Skip to content

Skip to table of contents

ਬੇਹੱਦ ਖ਼ੁਸ਼ੀਆਂ!

ਬੇਹੱਦ ਖ਼ੁਸ਼ੀਆਂ!

ਜੀਵਨੀ

ਬੇਹੱਦ ਖ਼ੁਸ਼ੀਆਂ!

ਰੈਜਨਲਡ ਵਾਲਵਰਕ ਦੀ ਜ਼ਬਾਨੀ

“ਮਿਸ਼ਨਰੀਆਂ ਵਜੋਂ ਯਹੋਵਾਹ ਦੀ ਸੇਵਾ ਕਰਨੀ ਕਿੰਨੀ ਵਧੀਆ ਹੈ! ਸੰਸਾਰ ਵਿਚ ਅਜਿਹਾ ਕੁਝ ਨਹੀਂ ਜਿਸ ਨਾਲ ਇਸ ਦੀ ਤੁਲਨਾ ਕੀਤੀ ਜਾ ਸਕਦੀ ਹੈ!” ਮਈ 1994 ਵਿਚ ਮੇਰੀ ਪਤਨੀ ਦੀ ਮੌਤ ਤੋਂ ਕੁਝ ਸਮੇਂ ਬਾਅਦ ਮੈਨੂੰ ਉਸ ਦੀਆਂ ਚੀਜ਼ਾਂ ਵਿਚ ਇਕ ਕਾਗਜ਼ ਤੇ ਇਹ ਲਿਖਿਆ ਹੋਇਆ ਮਿਲਿਆ ਸੀ।

ਆਇਰੀਨ ਦੀ ਗੱਲ ਬਾਰੇ ਸੋਚ ਕੇ ਮੈਨੂੰ ਉਹ ਸਮਾਂ ਯਾਦ ਆ ਜਾਂਦਾ ਹੈ ਜਦ ਅਸੀਂ ਦੋਹਾਂ ਨੇ ਪੀਰੂ ਦੇਸ਼ ਵਿਚ 37 ਸਾਲ ਮਿਸ਼ਨਰੀ ਸੇਵਾ ਵਿਚ ਇਕੱਠੇ ਗੁਜ਼ਾਰੇ ਸਨ। ਸਾਡੀ ਸ਼ਾਦੀ ਦਸੰਬਰ 1942 ਵਿਚ ਹੋਈ ਸੀ ਅਤੇ ਮੈਂ ਆਪਣੀ ਕਹਾਣੀ ਇਸ ਸਮੇਂ ਤੋਂ ਦੱਸਣੀ ਸ਼ੁਰੂ ਕਰਦਾ ਹਾਂ।

ਆਇਰੀਨ ਇੰਗਲੈਂਡ ਦੇ ਲਿਵਰਪੂਲ ਸ਼ਹਿਰ ਵਿਚ ਜੰਮੀ-ਪਲੀ ਸੀ ਅਤੇ ਉਸ ਦੇ ਘਰ ਦੇ ਜੀਅ ਯਹੋਵਾਹ ਦੇ ਗਵਾਹ ਸਨ। ਉਸ ਦੀਆਂ ਦੋ ਭੈਣਾਂ ਸਨ। ਪਹਿਲੇ ਵਿਸ਼ਵ ਯੁੱਧ ਵਿਚ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੀ ਮਾਤਾ ਜੀ ਦਾ ਵਿੰਸਟਨ ਫਰੇਜ਼ਰ ਨਾਲ ਵਿਆਹ ਹੋਇਆ ਅਤੇ ਉਨ੍ਹਾਂ ਦੇ ਘਰ ਇਕ ਲੜਕਾ, ਸਿਡਨੀ ਪੈਦਾ ਹੋਇਆ ਸੀ। ਦੂਸਰੇ ਵਿਸ਼ਵ ਯੁੱਧ ਤੋਂ ਥੋੜ੍ਹੀ ਦੇਰ ਪਹਿਲਾਂ ਉਹ ਸਾਰੇ ਉੱਤਰੀ ਵੇਲਜ਼ ਦੇ ਬੈਂਗੋਰ ਸ਼ਹਿਰ ਰਹਿਣ ਚਲੇ ਗਏ ਸਨ ਜਿੱਥੇ 1939 ਵਿਚ ਆਇਰੀਨ ਨੇ ਬਪਤਿਸਮਾ ਲਿਆ ਸੀ। ਇਕ ਸਾਲ ਪਹਿਲਾਂ ਉਸ ਦੇ ਭਰਾ ਸਿਡਨੀ ਨੇ ਵੀ ਬਪਤਿਸਮਾ ਲਿਆ ਸੀ। ਇਨ੍ਹਾਂ ਦੋਹਾਂ ਨੇ ਵੇਲਜ਼ ਦੇ ਉੱਤਰੀ ਤਟ ਤੇ, ਬੈਂਗੋਰ ਤੋਂ ਕਾਰਨਰਵਨ ਅਤੇ ਐਂਗਲਸੀ ਦੇ ਟਾਪੂ ਤੇ ਪਾਇਨੀਅਰੀ ਕੀਤੀ।

ਉੱਨੀ ਦਿਨੀਂ ਮੈਂ ਲਿਵਰਪੂਲ ਤੋਂ ਤਕਰੀਬਨ 20 ਕਿਲੋਮੀਟਰ ਦੱਖਣ-ਪੂਰਬੀ ਪਾਸੇ ਰੰਕੋਰਨ ਦੀ ਕਲੀਸਿਯਾ ਵਿਚ ਸੀ। ਉਸ ਵਿਚ ਮੈਂ ਪ੍ਰਧਾਨ ਨਿਗਾਹਬਾਨ ਵਜੋਂ ਸੇਵਾ ਕਰਦਾ ਸੀ। ਮੈਂ ਤੇ ਆਇਰੀਨ ਇਕ ਛੋਟੇ ਸੰਮੇਲਨ ਵਿਚ ਮਿਲੇ ਸਨ। ਉਹ ਆਪਣੀ ਸ਼ਾਦੀ-ਸ਼ੁਦਾ ਭੈਣ, ਵੇਰਾ ਦੇ ਘਰ ਰੰਕੋਰਨ ਆ ਰਹੀ ਸੀ ਅਤੇ ਉਸ ਨੇ ਮੇਰੇ ਤੋਂ ਪ੍ਰਚਾਰ ਦੇ ਕੰਮ ਵਿਚ ਜਾਣ ਲਈ ਕਿਸੇ ਇਲਾਕੇ ਬਾਰੇ ਪੁੱਛਿਆ। ਉਨ੍ਹਾਂ ਦੋ ਹਫ਼ਤਿਆਂ ਵਿਚ ਮੇਰੀ ਤੇ ਆਇਰੀਨ ਦੀ ਬਹੁਤ ਸੋਹਣੀ ਬਣੀ ਤੇ ਬਾਅਦ ਵਿਚ ਮੈਂ ਕਈ ਵਾਰ ਉਸ ਨੂੰ ਬੈਂਗੋਰ ਵੀ ਮਿਲਣ ਵਾਸਤੇ ਗਿਆ ਸੀ। ਇਕ ਦਿਨ ਮੈਂ ਬਹੁਤ ਹੀ ਖ਼ੁਸ਼ ਹੋਇਆ ਜਦ ਮੈਂ ਉਸ ਨਾਲ ਵਿਆਹ ਬਾਰੇ ਗੱਲ ਕੀਤੀ ਤੇ ਉਸ ਨੇ ਮੇਰੀ ਪੇਸ਼ਕਸ਼ ਸਵੀਕਾਰ ਕਰ ਲਈ!

