ ਉਪਾਸਨਾ ਨਾਲ ਪਿਆਰ ਕਰ ਕੇ ਮਹਾਨ ਰਾਜਾ ਦਾਊਦ ਦੀ ਵੱਡੀ-ਵਡੇਰੀ ਬਣਨ ਦੀ ਰੱਬੀ ਮਿਹਰ ਹਾਸਲ ਕੀਤੀ।” ਰੂਥ ਆਪਣੇ ਮਾਤਾ-ਪਿਤਾ ਦੇ ਧਰਮ ਤੋਂ ਵੱਖਰਾ ਇਕ ਧਰਮ ਚੁਣਨ ਵਿਚ ਹਿਚਕਿਚਾਈ ਨਹੀਂ ਸੀ ਅਤੇ ਉਸ ਦੇ ਇਸ ਫ਼ੈਸਲੇ ਲਈ ਉਸ ਨੂੰ ਪਰਮੇਸ਼ੁਰ ਦੀ ਬਰਕਤ ਮਿਲੀ।
ਬਾਈਬਲ ਵਿਚ ਮਸੀਹੀ ਧਰਮ ਦੀ ਸ਼ੁਰੂਆਤ ਬਾਰੇ ਬਿਰਤਾਂਤ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਯਿਸੂ ਦੇ ਚੇਲਿਆਂ ਨੇ ਆਪਣੇ ਪੂਰਵਜਾਂ ਦੇ ਧਰਮ ਨੂੰ ਕਿਉਂ ਛੱਡਿਆ ਸੀ। ਇਕ ਜ਼ਬਰਦਸਤ ਭਾਸ਼ਣ ਵਿਚ ਪਤਰਸ ਰਸੂਲ ਨੇ ਆਪਣੇ ਸੁਣਨ ਵਾਲਿਆਂ ਨੂੰ ਪਾਪਾਂ ਤੋਂ ਤੋਬਾ ਕਰਨ ਅਤੇ ਯਿਸੂ ਮਸੀਹ ਦੇ ਨਾਂ ਵਿਚ ਬਪਤਿਸਮਾ ਲੈ ਕੇ ‘ਇਸ ਕੱਬੀ ਪੀਹੜੀ ਕੋਲੋਂ ਬਚਣ’ ਦੀ ਪ੍ਰੇਰਣਾ ਦਿੱਤੀ ਸੀ। (ਰਸੂਲਾਂ ਦੇ ਕਰਤੱਬ 2:37-41) ਇਸ ਤਰ੍ਹਾਂ ਕਰਨ ਵਾਲਿਆਂ ਵਿੱਚੋਂ ਇਕ ਆਦਮੀ ਸੀ ਸੌਲੁਸ। ਸੌਲੁਸ ਇਕ ਯਹੂਦੀ ਸੀ ਅਤੇ ਮਸੀਹੀਆਂ ਨੂੰ ਤਸੀਹੇ ਦਿੰਦਾ ਹੁੰਦਾ ਸੀ। ਇਕ ਵਾਰ ਦੰਮਿਸਕ ਸ਼ਹਿਰ ਜਾਂਦੇ ਸਮੇਂ ਰਾਹ ਵਿਚ ਉਸ ਨੇ ਮਸੀਹ ਦਾ ਦਰਸ਼ਣ ਦੇਖਿਆ, ਜਿਸ ਮਗਰੋਂ ਸੌਲੁਸ ਨੇ ਮਸੀਹੀ ਧਰਮ ਨੂੰ ਅਪਣਾ ਲਿਆ ਅਤੇ ਉਹ ਪੌਲੁਸ ਰਸੂਲ ਦੇ ਨਾਂ ਤੋਂ ਜਾਣਿਆ ਜਾਣ ਲੱਗਾ।—ਰਸੂਲਾਂ ਦੇ ਕਰਤੱਬ 9:1-9.
