Skip to content

Skip to table of contents

ਇਨਸਾਨਜਾਤ ਨੂੰ ਦਿਲਾਸਾ ਕਿੱਥੋਂ ਮਿਲ ਸਕਦਾ ਹੈ?

ਇਨਸਾਨਜਾਤ ਨੂੰ ਦਿਲਾਸਾ ਕਿੱਥੋਂ ਮਿਲ ਸਕਦਾ ਹੈ?

ਇਨਸਾਨਜਾਤ ਨੂੰ ਦਿਲਾਸਾ ਕਿੱਥੋਂ ਮਿਲ ਸਕਦਾ ਹੈ?

“ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ . . . ਸਾਡੀਆਂ ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ।”—2 ਕੁਰਿੰਥੀਆਂ 1:3, 4.

1. ਲੋਕ ਦਿਲਾਸੇ ਦੀ ਸਖ਼ਤ ਜ਼ਰੂਰਤ ਕਿਉਂ ਮਹਿਸੂਸ ਕਰਦੇ ਹਨ?

ਅੱਜ-ਕੱਲ੍ਹ ਲੋਕਾਂ ਨੂੰ ਬਹੁਤ ਸਾਰੀਆਂ ਤਕਲੀਫ਼ਾਂ ਸਹਿਣ ਕਰਕੇ ਦਿਲਾਸੇ ਦੀ ਜ਼ਰੂਰਤ ਹੁੰਦੀ ਹੈ। ਮਿਸਾਲ ਲਈ ਕਿਸੇ ਦੀ ਮਾੜੀ ਸਿਹਤ ਕਰਕੇ ਉਹ ਬਿਲਕੁਲ ਨਿਕੰਮਾ ਮਹਿਸੂਸ ਕਰ ਸਕਦਾ ਹੈ। ਭੁਚਾਲ, ਤੂਫ਼ਾਨ ਅਤੇ ਕਾਲ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੰਦੇ ਹਨ। ਜੰਗਾਂ ਕਰਕੇ ਪਰਿਵਾਰ ਦੇ ਜੀਆਂ ਦੀ ਮੌਤ ਹੋ ਸਕਦੀ ਹੈ, ਘਰ ਤਬਾਹ ਹੋ ਸਕਦੇ ਹਨ ਜਾਂ ਘਰ ਵਾਲਿਆਂ ਨੂੰ ਆਪਣਾ ਸਭ ਕੁਝ ਛੱਡ ਕੇ ਭੱਜਣਾ ਪੈ ਸਕਦਾ ਹੈ। ਅਨਿਆਂ ਹੁੰਦਾ ਦੇਖ ਕੇ ਲੋਕ ਇਸ ਤਰ੍ਹਾਂ ਮਹਿਸੂਸ ਕਰ ਸਕਦੇ ਹਨ ਕਿ ਉਹ ਕਿਸੇ ਪਾਸੇ ਮੁੜ ਨਹੀਂ ਸਕਦੇ। ਇਨਸਾਨਜਾਤ ਨੂੰ ਦਿਲਾਸਾ ਕਿੱਥੋਂ ਮਿਲ ਸਕਦਾ ਹੈ?

2. ਯਹੋਵਾਹ ਵਾਂਗ ਹੋਰ ਕੋਈ ਦਿਲਾਸਾ ਕਿਉਂ ਨਹੀਂ ਦੇ ਸਕਦਾ?

2 ਕੁਝ ਸੰਸਥਾਵਾਂ ਅਤੇ ਲੋਕ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਪਿਆਰ ਨਾਲ ਕਹੇ ਦੋ ਮਿੱਠੇ ਸ਼ਬਦ ਦਿਲ ਨੂੰ ਚੰਗੇ ਲੱਗਦੇ ਹਨ। ਰੋਟੀ, ਕੱਪੜੇ ਜਾਂ ਮਕਾਨ ਦਾ ਥੋੜ੍ਹਾ-ਬਹੁਤਾ ਬੰਦੋਬਸਤ ਲੋਕਾਂ ਦੀ ਉਸੇ ਵੇਲੇ ਕੁਝ ਹੱਦ ਤਕ ਮਦਦ ਕਰ ਸਕਦਾ ਹੈ। ਪਰ ਸਿਰਫ਼ ਸੱਚਾ ਪਰਮੇਸ਼ੁਰ ਯਹੋਵਾਹ ਹੀ ਲੋਕਾਂ ਵਾਸਤੇ ਸਭ ਕੁਝ ਹਮੇਸ਼ਾ ਲਈ ਠੀਕ ਕਰ ਸਕਦਾ ਹੈ ਤਾਂਕਿ ਉਨ੍ਹਾਂ ਉੱਤੇ ਅਜਿਹੀਆਂ ਬਿਪਤਾਵਾਂ ਮੁੜ ਕੇ ਕਦੇ ਨਾ ਆਉਣ। ਉਸ ਬਾਰੇ ਬਾਈਬਲ ਵਿਚ ਕਿਹਾ ਗਿਆ ਹੈ: “ਮੁਬਾਰਕ ਹੈ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ ਹੈ ਜੋ ਸਾਡੀਆਂ ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ ਭਈ ਅਸੀਂ ਉਸੇ ਦਿਲਾਸੇ ਤੋਂ ਜਿਹ ਨੂੰ ਅਸਾਂ ਪਰਮੇਸ਼ੁਰ ਵੱਲੋਂ ਪਾਇਆ ਹੈ ਓਹਨਾਂ ਨੂੰ ਹਰ ਬਿਪਤਾ ਵਿੱਚ ਦਿਲਾਸਾ ਦੇਣ ਜੋਗੇ ਹੋਈਏ।” (2 ਕੁਰਿੰਥੀਆਂ 1:3, 4) ਯਹੋਵਾਹ ਸਾਨੂੰ ਦਿਲਾਸਾ ਕਿਸ ਤਰ੍ਹਾਂ ਦਿੰਦਾ ਹੈ?

ਮਸਲੇ ਦੀ ਜੜ੍ਹ ਤਕ ਪਹੁੰਚਣਾ

3. ਪਰਮੇਸ਼ੁਰ ਦਾ ਦਿਲਾਸਾ ਮਸਲੇ ਦੀ ਜੜ੍ਹ ਤਕ ਕਿਸ ਤਰ੍ਹਾਂ ਪਹੁੰਚਦਾ ਹੈ?

3 ਆਦਮ ਦੇ ਪਾਪ ਕਰਕੇ ਸਾਰੀ ਇਨਸਾਨਜਾਤ ਨੇ ਵਿਰਸੇ ਵਿਚ ਅਪੂਰਣਤਾ ਹਾਸਲ ਕੀਤੀ ਹੈ। ਇਸ ਤੋਂ ਬਹੁਤ ਸਾਰੇ ਮਸਲੇ ਖੜ੍ਹੇ ਹੋਏ ਹਨ ਜੋ ਅਖ਼ੀਰ ਵਿਚ ਮੌਤ ਤਕ ਲੈ ਜਾਂਦੇ ਹਨ। (ਰੋਮੀਆਂ 5:12) ਸ਼ਤਾਨ “ਇਸ ਜਗਤ ਦਾ ਸਰਦਾਰ” ਹੈ ਜਿਸ ਕਰਕੇ ਹਾਲਾਤ ਹੋਰ ਵੀ ਵਿਗੜ ਗਏ ਹਨ। (ਯੂਹੰਨਾ 12:31; 1 ਯੂਹੰਨਾ 5:19) ਯਹੋਵਾਹ ਨੂੰ ਇਨਸਾਨਜਾਤ ਦੀ ਮਾੜੀ ਹਾਲਤ ਕਰਕੇ ਸਿਰਫ਼ ਅਫ਼ਸੋਸ ਹੀ ਨਹੀਂ ਸੀ, ਪਰ ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਸਾਡੇ ਵਾਸਤੇ ਕੁਰਬਾਨ ਹੋਣ ਲਈ ਭੇਜਿਆ। ਉਸ ਨੇ ਸਾਨੂੰ ਦੱਸਿਆ ਕਿ ਅਸੀਂ ਉਸ ਦੇ ਪੁੱਤਰ ਦੇ ਬਲੀਦਾਨ ਵਿਚ ਵਿਸ਼ਵਾਸ ਕਰ ਕੇ ਆਦਮ ਤੋਂ ਮਿਲੇ ਪਾਪ ਦੇ ਬੁਰੇ ਪ੍ਰਭਾਵਾਂ ਤੋਂ ਰਾਹਤ ਪਾ ਸਕਦੇ ਹਾਂ। (ਯੂਹੰਨਾ 3:16; 1 ਯੂਹੰਨਾ 4:10) ਪਰਮੇਸ਼ੁਰ ਨੇ ਇਹ ਵੀ ਦੱਸਿਆ ਕਿ ਯਿਸੂ ਮਸੀਹ ਨੂੰ ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਦਿੱਤਾ ਗਿਆ ਹੈ ਅਤੇ ਉਹ ਸ਼ਤਾਨ ਅਤੇ ਇਸ ਭੈੜੀ ਦੁਨੀਆਂ ਨੂੰ ਨਾਸ਼ ਕਰ ਦੇਵੇਗਾ।—ਮੱਤੀ 28:18; 1 ਯੂਹੰਨਾ 3:8; ਪਰਕਾਸ਼ ਦੀ ਪੋਥੀ 6:2; 20:10.

