Skip to content

Skip to table of contents

ਕੱਲ੍ਹ ਅਤੇ ਅੱਜ ਉਸ ਨੂੰ ਆਪਣੀ ਜ਼ਿੰਦਗੀ ਬਦਲਣ ਦੀ ਤਾਕਤ ਮਿਲੀ

ਕੱਲ੍ਹ ਅਤੇ ਅੱਜ ਉਸ ਨੂੰ ਆਪਣੀ ਜ਼ਿੰਦਗੀ ਬਦਲਣ ਦੀ ਤਾਕਤ ਮਿਲੀ

“ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ”

ਕੱਲ੍ਹ ਅਤੇ ਅੱਜ ਉਸ ਨੂੰ ਆਪਣੀ ਜ਼ਿੰਦਗੀ ਬਦਲਣ ਦੀ ਤਾਕਤ ਮਿਲੀ

ਮੈਕਸੀਕੋ ਵਿਚ ਰਹਿੰਦੀ ਸੈਂਡਰਾ ਨਾਂ ਦੀ ਤੀਵੀਂ ਦੱਸਦੀ ਹੈ ਕਿ ਕਿਸ਼ੋਰ ਉਮਰ ਵਿਚ ਨਾ ਤਾਂ ਉਸ ਨੂੰ ਆਪਣੇ ਪਰਿਵਾਰ ਦਾ ਪਿਆਰ ਮਿਲਿਆ ਤੇ ਨਾ ਹੀ ਕੋਈ ਸਹਾਰਾ। ਉਸ ਦਾ ਪਰਿਵਾਰ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ ਸੀ। ਉਹ ਕਹਿੰਦੀ ਹੈ: “ਉਨ੍ਹਾਂ ਸਾਲਾਂ ਦੌਰਾਨ ਮੇਰੇ ਵਿਚ ਇਕ ਅਜੀਬ ਜਿਹਾ ਖੋਖਲਾਪਣ ਸੀ। ਮੈਂ ਅਕਸਰ ਜ਼ਿੰਦਗੀ ਦੇ ਮਕਸਦ ਬਾਰੇ ਸੋਚਦੀ ਸੀ ਅਤੇ ਮੈਨੂੰ ਲੱਗਦਾ ਸੀ ਕਿ ਮੇਰੇ ਜੀਣ ਦਾ ਕੋਈ ਫ਼ਾਇਦਾ ਨਹੀਂ ਹੈ।”

ਸੈਂਡਰਾ ਦੇ ਪਿਤਾ ਜੀ ਘਰ ਵਿਚ ਵਾਈਨ ਦੀਆਂ ਬੋਤਲਾਂ ਰੱਖਦੇ ਸਨ। ਜਦੋਂ ਸੈਂਡਰਾ ਹਾਈ ਸਕੂਲ ਵਿਚ ਪੜ੍ਹਦੀ ਸੀ, ਤਾਂ ਉਸ ਨੇ ਵਾਈਨ ਪੀਣੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਉਹ ਆਪ ਸ਼ਰਾਬ ਖ਼ਰੀਦਣ ਲੱਗ ਪਈ। ਉਸ ਨੂੰ ਸ਼ਰਾਬ ਪੀਣ ਦੀ ਲਤ ਲੱਗ ਗਈ। ਸੈਂਡਰਾ ਮੰਨਦੀ ਹੈ: “ਮੇਰੇ ਵਿਚ ਜੀਉਣ ਦੀ ਕੋਈ ਇੱਛਾ ਨਹੀਂ ਸੀ।” ਨਿਰਾਸ਼ਾ ਵਿਚ ਡੁੱਬੀ ਸੈਂਡਰਾ ਨੇ ਨਸ਼ੀਲੀਆਂ ਦਵਾਈਆਂ ਵੀ ਲੈਣੀਆਂ ਸ਼ੁਰੂ ਕਰ ਦਿੱਤੀਆਂ। ਉਹ ਕਹਿੰਦੀ ਹੈ: “ਮੈਂ ਹਮੇਸ਼ਾ ਆਪਣੇ ਬੈਗ ਵਿਚ ਸ਼ਰਾਬ ਦੀ ਬੋਤਲ, ਕੁਝ ਨਸ਼ੇ ਦੀਆਂ ਗੋਲੀਆਂ ਜਾਂ ਸੁੱਕੀ ਭੰਗ ਰੱਖਦੀ ਸੀ ਕਿਉਂਕਿ ਇਹੋ ਚੀਜ਼ਾਂ ਮੇਰੀ ਆਪਣੇ ਦੁੱਖਾਂ ਨੂੰ ਭੁਲਾਉਣ ਵਿਚ ਮਦਦ ਕਰਦੀਆਂ ਸਨ।”

