ਲਹੂ ਦੀ ਪਵਿੱਤਰਤਾ ਕਾਇਮ ਰੱਖਣ ਵਿਚ ਮਦਦ
ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਲਹੂ ਦੀ ਪਵਿੱਤਰਤਾ ਕਾਇਮ ਰੱਖਣ ਵਿਚ ਮਦਦ
ਪੂਰੀ ਦੁਨੀਆਂ ਵਿਚ ਯਹੋਵਾਹ ਦੇ ਸੇਵਕਾਂ ਨੇ ਲਹੂ ਦੀ ਪਵਿੱਤਰਤਾ ਦੇ ਸੰਬੰਧ ਵਿਚ ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਦਿਖਾਈ ਹੈ। (ਰਸੂਲਾਂ ਦੇ ਕਰਤੱਬ 15:28, 29) ਮਾਤਬਰ ਅਤੇ ਬੁੱਧਵਾਨ ਨੌਕਰ ਨੇ ਇਸ ਮਸੀਹੀ ਭਾਈਚਾਰੇ ਦੀ ਮਦਦ ਕੀਤੀ ਹੈ। (ਮੱਤੀ 24:45-47) ਆਓ ਅਸੀਂ ਦੇਖੀਏ ਕਿ ਫ਼ਿਲਪੀਨ ਵਿਚ ਇਸ ਦਾ ਕੀ ਨਤੀਜਾ ਨਿਕਲਿਆ।
ਫ਼ਿਲਪੀਨ ਵਿਚ ਬ੍ਰਾਂਚ ਆਫਿਸ ਨੇ ਇਹ ਰਿਪੋਰਟ ਘੱਲੀ: “ਸਾਲ 1990 ਵਿਚ ਸਾਨੂੰ ਦੱਸਿਆ ਗਿਆ ਸੀ ਕਿ ਬਰੁਕਲਿਨ ਬੈਥਲ ਤੋਂ ਕੁਝ ਭਰਾਵਾਂ ਨੇ ਫ਼ਿਲਪੀਨ ਵਿਚ ਇਕ ਸੈਮੀਨਾਰ ਜਾਰੀ ਕਰਨਾ ਸੀ। ਏਸ਼ੀਆ ਦੀਆਂ ਕਈ ਬ੍ਰਾਂਚ ਆਫਿਸਾਂ ਤੋਂ ਭਰਾ ਬੁਲਾਏ ਗਏ ਸਨ, ਜਿਵੇਂ ਕਿ ਕੋਰੀਆ, ਤਾਈਵਾਨ ਅਤੇ ਹਾਂਗ ਕਾਂਗ। ਇਸ ਸੈਮੀਨਾਰ ਦਾ ਮਕਸਦ ਸੀ ਇਨ੍ਹਾਂ ਬ੍ਰਾਂਚ ਆਫ਼ਿਸਾਂ ਵਿਚ ਹਸਪਤਾਲ ਸੂਚਨਾ ਸੇਵਾਵਾਂ ਦਾ ਇੰਤਜ਼ਾਮ ਕਰਨਾ ਅਤੇ ਇਨ੍ਹਾਂ ਦੇਸ਼ਾਂ ਵਿਚ ਹਸਪਤਾਲ ਸੰਪਰਕ ਕਮੇਟੀਆਂ ਨੂੰ ਸਥਾਪਿਤ ਕਰਨਾ। ਫ਼ਿਲਪੀਨ ਵਿਚ ਇਹ ਕਮੇਟੀਆਂ ਪਹਿਲਾਂ ਚਾਰ ਵੱਡੇ-ਵੱਡੇ ਸ਼ਹਿਰਾਂ ਵਿਚ ਸਥਾਪਿਤ ਕੀਤੀਆਂ ਗਈਆਂ ਸਨ।” ਇਨ੍ਹਾਂ ਕਮੇਟੀਆਂ ਨੇ ਉਨ੍ਹਾਂ ਡਾਕਟਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨੀ ਸੀ ਜੋ ਲਹੂ ਬਗੈਰ ਇਲਾਜ ਕਰਨ ਲਈ ਰਾਜ਼ੀ ਹੋਣਗੇ ਅਤੇ ਸਾਡੇ ਮਿਆਰਾਂ ਦੀ ਕਦਰ ਕਰਨਗੇ। ਇਨ੍ਹਾਂ ਕਮੇਟੀਆਂ ਨੇ ਭਰਾਵਾਂ ਦੀ ਉਦੋਂ ਵੀ ਮਦਦ ਕਰਨੀ ਸੀ ਜਦੋਂ ਲਹੂ ਦੇ ਮਾਮਲੇ ਬਾਰੇ ਕੋਈ ਸਮੱਸਿਆ ਖੜ੍ਹੀ ਹੁੰਦੀ।