ਉਸ ਐਤਵਾਰ ਘਰ ਵਾਪਸ ਆਉਂਦੇ ਹੀ ਮੈਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਪਰ ਮੰਗਲਵਾਰ ਨੂੰ ਮੈਨੂੰ ਆਇਰੀਨ ਤੋਂ ਇਕ ਤਾਰ ਆਈ ਜਿਸ ਵਿਚ ਲਿਖਿਆ ਸੀ: “ਇਹ ਤਾਰ ਪੜ੍ਹ ਕੇ ਤੁਹਾਨੂੰ ਦੁੱਖ ਹੋਵੇਗਾ। ਮੈਂ ਮਾਫ਼ੀ ਚਾਹੁੰਦੀ ਹਾਂ। ਸਾਡਾ ਵਿਆਹ ਨਹੀਂ ਹੋ ਸਕਦਾ। ਮੈਂ ਚਿੱਠੀ ਲਿਖ ਕੇ ਸਭ ਸਮਝਾਵਾਂਗੀ।” ਤਾਰ ਪੜ੍ਹ ਕੇ ਮੈਂ ਬਹੁਤ ਹੀ ਹੈਰਾਨ ਹੋਇਆ। ਖਰਿਆ ਕਿਹੜੀ ਗੜਬੜ ਹੋ ਗਈ ਸੀ।

ਅਗਲੇ ਦਿਨ ਆਇਰੀਨ ਦੀ ਚਿੱਠੀ ਵੀ ਆ ਗਈ। ਉਸ ਵਿਚ ਉਸ ਨੇ ਮੈਨੂੰ ਲਿਖਿਆ ਕਿ ਉਹ ਹਿਲਡਾ ਪੈਜਟ ਨਾਲ ਹੋਰਸਫੋਰਥ, ਯਾਰਕਸ਼ਰ ਵਿਚ ਪਾਇਨੀਅਰੀ ਕਰਨ ਜਾ ਰਹੀ ਸੀ। * ਉਸ ਨੇ ਸਮਝਾਇਆ ਕਿ ਇਕ ਸਾਲ ਪਹਿਲਾਂ ਉਸ ਨੇ ਕਿਹਾ ਸੀ ਕਿ ਜੇ ਮੰਗ ਕੀਤੀ ਗਈ, ਤਾਂ ਉਹ ਜਿੱਥੇ ਜ਼ਿਆਦਾ ਲੋੜ ਹੋਵੇ ਜਾ ਕੇ ਪਾਇਨੀਅਰੀ ਕਰਨ ਲਈ ਤਿਆਰ ਸੀ। ਉਸ ਨੇ ਲਿਖਿਆ: “ਤੁਹਾਨੂੰ ਮਿਲਣ ਤੋਂ ਪਹਿਲਾਂ ਮੈਂ ਯਹੋਵਾਹ ਨਾਲ ਇਹ ਇਕ ਕਿਸਮ ਦਾ ਵਾਅਦਾ ਕੀਤਾ ਸੀ ਅਤੇ ਹੁਣ ਮੇਰੇ ਖ਼ਿਆਲ ਵਿਚ ਮੈਨੂੰ ਇਹ ਜ਼ਰੂਰ ਨਿਭਾਉਣਾ ਚਾਹੀਦਾ ਹੈ।” ਚਿੱਠੀ ਪੜ੍ਹ ਕੇ ਭਾਵੇਂ ਮੈਂ ਬਹੁਤ ਉਦਾਸ ਹੋਇਆ ਸੀ, ਪਰ ਮੈਂ ਉਸ ਦੀ ਵਫ਼ਾਦਾਰੀ ਦੇਖ ਕੇ ਬਹੁਤ ਖ਼ੁਸ਼ ਸੀ। ਇਸ ਲਈ ਮੈਂ ਉਸ ਨੂੰ ਇਹ ਲਿਖ ਕੇ ਤਾਰ ਘੱਲੀ: “ਜਾ, ਮੈਂ ਤੇਰਾ ਇੰਤਜ਼ਾਰ ਕਰਾਂਗਾ।”

ਯਾਰਕਸ਼ਰ ਵਿਚ ਆਇਰੀਨ ਨੂੰ ਤਿੰਨ ਮਹੀਨੇ ਕੈਦ ਵਿਚ ਜਾਣਾ ਪਿਆ ਕਿਉਂਕਿ ਉਸ ਨੇ ਯੁੱਧ ਦੇ ਕਿਸੇ ਵੀ ਕੰਮ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਸੀ। ਪਰ ਡੇਢ ਸਾਲ ਬਾਅਦ ਦਸੰਬਰ 1942 ਵਿਚ ਸਾਡਾ ਵਿਆਹ ਹੋ ਗਿਆ।

ਮੇਰਾ ਬਚਪਨ

ਮੇਰੇ ਮਾਤਾ ਜੀ ਨੇ 1919 ਵਿਚ ਬਾਈਬਲ ਬਾਰੇ ਕੁਝ ਕਿਤਾਬਾਂ ਖ਼ਰੀਦੀਆਂ ਸਨ। * ਪਿਤਾ ਜੀ ਦੇ ਮੁਤਾਬਕ ਮਾਤਾ ਜੀ ਨੇ ਪਹਿਲਾਂ ਕਦੇ ਕੋਈ ਕਿਤਾਬ ਨਹੀਂ ਪੜ੍ਹੀ ਸੀ, ਪਰ ਮਾਤਾ ਜੀ ਨੇ ਇਹ ਗੱਲ ਠਾਣ ਲਈ ਕਿ ਉਹ ਇਨ੍ਹਾਂ ਕਿਤਾਬਾਂ ਨੂੰ ਬਾਈਬਲ ਦੇ ਨਾਲ-ਨਾਲ ਚੰਗੀ ਤਰ੍ਹਾਂ ਪੜ੍ਹਨਗੇ। ਇਸ ਤਰ੍ਹਾਂ ਕਰਨ ਤੋਂ ਬਾਅਦ ਉਨ੍ਹਾਂ ਨੇ 1920 ਵਿਚ ਬਪਤਿਸਮਾ ਲੈ ਲਿਆ।

ਪਿਤਾ ਜੀ ਨਰਮ-ਸੁਭਾਅ ਵਾਲੇ ਆਦਮੀ ਸਨ ਅਤੇ ਉਹ ਮਾਤਾ ਜੀ ਨੂੰ ਆਪਣੀ ਮਰਜ਼ੀ ਕਰ ਲੈਣ ਦਿੰਦੇ ਸਨ। ਮਾਤਾ ਜੀ ਨੇ ਮੈਨੂੰ ਤੇ ਮੇਰੇ ਭਰਾ ਐਲਕ ਨੂੰ ਅਤੇ ਮੇਰੀਆਂ ਦੋ ਭੈਣਾਂ, ਗੁਐੱਨ ਤੇ ਆਇਵੀ ਨੂੰ ਬਚਪਨ ਤੋਂ ਹੀ ਸੱਚਾਈ ਵਿਚ ਪਾਲਿਆ ਸੀ। ਲਿਵਰਪੂਲ ਤੋਂ ਰੰਕੋਰਨ ਵਿਚ ਸਟੈਨਲੀ ਰੌਜ੍ਰਜ਼ ਅਤੇ ਹੋਰ ਵਫ਼ਾਦਾਰ ਭਰਾ ਬਾਈਬਲ ਤੋਂ ਭਾਸ਼ਣ ਦੇਣ ਆਇਆ ਕਰਦੇ ਸਨ ਅਤੇ ਥੋੜ੍ਹੀ ਦੇਰ ਵਿਚ ਹੀ ਉੱਥੇ ਇਕ ਨਵੀਂ ਕਲੀਸਿਯਾ ਬਣ ਗਈ ਸੀ। ਕਲੀਸਿਯਾ ਦੇ ਨਾਲ-ਨਾਲ ਸਾਡਾ ਪਰਿਵਾਰ ਵੀ ਸੱਚਾਈ ਵਿਚ ਤਰੱਕੀ ਕਰਦਾ ਗਿਆ।

ਗੁਐੱਨ ਨੇ ਚਰਚ ਆਫ਼ ਇੰਗਲੈਂਡ ਦੀ ਮੈਂਬਰ ਬਣਨ ਲਈ ਕਲਾਸਾਂ ਲੈਣੀਆਂ ਛੱਡ ਦਿੱਤੀਆਂ ਜਦੋਂ ਉਸ ਨੇ ਮਾਤਾ ਜੀ ਦੇ ਨਾਲ-ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਲਈ। ਫਿਰ ਚਰਚ ਦਾ ਪਾਦਰੀ ਸਾਡੇ ਘਰ ਇਹ ਜਾਣਨ ਲਈ ਆਇਆ ਕਿ ਉਹ ਕਲਾਸਾਂ ਵਿਚ ਕਿਉਂ ਨਹੀਂ ਆ ਰਹੀ ਸੀ। ਗੁਐੱਨ ਨੇ ਉਸ ਨੂੰ ਬਹੁਤ ਸਾਰੇ ਸਵਾਲ ਪੁੱਛੇ। ਪਾਦਰੀ ਉਨ੍ਹਾਂ ਦੇ ਜਵਾਬ ਚੰਗੀ ਤਰ੍ਹਾਂ ਨਾ ਦੇ ਸਕਿਆ। ਗੁਐੱਨ ਨੇ ਉਸ ਨੂੰ ਪ੍ਰਭੂ ਦੀ ਪ੍ਰਾਰਥਨਾ ਦੇ ਮਤਲਬ ਬਾਰੇ ਪੁੱਛਿਆ, ਪਰ ਪਾਦਰੀ ਦੀ ਥਾਂ ਗੁਐੱਨ ਨੂੰ ਉਸ ਦਾ ਮਤਲਬ ਪਾਦਰੀ ਨੂੰ ਸਮਝਾਉਣਾ ਪੈ ਗਿਆ! ਉਸ ਨੇ 1 ਕੁਰਿੰਥੀਆਂ 10:21 ਦਾ ਹਵਾਲਾ ਸੁਣਾ ਕੇ ਪਾਦਰੀ ਨੂੰ ਦੱਸਿਆ ਕਿ ਉਹ ‘ਦੋ ਮੇਜ਼ਾਂ ਤੋਂ ਖਾ’ ਨਹੀਂ ਸਕਦੀ ਸੀ। ਸਾਡੇ ਘਰੋਂ ਜਾਂਦੇ ਹੋਏ ਪਾਦਰੀ ਨੇ ਕਿਹਾ ਕਿ ਉਹ ਗੁਐੱਨ ਲਈ ਦੁਆ ਕਰੇਗਾ ਅਤੇ ਵਾਪਸ ਆ ਕੇ ਉਸ ਦੇ ਸਵਾਲਾਂ ਦੇ ਜਵਾਬ ਦੇਵੇਗਾ, ਪਰ ਉਹ ਕਦੇ ਵਾਪਸ ਨਹੀਂ ਆਇਆ। ਗੁਐੱਨ ਨੇ ਬਪਤਿਸਮਾ ਲੈਣ ਤੋਂ ਥੋੜ੍ਹਾ ਹੀ ਸਮਾਂ ਬਾਅਦ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ।