ਡਾਕਟਰੀ ਦੀ ਪੜ੍ਹਾਈ ਖ਼ਤਮ ਕਰਨ ਮਗਰੋਂ ਸੈਂਡਰਾ ਨੇ ਹੋਰ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਸ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋਈ।

ਸੈਂਡਰਾ ਨੇ ਵੱਖ-ਵੱਖ ਧਰਮਾਂ ਨੂੰ ਵੀ ਅਜ਼ਮਾ ਕੇ ਦੇਖਿਆ, ਪਰ ਉਸ ਨੂੰ ਕਿਤੇ ਵੀ ਮਨ ਦੀ ਸ਼ਾਂਤੀ ਨਹੀਂ ਮਿਲੀ। ਨਿਰਾਸ਼ ਹੋ ਕੇ ਉਹ ਕਈ ਵਾਰ ਰੋ-ਰੋ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੀ ਸੀ: “ਜੇ ਤੂੰ ਹੈਂ, ਤਾਂ ਮੈਨੂੰ ਜਵਾਬ ਦੇ। ਤੂੰ ਮੇਰੀ ਮਦਦ ਕਿਉਂ ਨਹੀਂ ਕਰਦਾ?” ਇਕ ਦਿਨ, ਜਦੋਂ ਸੈਂਡਰਾ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੀ ਸੀ, ਤਾਂ ਉਸ ਨੂੰ ਇਕ ਯਹੋਵਾਹ ਦੀ ਗਵਾਹ ਮਿਲੀ। ਉਸ ਨੇ ਸੈਂਡਰਾ ਨੂੰ ਬਾਈਬਲ ਸਿਖਾਉਣੀ ਸ਼ੁਰੂ ਕਰ ਦਿੱਤੀ। ਜਦੋਂ ਸੈਂਡਰਾ ਨੇ ਸਿੱਖਿਆ ਕਿ “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ,” ਤਾਂ ਉਸ ਨੂੰ ਬੜਾ ਹੌਸਲਾ ਮਿਲਿਆ।—ਜ਼ਬੂਰਾਂ ਦੀ ਪੋਥੀ 34:18.

ਸੈਂਡਰਾ ਨੂੰ ਬਾਈਬਲ ਸਿਖਾਉਣ ਵਾਲੀ ਗਵਾਹ ਨੇ ਉਸ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਯਹੋਵਾਹ ਬਹੁਤ ਹੀ ਦਿਆਲੂ ਪਰਮੇਸ਼ੁਰ ਹੈ। ਉਹ ਜਾਣਦਾ ਹੈ ਕਿ ਆਦਮ ਦੀ ਸੰਤਾਨ ਹੋਣ ਦੇ ਨਾਤੇ ਅਸੀਂ ਨਾਮੁਕੰਮਲ ਹਾਂ ਜਿਸ ਕਰਕੇ ਅਸੀਂ ਪਾਪ ਕਰਦੇ ਹਾਂ। ਸੈਂਡਰਾ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਮੁਕੰਮਲ ਤੌਰ ਤੇ ਉਸ ਦੇ ਧਰਮੀ ਮਿਆਰਾਂ ਉੱਤੇ ਪੂਰਾ ਨਹੀਂ ਉੱਤਰ ਸਕਦੇ। (ਜ਼ਬੂਰਾਂ ਦੀ ਪੋਥੀ 51:5; ਰੋਮੀਆਂ 3:23; 5:12, 18) ਉਹ ਇਹ ਸਿੱਖ ਕੇ ਬੜੀ ਖ਼ੁਸ਼ ਹੋਈ ਕਿ ਯਹੋਵਾਹ ਹਰ ਵੇਲੇ ਸਾਡੇ ਵਿਚ ਕਮਜ਼ੋਰੀਆਂ ਨਹੀਂ ਭਾਲਦਾ ਰਹਿੰਦਾ। ਉਹ ਸਾਡੇ ਤੋਂ ਉਨ੍ਹਾਂ ਚੀਜ਼ਾਂ ਦੀ ਆਸ ਨਹੀਂ ਰੱਖਦਾ ਜੋ ਸਾਡੀ ਹੈਸੀਅਤ ਤੋਂ ਬਾਹਰ ਹਨ। ਜ਼ਬੂਰਾਂ ਦੇ ਲਿਖਾਰੀ ਨੇ ਪੁੱਛਿਆ ਸੀ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?”—ਜ਼ਬੂਰਾਂ ਦੀ ਪੋਥੀ 130:3.

