Skip to content

Skip to table of contents

ਪੋਪ ਐਲੇਗਜ਼ੈਂਡਰ ਛੇਵਾਂ—ਉਸ ਨੂੰ ਰੋਮ ਨੇ ਭੁਲਾਇਆ ਨਹੀਂ ਹੈ

ਪੋਪ ਐਲੇਗਜ਼ੈਂਡਰ ਛੇਵਾਂ—ਉਸ ਨੂੰ ਰੋਮ ਨੇ ਭੁਲਾਇਆ ਨਹੀਂ ਹੈ

ਪੋਪ ਐਲੇਗਜ਼ੈਂਡਰ ਛੇਵਾਂ—ਉਸ ਨੂੰ ਰੋਮ ਨੇ ਭੁਲਾਇਆ ਨਹੀਂ ਹੈ

“ਕੈਥੋਲਿਕ ਨਜ਼ਰੀਏ ਤੋਂ, ਐਲੇਗਜ਼ੈਡਰ ਛੇਵੇਂ ਦੀ ਸਖ਼ਤ ਸ਼ਬਦਾਂ ਵਿਚ ਜਿੰਨੀ ਵੀ ਆਲੋਚਨਾ ਕੀਤੀ ਜਾਵੇ, ਉੱਨੀ ਹੀ ਘੱਟ ਹੈ।” (ਹਿਸਟਰੀ ਆਫ਼ ਪੋਪਜ਼ ਫਰਾਮ ਦ ਐੱਨਡ ਆਫ਼ ਦਾ ਮਿਡਲ ਏਜਜ਼) “ਉਸ ਨੇ ਆਪਣੀ ਨਿੱਜੀ ਜ਼ਿੰਦਗੀ ਵਿਚ ਜੋ ਵੀ ਕੀਤਾ, ਉਸ ਕਰਕੇ ਉਹ ਮਾਫ਼ੀ ਦੇ ਕਾਬਲ ਨਹੀਂ ਹੈ . . . ਸਾਨੂੰ ਇਹ ਮੰਨਣਾ ਪਵੇਗਾ ਕਿ ਇਸ ਪੋਪ ਨੇ ਚਰਚ ਦਾ ਜ਼ਰਾ ਵੀ ਆਦਰ-ਸਤਿਕਾਰ ਨਹੀਂ ਕੀਤਾ। ਭਾਵੇਂ ਕਿ ਪੋਪ ਦੇ ਜ਼ਮਾਨੇ ਦੇ ਲੋਕਾਂ ਨੇ ਇਸ ਤਰ੍ਹਾਂ ਦੇ ਬਹੁਤ ਹੀ ਭਿਆਨਕ ਜੁਰਮ ਦੇਖੇ ਸਨ, ਪਰ ਉਨ੍ਹਾਂ ਨੇ ਉਸ ਦੇ ਪਰਿਵਾਰ ਨੂੰ ਜਿਹੜੇ ਜੁਰਮ ਕਰਦੇ ਦੇਖਿਆ, ਉਨ੍ਹਾਂ ਦਾ ਅਸਰ ਚਾਰ ਸਦੀਆਂ ਬਾਅਦ ਵੀ ਪੈ ਰਿਹਾ ਹੈ।”—ਦ ਚਰਚ ਐਂਡ ਦ ਰੈਨੇਸਾਂਸ (1449-1517).

ਰੋਮਨ ਕੈਥੋਲਿਕ ਚਰਚ ਦੀਆਂ ਇੰਨੀਆਂ ਮਸ਼ਹੂਰ ਇਤਿਹਾਸਕ ਕਿਤਾਬਾਂ ਇਕ ਪੋਪ ਤੇ ਉਸ ਦੇ ਪਰਿਵਾਰ ਦੀ ਇੰਨੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਿਉਂ ਕਰਦੀਆਂ ਹਨ? ਉਨ੍ਹਾਂ ਨੇ ਕੀ ਕੀਤਾ ਸੀ ਕਿ ਉਨ੍ਹਾਂ ਦੀ ਇੰਨੀ ਆਲੋਚਨਾ ਕੀਤੀ ਗਈ ਹੈ? ਰੋਮ ਵਿਚ ਇਸ ਪੋਪ ਬਾਰੇ ਇਕ ਪ੍ਰਦਰਸ਼ਨੀ ਲਗਾਈ ਗਈ ਸੀ (ਅਕਤੂਬਰ 2002-ਫਰਵਰੀ 2003) ਜਿਸ ਦਾ ਵਿਸ਼ਾ ਸੀ ਬੋਰਜਾ ਪਰਿਵਾਰ—ਤਾਕਤ ਇਸਤੇਮਾਲ ਕਰਨ ਦਾ ਹੁਨਰ। ਇਸ ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ ਦਿਖਾਇਆ ਗਿਆ ਕਿ ਪੋਪਾਂ ਨੇ, ਖ਼ਾਸ ਕਰਕੇ ਰੋਡਰੀਗੋ ਬੋਰਜਾ ਜਾਂ ਐਲੇਗਜ਼ੈਂਡਰ ਛੇਵੇਂ (ਪੋਪ 1492-1503) ਨੇ ਆਪਣੇ ਵਿਸ਼ੇਸ਼ ਅਧਿਕਾਰਾਂ ਨੂੰ ਕਿਵੇਂ ਇਸਤੇਮਾਲ ਕੀਤਾ।

