ਦੁਖੀ ਲੋਕਾਂ ਨੂੰ ਦਿਲਾਸਾ ਦਿਓ
ਦੁਖੀ ਲੋਕਾਂ ਨੂੰ ਦਿਲਾਸਾ ਦਿਓ
‘ਯਹੋਵਾਹ ਨੇ ਮੈਨੂੰ ਸਾਰੇ ਸੋਗੀਆਂ ਨੂੰ ਦਿਲਾਸਾ ਦੇਣ ਲਈ ਮਸਹ ਕੀਤਾ।’—ਯਸਾਯਾਹ 61:1, 2.
1, 2. ਸਾਨੂੰ ਕਿਨ੍ਹਾਂ ਨੂੰ ਦਿਲਾਸਾ ਦੇਣਾ ਚਾਹੀਦਾ ਹੈ ਅਤੇ ਕਿਉਂ?
ਯਹੋਵਾਹ ਸਰਬ ਦਿਲਾਸੇ ਦਾ ਪਰਮੇਸ਼ੁਰ ਹੈ ਅਤੇ ਉਹ ਸਾਨੂੰ ਦੁੱਖ ਭੋਗ ਰਹੇ ਲੋਕਾਂ ਬਾਰੇ ਸੋਚਣ ਲਈ ਸਿਖਾਉਂਦਾ ਹੈ। ਉਹ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਅਸੀਂ ਸੋਗ ਕਰਨ ਵਾਲਿਆਂ ਅਤੇ “ਕਮਦਿਲਿਆਂ ਨੂੰ ਦਿਲਾਸਾ” ਦੇਈਏ। (1 ਥੱਸਲੁਨੀਕੀਆਂ 5:14) ਜ਼ਰੂਰਤ ਪੈਣ ਤੇ ਅਸੀਂ ਕਲੀਸਿਯਾ ਵਿਚ ਆਪਣੇ ਭੈਣਾਂ-ਭਰਾਵਾਂ ਨੂੰ ਅਜਿਹੀ ਮਦਦ ਦਿੰਦੇ ਹਾਂ। ਪਰ ਅਸੀਂ ਉਨ੍ਹਾਂ ਲੋਕਾਂ ਨਾਲ ਵੀ ਪਿਆਰ ਕਰਦੇ ਹਾਂ ਜੋ ਸਾਡੇ ਭੈਣ-ਭਾਈ ਨਹੀਂ ਹਨ ਅਤੇ ਜਿਨ੍ਹਾਂ ਨੇ ਸ਼ਾਇਦ ਸਾਡੇ ਨਾਲ ਪਿਆਰ ਕਰਨ ਦਾ ਕੋਈ ਸਬੂਤ ਨਾ ਦਿੱਤਾ ਹੋਵੇ।—ਮੱਤੀ 5:43-48; ਗਲਾਤੀਆਂ 6:10.
2 ਯਿਸੂ ਮਸੀਹ ਨੇ ਯਸਾਯਾਹ 61:1, 2 ਦੀ ਭਵਿੱਖਬਾਣੀ ਪੜ੍ਹ ਕੇ ਆਪਣੇ ਆਪ ਉੱਤੇ ਲਾਗੂ ਕੀਤੀ ਸੀ: “ਪ੍ਰਭੁ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਏਸ ਲਈ ਜੋ ਯਹੋਵਾਹ ਨੇ ਮੈਨੂੰ ਮਸਹ ਕੀਤਾ, ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ, ਓਸ ਮੈਨੂੰ ਘੱਲਿਆ ਹੈ, ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ . . . ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ।” (ਲੂਕਾ 4:16-19) ਆਧੁਨਿਕ ਸਮੇਂ ਦੇ ਮਸਹ ਕੀਤੇ ਹੋਏ ਮਸੀਹੀਆਂ ਨੇ ਕਾਫ਼ੀ ਸਮੇਂ ਤੋਂ ਇਹ ਗੱਲ ਪਛਾਣੀ ਹੈ ਕਿ ਇਹ ਭਵਿੱਖਬਾਣੀ ਉਨ੍ਹਾਂ ਉੱਤੇ ਵੀ ਲਾਗੂ ਹੁੰਦੀ ਹੈ। ਇਸ ਕੰਮ ਵਿਚ ‘ਹੋਰ ਭੇਡਾਂ’ ਉਨ੍ਹਾਂ ਦਾ ਸਾਥ ਦੇ ਕੇ ਖ਼ੁਸ਼ ਹਨ।—ਯੂਹੰਨਾ 10:16.
3. ਜਦ ਲੋਕ ਪੁੱਛਦੇ ਹਨ ਕਿ ‘ਰੱਬ ਨੇ ਬਿਪਤਾ ਕਿਉਂ ਲਿਆਂਦੀ?’ ਤਾਂ ਤੁਸੀਂ ਉਨ੍ਹਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹੋ?
3 ਜਦ ਲੋਕਾਂ ਉੱਤੇ ਕੋਈ ਬਿਪਤਾ ਆਉਂਦੀ ਹੈ, ਤਾਂ ਉਹ ਟੁੱਟੇ * ਪਰ ਪਹਿਲਾਂ-ਪਹਿਲਾਂ ਕੁਝ ਲੋਕਾਂ ਨੂੰ ਬਾਈਬਲ ਤੋਂ ਯਸਾਯਾਹ 61:1, 2 ਵਰਗਾ ਕੋਈ ਹਵਾਲਾ ਦੇਖ ਕੇ ਹੀ ਦਿਲਾਸਾ ਮਿਲਿਆ ਹੈ ਕਿਉਂਕਿ ਉਸ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਲੋਕਾਂ ਨੂੰ ਦਿਲਾਸਾ ਦੇਣਾ ਚਾਹੁੰਦਾ ਹੈ।
ਦਿਲ ਨਾਲ ਪੁੱਛਦੇ ਹਨ ਕਿ ‘ਰੱਬ ਨੇ ਇਸ ਤਰ੍ਹਾਂ ਕਿਉਂ ਕੀਤਾ?’ ਬਾਈਬਲ ਵਿਚ ਇਸ ਸਵਾਲ ਦਾ ਜਵਾਬ ਸਾਫ਼-ਸਾਫ਼ ਦਿੱਤਾ ਗਿਆ ਹੈ। ਪਰ ਜੇ ਕੋਈ ਬਾਈਬਲ ਦੀ ਪੜ੍ਹਾਈ ਨਹੀਂ ਕਰ ਰਿਹਾ, ਤਾਂ ਉਹ ਇਹ ਗੱਲ ਇਕਦਮ ਨਹੀਂ ਸਮਝ ਸਕੇਗਾ। ਯਹੋਵਾਹ ਦੇ ਗਵਾਹਾਂ ਦੀਆਂ ਕਿਤਾਬਾਂ ਤੇ ਰਸਾਲਿਆਂ ਨਾਲ ਉਸ ਦੀ ਮਦਦ ਕੀਤੀ ਜਾ ਸਕਦੀ ਹੈ।4. ਪੋਲੈਂਡ ਵਿਚ ਸਾਡੀ ਇਕ ਭੈਣ ਇਕ ਗ਼ਮਗੀਨ ਕੁੜੀ ਦੀ ਮਦਦ ਕਿਸ ਤਰ੍ਹਾਂ ਕਰ ਸਕੀ ਸੀ ਅਤੇ ਇਸ ਤੋਂ ਅਸੀਂ ਦੂਸਰਿਆਂ ਦੀ ਮਦਦ ਕਰਨ ਬਾਰੇ ਕੀ ਸਿੱਖ ਸਕਦੇ ਹਾਂ?
4 ਦਿਲਾਸੇ ਦੀ ਲੋੜ ਸਾਰਿਆਂ ਨੂੰ ਹੁੰਦੀ ਹੈ ਭਾਵੇਂ ਉਹ ਕਿਸੇ ਵੀ ਉਮਰ ਦੇ ਕਿਉਂ ਨਾ ਹੋਣ। ਪੋਲੈਂਡ ਵਿਚ ਇਕ ਗ਼ਮਗੀਨ ਕੁੜੀ ਨੇ ਇਕ ਔਰਤ ਤੋਂ ਸਲਾਹ ਮੰਗੀ। ਉਹ ਔਰਤ ਯਹੋਵਾਹ ਦੀ ਗਵਾਹ ਸੀ ਅਤੇ ਉਸ ਨੇ ਪਿਆਰ ਨਾਲ ਕੁੜੀ ਨਾਲ ਗੱਲਬਾਤ ਕੀਤੀ। ਇਸ ਤੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਮਨ ਵਿਚ ਅਜਿਹੇ ਬਹੁਤ ਸਾਰੇ ਸਵਾਲ ਅਤੇ ਸ਼ੱਕ ਸਨ ਜਿਵੇਂ ਕਿ ‘ਦੁਨੀਆਂ ਵਿਚ ਇੰਨੀ ਬੁਰਾਈ ਕਿਉਂ ਹੈ? ਲੋਕ ਦੁਖੀ ਕਿਉਂ ਹਨ? ਮੇਰੀ ਭੈਣ ਅਧਰੰਗੀ ਕਿਉਂ ਹੈ? ਮੈਂ ਦਿਲ ਦੀ ਮਰੀਜ਼ ਕਿਉਂ ਹਾਂ? ਚਰਚ ਦੇ ਲੋਕ ਕਹਿੰਦੇ ਹਨ ਕਿ ਇਹ ਰੱਬ ਦੀ ਮਰਜ਼ੀ ਹੈ। ਪਰ ਜੇ ਰੱਬ ਇਹੋ ਚਾਹੁੰਦਾ ਹੈ, ਤਾਂ ਮੈਂ ਉਸ ਵਿਚ ਵਿਸ਼ਵਾਸ ਕਰਨੋਂ ਹਟ ਜਾਵਾਂਗੀ!’ ਸਾਡੀ ਭੈਣ ਨੇ ਦਿਲ ਵਿਚ ਯਹੋਵਾਹ ਨੂੰ ਦੁਆ ਕਰਨ ਤੋਂ ਬਾਅਦ ਕਿਹਾ: “ਮੈਂ ਖ਼ੁਸ਼ ਹਾਂ ਕਿ ਤੂੰ ਮੈਨੂੰ ਇਹ ਸਵਾਲ ਪੁੱਛੇ ਹਨ। ਮੈਂ ਤੇਰੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੀ।” ਭੈਣ ਨੇ ਕੁੜੀ ਨੂੰ ਦੱਸਿਆ ਕਿ ਜਦ ਉਹ ਛੋਟੀ ਸੀ, ਤਾਂ ਉਹ ਵੀ ਇਸੇ ਤਰ੍ਹਾਂ ਮਹਿਸੂਸ ਕਰਦੀ ਸੀ ਅਤੇ ਯਹੋਵਾਹ ਦੇ ਗਵਾਹਾਂ ਨੇ ਉਸ ਦੀ ਮਦਦ ਕੀਤੀ ਸੀ। ਉਸ ਨੇ ਕਿਹਾ: “ਮੈਂ ਸਿੱਖਿਆ ਕਿ ਰੱਬ ਲੋਕਾਂ ਤੇ ਦੁੱਖ-ਤਕਲੀਫ਼ ਨਹੀਂ ਲਿਆਉਂਦਾ। ਉਹ ਤਾਂ ਇਨਸਾਨਾਂ ਨਾਲ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਭਲਾਈ ਚਾਹੁੰਦਾ ਹੈ। ਉਹ ਜਲਦੀ ਹੀ ਧਰਤੀ ਤੇ ਇਕ ਵੱਡੀ ਤਬਦੀਲੀ ਲਿਆਉਣ ਵਾਲਾ ਹੈ। ਬੁਢੇਪੇ ਦੇ ਰੋਗ ਤੇ ਹੋਰ ਬੀਮਾਰੀਆਂ ਅਤੇ ਮੌਤ ਵੀ ਮਿਟਾ ਦਿੱਤੀ ਜਾਵੇਗੀ ਅਤੇ ਵਫ਼ਾਦਾਰ ਇਨਸਾਨ ਹਮੇਸ਼ਾ ਵਾਸਤੇ ਇੱਥੇ ਧਰਤੀ ਤੇ ਜ਼ਿੰਦਾ ਰਹਿਣਗੇ।” ਉਸ ਨੇ ਕੁੜੀ ਨੂੰ ਪਰਕਾਸ਼ ਦੀ ਪੋਥੀ 21:3, 4; ਅੱਯੂਬ 33:25; ਯਸਾਯਾਹ 35:5-7 ਅਤੇ 65:21-25 ਦਿਖਾਏ। ਕਾਫ਼ੀ ਸਮੇਂ ਲਈ ਗੱਲਬਾਤ ਕਰਨ ਤੋਂ ਬਾਅਦ ਉਸ ਕੁੜੀ ਨੇ ਹਾਉਕਾ ਭਰ ਕੇ ਕਿਹਾ: “ਹੁਣ ਮੈਂ ਜਾਣਿਆ ਕਿ ਮੈਂ ਕਿਉਂ ਜ਼ਿੰਦਾ ਹਾਂ। ਕੀ ਮੈਂ ਤੁਹਾਨੂੰ ਦੁਬਾਰਾ ਮਿਲਣ ਆ ਸਕਦੀ ਹਾਂ?” ਸਾਡੀ ਭੈਣ ਨੇ ਉਸ ਨਾਲ ਹਫ਼ਤੇ ਵਿਚ ਦੋ ਵਾਰ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ।
ਬਾਈਬਲ ਤੋਂ ਦਿਲਾਸਾ ਦਿਓ
5. ਹਮਦਰਦੀ ਨਾਲ ਗੱਲ ਕਰਦੇ ਹੋਏ ਅਸੀਂ ਲੋਕਾਂ ਨੂੰ ਦਿਲਾਸਾ ਕਿਸ ਤਰ੍ਹਾਂ ਦੇ ਸਕਦੇ ਹਾਂ?
5 ਦਿਲਾਸਾ ਦੇਣ ਵਾਸਤੇ ਹਮਦਰਦੀ ਨਾਲ ਦੋ ਸ਼ਬਦ ਕਹੇ ਜਾ ਸਕਦੇ ਹਨ। ਅਸੀਂ ਆਪਣੇ ਬੋਲ ਅਤੇ ਲਹਿਜੇ ਨਾਲ ਦਿਖਾ ਸਕਦੇ ਹਾਂ ਕਿ ਸਾਨੂੰ ਦੂਸਰੇ ਦਾ ਦੁੱਖ ਦੇਖ ਕੇ ਸੱਚ-ਮੁੱਚ ਦੁੱਖ ਹੁੰਦਾ ਹੈ। ਪਰ ਇਹ ਅਸੀਂ ਐਵੇਂ ਕੁਝ ਕਹਿ ਕੇ ਨਹੀਂ ਕਰ ਸਕਦੇ ਹਾਂ। ਬਾਈਬਲ ਵਿਚ ਸਾਨੂੰ ਦੱਸਿਆ ਗਿਆ ਹੈ ਕਿ ‘ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।’ (ਰੋਮੀਆਂ 15:4) ਇਸ ਗੱਲ ਨੂੰ ਮੰਨ ਵਿਚ ਰੱਖ ਕੇ ਅਸੀਂ ਕਿਸੇ ਸਹੀ ਸਮੇਂ ਤੇ ਬਾਈਬਲ ਖੋਲ੍ਹ ਕੇ ਦਿਖਾ ਸਕਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਕੀ ਹੈ ਅਤੇ ਉਹ ਦੁਨੀਆਂ ਦੇ ਮਸਲਿਆਂ ਨੂੰ ਕਿਸ ਤਰ੍ਹਾਂ ਖ਼ਤਮ ਕਰੇਗਾ। ਫਿਰ ਅਸੀਂ ਸਮਝਾ ਸਕਦੇ ਹਾਂ ਕਿ ਅਸੀਂ ਇਸ ਉਮੀਦ ਉੱਤੇ ਪੱਕਾ ਭਰੋਸਾ ਕਿਉਂ ਰੱਖਦੇ ਹਾਂ। ਇਸ ਤਰ੍ਹਾਂ ਅਸੀਂ ਲੋਕਾਂ ਨੂੰ ਸੱਚ-ਮੁੱਚ ਦਿਲਾਸਾ ਦੇ ਸਕਦੇ ਹਾਂ।
6. ਅਸੀਂ ਲੋਕਾਂ ਨੂੰ ਕਿਹੜੀਆਂ ਗੱਲਾਂ ਸਮਝਾ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ ਤਾਂਕਿ ਉਨ੍ਹਾਂ ਨੂੰ ਬਾਈਬਲ ਤੋਂ ਸੱਚ-ਮੁੱਚ ਦਿਲਾਸਾ ਮਿਲੇ?