4. (ੳ) ਯਹੋਵਾਹ ਨੇ ਸਾਨੂੰ ਕੀ ਦਿੱਤਾ ਹੈ ਤਾਂਕਿ ਅਸੀਂ ਉਸ ਦੇ ਵਾਅਦਿਆਂ ਵਿਚ ਪੱਕਾ ਵਿਸ਼ਵਾਸ ਕਰ ਸਕੀਏ? (ਅ) ਯਹੋਵਾਹ ਨੇ ਸਾਨੂੰ ਕਿਸ ਤਰ੍ਹਾਂ ਦਿਖਾਇਆ ਹੈ ਕਿ ਸਾਡੀ ਰਾਹਤ ਨਜ਼ਦੀਕ ਹੈ?

4 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਵਾਅਦਿਆਂ ਵਿਚ ਵਿਸ਼ਵਾਸ ਕਰੀਏ। ਇਸ ਲਈ ਉਸ ਨੇ ਚੋਖਾ ਸਬੂਤ ਦਿੱਤਾ ਹੈ ਕਿ ਉਸ ਦੀ ਹਰ ਗੱਲ ਪੂਰੀ ਹੁੰਦੀ ਹੈ। (ਯਹੋਸ਼ੁਆ 23:14) ਉਸ ਨੇ ਬਾਈਬਲ ਵਿਚ ਅਜਿਹੀਆਂ ਘਟਨਾਵਾਂ ਬਾਰੇ ਲਿਖਵਾਇਆ ਹੈ ਜਦੋਂ ਉਸ ਨੇ ਆਪਣੇ ਸੇਵਕਾਂ ਨੂੰ ਅਜਿਹੀਆਂ ਹਾਲਤਾਂ ਵਿੱਚੋਂ ਬਚਾਇਆ ਸੀ ਜਿਨ੍ਹਾਂ ਵਿੱਚੋਂ ਬਚਣ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ ਸੀ। (ਕੂਚ 14:4-31; 2 ਰਾਜਿਆਂ 18:13–19:37) ਯਹੋਵਾਹ ਨੇ ਯਿਸੂ ਮਸੀਹ ਦੇ ਚਮਤਕਾਰਾਂ ਰਾਹੀਂ ਦਿਖਾਇਆ ਕਿ ਉਹ ਲੋਕਾਂ ਦੀ “ਸਾਰੀ ਮਾਂਦਗੀ” ਦੂਰ ਕਰਨੀ ਅਤੇ ਮੁਰਦਿਆਂ ਨੂੰ ਜ਼ਿੰਦਾ ਕਰਨਾ ਚਾਹੁੰਦਾ ਹੈ। (ਮੱਤੀ 9:35; 11:3-6) ਉਹ ਇਹ ਸਭ ਕੁਝ ਕਦੋਂ ਕਰੇਗਾ? ਬਾਈਬਲ ਵਿਚ ਇਸ ਭੈੜੀ ਦੁਨੀਆਂ ਦੇ ਆਖ਼ਰੀ ਦਿਨਾਂ ਦੇ ਨਿਸ਼ਾਨ ਦੱਸੇ ਗਏ ਹਨ। ਇਨ੍ਹਾਂ ਦਿਨਾਂ ਤੋਂ ਬਾਅਦ ਸਭ ਕੁਝ ਨਵਾਂ ਬਣਾ ਦਿੱਤਾ ਜਾਵੇਗਾ। ਆਖ਼ਰੀ ਦਿਨਾਂ ਦੇ ਨਿਸ਼ਾਨ ਅਸੀਂ ਅੱਜ ਦੇਖਦੇ ਹਾਂ।—ਮੱਤੀ 24:3-14; 2 ਤਿਮੋਥਿਉਸ 3:1-5.

ਦੁੱਖ-ਤਕਲੀਫ਼ ਸਹਿ ਰਹੇ ਲੋਕਾਂ ਲਈ ਦਿਲਾਸਾ

5. ਪ੍ਰਾਚੀਨ ਇਸਰਾਏਲ ਨੂੰ ਦਿਲਾਸਾ ਦਿੰਦੇ ਹੋਏ ਯਹੋਵਾਹ ਨੇ ਉਨ੍ਹਾਂ ਦਾ ਧਿਆਨ ਕਿਸ ਗੱਲ ਵੱਲ ਖਿੱਚਿਆ ਸੀ?

5 ਯਹੋਵਾਹ ਜਿਸ ਤਰ੍ਹਾਂ ਪ੍ਰਾਚੀਨ ਇਸਰਾਏਲ ਨਾਲ ਪੇਸ਼ ਆਇਆ, ਉਸ ਤੋਂ ਅਸੀਂ ਸਿੱਖਦੇ ਹਾਂ ਕਿ ਉਸ ਨੇ ਦੁੱਖ-ਤਕਲੀਫ਼ ਦੇ ਵੇਲੇ ਆਪਣੇ ਲੋਕਾਂ ਨੂੰ ਦਿਲਾਸਾ ਕਿਸ ਤਰ੍ਹਾਂ ਦਿੱਤਾ ਸੀ। ਉਸ ਨੇ ਉਨ੍ਹਾਂ ਨੂੰ ਯਾਦ ਦਿਲਾਇਆ ਸੀ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ। ਇਸ ਨਾਲ ਉਸ ਦੇ ਵਾਅਦਿਆਂ ਵਿਚ ਉਨ੍ਹਾਂ ਦਾ ਵਿਸ਼ਵਾਸ ਪੱਕਾ ਹੋਇਆ। ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਬੇਜਾਨ ਮੂਰਤੀਆਂ ਅਤੇ ਆਪਣੇ ਆਪ ਵਿਚ ਫ਼ਰਕ ਦਿਖਾਇਆ। ਯਹੋਵਾਹ ਸੱਚਾ ਅਤੇ ਜੀਉਂਦਾ ਪਰਮੇਸ਼ੁਰ ਹੈ, ਪਰ ਮੂਰਤੀਆਂ ਨਾ ਆਪਣੇ ਲਈ ਤੇ ਨਾ ਆਪਣੇ ਪੁਜਾਰੀਆਂ ਲਈ ਕੁਝ ਕਰ ਸਕਦੀਆਂ ਹਨ। (ਯਸਾਯਾਹ 41:10; 46:1; ਯਿਰਮਿਯਾਹ 10:2-15) ਜਦ ਯਹੋਵਾਹ ਨੇ ਯਸਾਯਾਹ ਰਾਹੀਂ ਕਿਹਾ: “ਦਿਲਾਸਾ ਦਿਓ, ਮੇਰੀ ਪਰਜਾ ਨੂੰ ਦਿਲਾਸਾ ਦਿਓ,” ਤਾਂ ਉਸ ਨੇ ਆਪਣੇ ਨਬੀ ਨੂੰ ਪਰਮੇਸ਼ੁਰ ਦੀ ਸ੍ਰਿਸ਼ਟੀ ਬਾਰੇ ਦੱਸਣ ਲਈ ਪ੍ਰੇਰਿਤ ਕੀਤਾ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਮਹਾਨ ਹੈ ਅਤੇ ਸਿਰਫ਼ ਉਹੀ ਸੱਚਾ ਪਰਮੇਸ਼ੁਰ ਹੈ।—ਯਸਾਯਾਹ 40:1-31.