ਰੋਡਰੀਗੋ ਦਾ ਤਾਕਤਵਰ ਬਣਨਾ

ਰੋਡਰੀਗੋ ਬੋਰਜਾ 1431 ਵਿਚ ਐਰਾਗੌਨ (ਹੁਣ ਸਪੇਨ) ਦੇ ਇਲਾਕੇ ਵਿਚ ਹਾਟੀਵਾ ਦੇ ਇਕ ਉੱਚੇ ਘਰਾਣੇ ਵਿਚ ਪੈਦਾ ਹੋਇਆ ਸੀ। ਉਸ ਦਾ ਮਾਮਾ ਅਲਫੋਨਸੋ ਡ ਬੋਰਜਾ ਵੇਲੈਂਸੀਆ ਦਾ ਬਿਸ਼ਪ ਸੀ। ਉਸ ਨੇ ਆਪਣੇ ਭਾਣਜੇ ਦੀ ਪੜ੍ਹਾਈ-ਲਿਖਾਈ ਦਾ ਧਿਆਨ ਰੱਖਿਆ। ਉਸ ਨੇ ਰੋਡਰੀਗੋ ਨੂੰ, ਜੋ ਅਜੇ ਕਿਸ਼ੋਰ ਹੀ ਸੀ, ਚਰਚ ਵਿਚ ਇਕ ਪਦਵੀ ਦੁਆਈ ਜਿਸ ਕਰਕੇ ਰੋਡਰੀਗੋ ਨੂੰ ਲਗਾਨ ਦਾ ਹਿੱਸਾ ਮਿਲਣ ਲੱਗਾ। ਜਦ ਤਕ ਰੋਡਰੀਗੋ 18 ਸਾਲਾਂ ਦਾ ਹੋਇਆ ਉਸ ਦਾ ਮਾਮਾ ਇਕ ਕਾਰਡੀਨਲ ਬਣ ਚੁੱਕਾ ਸੀ। ਇਸ ਉਮਰ ਵਿਚ ਆਪਣੇ ਮਾਮੇ ਦੀ ਨਿਗਰਾਨੀ ਹੇਠ ਰੋਡਰੀਗੋ ਇਟਲੀ ਚਲਾ ਗਿਆ ਜਿੱਥੇ ਉਸ ਨੇ ਕਾਨੂੰਨ ਦੀ ਪੜ੍ਹਾਈ ਕੀਤੀ। ਜਦੋਂ ਅਲਫੋਨਸੋ ਪੋਪ ਕੈਲੀਕਟਸ ਤੀਸਰਾ ਬਣ ਗਿਆ, ਤਾਂ ਉਸ ਨੇ ਰੋਡਰੀਗੋ ਤੇ ਪੇਰੇ ਲਵੀਸ ਨਾਂ ਦੇ ਆਪਣੇ ਇਕ ਹੋਰ ਭਾਣਜੇ ਨੂੰ ਕਾਰਡੀਨਲ ਬਣਾ ਦਿੱਤਾ। ਪੇਰੇ ਲਵੀਸ ਬੋਰਜਾ ਨੂੰ ਕਈ ਸ਼ਹਿਰਾਂ ਦਾ ਗਵਰਨਰ ਬਣਾਇਆ ਗਿਆ। ਜਲਦੀ ਹੀ ਰੋਡਰੀਗੋ ਨੂੰ ਚਰਚ ਦਾ ਉਪ-ਚਾਂਸਲਰ ਬਣਾਇਆ ਗਿਆ। ਉਹ ਕਈ ਵੱਖੋ-ਵੱਖਰੋ ਪੋਪਾਂ ਦੇ ਸਮੇਂ ਦੌਰਾਨ ਇਸ ਪਦਵੀ ਤੇ ਰਿਹਾ ਜਿਸ ਕਰਕੇ ਉਸ ਨੂੰ ਧਨ-ਦੌਲਤ ਇਕੱਠੀ ਕਰਨ, ਲੋਕਾਂ ਤੇ ਅਧਿਕਾਰ ਚਲਾਉਣ ਤੇ ਇਕ ਰਾਜਕੁਮਾਰ ਵਾਂਗ ਸ਼ਾਨੋ-ਸ਼ੌਕਤ ਨਾਲ ਜੀਣ ਦਾ ਮੌਕਾ ਮਿਲਿਆ।

ਰੋਡਰੀਗੋ ਬਹੁਤ ਹੀ ਹੁਸ਼ਿਆਰ, ਵਧੀਆ ਬੁਲਾਰਾ, ਕਲਾਕਾਰੀ ਦਾ ਸਰਪਰਸਤ ਤੇ ਆਪਣੇ ਮਕਸਦਾਂ ਵਿਚ ਕਾਮਯਾਬ ਹੋਣ ਵਾਲਾ ਬੰਦਾ ਸੀ। ਉਸ ਦੇ ਕਈ ਔਰਤਾਂ ਨਾਲ ਨਾਜਾਇਜ਼ ਸੰਬੰਧ ਸਨ। ਉਸ ਦੀ ਇਕ ਉਮਰ ਭਰ ਦੀ ਰਖੇਲ ਤੋਂ ਚਾਰ ਬੱਚੇ ਅਤੇ ਕਈ ਦੂਸਰੀਆਂ ਔਰਤਾਂ ਤੋਂ ਹੋਰ ਬੱਚੇ ਪੈਦਾ ਹੋਏ। ਉਸ ਦੀ “ਇਸ ਬਦਚਲਣੀ” ਤੇ “ਅੱਯਾਸ਼ੀ” ਕਰਕੇ ਪੋਪ ਪਾਇਸ ਦੂਜੇ ਨੇ ਉਸ ਨੂੰ ਝਿੜਕਿਆ, ਪਰ ਰੋਡਰੀਗੋ ਨਹੀਂ ਸੁਧਰਿਆ।

ਜਦੋਂ ਪੋਪ ਇਨੋਸੈਂਟ ਅੱਠਵੇਂ ਦੀ 1492 ਵਿਚ ਮੌਤ ਹੋਈ, ਤਾਂ ਨਵਾਂ ਪੋਪ ਮੁਕੱਰਰ ਕਰਨ ਲਈ ਚਰਚ ਦੇ ਕਾਰਡੀਨਲ ਇਕੱਠੇ ਹੋਏ। ਸਾਰਿਆਂ ਨੂੰ ਪਤਾ ਸੀ ਕਿ ਰੋਡਰੀਗੋ ਬੋਰਜਾ ਨੇ ਪੋਪ ਐਲੇਗਜ਼ੈਂਡਰ ਛੇਵਾਂ ਬਣਨ ਲਈ ਆਪਣੇ ਸਾਥੀ ਕਾਰਡੀਨਲਾਂ ਨੂੰ ਕੀਮਤੀ ਤੋਹਫ਼ੇ ਅਤੇ ਧਮਕੀਆਂ ਦੇ ਕੇ ਉਨ੍ਹਾਂ ਦੀਆਂ ਕਾਫ਼ੀ ਵੋਟਾਂ ਖ਼ਰੀਦ ਲਈਆਂ। ਉਸ ਨੇ ਵੋਟਾਂ ਖ਼ਰੀਦਣ ਲਈ ਕਿਹੜੇ ਤੋਹਫ਼ੇ ਦਿੱਤੇ? ਚਰਚ ਵਿਚ ਕਈ ਪਦਵੀਆਂ, ਮਹਿਲ, ਕਿਲੇ, ਸ਼ਹਿਰ, ਪਾਦਰੀ-ਮੱਠ ਅਤੇ ਬਿਸ਼ਪ ਦੇ ਖੇਤਰ ਦਿੱਤੇ ਜਿਨ੍ਹਾਂ ਤੋਂ ਬਹੁਤ ਸਾਰਾ ਪੈਸਾ ਲਗਾਨ ਦੇ ਰੂਪ ਵਿਚ ਆਉਂਦਾ ਸੀ। ਇਸ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਚਰਚ ਦੇ ਇਕ ਇਤਿਹਾਸਕਾਰ ਨੇ ਐਲੇਗਜ਼ੈਂਡਰ ਛੇਵੇਂ ਦੇ ਰਾਜ ਨੂੰ “ਰੋਮਨ ਚਰਚ ਦੇ ਇਤਿਹਾਸ ਵਿਚ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਦਾ ਰਾਜ” ਕਿਉਂ ਕਿਹਾ ਸੀ।