6 ਸੱਚ-ਮੁੱਚ ਦਿਲਾਸਾ ਪਾਉਣ ਵਾਸਤੇ ਜ਼ਰੂਰੀ ਹੈ ਕਿ ਲੋਕ ਸੱਚੇ ਪਰਮੇਸ਼ੁਰ ਬਾਰੇ ਜਾਣਨ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ ਅਤੇ ਕਿ ਉਹ ਆਪਣੇ ਵਾਅਦੇ ਨਿਭਾਉਂਦਾ ਹੈ। ਜਦ ਅਸੀਂ ਅਜਿਹੇ ਇਨਸਾਨ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਅਜੇ ਯਹੋਵਾਹ ਦਾ ਸੇਵਕ ਨਹੀਂ ਹੈ, ਤਾਂ ਬਹੁਤ ਹੀ ਚੰਗਾ ਹੋਵੇਗਾ ਜੇ ਅਸੀਂ
ਉਸ ਨੂੰ ਅਗਲੀਆਂ ਗੱਲਾਂ ਦੱਸੀਏ: (1) ਬਾਈਬਲ ਤੋਂ ਮਿਲਿਆ ਦਿਲਾਸਾ ਅਸਲ ਵਿਚ ਸੱਚੇ ਪਰਮੇਸ਼ੁਰ ਯਹੋਵਾਹ ਤੋਂ ਹੈ। (2) ਯਹੋਵਾਹ ਸਰਬਸ਼ਕਤੀਮਾਨ ਹੈ ਅਤੇ ਉਹ ਧਰਤੀ ਤੇ ਆਸਮਾਨ ਦਾ ਸ੍ਰਿਸ਼ਟੀਕਰਤਾ ਹੈ। ਉਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ ਅਤੇ ਸੱਚਾਈ ਤੇ ਦਇਆ ਨਾਲ ਭਰਪੂਰ ਹੈ। (3) ਜੇ ਅਸੀਂ ਬਾਈਬਲ ਤੋਂ ਸਹੀ ਗਿਆਨ ਹਾਸਲ ਕਰ ਕੇ ਪਰਮੇਸ਼ੁਰ ਦੇ ਨੇੜੇ ਹੋਵਾਂਗੇ, ਤਾਂ ਅਸੀਂ ਆਪਣੀ ਜ਼ਿੰਦਗੀ ਵਿਚ ਮੁਸ਼ਕਲਾਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਰ ਸਕਾਂਗੇ। (4) ਬਾਈਬਲ ਵਿਚ ਅਜਿਹੇ ਹਵਾਲੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਨਿੱਜੀ ਮਸਲਿਆਂ ਨੂੰ ਸਹਿਣਾ ਸਿੱਖ ਸਕਦੇ ਹਾਂ।7. (ੳ) ਜਦ ਅਸੀਂ ਕਿਸੇ ਨੂੰ ਦੱਸਦੇ ਹਾਂ ਕਿ ਪਰਮੇਸ਼ੁਰ ਦਾ ਦਿਲਾਸਾ “ਮਸੀਹ ਦੇ ਰਾਹੀਂ ਬਾਹਲਾ ਹੈ,” ਤਾਂ ਉਸ ਨੂੰ ਸ਼ਾਇਦ ਕਿਸ ਗੱਲ ਦਾ ਅਹਿਸਾਸ ਹੋਵੇ? (ਅ) ਅਸੀਂ ਉਸ ਇਨਸਾਨ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ ਜੋ ਮਹਿਸੂਸ ਕਰਦਾ ਹੈ ਕਿ ਉਸ ਦੇ ਕਰਮ ਬੁਰੇ ਹਨ?
7 ਕੁਝ ਭੈਣਾਂ-ਭਰਾਵਾਂ ਨੇ ਸੋਗ ਕਰ ਰਹੇ ਇਨਸਾਨਾਂ ਵਾਸਤੇ 2 ਕੁਰਿੰਥੀਆਂ 1:3-7 ਪੜ੍ਹ ਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਹੈ। ਇਹ ਹਵਾਲਾ ਪੜ੍ਹਦੇ ਹੋਏ ਉਨ੍ਹਾਂ ਨੇ ਇਨ੍ਹਾਂ ਸ਼ਬਦਾਂ ਤੇ ਜ਼ੋਰ ਦਿੱਤਾ ਹੈ ਕਿ ‘ਸਾਡਾ ਦਿਲਾਸਾ ਮਸੀਹ ਦੇ ਰਾਹੀਂ ਬਾਹਲਾ ਹੈ।’ ਬਾਈਬਲ ਤੋਂ ਇਹ ਹਵਾਲਾ ਪੜ੍ਹ ਕੇ ਉਸ ਇਨਸਾਨ ਨੂੰ ਸ਼ਾਇਦ ਅਹਿਸਾਸ ਹੋਵੇ ਕਿ ਦਿਲਾਸਾ ਭਾਲਣ ਵਾਸਤੇ ਬਾਈਬਲ ਪੜ੍ਹੀ ਜਾਣੀ ਚਾਹੀਦੀ ਹੈ। ਇਹ ਹਵਾਲਾ ਸੁਣ ਕੇ ਉਹ ਸ਼ਾਇਦ ਕਿਸੇ ਹੋਰ ਸਮੇਂ ਤੇ ਵੀ ਗੱਲਬਾਤ ਕਰਨੀ ਚਾਹੇ। ਜੇ ਉਹ ਇਨਸਾਨ ਮਹਿਸੂਸ ਕਰ ਰਿਹਾ ਹੈ ਕਿ ਉਸ ਦੀਆਂ ਮੁਸ਼ਕਲਾਂ ਉਸ ਦੇ ਆਪਣੇ ਬੁਰੇ ਕਰਮਾਂ ਦਾ ਨਤੀਜਾ ਹੈ, ਤਾਂ ਅਸੀਂ 1 ਯੂਹੰਨਾ 2:1, 2 ਅਤੇ ਜ਼ਬੂਰਾਂ ਦੀ ਪੋਥੀ 103:11-14 ਦੇ ਹਵਾਲੇ ਪੜ੍ਹ ਕੇ ਉਸ ਨੂੰ ਦਿਲਾਸਾ ਦੇ ਸਕਦੇ ਹਾਂ। ਇਸ ਤਰ੍ਹਾਂ ਅਸੀਂ ਸੱਚ-ਮੁੱਚ ਲੋਕਾਂ ਨੂੰ ਬਾਈਬਲ ਤੋਂ ਦਿਲਾਸਾ ਦੇ ਸਕਦੇ ਹਾਂ।
ਤੰਗੀ ਤੇ ਹਿੰਸਾ ਸਹਿ ਰਹੇ ਲੋਕਾਂ ਲਈ ਦਿਲਾਸਾ
8, 9. ਅਸੀਂ ਉਨ੍ਹਾਂ ਲੋਕਾਂ ਨੂੰ ਦਿਲਾਸਾ ਕਿਸ ਤਰ੍ਹਾਂ ਦੇ ਸਕਦੇ ਹਾਂ ਜੋ ਹਿੰਸਾ ਦੇ ਸ਼ਿਕਾਰ ਬਣੇ ਹਨ?
8 ਬਹੁਤ ਸਾਰੇ ਲੋਕ ਹਿੰਸਾ ਦੇ ਸ਼ਿਕਾਰ ਬਣੇ ਹਨ, ਭਾਵੇਂ ਜੰਗਾਂ ਦੇ ਜ਼ਰੀਏ ਜਾਂ ਸਮਾਜ ਵਿਚ ਅਪਰਾਧੀਆਂ ਦੇ ਜ਼ਰੀਏ। ਇਨ੍ਹਾਂ ਲੋਕਾਂ ਨੂੰ ਅਸੀਂ ਕਿਸ ਤਰ੍ਹਾਂ ਦਿਲਾਸਾ ਦੇ ਸਕਦੇ ਹਾਂ?