ਸਾਡੀ ਕਲੀਸਿਯਾ ਵਿਚ ਬੱਚਿਆਂ ਦੀ ਬਹੁਤ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾਂਦੀ ਸੀ। ਮੈਨੂੰ ਯਾਦ ਹੈ ਜਦ ਇਕ ਵਾਰ ਇਕ ਭਰਾ ਸਾਡੀ ਕਲੀਸਿਯਾ ਵਿਚ ਭਾਸ਼ਣ ਦੇਣ ਆਇਆ ਸੀ। ਉਦੋਂ ਮੈਂ ਸਿਰਫ਼ ਸੱਤ ਸਾਲ ਦਾ ਸੀ। ਭਾਸ਼ਣ ਦੇਣ ਤੋਂ ਬਾਅਦ ਉਹ ਮੇਰੇ ਨਾਲ ਗੱਲ ਕਰਨ ਆਇਆ। ਮੈਂ ਉਸ ਨੂੰ ਦੱਸਿਆ ਕਿ ਮੈਂ ਬਾਈਬਲ ਵਿਚ ਅਬਰਾਹਾਮ ਬਾਰੇ ਪੜ੍ਹ ਰਿਹਾ ਸੀ ਜਦ ਉਹ ਆਪਣੇ ਬੇਟੇ ਦੀ ਬਲੀ ਚੜ੍ਹਾਉਣ ਗਿਆ ਸੀ। ਉਸ ਭਰਾ ਨੇ ਮੈਨੂੰ ਕਿਹਾ: “ਉੱਥੇ ਮੰਚ ਦੇ ਕੋਣੇ ਤੇ ਖੜ੍ਹਾ ਹੋ ਕੇ ਮੈਨੂੰ ਉਸ ਬਾਰੇ ਸਾਰਾ ਕੁਝ ਦੱਸ।” ਮੈਂ ਮੰਚ ਤੋਂ ਆਪਣਾ ਪਹਿਲਾ “ਭਾਸ਼ਣ” ਦੇ ਕੇ ਬਹੁਤ ਹੀ ਖ਼ੁਸ਼ ਹੋਇਆ!

ਮੈਂ 1931 ਵਿਚ 15 ਸਾਲ ਦੀ ਉਮਰ ਤੇ ਬਪਤਿਸਮਾ ਲਿਆ ਸੀ। ਉਸੇ ਸਾਲ ਮੇਰੇ ਮਾਤਾ ਜੀ ਗੁਜ਼ਰ ਗਏ ਸਨ ਅਤੇ ਮੈਂ ਸਕੂਲ ਛੱਡ ਕੇ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ। ਸਾਲ 1936 ਵਿਚ ਫੋਨੋਗ੍ਰਾਫ ਦੀ ਵਰਤੋ ਨਾਲ ਲੋਕਾਂ ਨੂੰ ਬਾਈਬਲ ਬਾਰੇ ਭਾਸ਼ਣ ਸੁਣਾਏ ਜਾ ਰਹੇ ਸਨ ਅਤੇ ਕਲੀਸਿਯਾ ਵਿਚ ਇਕ ਸਿਆਣੀ ਉਮਰ ਦੀ ਭੈਣ ਨੇ ਮੈਨੂੰ ਤੇ ਮੇਰੇ ਭਰਾ ਨੂੰ ਕਿਹਾ ਕਿ ‘ਤੁਸੀਂ ਦੋਵੇਂ ਪ੍ਰਚਾਰ ਦੇ ਇਸ ਕੰਮ ਵਿਚ ਕਿਉਂ ਨਹੀਂ ਲੱਗ ਜਾਂਦੇ?’ ਇਸ ਕਰਕੇ ਮੈਂ ਤੇ ਐਲਕ ਸਾਈਕਲ ਖ਼ਰੀਦਣ ਲਈ ਲਿਵਰਪੂਲ ਗਏ। ਉਸ ਸਾਈਕਲ ਦੇ ਇਕ ਪਾਸੇ ਅਸੀਂ ਪਹੀਇਆਂ ਵਾਲਾ ਇਕ ਡੱਬਾ ਜਿਹਾ ਬਣਵਾਇਆ ਜਿਸ ਵਿਚ ਅਸੀਂ ਆਪਣਾ ਫੋਨੋਗ੍ਰਾਫ ਰੱਖ ਸਕਦੇ ਸੀ। ਉਸ ਡੱਬੇ ਦੇ ਪਿੱਛਲੇ ਪਾਸੇ ਇਕੱਠੀ ਕੀਤੀ ਜਾਣ ਵਾਲੀ ਇਕ ਦੋ ਮੀਟਰ ਲੰਮੀ ਟਿਊਬ ਤੇ ਅਸੀਂ ਲਾਉਡਸਪੀਕਰ ਲਗਵਾਇਆ ਸੀ। ਇਸ ਨੂੰ ਬਣਾਉਣ ਵਾਲੇ ਮਕੈਨਿਕ ਨੇ ਸਾਨੂੰ ਕਿਹਾ ਕਿ ਉਸ ਨੇ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਬਣਾਇਆ, ਪਰ ਇਹ ਸਭ ਕੁਝ ਬਹੁਤ ਚੰਗੀ ਤਰ੍ਹਾਂ ਚੱਲਿਆ! ਅਸੀਂ ਬੜੇ ਜੋਸ਼ ਨਾਲ ਉਸ ਸਾਰੇ ਇਲਾਕੇ ਵਿਚ ਪ੍ਰਚਾਰ ਕੀਤਾ ਅਤੇ ਉਸ ਸਿਆਣੀ ਭੈਣ ਦਾ ਵੀ ਸ਼ੁਕਰ ਕੀਤਾ ਜਿਸ ਨੇ ਸਾਨੂੰ ਇੰਨੀ ਵਧੀਆ ਸਲਾਹ ਦਿੱਤੀ ਸੀ ਜਿਸ ਕਰਕੇ ਸਾਨੂੰ ਪ੍ਰਚਾਰ ਕਰਨ ਦੀਆਂ ਇੰਨੀਆਂ ਬਰਕਤਾਂ ਮਿਲੀਆਂ ਸਨ।