“ਰਾਜਕੁਮਾਰਾਂ ਤੋਂ ਵੱਖਰਾ ਨਹੀਂ”

ਚਰਚ ਦੇ ਮੁਖੀ ਹੋਣ ਕਰਕੇ ਉਸ ਕੋਲ ਕਾਫ਼ੀ ਤਾਕਤ ਸੀ। ਇਸ ਤਾਕਤ ਦੀ ਮਦਦ ਨਾਲ ਉਸ ਨੇ ਸਪੇਨ ਅਤੇ ਪੁਰਤਗਾਲ ਵਿਚ ਸੁਲ੍ਹਾ ਕਰਾਈ ਜੋ ਅਮਰੀਕਾ ਵਿਚ ਲੱਭੇ ਨਵੇਂ ਇਲਾਕਿਆਂ ਉੱਤੇ ਕਬਜ਼ਾ ਕਰਨ ਲਈ ਲੜ ਰਹੇ ਸਨ। ਆਪਣੀ ਸੰਸਾਰਕ ਤਾਕਤ ਨਾਲ ਉਹ ਪਾਦਰੀ ਸੂਬਿਆਂ ਦਾ ਮੁਖੀ ਬਣ ਗਿਆ ਜਿਸ ਦੇ ਕੇਂਦਰੀ ਇਟਲੀ ਵਿਚ ਵੀ ਕਈ ਇਲਾਕੇ ਸਨ। ਉਸ ਯੁੱਗ ਦੇ ਦੂਸਰੇ ਰਾਜਿਆਂ ਵਾਂਗ ਹੀ ਉਸ ਨੇ ਆਪਣੇ ਰਾਜ ਉੱਤੇ ਹਕੂਮਤ ਕੀਤੀ। ਐਲੇਗਜ਼ੈਂਡਰ ਤੋਂ ਪਹਿਲਾਂ ਅਤੇ ਬਾਅਦ ਦੇ ਪੋਪਾਂ ਵਾਂਗ ਉਸ ਦੇ ਸ਼ਾਸਨ ਵਿਚ ਵੀ ਰਿਸ਼ਵਤਖ਼ੋਰੀ, ਭਾਈ-ਭਤੀਜਾਵਾਦ ਤੇ ਲੋਕਾਂ ਦਾ ਕਤਲ ਹੋਣਾ ਆਮ ਸੀ।

ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਇਤਾਲਵੀ ਇਲਾਕਿਆਂ ਵਾਸਤੇ ਲੜਾਈਆਂ ਹੋ ਰਹੀਆਂ ਸਨ ਤੇ ਪੋਪ ਐਲੇਗਜ਼ੈਂਡਰ ਛੇਵਾਂ ਵੀ ਪਿੱਛੇ ਨਹੀਂ ਰਿਹਾ। ਉਸ ਨੇ ਆਪਣੀ ਤਾਕਤ ਵਧਾਉਣ, ਆਪਣੇ ਬੱਚਿਆਂ ਦੀ ਤਰੱਕੀ ਲਈ ਅਤੇ ਬੋਰਜਾ ਖ਼ਾਨਦਾਨ ਨੂੰ ਸਾਰਿਆਂ ਤੋਂ ਉੱਚਾ ਕਰਨ ਲਈ ਰਾਜਨੀਤੀ ਦੀ ਖੇਡ ਖੇਡਦੇ ਹੋਏ ਕਈਆਂ ਨਾਲ ਦੋਸਤੀ ਕੀਤੀ ਅਤੇ ਕਈਆਂ ਨਾਲ ਤੋੜੀ। ਉਸ ਦਾ ਪੁੱਤਰ ਹੁਆਨ ਸਪੇਨ ਦੇ ਸ਼ਹਿਰ ਗਾਂਡੀਆ ਦਾ ਡਿਊਕ ਸੀ। ਉਹ ਕਾਸਟੀਲ ਦੇ ਰਾਜੇ ਦੀ ਚਚੇਰੀ ਭੈਣ ਨਾਲ ਵਿਆਹਿਆ ਹੋਇਆ ਸੀ। ਉਸ ਦਾ ਇਕ ਹੋਰ ਪੁੱਤਰ ਜਾਫ਼ਰੇ ਨੇਪਲਜ਼ ਦੇ ਰਾਜੇ ਦੀ ਪੋਤੀ ਨਾਲ ਵਿਆਹਿਆ ਹੋਇਆ ਸੀ।