ਪਹਿਲੀ ਸਦੀ ਵਿਚ ਜ਼ਿਆਦਾਤਰ ਮਸੀਹੀਆਂ ਨੂੰ ਅਜਿਹੇ ਚਮਤਕਾਰੀ ਤਜਰਬੇ ਨਹੀਂ ਹੋਏ ਸਨ। ਤਾਂ ਵੀ, ਉਨ੍ਹਾਂ ਸਾਰਿਆਂ ਨੂੰ ਯਹੂਦੀ ਧਰਮ ਜਾਂ ਦੇਵੀ-ਦੇਵਤਿਆਂ ਦੀ ਪੂਜਾ ਕਰਨੀ ਛੱਡਣੀ ਪਈ ਸੀ। ਮਸੀਹੀ ਧਰਮ ਅਪਣਾਉਣ ਵਾਲੇ ਲੋਕਾਂ ਨੂੰ ਪੂਰਾ ਗਿਆਨ ਸੀ ਕਿ ਉਹ ਕੀ ਕਰ ਰਹੇ ਸਨ। ਉਨ੍ਹਾਂ ਨੇ ਯਿਸੂ ਦੇ ਮਸੀਹਾ ਹੋਣ ਬਾਰੇ ਪੂਰੀ ਜਾਣਕਾਰੀ ਲੈਣ ਮਗਰੋਂ ਹੀ ਇਹ ਕਦਮ ਚੁੱਕਿਆ ਸੀ। (ਰਸੂਲਾਂ ਦੇ ਕਰਤੱਬ 8:26-40; 13:16-43; 17:22-34) ਇਨ੍ਹਾਂ ਮਸੀਹੀਆਂ ਨੂੰ ਸਾਫ਼-ਸਾਫ਼ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਆਪਣੀਆਂ ਜ਼ਿੰਦਗੀਆਂ ਬਦਲਣ ਦੀ ਲੋੜ ਸੀ। ਇਸ ਤਰ੍ਹਾਂ ਕਰਨ ਦਾ ਸੱਦਾ ਸਾਰੇ ਯਹੂਦੀ ਅਤੇ ਗ਼ੈਰ-ਯਹੂਦੀ ਲੋਕਾਂ ਨੂੰ ਦਿੱਤਾ ਗਿਆ ਸੀ, ਪਰ ਸੰਦੇਸ਼ ਇੱਕੋ ਸੀ। ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਸਤੇ ਉਨ੍ਹਾਂ ਨੂੰ ਉਪਾਸਨਾ ਦਾ ਇਕ ਨਵਾਂ ਰੂਪ ਯਾਨੀ ਮਸੀਹੀਅਤ ਨੂੰ ਕਬੂਲ ਕਰਨਾ ਪੈਣਾ ਸੀ।
ਸਾਨੂੰ ਵੀ ਫ਼ੈਸਲਾ ਕਰਨ ਦੀ ਲੋੜ ਹੈ
ਪਹਿਲੀ ਸਦੀ ਵਿਚ ਲੋਕਾਂ ਲਈ ਆਪਣੇ ਟੱਬਰ ਦੇ ਰਵਾਇਤੀ ਧਰਮ—ਯਹੂਦੀ ਧਰਮ, ਸਮਰਾਟ ਦੀ ਭਗਤੀ, ਦੇਵੀ-ਦੇਵਤਿਆਂ ਦੀ ਪੂਜਾ—ਨੂੰ ਛੱਡ ਕੇ ਅਜਿਹੇ ਧਰਮ ਨੂੰ ਅਪਣਾਉਣਾ ਜਿਸ ਨੂੰ ਯਹੂਦੀ ਤੇ ਰੋਮੀ ਦੋਵੇਂ ਘਿਰਣਾ ਦੀ ਨਜ਼ਰ ਨਾਲ ਦੇਖਦੇ ਸਨ, ਸੱਚ-ਮੁੱਚ ਦਲੇਰੀ ਦਾ ਕੰਮ ਸੀ। ਇਸ ਨਵੇਂ ਧਰਮ ਨੂੰ ਚੁਣਨ ਦਾ ਫ਼ੈਸਲਾ ਕਰ ਕੇ ਉਨ੍ਹਾਂ ਨੂੰ ਬਹੁਤ ਸਾਰੇ ਤਸੀਹੇ ਸਹਿਣੇ ਪਏ ਸਨ। ਅੱਜ ਵੀ ਅਜਿਹਾ ਫ਼ੈਸਲਾ ਕਰਨ ਲਈ ਦਲੇਰੀ ਦੀ ਲੋੜ ਹੈ। ਕਲੇਰਮੌਨ-ਫ਼ਰੌਂ ਸ਼ਹਿਰ ਦੇ ਕੈਥੋਲਿਕ ਬਿਸ਼ਪ ਈਪੋਲੀਟ ਸੀਮੋਂ ਨੇ ਆਪਣੀ ਕਿਤਾਬ ਕੀ ਫਰਾਂਸ ਈਸਾਈ ਧਰਮ ਤੋਂ ਦੂਰ ਹੁੰਦਾ ਜਾ ਰਿਹਾ ਹੈ? (ਫਰਾਂਸੀਸੀ) ਵਿਚ ਲਿਖਿਆ ਸੀ ਕਿ “ਅਜਿਹੇ ਸਮਾਜ ਦੇ ਉਲਟ ਜਾਣ ਲਈ ਜਿਗਰੇ ਦੀ ਲੋੜ ਹੁੰਦੀ ਹੈ ਜੋ ਸਾਰਿਆਂ ਨੂੰ ਆਪਣੇ ਸੱਚੇ ਵਿਚ ਢਾਲ਼ਣਾ ਚਾਹੁੰਦਾ ਹੈ।” ਇਕ ਵਿਅਕਤੀ ਨੂੰ ਯਹੋਵਾਹ ਦਾ ਗਵਾਹ ਬਣਨ ਲਈ ਵੀ ਦਲੇਰੀ ਦੀ ਲੋੜ ਹੈ ਕਿਉਂਕਿ ਘੱਟ ਗਿਣਤੀ ਵਾਲੇ ਇਸ ਧਾਰਮਿਕ ਸਮੂਹ ਨੂੰ ਲੋਕ ਅਕਸਰ ਬੁਰਾ-ਭਲਾ ਕਹਿੰਦੇ ਹਨ।
ਪੌਲ ਨਾਂ ਦਾ ਇਕ ਨੌਜਵਾਨ ਕਾਰਸਿਕਾ ਟਾਪੂ ਉੱਤੇ ਬਾਸਟੀਆ ਸ਼ਹਿਰ ਵਿਚ ਵੱਡਾ ਹੋਇਆ ਸੀ। ਉਹ ਕੈਥੋਲਿਕ ਸੀ ਅਤੇ ਕਦੇ-ਕਦਾਈਂ ਗਿਰਜੇ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਂਦਾ ਸੀ, ਜਿਵੇਂ ਕਿਸੇ ਕੈਥੋਲਿਕ ਖੈਰਾਤੀ ਸੰਸਥਾ ਲਈ ਚੰਦਾ ਇਕੱਠਾ ਕਰਨ ਲਈ ਉਹ ਕੇਕ ਵੇਚਦਾ ਹੁੰਦਾ ਸੀ। ਉਹ ਬਾਈਬਲ ਨੂੰ ਹੋਰ ਚੰਗੀ ਤਰ੍ਹਾਂ ਸਮਝਣਾ ਚਾਹੁੰਦਾ ਸੀ, ਇਸ ਲਈ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਕਾਇਦਾ ਸਟੱਡੀ ਕਰਨ ਲਈ ਤਿਆਰ ਹੋ ਗਿਆ। ਹੌਲੀ-ਹੌਲੀ ਉਸ ਨੂੰ ਅਹਿਸਾਸ ਹੋਣ ਲੱਗਾ ਕਿ ਬਾਈਬਲ ਦੀਆਂ ਗੱਲਾਂ ਨੂੰ ਅਮਲ ਵਿਚ ਲਿਆਉਣ ਨਾਲ ਉਸ ਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ। ਇਸ ਲਈ ਪੌਲ ਨੇ ਬਾਈਬਲ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾ ਲਿਆ ਅਤੇ ਯਹੋਵਾਹ ਦਾ ਗਵਾਹ ਬਣ ਗਿਆ। ਉਸ ਦੇ ਮਾਪਿਆਂ ਨੇ ਉਸ ਦੇ ਫ਼ੈਸਲਾ ਦਾ ਆਦਰ ਕੀਤਾ ਅਤੇ ਉਸ ਦੇ ਪਰਿਵਾਰ ਵਿਚ ਪਹਿਲਾਂ ਵਰਗਾ ਗੂੜ੍ਹਾ ਪਿਆਰ ਹੈ।
ਅਮੀਲੀ ਫਰਾਂਸ ਦੇ ਦੱਖਣੀ ਹਿੱਸੇ ਵਿਚ ਰਹਿੰਦੀ ਹੈ। ਉਸ ਦੇ ਘਰ ਦੇ ਮੈਂਬਰ ਚਾਰ ਪੀੜ੍ਹੀਆਂ ਤੋਂ ਯਹੋਵਾਹ ਦੇ ਗਵਾਹ ਹਨ। ਉਸ ਨੇ ਆਪਣੇ ਮਾਪਿਆਂ ਦੀਆਂ ਧਾਰਮਿਕ ਕਦਰਾਂ-ਕੀਮਤਾਂ ਨੂੰ ਕਿਉਂ ਚੁਣਿਆ? ਅਮੀਲੀ ਕਹਿੰਦੀ ਹੈ: “ਇਕ ਵਿਅਕਤੀ ਸਿਰਫ਼ ਇਸ ਲਈ ਹੀ ਯਹੋਵਾਹ ਦਾ ਗਵਾਹ ਨਹੀਂ ਬਣ ਜਾਂਦਾ ਕਿਉਂਕਿ ਉਸ ਦੇ ਮਾਪੇ, ਦਾਦਾ-ਦਾਦੀ ਜਾਂ ਨਾਨਾ-ਨਾਨੀ ਯਹੋਵਾਹ ਦੇ ਗਵਾਹ ਸਨ ਜਾਂ ਹਨ। ਪਰ ਇਕ ਅਜਿਹਾ ਦਿਨ ਆਉਂਦਾ ਹੈ ਜਦੋਂ ਉਹ ਆਪਣੇ ਆਪ ਨੂੰ ਕਹਿੰਦਾ ਹੈ ਕਿ ‘ਮੈਂ ਇਸ ਧਰਮ ਨੂੰ ਮੰਨਦਾ ਹਾਂ ਕਿਉਂਕਿ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਇਸ ਦੀਆਂ ਧਾਰਮਿਕ ਕਦਰਾਂ-ਕੀਮਤਾਂ ਸਹੀ ਹਨ।’ ਅਮੀਲੀ ਵਾਂਗ ਬਹੁਤ ਸਾਰੇ ਨੌਜਵਾਨ ਯਹੋਵਾਹ ਦੇ ਗਵਾਹ ਇਹ ਜਾਣਦੇ
ਹਨ ਕਿ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਕਰਕੇ ਹੀ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਮਕਸਦ ਅਤੇ ਖ਼ੁਸ਼ੀ ਮਿਲੀ ਹੈ।ਪਰਮੇਸ਼ੁਰ ਦੀਆਂ ਕਦਰਾਂ-ਕੀਮਤਾਂ ਨੂੰ ਸਵੀਕਾਰ ਕਿਉਂ ਕਰੀਏ?
ਜਿਹੜੇ ਲੋਕ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕਹਾਉਤਾਂ ਦੀ ਕਿਤਾਬ ਦੇ 6ਵੇਂ ਅਧਿਆਇ ਦੀ 20ਵੀਂ ਆਇਤ ਇਹ ਪ੍ਰੇਰਣਾ ਦਿੰਦੀ ਹੈ: “ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਤਾ ਦੀ ਆਗਿਆ ਮੰਨ, ਅਤੇ ਆਪਣੀ ਮਾਤਾ ਦੀ ਤਾਲੀਮ ਨੂੰ ਨਾ ਛੱਡ।” ਇਹ ਆਇਤ ਬੱਚਿਆਂ ਨੂੰ ਅੰਨ੍ਹੇਵਾਹ ਆਪਣੇ ਮਾਪਿਆਂ ਦੇ ਧਰਮ ਨੂੰ ਮੰਨਣ ਦੀ ਸਲਾਹ ਨਹੀਂ ਦੇ ਰਹੀ, ਸਗੋਂ ਇਹ ਨੌਜਵਾਨਾਂ ਨੂੰ ਤਾਕੀਦ ਕਰ ਰਹੀ ਹੈ ਕਿ ਉਹ ਆਪਣੀ ਨਿਹਚਾ ਮਜ਼ਬੂਤ ਕਰ ਕੇ ਅਤੇ ਪਰਮੇਸ਼ੁਰ ਦੇ ਮਿਆਰਾਂ ਨੂੰ ਕਬੂਲ ਕਰ ਕੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਖ਼ੁਦ ਫ਼ੈਸਲਾ ਕਰਨ। ਪੌਲੁਸ ਰਸੂਲ ਨੇ ਆਪਣੇ ਸਾਥੀਆਂ ਨੂੰ ‘ਸਭਨਾਂ ਗੱਲਾਂ ਨੂੰ ਪਰਖਣ’ ਲਈ ਕਿਹਾ ਸੀ ਤਾਂਕਿ ਉਹ ਇਹ ਪਤਾ ਲਗਾ ਸਕਣ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਸਹੀ ਗੱਲਾਂ ਸਿਖਾਈਆਂ ਜਾ ਰਹੀਆਂ ਸਨ ਜਾਂ ਨਹੀਂ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਉੱਤੇ ਅਮਲ ਕਰਨਾ ਚਾਹੀਦਾ ਸੀ।—1 ਥੱਸਲੁਨੀਕੀਆਂ 5:21.