9 ਯਹੋਵਾਹ ਦੇ ਗਵਾਹ ਧਿਆਨ ਰੱਖਦੇ ਹਨ ਕਿ ਉਹ ਆਪਣੀ ਕਹਿਣੀ ਤੇ ਕਰਨੀ ਰਾਹੀਂ ਇਸ ਜਗਤ ਦੇ ਕਿਸੇ ਜੰਗ ਵਿਚ ਕਿਸੇ ਦਾ ਪੱਖ ਨਾ ਲੈਣ। (ਯੂਹੰਨਾ 17:16) ਪਰ ਉਹ ਬਾਈਬਲ ਤੋਂ ਇਹ ਦਿਖਾਉਣ ਲਈ ਤਿਆਰ ਰਹਿੰਦੇ ਹਨ ਕਿ ਅੱਜ-ਕੱਲ੍ਹ ਦੇ ਬੁਰੇ ਹਾਲਾਤ ਹਮੇਸ਼ਾ ਲਈ ਨਹੀਂ ਰਹਿਣੇ। ਉਹ ਸ਼ਾਇਦ ਕਹਾਉਤਾਂ 6:16, 17 ਪੜ੍ਹ ਕੇ ਦਿਖਾਉਣ ਕਿ ਖ਼ੂਨ ਕਰਨ ਵਾਲੇ ਲੋਕ ਯਹੋਵਾਹ ਨੂੰ ਬਿਲਕੁਲ ਪਸੰਦ ਨਹੀਂ ਹਨ ਜਾਂ ਉਹ ਜ਼ਬੂਰਾਂ ਦੀ ਪੋਥੀ 37:1-4 ਪੜ੍ਹ ਕੇ ਦਿਖਾ ਸਕਦੇ ਹਨ ਕਿ ਪਰਮੇਸ਼ੁਰ ਕਹਿੰਦਾ ਹੈ ਕਿ ਬਦਲਾ ਲੈਣ ਦੀ ਬਜਾਇ ਉਸ ਉੱਤੇ ਭਰੋਸਾ ਰੱਖੋ। ਜ਼ਬੂਰਾਂ ਦੀ ਪੋਥੀ 72:12-14 ਦੇ ਸ਼ਬਦ ਦਿਖਾਉਂਦੇ ਹਨ ਕਿ ਵੱਡਾ ਸੁਲੇਮਾਨ ਯਾਨੀ ਹੁਣ ਰਾਜ ਕਰ ਰਿਹਾ ਯਿਸੂ ਮਸੀਹ ਬੇਸਹਾਰਾ ਲੋਕਾਂ ਦੇ ਦੁੱਖਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ।
10. ਜੇ ਤੁਸੀਂ ਕਈਆਂ ਸਾਲਾਂ ਤੋਂ ਜੰਗ ਦੇਖੇ ਹਨ, ਤਾਂ ਜ਼ਿਕਰ ਕੀਤੇ ਗਏ ਹਵਾਲਿਆਂ ਤੋਂ ਤੁਹਾਨੂੰ ਦਿਲਾਸਾ ਕਿਸ ਤਰ੍ਹਾਂ ਮਿਲ ਸਕਦਾ ਹੈ?
10 ਕਈ ਲੋਕ ਅਜਿਹੇ ਮੁਲਕਾਂ ਵਿਚ ਰਹਿੰਦੇ ਹਨ ਜਿੱਥੇ ਹਮੇਸ਼ਾ ਜੰਗ ਲੜੇ ਜਾਂਦੇ ਹਨ। ਕਦੇ ਇਕ ਪਾਸਾ ਹਾਵੀ ਹੋ ਜਾਂਦਾ ਹੈ ਤੇ ਕਦੇ ਦੂਜਾ। ਇਨ੍ਹਾਂ ਲੋਕਾਂ ਦੇ ਖ਼ਿਆਲ ਵਿਚ ਜੰਗ ਜ਼ਿੰਦਗੀ ਦਾ ਹਿੱਸਾ ਹੀ ਬਣ ਗਏ ਹਨ। ਕੁਝ ਸੋਚਦੇ ਹਨ ਕਿ ਸਿਰਫ਼ ਕਿਸੇ ਹੋਰ ਦੇਸ਼ ਜਾ ਕੇ ਹੀ ਉਨ੍ਹਾਂ ਨੂੰ ਸੁੱਖ-ਚੈਨ ਮਿਲੇਗਾ। ਪਰ ਬਹੁਤ ਸਾਰੇ ਲੋਕ ਕਿਤੇ ਹੋਰ ਜਾਣ ਵਿਚ ਕਾਮਯਾਬ ਨਹੀਂ ਹੁੰਦੇ ਹਨ ਅਤੇ ਕਈ ਕੋਸ਼ਿਸ਼ ਕਰਦੇ-ਕਰਦੇ ਆਪਣੀ ਜਾਨ ਗੁਆ ਬੈਠਦੇ ਹਨ। ਜਿਹੜੇ ਦੂਜੇ ਮੁਲਕ ਪਹੁੰਚ ਵੀ ਜਾਂਦੇ ਹਨ, ਉਹ ਨਵੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। ਇਨ੍ਹਾਂ ਲੋਕਾਂ ਦੀ ਮਦਦ ਕਰਨ ਵਾਸਤੇ ਜ਼ਬੂਰਾਂ ਦੀ ਪੋਥੀ 146:3-6 ਪੜ੍ਹੋ ਤਾਂਕਿ ਉਹ ਇਨਸਾਨਾਂ ਉੱਤੇ ਭਰੋਸਾ ਰੱਖਣ ਦੀ ਬਜਾਇ ਕਿਸੇ ਪੱਕੀ ਗੱਲ ਤੇ ਭਰੋਸਾ ਰੱਖ ਸਕਣ। ਮੱਤੀ 24:3, 7, 14 ਜਾਂ 2 ਤਿਮੋਥਿਉਸ 3:1-5 ਦੀਆਂ ਭਵਿੱਖਬਾਣੀਆਂ ਪੜ੍ਹ ਕੇ ਉਹ ਸ਼ਾਇਦ ਸਮਝ ਜਾਣ ਕਿ ਦੁਨੀਆਂ ਦੀ ਹਾਲਤ ਇੰਨੀ ਮਾੜੀ ਇਸ ਲਈ ਹੈ ਕਿਉਂਕਿ ਅਸੀਂ ਇਸ ਭੈੜੀ ਦੁਨੀਆਂ ਦੇ ਅੰਤਿਮ ਦਿਨਾਂ ਵਿਚ ਜੀ ਰਹੇ ਹਾਂ। ਜ਼ਬੂਰਾਂ ਦੀ ਪੋਥੀ 46:1-3, 8, 9 ਅਤੇ ਯਸਾਯਾਹ 2:2-4 ਵਰਗੇ ਹਵਾਲਿਆਂ ਤੋਂ ਉਹ ਸ਼ਾਇਦ ਸਮਝ ਸਕਣ ਕਿ ਇਕ ਸੁਨਹਿਰੇ ਭਵਿੱਖ ਦੀ ਸੱਚ-ਮੁੱਚ ਆਸ ਰੱਖੀ ਜਾ ਸਕਦੀ ਹੈ।
11. ਇਕ ਔਰਤ ਨੂੰ ਦਿਲਾਸੇ ਦੀ ਲੋੜ ਕਿਉਂ ਪਈ ਅਤੇ ਉਸ ਨੂੰ ਕਿਨ੍ਹਾਂ ਹਵਾਲਿਆਂ ਤੋਂ ਦਿਲਾਸਾ ਮਿਲਿਆ?
11 ਪੱਛਮੀ ਅਫ਼ਰੀਕਾ ਵਿਚ ਇਕ ਜੰਗ ਦੌਰਾਨ ਇਕ ਔਰਤ ਆਪਣੇ ਪਰਿਵਾਰ ਨਾਲ ਆਪਣੇ ਘਰੋਂ ਉਸ ਸਮੇਂ ਭੱਜੀ ਜਦੋਂ ਬੰਦੂਕ ਦੀਆਂ ਗੋਲੀਆਂ ਮੀਂਹ ਵਾਂਗ ਪੈ ਰਹੀਆਂ ਸਨ। ਉਸ ਦੀ ਜ਼ਿੰਦਗੀ ਵਿਚ ਡਰ, ਉਦਾਸੀ ਅਤੇ ਨਿਰਾਸ਼ਾ ਤੋਂ ਸਿਵਾਇ ਹੋਰ ਕੁਝ ਨਹੀਂ ਸੀ। ਕੁਝ ਸਮੇਂ ਬਾਅਦ ਜਦ ਉਸ ਦਾ ਪਰਿਵਾਰ ਕਿਸੇ ਹੋਰ ਮੁਲਕ ਵਿਚ ਰਹਿ ਰਿਹਾ ਸੀ, ਤਾਂ ਉਸ ਦੇ ਘਰਵਾਲੇ ਨੇ ਉਨ੍ਹਾਂ ਦੇ ਵਿਆਹ ਦੇ ਸਰਟੀਫਿਕੇਟ ਨੂੰ ਅੱਗ ਲਾ ਦਿੱਤੀ। ਫਿਰ ਉਸ ਨੇ ਆਪਣੀ ਗਰਭਵਤੀ ਪਤਨੀ ਨੂੰ ਆਪਣੇ ਦਸ ਸਾਲ ਦੇ ਮੁੰਡੇ ਸਣੇ ਘਰੋਂ ਕੱਢ ਦਿੱਤਾ ਅਤੇ ਆਪ ਪਾਦਰੀ ਬਣ ਗਿਆ। ਜਦ ਉਸ ਔਰਤ ਫ਼ਿਲਿੱਪੀਆਂ 4:6, 7 ਅਤੇ ਜ਼ਬੂਰਾਂ ਦੀ ਪੋਥੀ 55:22 ਦੇ ਸ਼ਬਦ ਅਤੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਤੋਂ ਕੁਝ ਲੇਖ ਪੜ੍ਹੇ ਗਏ, ਤਾਂ ਉਸ ਨੂੰ ਆਖ਼ਰਕਾਰ ਦਿਲਾਸਾ ਅਤੇ ਜੀਉਣ ਦੀ ਆਸ ਮਿਲੀ।
ਨਾਲ12. (ੳ) ਬਾਈਬਲ ਦੇ ਕਿਨ੍ਹਾਂ ਹਵਾਲਿਆਂ ਨਾਲ ਮਾਲੀ ਤੰਗੀ ਕੱਟ ਰਹੇ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ? (ਅ) ਇਕ ਏਸ਼ੀਆਈ ਦੇਸ਼ ਵਿਚ ਇਕ ਭੈਣ ਨੇ ਇਕ ਔਰਤ ਦੀ ਮਦਦ ਕਿਸ ਤਰ੍ਹਾਂ ਕੀਤੀ ਸੀ?