ਬਾਈਬਲ ਦੀ ਇਕ ਮਹਾਨ ਸੱਚਾਈ ਨੇ ਸੈਂਡਰਾ ਦੇ ਦਿਲ ਨੂੰ ਛੋਹ ਲਿਆ। ਉਸ ਨੇ ਇਹ ਸੱਚਾਈ ਸਿੱਖੀ ਕਿ ਯਹੋਵਾਹ ਨੇ ਮਨੁੱਖਜਾਤੀ ਉੱਤੇ ਦਇਆ ਕਰ ਕੇ ਯਿਸੂ ਮਸੀਹ ਦੀ ਕੁਰਬਾਨੀ ਦਿੱਤੀ ਸੀ, ਤਾਂਕਿ ਆਗਿਆਕਾਰ ਇਨਸਾਨ ਨਾਮੁਕੰਮਲ ਹੋਣ ਦੇ ਬਾਵਜੂਦ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਠਹਿਰ ਸਕਣ। (1 ਯੂਹੰਨਾ 2:2; 4:9, 10) ਜੀ ਹਾਂ, ਅਸੀਂ ਆਪਣੇ “ਅਪਰਾਧਾਂ ਦੀ ਮਾਫ਼ੀ” ਪਾ ਸਕਦੇ ਹਾਂ ਅਤੇ ਇਸ ਗੱਲ ਨੂੰ ਯਾਦ ਰੱਖਣ ਨਾਲ ਅਸੀਂ ਆਪਣੀ ਹੀਣ-ਭਾਵਨਾ ਨੂੰ ਖ਼ਤਮ ਕਰ ਸਕਦੇ ਹਾਂ।—ਅਫ਼ਸੀਆਂ 1:7.

ਸੈਂਡਰਾ ਨੇ ਪੌਲੁਸ ਰਸੂਲ ਦੀ ਮਿਸਾਲ ਤੋਂ ਬਹੁਤ ਕੁਝ ਸਿੱਖਿਆ। ਪੌਲੁਸ ਇਸ ਗੱਲ ਲਈ ਯਹੋਵਾਹ ਦਾ ਬਹੁਤ ਸ਼ੁਕਰਗੁਜ਼ਾਰ ਸੀ ਕਿ ਯਹੋਵਾਹ ਨੇ ਉਸ ਦੀਆਂ ਪੁਰਾਣੀਆਂ ਗ਼ਲਤੀਆਂ ਮਾਫ਼ ਕਰ ਕੇ ਉਸ ਉੱਤੇ ਦਇਆ ਕੀਤੀ। ਉਸ ਨੇ ਪੌਲੁਸ ਨੂੰ ਤਾਕਤ ਦਿੱਤੀ ਤਾਂਕਿ ਉਹ ਆਪਣੀਆਂ ਕਮਜ਼ੋਰੀਆਂ ਉੱਤੇ ਕਾਬੂ ਪਾ ਸਕੇ। (ਰੋਮੀਆਂ 7:15-25; 1 ਕੁਰਿੰਥੀਆਂ 15:9, 10) ਪੌਲੁਸ ਨੇ ਆਪਣੀ ਜ਼ਿੰਦਗੀ ਸੁਧਾਰੀ। ਉਹ ਪਰਮੇਸ਼ੁਰ ਦੇ ਦੱਸੇ ਰਾਹ ਉੱਤੇ ਚੱਲਦੇ ਰਹਿਣ ਲਈ “ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ” ਸੀ। (1 ਕੁਰਿੰਥੀਆਂ 9:27) ਉਸ ਨੇ ਆਪਣੇ ਪਾਪੀ ਝੁਕਾਵਾਂ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ।