ਦੂਜੇ ਵਿਸ਼ਵ ਯੁੱਧ ਦੌਰਾਨ ਅਜ਼ਮਾਇਸ਼ਾਂ

ਸੰਸਾਰ ਜੰਗ ਦੀਆਂ ਤਿਆਰੀਆਂ ਕਰ ਰਿਹਾ ਸੀ, ਪਰ ਮੈਂ ਤੇ ਸਟੈਨਲੀ ਰੌਜ੍ਰਜ਼ ਪਬਲਿਕ ਨੂੰ ਲੰਡਨ ਦੇ ਰਾਇਲ ਅਲਬ੍ਰਟ ਹਾਲ ਵਿਚ ਭਾਸ਼ਣ ਸੁਣਨ ਲਈ ਬੁਲਾ ਰਹੇ ਸਨ ਜਿੱਥੇ 11 ਸਤੰਬਰ 1938 ਦੇ ਦਿਨ “ਅਸਲੀਅਤ ਜਾਣੋ” ਨਾਮਕ ਭਾਸ਼ਣ ਦਿੱਤਾ ਜਾਣਾ ਸੀ। ਬਾਅਦ ਵਿਚ ਇਸੇ ਵਿਸ਼ੇ ਤੇ ਇਕ ਪੁਸਤਿਕਾ ਛਾਪੀ ਗਈ ਸੀ ਅਤੇ ਅਗਲੇ ਸਾਲ ਫਾਸ਼ੀਵਾਦ ਜਾਂ ਆਜ਼ਾਦੀ ਨਾਮਕ ਪੁਸਤਿਕਾ ਛਾਪੀ ਗਈ ਸੀ। ਇਨ੍ਹਾਂ ਦੋਹਾਂ ਪੁਸਤਿਕਾਵਾਂ ਵਿਚ ਜਰਮਨੀ ਲਈ ਹਿਟਲਰ ਦੀਆਂ ਅਭਿਲਾਸ਼ਾਵਾਂ ਦਾ ਭੇਤ ਖੋਲ੍ਹਿਆ ਗਿਆ ਸੀ। ਮੈਂ ਇਨ੍ਹਾਂ ਨੂੰ ਵੱਢਣ ਵਿਚ ਹਿੱਸਾ ਲਿਆ ਸੀ ਅਤੇ ਇਸ ਸਮੇਂ ਤਕ ਰੰਕੋਰਨ ਦੇ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਪ੍ਰਚਾਰ ਕਰਨ ਲਈ ਮੇਰਾ ਆਦਰ ਵੀ ਕਰਦੇ ਸਨ। ਦਰਅਸਲ ਮੇਰੇ ਲਈ ਇਹ ਕਾਫ਼ੀ ਫ਼ਾਇਦੇਮੰਦ ਤਜਰਬਾ ਸੀ ਕਿ ਮੈਂ ਆਪਣੀ ਜ਼ਿੰਦਗੀ ਵਿਚ ਪ੍ਰਚਾਰ ਦੇ ਕੰਮ ਨੂੰ ਹਮੇਸ਼ਾ ਪਹਿਲ ਦਿੱਤੀ ਸੀ।

ਜਿਸ ਕੰਪਨੀ ਲਈ ਮੈਂ ਕੰਮ ਕਰਦਾ ਸੀ ਉਸ ਨੇ ਸ਼ਹਿਰੋਂ ਬਾਹਰ ਇਕ ਨਵੀਂ ਫੈਕਟਰੀ ਦੀਆਂ ਤਾਰਾਂ ਫਿੱਟ ਕਰਨ ਦਾ ਠੇਕਾ ਲਿਆ ਸੀ। ਜਦ ਮੈਨੂੰ ਪਤਾ ਲੱਗਾ ਕਿ ਇਹ ਹਥਿਆਰ ਬਣਾਉਣ ਦੀ ਫੈਕਟਰੀ ਸੀ, ਤਾਂ ਮੈਂ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਂ ਉੱਥੇ ਕੰਮ ਨਹੀਂ ਕਰ ਸਕਦਾ ਸੀ। ਇਸ ਫ਼ੈਸਲੇ ਤੋਂ ਸਾਡੀ ਕੰਪਨੀ ਦੇ ਮਾਲਕ ਖ਼ੁਸ਼ ਨਹੀਂ ਸਨ, ਪਰ ਮੇਰੇ ਫੋਰਮੈਨ ਨੇ ਮੇਰੀ ਸਿਫ਼ਤ ਕੀਤੀ ਅਤੇ ਮੈਨੂੰ ਹੋਰ ਕੋਈ ਕੰਮ ਦਿੱਤਾ ਗਿਆ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਉਸ ਦੀ ਇਕ ਆਂਟੀ ਯਹੋਵਾਹ ਦੀ ਗਵਾਹ ਸੀ।

ਮੇਰੇ ਨਾਲ ਕੰਮ ਕਰਨ ਵਾਲੇ ਇਕ ਬੰਦੇ ਨੇ ਮੈਨੂੰ ਇਹ ਕਹਿ ਕਿ ਹੌਸਲਾ ਦਿੱਤਾ: “ਅਸੀਂ ਤੇਰੇ ਤੋਂ ਇਹੋ ਆਸ ਰੱਖਦੇ ਸੀ ਰੈਜਨਲਡ ਕਿਉਂਕਿ ਤੂੰ ਇੰਨੇ ਸਾਲਾਂ ਤੋਂ ਬਾਈਬਲ ਦਾ ਪ੍ਰਚਾਰ ਜੋ ਕਰਦਾ ਹੈ।” ਪਰ ਮੇਰੇ ਨਾਲ ਕੰਮ ਕਰਨ ਵਾਲੇ ਹੋਰ ਕਈ ਬੰਦਿਆਂ ਕਰਕੇ ਮੈਨੂੰ ਸਾਵਧਾਨ ਰਹਿਣਾ ਪਿਆ ਕਿਉਂਕਿ ਉਹ ਮੇਰੇ ਲਈ ਮੁਸੀਬਤ ਖੜ੍ਹੀ ਕਰਨੀ ਚਾਹੁੰਦੇ ਸਨ।

ਜੂਨ 1940 ਵਿਚ ਲਿਵਰਪੂਲ ਦੀ ਕਚਹਿਰੀ ਵਿਚ ਮੈਨੂੰ ਕਾਨੂੰਨੀ ਤੌਰ ਤੇ ਇਹ ਮਾਨਤਾ ਦਿੱਤੀ ਗਈ ਕਿ ਮੈਂ ਨਾ ਹਥਿਆਰਬੰਦ ਹੋਵਾਂਗੇ ਤੇ ਨਾ ਹੀ ਜੰਗ ਲੜਨ ਜਾਵਾਂਗਾ। ਪਰ ਮੇਰੇ ਲਈ ਲਾਜ਼ਮੀ ਸੀ ਕਿ ਮੈਂ ਉਸੇ ਥਾਂ ਨੌਕਰੀ ਕਰਦਾ ਰਹਾਂ ਜਿੱਥੇ ਮੈਂ ਕਰ ਰਿਹਾ ਸੀ। ਮੇਰੇ ਲਈ ਇਹ ਗੱਲ ਚੰਗੀ ਸੀ ਕਿਉਂਕਿ ਮੈਂ ਪ੍ਰਚਾਰ ਦੇ ਕੰਮ ਵਿਚ ਲੱਗਾ ਰਹਿ ਸਕਦਾ ਸੀ।

ਯਹੋਵਾਹ ਦੀ ਸੇਵਾ ਦੇ ਹੋਰ ਮੌਕੇ

ਜੰਗ ਤੋਂ ਬਾਅਦ ਮੈਂ ਆਪਣੀ ਨੌਕਰੀ ਛੱਡ ਕੇ ਆਇਰੀਨ ਦੇ ਨਾਲ ਪਾਇਨੀਅਰੀ ਕਰਨ ਦਾ ਫ਼ੈਸਲਾ ਕੀਤਾ। ਸੰਨ 1946 ਵਿਚ ਸਾਡੇ ਰਹਿਣ ਵਾਸਤੇ ਮੈਂ ਕਾਰ ਨਾਲ ਖਿੱਚਿਆ ਜਾਣ ਵਾਲਾ ਚੱਲਦਾ-ਫਿਰਦਾ 5 ਮੀਟਰ ਲੰਮਾ ਘਰ ਬਣਾਇਆ। ਅਗਲੇ ਸਾਲ ਸਾਨੂੰ ਗਲਾਸਟਰਸ਼ਰ ਵਿਚ ਅਲਵਸਟਨ ਨਾਂ ਦੇ ਪਿੰਡ ਵਿਚ ਪਾਇਨੀਅਰੀ ਕਰਨ ਲਈ ਭੇਜਿਆ ਗਿਆ। ਇਸ ਤੋਂ ਬਾਅਦ ਅਸੀਂ ਸਿਰਨਸਿਸਟਰ ਨਾਂ ਦੀ ਪ੍ਰਾਚੀਨ ਨਗਰੀ ਅਤੇ ਬਾਥ ਸ਼ਹਿਰ ਵਿਚ ਵੀ ਪਾਇਨੀਅਰੀ ਕੀਤੀ। ਸੰਨ 1951 ਵਿਚ ਮੈਨੂੰ ਵੇਲਜ਼ ਦੇ ਦੱਖਣੀ ਇਲਾਕਿਆਂ ਵਿਚ ਸਫ਼ਰੀ ਨਿਗਾਹਬਾਨ ਵਜੋਂ ਭੇਜਿਆ ਗਿਆ। ਪਰ ਅਜੇ ਦੋ ਸਾਲ ਪੂਰੇ ਨਹੀਂ ਹੋਏ ਸਨ ਜਦੋਂ ਸਾਨੂੰ ਮਿਸ਼ਨਰੀਆਂ ਵਜੋਂ ਸਿਖਲਾਈ ਲਈ ਅਮਰੀਕਾ ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਬੁਲਾਇਆ ਗਿਆ।