ਜਦੋਂ ਪੋਪ ਨੂੰ ਫ਼ਰਾਂਸ ਨਾਲ ਆਪਣੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਇਕ ਦੋਸਤ ਦੀ ਲੋੜ ਪਈ, ਤਾਂ ਉਸ ਨੇ ਆਪਣੀ 13 ਸਾਲਾਂ ਦੀ ਧੀ ਲੁਕਰੈਤਸੀਯਾ ਦਾ ਰਿਸ਼ਤਾ ਆਰਗਾਨ ਦੇ ਇਕ ਅਮੀਰ ਵਿਅਕਤੀ ਨਾਲੋਂ ਤੋੜ ਕੇ ਮਿਲਾਨ ਦੇ ਡਿਊਕ ਦੇ ਕਿਸੇ ਰਿਸ਼ਤੇਦਾਰ ਨਾਲ ਕਰ ਦਿੱਤਾ। ਜਦੋਂ ਪੋਪ ਨੂੰ ਲੱਗਾ ਕਿ ਇਹ ਵਿਆਹ ਰਾਜਨੀਤਿਕ ਤੌਰ ਤੇ ਉਸ ਲਈ ਫ਼ਾਇਦੇਮੰਦ ਨਹੀਂ ਸੀ, ਤਾਂ ਉਸ ਨੇ ਕਿਸੇ ਬਹਾਨੇ ਨਾਲ ਰਿਸ਼ਤਾ ਤੋੜ ਦਿੱਤਾ ਤੇ ਲੁਕਰੈਤਸੀਯਾ ਦਾ ਵਿਆਹ ਵਿਰੋਧੀ ਸ਼ਾਹੀ ਖ਼ਾਨਦਾਨ ਵਿਚ ਐਰਾਗੌਨ ਦੇ ਅਲਫੋਨਸੋ ਨਾਲ ਕਰ ਦਿੱਤਾ। ਇਸ ਦੌਰਾਨ ਲੁਕਰੈਤਸੀਯਾ ਦੇ ਅਭਿਲਾਸ਼ੀ ਤੇ ਬੇਰਹਿਮ ਭਰਾ ਚੇਜ਼ਾਰੇ ਬੋਰਜਾ ਨੇ ਫ਼ਰਾਂਸ ਦੇ ਰਾਜੇ ਲੁਈ ਬਾਰ੍ਹਵੇਂ ਨਾਲ ਮਿੱਤਰਤਾ ਕਰ ਲਈ, ਇਸ ਕਰਕੇ ਐਰਾਗੌਨ ਦੇ ਅਲਫੋਨਸੋ ਨਾਲ ਉਸ ਦੀ ਭੈਣ ਦਾ ਵਿਆਹ ਉਸ ਲਈ ਸ਼ਰਮਿੰਦਗੀ ਦਾ ਕਾਰਨ ਬਣ ਗਿਆ। ਉਸ ਨੇ ਇਸ ਸਮੱਸਿਆ ਨੂੰ ਕਿਵੇਂ ਹੱਲ ਕੀਤਾ? ਇਕ ਕਿਤਾਬ ਦੱਸਦੀ ਹੈ ਕਿ ਲੁਕਰੈਤਸੀਯਾ ਦੇ ਪਤੀ ਅਲਫੋਨਸੋ ਨੂੰ “ਸੇਂਟ ਪੀਟਰ ਗਿਰਜੇ ਦੀਆਂ ਪੌੜ੍ਹੀਆਂ ਉੱਤੇ ਚਾਰ ਕਾਤਲਾਂ ਨੇ ਜ਼ਖ਼ਮੀ ਕਰ ਦਿੱਤਾ।” ਜਦੋਂ ਉਹ ਠੀਕ ਹੋ ਰਿਹਾ ਸੀ, ਤਾਂ ਚੇਜ਼ਾਰੇ ਦੇ ਇਕ ਨੌਕਰ ਨੇ ਅਲਫੋਨਸੋ ਨੂੰ ਗਲਾ ਘੁੱਟ ਕੇ ਮਾਰ ਦਿੱਤਾ।” ਪੋਪ ਐਲੇਗਜ਼ੈਂਡਰ ਛੇਵਾਂ ਨਵੇਂ ਮਹੱਤਵਪੂਰਣ ਰਾਜਨੀਤਿਕ ਦੋਸਤ ਬਣਾਉਣਾ ਚਾਹੁੰਦਾ ਸੀ, ਇਸ ਲਈ ਉਸ ਨੇ ਲੁਕਰੈਤਸੀਯਾ, ਜੋ ਹੁਣ 21 ਸਾਲ ਦੀ ਹੋ ਚੁੱਕੀ ਸੀ, ਦਾ ਵਿਆਹ ਫਰਾਰ ਦੇ ਇਕ ਸ਼ਕਤੀਸ਼ਾਲੀ ਡਿਊਕ ਦੇ ਪੁੱਤਰ ਨਾਲ ਕਰ ਦਿੱਤਾ।

ਚੇਜ਼ਾਰੇ ਦਾ ਰਾਜਨੀਤਿਕ ਦੌਰ “ਬੇਈਮਾਨੀ ਤੇ ਕਤਲੋ-ਗ਼ਾਰਤ ਦਾ ਦੌਰ ਸੀ।” ਭਾਵੇਂ ਉਸ ਦੇ ਪਿਤਾ ਨੇ ਉਸ ਨੂੰ 17 ਸਾਲ ਦੀ ਉਮਰ ਤੇ ਕਾਰਡੀਨਲ ਬਣਾ ਦਿੱਤਾ ਸੀ, ਪਰ ਚਲਾਕ, ਅਭਿਲਾਸ਼ੀ ਅਤੇ ਬੇਈਮਾਨ ਹੋਣ ਕਰਕੇ ਉਹ ਕਾਰਡੀਨਲ ਨਾਲੋਂ ਯੁੱਧ ਵਿਚ ਇਕ ਫ਼ੌਜੀ ਦੇ ਤੌਰ ਤੇ ਜ਼ਿਆਦਾ ਢੁਕਦਾ ਸੀ। ਚਰਚ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਸ ਨੇ ਫ਼ਰਾਂਸ ਦੀ ਇਕ ਰਾਜਕੁਮਾਰੀ ਨਾਲ ਵਿਆਹ ਕਰਾ ਲਿਆ ਜਿਸ ਕਰਕੇ ਉਹ ਵੈਲੇਨਟਿਨੋਇਸ ਦਾ ਡਿਊਕ ਬਣ ਗਿਆ। ਫਿਰ ਫ਼ਰਾਂਸ ਦੀ ਫ਼ੌਜ ਦੀ ਮਦਦ ਨਾਲ ਉਸ ਨੇ ਇਟਲੀ ਦੇ ਉੱਤਰੀ ਇਲਾਕਿਆਂ ਨੂੰ ਆਪਣੇ ਕਬਜ਼ੇ ਹੇਠ ਲਿਆਉਣ ਲਈ ਘੇਰਾਬੰਦੀ ਤੇ ਕਤਲਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ।

ਇਹ ਗੱਲ ਯਕੀਨੀ ਬਣਾਉਣ ਲਈ ਕਿ ਚੇਜ਼ਾਰੇ ਨੂੰ ਆਪਣੇ ਮਕਸਦਾਂ ਵਿਚ ਕਾਮਯਾਬ ਹੋਣ ਲਈ ਫ਼ਰਾਂਸ ਦੀ ਫ਼ੌਜ ਦੀ ਮਦਦ ਮਿਲਦੀ ਰਹੇ, ਪੋਪ ਨੇ ਫ਼ਰਾਂਸ ਦੇ ਰਾਜੇ ਲੁਈ ਬਾਰ੍ਹਵੇਂ ਦੇ ਸੁਖਾਲੇ ਪਰ ਸਨਸਨੀਖੇਜ ਤਲਾਕ ਨੂੰ ਸਵੀਕਾਰ ਕਰ ਲਿਆ। ਤਲਾਕ ਤੋਂ ਬਾਅਦ ਲੁਈ ਬਾਰ੍ਹਵੇਂ ਨੇ ਬ੍ਰਿਟਨੀ ਦੀ ਐਨ ਨਾਲ ਵਿਆਹ ਕਰਾ ਲਿਆ ਤੇ ਉਸ ਦੇ ਇਲਾਕਿਆਂ ਨੂੰ ਆਪਣੇ ਰਾਜ ਵਿਚ ਸ਼ਾਮਲ ਕਰ ਲਿਆ। ਇਕ ਕਿਤਾਬ ਕਹਿੰਦੀ ਹੈ ਕਿ ਪੋਪ ਨੇ “ਅਜਿਹਾ ਕਰਨ ਲਈ ਚਰਚ ਦੀ ਇੱਜ਼ਤ ਦੀ ਵੀ ਪਰਵਾਹ ਨਹੀਂ ਕੀਤੀ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ ਲਈ ਉਸ ਨੇ ਉੱਚੇ ਅਸੂਲਾਂ ਨੂੰ ਵੀ ਛਿੱਕੇ ਟੰਗ ਦਿੱਤਾ।”