ਦੁਨੀਆਂ ਭਰ ਵਿਚ 60 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹਾਂ ਨੇ ਇਹੋ ਫ਼ੈਸਲਾ ਕੀਤਾ ਹੈ। ਉਨ੍ਹਾਂ ਵਿਚ ਹਰ ਉਮਰ ਦੇ ਲੋਕ ਹਨ। ਕੁਝ ਮਸੀਹੀ ਘਰਾਣੇ ਵਿਚ ਵੱਡੇ ਹੋਏ ਸਨ ਅਤੇ ਦੂਸਰੇ ਗ਼ੈਰ-ਮਸੀਹੀ ਧਰਮ ਨੂੰ ਮੰਨਣ ਵਾਲੇ ਸਨ। ਪਰ ਉਨ੍ਹਾਂ ਨੇ ਬਾਈਬਲ ਦਾ ਧਿਆਨ ਨਾਲ ਅਧਿਐਨ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਕਈ ਸਵਾਲਾਂ ਦੇ ਸਹੀ ਜਵਾਬ ਮਿਲੇ ਹਨ, ਜਿਵੇਂ ਕਿ ਜ਼ਿੰਦਗੀ ਦਾ ਕੀ ਮਕਸਦ ਹੈ ਅਤੇ ਪਰਮੇਸ਼ੁਰ ਮਨੁੱਖਜਾਤੀ ਲਈ ਕੀ ਚਾਹੁੰਦਾ ਹੈ। ਇਹ ਸਭ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਮਗਰੋਂ ਉਨ੍ਹਾਂ ਨੇ ਪਰਮੇਸ਼ੁਰ ਦੀਆਂ ਕਦਰਾਂ-ਕੀਮਤਾਂ ਨੂੰ ਸਵੀਕਾਰ ਕੀਤਾ ਅਤੇ ਹੁਣ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ।
ਯਹੋਵਾਹ ਦੇ ਗਵਾਹ ਲੋਕਾਂ ਨੂੰ ਬਾਈਬਲ ਵਿੱਚੋਂ ਅਧਿਆਤਮਿਕ ਕਦਰਾਂ-ਕੀਮਤਾਂ ਸਿਖਾਉਂਦੇ ਹਨ। ਭਾਵੇਂ ਤੁਸੀਂ ਇਹ ਰਸਾਲਾ ਪਹਿਲੀ ਵਾਰ ਪੜ੍ਹ ਰਹੇ ਹੋ ਜਾਂ ਬਾਕਾਇਦਾ ਪੜ੍ਹਦੇ ਹੋ, ਕਿਉਂ ਨਹੀਂ ਤੁਸੀਂ ਉਨ੍ਹਾਂ ਦੀ ਬਾਈਬਲ ਸਟੱਡੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲੈਂਦੇ? ਬਾਈਬਲ ਦਾ ਅਧਿਐਨ ਕਰਨ ਦੁਆਰਾ ਤੁਸੀਂ ‘ਚੱਖ ਕੇ ਵੇਖ ਸਕੋਗੇ ਭਈ ਯਹੋਵਾਹ ਭਲਾ ਹੈ।’ ਇਸ ਤੋਂ ਇਲਾਵਾ, ਤੁਸੀਂ ਉਹ ਗਿਆਨ ਹਾਸਲ ਕਰੋਗੇ ਜਿਸ ਉੱਤੇ ਚੱਲ ਕੇ ਤੁਸੀਂ ਸਦਾ ਦੀ ਜ਼ਿੰਦਗੀ ਪ੍ਰਾਪਤ ਕਰੋਗੇ।—ਜ਼ਬੂਰਾਂ ਦੀ ਪੋਥੀ 34:8; ਯੂਹੰਨਾ 17:3.
[ਸਫ਼ੇ 5 ਉੱਤੇ ਤਸਵੀਰ]
ਫਰਾਂਸ ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਪਰਿਵਾਰ ਦੀਆਂ ਚਾਰ ਪੀੜ੍ਹੀਆਂ
[ਸਫ਼ੇ 7 ਉੱਤੇ ਤਸਵੀਰ]
ਰੂਥ ਨੇ ਆਪਣੇ ਪੂਰਵਜਾਂ ਦੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਦੀ ਬਜਾਇ, ਯਹੋਵਾਹ ਦੀ ਸੇਵਾ ਕਰਨੀ ਚੁਣੀ