ਇਹ ਸਕੂਲ ਨਿਊਯਾਰਕ ਰਾਜ ਦੇ ਉੱਤਰ, ਸਾਉਥ ਲੈਂਸਿੰਗ ਵਿਚ ਸੀ ਅਤੇ ਅਸੀਂ 1953 ਵਿਚ ਨਿਊਯਾਰਕ ਸਿਟੀ ਵਿਚ ਇਕ ਸੰਮੇਲਨ ਵਿਚ ਗਿਲਿਅਡ ਦੀ 21ਵੀਂ ਕਲਾਸ ਤੋਂ ਗ੍ਰੈਜੂਏਟ ਹੋਏ ਸੀ। ਸਾਨੂੰ ਆਪਣੇ ਗ੍ਰੈਜੂਏਸ਼ਨ ਦੇ ਦਿਨ ਤਕ ਇਹ ਨਹੀਂ ਪਤਾ ਸੀ ਕਿ ਅਸੀਂ ਕਿੱਥੇ ਭੇਜੇ ਜਾਵਾਂਗੇ। ਪਰ ਅਸੀਂ ਪੀਰੂ ਦੇਸ਼ ਬਾਰੇ ਸੁਣ ਕੇ ਬਹੁਤ ਖ਼ੁਸ਼ ਹੋਏ ਕਿਉਂਕਿ ਆਇਰੀਨ ਦਾ ਭਰਾ ਸਿਡਨੀ ਅਤੇ ਉਸ ਦੀ ਪਤਨੀ ਮਾਰਗਰਟ ਲੀਮਾ, ਪੀਰੂ ਦੇ ਬ੍ਰਾਂਚ ਆਫਿਸ ਵਿਚ ਸੇਵਾ ਕਰ ਰਹੇ ਸਨ! ਉਹ ਗਿਲਿਅਡ ਦੀ 19ਵੀਂ ਕਲਾਸ ਤੋਂ ਗ੍ਰੈਜੂਏਟ ਹੋਏ ਸਨ ਅਤੇ ਉਨ੍ਹਾਂ ਨੂੰ ਉੱਥੇ ਸੇਵਾ ਕਰਦਿਆਂ ਸਾਲ ਕੁ ਹੋਇਆ ਸੀ।

ਗ੍ਰੈਜੂਏਸ਼ਨ ਤੋਂ ਬਾਅਦ ਸਾਨੂੰ ਕੁਝ ਸਮੇਂ ਲਈ ਵੀਜ਼ਿਆਂ ਲਈ ਰੁਕਣਾ ਪਿਆ ਤੇ ਅਸੀਂ ਬਰੁਕਲਿਨ ਬੈਥਲ ਵਿਚ ਸੇਵਾ ਕਰ ਸਕੇ ਸਾਂ। ਪਰ ਫਿਰ ਅਸੀਂ ਲੀਮਾ ਲਈ ਰਵਾਨਾ ਹੋ ਗਏ। ਪੀਰੂ ਵਿਚ ਅਸੀਂ ਦਸ ਵੱਖਰਿਆਂ ਥਾਵਾਂ ਤੇ ਸੇਵਾ ਕੀਤੀ ਸੀ। ਪਹਿਲਾਂ ਸਾਨੂੰ ਕਿਯਾਓ ਭੇਜਿਆ ਗਿਆ ਜੋ ਕਿ ਪੀਰੂ ਦਾ ਮੁੱਖ ਬੰਦਰਗਾਹ ਸ਼ਹਿਰ ਹੈ। ਇਹ ਲੀਮਾ ਤੋਂ ਥੋੜ੍ਹਾ ਪਰੇ ਪੱਛਮ ਵੱਲ ਹੈ। ਭਾਵੇਂ ਅਸੀਂ ਮਾੜੀ-ਮੋਟੀ ਸਪੇਨੀ ਭਾਸ਼ਾ ਸਿੱਖੀ ਸੀ, ਪਰ ਇਸ ਵਕਤ ਨਾ ਮੈਂ ਤੇ ਨਾ ਆਇਰੀਨ ਕਿਸੇ ਨਾਲ ਸਪੇਨੀ ਵਿਚ ਗੱਲਬਾਤ ਕਰ ਸਕਦੇ ਸਨ। ਤਾਂ ਫਿਰ, ਇਸ ਥਾਂ ਅਸੀਂ ਪ੍ਰਚਾਰ ਕਿਸ ਤਰ੍ਹਾਂ ਕਰ ਸਕਦੇ ਸੀ?

ਪ੍ਰਚਾਰ ਕਰਨ ਦੇ ਮਸਲੇ ਤੇ ਬਰਕਤਾਂ

ਗਿਲਿਅਡ ਵਿਚ ਸਾਨੂੰ ਦੱਸਿਆ ਗਿਆ ਸੀ ਕਿ ਮਾਂ ਆਪਣੇ ਬੱਚੇ ਨੂੰ ਬੋਲਣਾ ਨਹੀਂ ਸਿਖਾਉਂਦੀ। ਇਸ ਦੀ ਬਜਾਇ ਬੱਚਾ ਮਾਂ ਨੂੰ ਗੱਲ ਕਰਦੇ ਸੁਣ ਕੇ ਆਪ ਹੀ ਸਿੱਖ ਜਾਂਦਾ ਹੈ। ਇਸ ਲਈ ਸਾਨੂੰ ਇਹ ਸਲਾਹ ਦਿੱਤੀ ਗਈ ਸੀ: “ਉੱਥੇ ਪਹੁੰਚਦੇ ਹੀ ਪ੍ਰਚਾਰ ਕਰਨ ਲੱਗ ਪਵੋਂ, ਤਾਂ ਤੁਸੀਂ ਲੋਕਾਂ ਤੋਂ ਨਵੀਂ ਭਾਸ਼ਾ ਆਪੇ ਹੀ ਸਿੱਖ ਜਾਵੋਗੇ। ਉਹ ਤੁਹਾਡੀ ਮਦਦ ਕਰਨਗੇ।” ਜ਼ਰਾ ਸੋਚੋ ਮੈਂ ਕਿਸ ਤਰ੍ਹਾਂ ਮਹਿਸੂਸ ਕੀਤਾ ਜਦੋਂ ਮੈਂ ਅਜੇ ਸਪੇਨੀ ਬੋਲਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਤੇ ਮੈਨੂੰ ਦੋ ਹਫ਼ਤਿਆਂ ਦੇ ਅੰਦਰ-ਅੰਦਰ ਕਿਯਾਓ ਦੀ ਕਲੀਸਿਯਾ ਵਿਚ ਪ੍ਰਧਾਨ ਨਿਗਾਹਬਾਨ ਨਿਯੁਕਤ ਕੀਤਾ ਗਿਆ! ਮੈਂ ਸਿਡਨੀ ਫਰੇਜ਼ਰ ਨੂੰ ਮਿਲਣ ਗਿਆ ਪਰ ਉਸ ਨੇ ਵੀ ਗਿਲਿਅਡ ਵਾਲੀ ਸਲਾਹ ਦਿੱਤੀ ਕਿ ਜਾ ਕੇ ਕਲੀਸਿਯਾ ਵਿਚ ਅਤੇ ਪ੍ਰਚਾਰ ਕਰਦੇ ਸਮੇਂ ਲੋਕਾਂ ਤੋਂ ਹੀ ਭਾਸ਼ਾ ਬੋਲਣੀ ਸਿੱਖ ਲੈ। ਤਾਂ ਫਿਰ ਮੈਂ ਇਸ ਸਲਾਹ ਅਨੁਸਾਰ ਚੱਲਣ ਲਈ ਆਪਣਾ ਮਨ ਬਣਾ ਹੀ ਲਿਆ।

ਇਕ ਸਿਨੱਚਰਵਾਰ ਸਵੇਰੇ-ਸਵੇਰੇ ਪ੍ਰਚਾਰ ਕਰਦੇ ਹੋਏ ਮੈਂ ਇਕ ਤਰਖਾਣ ਨੂੰ ਉਸ ਦੀ ਦੁਕਾਨ ਤੇ ਮਿਲਿਆ। ਉਸ ਨੇ ਕਿਹਾ: “ਮੈਂ ਇਹ ਕੰਮ ਪੂਰਾ ਕਰਨਾ ਹੈ, ਪਰ ਤੁਸੀਂ ਬੈਠ ਕੇ ਮੇਰੇ ਨਾਲ ਗੱਲ ਕਰ ਸਕਦੇ ਹੋ।” ਮੈਂ ਉਹ ਨੂੰ ਕਿਹਾ ਕਿ ਮੈਂ ਇਕ ਸ਼ਰਤ ਤੇ ਉਸ ਨਾਲ ਗੱਲਬਾਤ ਕਰਾਂਗਾ: “ਜਦ ਵੀ ਮੈਂ ਬੋਲਣ ਵਿਚ ਕੋਈ ਗ਼ਲਤੀ ਕਰਾਂ, ਤਾਂ ਮੈਨੂੰ ਦੱਸ ਦਿਓ। ਮੈਂ ਨਾਰਾਜ਼ ਨਹੀਂ ਹੋਵਾਂਗਾ।” ਉਹ ਹੱਸ ਕੇ ਮੇਰੀ ਗੱਲ ਤੇ ਰਾਜ਼ੀ ਹੋ ਗਿਆ। ਮੈਂ ਹਫ਼ਤੇ ਵਿਚ ਦੋ ਵਾਰ ਉਸ ਨੂੰ ਮਿਲਣ ਜਾਂਦਾ ਸੀ ਅਤੇ ਜਿਵੇਂ ਮੈਨੂੰ ਦੱਸਿਆ ਗਿਆ ਸੀ, ਨਵੀਂ ਜ਼ਬਾਨ ਸਿੱਖਣ ਦਾ ਇਹ ਬਹੁਤ ਹੀ ਵਧੀਆ ਤਰੀਕਾ ਸੀ।