6. ਕਦੇ-ਕਦੇ ਯਹੋਵਾਹ ਨੇ ਆਪਣੇ ਲੋਕਾਂ ਦੇ ਛੁਡਾਏ ਜਾਣ ਦੇ ਵੇਲੇ ਬਾਰੇ ਕੀ ਦੱਸਿਆ ਸੀ?

6 ਕਦੇ-ਕਦੇ ਯਹੋਵਾਹ ਨੇ ਆਪਣੇ ਲੋਕਾਂ ਦੇ ਛੁਡਾਏ ਜਾਣ ਦਾ ਵੇਲਾ ਦੱਸ ਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ, ਭਾਵੇਂ ਇਹ ਵੇਲਾ ਨੇੜੇ ਸੀ ਜਾਂ ਦੂਰ। ਜਦ ਮਿਸਰ ਤੋਂ ਛੁਡਾਏ ਜਾਣ ਦਾ ਵੇਲਾ ਨੇੜੇ ਆਇਆ, ਤਾਂ ਉਸ ਨੇ ਦੁੱਖ ਝੱਲ ਰਹੇ ਇਸਰਾਏਲੀਆਂ ਨੂੰ ਕਿਹਾ: “ਮੈਂ ਫ਼ਿਰਊਨ ਅਤੇ ਮਿਸਰੀਆਂ ਉੱਤੇ ਇੱਕ ਹੋਰ ਬਵਾ ਲਿਆਉਣ ਵਾਲਾ ਹਾਂ। ਉਸ ਦੇ ਪਿੱਛੋਂ ਉਹ ਤੁਹਾਨੂੰ ਏਥੋਂ ਜਾਣ ਦੇਵੇਗਾ।” (ਕੂਚ 11:1) ਜਦ ਤਿੰਨ ਕੌਮਾਂ ਦੀਆਂ ਫ਼ੌਜਾਂ ਨੇ ਬਾਦਸ਼ਾਹ ਯਹੋਸ਼ਾਫ਼ਾਟ ਦੇ ਦਿਨਾਂ ਵਿਚ ਯਹੂਦਾਹ ਤੇ ਚੜ੍ਹਾਈ ਕੀਤੀ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਕਿ ਉਹ “ਕਲ” ਨੂੰ ਉਨ੍ਹਾਂ ਨੂੰ ਬਚਾਵੇਗਾ। (2 ਇਤਹਾਸ 20:1-4, 14-17) ਇਸ ਤੋਂ ਉਲਟ, ਯਸਾਯਾਹ ਨੇ ਬਾਬਲ ਤੋਂ ਉਨ੍ਹਾਂ ਦੇ ਛੁਡਾਏ ਜਾਣ ਦਾ ਵੇਲਾ ਤਕਰੀਬਨ 200 ਸਾਲ ਪਹਿਲਾਂ ਲਿਖਿਆ ਸੀ। ਬਾਅਦ ਵਿਚ ਯਿਰਮਿਯਾਹ ਨਬੀ ਨੇ ਛੁਡਾਏ ਜਾਣ ਦੇ ਇਸ ਵੇਲੇ ਬਾਰੇ ਤਕਰੀਬਨ 100 ਸਾਲ ਪਹਿਲਾਂ ਹੋਰ ਗੱਲਾਂ ਲਿਖੀਆਂ ਸਨ। ਜਦ ਉਹ ਵੇਲਾ ਆ ਪੁੱਜਾ, ਤਾਂ ਪਰਮੇਸ਼ੁਰ ਦੇ ਸੇਵਕਾਂ ਨੂੰ ਇਨ੍ਹਾਂ ਭਵਿੱਖਬਾਣੀਆਂ ਤੋਂ ਕਿੰਨਾ ਹੌਸਲਾ ਮਿਲਿਆ ਹੋਣਾ!—ਯਸਾਯਾਹ 44:26–45:3; ਯਿਰਮਿਯਾਹ 25:11-14.

7. ਛੁਡਾਏ ਜਾਣ ਦੇ ਵਾਅਦਿਆਂ ਵਿਚ ਅਕਸਰ ਕਿਸ ਬਾਰੇ ਗੱਲ ਕੀਤੀ ਗਈ ਸੀ ਅਤੇ ਇਸ ਤੋਂ ਇਸਰਾਏਲ ਦੇ ਵਫ਼ਾਦਾਰ ਲੋਕਾਂ ਨੂੰ ਕੀ ਆਸ ਮਿਲੀ ਸੀ?

7 ਦਿਲਚਸਪੀ ਦੀ ਗੱਲ ਹੈ ਕਿ ਜਿਨ੍ਹਾਂ ਵਾਅਦਿਆਂ ਤੋਂ ਪਰਮੇਸ਼ੁਰ ਦੇ ਲੋਕਾਂ ਨੂੰ ਦਿਲਾਸਾ ਮਿਲਿਆ ਸੀ, ਉਨ੍ਹਾਂ ਵਿਚ ਅਕਸਰ ਮਸੀਹਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ। (ਯਸਾਯਾਹ 53:1-12) ਸਦੀਆਂ ਦੌਰਾਨ ਇਨ੍ਹਾਂ ਵਾਅਦਿਆਂ ਨੇ ਦੁੱਖ-ਤਕਲੀਫ਼ ਸਹਿ ਰਹੇ ਵਫ਼ਾਦਾਰ ਲੋਕਾਂ ਦੀ ਮਦਦ ਕੀਤੀ। ਲੂਕਾ 2:25 ਵਿਚ ਅਸੀਂ ਪੜ੍ਹ ਸਕਦੇ ਹਾਂ: “ਵੇਖੋ, ਯਰੂਸ਼ਲਮ ਵਿੱਚ ਸਿਮਓਨ ਕਰਕੇ ਇੱਕ ਮਨੁੱਖ ਸੀ ਅਰ ਉਹ ਧਰਮੀ ਅਤੇ ਭਗਤ ਲੋਕ ਸੀ ਅਤੇ ਇਸਰਾਏਲ ਦੀ ਤਸੱਲੀ [ਜਾਂ, ਦਿਲਾਸੇ; ਯਾਨੀ ਮਸੀਹਾ] ਦੀ ਉਡੀਕ ਵਿੱਚ ਸੀ ਅਰ ਪਵਿੱਤ੍ਰ ਆਤਮਾ ਉਸ ਉੱਤੇ ਸੀ।” ਸਿਮਓਨ ਸ਼ਾਸਤਰ ਤੋਂ ਮਸੀਹਾ ਦੇ ਆਉਣ ਦੀਆਂ ਭਵਿੱਖਬਾਣੀਆਂ ਜਾਣਦਾ ਸੀ ਅਤੇ ਇਨ੍ਹਾਂ ਦੀ ਪੂਰਤੀ ਨੇ ਉਸ ਨੂੰ ਜ਼ਿੰਦਗੀ ਵਿਚ ਆਸ ਦਿੱਤੀ ਸੀ। ਉਹ ਨਹੀਂ ਸਮਝਦਾ ਸੀ ਕਿ ਇਹ ਪੂਰਤੀ ਕਿਸ ਤਰ੍ਹਾਂ ਹੋਵੇਗੀ ਅਤੇ ਨਾ ਹੀ ਉਹ ਉਸ ਦੇ ਪੂਰੇ ਹੋਣ ਤਕ ਜ਼ਿੰਦਾ ਰਿਹਾ। ਪਰ ਜਦ ਉਸ ਨੇ “ਮੁਕਤੀ” ਲਿਆਉਣ ਵਾਲੇ ਨੂੰ ਦੇਖਿਆ, ਤਾਂ ਉਹ ਬਹੁਤ ਖ਼ੁਸ਼ ਹੋਇਆ।—ਲੂਕਾ 2:30.

ਮਸੀਹ ਰਾਹੀਂ ਦਿਲਾਸਾ

8. ਯਿਸੂ ਨੇ ਲੋਕਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਸੀ ਪਰ ਲੋਕ ਕਿਹੋ ਜਿਹੀ ਮਦਦ ਚਾਹੁੰਦੇ ਸਨ?

