“ਅੰਤਹਕਰਨ ਸ਼ੁੱਧ ਰੱਖੋ”
“ਅੰਤਹਕਰਨ ਸ਼ੁੱਧ ਰੱਖੋ”
“ਆਪਣੀ ਜ਼ਮੀਰ ਦੀ ਆਵਾਜ਼ ਸੁਣੋ।” ਇਸ ਤਰ੍ਹਾਂ ਦੀ ਸਲਾਹ ਅੱਜ-ਕੱਲ੍ਹ ਆਮ ਸੁਣੀ ਜਾਂਦੀ ਹੈ। ਪਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਅੰਤਹਕਰਣ ਜਾਂ ਜ਼ਮੀਰ ਸਾਨੂੰ ਸਹੀ ਸੇਧ ਦੇਵੇ, ਤਾਂ ਫਿਰ ਸਾਨੂੰ ਆਪਣੀ ਜ਼ਮੀਰ ਨੂੰ ਸਹੀ ਤੇ ਗ਼ਲਤ ਵਿਚਕਾਰ ਫ਼ਰਕ ਕਰਨਾ ਸਿਖਾਉਣਾ ਪਵੇਗਾ। ਇਸ ਤੋਂ ਇਲਾਵਾ, ਜਦ ਸਾਡੀ ਜ਼ਮੀਰ ਸਾਨੂੰ ਕੋਈ ਗ਼ਲਤ ਕੰਮ ਕਰਨ ਤੋਂ ਸਾਵਧਾਨ ਕਰਦੀ ਹੈ, ਤਾਂ ਸਾਨੂੰ ਇਸ ਦੀ ਗੱਲ ਸੁਣਨੀ ਚਾਹੀਦੀ ਹੈ।
ਬਾਈਬਲ ਵਿਚ ਜ਼ੱਕੀ ਨਾਮਕ ਇਕ ਆਦਮੀ ਦੀ ਉਦਾਹਰਣ ਵੱਲ ਧਿਆਨ ਦਿਓ। ਜ਼ੱਕੀ ਯਰੀਹੋ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਮਸੂਲੀਆਂ ਦਾ ਇਕ ਅਮੀਰ ਸਰਦਾਰ ਸੀ। ਜ਼ੱਕੀ ਨੇ ਖੁੱਲ੍ਹੇ-ਆਮ ਕਬੂਲ ਕੀਤਾ ਕਿ ਉਹ ਲੋਕਾਂ ਤੋਂ ਪੈਸੇ ਭੋਟ-ਭੋਟ ਕੇ ਧਨੀ ਬਣਿਆ ਸੀ। ਉਸ ਦੇ ਇਸ ਕੰਮ ਨੇ ਦੂਸਰਿਆਂ ਨੂੰ ਬਹੁਤ ਦੁੱਖ ਪਹੁੰਚਾਇਆ ਹੋਣਾ। ਕੀ ਉਸ ਦੀ ਜ਼ਮੀਰ ਉਸ ਨੂੰ ਤੰਗ ਨਹੀਂ ਕਰਦੀ ਸੀ? ਜੇ ਕਰਦੀ ਵੀ ਸੀ, ਤਾਂ ਜ਼ੱਕੀ ਨੇ ਇਸ ਵੱਲ ਧਿਆਨ ਦੇਣ ਦੀ ਬਜਾਇ ਆਪਣੇ ਧੋਖੇਬਾਜ਼ੀ ਦੇ ਕੰਮ ਜਾਰੀ ਰੱਖੇ।—ਲੂਕਾ 19:1-7.