ਕਿਯਾਓ ਤੋਂ ਬਾਅਦ ਅਸੀਂ ਈਕਾ ਭੇਜੇ ਗਏ ਅਤੇ ਸੰਜੋਗ ਦੀ ਗੱਲ ਹੈ ਕਿ ਉੱਥੇ ਵੀ ਮੈਨੂੰ ਇਕ ਤਰਖਾਣ ਮਿਲ ਪਿਆ ਤੇ ਮੈਂ ਉਸ ਨੂੰ ਦੱਸਿਆ ਕਿ ਕਿਯਾਓ ਵਿਚ ਮੈਂ ਕਿਸ ਤਰ੍ਹਾਂ ਸਪੇਨੀ ਬੋਲਣੀ ਸਿੱਖ ਰਿਹਾ ਸੀ। ਉਹ ਵੀ ਮੇਰੀ ਮਦਦ ਕਰਨ ਲਈ ਰਾਜ਼ੀ ਹੋ ਗਿਆ। ਇਸ ਤਰ੍ਹਾਂ ਮੈਂ ਹੋਲੀ-ਹੋਲੀ ਸਹੀ ਤਰੀਕੇ ਨਾਲ ਬੋਲਣਾ ਸਿੱਖ ਹੀ ਲਿਆ, ਪਰ ਵਧੀਆ ਤਰੀਕੇ ਨਾਲ ਬੋਲਣ ਲਈ ਮੈਨੂੰ ਤਿੰਨ ਸਾਲ ਲੱਗੇ ਸਨ। ਇਹ ਆਦਮੀ ਹਮੇਸ਼ਾ ਕੰਮ ਵਿਚ ਰੁੱਝਿਆ ਰਹਿੰਦਾ ਸੀ, ਪਰ ਉਸ ਨਾਲ ਬਾਈਬਲ ਸਟੱਡੀ ਕਰਨ ਲਈ ਮੈਂ ਉਸ ਨੂੰ ਬਾਈਬਲ ਪੜ੍ਹ ਕੇ ਸੁਣਾਉਂਦਾ ਸੀ ਅਤੇ ਫਿਰ ਉਸ ਦਾ ਮਤਲਬ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ। ਇਕ ਦਿਨ ਜਦ ਮੈਂ ਉਸ ਨੂੰ ਮਿਲਣ ਗਿਆ, ਤਾਂ ਉਸ ਦੇ ਮਾਲਕ ਨੇ ਮੈਨੂੰ ਦੱਸਿਆ ਕਿ ਉਹ ਲੀਮਾ ਵਿਚ ਹੋਰ ਨੌਕਰੀ ਕਰਨ ਲਈ ਚਲਿਆ ਗਿਆ ਹੈ। ਕੁਝ ਸਮੇਂ ਬਾਅਦ ਜਦ ਮੈਂ ਤੇ ਆਇਰੀਨ ਲੀਮਾ ਵਿਚ ਇਕ ਸੰਮੇਲਨ ਲਈ ਗਏ, ਤਾਂ ਸਾਨੂੰ ਇਹ ਆਦਮੀ ਫਿਰ ਤੋਂ ਮਿਲਿਆ। ਇਹ ਸੁਣ ਕੇ ਮੈਂ ਕਿੰਨਾ ਖ਼ੁਸ਼ ਹੋਇਆ ਕਿ ਲੀਮਾ ਪਹੁੰਚ ਕੇ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰਨ ਤੋਂ ਬਾਅਦ ਬਾਈਬਲ ਸਟੱਡੀ ਜਾਰੀ ਰੱਖੀ। ਹੁਣ ਉਹ ਅਤੇ ਉਸ ਦਾ ਪੂਰਾ ਪਰਿਵਾਰ ਯਹੋਵਾਹ ਦੇ ਸੇਵਕ ਬਣ ਗਏ ਸਨ!

ਇਕ ਕਲੀਸਿਯਾ ਵਿਚ ਸਾਨੂੰ ਇਕ ਤੀਵੀਂ-ਆਦਮੀ ਮਿਲੇ ਜਿਨ੍ਹਾਂ ਦੀ ਸ਼ਾਦੀ ਨਹੀਂ ਹੋਈ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਬਪਤਿਸਮਾ ਲਿਆ ਸੀ। ਅਸੀਂ ਬਾਈਬਲ ਤੋਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਰਿਸ਼ਤੇ ਨੂੰ ਕਾਨੂੰਨੀ ਕਰਾਰ ਦੇਣ ਤਾਂਕਿ ਉਹ ਅਸਲ ਵਿਚ ਯਹੋਵਾਹ ਦੇ ਗਵਾਹ ਬਣ ਸਕਣ। ਇਹ ਕੰਮ ਕਰਨ ਲਈ ਮੈਂ ਉਨ੍ਹਾਂ ਨੂੰ ਟਾਊਨ ਹਾਲ ਲੈ ਗਿਆ। ਉੱਥੇ ਇਕ ਹੋਰ ਮਸਲਾ ਖੜ੍ਹਾ ਹੋ ਗਿਆ। ਉਨ੍ਹਾਂ ਦੇ ਚਾਰ ਬੱਚੇ ਸਨ ਅਤੇ ਉਨ੍ਹਾਂ ਵਿੱਚੋਂ ਇਕ ਦਾ ਨਾਂ ਵੀ ਰਜਿਸਟਰ ਵਿਚ ਦਰਜ ਨਹੀਂ ਕੀਤਾ ਗਿਆ ਸੀ। ਨਾਂ ਦਰਜ ਕਰਾਉਣੇ ਕਾਨੂੰਨੀ ਤੌਰ ਤੇ ਜ਼ਰੂਰੀ ਸਨ। ਅਸੀਂ ਸੋਚਦੇ ਸੀ ਕਿ ਪਤਾ ਨਹੀਂ ਨਗਰ-ਪ੍ਰਧਾਨ ਕੀ ਕਰੇਗਾ। ਉਸ ਨੇ ਇਸ ਤੀਵੀਂ-ਆਦਮੀ ਨੂੰ ਕਿਹਾ: “ਤੁਹਾਡੇ ਇਨ੍ਹਾਂ ਭਲੇ ਦੋਸਤਾਂ ਨੇ ਜੋ ਯਹੋਵਾਹ ਦੇ ਗਵਾਹ ਹਨ, ਤੁਹਾਨੂੰ ਆਪਣੇ ਵਿਆਹ ਨੂੰ ਕਾਨੂੰਨੀ ਕਰਾਰ ਦਿਲਾਉਣ ਲਈ ਮਨਾਇਆ ਹੈ, ਇਸ ਲਈ ਮੈਂ ਮੁਫ਼ਤ ਵਿਚ ਤੁਹਾਡੇ ਹਰੇਕ ਬੱਚੇ ਦਾ ਨਾਂ ਰਜਿਸਟਰ ਵਿਚ ਦਰਜ ਕਰ ਦੇਵਾਂਗਾ।” ਅਸੀਂ ਸਾਰੇ ਬਹੁਤ ਹੀ ਸ਼ੁਕਰਗੁਜ਼ਾਰ ਸੀ ਕਿਉਂਕਿ ਇਸ ਗ਼ਰੀਬ ਪਰਿਵਾਰ ਲਈ ਜੁਰਮਾਨਾ ਭਰਨਾ ਬਹੁਤ ਹੀ ਮੁਸ਼ਕਲ ਹੋਣਾ ਸੀ!