12 ਮਾਲੀ ਤੰਗੀ ਨੇ ਵੀ ਬਹੁਤ ਸਾਰੇ ਲੋਕਾਂ ਦਾ ਜੀਉਣਾ ਹਰਾਮ ਕੀਤਾ ਹੈ। ਕਈ ਵਾਰ ਇਹ ਵੀ ਜੰਗ ਅਤੇ ਉਸ ਦੇ ਨਤੀਜੇ ਕਰਕੇ ਹੁੰਦੀ ਹੈ। ਕਦੇ-ਕਦੇ ਨਾਸਮਝੀ ਨਾਲ ਬਣਾਈਆਂ ਗਈਆਂ ਸਰਕਾਰੀ ਪਾਲਸੀਆਂ ਅਤੇ ਅਧਿਕਾਰੀਆਂ ਦੇ ਲੋਭ ਤੇ ਬੇਈਮਾਨੀ ਕਰਕੇ ਲੋਕਾਂ ਦੇ ਮਿਹਨਤ ਨਾਲ ਜੋੜੇ ਗਏ ਪੈਸੇ ਖ਼ਤਮ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਜਾਇਦਾਦ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ। ਕਈ ਲੋਕ ਪਹਿਲਾਂ ਹੀ ਗ਼ਰੀਬ ਹੁੰਦੇ ਹਨ। ਅਜਿਹੇ ਸਾਰੇ ਲੋਕਾਂ ਨੂੰ ਇਹ ਜਾਣ ਕੇ ਦਿਲਾਸਾ ਮਿਲ ਸਕਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਨਾਲ ਰਾਹਤ ਦਾ ਵਾਅਦਾ ਕਰਦਾ ਹੈ ਜੋ ਉਸ ਉੱਤੇ ਭਰੋਸਾ ਰੱਖਦੇ ਹਨ। ਉਹ ਯਕੀਨ ਦਿਲਾਉਂਦਾ ਹੈ ਕਿ ਭਵਿੱਖ ਵਿਚ ਲੋਕ ਇਕ ਧਰਮੀ ਸੰਸਾਰ ਵਿਚ ਆਪਣੀ ਮਿਹਨਤ ਦਾ ਫਲ ਪਾਉਣਗੇ। (ਜ਼ਬੂਰਾਂ ਦੀ ਪੋਥੀ 146:6, 7; ਯਸਾਯਾਹ 65:17, 21-23; 2 ਪਤਰਸ 3:13) ਜਦ ਇਕ ਏਸ਼ੀਆਈ ਦੇਸ਼ ਵਿਚ ਸਾਡੀ ਇਕ ਭੈਣ ਨੇ ਇਕ ਗਾਹਕ ਨੂੰ ਮਹਿੰਗਾਈ ਦੀ ਦੁਹਾਈ ਪਾਉਂਦੀ ਸੁਣਿਆ, ਤਾਂ ਉਸ ਨੇ ਕਿਹਾ ਕਿ ਦੁਨੀਆਂ ਭਰ ਵਿਚ ਇਸੇ ਤਰ੍ਹਾਂ ਹੋ ਰਿਹਾ ਹੈ। ਮੱਤੀ 24:3-14 ਅਤੇ ਜ਼ਬੂਰਾਂ ਦੀ ਪੋਥੀ 37:9-11 ਉੱਤੇ ਚਰਚਾ ਕਰਨ ਤੋਂ ਬਾਅਦ ਉਸ ਭੈਣ ਨੇ ਉਸ ਔਰਤ ਨਾਲ ਬਾਈਬਲ ਸਟੱਡੀ ਸ਼ੁਰੂ ਕਰ ਲਈ।
13. (ੳ) ਅਸੀਂ ਬਾਈਬਲ ਵਰਤ ਕੇ ਉਨ੍ਹਾਂ ਲੋਕਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ ਜੋ ਖੋਖਲਿਆਂ ਵਾਅਦਿਆਂ ਕਰਕੇ ਨਿਰਾਸ਼ ਹਨ? (ਅ) ਜੇ ਲੋਕ ਮਾੜੇ ਹਾਲਾਤ ਦੇਖ ਕੇ ਸੋਚਦੇ ਹਨ ਕਿ ਰੱਬ ਹੈ ਹੀ ਨਹੀਂ, ਤਾਂ ਤੁਸੀਂ ਉਨ੍ਹਾਂ ਨੂੰ ਕੀ ਕਹਿ ਸਕਦੇ ਹੋ?
13 ਜੋ ਲੋਕ ਸਾਲਾਂ ਤੋਂ ਦੁੱਖ ਭੋਗ ਰਹੇ ਹਨ ਜਾਂ ਖੋਖਲਿਆਂ ਵਾਅਦਿਆਂ ਕਰਕੇ ਨਿਰਾਸ਼ ਹਨ, ਉਹ ਸ਼ਾਇਦ ਇਸਰਾਏਲੀਆਂ ਵਾਂਗ “ਆਤਮਾ ਦੇ ਦੁੱਖ” ਕਾਰਨ ਸਾਡੀ ਗੱਲ ਨਾ ਸੁਣਨ। (ਕੂਚ 6:9) ਅਜਿਹੇ ਲੋਕਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਉਨ੍ਹਾਂ ਨੂੰ ਦਿਖਾਓ ਕਿ ਬਾਈਬਲ ਦੀ ਮਦਦ ਨਾਲ ਉਹ ਆਪਣੀਆਂ ਮੁਸ਼ਕਲਾਂ ਬਾਰੇ ਕੁਝ ਕਰ ਸਕਦੇ ਹਨ ਅਤੇ ਉਨ੍ਹਾਂ ਖ਼ਤਰਿਆਂ ਤੋਂ ਬਚ ਸਕਦੇ ਹਨ ਜਿਨ੍ਹਾਂ ਵਿਚ ਬਹੁਤ ਸਾਰੇ ਲੋਕ ਪੈ ਜਾਂਦੇ ਹਨ। (1 ਤਿਮੋਥਿਉਸ 4:8ਅ) ਕੁਝ ਲੋਕ ਸ਼ਾਇਦ ਮਾੜੇ ਹਾਲਾਤ ਦੇਖ ਕੇ ਸੋਚਣ ਕਿ ਰੱਬ ਹੈ ਹੀ ਨਹੀਂ ਜਾਂ ਉਸ ਨੂੰ ਕਿਸੇ ਦੀ ਚਿੰਤਾ ਨਹੀਂ ਹੈ। ਤੁਸੀਂ ਉਨ੍ਹਾਂ ਨੂੰ ਬਾਈਬਲ ਤੋਂ ਦਿਖਾ ਸਕਦੇ ਹੋ ਕਿ ਪਰਮੇਸ਼ੁਰ ਨੇ ਤਾਂ ਸਹਾਇਤਾ ਦਾ ਬੰਦੋਬਸਤ ਕੀਤਾ ਹੈ, ਪਰ ਕਈਆਂ ਲੋਕਾਂ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ ਹੈ।—ਯਸਾਯਾਹ 48:17, 18.
ਤੂਫ਼ਾਨ ਤੇ ਭੁਚਾਲ ਦੇ ਸ਼ਿਕਾਰਾਂ ਲਈ ਦਿਲਾਸਾ
14, 15. ਜਦੋਂ ਇਕ ਬਿਪਤਾ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਧੱਕਾ ਲੱਗਾ ਸੀ, ਤਾਂ ਯਹੋਵਾਹ ਦੇ ਗਵਾਹਾਂ ਨੇ ਕੀ ਕੀਤਾ ਸੀ?
14 ਤੂਫ਼ਾਨ, ਭੁਚਾਲ, ਭਾਂਬੜ ਜਾਂ ਧਮਾਕੇ ਕਰਕੇ ਕਿਸੇ ਤੇ ਬਿਪਤਾ ਆ ਸਕਦੀ ਹੈ। ਅਜਿਹੀਆਂ ਦੁਰਘਟਨਾਵਾਂ ਦਾ ਬਹੁਤ ਸਾਰੇ ਲੋਕਾਂ ਉੱਤੇ ਅਸਰ ਪੈ ਸਕਦਾ ਹੈ। ਬਚਣ ਵਾਲਿਆਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?
15 ਲੋਕਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਨ੍ਹਾਂ ਬਾਰੇ ਕਿਸੇ ਨੂੰ ਚਿੰਤਾ ਹੈ। ਜਦੋਂ ਇਕ ਮੁਲਕ ਵਿਚ ਆਤੰਕਵਾਦੀਆਂ ਨੇ ਹਮਲਾ ਕੀਤਾ, ਤਾਂ ਇਸ ਤੋਂ ਬਹੁਤ ਸਾਰੇ ਲੋਕਾਂ ਨੂੰ ਧੱਕਾ ਲੱਗਾ ਸੀ। ਕਈਆਂ ਦੇ ਮਾਪੇ, ਪਤੀ-ਪਤਨੀਆਂ ਜਾਂ ਦੋਸਤ-ਮਿੱਤਰਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਨੌਕਰੀ ਜਾਂਦੀ ਰਹੀ ਅਤੇ ਉਨ੍ਹਾਂ ਦਾ ਸੁੱਖ ਖੰਭ ਲਗਾ ਕੇ ਉੱਡ ਗਿਆ ਸੀ। ਯਹੋਵਾਹ ਦੇ ਗਵਾਹਾਂ ਨੇ ਹਮਦਰਦੀ ਨਾਲ ਆਪਣੇ ਆਂਢ-ਗੁਆਂਢ ਵਿਚ ਲੋਕਾਂ ਦੀ ਰਾਜ਼ੀ-ਖ਼ੁਸ਼ੀ ਪੁੱਛੀ ਅਤੇ ਉਨ੍ਹਾਂ ਨੂੰ ਬਾਈਬਲ ਤੋਂ ਦਿਲਾਸਾ ਦਿੱਤਾ। ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀ ਗੱਲ ਸੁਣ ਕੇ ਉਨ੍ਹਾਂ ਦਾ ਸ਼ੁਕਰ ਕੀਤਾ ਸੀ।
16. ਜਦੋਂ ਐਲ ਸੈਲਵੇਡਾਰ ਵਿਚ ਇਕ ਵੱਡੀ ਬਿਪਤਾ ਆਈ, ਤਾਂ ਪ੍ਰਚਾਰ ਕਰਦੇ ਸਮੇਂ ਦੋ ਭੈਣਾਂ ਦੀ ਗੱਲ ਚੰਗੀ ਤਰ੍ਹਾਂ ਕਿਉਂ ਸੁਣੀ ਗਈ ਸੀ?
16 ਸਾਲ 2001 ਵਿਚ ਐਲ ਸੈਲਵੇਡਾਰ ਵਿਖੇ ਇਕ ਵੱਡਾ ਭੁਚਾਲ ਆਇਆ ਸੀ ਜਿਸ ਤੋਂ ਬਾਅਦ ਚਿੱਕੜ ਦੇ ਹੜ੍ਹ ਕਾਰਨ ਕਈਆਂ ਲੋਕਾਂ ਦੀ ਮੌਤ ਹੋ ਗਈ। ਸਾਡੀ ਇਕ ਭੈਣ ਦਾ 25 ਸਾਲਾਂ ਦਾ ਬੇਟਾ ਅਤੇ ਉਸ ਲੜਕੇ ਦੀ ਮੰਗੇਤਰ ਦੀਆਂ ਦੋ ਭੈਣਾਂ ਵੀ ਇਸ ਤਬਾਹੀ ਵਿਚ ਮਰ ਗਈਆਂ ਸਨ। ਸਾਡੀ ਭੈਣ ਅਤੇ ਉਸ ਦੀ ਹੋਣ ਵਾਲੀ ਨੌਂ ਪ੍ਰਚਾਰ ਕਰਨ ਵਿਚ ਰੁੱਝ ਗਈਆਂ। ਕਈਆਂ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਜੋ ਮਰ ਗਏ ਹਨ ਉਨ੍ਹਾਂ ਨੂੰ ਰੱਬ ਨੇ ਹੀ ਚੁੱਕ ਲਿਆ ਹੈ ਜਾਂ ਉਹ ਰੱਬ ਦੀ ਮਰਜ਼ੀ ਕਰਕੇ ਹੀ ਮਰੇ ਹਨ। ਪਰ ਸਾਡੀਆਂ ਭੈਣਾਂ ਨੇ ਕਹਾਉਤਾਂ 10:22 ਪੜ੍ਹ ਕੇ ਦਿਖਾਇਆ ਕਿ ਪਰਮੇਸ਼ੁਰ ਨਹੀਂ ਚਾਹੁੰਦਾ ਕਿ ਸਾਨੂੰ ਸੋਗ ਹੋਵੇ। ਉਨ੍ਹਾਂ ਨੇ ਰੋਮੀਆਂ 5:12 ਤੋਂ ਦਿਖਾਇਆ ਕਿ ਮੌਤ ਪਰਮੇਸ਼ੁਰ ਦੀ ਮਰਜ਼ੀ ਕਰਕੇ ਨਹੀਂ ਪਰ ਇਨਸਾਨ ਦੇ ਪਾਪ ਕਾਰਨ ਆਈ ਸੀ। ਉਨ੍ਹਾਂ ਨੇ ਜ਼ਬੂਰਾਂ ਦੀ ਪੋਥੀ 34:18, ਜ਼ਬੂਰਾਂ ਦੀ ਪੋਥੀ 37:29, ਯਸਾਯਾਹ 25:8 ਅਤੇ ਪਰਕਾਸ਼ ਦੀ ਪੋਥੀ 21:3, 4 ਤੋਂ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦਿੱਤਾ। ਲੋਕ ਉਨ੍ਹਾਂ ਦੀ ਗੱਲ ਸੁਣਨ ਲਈ ਰਾਜ਼ੀ ਸਨ ਕਿਉਂਕਿ ਇਨ੍ਹਾਂ ਭੈਣਾਂ ਨੇ ਖ਼ੁਦ ਆਪਣੇ ਸਾਕ-ਸੰਬੰਧੀਆਂ ਦੀ ਮੌਤ ਦਾ ਸਦਮਾ ਸਿਹਾ ਸੀ। ਉਨ੍ਹਾਂ ਨੇ ਕਈਆਂ ਲੋਕਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ।
17. ਤਬਾਹੀ ਦੇ ਸਮੇਂ ਅਸੀਂ ਲੋਕਾਂ ਦੀ ਸਹਾਇਤਾ ਕਿਸ ਤਰ੍ਹਾਂ ਕਰ ਸਕਦੇ ਹਾਂ?
17 ਤਬਾਹੀ ਦੇ ਸਮੇਂ ਤੁਹਾਨੂੰ ਅਜਿਹੇ ਲੋਕ ਮਿਲ ਸਕਦੇ ਹਨ ਜਿਨ੍ਹਾਂ ਨੂੰ ਉਸੇ ਵਕਤ ਸਹਾਇਤਾ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਸ਼ਾਇਦ ਡਾਕਟਰ ਜਾਂ ਹਸਪਤਾਲ ਪਹੁੰਚਣ ਦੀ ਜ਼ਰੂਰਤ ਹੋਵੇ। ਕਿਸੇ ਨੂੰ ਸ਼ਾਇਦ ਰੋਟੀ-ਕੱਪੜੇ ਜਾਂ ਮਕਾਨ ਦੀ ਜ਼ਰੂਰਤ ਹੋਵੇ। ਸਾਲ 1998 ਵਿਚ ਇਟਲੀ ਵਿਚ ਅਜਿਹੀ ਇਕ ਤਬਾਹੀ ਤੋਂ ਬਾਅਦ ਇਕ ਪੱਤਰਕਾਰ ਨੇ ਲਿਖਿਆ ਕਿ ਯਹੋਵਾਹ ਦੇ ਗਵਾਹ “ਸਾਰਿਆਂ ਦੀ ਮਦਦ ਕਰਦੇ ਹਨ, ਭਾਵੇਂ ਕੋਈ ਕਿਸੇ ਵੀ ਧਰਮ ਦਾ ਹੋਵੇ।” ਕੁਝ ਇਲਾਕਿਆਂ ਵਿਚ ਉਹ ਘਟਨਾਵਾਂ ਵਾਪਰਦੀਆਂ ਹਨ ਜੋ ਆਖ਼ਰੀ ਦਿਨਾਂ ਬਾਰੇ ਦੱਸੀਆਂ ਗਈਆਂ ਸਨ ਅਤੇ ਇਨ੍ਹਾਂ ਕਰਕੇ ਲੋਕ ਦੁਖੀ ਹੁੰਦੇ ਹਨ। ਇਨ੍ਹਾਂ ਇਲਾਕਿਆਂ ਵਿਚ ਯਹੋਵਾਹ ਦੇ ਗਵਾਹ ਬਾਈਬਲ ਦੀਆਂ ਭਵਿੱਖਬਾਣੀਆਂ ਦਿਖਾ ਕੇ ਲੋਕਾਂ ਨੂੰ ਦਿਲਾਸਾ ਦਿੰਦੇ ਹਨ ਕਿ ਪਰਮੇਸ਼ੁਰ ਦੇ ਰਾਜ ਦੇ ਜ਼ਰੀਏ ਇਨਸਾਨਜਾਤ ਨੂੰ ਅਸਲੀ ਸੁੱਖ-ਚੈਨ ਮਿਲੇਗਾ।—ਕਹਾਉਤਾਂ 1:33; ਮੀਕਾਹ 4:4.