8 ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਯਿਸੂ ਮਸੀਹ ਨੇ ਲੋਕਾਂ ਦੀ ਮਦਦ ਹਮੇਸ਼ਾ ਉਸ ਤਰ੍ਹਾਂ ਨਹੀਂ ਕੀਤੀ ਸੀ ਜਿਸ ਤਰ੍ਹਾਂ ਉਹ ਚਾਹੁੰਦੇ ਸਨ। ਕਈ ਅਜਿਹਾ ਮਸੀਹਾ ਚਾਹੁੰਦੇ ਸਨ ਜੋ ਉਨ੍ਹਾਂ ਨੂੰ ਰੋਮੀ ਸਾਮਰਾਜ ਤੋਂ ਆਜ਼ਾਦੀ ਦਿਲਾਏਗਾ। ਪਰ ਯਿਸੂ ਨੂੰ ਇਨਕਲਾਬ ਪਸੰਦ ਨਹੀਂ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: ‘ਕੈਸਰ ਦੀਆਂ ਚੀਜ਼ਾਂ ਕੈਸਰ ਨੂੰ ਦਿਓ।’ (ਮੱਤੀ 22:21) ਪਰਮੇਸ਼ੁਰ ਦਾ ਮਕਸਦ ਸਿਰਫ਼ ਇਹ ਨਹੀਂ ਸੀ ਕਿ ਉਹ ਲੋਕਾਂ ਨੂੰ ਕਿਸੇ ਹਕੂਮਤ ਤੋਂ ਆਜ਼ਾਦ ਕਰਾਵੇ। ਲੋਕ ਯਿਸੂ ਨੂੰ ਰਾਜਾ ਬਣਾਉਣਾ ਚਾਹੁੰਦੇ ਸਨ, ਪਰ ਉਸ ਨੇ ਕਿਹਾ ਕਿ ਉਹ “ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ” ਸੀ। (ਮੱਤੀ 20:28; ਯੂਹੰਨਾ 6:15) ਉਦੋਂ ਅਜੇ ਉਸ ਦੇ ਰਾਜਾ ਬਣਨ ਦਾ ਵੇਲਾ ਨਹੀਂ ਆਇਆ ਸੀ ਅਤੇ ਜਦ ਉਹ ਵੇਲਾ ਆਉਣਾ ਸੀ, ਤਾਂ ਬੇਚੈਨ ਭੀੜਾਂ ਨੇ ਨਹੀਂ ਪਰ ਯਹੋਵਾਹ ਨੇ ਉਸ ਨੂੰ ਇਹ ਅਧਿਕਾਰ ਸੌਪਣਾ ਸੀ।

9. (ੳ) ਯਿਸੂ ਨੇ ਦਿਲਾਸੇ ਦਾ ਕਿਹੜਾ ਸੰਦੇਸ਼ ਸੁਣਾਇਆ ਸੀ? (ਅ) ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਸ ਦੇ ਸੰਦੇਸ਼ ਦਾ ਲੋਕਾਂ ਦੀਆਂ ਰੋਜ਼ਾਨਾ ਜ਼ਿੰਦਗੀਆਂ ਨੂੰ ਫ਼ਾਇਦਾ ਸੀ? (ੲ) ਯਿਸੂ ਨੇ ਆਪਣੀ ਸੇਵਕਾਈ ਦੇ ਜ਼ਰੀਏ ਕਿਸ ਚੀਜ਼ ਦਾ ਆਧਾਰ ਸਥਾਪਿਤ ਕੀਤਾ ਸੀ?

9 ਯਿਸੂ ਨੇ “ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ” ਦੇ ਜ਼ਰੀਏ ਦਿਲਾਸਾ ਦਿੱਤਾ ਸੀ। ਉਹ ਜਿੱਥੇ-ਕਿਤੇ ਵੀ ਗਿਆ ਉਸ ਨੇ ਇਹ ਸੰਦੇਸ਼ ਸੁਣਾਇਆ ਸੀ। (ਲੂਕਾ 4:43) ਇਸ ਸੰਦੇਸ਼ ਦਾ ਲੋਕਾਂ ਦੀਆਂ ਰੋਜ਼ਾਨਾ ਜ਼ਿੰਦਗੀਆਂ ਨੂੰ ਕੀ ਫ਼ਾਇਦਾ ਸੀ? ਇਸ ਦੇ ਜ਼ਰੀਏ ਯਿਸੂ ਨੇ ਦਿਖਾਇਆ ਕਿ ਉਹ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਇਨਸਾਨਜਾਤ ਲਈ ਕੀ ਕਰੇਗਾ। ਉਸ ਨੇ ਅੰਨ੍ਹਿਆਂ ਤੇ ਗੁੰਗਿਆਂ ਨੂੰ ਚੰਗਾ ਕੀਤਾ (ਮੱਤੀ 12:22; ਮਰਕੁਸ 10:51, 52), ਅਧਰੰਗੀ ਲੋਕਾਂ ਨੂੰ ਰਾਜ਼ੀ ਕੀਤਾ (ਮਰਕੁਸ 2:3-12), ਕੋੜ੍ਹੀ ਇਸਰਾਏਲੀਆਂ ਨੂੰ ਸ਼ੁੱਧ ਕੀਤਾ (ਲੂਕਾ 5:12, 13), ਅਤੇ ਲੋਕਾਂ ਨੂੰ ਹੋਰਨਾਂ ਕਈਆਂ ਰੋਗਾਂ ਤੋਂ ਤੰਦਰੁਸਤ ਕਰ ਕੇ ਉਨ੍ਹਾਂ ਨੂੰ ਜ਼ਿੰਦਾ ਰਹਿਣ ਦਾ ਕਾਰਨ ਦਿੱਤਾ। (ਮਰਕੁਸ 5:25-29) ਉਸ ਨੇ ਮੁਰਦਿਆਂ ਵਿੱਚੋਂ ਬੱਚਿਆਂ ਨੂੰ ਜ਼ਿੰਦਾ ਕਰ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਗਮ ਤੋਂ ਰਾਹਤ ਦਿੱਤੀ। (ਲੂਕਾ 7:11-15; 8:49-56) ਉਸ ਨੇ ਦਿਖਾਇਆ ਕਿ ਉਹ ਤੂਫ਼ਾਨਾਂ ਨੂੰ ਰੋਕ ਸਕਦਾ ਹੈ ਅਤੇ ਵੱਡੀਆਂ ਭੀੜਾਂ ਨੂੰ ਰੱਜਣ ਜੋਗੀ ਰੋਟੀ ਖੁਆ ਸਕਦਾ ਹੈ। (ਮਰਕੁਸ 4:37-41; 8:2-9) ਇਸ ਤੋਂ ਇਲਾਵਾ, ਯਿਸੂ ਨੇ ਲੋਕਾਂ ਨੂੰ ਅਜਿਹੀ ਸਿੱਖਿਆ ਦਿੱਤੀ ਜਿਸ ਨਾਲ ਉਨ੍ਹਾਂ ਨੂੰ ਆਪਣੇ ਮਸਲਿਆਂ ਦਾ ਸਾਮ੍ਹਣਾ ਕਰਨ ਦੀ ਮਦਦ ਹੀ ਨਹੀਂ ਮਿਲੀ, ਪਰ ਭਵਿੱਖ ਲਈ ਮਸੀਹਾ ਦੇ ਰਾਜ ਅਧੀਨ ਰਹਿਣ ਦੀ ਉਮੀਦ ਵੀ ਮਿਲੀ। ਇਸ ਤਰ੍ਹਾਂ ਯਿਸੂ ਨੇ ਆਪਣੀ ਸੇਵਕਾਈ ਦੌਰਾਨ ਆਪਣੇ ਸਰੋਤਿਆਂ ਨੂੰ ਸਿਰਫ਼ ਦਿਲਾਸਾ ਹੀ ਨਹੀਂ ਦਿੱਤਾ, ਪਰ ਅਗਲੇ ਲਗਭਗ ਦੋ ਹਜ਼ਾਰ ਸਾਲਾਂ ਲਈ ਲੋਕਾਂ ਨੂੰ ਹੌਸਲਾ ਦੇਣ ਦਾ ਆਧਾਰ ਵੀ ਸਥਾਪਿਤ ਕੀਤਾ।

10. ਯਿਸੂ ਦੇ ਬਲੀਦਾਨ ਕਰਕੇ ਸਾਨੂੰ ਕੀ ਫ਼ਾਇਦਾ ਹੋਇਆ ਹੈ?