ਬਰੁਕਲਿਨ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਤੋਂ ਭਰਾ ਐਲਬਰਟ ਡੀ. ਸ਼੍ਰੋਡਰ ਪੀਰੂ ਨੂੰ ਆਏ ਤੇ ਉਨ੍ਹਾਂ ਨੇ ਕਿਹਾ ਕਿ ਲੀਮਾ ਦੇ ਇਕ ਹੋਰ ਹਿੱਸੇ ਵਿਚ ਇਕ ਨਵਾਂ ਮਿਸ਼ਨਰੀ ਘਰ ਸਥਾਪਿਤ ਕੀਤਾ ਜਾਵੇਗਾ। ਮੈਂ ਤੇ ਆਇਰੀਨ ਅਤੇ ਅਮਰੀਕਾ ਤੋਂ ਦੋ ਭੈਣਾਂ, ਫ਼ਰੈਂਸਿਸ ਤੇ ਇਲਿਜ਼ਾਬੈਥ ਗੁੱਡ ਅਤੇ ਕੈਨੇਡਾ ਤੋਂ ਇਕ ਵਿਆਹੁਤਾ ਜੋੜਾ ਸਾਨ ਬੋਰਹਾ ਦੇ ਜ਼ਿਲ੍ਹੇ ਨੂੰ ਚਲੇ ਗਏ। ਦੋ-ਤਿੰਨ ਸਾਲ ਦੇ ਅੰਦਰ-ਅੰਦਰ ਉੱਥੇ ਇਕ ਚੰਗੀ-ਸੋਹਣੀ ਕਲੀਸਿਯਾ ਬਣ ਗਈ।

ਵਾਨਕਾਯੋ ਸ਼ਹਿਰ ਪਹਾੜੀ ਇਲਾਕੇ ਵਿਚ 3,000 ਮੀਟਰ ਨਾਲੋਂ ਉੱਚੀ ਜਗ੍ਹਾ ਤੇ ਸਥਿਤ ਸੀ। ਅਸੀਂ ਇਸ ਦੀ ਕਲੀਸਿਯਾ ਵਿਚ 80 ਗਵਾਹਾਂ ਨਾਲ ਸੰਗਤ ਕਰਦੇ ਸਨ। ਉੱਥੇ ਮੈਨੂੰ ਕਿੰਗਡਮ ਹਾਲ ਦੀ ਉਸਾਰੀ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਇਹ ਪੀਰੂ ਵਿਚ ਬਣਨ ਵਾਲਾ ਦੂਜਾ ਹਾਲ ਸੀ। ਜ਼ਮੀਨ ਖ਼ਰੀਦਣ ਲਈ ਸਾਨੂੰ ਤਿੰਨ ਵਾਰ ਕਚਹਿਰੀ ਵਿਚ ਜਾਣਾ ਪਿਆ ਸੀ, ਇਸ ਲਈ ਮੈਨੂੰ ਯਹੋਵਾਹ ਦੇ ਗਵਾਹਾਂ ਦਾ ਕਾਨੂੰਨੀ ਪ੍ਰਤਿਨਿਧ ਨਿਯੁਕਤ ਕੀਤਾ ਗਿਆ। ਉਨ੍ਹਾਂ ਪਹਿਲਿਆਂ ਸਾਲਾਂ ਵਿਚ ਅਜਿਹੇ ਕੰਮਾਂ ਨੇ ਅਤੇ ਮਿਸ਼ਨਰੀਆਂ ਦੇ ਜੋਸ਼ੀਲੇ ਪ੍ਰਚਾਰ ਨੇ ਪੀਰੂ ਵਿਚ ਵਾਧੇ ਦੀ ਚੰਗੀ ਨੀਂਹ ਧਰੀ। ਸੰਨ 1953 ਵਿਚ ਉੱਥੇ ਸਿਰਫ਼ 283 ਗਵਾਹ ਸਨ, ਪਰ ਅੱਜ ਉੱਥੇ 83,000 ਤੋਂ ਜ਼ਿਆਦਾ ਹਨ।

ਦੁਖਦਾਇਕ ਵਿਛੋੜਾ

ਜਿੱਥੇ ਕਿਤੇ ਵੀ ਅਸੀਂ ਮਿਸ਼ਨਰੀ ਘਰਾਂ ਵਿਚ ਰਹੇ, ਅਸੀਂ ਦੂਸਰਿਆਂ ਮਿਸ਼ਨਰੀਆਂ ਦੀ ਸੰਗਤ ਤੋਂ ਬੜਾ ਆਨੰਦ ਮਾਣਿਆ। ਮੈਂ ਅਕਸਰ ਮਿਸ਼ਨਰੀ ਘਰ ਦੀ ਨਿਗਰਾਨੀ ਕਰਦਾ ਹੁੰਦਾ ਸੀ। ਹਰੇਕ ਸੋਮਵਾਰ ਸਵੇਰ ਨੂੰ ਅਸੀਂ ਇਕੱਠੇ ਪੂਰੇ ਹਫ਼ਤੇ ਦਾ ਪਲੈਨ ਬਣਾਉਂਦੇ ਸੀ ਅਤੇ ਘਰ ਦੀ ਦੇਖ-ਭਾਲ ਲਈ ਸਾਰਿਆਂ ਨੂੰ ਕੰਮ ਸੌਂਪਦੇ ਸੀ। ਅਸੀਂ ਸਾਰੇ ਜਾਣਦੇ ਸੀ ਕਿ ਪ੍ਰਚਾਰ ਦਾ ਕੰਮ ਮੁੱਖ ਕੰਮ ਹੈ, ਇਸ ਲਈ ਅਸੀਂ ਹਰ ਕੰਮ ਮਿਲ ਕੇ ਕਰਦੇ ਸੀ। ਮੈਂ ਇਹ ਗੱਲ ਯਾਦ ਕਰ ਕੇ ਖ਼ੁਸ਼ ਹਾਂ ਕਿ ਸਾਡਾ ਕਦੇ ਕਿਸੇ ਵੀ ਮਿਸ਼ਨਰੀ ਘਰ ਵਿਚ ਕਿਸੇ ਨਾਲ ਵੀ ਝਗੜਾ ਨਹੀਂ ਹੋਇਆ ਸੀ।

ਮਿਸ਼ਨਰੀਆਂ ਵਜੋਂ ਸਾਡਾ ਆਖ਼ਰੀ ਕੰਮ ਲੀਮਾ ਤੋਂ ਬਾਹਰ ਬਰਨੀਯਾ ਵਿਚ ਸੀ। ਉੱਥੇ ਦੀ ਮੁਹੱਬਤ-ਭਰੀ ਕਲੀਸਿਯਾ ਦੇ 70 ਗਵਾਹ ਬਹੁਤ ਹੀ ਜਲਦੀ 100 ਗਵਾਹ ਹੋ ਗਏ ਸਨ। ਫਿਰ ਪਾਲੋਮੀਨੀਆ ਵਿਚ ਇਕ ਨਵੀਂ ਕਲੀਸਿਯਾ ਬਣਾਈ ਗਈ ਸੀ। ਇਸੇ ਸਮੇਂ ਆਇਰੀਨ ਬੀਮਾਰ ਹੋਣ ਲੱਗ ਪਈ ਸੀ। ਮੈਂ ਪਹਿਲਾ ਦੇਖਿਆ ਕਿ ਕਦੇ-ਕਦੇ ਉਸ ਨੂੰ ਚੇਤੇ ਨਹੀਂ ਆਉਂਦਾ ਸੀ ਕਿ ਉਹ ਕੀ ਕਹਿ ਰਹੀ ਹੈ ਅਤੇ ਕਦੇ-ਕਦੇ ਉਸ ਨੂੰ ਘਰ ਦਾ ਰਾਹ ਭੁੱਲ ਜਾਂਦਾ ਸੀ। ਵਧੀਆ ਤੋਂ ਵਧੀਆ ਡਾਕਟਰਾਂ ਤੋਂ ਇਲਾਜ ਕਰਾਉਣ ਦੇ ਬਾਵਜੂਦ ਉਸ ਦੀ ਬੀਮਾਰੀ ਵੱਧਦੀ ਗਈ।

ਅਫ਼ਸੋਸ ਨਾਲ ਸਾਨੂੰ ਪੀਰੂ ਛੱਡ ਕੇ ਇੰਗਲੈਂਡ ਵਾਪਸ ਆਉਣਾ ਪਿਆ ਜਿੱਥੇ ਮੇਰੀ ਭੈਣ ਆਇਵੀ ਨੇ ਸਾਡੇ ਲਈ ਆਪਣਾ ਘਰ ਖੋਲ੍ਹਿਆ। ਚਾਰ ਸਾਲ ਬਾਅਦ 81 ਸਾਲ ਦੀ ਉਮਰ ਤੇ ਆਇਰੀਨ ਮੌਤ ਦੀ ਨੀਂਦ ਸੌਂ ਗਈ। ਮੈਂ ਅਜੇ ਵੀ ਪਾਇਨੀਅਰੀ ਕਰਦਾ ਹਾਂ ਅਤੇ ਆਪਣੇ ਜੱਦੀ-ਸ਼ਹਿਰ ਰੰਕੋਰਨ ਦੀਆਂ ਤਿੰਨ ਕਲੀਸਿਯਾਵਾਂ ਵਿੱਚੋਂ ਇਕ ਵਿਚ ਬਜ਼ੁਰਗ ਹਾਂ। ਕਦੇ-ਕਦੇ ਮੈਂ ਮੈਨਚੈੱਸਟਰ ਜਾ ਕੇ ਉਨ੍ਹਾਂ ਭਰਾਵਾਂ ਨਾਲ ਕੰਮ ਕਰਦਾ ਹਾਂ ਜੋ ਸਪੇਨੀ ਭਾਸ਼ਾ ਵਿਚ ਗਵਾਹੀ ਦਿੰਦੇ ਹਨ।