ਸੈਂਡਰਾ ਲਈ ਆਪਣੀਆਂ ਭੈੜੀਆਂ ਆਦਤਾਂ ਛੱਡਣੀਆਂ ਬਹੁਤ ਹੀ ਔਖੀਆਂ ਸਨ, ਪਰ ਉਸ ਨੇ ਹਾਰ ਨਹੀਂ ਮੰਨੀ। ਉਹ ਦਇਆ ਅਤੇ ਮਦਦ ਲਈ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਦੀ ਰਹੀ। (ਜ਼ਬੂਰਾਂ ਦੀ ਪੋਥੀ 55:22; ਯਾਕੂਬ 4:8) ਸੈਂਡਰਾ ਨੇ ਦੇਖਿਆ ਕਿ ਪਰਮੇਸ਼ੁਰ ਨੂੰ ਉਸ ਦੀ ਬਹੁਤ ਚਿੰਤਾ ਸੀ ਅਤੇ ਇਸ ਗੱਲ ਨੇ ਉਸ ਨੂੰ ਆਪਣੀ ਜ਼ਿੰਦਗੀ ਬਦਲਣ ਦਾ ਹੌਸਲਾ ਦਿੱਤਾ। ਉਹ ਕਹਿੰਦੀ ਹੈ: “ਹੁਣ ਮੈਂ ਆਪਣਾ ਪੂਰਾ ਸਮਾਂ ਲੋਕਾਂ ਨੂੰ ਬਾਈਬਲ ਸਿਖਾਉਣ ਵਿਚ ਲਗਾ ਕੇ ਬਹੁਤ ਖ਼ੁਸ਼ ਹਾਂ।” ਸੈਂਡਰਾ ਦੀ ਮਦਦ ਨਾਲ ਉਸ ਦੀ ਵੱਡੀ ਭੈਣ ਅਤੇ ਛੋਟੀ ਭੈਣ ਨੇ ਵੀ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਪ੍ਰਚਾਰ ਦੇ ਕੰਮ ਰਾਹੀਂ ‘ਸਭਨਾਂ ਨਾਲ ਭਲਾ ਕਰਨ’ ਤੋਂ ਇਲਾਵਾ, ਉਹ ਯਹੋਵਾਹ ਦੇ ਗਵਾਹਾਂ ਦੇ ਸੰਮੇਲਨਾਂ ਵਿਚ ਦੂਸਰਿਆਂ ਨੂੰ ਡਾਕਟਰੀ ਸਹਾਇਤਾ ਵੀ ਦਿੰਦੀ ਹੈ।—ਗਲਾਤੀਆਂ 6:10.

ਸੈਂਡਰਾ ਦੀ ਨਸ਼ੇ ਦੀ ਆਦਤ ਬਾਰੇ ਕੀ? ਉਹ ਪੂਰੇ ਵਿਸ਼ਵਾਸ ਨਾਲ ਕਹਿੰਦੀ ਹੈ: “ਹੁਣ ਮੈਂ ਸਾਫ਼ ਤਰੀਕੇ ਨਾਲ ਸੋਚ ਸਕਦੀ ਹਾਂ। ਮੈਂ ਹੁਣ ਨਾ ਤਾਂ ਸ਼ਰਾਬ ਤੇ ਸਿਗਰਟਾਂ ਪੀਂਦੀ ਹਾਂ ਅਤੇ ਨਾ ਹੀ ਨਸ਼ੇ ਕਰਦੀ ਹਾਂ। ਮੈਨੂੰ ਇਨ੍ਹਾਂ ਚੀਜ਼ਾਂ ਦੀ ਹੁਣ ਕੋਈ ਲੋੜ ਨਹੀਂ ਕਿਉਂਕਿ ਮੈਨੂੰ ਉਹ ਚੀਜ਼ ਲੱਭ ਪਈ ਹੈ ਜਿਸ ਦੀ ਮੈਨੂੰ ਤਲਾਸ਼ ਸੀ।”