10 ਯੂਹੰਨਾ ਰਸੂਲ ਨੇ ਯਿਸੂ ਦੀ ਮੌਤ ਅਤੇ ਮੁੜ ਜ਼ਿੰਦਾ ਹੋਣ ਤੋਂ ਤਕਰੀਬਨ 60 ਸਾਲ ਬਾਅਦ ਪਵਿੱਤਰ ਆਤਮਾ ਤੋਂ ਪ੍ਰੇਰਿਤ ਹੋ ਕੇ ਲਿਖਿਆ: “ਹੇ ਮੇਰਿਓ ਬੱਚਿਓ, ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਭਈ ਤੁਸੀਂ ਪਾਪ ਨਾ ਕਰੋ ਅਤੇ ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ ਅਤੇ ਉਹ ਸਾਡਿਆਂ ਪਾਪਾਂ ਦਾ ਪਰਾਸਚਿੱਤ ਹੈ ਪਰ ਨਿਰੇ ਸਾਡਿਆਂ ਹੀ ਦਾ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ ਹੈ।” (1 ਯੂਹੰਨਾ 2:1, 2) ਯਿਸੂ ਦੇ ਸੰਪੂਰਣ ਬਲੀਦਾਨ ਕਰਕੇ ਸਾਨੂੰ ਕੀ ਫ਼ਾਇਦਾ ਹੋਇਆ ਹੈ? ਸਾਨੂੰ ਦਿਲਾਸਾ ਮਿਲਿਆ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੇ ਪਾਪ ਮਾਫ਼ ਕੀਤੇ ਜਾ ਸਕਦੇ ਹਨ, ਸਾਡੀ ਜ਼ਮੀਰ ਸ਼ੁੱਧ ਹੋ ਸਕਦੀ ਹੈ, ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਦੀ ਆਸ ਰੱਖ ਸਕਦੇ ਹਾਂ।—ਯੂਹੰਨਾ 14:6; ਰੋਮੀਆਂ 6:23; ਇਬਰਾਨੀਆਂ 9:24-28; 1 ਪਤਰਸ 3:21.

ਪਵਿੱਤਰ ਆਤਮਾ ਰਾਹੀਂ ਦਿਲਾਸਾ

11. ਯਿਸੂ ਨੇ ਆਪਣੀ ਮੌਤ ਤੋਂ ਪਹਿਲਾਂ ਦਿਲਾਸਾ ਦੇਣ ਦੇ ਹੋਰ ਕਿਹੜੇ ਪ੍ਰਬੰਧ ਦਾ ਵਾਅਦਾ ਕੀਤਾ ਸੀ?

11 ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਰਸੂਲਾਂ ਨੂੰ ਆਪਣੇ ਸਵਰਗੀ ਪਿਤਾ ਦੇ ਇਕ ਹੋਰ ਪ੍ਰਬੰਧ ਬਾਰੇ ਦੱਸਿਆ ਜਿਸ ਰਾਹੀਂ ਉਨ੍ਹਾਂ ਨੂੰ ਦਿਲਾਸਾ ਮਿਲ ਸਕਦਾ ਸੀ। ਉਸ ਨੇ ਕਿਹਾ: “ਮੈਂ ਆਪਣੇ ਪਿਤਾ ਤੋਂ ਮੰਗਾਂਗਾ ਅਰ ਉਹ ਤੁਹਾਨੂੰ ਦੂਜਾ ਸਹਾਇਕ ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ ਅਰਥਾਤ ਸਚਿਆਈ ਦਾ ਆਤਮਾ।” ਯਿਸੂ ਨੇ ਉਨ੍ਹਾਂ ਨੂੰ ਯਕੀਨ ਦਿਲਾਇਆ: “ਉਹ ਸਹਾਇਕ ਅਰਥਾਤ ਪਵਿੱਤ੍ਰ ਆਤਮਾ . . . ਤੁਹਾਨੂੰ ਸੱਭੋ ਕੁਝ ਸਿਖਾਲੇਗਾ ਅਤੇ ਸੱਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਹੈ ਤੁਹਾਨੂੰ ਚੇਤੇ ਕਰਾਵੇਗਾ।” * (ਯੂਹੰਨਾ 14:16, 17, 26) ਪਵਿੱਤਰ ਆਤਮਾ ਰਾਹੀਂ ਉਨ੍ਹਾਂ ਨੂੰ ਦਿਲਾਸਾ ਕਿਵੇਂ ਮਿਲਿਆ ਸੀ?

12. ਪਵਿੱਤਰ ਆਤਮਾ ਰਾਹੀਂ ਯਿਸੂ ਦੇ ਚੇਲਿਆਂ ਨੂੰ ਸਭ ਕੁਝ ਚੇਤੇ ਆਉਣ ਕਰਕੇ ਬਹੁਤ ਸਾਰੇ ਲੋਕਾਂ ਨੂੰ ਦਿਲਾਸਾ ਕਿਵੇਂ ਮਿਲਿਆ ਹੈ?

12 ਯਿਸੂ ਨੇ ਆਪਣੇ ਰਸੂਲਾਂ ਨੂੰ ਬਹੁਤ ਸਾਰੀਆਂ ਗੱਲਾਂ ਸਿਖਾਈਆਂ ਸਨ। ਉਸ ਨਾਲ ਤੁਰਨ-ਫਿਰਨ ਤੇ ਰਹਿਣ ਦਾ ਤਜਰਬਾ ਉਹ ਕਦੇ ਨਹੀਂ ਭੁੱਲ ਸਕਦੇ ਸਨ, ਪਰ ਕੀ ਉਹ ਉਸ ਦੀ ਹਰ ਗੱਲ ਯਾਦ ਰੱਖ ਸਕਦੇ ਸਨ? ਸਮੇਂ ਦੇ ਬੀਤਣ ਨਾਲ ਕੀ ਉਹ ਜ਼ਰੂਰੀ ਹਿਦਾਇਤਾਂ ਭੁੱਲ ਸਕਦੇ ਸਨ? ਯਿਸੂ ਨੇ ਉਨ੍ਹਾਂ ਨੂੰ ਯਕੀਨ ਦਿਲਾਇਆ ਸੀ ਕਿ ਪਵਿੱਤਰ ਆਤਮਾ ‘ਸੱਭੋ ਕੁਝ ਜੋ ਉਸ ਨੇ ਉਨ੍ਹਾਂ ਨੂੰ ਆਖਿਆ ਸੀ ਚੇਤੇ ਕਰਾਵੇਗਾ।’ ਇਸ ਲਈ ਯਿਸੂ ਦੀ ਮੌਤ ਤੋਂ ਕੁਝ ਅੱਠ ਸਾਲ ਬਾਅਦ ਮੱਤੀ ਨੇ ਪਹਿਲੀ ਇੰਜੀਲ ਲਿਖੀ ਜਿਸ ਵਿਚ ਉਸ ਨੇ ਯਿਸੂ ਦਾ ਪਹਾੜੀ ਉਪਦੇਸ਼ ਲਿਖਿਆ। ਮੱਤੀ ਨੇ ਰਾਜ ਬਾਰੇ ਯਿਸੂ ਦੇ ਕਈ ਦ੍ਰਿਸ਼ਟਾਂਤ ਵੀ ਲਿਖੇ ਅਤੇ ਯਿਸੂ ਦੀ ਮੌਜੂਦਗੀ ਦੀਆਂ ਨਿਸ਼ਾਨੀਆਂ ਬਾਰ ਕਈ ਗੱਲਾਂ ਵੀ ਲਿਖੀਆਂ। ਯੂਹੰਨਾ ਰਸੂਲ ਨੇ ਇਸ ਤੋਂ ਲਗਭਗ 50 ਸਾਲ ਬਾਅਦ ਆਖ਼ਰੀ ਇੰਜੀਲ ਲਿਖੀ ਜਿਸ ਵਿਚ ਉਸ ਨੇ ਯਿਸੂ ਦੀ ਜ਼ਮੀਨੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਬਾਰੇ ਹੋਰ ਜਾਣਕਾਰੀ ਦਿੱਤੀ। ਪਵਿੱਤਰ ਆਤਮਾ ਦੁਆਰਾ ਲਿਖਵਾਈਆਂ ਗਈਆਂ ਇਨ੍ਹਾਂ ਇੰਜੀਲਾਂ ਤੋਂ ਲੋਕਾਂ ਨੂੰ ਸਾਡੇ ਜ਼ਮਾਨੇ ਤਕ ਕਿੰਨਾ ਦਿਲਾਸਾ ਮਿਲਦਾ ਆਇਆ ਹੈ!