ਪੋਪ ਦੇ ਅਸੰਜਮ ਦੀ ਨਿੰਦਿਆ

ਬੋਰਜਾ ਖ਼ਾਨਦਾਨ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਅਜਿਹੇ ਕੰਮ ਕੀਤੇ ਜਿਨ੍ਹਾਂ ਕਰਕੇ ਉਨ੍ਹਾਂ ਦੇ ਕਈ ਦੁਸ਼ਮਣ ਬਣੇ ਤੇ ਉਨ੍ਹਾਂ ਦੀ ਨਿੰਦਿਆ ਕੀਤੀ ਗਈ। ਪੋਪ ਨੇ ਆਪਣੇ ਆਲੋਚਕਾਂ ਦੀ ਕੋਈ ਪਰਵਾਹ ਨਹੀਂ ਕੀਤੀ। ਪਰ ਉਹ ਜਿਰਾਲੋਮੋ ਸੇਵੋਨਾਰੋਲਾ ਨਾਂ ਦੇ ਆਲੋਚਕ ਨੂੰ ਅਣਗੌਲਿਆਂ ਨਹੀਂ ਕਰ ਸਕਿਆ। ਉਹ ਇਕ ਡਮਿਨੀਕਨ ਭਿਕਸ਼ੂ, ਜੋਸ਼ੀਲਾ ਪ੍ਰਚਾਰਕ ਤੇ ਫਲੋਰੈਂਸ ਦਾ ਰਾਜਨੀਤਿਕ ਲੀਡਰ ਸੀ। ਉਸ ਨੇ ਪੋਪ ਦੇ ਕੰਮਾਂ ਤੇ ਰਾਜਨੀਤੀ ਅਤੇ ਉਸ ਦੇ ਦਰਬਾਰੀਆਂ ਦੀਆਂ ਬੁਰਾਈਆਂ ਦੀ ਨਿੰਦਿਆ ਕੀਤੀ। ਉਸ ਨੇ ਐਲੇਗਜ਼ੈਂਡਰ ਨੂੰ ਪੋਪ ਦੀ ਪਦਵੀ ਤੋਂ ਹਟਾਏ ਜਾਣ ਤੇ ਚਰਚ ਵਿਚ ਸੁਧਾਰ ਲਿਆਉਣ ਲਈ ਆਵਾਜ਼ ਉਠਾਈ। ਸੇਵੋਨਾਰੋਲਾ ਨੇ ਨਿਡਰ ਹੋ ਕੇ ਕਿਹਾ: “ਚਰਚ ਦੇ ਲੀਡਰੋ, . . . ਰਾਤ ਨੂੰ ਤੁਸੀਂ ਆਪਣੀਆਂ ਰਖੇਲਾਂ ਕੋਲ ਜਾਂਦੇ ਹੋ ਤੇ ਦਿਨੇ ਚਰਚ ਵਿਚ ਆ ਕੇ ਪਾਠ-ਪੂਜਾ ਕਰਦੇ ਹੋ।” ਉਸ ਨੇ ਬਾਅਦ ਵਿਚ ਕਿਹਾ: “[ਇਹ ਲੀਡਰ] ਕੰਜਰੀਆਂ ਨਾਲੋਂ ਘੱਟ ਨਹੀਂ ਹਨ। ਇਨ੍ਹਾਂ ਦੀ ਬਦਨਾਮੀ ਚਰਚ ਲਈ ਨੁਕਸਾਨਦੇਹ ਹੈ। ਮੈਨੂੰ ਪੂਰਾ ਯਕੀਨ ਹੈ ਕਿ ਇਹ ਲੋਕ ਮਸੀਹੀ ਧਰਮ ਵਿਚ ਵਿਸ਼ਵਾਸ ਨਹੀਂ ਕਰਦੇ।”

ਸੇਵੋਨਾਰੋਲਾ ਨੂੰ ਚੁੱਪ ਕਰਾਉਣ ਲਈ ਪੋਪ ਐਲੇਗਜ਼ੈਂਡਰ ਨੇ ਉਸ ਨੂੰ ਕਾਰਡੀਨਲ ਦੀ ਪਦਵੀ ਪੇਸ਼ ਕੀਤੀ, ਪਰ ਉਸ ਨੇ ਇਹ ਪੇਸ਼ਕਸ਼ ਸਵੀਕਾਰ ਨਹੀਂ ਕੀਤੀ। ਪੋਪ ਦੇ ਖ਼ਿਲਾਫ਼ ਉਸ ਦੀ ਵਿਰੋਧਤਾ ਜਾਂ ਉਸ ਦਾ ਪ੍ਰਚਾਰ ਉਸ ਦੀ ਬਰਬਾਦੀ ਦਾ ਕਾਰਨ ਸੀ ਜਾਂ ਨਹੀਂ, ਪਰ ਸੇਵੋਨਾਰੋਲਾ ਨੂੰ ਬਰਾਦਰੀ ਵਿੱਚੋਂ ਛੇਕ ਦਿੱਤਾ ਗਿਆ ਅਤੇ ਗਿਰਫ਼ਤਾਰ ਕਰ ਕੇ ਉਸ ਨੂੰ ਆਪਣਾ ਗੁਨਾਹ ਇਕਬਾਲ ਕਰਨ ਲਈ ਤਸੀਹੇ ਦਿੱਤੇ ਗਏ। ਬਾਅਦ ਵਿਚ ਉਸ ਨੂੰ ਫਾਂਸੀ ਦੇ ਦਿੱਤੀ ਗਈ ਤੇ ਉਸ ਦੀ ਲਾਸ਼ ਨੂੰ ਸਾੜ ਦਿੱਤਾ।