[ਸਫ਼ੇ 9 ਉੱਤੇ ਸੁਰਖੀ]

“ਮੈਨੂੰ ਉਹ ਚੀਜ਼ ਲੱਭ ਪਈ ਹੈ ਜਿਸ ਦੀ ਮੈਨੂੰ ਤਲਾਸ਼ ਸੀ”

[ਸਫ਼ੇ 9 ਉੱਤੇ ਡੱਬੀ]

ਬਾਈਬਲ ਦੇ ਫ਼ਾਇਦੇਮੰਦ ਸਿਧਾਂਤ

ਹੇਠਾਂ ਬਾਈਬਲ ਦੇ ਕੁਝ ਸਿਧਾਂਤ ਦਿੱਤੇ ਗਏ ਹਨ ਜਿਨ੍ਹਾਂ ਨੇ ਕਈ ਵਿਅਕਤੀਆਂ ਦੀ ਨਸ਼ੇ ਛੱਡਣ ਵਿਚ ਮਦਦ ਕੀਤੀ ਹੈ:

“ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰ ਕੇ ਪਰਮੇਸ਼ੁਰ ਦੇ ਭੌ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।” (2 ਕੁਰਿੰਥੀਆਂ 7:1) ਜੇ ਅਸੀਂ ਪਰਮੇਸ਼ੁਰ ਦੀ ਬਰਕਤ ਪਾਉਣੀ ਚਾਹੁੰਦੇ ਹਾਂ, ਤਾਂ ਸਾਨੂੰ ਹਰ ਤਰ੍ਹਾਂ ਦੀ ਮਲੀਨਤਾਈ ਅਤੇ ਗੰਦੀਆਂ ਆਦਤਾਂ ਨੂੰ ਛੱਡਣਾ ਪਵੇਗਾ।

“ਯਹੋਵਾਹ ਦਾ ਭੈ ਬੁਰਿਆਈ ਤੋਂ ਸੂਗ ਕਰਨਾ ਹੈ।” (ਕਹਾਉਤਾਂ 8:13) ਪਰਮੇਸ਼ੁਰ ਦਾ ਭੈ ਨਸ਼ੇ ਕਰਨ ਵਰਗੀਆਂ ਭੈੜੀਆਂ ਆਦਤਾਂ ਛੱਡਣ ਵਿਚ ਸਾਡੀ ਮਦਦ ਕਰਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਯਹੋਵਾਹ ਨੂੰ ਤਾਂ ਖ਼ੁਸ਼ ਕਰਦੇ ਹੀ ਹਾਂ, ਪਰ ਅਸੀਂ ਆਪ ਵੀ ਭਿਆਨਕ ਬੀਮਾਰੀਆਂ ਤੋਂ ਬਚੇ ਰਹਿੰਦੇ ਹਾਂ।

‘ਹਾਕਮਾਂ ਅਤੇ ਇਖ਼ਤਿਆਰ ਵਾਲਿਆਂ ਦੇ ਅਧੀਨ ਹੋਵੋ ਅਤੇ ਆਗਿਆਕਾਰ ਬਣੇ ਰਹੋ।’ (ਤੀਤੁਸ 3:1) ਕਈ ਦੇਸ਼ਾਂ ਵਿਚ, ਕੁਝ ਖ਼ਾਸ ਨਸ਼ੀਲੀਆਂ ਦਵਾਈਆਂ ਆਪਣੇ ਕੋਲ ਰੱਖਣੀਆਂ ਜਾਂ ਇਨ੍ਹਾਂ ਨੂੰ ਇਸਤੇਮਾਲ ਕਰਨਾ ਗ਼ੈਰ-ਕਾਨੂੰਨੀ ਸਮਝਿਆ ਜਾਂਦਾ ਹੈ। ਸੱਚੇ ਮਸੀਹੀ ਇਸ ਤਰ੍ਹਾਂ ਦੀਆਂ ਗ਼ੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ ਆਪਣੇ ਕੋਲ ਨਹੀਂ ਰੱਖਣਗੇ ਅਤੇ ਨਾ ਹੀ ਇਸਤੇਮਾਲ ਕਰਨਗੇ।