13. ਪਵਿੱਤਰ ਆਤਮਾ ਰਾਹੀਂ ਪਹਿਲੀ ਸਦੀ ਦੇ ਮਸੀਹੀਆਂ ਨੂੰ ਸਿੱਖਿਆ ਕਿਵੇਂ ਮਿਲੀ ਸੀ?

13 ਪਵਿੱਤਰ ਆਤਮਾ ਰਾਹੀਂ ਯਿਸੂ ਦੇ ਚੇਲਿਆਂ ਨੂੰ ਸਿਰਫ਼ ਉਸ ਦੇ ਸ਼ਬਦ ਯਾਦ ਹੀ ਨਹੀਂ ਆਏ ਸਨ ਪਰ ਉਨ੍ਹਾਂ ਨੂੰ ਸਿੱਖਿਆ ਵੀ ਮਿਲੀ ਸੀ। ਉਸ ਰਾਹੀਂ ਉਨ੍ਹਾਂ ਨੇ ਪਰਮੇਸ਼ੁਰ ਦੇ ਮਕਸਦ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ। ਜਦ ਯਿਸੂ ਧਰਤੀ ਤੇ ਉਨ੍ਹਾਂ ਨਾਲ ਸੀ, ਤਾਂ ਉਸ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ ਸਨ ਜੋ ਉਹ ਉਸ ਵੇਲੇ ਚੰਗੀ ਤਰ੍ਹਾਂ ਨਹੀਂ ਸਮਝ ਸਕੇ ਸਨ। ਪਰ ਬਾਅਦ ਵਿਚ ਪਵਿੱਤਰ ਆਤਮਾ ਤੋਂ ਪ੍ਰੇਰਿਤ ਹੋ ਕੇ ਯੂਹੰਨਾ, ਪਤਰਸ, ਯਾਕੂਬ, ਯਹੂਦਾਹ ਅਤੇ ਪੌਲੁਸ ਨੇ ਪਰਮੇਸ਼ੁਰ ਦੇ ਮਕਸਦ ਬਾਰੇ ਹੋਰ ਬਹੁਤ ਕੁਝ ਲਿਖਿਆ ਸੀ। ਇਸ ਤਰ੍ਹਾਂ ਪਵਿੱਤਰ ਆਤਮਾ ਰਾਹੀਂ ਉਨ੍ਹਾਂ ਨੂੰ ਸਿੱਖਿਆ ਮਿਲਣ ਦੇ ਨਾਲ-ਨਾਲ ਯਕੀਨ ਹੋਇਆ ਕਿ ਪਰਮੇਸ਼ੁਰ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ।

14. ਪਵਿੱਤਰ ਆਤਮਾ ਦੇ ਜ਼ਰੀਏ ਯਹੋਵਾਹ ਦੇ ਲੋਕਾਂ ਨੂੰ ਕਿਸ ਤਰ੍ਹਾਂ ਮਦਦ ਮਿਲੀ ਸੀ?

14 ਪਵਿੱਤਰ ਆਤਮਾ ਦੀਆਂ ਕਰਾਮਾਤੀ ਦਾਤਾਂ ਤੋਂ ਇਹ ਵੀ ਸਪੱਸ਼ਟ ਹੋਇਆ ਕਿ ਪਰਮੇਸ਼ੁਰ ਨੇ ਪੈਦਾਇਸ਼ੀ ਇਸਰਾਏਲ ਦੀ ਬਜਾਇ ਮਸੀਹੀ ਕਲੀਸਿਯਾ ਨੂੰ ਪਸੰਦ ਕੀਤਾ ਸੀ। (ਇਬਰਾਨੀਆਂ 2:4) ਪਵਿੱਤਰ ਆਤਮਾ ਦੇ ਫਲ ਤੋਂ ਇਹ ਵੀ ਪਤਾ ਲੱਗਾ ਕਿ ਯਿਸੂ ਦੇ ਅਸਲੀ ਚੇਲੇ ਕੌਣ ਸਨ। (ਯੂਹੰਨਾ 13:35; ਗਲਾਤੀਆਂ 5:22-24) ਇਸ ਦੇ ਇਲਾਵਾ ਇਸ ਆਤਮਾ ਦੇ ਜ਼ਰੀਏ ਮਸੀਹੀ ਕਲੀਸਿਯਾ ਦੇ ਮੈਂਬਰਾਂ ਨੂੰ ਦਲੇਰੀ ਨਾਲ ਗਵਾਹੀ ਦੇਣ ਦੀ ਹਿੰਮਤ ਮਿਲੀ।—ਰਸੂਲਾਂ ਦੇ ਕਰਤੱਬ 4:31.

ਬੇਹੱਦ ਦਬਾਅ ਅਧੀਨ ਸਹਾਇਤਾ

15. (ੳ) ਸਾਰੇ ਮਸੀਹੀ ਕਿਹੋ ਜਿਹੇ ਦਬਾਵਾਂ ਅਧੀਨ ਆਏ ਹਨ? (ਅ) ਜਿਹੜੇ ਮਸੀਹੀ ਦੂਸਰਿਆਂ ਨੂੰ ਹੌਸਲਾ ਦਿੰਦੇ ਹਨ ਉਨ੍ਹਾਂ ਨੂੰ ਖ਼ੁਦ ਹੌਸਲੇ ਦੀ ਜ਼ਰੂਰਤ ਕਿਉਂ ਹੁੰਦੀ ਹੈ?

15 ਵਫ਼ਾਦਾਰੀ ਨਾਲ ਯਹੋਵਾਹ ਦੀ ਭਗਤੀ ਕਰਨ ਵਾਲੇ ਸਾਰੇ ਲੋਕ ਕਿਸੇ-ਨ-ਕਿਸੇ ਤਰ੍ਹਾਂ ਸਤਾਏ ਜਾਂਦੇ ਹਨ। (2 ਤਿਮੋਥਿਉਸ 3:12) ਪਰ ਕੁਝ ਮਸੀਹੀ ਬੇਹੱਦ ਦਬਾਅ ਅਧੀਨ ਆਉਂਦੇ ਹਨ। ਸਾਡੇ ਸਮੇਂ ਵਿਚ ਕਈਆਂ ਮਸੀਹੀਆਂ ਨੂੰ ਭੀੜਾਂ ਨੇ ਫੜ ਕੇ ਨਜ਼ਰਬੰਦੀ-ਕੈਂਪਾਂ ਅਤੇ ਕੈਦਖ਼ਾਨਿਆਂ ਵਿਚ ਸੁੱਟ ਦਿੱਤਾ ਹੈ ਜਿੱਥੇ ਉਨ੍ਹਾਂ ਨੂੰ ਮਾੜੀਆਂ ਹਾਲਤਾਂ ਵਿਚ ਰਹਿਣਾ ਪਿਆ ਹੈ। ਕੁਝ ਹਕੂਮਤਾਂ ਨੇ ਆਪ ਅਤਿਆਚਾਰ ਕੀਤੇ ਹਨ ਜਾਂ ਉਨ੍ਹਾਂ ਨੇ ਆਪਣੇ ਲੋਕਾਂ ਨੂੰ ਇਸ ਤਰ੍ਹਾਂ ਕਰਨ ਦੀ ਪੂਰੀ ਅਜ਼ਾਦੀ ਦਿੱਤੀ ਹੈ। ਕੁਝ ਮਸੀਹੀਆਂ ਨੂੰ ਆਪਣੀ ਵਿਗੜਦੀ ਸਿਹਤ ਜਾਂ ਆਪਣੇ ਪਰਿਵਾਰ ਵਿਚ ਮੁਸੀਬਤਾਂ ਜਰਨੀਆਂ ਪਈਆਂ ਹਨ। ਉਨ੍ਹਾਂ ਭੈਣਾਂ-ਭਰਾਵਾਂ ਨੂੰ ਵੀ ਹੌਸਲੇ ਦੀ ਜ਼ਰੂਰਤ ਹੁੰਦੀ ਹੈ ਜੋ ਆਪਣੀ ਪਰਵਾਹ ਕਰਨ ਤੋਂ ਬਿਨਾਂ ਵਾਰ-ਵਾਰ ਇਕ ਤੋਂ ਬਾਅਦ ਦੂਜੇ ਮਸੀਹੀ ਦੀ ਮਦਦ ਕਰਦੇ ਰਹਿੰਦੇ ਹਨ।

16. ਜਦੋਂ ਦਾਊਦ ਬੇਹੱਦ ਦਬਾਅ ਅਧੀਨ ਸੀ, ਤਾਂ ਉਸ ਨੂੰ ਮਦਦ ਕਿੱਥੋਂ ਮਿਲੀ ਸੀ?