ਸਾਕ-ਸੰਬੰਧੀ ਦੀ ਮੌਤ ਵੇਲੇ ਦਿਲਾਸਾ
18-20. ਜਦ ਕਿਸੇ ਦੇ ਘਰ ਮੌਤ ਹੋਈ ਹੁੰਦੀ ਹੈ, ਤਾਂ ਤੁਸੀਂ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਕੀ ਕਹਿ ਜਾਂ ਕਰ ਸਕਦੇ ਹੋ?
18 ਹਰੇਕ ਦਿਨ ਹਜ਼ਾਰਾਂ-ਲੱਖਾਂ ਲੋਕ ਕਿਸੇ ਦੀ ਮੌਤ ਕਰਕੇ ਰੋਂਦੇ ਹਨ। ਪ੍ਰਚਾਰ ਕਰਦੇ ਸਮੇਂ ਜਾਂ ਕੋਈ ਹੋਰ ਕੰਮ ਕਰਦੇ ਹੋਏ ਤੁਹਾਨੂੰ ਅਜਿਹੇ ਸੋਗਵਾਨ ਲੋਕ ਮਿਲ ਸਕਦੇ ਹਨ। ਤੁਸੀਂ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਕੀ ਕਹਿ ਜਾਂ ਕਰ ਸਕਦੇ ਹੋ?
19 ਪਹਿਲਾਂ ਦੇਖੋ, ਕੀ ਉਹ ਬਹੁਤ ਹੀ ਰੋ ਰਹੇ ਹਨ? ਕੀ ਉਨ੍ਹਾਂ ਦਾ ਘਰ ਅਫ਼ਸੋਸ ਕਰਨ ਆਏ ਰਿਸ਼ਤੇਦਾਰਾਂ ਨਾਲ ਭਰਿਆ ਹੋਇਆ ਹੈ? ਭਾਵੇਂ ਤੁਸੀਂ ਬਹੁਤ ਕੁਝ ਕਹਿਣਾ ਚਾਹੋ, ਪਰ ਅਕਲਮੰਦੀ ਵਰਤਣੀ ਜ਼ਰੂਰੀ ਹੈ। (ਉਪਦੇਸ਼ਕ ਦੀ ਪੋਥੀ 3:1, 7) ਸ਼ਾਇਦ ਸਭ ਤੋਂ ਵਧੀਆ ਗੱਲ ਇਹ ਹੋਵੇਗੀ ਕਿ ਤੁਸੀਂ ਹਮਦਰਦੀ ਦੇ ਦੋ ਬੋਲ ਕਹਿ ਕੇ ਉਨ੍ਹਾਂ ਨੂੰ ਪੜ੍ਹਨ ਲਈ ਕੋਈ ਬ੍ਰੋਸ਼ਰ, ਰਸਾਲਾ ਜਾਂ ਟ੍ਰੈਕਟ ਦੇ ਜਾਓ। ਫਿਰ ਤੁਸੀਂ ਕੁਝ ਦਿਨਾਂ ਬਾਅਦ ਆ ਕੇ ਦੇਖ ਸਕਦੇ ਹੋ ਕਿ ਉਨ੍ਹਾਂ ਦੀ ਹੋਰ ਕਿਸ ਤਰ੍ਹਾਂ ਮਦਦ ਕੀਤੀ ਜਾ ਸਕਦੀ ਹੈ। ਠੀਕ ਸਮੇਂ ਤੇ ਉਨ੍ਹਾਂ ਨੂੰ ਬਾਈਬਲ ਤੋਂ ਕੁਝ ਹੌਸਲਾ ਦੇਣ ਵਾਲੇ ਹਵਾਲੇ ਪੜ੍ਹ ਕੇ ਸੁਣਾਓ। ਤੁਹਾਡੀ ਗੱਲ ਸੁਣ ਕੇ ਉਨ੍ਹਾਂ ਦੇ ਦਿਲ ਨੂੰ ਤਸੱਲੀ ਹੋ ਸਕਦੀ ਅਤੇ ਸ਼ਾਂਤੀ ਮਿਲ ਸਕਦੀ ਹੈ। (ਕਹਾਉਤਾਂ 16:24; 25:11) ਤੁਸੀਂ ਯਿਸੂ ਵਾਂਗ ਮੁਰਦਿਆਂ ਨੂੰ ਤਾਂ ਨਹੀਂ ਜ਼ਿੰਦਾ ਕਰ ਸਕਦੇ, ਪਰ ਤੁਸੀਂ ਬਾਈਬਲ ਤੋਂ ਮੁਰਦਿਆਂ ਦੀ ਅਸਲੀ ਹਾਲਤ ਬਾਰੇ ਉਨ੍ਹਾਂ ਨੂੰ ਦੱਸ ਸਕਦੇ ਹੋ। ਜੇ ਇਸ ਬਾਰੇ ਉਨ੍ਹਾਂ ਦੇ ਖ਼ਿਆਲ ਬਾਈਬਲ ਅਨੁਸਾਰ ਨਹੀਂ ਹਨ, ਤਾਂ ਇਸ ਵੇਲੇ ਉਨ੍ਹਾਂ ਨੂੰ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੋ। (ਜ਼ਬੂਰਾਂ ਦੀ ਪੋਥੀ 146:4; ਉਪਦੇਸ਼ਕ ਦੀ ਪੋਥੀ 9:5, 10) ਤੁਸੀਂ ਇਕੱਠੇ ਬਾਈਬਲ ਤੋਂ ਮੁਰਦਿਆਂ ਦੇ ਮੁੜ ਕੇ ਜ਼ਿੰਦਾ ਕੀਤੇ ਜਾਣ ਦੇ ਵਾਅਦੇ ਪੜ੍ਹ ਸਕਦੇ ਹੋ। (ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 24:15) ਫਿਰ ਤੁਸੀਂ ਬਾਈਬਲ ਦੇ ਹਵਾਲਿਆਂ ਦੇ ਮਤਲਬ ਉੱਤੇ ਚਰਚਾ ਕਰ ਕੇ ਉਨ੍ਹਾਂ ਨੂੰ ਪੜ੍ਹ ਕੇ ਸੁਣਾ ਸਕਦੇ ਹੋ ਕਿ ਯਿਸੂ ਨੇ ਲੋਕਾਂ ਨੂੰ ਕਿਸ ਤਰ੍ਹਾਂ ਜ਼ਿੰਦਾ ਕੀਤਾ ਸੀ। (ਲੂਕਾ 8:49-56; ਯੂਹੰਨਾ 11:39-44) ਇਸ ਤੋਂ ਬਾਅਦ ਸਾਡੇ ਪਿਆਰੇ ਪਰਮੇਸ਼ੁਰ ਦੇ ਗੁਣਾਂ ਬਾਰੇ ਗੱਲ ਕਰੋ ਜਿਸ ਨੇ ਸਾਨੂੰ ਇਹ ਵਧੀਆ ਉਮੀਦ ਦਿੱਤੀ ਹੈ। (ਅੱਯੂਬ 14:14, 15; ਯੂਹੰਨਾ 3:16) ਉਨ੍ਹਾਂ ਨੂੰ ਦੱਸੋ ਕਿ ਇਨ੍ਹਾਂ ਸਿੱਖਿਆਵਾਂ ਤੋਂ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ ਅਤੇ ਕਿ ਤੁਸੀਂ ਇਨ੍ਹਾਂ ਵਿਚ ਵਿਸ਼ਵਾਸ ਕਿਉਂ ਕਰਦੇ ਹੋ।
20 ਸੋਗ ਕਰ ਰਹੇ ਵਿਅਕਤੀ ਨੂੰ ਕਿੰਗਡਮ ਹਾਲ ਆਉਣ ਦਾ ਸੱਦਾ ਦਿਓ ਜਿੱਥੇ ਉਹ ਅਜਿਹੇ ਲੋਕਾਂ ਨੂੰ ਮਿਲ ਸਕਦਾ ਹੈ ਜੋ ਪਿਆਰ ਨਾਲ ਇਕ ਦੂਸਰੇ ਦਾ ਹੌਸਲਾ ਵਧਾਉਂਦੇ ਹਨ। ਸਵੀਡਨ ਵਿਚ ਇਕ ਔਰਤ ਨੇ ਕਿੰਗਡਮ ਹਾਲ ਆ ਕੇ ਦੇਖਿਆ ਕਿ ਉਹ ਆਪਣੀ ਸਾਰੀ ਉਮਰ ਇਹੋ ਚੀਜ਼ ਲੱਭ ਰਹੀ ਸੀ।—ਯੂਹੰਨਾ 13:35; 1 ਥੱਸਲੁਨੀਕੀਆਂ 5:11.