ਗੰਭੀਰ ਸਵਾਲ

ਇਹ ਇਤਿਹਾਸਕ ਘਟਨਾਵਾਂ ਮਹੱਤਵਪੂਰਣ ਸਵਾਲ ਖੜ੍ਹੇ ਕਰਦੀਆਂ ਹਨ। ਇਸ ਪੋਪ ਦੀਆਂ ਇਨ੍ਹਾਂ ਸਾਜ਼ਸ਼ਾਂ ਤੇ ਚਾਲ-ਚਲਣ ਬਾਰੇ ਕੀ ਕਿਹਾ ਜਾ ਸਕਦਾ ਹੈ? ਇਤਿਹਾਸਕਾਰ ਇਸ ਬਾਰੇ ਕੀ ਕਹਿੰਦੇ ਹਨ? ਸਾਰਿਆਂ ਦੇ ਵੱਖੋ-ਵੱਖਰੇ ਵਿਚਾਰ ਹਨ।

ਬਹੁਤ ਸਾਰੇ ਕਹਿੰਦੇ ਹਨ ਕਿ ਐਲੇਗਜ਼ੈਂਡਰ ਛੇਵੇਂ ਨੂੰ ਉਸ ਦੇ ਜ਼ਮਾਨੇ ਦੇ ਇਤਿਹਾਸ ਦੀ ਨਜ਼ਰ ਤੋਂ ਦੇਖਿਆ ਜਾਣਾ ਚਾਹੀਦਾ ਹੈ। ਉਸ ਨੇ ਰਾਜਨੀਤੀ ਤੇ ਧਰਮ ਦੇ ਮਾਮਲੇ ਵਿਚ ਜੋ ਵੀ ਕੀਤਾ, ਉਹ ਉਸ ਨੇ ਸ਼ਾਂਤੀ ਦੀ ਰੱਖਿਆ ਕਰਨ, ਦੁਸ਼ਮਣਾਂ ਵਿਚ ਸੁਲ੍ਹਾ ਕਰਾਉਣ, ਪੋਪ ਦਾ ਸਮਰਥਨ ਕਰਨ ਵਾਲਿਆਂ ਨਾਲ ਦੋਸਤੀ ਨੂੰ ਮਜ਼ਬੂਤ ਕਰਨ ਅਤੇ ਤੁਰਕੀ ਹਮਲਿਆਂ ਦੇ ਵਿਰੁੱਧ ਈਸਾਈ ਰਾਜਿਆਂ ਨੂੰ ਇਕ ਕਰਨ ਲਈ ਕੀਤਾ।

ਪਰ ਉਸ ਦੇ ਚਾਲ-ਚਲਣ ਬਾਰੇ ਕੀ? ਇਕ ਵਿਦਵਾਨ ਕਹਿੰਦਾ ਹੈ: ‘ਹਰ ਯੁਗ ਵਿਚ ਬੁਰੇ ਮਸੀਹੀ ਅਤੇ ਨਾਕਾਬਲ ਪਾਦਰੀ ਰਹੇ ਹਨ। ਇਸ ਗੱਲ ਤੋਂ ਕਿਸੇ ਨੂੰ ਹੈਰਾਨੀ ਨਾ ਹੋਵੇ, ਮਸੀਹ ਨੇ ਇਸ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ; ਉਸ ਨੇ ਆਪਣੇ ਚਰਚ ਦੀ ਤੁਲਨਾ ਇਕ ਖੇਤ ਨਾਲ ਕੀਤੀ ਸੀ ਜਿਸ ਵਿਚ ਕਣਕ ਤੇ ਜੰਗਲੀ ਬੂਟੀ ਦੋਵੇਂ ਉੱਗਦੇ ਹਨ ਜਾਂ ਫਿਰ ਇਕ ਜਾਲ ਨਾਲ ਕੀਤੀ ਸੀ ਜਿਸ ਵਿਚ ਚੰਗੀਆਂ ਤੇ ਮਾੜੀਆਂ ਮੱਛੀਆਂ ਆਉਂਦੀਆਂ ਹਨ, ਠੀਕ ਜਿਵੇਂ ਉਸ ਨੇ ਆਪਣੇ ਰਸੂਲਾਂ ਵਿਚ ਯਹੂਦਾਹ ਨੂੰ ਵੀ ਬਰਦਾਸ਼ਤ ਕੀਤਾ ਸੀ।’ *

ਇਹੀ ਵਿਦਵਾਨ ਅੱਗੇ ਕਹਿੰਦਾ ਹੈ: ‘ਜਿਵੇਂ ਇਕ ਸੁਨਿਆਰੇ ਦੇ ਘਟੀਆ ਕੰਮ ਕਰਕੇ, ਅੰਗੂਠੀ ਵਿਚ ਲਾਏ ਕਿਸੇ ਹੀਰੇ ਦੀ ਕੀਮਤ ਨਹੀਂ ਘੱਟ ਜਾਂਦੀ, ਇਸੇ ਤਰ੍ਹਾਂ ਇਕ ਪਾਦਰੀ ਦੇ ਪਾਪ ਉਸ ਦੀਆਂ ਸਿੱਖਿਆਵਾਂ ਨੂੰ ਘਟੀਆ ਨਹੀਂ ਬਣਾ ਦਿੰਦੇ। ਸੋਨਾ ਹਮੇਸ਼ਾ ਸੋਨਾ ਰਹਿੰਦਾ ਹੈ, ਭਾਵੇਂ ਇਸ ਨੂੰ ਫੜਨ ਵਾਲੇ ਹੱਥ ਸਾਫ਼ ਹੋਣ ਜਾਂ ਗੰਦੇ।’ ਇਕ ਕੈਥੋਲਿਕ ਇਤਿਹਾਸਕਾਰ ਕਹਿੰਦਾ ਹੈ ਕਿ ਐਲੇਗਜ਼ੈਂਡਰ ਛੇਵੇਂ ਦੇ ਮਾਮਲੇ ਵਿਚ ਨੇਕਦਿਲ ਕੈਥੋਲਿਕਾਂ ਨੂੰ ਉਸੇ ਅਸੂਲ ਉੱਤੇ ਚੱਲਣਾ ਚਾਹੀਦਾ ਸੀ ਜੋ ਅਸੂਲ ਯਿਸੂ ਨੇ ਗ੍ਰੰਥੀਆਂ ਅਤੇ ਫ਼ਰੀਸੀਆਂ ਦੇ ਮਾਮਲੇ ਵਿਚ ਆਪਣੇ ਚੇਲਿਆਂ ਨੂੰ ਦਿੱਤਾ ਸੀ: ‘ਸਭ ਕੁਝ ਜੋ ਓਹ ਤੁਹਾਨੂੰ ਕਹਿਣ ਤੁਸੀਂ ਮੰਨ ਲੈਣਾ ਪਰ ਉਨ੍ਹਾਂ ਵਰਗੇ ਕੰਮ ਨਾ ਕਰਨਾ।’ (ਮੱਤੀ 23:2, 3) ਪਰ ਕੀ ਤੁਸੀਂ ਇਸ ਤਰ੍ਹਾਂ ਦੀ ਤਰਕ ਨੂੰ ਸਵੀਕਾਰ ਕਰੋਗੇ?

ਕੀ ਇਹ ਸੱਚੀ ਮਸੀਹੀਅਤ ਹੈ?

ਯਿਸੂ ਨੇ ਝੂਠੇ ਮਸੀਹੀਆਂ ਦੀ ਪਰਖ ਕਰਨ ਲਈ ਇਕ ਆਸਾਨ ਤਰੀਕਾ ਦੱਸਿਆ ਸੀ: “ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ। ਭਲਾ, ਕੰਡਿਆਲਿਆਂ ਤੋਂ ਦਾਖ ਯਾ ਊਂਟਕਟਾਰਿਆਂ ਤੋਂ ਹੰਜੀਰ ਤੋੜਦੇ ਹਨ? ਇਸੇ ਪਰਕਾਰ ਹਰੇਕ ਅੱਛਾ ਬਿਰਛ ਚੰਗਾ ਫਲ ਦਿੰਦਾ ਪਰ ਮਾੜਾ ਬਿਰਛ ਬੁਰਾ ਫਲ ਦਿੰਦਾ ਹੈ। ਅੱਛਾ ਬਿਰਛ ਬੁਰਾ ਫਲ ਨਹੀਂ ਦੇ ਸੱਕਦਾ ਅਤੇ ਨਾ ਮਾੜਾ ਬਿਰਛ ਚੰਗਾ ਫਲ ਦੇ ਸੱਕਦਾ ਹੈ। ਸੋ ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।”—ਮੱਤੀ 7:16-18, 20.

ਯਿਸੂ ਨੇ ਸੱਚੀ ਮਸੀਹੀਅਤ ਨੂੰ ਸਥਾਪਿਤ ਕੀਤਾ ਸੀ ਅਤੇ ਉਸ ਦੇ ਸੱਚੇ ਚੇਲਿਆਂ ਨੇ ਇਸ ਉੱਤੇ ਚੱਲ ਕੇ ਚੰਗੀ ਮਿਸਾਲ ਕਾਇਮ ਕੀਤੀ ਸੀ। ਪਰ ਸਦੀਆਂ ਦੌਰਾਨ, ਕੀ ਧਾਰਮਿਕ ਆਗੂਆਂ ਨੇ ਇਸ ਮਿਸਾਲ ਦੀ ਚੰਗੀ ਤਰ੍ਹਾਂ ਨਕਲ ਕੀਤੀ ਹੈ? ਆਓ ਆਪਾਂ ਦੋ ਖੇਤਰਾਂ ਉੱਤੇ ਗੌਰ ਕਰੀਏ—ਰਾਜਨੀਤੀ ਵਿਚ ਉਨ੍ਹਾਂ ਦੀ ਹਿੱਸੇਦਾਰੀ ਅਤੇ ਉਨ੍ਹਾਂ ਦੀ ਜ਼ਿੰਦਗੀ।

ਯਿਸੂ ਧਰਤੀ ਉੱਤੇ ਕੋਈ ਰਾਜਾ-ਮਹਾਰਾਜਾ ਬਣ ਕੇ ਨਹੀਂ ਰਿਹਾ। ਉਸ ਨੇ ਬਹੁਤ ਸਾਦੀ ਜ਼ਿੰਦਗੀ ਬਤੀਤ ਕੀਤੀ। ਉਸ ਨੇ ਆਪ ਹੀ ਕਿਹਾ ਸੀ ਕਿ ਉਸ ਕੋਲ “ਸਿਰ ਧਰਨ ਨੂੰ ਥਾਂ ਨਹੀਂ” ਸੀ। ਉਸ ਦੀ ਬਾਦਸ਼ਾਹਤ “ਇਸ ਜਗਤ ਤੋਂ ਨਹੀਂ” ਸੀ ਅਤੇ ਉਸ ਦੇ ਚੇਲਿਆਂ ਨੇ ਵੀ ‘ਜਗਤ ਦੇ ਨਹੀਂ’ ਬਣਨਾ ਸੀ ਜਿਵੇਂ ‘ਉਹ ਜਗਤ ਦਾ ਨਹੀਂ ਸੀ।’ ਯਿਸੂ ਨੇ ਰਾਜਨੀਤਿਕ ਮਾਮਲਿਆਂ ਵਿਚ ਕੋਈ ਹਿੱਸਾ ਨਹੀਂ ਲਿਆ।—ਮੱਤੀ 8:20; ਯੂਹੰਨਾ 6:15; 17:16; 18:36.

ਪਰ ਕੀ ਇਹ ਸੱਚ ਨਹੀਂ ਹੈ ਕਿ ਸਦੀਆਂ ਤੋਂ ਧਾਰਮਿਕ ਸੰਗਠਨ ਤਾਕਤ ਅਤੇ ਧਨ-ਦੌਲਤ ਦੀ ਖ਼ਾਤਰ ਰਾਜਨੀਤਿਕ ਸ਼ਾਸਕਾਂ ਨਾਲ ਮਿੱਤਰਤਾ ਕਰਦੇ ਆਏ ਹਨ, ਭਾਵੇਂ ਕਿ ਇਸ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੈ? ਕੀ ਇਹ ਵੀ ਸੱਚ ਨਹੀਂ ਹੈ ਕਿ ਬਹੁਤ ਸਾਰੇ ਪਾਦਰੀ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਂਦੇ ਹਨ, ਜਦ ਕਿ ਆਮ ਲੋਕ ਭੁੱਖੇ ਮਰਦੇ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਦੇਖ-ਭਾਲ ਕਰਨੀ ਚਾਹੀਦੀ ਹੈ?

ਯਿਸੂ ਦੇ ਭਰਾ ਯਾਕੂਬ ਨੇ ਕਿਹਾ ਸੀ: “ਹੇ ਵਿਭਚਾਰਣੋ, ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤ੍ਰਚਾਰਾ ਪਰਮੇਸ਼ੁਰ ਦਾ ਵੈਰ ਹੈ? ਫੇਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।” (ਯਾਕੂਬ 4:4) ‘ਪਰਮੇਸ਼ੁਰ ਨਾਲ ਵੈਰ’ ਕਿਉਂ? ਕਿਉਂਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।”—1 ਯੂਹੰਨਾ 5:19.