16 ਜਦੋਂ ਸ਼ਾਊਲ ਬਾਦਸ਼ਾਹ ਦਾਊਦ ਨੂੰ ਮਾਰਨ ਲਈ ਉਸ ਦਾ ਪਿੱਛਾ ਕਰ ਰਿਹਾ ਸੀ, ਤਾਂ ਦਾਊਦ ਨੇ ਯਹੋਵਾਹ ਤੋਂ ਮਦਦ ਮੰਗੀ। ਉਸ ਨੇ ਬੇਨਤੀ ਕੀਤੀ: ‘ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ। ਮੈਂ ਤੇਰੇ ਖੰਭਾਂ ਦੀ ਛਾਇਆ ਹੇਠ ਸ਼ਰਨ ਲੈਂਦਾ ਹਾਂ।’ (ਜ਼ਬੂਰਾਂ ਦੀ ਪੋਥੀ 54:2, 4; 57:1) ਕੀ ਦਾਊਦ ਨੂੰ ਮਦਦ ਮਿਲੀ ਸੀ? ਜੀ ਹਾਂ। ਉਸ ਮੁਸ਼ਕਲ ਸਮੇਂ ਦੌਰਾਨ ਯਹੋਵਾਹ ਨੇ ਗਾਦ ਨਬੀ ਅਤੇ ਅਬਯਾਥਾਰ ਜਾਜਕ ਰਾਹੀਂ ਦਾਊਦ ਦੀ ਅਗਵਾਈ ਕੀਤੀ ਸੀ। ਉਸ ਨੇ ਸ਼ਾਊਲ ਦੇ ਪੁੱਤਰ ਯੋਨਾਥਾਨ ਰਾਹੀਂ ਦਾਊਦ ਦਾ ਹੌਸਲਾ ਵਧਾਇਆ ਸੀ। (1 ਸਮੂਏਲ 22:1, 5; 23:9-13, 16-18) ਯਹੋਵਾਹ ਨੇ ਫਿਲਿਸਤੀਆਂ ਨੂੰ ਦੇਸ਼ ਉੱਤੇ ਹੱਲਾ ਕਰ ਲੈਣ ਦਿੱਤਾ ਤਾਂਕਿ ਸ਼ਾਊਲ ਦਾਊਦ ਦਾ ਪਿੱਛਾ ਕਰਨ ਤੋਂ ਹਟ ਜਾਵੇ।—1 ਸਮੂਏਲ 23:27, 28.

17. ਬੇਹੱਦ ਦਬਾਅ ਦੇ ਵੇਲੇ ਯਿਸੂ ਨੇ ਕਿਸ ਤੋਂ ਮਦਦ ਮੰਗੀ ਸੀ?

17 ਯਿਸੂ ਮਸੀਹ ਦੀ ਮੌਤ ਤੋਂ ਥੋੜ੍ਹਾ ਚਿਰ ਪਹਿਲਾਂ ਉਸ ਉੱਤੇ ਵੀ ਬੇਹੱਦ ਦਬਾਅ ਆਇਆ ਸੀ। ਉਹ ਜਾਣਦਾ ਸੀ ਕਿ ਉਸ ਦੇ ਚਾਲ-ਚਲਣ ਦਾ ਉਸ ਦੇ ਪਿਤਾ ਦੇ ਨਾਮ ਤੇ ਕੀ ਪ੍ਰਭਾਵ ਪੈਣਾ ਸੀ ਅਤੇ ਇਸ ਦਾ ਇਨਸਾਨਜਾਤ ਦੇ ਭਵਿੱਖ ਲਈ ਕੀ ਮਤਲਬ ਹੋਣਾ ਸੀ। ਉਸ ਨੇ “ਮਹਾਂ ਕਸ਼ਟ” ਵਿਚ ਪੈ ਕੇ ਤਨੋਂ-ਮਨੋਂ ਪ੍ਰਾਰਥਨਾ ਕੀਤੀ। ਪਰਮੇਸ਼ੁਰ ਨੇ ਮੁਸੀਬਤ ਦੇ ਇਸ ਵੇਲੇ ਯਿਸੂ ਨੂੰ ਸਹਾਰਾ ਦੇਣ ਲਈ ਕਦਮ ਚੁੱਕਿਆ।—ਲੂਕਾ 22:41-44.

18. ਪਰਮੇਸ਼ੁਰ ਨੇ ਪਹਿਲੀ ਸਦੀ ਦੇ ਸਿਤਮ ਸਹਿ ਰਹੇ ਮਸੀਹੀਆਂ ਨੂੰ ਦਿਲਾਸਾ ਕਿਸ ਤਰ੍ਹਾਂ ਦਿੱਤਾ ਸੀ?

18 ਪਹਿਲੀ ਸਦੀ ਦੀ ਕਲੀਸਿਯਾ ਦੇ ਸਥਾਪਿਤ ਹੋਣ ਤੋਂ ਬਾਅਦ ਮਸੀਹੀਆਂ ਨੂੰ ਇੰਨਾ ਸਿਤਮ ਸਹਿਣਾ ਪਿਆ ਕਿ ਰਸੂਲਾਂ ਤੋਂ ਇਲਾਵਾ ਸਾਰੇ ਭੈਣ-ਭਰਾ ਯਰੂਸ਼ਲਮ ਤੋਂ ਭੱਜ ਗਏ ਸਨ। ਤੀਵੀਆਂ ਤੇ ਆਦਮੀਆਂ ਨੂੰ ਘਰੋਂ ਧੂਹ-ਘੜੀਸ ਕੇ ਕੱਢਿਆ ਗਿਆ ਸੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿਲਾਸਾ ਕਿਸ ਤਰ੍ਹਾਂ ਦਿੱਤਾ ਸੀ? ਉਸ ਨੇ ਆਪਣੇ ਬਚਨ ਰਾਹੀਂ ਉਨ੍ਹਾਂ ਨੂੰ ਯਕੀਨ ਦਿਲਾਇਆ ਕਿ ਉਨ੍ਹਾਂ ਦਾ “ਧਨ ਇਸ ਨਾਲੋਂ ਉੱਤਮ ਅਤੇ ਅਟੱਲ” ਸੀ ਯਾਨੀ ਉਹ ਮਸੀਹ ਨਾਲ ਸਵਰਗ ਵਿਚ ਰਾਜ ਕਰਨਗੇ। (ਇਬਰਾਨੀਆਂ 10:34; ਅਫ਼ਸੀਆਂ 1:18-20) ਜਿਉਂ-ਜਿਉਂ ਉਹ ਪ੍ਰਚਾਰ ਕਰਦੇ ਰਹੇ ਉਨ੍ਹਾਂ ਨੇ ਦੇਖਿਆ ਕਿ ਪਰਮੇਸ਼ੁਰ ਦੀ ਆਤਮਾ ਉਨ੍ਹਾਂ ਦੇ ਨਾਲ ਸੀ ਅਤੇ ਉਨ੍ਹਾਂ ਦੇ ਤਜਰਬਿਆਂ ਤੋਂ ਉਨ੍ਹਾਂ ਨੂੰ ਆਨੰਦ ਤੇ ਖ਼ੁਸ਼ ਹੋਣ ਦੇ ਹੋਰ ਕਾਰਨ ਮਿਲੇ।—ਮੱਤੀ 5:11, 12; ਰਸੂਲਾਂ ਦੇ ਕਰਤੱਬ 8:1-40.