ਰੇਮੇਕੀਓ ਨਾਂ ਦੇ ਭਰਾ ਨੂੰ ਬੈਗੀਓ ਸ਼ਹਿਰ ਦੀ ਕਮੇਟੀ ਦਾ ਮੈਂਬਰ ਬਣਨ ਲਈ ਚੁਣਿਆ ਗਿਆ ਸੀ। ਸਮੇਂ ਦੇ ਬੀਤਣ ਨਾਲ ਡਾਕਟਰਾਂ ਨੂੰ ਪਤਾ ਲੱਗਣ ਲੱਗ ਪਿਆ ਕਿ ਕਮੇਟੀ ਦਾ ਕੀ-ਕੀ ਕੰਮ ਸੀ। ਰੇਮੇਕੀਓ ਯਾਦ ਕਰਦਾ ਕਿ ਇਕ ਵਾਰ ਜਦੋਂ ਕਈ ਡਾਕਟਰ ਹਸਪਤਾਲ ਸੰਪਰਕ ਕਮੇਟੀ ਨਾਲ ਮਿਲੇ ਸਨ, ਤਾਂ ਉਹ ਇਹ ਜਾਣਨਾ ਚਾਹੁੰਦੇ ਸਨ ਕਿ ਲਹੂ ਬਗੈਰ ਗਵਾਹਾਂ ਦਾ ਕਿਵੇਂ ਇਲਾਜ ਕੀਤਾ ਜਾਣਾ ਚਾਹੀਦਾ ਸੀ। ਰੇਮੇਕੀਓ ਨੇ ਕਿਹਾ: “ਡਾਕਟਰ ਸਵਾਲ ਪੁੱਛਣ ਲੱਗੇ, ਪਰ ਮੈਂ ਹੈਰਾਨ ਹੋਇਆ ਕਿਉਂਕਿ ਉਨ੍ਹਾਂ ਦੇ ਸਵਾਲ ਬੜੇ ਔਖੇ ਜਿਹੇ ਸਨ।” ਉਸ ਨੇ ਯਹੋਵਾਹ ਕੋਲੋਂ ਮਦਦ ਮੰਗੀ। ਰੇਮੇਕੀਓ ਨੇ ਅੱਗੇ ਕਿਹਾ: “ਹਰੇਕ ਸਵਾਲ ਤੋਂ ਬਾਅਦ ਦੂਸਰੇ ਡਾਕਟਰ ਆਪਸ ਵਿਚ ਇਕ-ਦੂਜੇ ਨੂੰ ਦੱਸਣ ਲੱਗੇ ਕਿ ਉਨ੍ਹਾਂ ਨੇ ਕਿਵੇਂ ਵੱਖੋ-ਵੱਖਰੇ ਹਾਲਾਤਾਂ ਦਾ ਸਾਮ੍ਹਣਾ ਕੀਤਾ।” ਰੇਮੇਕੀਓ ਉਨ੍ਹਾਂ ਦੀ ਮਦਦ ਲਈ ਧੰਨਵਾਦੀ ਸੀ ਕਿਉਂਕਿ ਉਹ ਦੋ ਘੰਟਿਆਂ ਲਈ ਅਜਿਹੇ ਸਵਾਲ ਪੁੱਛਦੇ ਰਹੇ।
ਹੁਣ ਫ਼ਿਲਪੀਨ ਵਿਚ 21 ਕਮੇਟੀਆਂ ਹਨ ਅਤੇ 77 ਭਰਾ ਇਨ੍ਹਾਂ ਨਾਲ ਸੇਵਾ ਕਰਦੇ ਹਨ। ਡਾਨੀਲੋ, ਜੋ ਇਕ ਡਾਕਟਰ ਅਤੇ ਯਹੋਵਾਹ ਦਾ ਗਵਾਹ ਵੀ ਹੈ, ਨੇ ਕਿਹਾ: “ਡਾਕਟਰਾਂ ਨੂੰ ਪਤਾ ਲੱਗ ਗਿਆ ਹੈ ਕਿ ਜਿਹੜੇ ਗਵਾਹ ਇਲਾਜ ਲਈ ਹਸਪਤਾਲ ਆਉਂਦੇ ਹਨ ਉਨ੍ਹਾਂ ਨੂੰ ਇਕ ਅਜਿਹੀ ਸੰਗਠਨ ਤੋਂ ਮਦਦ ਮਿਲਦੀ ਹੈ ਜੋ ਉਨ੍ਹਾਂ ਦੀ ਪਿਆਰ ਨਾਲ ਦੇਖ-ਭਾਲ ਕਰਦਾ ਹੈ।” ਜਦੋਂ ਸਾਡਾ ਇਕ ਭਰਾ ਇਕ ਡਾਕਟਰ ਕੋਲ ਇਲਾਜ ਲਈ ਗਿਆ ਤਾਂ ਡਾਕਟਰ ਨੇ ਪਹਿਲਾਂ-ਪਹਿਲਾਂ ਲਹੂ ਚੜ੍ਹਾਉਣ ਤੋਂ ਬਗੈਰ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਲੇਕਿਨ, ਸਾਡਾ ਭਰਾ ਆਪਣੇ ਮਿਆਰਾਂ ਦੇ ਪੱਕਾ ਰਿਹਾ। ਡਾਕਟਰ ਨੇ ਲਹੂ ਬਗੈਰ ਸਰਜਰੀ ਕੀਤੀ ਅਤੇ ਇਹ ਬਿਲਕੁਲ ਸਫ਼ਲ ਸੀ। ਹਸਪਤਾਲ ਸੂਚਨਾ ਸੇਵਾਵਾਂ ਨੇ ਰਿਪੋਰਟ ਕੀਤਾ: “ਡਾਕਟਰ ਹੈਰਾਨ ਹੋਇਆ ਕਿ ਭਰਾ ਕਿੰਨੀ ਛੇਤੀ ਠੀਕ ਹੋ ਗਿਆ। ਉਸ ਨੇ ਕਿਹਾ: ‘ਇਹ ਸਭ ਦੇਖ ਕੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਹਾਡੇ ਵਿੱਚੋਂ ਕਿਸੇ ਹੋਰ ਨੂੰ ਅਜਿਹੇ ਓਪਰੇਸ਼ਨ ਦੀ ਲੋੜ ਹੈ, ਤਾਂ ਮੈਂ ਇਸ ਨੂੰ ਲਹੂ ਬਗੈਰ ਕਰਨ ਲਈ ਤਿਆਰ ਹਾਂ।’”