ਹਾਲ ਹੀ ਦੇ ਸਮੇਂ ਵਿਚ ਇਕ ਭੈਣ ਨੇ ਮੈਨੂੰ ਇਕ ਗੱਲ ਦੱਸੀ ਜਿਸ ਨੂੰ ਸੁਣ ਕੇ ਮੇਰਾ ਜੀਅ ਖ਼ੁਸ਼ ਹੋ ਗਿਆ। ਇਹ ਗੱਲ ਅੱਜ ਤੋਂ ਕਈ ਸਾਲ ਪਹਿਲਾਂ ਸ਼ੁਰੂ ਹੋਈ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਮੈਂ ਇਕ ਔਰਤ ਨੂੰ ਫੋਨੋਗ੍ਰਾਫ ਦੇ ਜ਼ਰੀਏ ਪੰਜ ਮਿੰਟ ਦਾ ਭਾਸ਼ਣ ਸੁਣਾ ਰਿਹਾ ਸੀ, ਤਾਂ ਉਸ ਦੀ ਧੀ ਪਿੱਛੇ ਖੜ੍ਹੀ ਸੁਣ ਰਹੀ ਸੀ।

ਵੱਡੀ ਹੋ ਕੇ ਇਹ ਕੁੜੀ ਕੈਨੇਡਾ ਜਾ ਕੇ ਰਹਿਣ ਲੱਗ ਪਈ। ਜਿਸ ਭੈਣ ਨੇ ਮੈਨੂੰ ਗੱਲ ਦੱਸੀ ਉਹ ਤੇ ਇਹ ਕੁੜੀ ਇਕ ਦੂਜੀ ਨੂੰ ਚਿੱਠੀਆਂ ਲਿਖਿਆ ਕਰਦੀਆਂ ਸਨ। ਉਸ ਨੇ ਲਿਖਿਆ ਕਿ ਦੋ ਗਵਾਹ ਉਸ ਦੇ ਘਰ ਆਏ ਸਨ ਜਿਸ ਕਰਕੇ ਉਸ ਨੂੰ ਉਹ ਫੋਨੋਗ੍ਰਾਫ ਦੇ ਜ਼ਰੀਏ ਸੁਣਿਆ ਹੋਇਆ ਭਾਸ਼ਣ ਯਾਦ ਆ ਗਿਆ। ਉਸ ਨੇ ਸੱਚਾਈ ਪਛਾਣ ਲਈ ਅਤੇ ਬਾਈਬਲ ਸਟੱਡੀ ਕਰਨ ਤੋਂ ਬਾਅਦ ਉਹ ਹੁਣ ਆਪ ਯਹੋਵਾਹ ਦੀ ਇਕ ਗਵਾਹ ਬਣ ਗਈ ਹੈ! ਉਸ ਨੇ ਕਿਹਾ ਕਿ ਉਸ ਜਵਾਨ ਗਵਾਹ ਦਾ ਸ਼ੁਕਰੀਆ ਅਦਾ ਜ਼ਰੂਰ ਕਰਨਾ ਜਿਸ ਨੇ 60 ਸਾਲ ਪਹਿਲਾਂ ਉਸ ਦੀ ਮਾਤਾ ਜੀ ਦੇ ਦਰਵਾਜ਼ੇ ਤੇ ਫੋਨੋਗ੍ਰਾਫ ਦੇ ਜ਼ਰੀਏ ਭਾਸ਼ਣ ਸੁਣਾਇਆ ਸੀ। ਇਹ ਬਿਲਕੁਲ ਸੱਚ ਹੈ ਕਿ ਕਿਸੇ ਨੂੰ ਨਹੀਂ ਪਤਾ ਕਿ ਸੱਚਾਈ ਦੇ ਬੀਜ ਕਿੱਥੇ ਜੜ੍ਹ ਫੜਨਗੇ।—ਉਪਦੇਸ਼ਕ ਦੀ ਪੋਥੀ 11:6.

ਮੈਂ ਆਪਣੀ ਗੁਜ਼ਰੀ ਹੋਈ ਜ਼ਿੰਦਗੀ ਬਾਰੇ ਸੋਚ ਕੇ ਯਹੋਵਾਹ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਉਸ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਸਾਲ 1931 ਵਿਚ ਜਦ ਦਾ ਮੈਂ ਬਪਤਿਸਮਾ ਲਿਆ ਹੈ, ਮੈਂ ਯਹੋਵਾਹ ਦੇ ਲੋਕਾਂ ਦੇ ਹਰੇਕ ਸੰਮੇਲਨ ਵਿਚ ਗਿਆ ਹਾਂ। ਭਾਵੇਂ ਮੇਰੇ ਤੇ ਆਇਰੀਨ ਦੇ ਆਪਣੇ ਕੋਈ ਬੱਚੇ ਨਹੀਂ ਹਨ, ਪਰ ਜਿਨ੍ਹਾਂ ਲੋਕਾਂ ਦੀ ਅਸੀਂ ਸੱਚਾਈ ਸਿੱਖਣ ਵਿਚ ਮਦਦ ਕਰ ਸਕੇ ਉਸ ਪੱਖੋ ਕਹੋ, ਤਾਂ ਮੇਰੇ 150 ਧੀਆਂ-ਪੁੱਤਰ ਹਨ ਜੋ ਸਾਰੇ ਯਹੋਵਾਹ ਦੀ ਸੇਵਾ ਕਰ ਰਹੇ ਹਨ। ਮੇਰੀ ਪਿਆਰੀ ਪਤਨੀ ਨੇ ਸੱਚ ਹੀ ਕਿਹਾ ਸੀ ਕਿ ਯਹੋਵਾਹ ਦੀ ਸੇਵਾ ਕਰਨ ਤੋਂ ਇਲਾਵਾ ਸੰਸਾਰ ਵਿਚ ਅਜਿਹਾ ਕੁਝ ਨਹੀਂ ਜਿਸ ਤੋਂ ਇੰਨੀ ਖ਼ੁਸ਼ੀ ਮਿਲ ਸਕਦੀ ਹੈ।

[ਸਫ਼ੇ 24 ਉੱਤੇ ਤਸਵੀਰ]

ਮਾਤਾ ਜੀ, 1900 ਦੇ ਸ਼ੁਰੂ ਵਿਚ

[ਸਫ਼ੇ 25 ਉੱਤੇ ਤਸਵੀਰ]

ਉੱਪਰ: ਮੈਂ ਤੇ ਆਇਰੀਨ ਆਪਣੇ ਚੱਲਦੇ-ਫਿਰਦੇ ਘਰ ਵਿਚ

[ਸਫ਼ੇ 25 ਉੱਤੇ ਤਸਵੀਰ]

ਖੱਬੇ: ਲੀਡਜ਼, ਇੰਗਲੈਂਡ ਵਿਚ ਹਿਲਡਾ ਪੈਜਟ, ਮੈਂ, ਆਇਰੀਨ ਅਤੇ ਜੌਏਸ ਰੌਲੀ, 1940

[ਸਫ਼ੇ 27 ਉੱਤੇ ਤਸਵੀਰ]

ਕਾਰਡਿਫ਼, ਵੇਲਜ਼ ਵਿਚ ਪਬਲਿਕ ਭਾਸ਼ਣ ਦਾ ਇਸ਼ਤਿਹਾਰ ਦਿੰਦੇ ਹੋਏ, 1952

[ਫੁਟਨੋਟ]

^ ਪੈਰਾ 9 ਤੁਸੀਂ ਹਿਲਡਾ ਪੈਜਟ ਦੀ ਕਹਾਣੀ 1 ਅਕਤੂਬਰ 1995 ਦੇ ਹਿੰਦੀ ਦੇ ਪਹਿਰਾਬੁਰਜ ਦੇ 19-24 ਸਫ਼ਿਆਂ ਉੱਤੇ ਪੜ੍ਹ ਸਕਦੇ ਹੋ। ਉਸ ਦਾ ਵਿਸ਼ਾ ਹੈ “ਆਪਣੇ ਮਾਤਾ-ਪਿਤਾ ਦੇ ਕਦਮਾਂ ਤੇ ਚੱਲਣਾ।”

^ ਪੈਰਾ 12 ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਕਿਤਾਬਾਂ, ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ).