ਕੀ ਸਾਨੂੰ ਦੂਜਿਆਂ ਦੀ ਲੋੜ ਹੈ?
ਕੀ ਸਾਨੂੰ ਦੂਜਿਆਂ ਦੀ ਲੋੜ ਹੈ?
“ਜਦੋਂ ਅਸੀਂ ਆਪਣੀਆਂ ਜ਼ਿੰਦਗੀਆਂ ਅਤੇ ਸਫ਼ਲਤਾਵਾਂ ਤੇ ਝਾਤ ਮਾਰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਸਾਡੇ ਤਕਰੀਬਨ ਸਾਰੇ ਕੰਮਾਂ ਅਤੇ ਮਨੋਰਥਾਂ ਨੂੰ ਪੂਰਿਆਂ ਕਰਨ ਵਿਚ ਦੂਜੇ ਲੋਕਾਂ ਦਾ ਵੀ ਹੱਥ ਹੈ,” ਪ੍ਰਸਿੱਧ ਵਿਗਿਆਨੀ ਐਲਬਰਟ ਆਇਨਸਟਾਈਨ ਨੇ ਕਿਹਾ। ਉਸ ਨੇ ਅੱਗੇ ਕਿਹਾ: “ਅਸੀਂ ਰੋਟੀ, ਕੱਪੜੇ ਅਤੇ ਮਕਾਨ ਲਈ ਦੂਜਿਆਂ ਤੇ ਨਿਰਭਰ ਕਰਦੇ ਹਾਂ। . . . ਅਸੀਂ ਆਪਣੇ ਆਪ ਵਿਚ ਕੁਝ ਨਹੀਂ ਹਾਂ। ਅਸੀਂ ਆਪਣੀ ਸ਼ਖ਼ਸੀਅਤ ਕਰਕੇ ਨਹੀਂ, ਸਗੋਂ ਮਨੁੱਖੀ ਸਮਾਜ ਦਾ ਹਿੱਸਾ ਬਣ ਕੇ ਹੀ ਆਪਣੀ ਪਹਿਚਾਣ ਬਣਾਉਂਦੇ ਹਾਂ। ਇਹੀ ਸਮਾਜ ਜਨਮ ਤੋਂ ਲੈ ਕੇ ਮੌਤ ਤਕ ਸਾਡੀ ਭੌਤਿਕ ਅਤੇ ਅਧਿਆਤਮਿਕ ਜ਼ਿੰਦਗੀ ਨੂੰ ਸੇਧ ਦਿੰਦਾ ਹੈ।”
ਜਾਨਵਰ ਵੀ ਸੁਭਾਵਕ ਤੌਰ ਤੇ ਇਕ-ਦੂਜੇ ਦਾ ਸਾਥ ਭਾਲਦੇ ਹਨ। ਹਾਥੀ ਝੁੰਡ ਬਣਾ ਕੇ ਘੁੰਮਦੇ-ਫਿਰਦੇ ਹਨ ਅਤੇ ਆਪਣੇ ਬੱਚਿਆਂ ਦੀ ਧਿਆਨ ਨਾਲ ਦੇਖ-ਰੇਖ ਕਰਦੇ ਹਨ। ਸ਼ੇਰਨੀਆਂ ਮਿਲ ਕੇ ਸ਼ਿਕਾਰ ਕਰਦੀਆਂ ਹਨ ਅਤੇ ਆਪਣਾ ਭੋਜਨ ਸ਼ੇਰਾਂ ਨਾਲ ਸਾਂਝਾ ਕਰਦੀਆਂ ਹਨ। ਡਾਲਫਿਨ ਮੱਛੀਆਂ ਇਕੱਠੀਆਂ ਹੋ ਕੇ ਖੇਡਦੀਆਂ ਹਨ। ਇਨ੍ਹਾਂ ਨੇ ਖ਼ਤਰੇ ਵਿਚ ਪਏ ਹੋਏ ਦੂਜੇ ਜਾਨਵਰਾਂ ਜਾਂ ਤੈਰਾਕਾਂ ਨੂੰ ਵੀ ਬਚਾਇਆ ਹੈ।
ਪਰ ਸਮਾਜ-ਵਿਗਿਆਨੀਆਂ ਨੇ ਇਨਸਾਨਾਂ ਵਿਚ ਇਕ ਵਧ ਰਿਹਾ ਰੁਝਾਨ ਦੇਖਿਆ ਹੈ ਜੋ ਚਿੰਤਾ ਦਾ ਕਾਰਨ ਹੈ। ਮੈਕਸੀਕੋ ਵਿਚ ਛਪਦੀ ਇਕ ਅਖ਼ਬਾਰ ਅਨੁਸਾਰ, ਕੁਝ ਸਮਾਜ-ਵਿਗਿਆਨੀ ਕਹਿੰਦੇ ਹਨ ਕਿ “ਕੁਝ ਦਹਾਕਿਆਂ ਤੋਂ ਲੋਕਾਂ ਦੇ ਇਕ-ਦੂਜੇ ਤੋਂ ਦੂਰ-ਦੂਰ ਰਹਿਣ ਕਰਕੇ ਸਮਾਜ ਤਿੱਤਰ-ਬਿੱਤਰ ਹੋ ਗਿਆ ਹੈ। ਇਸ ਦਾ ਅਮਰੀਕੀ ਸਮਾਜ ਉੱਤੇ ਬੜਾ ਬੁਰਾ ਅਸਰ ਪਿਆ ਹੈ।” ਅਖ਼ਬਾਰ ਨੇ ਕਿਹਾ ਕਿ “ਦੇਸ਼ ਦੀ ਭਲਾਈ ਇਸੇ ਵਿਚ ਹੈ ਕਿ ਸਮਾਜ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕੀਤੀਆਂ ਜਾਣ ਤੇ ਲੋਕ ਦੁਬਾਰਾ ਸਮਾਜ ਦਾ ਹਿੱਸਾ ਬਣਨ।”
ਇਹ ਸਮੱਸਿਆ ਖ਼ਾਸਕਰ ਅਮੀਰ ਦੇਸ਼ਾਂ ਦੇ ਲੋਕਾਂ ਵਿਚ ਜ਼ਿਆਦਾ ਪਾਈ ਜਾਂਦੀ ਹੈ। ਇਨ੍ਹਾਂ ਦੇਸ਼ਾਂ ਵਿਚ ਇਹ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਦੂਜਿਆਂ ਨਾਲ ਕੋਈ ਸਰੋਕਾਰ ਨਹੀਂ ਰੱਖਣਾ ਚਾਹੁੰਦੇ। ਲੋਕ ਆਪਣੀ ਮਰਜ਼ੀ ਨਾਲ ਜੀਉਣਾ ਚਾਹੁੰਦੇ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਦੂਸਰੇ ਉਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਦਖ਼ਲ ਦੇਣ। ਕਿਹਾ ਜਾਂਦਾ ਹੈ ਕਿ ਇਸ ਰਵੱਈਏ ਕਰਕੇ ਲੋਕ ਜ਼ਿਆਦਾ ਤੋਂ ਜ਼ਿਆਦਾ ਜਜ਼ਬਾਤੀ ਸਮੱਸਿਆਵਾਂ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਤੇ ਆਤਮ-ਹੱਤਿਆ ਕਰਨੀ ਚਾਹੁੰਦੇ ਹਨ।
ਇਸ ਬਾਰੇ ਡਾਕਟਰ ਡੈਨੀਏਲ ਗੋਲਮਨ ਨੇ ਕਿਹਾ: “ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਖ ਕਰ ਲੈਣ ਵਾਲੇ ਵਿਅਕਤੀ ਦਾ ਅਜਿਹਾ ਕੋਈ ਸਾਥੀ ਨਹੀਂ ਹੁੰਦਾ ਜਿਸ ਨਾਲ ਉਹ ਆਪਣੇ ਦਿਲ ਦੀ ਗੱਲ ਕਰ ਸਕੇ ਜਾਂ ਜਿਸ ਨਾਲ ਉਹ ਮਿਲ-ਜੁਲ ਸਕੇ। ਅਜਿਹੇ ਵਿਅਕਤੀ ਲਈ ਬੀਮਾਰੀ ਜਾਂ ਮੌਤ ਦੀ ਸੰਭਾਵਨਾ ਦੁਗਣੀ ਹੋ ਜਾਂਦੀ ਹੈ।” ਸਾਇੰਸ ਰਸਾਲੇ ਵਿਚ ਛਪੀ ਇਕ ਰਿਪੋਰਟ ਵਿਚ ਦੱਸਿਆ ਗਿਆ ਕਿ ਜਿਸ ਤਰ੍ਹਾਂ ‘ਸਿਗਰਟ ਪੀਣ, ਬਲੱਡ-ਪ੍ਰੈਸ਼ਰ ਵਧ ਜਾਣ, ਜ਼ਿਆਦਾ ਕਲੈਸਟਰੋਲ ਹੋਣ, ਮੋਟਾਪਾ ਅਤੇ ਕਸਰਤ ਦੀ ਘਾਟ ਕਾਰਨ ਵੱਡੀ ਗਿਣਤੀ ਵਿਚ ਲੋਕ ਮਰਦੇ ਹਨ,’ ਉਸੇ ਤਰ੍ਹਾਂ ਇਕੱਲੇ ਰਹਿਣ ਵਾਲੇ ਲੋਕਾਂ ਦੀ ਮੌਤ ਦਰ ਵਿਚ ਵੀ ਵਾਧਾ ਹੋਇਆ ਹੈ।
ਇਸ ਲਈ, ਵੱਖੋ-ਵੱਖਰੇ ਕਾਰਨਾਂ ਕਰਕੇ ਸਾਨੂੰ ਸੱਚ-ਮੁੱਚ ਦੂਜਿਆਂ ਦੀ ਲੋੜ ਹੈ। ਅਸੀਂ ਜ਼ਿੰਦਗੀ ਦਾ ਸਫ਼ਰ ਇਕੱਲੇ ਨਹੀਂ ਕੱਟ ਸਕਦੇ। ਤਾਂ ਫਿਰ ਦੂਜਿਆਂ ਨਾਲੋਂ ਵੱਖ ਹੋ ਕੇ ਰਹਿਣ ਦੀ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾਵੇ? ਕਿਹੜੀ ਗੱਲ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਅਰਥ-ਭਰਪੂਰ ਬਣਾਇਆ ਹੈ? ਅਗਲਾ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ।
[ਸਫ਼ੇ 3 ਉੱਤੇ ਸੁਰਖੀ]
“ਸਾਡੇ ਤਕਰੀਬਨ ਸਾਰੇ ਕੰਮਾਂ ਅਤੇ ਮਨੋਰਥਾਂ ਨੂੰ ਪੂਰਿਆਂ ਕਰਨ ਵਿਚ ਦੂਜੇ ਲੋਕਾਂ ਦਾ ਵੀ ਹੱਥ ਹੈ।”—ਐਲਬਰਟ ਆਇਨਸਟਾਈਨ