ਐਲੇਗਜ਼ੈਂਡਰ ਛੇਵੇਂ ਦੇ ਚਾਲ-ਚਲਣ ਬਾਰੇ ਇਕ ਇਤਿਹਾਸਕਾਰ ਨੇ ਲਿਖਿਆ: “ਉਸ ਦੇ ਜ਼ਿੰਦਗੀ ਜੀਣ ਦੇ ਤੌਰ-ਤਰੀਕੇ ਪੂਰੀ ਤਰ੍ਹਾਂ ਬਦਚਲਣ ਸਨ। ਉਸ ਨੂੰ ਨਾ ਤਾਂ ਸ਼ਰਮ ਸੀ ਤੇ ਨਾ ਹੀ ਉਸ ਵਿਚ ਈਮਾਨਦਾਰੀ ਸੀ। ਉਸ ਨੂੰ ਨਿਹਚਾ ਜਾਂ ਧਰਮ ਦੀ ਵੀ ਕੋਈ ਪਰਵਾਹ ਨਹੀਂ ਸੀ। ਉਸ ਵਿਚ ਤਾਂ ਸਿਰਫ਼ ਲਾਲਚ, ਗ਼ਲਤ ਅਭਿਲਾਸ਼ਾ, ਬੇਰਹਿਮੀ ਤੇ ਆਪਣੇ ਬੱਚਿਆਂ ਦੀ ਤਰੱਕੀ ਦੀ ਕਾਮਨਾ ਨੇ ਹੀ ਘਰ ਕੀਤਾ ਹੋਇਆ ਸੀ।” ਪਰ ਚਰਚ ਵਿਚ ਸਿਰਫ਼ ਬੋਰਜਾ ਹੀ ਅਜਿਹਾ ਇਨਸਾਨ ਨਹੀਂ ਸੀ ਜਿਸ ਨੇ ਇੱਦਾਂ ਦੇ ਕੰਮ ਕੀਤੇ।

ਬਾਈਬਲ ਅਜਿਹੇ ਚਾਲ-ਚਲਣ ਬਾਰੇ ਕੀ ਕਹਿੰਦੀ ਹੈ? “ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ?” ਪੌਲੁਸ ਨੇ ਪੁੱਛਿਆ। “ਧੋਖਾ ਨਾ ਖਾਓ, ਨਾ ਹਰਾਮਕਾਰ, . . . ਨਾ ਜ਼ਨਾਹਕਾਰ, . . . ਨਾ ਲੋਭੀ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ।”—1 ਕੁਰਿੰਥੀਆਂ 6:9, 10.

ਰੋਮ ਵਿਚ ਬੋਰਜਾ ਖ਼ਾਨਦਾਨ ਉੱਤੇ ਲੱਗੀ ਪ੍ਰਦਰਸ਼ਨੀ ਦਾ ਮਕਸਦ ‘ਉਨ੍ਹਾਂ ਨੂੰ ਮਾਫ਼ ਕਰਨਾ ਜਾਂ ਦੋਸ਼ੀ ਠਹਿਰਾਉਣਾ ਨਹੀਂ ਸੀ, ਪਰ ਇਨ੍ਹਾਂ ਮਸ਼ਹੂਰ ਵਿਅਕਤੀਆਂ ਨੂੰ ਸਮਝਣਾ ਅਤੇ ਇਨ੍ਹਾਂ ਨੂੰ ਇਤਿਹਾਸਕ ਪੱਖ ਤੋਂ ਦੇਖਣਾ।’ ਅਸਲ ਵਿਚ ਪ੍ਰਦਰਸ਼ਨੀ ਵਿਚ ਆਏ ਲੋਕਾਂ ਉੱਤੇ ਹੀ ਫ਼ੈਸਲਾ ਛੱਡ ਦਿੱਤਾ ਗਿਆ ਕਿ ਉਹ ਇਨ੍ਹਾਂ ਲੋਕਾਂ ਬਾਰੇ ਕੀ ਸੋਚਦੇ ਹਨ। ਸੋ ਤੁਸੀਂ ਕਿਸ ਨਤੀਜੇ ਤੇ ਪਹੁੰਚੇ ਹੋ?

[ਸਫ਼ੇ 26 ਉੱਤੇ ਤਸਵੀਰ]

ਰੋਡਰੀਗੋ ਬੋਰਜਾ, ਪੋਪ ਐਲੇਗਜ਼ੈਂਡਰ ਛੇਵਾਂ

[ਸਫ਼ੇ 27 ਉੱਤੇ ਤਸਵੀਰ]

ਲੁਕਰੈਤਸੀਯਾ ਬੋਰਜਾ ਦੇ ਪਿਤਾ ਨੇ ਆਪਣੀ ਤਾਕਤ ਵਧਾਉਣ ਲਈ ਉਸ ਨੂੰ ਵਰਤਿਆ

[ਸਫ਼ੇ 28 ਉੱਤੇ ਤਸਵੀਰ]

ਚੇਜ਼ਾਰੇ ਬੋਰਜਾ ਅਭਿਲਾਸ਼ੀ ਤੇ ਬੇਈਮਾਨ ਇਨਸਾਨ ਸੀ

[ਸਫ਼ੇ 29 ਉੱਤੇ ਤਸਵੀਰ]

ਜਿਰਾਲੋਮੋ ਸੇਵੋਨਾਰੋਲਾ ਨੂੰ ਪੋਪ ਚੁੱਪ ਨਹੀਂ ਕਰਾ ਸਕਿਆ, ਇਸ ਲਈ ਸੇਵੋਨਾਰੋਲਾ ਨੂੰ ਫਾਂਸੀ ਦੇ ਦਿੱਤੀ ਗਈ ਤੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ

[ਫੁਟਨੋਟ]

^ ਪੈਰਾ 20 ਇਨ੍ਹਾਂ ਦ੍ਰਿਸ਼ਟਾਂਤਾਂ ਬਾਰੇ ਸਹੀ ਜਾਣਕਾਰੀ ਲੈਣ ਲਈ ਪਹਿਰਾਬੁਰਜ, 1 ਫਰਵਰੀ 1995, (ਅੰਗ੍ਰੇਜ਼ੀ) ਸਫ਼ਾ 5 ਤੇ 6 ਅਤੇ 15 ਜੂਨ 1992, (ਅੰਗ੍ਰੇਜ਼ੀ) ਸਫ਼ੇ 17-22 ਦੇਖੋ।