ਪਰ ਬਾਅਦ ਵਿਚ ਇਕ ਘਟਨਾ ਵਾਪਰੀ ਜਿਸ ਕਰਕੇ ਜ਼ੱਕੀ ਨੇ ਆਪਣਾ ਰਾਹ ਬਦਲਿਆ। ਯਿਸੂ ਯਰੀਹੋ ਆਇਆ। ਜ਼ੱਕੀ ਯਿਸੂ ਨੂੰ ਦੇਖਣਾ ਚਾਹੁੰਦਾ ਸੀ, ਪਰ ਛੋਟੇ ਕੱਦ ਦਾ ਹੋਣ ਕਰਕੇ ਅਤੇ ਭੀੜ ਦੇ ਕਰਕੇ ਉਹ ਯਿਸੂ ਨੂੰ ਦੇਖ ਨਾ ਸਕਿਆ। ਇਸ ਲਈ ਉਹ ਅੱਗੇ ਦੌੜ ਕੇ ਦਰਖ਼ਤ ਉੱਤੇ ਚੜ੍ਹ ਗਿਆ। ਜਦੋਂ ਯਿਸੂ ਨੇ ਦੇਖਿਆ ਕਿ ਜ਼ੱਕੀ ਉਸ ਨੂੰ ਦੇਖਣ ਲਈ ਕਿੰਨਾ ਉਤਾਵਲਾ ਸੀ, ਤਾਂ ਉਹ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ। ਇਸ ਲਈ ਉਸ ਨੇ ਜ਼ੱਕੀ ਨੂੰ ਕਿਹਾ ਕਿ ਉਹ ਉਸ ਦੇ ਘਰ ਜਾਵੇਗਾ। ਜ਼ੱਕੀ ਨੇ ਬੜੀ ਖ਼ੁਸ਼ੀ ਨਾਲ ਇਸ ਮਹਿਮਾਨ ਦਾ ਸੁਆਗਤ ਕੀਤਾ।
ਜ਼ੱਕੀ ਨੇ ਯਿਸੂ ਕੋਲੋਂ ਜੋ ਕੁਝ ਸੁਣਿਆ ਅਤੇ ਦੇਖਿਆ, ਇਸ ਨੇ ਉਸ ਦੇ ਦਿਲ ਨੂੰ ਛੋਹ ਲਿਆ ਅਤੇ ਉਸ ਨੂੰ ਆਪਣੇ ਰਾਹ ਬਦਲਣ ਲਈ ਪ੍ਰੇਰਿਤ ਕੀਤਾ। ਉਸ ਨੇ ਖੜ੍ਹ ਕੇ ਐਲਾਨ ਕੀਤਾ: “ਪ੍ਰਭੁ ਜੀ ਵੇਖ ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਹਾਂ ਅਰ ਜੇ ਮੈਂ ਕਿਸੇ ਉੱਤੇ ਊਜ ਲਾਕੇ ਕੁਝ ਲੈ ਲਿਆ ਹੈ ਤਾਂ ਚੌਗੁਣਾ ਮੋੜ ਦਿੰਦਾ ਹਾਂ।”—ਲੂਕਾ 19:8.
ਜ਼ੱਕੀ ਦੀ ਜ਼ਮੀਰ ਜਾਗ ਉੱਠੀ ਸੀ ਅਤੇ ਉਸ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇਸ ਦੇ ਮੁਤਾਬਕ ਚੱਲਣ ਦਾ ਫ਼ੈਸਲਾ ਕੀਤਾ। ਇਸ ਦੇ ਬਹੁਤ ਚੰਗੇ ਨਤੀਜੇ ਨਿਕਲੇ। ਕਲਪਨਾ ਕਰੋ ਕਿ ਜ਼ੱਕੀ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਹੋਣਾ ਜਦ ਯਿਸੂ ਨੇ ਉਸ ਨੂੰ ਆਖਿਆ: “ਅੱਜ ਇਸ ਘਰ ਵਿੱਚ ਮੁਕਤੀ ਆਈ।”—ਲੂਕਾ 19:9.
ਇਸ ਉਦਾਹਰਣ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ! ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਭਾਵੇਂ ਜੋ ਮਰਜ਼ੀ ਰਾਹ ਤੇ ਚੱਲਦੇ ਆਏ ਹਾਂ, ਪਰ ਅਸੀਂ ਇਸ ਨੂੰ ਬਦਲ ਸਕਦੇ ਹਾਂ। ਜ਼ੱਕੀ ਵਾਂਗ ਅਸੀਂ ਵੀ ਬਾਈਬਲ ਵਿਚ ਦਰਜ ਯਿਸੂ ਦੇ ਸ਼ਬਦਾਂ ਦੀ ਪਾਲਣਾ ਕਰ ਸਕਦੇ ਹਾਂ ਅਤੇ ਸਹੀ ਤੇ ਗ਼ਲਤ ਵਿਚਕਾਰ ਫ਼ਰਕ ਕਰਨਾ ਸਿੱਖ ਸਕਦੇ ਹਾਂ। ਨਤੀਜੇ ਵਜੋਂ, ਪਤਰਸ ਰਸੂਲ ਦੇ ਕਹਿਣੇ ਅਨੁਸਾਰ ਅਸੀਂ ਆਪਣਾ ‘ਅੰਤਹਕਰਨ ਸ਼ੁੱਧ ਰੱਖ’ ਸਕਾਂਗੇ ਅਤੇ ਇਸ ਦੇ ਅਨੁਸਾਰ ਚੱਲ ਕੇ ਸਹੀ ਕਦਮ ਚੁੱਕ ਸਕਾਂਗੇ।—1 ਪਤਰਸ 3:16.