21, 22. (ੳ) ਜੇ ਅਸੀਂ ਕਿਸੇ ਨੂੰ ਦਿਲਾਸਾ ਦੇਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਜੇ ਕੋਈ ਪਹਿਲਾਂ ਹੀ ਬਾਈਬਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਤਾਂ ਉਸ ਨੂੰ ਅਸੀਂ ਦਿਲਾਸਾ ਕਿਸ ਤਰ੍ਹਾਂ ਦੇ ਸਕਦੇ ਹਾਂ?
21 ਜਦ ਤੁਸੀਂ ਜਾਣਦੇ ਹੋ ਕਿ ਤੁਹਾਡਾ ਕੋਈ ਭੈਣ-ਭਾਈ ਜਾਂ ਹੋਰ ਕੋਈ ਇਨਸਾਨ ਦੁੱਖ ਭੋਗ ਰਿਹਾ ਹੈ, ਤਾਂ ਕੀ ਤੁਸੀਂ ਕਦੇ-ਕਦੇ ਕਹਿੰਦੇ ਹੋ ਕਿ ਤੁਸੀਂ ਨਹੀਂ ਜਾਣਦੇ ਉਨ੍ਹਾਂ ਨਾਲ ਗੱਲ ਕਿਸ ਤਰ੍ਹਾਂ ਕੀਤੀ ਜਾਵੇ? ਬਾਈਬਲ ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਦਿਲਾਸਾ” ਕੀਤਾ ਗਿਆ ਹੈ, ਉਸ ਦਾ ਅਸਲੀ ਅਰਥ ਹੈ “ਕਿਸੇ ਦਾ ਸਾਥ ਦੇਣਾ।” ਤਾਂ ਫਿਰ ਦਿਲਾਸਾ ਦੇਣ ਲਈ ਜ਼ਰੂਰੀ ਹੈ ਕਿ ਅਸੀਂ ਦੁਖੀ ਇਨਸਾਨ ਦੀ ਮਦਦ ਕਰਨ ਲਈ ਤਿਆਰ ਰਹੀਏ।—ਕਹਾਉਤਾਂ 17:17.
22 ਪਰ ਜੇਕਰ ਤੁਸੀਂ ਕਿਸੇ ਨੂੰ ਦਿਲਾਸਾ ਦੇਣਾ ਚਾਹੁੰਦੇ ਹੋ ਅਤੇ ਉਹ ਪਹਿਲਾਂ ਹੀ ਜਾਣਦਾ ਹੈ ਕਿ ਬਾਈਬਲ ਮੌਤ ਬਾਰੇ, ਮੁਰਦਿਆਂ ਦੇ ਮੁੜ ਜ਼ਿੰਦਾ ਕੀਤੇ ਜਾਣ ਬਾਰੇ ਅਤੇ ਪਾਪ ਤੋਂ ਰਿਹਾ ਹੋਣ ਬਾਰੇ ਕੀ ਕਹਿੰਦੀ ਹੈ, ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਉਸ ਦਾ ਸਾਥ ਦੇ ਸਕਦੇ ਹੋ ਕਿਉਂਕਿ ਤੁਸੀਂ ਇੱਕੋ ਗੱਲ ਵਿਚ ਵਿਸ਼ਵਾਸ ਕਰਦੇ ਹੋ। ਜੇ ਉਹ ਗੱਲ ਕਰਨੀ ਚਾਹੁੰਦਾ ਹੈ, ਤਾਂ ਧਿਆਨ ਨਾਲ ਸੁਣੋ। ਤੁਹਾਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਮਹਿਸੂਸ ਕਰਨੀ ਚਾਹੀਦੀ। ਜੇ ਬਾਈਬਲ ਤੋਂ ਕੋਈ ਹਵਾਲਾ ਪੜ੍ਹਿਆ ਜਾ ਰਿਹਾ ਹੈ, ਤਾਂ ਤੁਸੀਂ ਦੋਨੋਂ ਇਸ ਨੂੰ ਪਰਮੇਸ਼ੁਰ ਤੋਂ ਤਾਕਤ ਸਮਝ ਕੇ ਆਪਣੇ ਦਿਲ ਤੇ ਗ੍ਰਹਿਣ ਹੋਣ ਦਿਓ। ਇਨ੍ਹਾਂ ਹਵਾਲਿਆਂ ਦੇ ਵਾਅਦਿਆਂ ਉੱਤੇ ਆਪਣੇ ਪੱਕੇ ਵਿਸ਼ਵਾਸ ਬਾਰੇ ਗੱਲ ਕਰੋ। ਬਾਈਬਲ ਤੋਂ ਸੱਚਾਈ ਅਤੇ ਪਰਮੇਸ਼ੁਰ ਦੀ ਦਇਆ ਬਾਰੇ ਗੱਲ ਕਰ ਕੇ ਤੁਸੀਂ ਆਪਣੇ ਦੁਖੀ ਭੈਣ-ਭਾਈ ਨੂੰ ਦਿਲਾਸਾ ਦੇ ਸਕਦੇ ਹੋ। ਇਸ ਤਰ੍ਹਾਂ ਉਹ ‘ਸਰਬ ਦਿਲਾਸੇ ਦੇ ਪਰਮੇਸ਼ੁਰ’ ਤੋਂ ਤਾਕਤ ਪਾ ਸਕਦਾ ਹੈ।—2 ਕੁਰਿੰਥੀਆਂ 1:3.
ਤੁਸੀਂ ਕੀ ਕਹੋਗੇ?
• ਬਹੁਤ ਸਾਰੇ ਲੋਕ ਬਿਪਤਾਵਾਂ ਦਾ ਦੋਸ਼ ਕਿਸ ਉੱਤੇ ਲਾਉਂਦੇ ਹਨ ਅਤੇ ਅਸੀਂ ਉਨ੍ਹਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ?
• ਬਾਈਬਲ ਤੋਂ ਦਿਲਾਸਾ ਪਾਉਣ ਵਾਸਤੇ ਅਸੀਂ ਲੋਕਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ?
• ਤੁਹਾਡੇ ਆਂਢ-ਗੁਆਂਢ ਵਿਚ ਕਿਹੜੀਆਂ ਚੀਜ਼ਾਂ ਲੋਕਾਂ ਨੂੰ ਦੁਖੀ ਕਰ ਰਹੀਆਂ ਹਨ ਅਤੇ ਤੁਸੀਂ ਉਨ੍ਹਾਂ ਨੂੰ ਦਿਲਾਸਾ ਕਿਵੇਂ ਦੇ ਸਕਦੇ ਹੋ?
[ਸਵਾਲ]
[ਸਫ਼ੇ 23 ਉੱਤੇ ਤਸਵੀਰਾਂ]
ਬਿਪਤਾ ਦੇ ਵੇਲੇ ਦਿਲਾਸੇ ਦਾ ਸੰਦੇਸ਼ ਸੁਣਾਓ
[ਕ੍ਰੈਡਿਟ ਲਾਈਨ]
Refugee camp: UN PHOTO 186811/J. Isaac
[ਸਫ਼ੇ 24 ਉੱਤੇ ਤਸਵੀਰ]
ਇਕ ਦੋਸਤ ਦਾ ਸਾਥ ਦਿਲਾਸਾ ਦੇ ਸਕਦਾ ਹੈ
[ਫੁਟਨੋਟ]
^ ਪੈਰਾ 3 ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਦਾ ਅੱਠਵਾਂ ਅਧਿਆਏ ਅਤੇ ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ? ਬ੍ਰੋਸ਼ਰ ਦੇਖੋ।