19. ਪੌਲੁਸ ਨੇ ਕਾਫ਼ੀ ਸਿਤਮ ਸਹਿਣ ਦੇ ਬਾਵਜੂਦ ਪਰਮੇਸ਼ੁਰ ਦੇ ਦਿਲਾਸੇ ਬਾਰੇ ਕੀ ਲਿਖਿਆ ਸੀ?

19 ਸੌਲੁਸ ਉਨ੍ਹਾਂ ਵਿੱਚੋਂ ਇਕ ਸੀ ਜੋ ਮਸੀਹੀਆਂ ਉੱਤੇ ਸਿਤਮ ਢਾਉਂਦਾ ਹੁੰਦਾ ਸੀ, ਪਰ ਸਮੇਂ ਦੇ ਬੀਤਣ ਨਾਲ ਉਹ ਆਪ ਮਸੀਹੀ ਬਣ ਗਿਆ ਅਤੇ ਪੌਲੁਸ ਰਸੂਲ ਵਜੋਂ ਜਾਣਿਆ ਗਿਆ। ਫਿਰ ਮਸੀਹੀ ਬਣਨ ਕਰਕੇ ਉਸ ਨੂੰ ਵੀ ਕਸ਼ਟ ਸਹਿਣੇ ਪਏ। ਸਾਈਪ੍ਰਸ ਦੇ ਟਾਪੂ ਤੇ ਇਕ ਜਾਦੂਗਰ ਨੇ ਛਲ ਅਤੇ ਗ਼ਲਤ-ਬਿਆਨੀ ਨਾਲ ਪੌਲੁਸ ਦੀ ਸੇਵਕਾਈ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਗਲਾਤਿਯਾ ਵਿਚ ਪੌਲੁਸ ਨੂੰ ਪੱਥਰਾਂ ਨਾਲ ਮਾਰਿਆ ਗਿਆ ਅਤੇ ਮੋਇਆ ਸਮਝ ਕੇ ਛੱਡ ਦਿੱਤਾ ਗਿਆ। (ਰਸੂਲਾਂ ਦੇ ਕਰਤੱਬ 13:8-10; 14:19) ਮਕਦੂਨਿਯਾ ਵਿਚ ਉਸ ਨੂੰ ਬੈਂਤ ਨਾਲ ਮਾਰਿਆ ਗਿਆ ਸੀ। (ਰਸੂਲਾਂ ਦੇ ਕਰਤੱਬ 16:22, 23) ਅਫ਼ਸੁਸ ਵਿਚ ਭੀੜਾਂ ਉਸ ਉੱਤੇ ਟੁੱਟ ਪਈਆਂ ਜਿਸ ਤੋਂ ਬਾਅਦ ਉਸ ਨੇ ਲਿਖਿਆ: “ਉਥੇ ਸਾਡੇ ਤੇ ਇੰਨੇ ਭਿਅੰਕਰ ਦੁੱਖ ਆਏ ਸਨ ਕਿ ਅਸੀਂ ਜੀਵਣ ਦੀ ਆਸ ਹੀ ਛੱਡ ਦਿੱਤੀ ਸੀ। ਉਸ ਸਮੇਂ ਸਾਨੂੰ ਇਸ ਤਰ੍ਹਾਂ ਲਗਾ ਕਿ ਸਾਨੂੰ ਮੌਤ ਦੀ ਸਜ਼ਾ ਦਿਤੀ ਜਾ ਰਹੀ ਹੈ।” (2 ਕੁਰਿੰਥੁਸ 1:8, 9, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਇਸੇ ਚਿੱਠੀ ਵਿਚ ਪੌਲੁਸ ਨੇ ਦਿਲਾਸੇ ਵਾਲੇ ਉਹ ਸ਼ਬਦ ਲਿਖੇ ਜੋ ਇਸ ਲੇਖ ਦੇ ਦੂਜੇ ਪੈਰੇ ਵਿਚ ਹਨ।—2 ਕੁਰਿੰਥੀਆਂ 1:3, 4.

20. ਅਸੀਂ ਅਗਲੇ ਲੇਖ ਵਿਚ ਕੀ ਸਿੱਖਾਂਗੇ?

20 ਤੁਸੀਂ ਦਿਲਾਸਾ ਕਿਸ ਤਰ੍ਹਾਂ ਦੇ ਸਕਦੇ ਹੋ? ਸਾਡੇ ਜ਼ਮਾਨੇ ਵਿਚ ਲੋਕਾਂ ਨੂੰ ਆਪਣੇ ਦੁੱਖਾਂ ਕਰਕੇ ਜਾਂ ਹੋਰਨਾਂ ਦੇ ਦੁੱਖ ਦੇਖ ਕੇ ਗਮ ਹੁੰਦਾ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਦਿਲਾਸੇ ਦੀ ਲੋੜ ਹੈ। ਅਗਲੇ ਲੇਖ ਵਿਚ ਆਪਾਂ ਸਿੱਖਾਂਗੇ ਕਿ ਅਸੀਂ ਦੂਸਰਿਆਂ ਨੂੰ ਦਿਲਾਸਾ ਕਿਸ ਤਰ੍ਹਾਂ ਦੇ ਸਕਦੇ ਹਾਂ।

ਕੀ ਤੁਹਾਨੂੰ ਯਾਦ ਹੈ?

• ਪਰਮੇਸ਼ੁਰ ਦਾ ਦਿਲਾਸਾ ਸਭ ਤੋਂ ਵਧੀਆ ਕਿਉਂ ਹੈ?

• ਮਸੀਹ ਰਾਹੀਂ ਦਿਲਾਸਾ ਕਿਸ ਤਰ੍ਹਾਂ ਦਿੱਤਾ ਗਿਆ ਸੀ?

• ਪਵਿੱਤਰ ਆਤਮਾ ਦੇ ਜ਼ਰੀਏ ਦਿਲਾਸਾ ਕਿਸ ਤਰ੍ਹਾਂ ਮਿਲਿਆ ਹੈ?

• ਉਦਾਹਰਣਾਂ ਦਿਓ ਕਿ ਪਰਮੇਸ਼ੁਰ ਨੇ ਆਪਣੇ ਸੇਵਕਾਂ ਨੂੰ ਬੇਹੱਦ ਦਬਾਅ ਅਧੀਨ ਦਿਲਾਸਾ ਕਿਸ ਤਰ੍ਹਾਂ ਦਿੱਤਾ ਸੀ।

[ਸਵਾਲ]

[ਸਫ਼ੇ 15 ਉੱਤੇ ਤਸਵੀਰਾਂ]

ਬਾਈਬਲ ਵਿਚ ਦਿਖਾਇਆ ਗਿਆ ਹੈ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਛੁਡਾ ਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਸੀ

[ਸਫ਼ੇ 18 ਉੱਤੇ ਤਸਵੀਰ]

ਯਿਸੂ ਨੇ ਲੋਕਾਂ ਨੂੰ ਸਿੱਖਿਆ ਦੇ ਕੇ, ਉਨ੍ਹਾਂ ਨੂੰ ਚੰਗਾ ਕਰ ਕੇ ਅਤੇ ਮੁਰਦਿਆਂ ਨੂੰ ਜ਼ਿੰਦਾ ਕਰ ਕੇ ਦਿਲਾਸਾ ਦਿੱਤਾ ਸੀ

[ਸਫ਼ੇ 18 ਉੱਤੇ ਤਸਵੀਰ]

ਯਿਸੂ ਨੂੰ ਪਰਮੇਸ਼ੁਰ ਤੋਂ ਮਦਦ ਮਿਲੀ ਸੀ

[ਫੁਟਨੋਟ]

^ ਪੈਰਾ 11 ਜਿਸ ਯੂਨਾਨੀ ਸ਼ਬਦ (ਪੈਰਾਕਲੀਟਸ) ਦਾ ਤਰਜਮਾ ਸਹਾਇਕ ਕੀਤਾ ਗਿਆ ਹੈ ਉਸ ਦਾ ਮਤਲਬ ਦਿਲਾਸਾ ਦੇਣ ਵਾਲਾ ਵੀ ਹੋ ਸਕਦਾ ਹੈ।